ਮਾਨਸੂਨ ਦੀ ਕਦੋਂ ਹੋਵੇਗੀ ਸ਼ੁਰੂਆਤ, ਪੰਜਾਬ ਵਿੱਚ ਕਦੋਂ ਪੁੱਜਣ ਦੀ ਆਸ, ਝੋਨੇ ਦੀ ਲੁਆਈ ਕਿਹੜੀਆਂ ਤਰੀਕਾਂ ਤੋਂ ਹੋਵੇ

ਤਸਵੀਰ ਸਰੋਤ, Getty Images
- ਲੇਖਕ, ਜਾਹਨਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੌਸਮ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਮਾਨਸੂਨ ਭਾਰਤ ਦੀ ਮੁੱਖ ਭੂਮੀ ਵਿੱਚ ਕਦੋਂ ਦਾਖਲ ਹੋ ਸਕਦਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ 31 ਮਈ ਨੂੰ ਕੇਰਲ ਵਿੱਚ ਦਾਖ਼ਲ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ±4 ਦਿਨ ਯਾਨੀ ਚਾਰ ਦਿਨ ਅੱਗੇ-ਪਿੱਛੇ ਮੀਂਹ ਪੈ ਸਕਦਾ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਮਾਨਸੂਨ 19 ਮਈ (± 4 ਦਿਨ) ਦੇ ਆਸਪਾਸ ਅੰਡੇਮਾਨ ਸਾਗਰ ਵਿੱਚ ਦਾਖਲ ਹੋਵੇਗਾ।
ਆਓ ਜਾਣਦੇ ਹਾਂ ਮਾਨਸੂਨ ਦਾ ਸਮਾਂ ਕੀ ਹੈ, ਇਸ ਦੇ ਕੀ ਕਾਰਨ ਹਨ ਅਤੇ ਇਸ ਸਾਲ ਮਾਨਸੂਨ ਕਿਵੇਂ ਰਹੇਗਾ।
ਪੰਜਾਬ-ਹਰਿਆਣਾ 'ਚ ਕਦੋਂ ਦਾਖ਼ਲ ਹੋਵੇਗੀ
ਪੰਜਾਬ-ਹਰਿਆਣਾ ਤੱਕ ਮੌਨਸੂਨ ਦੇ 19-20 ਜੂਨ ਦੇ ਆਸ-ਪਾਸ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ 3-4 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ।
ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ ਕਵਰ ਹੋ ਜਾਵੇਗਾ।
ਪੰਜਾਬ ਵਿੱਚ ਝੋਨੇ ਦੀ ਲੁਆਈ ਲਈ ਮਾਨਸੂਨ ਦੀ ਸਖ਼ਤ ਜਰੂਰਤ ਹੁੰਦੀ ਹੈ। ਪਹਿਲਾਂ ਝੋਨਾ ਜੂਨ ਦੇ ਪਹਿਲੇ ਹਫ਼ਤੇ ਲੱਗਣਾ ਸ਼ੁਰੂ ਹੋ ਜਾਂਦਾ ਸੀ ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਮਾਨਸੂਨ ਦੇ ਦਿਨਾਂ ਨੂੰ ਦੇਖਦਿਆਂ ਇਸ ਨੂੰ 15 ਜੂਨ ਕਰ ਦਿੱਤਾ ਸੀ।
ਜੇਕਰ ਝੋਨਾ 15 ਜੂਨ ਤੋਂਂ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਆਸ ਕਰਨੀ ਬਣਦੀ ਹੈ ਕਿ 20 ਜੂਨ ਦੇ ਆਸਪਾਸ ਬਰਸਾਤ ਸ਼ੁਰੂ ਹੋ ਜਾਵੇਗੀ।
ਮਾਨਸੂਨ ਸ਼ਬਦ ਕਿੱਥੋਂ ਆਇਆ ਹੈ?
