ਮੱਖਣ ਸਿੰਘ: ਕੀਨੀਆ ਦੀ ਆਜ਼ਾਦੀ ਦਾ ਨਾਅਰਾ ਦੇਣ ਵਾਲਾ ਨਾਇਕ ਜਿਸ ਨੇ 11 ਸਾਲ ਕੈਦ ਕੱਟੀ

ਤਸਵੀਰ ਸਰੋਤ, Makhan Singh Archives / Khalsa Lakhvir-Singh
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਥਾਂ – ਨਾਇਰੋਬੀ, ਕੀਨੀਆ
ਸਾਲ 1919 ਦੀ ਵਿਸਾਖੀ ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਨਿਹੱਥੇ ਇਕੱਠ ’ਤੇ ਬਰਤਾਨੀਆ ਸਰਕਾਰ ਵੱਲੋਂ ਗੋਲੀਆਂ ਚਲਵਾਈਆਂ ਗਈਆਂ ਸਨ।
ਇਸ ਗੋਲੀਬਾਰੀ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਦੇ ਬਦਲੇ ਵਜੋਂ ਊਧਮ ਸਿੰਘ ਨੇ ਮਾਇਕਲ ਓ ਡਵਾਇਰ ਨੂੰ ਕੈਕਸਟਨ ਹਾਲ ‘ਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗ਼ਦਰ ਲਹਿਰ ਦੇ ਸਰਗਰਮ ਕਾਰਕੁਨ ਊਧਮ ਸਿੰਘ ਨੇ ਕੀਨੀਆ ਵਿੱਚ ਇੱਕ ਕਾਰੀਗਰ(ਫਿਟਰ) ਵਜੋਂ ਵੀ ਕੰਮ ਕੀਤਾ ਸੀ।
ਇਸ ਦਾ ਜ਼ਿਕਰ ਪੂਰਬੀ ਅਫ਼ਰੀਕਾ ਦੀ ਇਤਿਹਾਸਕਾਰ ਜ਼ਰੀਨਾ ਪਟੇਲ ਨੇ ਆਪਣੇ ਲੇਖ ਵਿੱਚ ਕੀਤਾ ਹੈ।
ਊਧਮ ਸਿੰਘ ਹੀ ਨਹੀਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਕਈ ਗ਼ਦਰੀ ਕੀਨੀਆ ਸਣੇ ਪੂਰੇ ਪੂਰਬੀ ਅਫ਼ਰੀਕੀ ਖਿੱਤੇ ਵਿੱਚ ਸਰਗਰਮ ਰਹੇ ਸਨ।
ਇਨ੍ਹਾਂ ਵਿੱਚੋ ਜਿਸ ਸ਼ਖ਼ਸ ਦਾ ਨਾਮ ਲਏ ਬਿਨਾ ਇਸ ਖਿੱਤੇ ਵਿੱਚ ਬਸਤੀਵਾਦ ਵਿਰੋਧੀ ਲੜਾਈ ਦਾ ਕੋਈ ਵੀ ਅਧਿਆਏ ਅਧੂਰਾ ਹੋਵੇਗਾ ਉਹ ਹੈ – ਮੱਖਣ ਸਿੰਘ।
ਸਾਲ 1950 ਵਿੱਚ ਮੱਖਣ ਸਿੰਘ ਨੇ ਕੀਨੀਆ ਦੀ ਆਜ਼ਾਦੀ ਲਈ ‘ਫ੍ਰੀਡਮ ਨਾਓ’ ‘ਆਜ਼ਾਦੀ ਇਸੇ ਵੇਲੇ’ ਦਾ ਨਾਅਰਾ ਦਿੱਤਾ ਸੀ।(‘ਉਹੂਰੂ ਸਾਸਾ’ ਕਿਸਵਾਹਿਲੀ ਭਾਸ਼ਾ ਵਿੱਚ)

