ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੇ ਵੱਖੋ-ਵੱਖ ਅਲਰਟ, ਤੁਹਾਨੂੰ ਕਿੰਨਾ ਸੁਚੇਤ ਰਹਿਣ ਦੀ ਲੋੜ

ਤਸਵੀਰ ਸਰੋਤ, Getty Images
ਮੌਸਮ ਵਿਭਾਗ ਨੇ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਰੈੱਡ ਅਲਰਟ ਦਿੱਲੀ, ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਪੱਛਮੀ ਰਾਜਸਥਾਨ ਦੇ ਕਈ ਹਿੱਸਿਆਂ ਲਈ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੀਟਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਪਰ ਇਹ ਰੈੱਡ ਅਲਰਟ ਹੈ ਕੀ?
ਮੌਸਮ ਵਿਭਾਗ ਕਦੋਂ ਰੈੱਡ ਅਲਰਟ ਜਾਰੀ ਕਰਦਾ ਹੈ, ਇਸ ਬਾਰੇ ਸਾਨੂੰ ਕੀ ਕੁਝ ਸਮਝਣਾ ਚਾਹੀਦਾ ਹੈ? ਇਸ ਰਿਪੋਰਟ ਵਿੱਚ ਅਸੀਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਵੱਖ-ਵੱਖ ਅਲਰਟਾਂ ਬਾਰੇ ਸਮਝਾਂਗੇ।

ਤਸਵੀਰ ਸਰੋਤ, Getty Images
ਕਦੋਂ ਜਾਰੀ ਹੁੰਦਾ ਹੈ ਅਲਰਟ
ਮੌਸਮ ਵਿਭਾਗ ਚਾਰ ਤਰ੍ਹਾਂ ਦੇ ਅਲਰਟ ਜਾਰੀ ਕਰਦਾ ਹੈ- ਰੈੱਡ ਅਲਰਟ, ਓਰੇਂਜ ਅਲਰਟ, ਯੈਲੋ ਅਲਰਟ ਅਤੇ ਗ੍ਰੀਨ ਅਲਰਟ।
ਭਾਰੀ ਗਰਮੀ ਜਾਂ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੂਰਤ ਵਿੱਚ ਮੌਸਮ ਵਿਭਾਗ ਇਹ ਅਲਰਟ ਜਾਰੀ ਕਰਦਾ ਹੈ।
ਗਰਮੀ ਦੇ ਮੌਸਮ ਵਿੱਚ ਜੇ ਰੈੱਡ ਅਲਰਟ ਜਾਰੀ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਗਰਮੀ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ। ਇਸ ਤੋਂ ਬਚਣ ਦੇ ਲਈ ਤੁਹਾਨੂੰ ਜ਼ਰੂਰੀ ਉਪਾਅ ਕਰਨੇ ਪੈਣਗੇ। ਇਸੇ ਤਰ੍ਹਾਂ ਭਾਰੀ ਮੀਂਹ ਜਾਂ ਤੁਫਾਨ ਦੀ ਸਥਿਤੀ ਵਿੱਚ ਵੀ ਰੈੱਡ ਅਲਰਟ ਇਸੇ ਤਰ੍ਹਾਂ ਜਾਰੀ ਹੁੰਦਾ ਹੈ।
ਇਸ ਦੌਰਾਨ ਮੌਸਮ ਵਿਭਾਗ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਥਿਤੀ ਦੇ ਮੁਤਾਬਕ, ਲੋਕਾਂ ਨੂੰ ਉਸ ਇਲਾਕੇ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਓਰੇਂਜ ਅਲਰਟ – ਓਰੇਂਜ ਅਲਰਟ ਉਸ ਵੇਲੇ ਜਾਰੀ ਕੀਤਾ ਜਾਂਦਾ ਹੈ ਜਦੋਂ ਮੌਸਮ ਅਜੇ ਜ਼ਿਆਦਾ ਖ਼ਰਾਬ ਨਹੀਂ ਹੋਇਆ ਹੁੰਦਾ ਪਰ ਨੇੜੇਲੇ ਭਵਿੱਖ ਵਿੱਚ ਉਸ ਦੇ ਖ਼ਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ।