ਕੁਝ ਭਾਸ਼ਾ ਵਿਗਿਆਨੀਆਂ ਦੇ ਅਨੁਸਾਰ, ਮਾਨਸੂਨ ਸ਼ਬਦ ਅਰਬੀ ਸ਼ਬਦ ਮੌਸਿਮ ਤੋਂ ਲਿਆ ਗਿਆ ਹੈ । ਮੌਸਿਮ ਦਾ ਅਰਥ ਹੈ ਮੌਸਮੀ ਹਵਾਵਾਂ।
ਮੌਸਮੀ ਹਵਾਵਾਂ ਦੱਖਣ ਏਸ਼ੀਆ ਵਿੱਚ ਨਿਸ਼ਚਿਤ ਸਮੇਂ ਉੱਤੇ ਮੀਂਹ ਲਿਆਉਂਦੀਆਂ ਹਨ। ਇਸ ਲਈ ਉਸ ਸਮੇਂ ਨੂੰ ਇੱਥੇ ਬਰਸਾਤ ਦੇ ਮੌਸਮ ਵਜੋਂ ਵੱਖਰੀ ਪਛਾਣ ਮਿਲੀ ਹੈ।
ਬ੍ਰਿਟਿਸ਼ ਭਾਰਤ ਵਿੱਚ ਇਨ੍ਹਾਂ ਮੌਸਮੀ ਹਵਾਵਾਂ ਲਈ ਮਾਨਸੂਨ ਸ਼ਬਦ ਵਰਤਿਆ ਜਾਂਦਾ ਸੀ।
ਮਾਨਸੂਨ ਦੀਆਂ ਦੋ ਕਿਸਮਾਂ ਕੀ ਹਨ?
ਭਾਰਤ ਵਿੱਚ, ਜੂਨ ਤੋਂ ਸਤੰਬਰ ਤੱਕ, ਹਵਾਵਾਂ ਦੱਖਣ-ਪੱਛਮ ਦਿਸ਼ਾਵਾਂ ਤੋਂ ਚਲਦੀਆਂ ਹਨ, ਅਰਥਾਤ ਅਰਬ ਸਾਗਰ ਤੋਂ ਹਿਮਾਲਿਆ ਵੱਲ। ਇਨ੍ਹਾਂ ਹਵਾਵਾਂ ਨੂੰ ਦੱਖਣ-ਪੱਛਮੀ ਮਾਨਸੂਨ ਕਿਹਾ ਜਾਂਦਾ ਹੈ।
ਅਕਤੂਬਰ ਦੇ ਮਹੀਨੇ ਵਿੱਚ, ਹਵਾਵਾਂ ਉਲਟ ਦਿਸ਼ਾਵਾਂ ਯਾਨੀ ਉੱਤਰ ਪੂਰਬ ਤੋਂ ਚਲਦੀਆਂ ਹਨ। ਇਨ੍ਹਾਂ ਨੂੰ ਉੱਤਰ-ਪੂਰਬੀ ਮਾਨਸੂਨ ਕਿਹਾ ਜਾਂਦਾ ਹੈ। ਇਨ੍ਹਾਂ ਹਵਾਵਾਂ ਕਾਰਨ ਮੁੱਖ ਤੌਰ 'ਤੇ ਦੱਖਣੀ ਭਾਰਤ ਵਿੱਚ ਅਕਤੂਬਰ ਤੋਂ ਦਸੰਬਰ ਤੱਕ ਮੀਂਹ ਪੈਂਦਾ ਹੈ।

ਤਸਵੀਰ ਸਰੋਤ, Getty Images
ਮਾਨਸੂਨ ਕਿੱਥੇ ਬਣਦਾ ਹੈ?