ਤਸਵੀਰ ਸਰੋਤ, Makhan Singh Archives / Khalsa Lakhvir-Singh
ਕੀਨੀਆ ਵਿਚਲੇ ਕਾਮਿਆਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਨ ਤੋਂ ਸ਼ੁਰੂਆਤ ਕਰਨ ਵਾਲੇ ਮੱਖਣ ਸਿੰਘ ਕੀਨੀਆ ਦੀ ਆਜ਼ਾਦੀ ਦੇ ਸੰਘਰਸ਼ ਦੇ ਸਿਰਕੱਢ ਆਗੂ ਵਜੋਂ ਉੱਭਰੇ ਸਨ।
ਉਨ੍ਹਾਂ ਨੇ ਇਸ ਸੰਘਰਸ਼ ਵਿੱਚ ਚਲਦਿਆਂ ਉਨ੍ਹਾਂ ਨੇ ਕਰੀਬ 11 ਸਾਲ ਇਕਾਂਤਵਾਸ ਕੈਦ ਵੀ ਕੱਟੀ।
ਮੱਖਣ ਸਿੰਘ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਗੁੱਜਰਾਵਾਲਾਂ ਦੇ ਘਰਜਾਕ ਪਿੰਡ ਦਾ ਸੀ। ਉਨ੍ਹਾਂ ਦਾ ਜਨਮ ਸਾਲ 1913 ਵਿੱਚ ਹੋਇਆ ਸੀ।
ਮੱਖਣ ਸਿੰਘ ਦਾ 18 ਮਈ 1973 ਨੂੰ 59 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਮੱਖਣ ਸਿੰਘ ਬਾਰੇ ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਸ਼ਿਰਾਜ਼ ਦੁੱਰਾਨੀ ਦੱਸਦੇ ਹਨ ਕਿ ਕੀਨੀਆ ਮੱਖਣ ਸਿੰਘ ਲਈ ਆਪਣੀ ਮਾਤ ਭੂਮੀ ਜਿੰਨਾ ਹੀ ਪਿਆਰਾ ਸੀ।
ਪੰਜਾਬੀ ਲੇਖਕ ਅਤੇ ਕਵੀ ਅਮਰਜੀਤ ਚੰਦਨ ਦੱਸਦੇ ਹਨ ਕੀਨੀਆ ਵਿੱਚ ਗ਼ਦਰ ਪਾਰਟੀ ਦੀ ਅੰਡਰ-ਗਰਾਊਂਡ ਬਰਾਂਚ ਸੀ ਜਿਸ ਵਿੱਚ ਮੱਖਣ ਸਿੰਘ ਸਰਗਰਮ ਸਨ।
ਅਮਰਜੀਤ ਚੰਦਨ ਦੇ ਪਿਤਾ ਗੋਪਾਲ ਸਿੰਘ ਚੰਦਨ ਵੀ ਨਾਇਰੋਬੀ ਵਿਖੇ ਰਹੇ ਸਨ। ਅਮਰਜੀਤ ਸਿੰਘ ਚੰਦਨ ਦਾ ਜਨਮ ਵੀ ਨਾਇਰੋਬੀ ਵਿੱਚ ਹੀ ਹੋਇਆ।
ਗੋਪਾਲ ਸਿੰਘ ਚੰਦਨ ਅਤੇ ਮੱਖਣ ਸਿੰਘ ਚੰਗੇ ਮਿੱਤਰ ਸਨ।