ਓਰੇਂਜ ਅਲਰਟ ਨਾਲ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਤਾਂ ਕਿ ਉਹ ਅੱਗੇ ਹੋਣ ਵਾਲੀ ਮੌਸਮ ਦੀ ਖਰਾਬੀ ਤੋਂ ਆਪਣਾ ਬਚਾਅ ਕਰ ਸਕਣ।
ਯੈਲੋ ਅਲਰਟ – ਯੈਲੋ ਅਲਰਟ ਇੱਕ ਤਰ੍ਹਾਂ ਦਾ ਸਾਵਧਾਨ ਅਤੇ ਸੁਚੇਤ ਰਹਿਣ ਦਾ ਅਲਰਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਖ਼ਤਰਾ ਤਾਂ ਹੈ ਪਰ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਹੋਣ ਦਾ ਸਮਾਂ ਹੈ।
ਗ੍ਰੀਨ ਅਲਰਟ – ਕਈ ਵਾਰ ਮੌਸਮ ਵਿਭਾਗ ਗ੍ਰੀਨ ਅਲਰਟ ਵੀ ਜਾਰੀ ਕਰਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਕੋਈ ਖ਼ਤਰਾ ਨਹੀਂ। ਮੌਸਮ ਵਿਭਾਗ ਵੱਲੋਂ ਇਸ ਨੂੰ ਲੈ ਕੇ ਕੋਈ ਖ਼ਾਸ ਅਲਰਟ ਜਾਰੀ ਨਹੀਂ ਕੀਤਾ ਜਾਂਦਾ।

ਤਸਵੀਰ ਸਰੋਤ, Getty Images
ਹੀਟਵੇਵ ਅਲਰਟ
ਰੈੱਡ, ਓਰੇਂਜ, ਯੈਲੋ ਅਤੇ ਗ੍ਰੀਨ ਅਲਰਟ ਤੋਂ ਇਲਾਵਾ ਮੌਸਮ ਵਿਭਾਗ ਹੀਟਵੇਵ ਅਲਰਟ ਵੀ ਜਾਰੀ ਕਰਦਾ ਹੈ।
ਪਰ ਇਹ ਹੀਟਵੇਵ ਅਲਰਟ ਕੀ ਹੁੰਦਾ ਹੈ
ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ, ਜਦੋਂ ਹਵਾ ਦਾ ਤਾਪਮਾਨ ਇਸ ਪੱਧਰ ਤੱਕ ਵੱਧ ਜਾਵੇ ਕਿ ਸਰੀਰ ਉਸ ਨੂੰ ਸਹਿ ਨਾ ਪਾਵੇ ਤਾਂ ਉਸ ਵੇਲੇ ਹੀਟਵੇਵ ਅਲਰਟ ਜਾਰੀ ਕੀਤਾ ਜਾਂਦਾ ਹੈ।
ਕਦੋਂ ਕਿਸੇ ਇਲਾਕੇ ਵਿੱਚ ਹੀਟਵੇਵ ਐਲਾਨੀ ਜਾਵੇ ਇਸ ਦਾ ਫੈਸਲਾ ਉਸ ਇਲਾਕੇ ਦੇ ਆਮ ਤਾਪਮਾਨ ਦੇ ਹਿਸਾਬ ਨਾਲ ਤੈਅ ਹੁੰਦਾ ਹੈ।
ਆਮੂਮਨ ਜਦੋਂ ਮੈਦਾਨੀ ਇਲਾਕਿਆਂ ਵਿੱਚ ਦੋ ਦਿਨਾਂ ਤੱਕ ਲਗਾਤਾਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਹੀਟ ਵੇਵ ਅਲਰਟ ਦਿੱਤਾ ਜਾਂਦਾ ਹੈ।
ਪਹਾੜਾਂ ਵਿੱਚ ਇਹ ਤਾਪਮਾਨ ਸੀਮਾ 30 ਡਿਗਰੀ ਸੈਲਸੀਅਸ ਹੁੰਦੀ ਹੈ ਅਤੇ ਤੱਟਵਰਤੀ ਇਲਾਕਿਆਂ ਵਿੱਚ 37 ਡਿਗਰੀ ਸੈਲਸੀਅਸ ‘ਤੇ ਹੀਟਵੇਵ ਐਲਾਨ ਦਿੱਤੀ ਜਾਂਦੀ ਹੈ।