ਮਾਨਸੂਨ ਦੇ ਬਣਨ ਦੇ ਕਾਰਨਾਂ ਬਾਰੇ ਕਈ ਸਿਧਾਂਤ ਹਨ।
ਧਰਤੀ 21 ਡਿਗਰੀ ਝੁਕੀ ਹੋਈ ਹੈ। ਇਸ ਲਈ ਇਸ ਦਾ ਉੱਤਰੀ ਗੋਲਾਰਧ ਸੂਰਜ ਵੱਲ ਹੈ। ਨਤੀਜੇ ਵਜੋਂ, ਇਸਦੇ ਉੱਤਰੀ ਅਰਧ ਗੋਲੇ ਵਿੱਚ ਗਰਮੀ ਹੈ, ਜਦੋਂ ਕਿ ਇਹ ਦੱਖਣੀ ਅਰਧ ਗੋਲੇ ਵਿੱਚ ਠੰਡ ਹੈ।
ਜਿੱਥੇ ਤਾਪਮਾਨ ਜ਼ਿਆਦਾ ਹੁੰਦਾ ਹੈ, ਉੱਥੇ ਹਵਾ ਦਾ ਦਬਾਅ ਘੱਟ ਹੁੰਦਾ ਹੈ ਅਤੇ ਜਿੱਥੇ ਤਾਪਮਾਨ ਘੱਟ ਹੁੰਦਾ ਹੈ, ਉੱਥੇ ਹਵਾ ਦਾ ਦਬਾਅ ਜ਼ਿਆਦਾ ਹੁੰਦਾ ਹੈ। ਹਵਾਵਾਂ ਹਮੇਸ਼ਾ ਉੱਚ ਦਬਾਅ ਵਾਲੇ ਖੇਤਰ ਤੋਂ ਘੱਟ ਦਬਾਅ ਵਾਲੇ ਖੇਤਰ ਵੱਲ ਚਲਦੀਆਂ ਹਨ।
ਸਮੁੰਦਰ ਦਾ ਤਾਪਮਾਨ ਜ਼ਮੀਨ ਨਾਲੋਂ ਥੋੜ੍ਹਾ ਠੰਢਾ ਹੁੰਦਾ ਹੈ, ਇਸ ਲਈ ਹਵਾਵਾਂ ਸਮੁੰਦਰ ਤੋਂ ਜ਼ਮੀਨ ਵੱਲ ਚੱਲਣ ਲੱਗਦੀਆਂ ਹਨ। ਜਦੋਂ ਇਹ ਹਵਾਵਾਂ ਆਉਂਦੀਆਂ ਹਨ ਤਾਂ ਇਹ ਸਮੁੰਦਰ ਤੋਂ ਭਾਫ਼ ਲੈ ਕੇ ਆਉਂਦੀਆਂ ਹਨ, ਜਿਸ ਤੋਂ ਮੀਂਹ ਪੈਂਦਾ ਹੈ।
ਲੇਕਿਨ ਇਹ ਸਥਿਤੀ ਤਾਂ ਧਰਤੀ ਦੀਆਂ ਕਈ ਹੋਰ ਥਾਵਾਂ 'ਤੇ ਵੀ ਇਸੇ ਤਰ੍ਹਾਂ ਦੀ ਸੀ। ਇੱਥੇ ਭਾਰਤੀ ਉਪ ਮਹਾਂਦੀਪ ਦੀ ਸਥਿਤੀ ਇਸ ਨੂੰ ਕੁਝ ਖਾਸ ਬਣਾਉਂਦੀ ਹੈ।

ਤਸਵੀਰ ਸਰੋਤ, BBC WEATHER
ਭਾਰਤੀ ਉਪ ਮਹਾਂਦੀਪ ਦਾ ਆਕਾਰ ਵੱਡਾ ਹੈ ਅਤੇ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ ਜ਼ਮੀਨ ਵੀ ਗਰਮ ਹੋ ਜਾਂਦੀ ਹੈ। ਖਾਸ ਕਰਕੇ ਮਈ ਦੇ ਮਹੀਨੇ ਰਾਜਸਥਾਨ ਦੇ ਰੇਗਿਸਤਾਨਾਂ ਵਿੱਚ ਗਰਮੀ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਅਰਬ ਸਾਗਰ ਦੇ ਆਲੇ-ਦੁਆਲੇ ਦੇ ਖੇਤਰ, ਯਾਨੀ ਅਫਰੀਕਾ, ਸਾਊਦੀ ਅਰਬ ਉਪ ਮਹਾਂਦੀਪ ਵਿੱਚ ਵੀ ਤਾਪਮਾਨ ਵਧਦਾ ਹੈ।