ਸ਼ਿਰਾਜ ਦੱਸਦੇ ਹਨ ਕਿ ਟਰੇਡ ਯੂਨੀਅਨ ਲਹਿਰ ਨੇ ‘ਕੀਨੀਆ ਐਮਰਜੈਂਸੀ ‘ਵਜੋਂ ਜਾਣੀ ਜਾਂਦੇ ਹੋਏ ‘ਮਾਓ ਮਾਓ’ ਨਾਂ ਦੇ ਹਥਿਆਰਬੰਦ ਉਭਾਰ ਨੂੰ ਵੀ ਪ੍ਰਭਾਵਿਤ ਕੀਤਾ।

ਤਸਵੀਰ ਸਰੋਤ, Makhan Singh Archives / Khalsa Lakhvir-Singh
ਕਿਵੇਂ ਕੀਨੀਆ ਪਹੁੰਚ ਕੇ ਨਾਇਕ ਬਣੇ
ਕੀਨੀਆ ਤੇ ਪੂਰਬੀ ਅਫ਼ਰੀਕਾ ਦੇ ਇਤਿਹਾਸ ਵਿੱਚ ਮੁਹਾਰਤ ਰੱਖਣ ਵਾਲੇ ਜ਼ਰੀਨਾ ਪਟੇਲ ਆਪਣੇ ਲੇਖ ‘ਮੱਖਣ ਸਿੰਘ ਐਂਡ ਦਿ ਗਦਰਾਈਟਸ’ ਵਿੱਚ ਮੱਖਣ ਸਿੰਘ ਨੂੰ ਕੀਨੀਆ ਦੀ ਟਰੇਡ ਯੂਨੀਅਨ ਮੂਵਮੈਂਟ ਦਾ ਸੰਸਥਾਪਕ ਦੱਸਦੇ ਹਨ।
ਜ਼ਰੀਨਾ ਪਟੇਲ ਦੀ ਬੀਤੇ ਅਪ੍ਰੈਲ ਮਹੀਨੇ ਮੌਤ ਹੋ ਗਈ ਸੀ।ਜ਼ਰੀਨਾ ਪਟੇਲ ਨੇ ਮੱਖਣ ਸਿੰਘ ਦੇ ਜੀਵਨ ਉੱਤੇ ਦੀ 'ਅਨਕੁਆਇਟ - ਦੀ ਲਾਈਫ ਐਂਡ ਟਾਈਮਜ਼ ਆਫ ਮੱਖਣ ਸਿੰਘ' ਨਾਮ ਦੀ ਕਿਤਾਬ ਵੀ ਲਿਖੀ ਸੀ।
ਜ਼ਰੀਨਾ ਲਿਖਦੇ ਹਨ ਕਿ ਮੱਖਣ ਸਿੰਘ ਹੁਰਾਂ ਦਾ ਪਰਿਵਾਰਕ ਪਿਛੋਕੜ ਕਾਫੀ ਸਧਾਰਣ ਸੀ।
ਮੱਖਣ ਸਿੰਘ ਦੇ ਪਿਤਾ ਸੁੱਧ ਸਿੰਘ ਜੱਬਲ ਇੱਕ ਤਰਖਾਣ ਵਜੋਂ ਕੰਮ ਕਰਦੇ ਸਨ, ਉਨ੍ਹਾਂ ਦਾ ਪਰਿਵਾਰ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਸੀ।
ਮੱਖਣ ਸਿੰਘ ਦੀ ਮਾਤਾ ਦਾ ਨਾਮ ਈਸ਼ਰ ਕੌਰ ਸੀ।

ਤਸਵੀਰ ਸਰੋਤ, Makhan Singh Archives / Khalsa Lakhvir-Singh
ਜ਼ਰੀਨਾ ਪਟੇਲ ਲਿਖਦੇ ਹਨ ਕਿ ਭਾਰਤ ਵਿੱਚ ਮੱਖਣ ਸਿੰਘ ਦੇ ਪਿਤਾ ਸੁੱਧ ਸਿੰਘ ਆਪਣੀ ਆਰਥਿਕ ਸਥਿਤੀ ਸੁਧਾਰਣ ਲਈ ਸਾਲ 1920 ਵਿੱਚ ਮੁਮਬਾਸਾ ਚਲੇ ਗਏ ਸਨ।