ਜੇਕਰ ਇਲਾਕੇ ਦਾ ਤਾਪਮਾਨ, ਔਸਤਨ ਤਾਪਮਾਨ ਤੋਂ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਤੱਕ ਵੱਧ ਜਾਵੇ ਤਾਂ ਉਸ ਨੂੰ ਹੀਟ ਵੇਵ ਜਾਂ ਲੂ ਲੱਗਣਾ ਕਿਹਾ ਜਾਂਦਾ ਹੈ ਅਤੇ ਜੇਕਰ ਤਾਪਮਾਨ ਔਸਤਨ ਤਾਪਮਾਨ ਤੋਂ 6.4 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਵੇ ਤਾਂ ਉਸ ਨੂੰ ਗੰਭੀਰ ਲੂ ਚੱਲਣਾ ਕਹਿੰਦੇ ਹਨ।

ਤਸਵੀਰ ਸਰੋਤ, Getty Images
ਗਰਮੀ ਵਿੱਚ ਧਿਆਨ ਕਿਵੇਂ ਰੱਖੀਏ
ਗਰਮੀ ਵਿੱਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੋਵੇ ਤਾਂ ਆਪਣਾ ਧਿਆਨ ਕਿਵੇਂ ਰੱਖੀਏ।
ਨੈਸ਼ਨਲ ਡਿਜ਼ਾਸਟਰ ਮੈਨੇਜਮੇਂਟ ਅਥਾਰਿਟੀ ਦੀ ਵੈੱਬਸਾਈਟ ਮੁਤਾਬਕ, ਗਰਮ ਮੌਸਮ ਵਿੱਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਧੁੱਪ ਵੇਲੇ ਬਾਹਰ ਨਾ ਨਿਕਲੋ। ਖ਼ਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਦਰਮਿਆਨ ਇਸ ਗੱਲ ਦਾ ਵਧੇਰੇ ਧਿਆਨ ਰੱਖੋ।
ਬਾਹਰ ਜਾਣ ਵੇਲੇ ਹੈਟ ਪਾਓ, ਛਤਰੀ ਹੱਥ ਵਿੱਚ ਰੱਖੋ ਅਤੇ ਕੋਸ਼ਿਸ਼ ਕਰੋ ਕਿ ਗਿੱਲਾ ਕਪੜਾ ਨਾਲ ਰੱਖੋ ਜਿਸ ਨੂੰ ਵਾਰ-ਵਾਰ ਆਪਣੇ ਗਲੇ, ਮੁੰਹ ਅਤੇ ਸਿਰ ‘ਤੇ ਫੇਰੋ।
ਖ਼ੂਬ ਪਾਣੀ ਪੀਓ। ਭਾਵੇਂ ਪਿਆਸ ਨਹੀਂ ਵੀ ਹੈ ਤਾਂ ਵੀ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਪੀਓ।
ਹਲਕੇ ਰੰਗ ਦੇ ਅਤੇ ਹੋ ਸਕੇ ਤਾਂ ਕੋਟਨ ਦੇ ਕਪੜੇ ਪਾਓ। ਧੁੱਪ ਵਿੱਚ ਨਿਕਲਣ ਸਮੇਂ ਅੱਖਾਂ ਉੱਤੇ ਚਸ਼ਮਾ ਜ਼ਰੂਰ ਲਗਾਓ।
ਚਾਹ ਅਤੇ ਕਾਫੀ ਦਾ ਸੇਵਨ ਘੱਟ ਕਰੋ। ਓਆਰਐੱਸ, ਲੱਸੀ, ਸ਼ਿਕੰਜਵੀ, ਛਾਛ ਆਦਿ ਜ਼ਿਆਦਾ ਤੋਂ ਜ਼ਿਆਦਾ ਪਿਓ।
ਜੇਕਰ ਕਿਸੇ ਨੂੰ ਹੀਟਸਟ੍ਰੋਕ ਹੋ ਜਾਵੇ ਤਾਂ ਉਸ ਨੂੰ ਕਿਸੇ ਠੰਢੀ ਜਗ੍ਹਾਂ 'ਤੇ ਲੈ ਕੇ ਜਾਓ, ਗਿੱਲਾ ਕੱਪੜਾ ਉਸ ਦੇ ਸਰੀਰ ‘ਤੇ ਰੱਖੋ।
ਉਸ ਦੇ ਸਰੀਰ ਉੱਤੇ ਪਾਣੀ ਛਿੜਕੋ ਤਾਂਕਿ ਸਰੀਰ ਦਾ ਤਾਪਮਾਨ ਨਾਰਮਲ ਹੋ ਸਕੇ। ਉਸ ਨੂੰ ਓਆਰਐੱਸ, ਸ਼ਰਬਤ, ਨਿੰਬੂ ਪਾਣੀ ਪਿਲਾਓ ਅਤੇ ਲੋੜ ਪੈਣ ਉੱਤੇ ਨਜ਼ਦੀਕੀ ਹੈਲਥ ਸੈਂਟਰ ਲੈ ਜਾਓ।