ਨਤੀਜੇ ਵਜੋਂ, ਉੱਤਰੀ ਅਰਧ ਗੋਲੇ ਵਿੱਚ ਹਿੰਦ ਮਹਾਸਾਗਰ ਤੋਂ ਹਵਾਵਾਂ ਭਾਰਤੀ ਉਪ ਉਪ ਮਹਾਂਦੀਪ ਵੱਲ ਵਗਣ ਲੱਗਦੀਆਂ ਹਨ। ਇਨ੍ਹਾਂ ਹਵਾਵਾਂ ਦੇ ਨਾਲ ਵੱਡੀ ਮਾਤਰਾ ਵਿੱਚ ਭਾਫ਼ ਵੀ ਆਉਂਦੀ ਹੈ। ਇਹ ਬੱਦਲ ਅਤੇ ਮੀਂਹ ਬਣਾਉਂਦੀ ਹੈ।
ਅਕਤੂਬਰ ਦੇ ਆਉਣ ਤੱਕ, ਤਾਪਮਾਨ ਅਤੇ ਹਵਾ ਦੀ ਦਿਸ਼ਾ ਬਦਲ ਜਾਂਦੀ ਹੈ, ਉੱਤਰ-ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਮਾਨਸੂਨ ਕਿੰਨੀ ਬਾਰਿਸ਼ ਲਿਆਉਂਦਾ ਹੈ?

ਤਸਵੀਰ ਸਰੋਤ, Getty Images
ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ ਭਾਰਤ ਦੀ ਲਗਭਗ 80% ਵਰਖਾ ਦੱਖਣ-ਪੱਛਮੀ ਮਾਨਸੂਨ ਕਾਰਨ ਹੁੰਦੀ ਹੈ, ਜਦੋਂ ਕਿ ਲਗਭਗ 11 ਪ੍ਰਤੀਸ਼ਤ ਵਰਖਾ ਉੱਤਰ-ਪੂਰਬੀ ਮਾਨਸੂਨ ਕਾਰਨ ਹੁੰਦੀ ਹੈ।
ਭਾਰਤ ਵਿੱਚ ਜੂਨ ਤੋਂ ਸਤੰਬਰ ਤੱਕ ਔਸਤਨ 87 ਸੈਂਟੀਮੀਟਰ ਵਰਖਾ ਹੁੰਦੀ ਹੈ।
ਮਾਨਸੂਨ ਦੀ ਸ਼ੁਰੂਆਤ ਕੀ ਹੈ?

ਕਿਸੇ ਥਾਂ 'ਤੇ ਮੀਂਹ ਦੀ ਮਾਤਰਾ, ਹਵਾ ਦੀ ਗਤੀ ਅਤੇ ਤਾਪਮਾਨ ਨੂੰ ਦੇਖ ਕੇ ਮੌਸਮ ਵਿਭਾਗ ਦੇ ਮਾਹਿਰ ਐਲਾਨ ਕਰਦੇ ਹਨ ਕਿ ਉਸ ਥਾਂ 'ਤੇ ਮਾਨਸੂਨ ਸ਼ੁਰੂ ਹੋ ਗਿਆ ਹੈ।
ਜੇਕਰ ਕੇਰਲਾ ਅਤੇ ਲਕਸ਼ਦੀਪ ਦੇ 14 ਮੌਸਮ ਵਿਗਿਆਨ ਸਟੇਸ਼ਨਾਂ ਵਿੱਚੋਂ ਘੱਟੋ-ਘੱਟ 60%, ਯਾਨੀ 9 ਸਟੇਸ਼ਨਾਂ ਵਿੱਚ 10 ਮਈ ਤੋਂ ਬਾਅਦ ਕਿਸੇ ਵੀ ਸਮੇਂ ਲਗਾਤਾਰ ਦੋ ਦਿਨ 2.5 ਮਿਲੀਮੀਟਰ ਤੋਂ ਵੱਧ ਮੀਂਹ ਪੈਂਦਾ ਹੈ, ਤਾਂ ਮੌਸਮ ਵਿਭਾਗ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕਰਦਾ ਹੈ।