ਇਸ ਤੋਂ ਪਹਿਲਾਂ ਵੀ ਕਾਫ਼ੀ ਦੱਖਣੀ ਏਸ਼ੀਆਈ ਲੋਕ ਪੂਰਬੀ ਅਫ਼ਰੀਕਾ ਵਿੱਚ ਜਾ ਚੁੱਕੇ ਸਨ।
ਉਹ ਲਿਖਦੇ ਹਨ ਕਾਰੀਗਰਾਂ ਨੂੰ ਯੁਗਾਂਡਾ ਰੇਲਵੇ ਦੀ ਉਸਾਰੀ ਲਈ ਕੰਮ ਕਰਨ ਲਈ ਇੱਥੇ ਲਿਆਂਦਾ ਗਿਆ ਹੈ, ਇਨ੍ਹਾਂ ਵਿੱਚ ਸਿੱਖ ਕਾਰੀਗਰ ਵੀ ਸ਼ਾਮਲ ਸਨ।
ਇਸ ਦੇ ਮੁਕੰਮਲ ਹੋਣ ਮਗਰੋਂ 37,747 ਕਾਮਿਆਂ ਵਿੱਚੋਂ 28,254 ਵਾਪਸ ਚਲੇ ਗਏ ਸਨ ਜਦਕਿ 2,493 ਕਾਮਿਆਂ ਦੀ ਮੌਤ ਹੋ ਗਈ ਸੀ।
7000 ਦੇ ਕਰੀਬ ਕਾਮੇ ਇੱਥੇ ਹੀ ਰਹਿ ਗਏ ਸਨ।
ਜ਼ਰੀਨਾ ਪਟੇਲ ਲਿਖਦੇ ਹਨ ਸਾਲ 1921 ਦੇ ਆਉਂਦਿਆਂ ਆਉਂਦਿਆ ਕੀਨੀਆ ਵਿਚਲੇ ਭਾਰਤੀਆਂ ਦੀ ਗਿਣਤੀ 22,822 ਤੱਕ ਪਹੁੰਚ ਗਈ ਸੀ।
ਇਸ ਸਮੇਂ ਦੌਰਾਨ ਕੀਨੀਆ ਵਿੱਚ ਵੀ ਈਸਟ ਅਫ਼ਰੀਕਾ ਐਸੋਸੀਏਸ਼ਨ, ਈਸਟ ਅਫ਼ਰੀਕਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਹੇਠ ਰੋਸ ਦੀ ਲਹਿਰ ਜ਼ੋਰਾਂ ਸ਼ੋਰਾਂ ਨਾਲ ਵਗ਼ ਰਹੀ ਸੀ।
ਮੱਖਣ ਸਿੰਘ ਦੇ ਪਿਤਾ ਨੇ ਨਾਇਰੋਬੀ ਵਿੱਚ ਕੁਝ ਛੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਇੱਕ ਪ੍ਰਿੰਟਿੰਗ ਪ੍ਰੈੱਸ ਖੋਲ੍ਹ ਲਈ ਸੀ।
ਸਾਲ 1927 ਵਿੱਚ ਉਹ ਆਪਣੀ ਪਤਨੀ ਆਪਣੇ ਪੁੱਤਰ ਮੱਖਣ ਸਿੰਘ ਆਪਣੀ ਧੀ ਕੁਲਵੰਤ ਕੌਰ ਅਤੇ ਆਪਣੀ ਪਤਨੀ ਨੂੰ ਨਾਇਰੋਬੀ ਲੈ ਕੇ ਆ ਗਏ ਸਨ।
ਕੀਨੀਆ ਵਿੱਚ ਪ੍ਰਵਾਸੀਆਂ ਦਾ ਪਹੁੰਚਣਾ

ਤਸਵੀਰ ਸਰੋਤ, Makhan Singh Archives / Khalsa Lakhvir-Singh
ਅਮਰਜੀਤ ਸਿੰਘ ਚੰਦਨ ਦੱਸਦੇ ਹਨ ਕਿ ਸਾਲ 1895 ਵਿੱਚ ਪੰਜਾਬੀ ਇੱਧਰ ਵੱਲ੍ਹ ਜਾਣੇ ਸ਼ੁਰੂ ਹੋਏ ਸਨ, ਪਹਿਲੇ 500 ਪੰਜਾਬੀ ਕਾਰੀਗਰ ਲਾਹੌਰ ਤੋਂ ਅਲੀਭਾਈ ਜੀਵਨਜੀ ਲੈ ਕੇ ਗਏ ਸਨ।