ਮਾਨਸੂਨ ਆਮ ਤੌਰ 'ਤੇ 1 ਜੂਨ ਦੇ ਆਸਪਾਸ ਕੇਰਲ ਵਿੱਚ ਦਾਖਲ ਹੁੰਦਾ ਹੈ। ਉਥੋਂ ਇਹ 7 ਤੋਂ 10 ਜੂਨ ਤੱਕ ਮੁੰਬਈ ਅਤੇ 15 ਜੁਲਾਈ ਤੱਕ ਪੂਰੇ ਭਾਰਤ ਵਿੱਚ ਫੈਲਦਾ ਹੈ।
ਦੱਖਣ-ਪੱਛਮੀ ਮਾਨਸੂਨ ਦੀਆਂ ਦੋ ਸ਼ਾਖਾਵਾਂ ਹਨ - ਇੱਕ ਅਰਬ ਸਾਗਰ ਵਿੱਚ ਅਤੇ ਦੂਜੀ ਬੰਗਾਲ ਦੀ ਖਾੜੀ ਵਿੱਚ।
ਜਦੋਂ ਕਿ ਉੱਤਰ-ਪੂਰਬੀ ਮਾਨਸੂਨ 20 ਅਕਤੂਬਰ ਦੇ ਆਸਪਾਸ ਸਰਗਰਮ ਹੋ ਜਾਂਦਾ ਹੈ।
ਮਾਨਸੂਨ ਮਹੱਤਵਪੂਰਨ ਕਿਉਂ ਹੈ?

ਤਸਵੀਰ ਸਰੋਤ, Getty Images
ਮਾਨਸੂਨ ਦੀ ਬਾਰਿਸ਼ ਨੇ ਤੇਜ਼ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਆਰਥਿਕਤਾ ਦੇ ਨਜ਼ਰੀਏ ਤੋਂ ਵੀ ਮਾਨਸੂਨ ਮਹੱਤਵਪੂਰਨ ਹੈ। ਦੱਖਣੀ ਏਸ਼ੀਆ ਦੀਆਂ ਅਰਥਿਕਤਾਵਾਂ ਇਸ 'ਤੇ ਨਿਰਭਰ ਹਨ।
ਭਾਰਤ ਵਰਗੇ ਖੇਤੀ ਪ੍ਰਧਾਨ ਦੇਸ ਵਿੱਚ ਅਜੇ ਵੀ ਬਹੁਤ ਸਾਰੀਆਂ ਗਣਨਾਵਾਂ ਬਾਰਿਸ਼ ਉੱਤੇ ਨਿਰਭਰ ਹਨ। ਇੱਕ ਰਿਪੋਰਟ ਮੁਤਾਬਕ ਭਾਰਤ ਦੀ ਲਗਭਗ ਅੱਧੀ ਖੇਤੀ ਮਾਨਸੂਨ ਦੇ ਮੀਂਹ 'ਤੇ ਨਿਰਭਰ ਹੈ।
ਮਾਨਸੂਨ ਨੂੰ ਭਾਰਤ ਦੀ ਖੇਤੀ ਅਰਥਵਿਵਸਥਾ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ । ਬਹੁਤ ਜ਼ਿਆਦਾ ਜਾਂ ਬਹੁਤ ਘੱਟ ਮੀਂਹ ਖੇਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ।
1925 ਵਿੱਚ, ਬ੍ਰਿਟਿਸ਼ ਰਾਇਲ ਕਮਿਸ਼ਨ ਆਨ ਐਗਰੀਕਲਚਰ ਇਨ ਇੰਡੀਆ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਆਰਥਿਕਤਾ ਇੱਕ ਮਾਨਸੂਨ ਜੂਆ ਸੀ । ਸੌ ਸਾਲ ਬਾਅਦ ਵੀ ਸਥਿਤੀ ਨਹੀਂ ਬਦਲੀ ਹੈ।
ਐਲ ਨੀਨੋ, ਲਾ ਨੀਨਾ ਅਤੇ ਮਾਨਸੂਨ

ਤਸਵੀਰ ਸਰੋਤ, Getty Images
ਅਲ-ਨੀਨੋ ਅਤੇ ਲਾ-ਨੀਨਾ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਧਾਰਾਵਾਂ ਦੀਆਂ ਖਾਸ ਸਥਿਤੀਆਂ ਦੇ ਨਾਮ ਹਨ।
ਜਦੋਂ ਦੱਖਣੀ ਅਮਰੀਕਾ ਦੇ ਆਲੇ-ਦੁਆਲੇ ਪ੍ਰਸ਼ਾਂਤ ਮਹਾਸਾਗਰ ਵਿੱਚ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਜਾਂਦਾ ਹੈ ਅਤੇ ਗਰਮ ਪਾਣੀ ਪੱਛਮ ਵੱਲ ਏਸ਼ੀਆ ਵੱਲ ਵਧਦਾ ਹੈ, ਤਾਂ ਉਸ ਸਥਿਤੀ ਨੂੰ 'ਅਲ ਨੀਨੋ' ਕਿਹਾ ਜਾਂਦਾ ਹੈ। ਲਾ ਨੀਨਾ ਉਲਟ ਹੈ।
ਇਹ ਐਲ ਨੀਨੋ ਅਤੇ ਲਾ ਨੀਨਾ ਕਰੰਟ ਗਲੋਬਲ ਜਲਵਾਯੂ ਅਤੇ ਭਾਰਤ ਵਿੱਚ ਮਾਨਸੂਨ ਨੂੰ ਵੀ ਪ੍ਰਭਾਵਿਤ ਕਰਦੇ ਦੇਖਿਆ ਜਾਂਦਾ ਹੈ। ਆਮ ਤੌਰ 'ਤੇ, ਭਾਰਤ ਵਿੱਚ ਐਲ ਨੀਨੋ ਦੌਰਾਨ ਘੱਟ ਅਤੇ ਲਾ ਨੀਨਾ ਦੌਰਾਨ ਜ਼ਿਆਦਾ ਬਾਰਿਸ਼ ਹੁੰਦੀ ਹੈ ।
ਪਰ ਇਕੱਲਾ ਐਲ ਨੀਨੋ ਮਾਨਸੂਨ ਨੂੰ ਪ੍ਰਭਾਵਿਤ ਨਹੀਂ ਕਰਦਾ। ਐਲ ਨੀਨੋ ਦੀ ਤਰ੍ਹਾਂ, ਹਿੰਦ ਮਹਾਸਾਗਰ ਵਿੱਚ ਹਿੰਦ ਮਹਾਸਾਗਰ ਡਿਪੋਲ ਜਾਂ ਆਈਓਡੀ ਦਾ ਪ੍ਰਵਾਹ ਵੀ ਮਹੱਤਵਪੂਰਨ ਹੈ।
ਜਦੋਂ ਆਈਓਡੀ ਸਕਾਰਾਤਮਕ ਹੁੰਦਾ ਹੈ, ਭਾਵ ਪੱਛਮੀ ਹਿੰਦ ਮਹਾਸਾਗਰ ਦਾ ਤਾਪਮਾਨ ਪੂਰਬ ਨਾਲੋਂ ਵੱਧ ਹੁੰਦਾ ਹੈ, ਤਾਂ ਸਥਿਤੀ ਭਾਰਤ ਵਿੱਚ ਮਾਨਸੂਨ ਦੇ ਪੱਖ ਵਿੱਚ ਜਾਪਦੀ ਹੈ।
ਇਸ ਤੋਂ ਇਲਾਵਾ ਜੈੱਟ ਸਟ੍ਰੀਮ, ਵਾਯੂਮੰਡਲ ਦੀ ਉਪਰਲੀ ਪਰਤ ਵਿੱਚ ਹਵਾ ਦਾ ਵਹਾਅ ਵੀ ਮਾਨਸੂਨ ਨੂੰ ਪ੍ਰਭਾਵਿਤ ਕਰਦਾ ਹੈ।

ਤਸਵੀਰ ਸਰੋਤ, IMD
ਇਸ ਸਾਲ ਮਾਨਸੂਨ ਕਿਵੇਂ ਰਹੇਗਾ?
ਤਿੰਨ ਸਾਲਾਂ ਦੇ ਫਰਕ ਤੋਂ ਬਾਅਦ, ਐਲ ਨੀਨੋ 2023 ਵਿੱਚ ਦੁਬਾਰਾ ਪ੍ਰਗਟ ਹੋਇਆ ਹੈ ਅਤੇ ਉਦੋਂ ਤੋਂ ਦੁਨੀਆ ਭਰ ਵਿੱਚ ਕਈ ਥਾਵਾਂ 'ਤੇ ਤਾਪਮਾਨ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਹਾਲਾਂਕਿ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਮਾਹਿਰਾਂ ਨੇ ਐਲਾਨ ਕੀਤਾ ਹੈ ਕਿ ਐਲ ਨੀਨੋ ਹੁਣ ਪਿੱਛੇ ਹਟ ਰਿਹਾ ਹੈ।
ਭਾਰਤੀ ਮੌਸਮ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਐਲ ਨੀਨੋ ਫਿਲਹਾਲ ਮੱਧਮ ਹੈ, ਆਉਣ ਵਾਲੇ ਸਮੇਂ ਵਿੱਚ ਇਹ ਕਮਜ਼ੋਰ ਹੋਵੇਗਾ ਅਤੇ ਮਾਨਸੂਨ ਦੇ ਮੱਧ ਦੌਰਾਨ ਲਾ ਨੀਨੋ ਦਾ ਪ੍ਰਭਾਵ ਮਹਿਸੂਸ ਹੋਵੇਗਾ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਆਈਓਡੀ ਫਿਲਹਾਲ ਨਿਰਪੱਖ ਹੈ ਅਤੇ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਸਕਾਰਾਤਮਕ ਹੋ ਜਾਵੇਗਾ।
ਇਹ ਦੋਵੇਂ ਚੀਜ਼ਾਂ ਮਾਨਸੂਨ ਲਈ ਲਾਹੇਵੰਦ ਹਨ ਅਤੇ ਮੌਸਮ ਵਿਭਾਗ ਨੇ ਵੀ ਇਸ ਸਾਲ ਕੁੱਲ ਮੀਂਹ ਔਸਤ ਤੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਅਪ੍ਰੈਲ ਮਹੀਨੇ ਵਿੱਚ ਭਾਰਤੀ ਮੌਸਮ ਵਿਭਾਗ ਦੇ ਮੁਖੀ ਡਾ. ਮ੍ਰਿਤੁੰਜੇ ਮਹਾਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ ਭਰ ਵਿੱਚ ਔਸਤ ਤੋਂ 106 ਫੀਸਦੀ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਜੂਨ ਅਤੇ ਸਤੰਬਰ ਦੇ ਵਿਚਕਾਰ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਵਰਖਾ ਲਈ ਪੂਰਵ ਅਨੁਮਾਨ ਹੈ।
ਮੌਸਮ ਦੀ ਭਵਿੱਖਬਾਣੀ ਦੀ ਸ਼ੁੱਧਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਮੀਂਹ ਪੂਰਵ ਅਨੁਮਾਨ ਨਾਲੋਂ 5 ਫੀਸਦੀ ਘੱਟ ਜਾਂ ਵੱਧ ਹੋ ਸਕਦਾ ਹੈ। ਇਸ ਦੇ ਬਾਵਜੂਦ ਮੀਂਹ ਦੀ ਮਾਤਰਾ ਔਸਤ ਤੋਂ ਵੱਧ ਰਹੇਗੀ।