ਪੰਜਾਬ ਸਣੇ ਭਾਰਤ ਦੇ ਹੋਰਨਾਂ ਇਲਾਕਿਆਂ ਤੋਂ ਇੱਥੇ ਪਹੁੰਚੇ ਪ੍ਰਵਾਸੀਆਂ ਨੇ ਨਾ ਸਿਰਫ਼ ਭਾਰਤ ਦੀ ਆਜ਼ਾਦੀ ਦੇ ਲਈ ਹੀ ਕੰਮ ਨਹੀਂ ਕੀਤਾ ਸਗੋਂ ਕੀਨੀਆ, ਯੁਗਾਂਡਾ ਸਣੇ ਪੂਰਬੀ ਅਫ਼ਰੀਕੀ ਖਿੱਤੇ ਵਿੱਚ ਬਸਤੀਵਾਦ ਖ਼ਿਲਾਫ਼ ਅੰਦੋਲਨ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ।
ਜ਼ਰੀਨਾ ਪਟੇਲ ਲਿਖਦੇ ਹਨ ਕਿ ਸਾਲ 1927 ਕੀਨੀਆ ਵਿੱਚ ਬਸਤੀਵਾਦ ਵਿਰੋਧੀ ਲਹਿਰ ਵਿੱਚ ਕਾਫ਼ੀ ਮਹੱਤਵਪੂਰਨ ਸਮਾਂ ਸੀ।
ਇਸੇ ਸਾਲ ਜੋਮੋ ਕੀਨੀਓਟਾ ਵਜੋਂ ਜਾਣੇ ਜਾਂਦੇ ਜੋਹਨਸਟੋਨ ਕਮਾਓ ਨੇ ਜਨਤਕ ਜੀਵਨ ਦੀ ਸ਼ੁਰੂਆਤ ਕੀਤੀ ਸੀ।
ਜੋਮੋ ਕੀਨੀਓਟਾ ਕੀਨੀਆ ਦੇ ਪਹਿਲੇ ਰਾਸ਼ਟਰਪਤੀ ਵੀ ਬਣੇ ਸਨ।
ਇਸੇ ਸਾਲ ਹੀ ਗ਼ਦਰ ਪਾਰਟੀ ਦਾ ਵੀ ਮੁੜ ਉਭਾਰ ਹੋਇਆ ਸੀ।
ਜ਼ਰੀਨਾ ਲਿਖਦੇ ਹਨ 1926 ਵਿੱਚ ਗ਼ਦਰ ਪਾਰਟੀ ਦਾ ਨਾਮ ਕਿਰਤੀ ਕਿਸਾਨ ਸਭਾ ਪੈ ਗਿਆ ਸੀ।
ਉੱਤਰੀ ਅਮਰੀਕਾ ਅਤੇ ਸੰਸਾਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਗ਼ਦਰ ਪਾਰਟੀ ਦਾ ਅਧਾਰ ਪੂਰਬੀ ਅਫ਼ਰੀਕਾ ਵਿੱਚ ਵੀ ਸੀ।
ਉਹ ਲਿਖਦੇ ਹਨ ਕਿ ਇੱਥੇ ਦੋ ਗ਼ਦਰੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ, ਤਿੰਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਅੱਠ ਨੂੰ ਜੇਲ੍ਹ ਦੀ ਸਜ਼ਾ ਹੋਈ ਅਤੇ 20 ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ।
ਜ਼ਰੀਨਾ ਪਟੇਲ ਲਿਖਦੇ ਹਨ ਕਿ ਪੰਜਾਬ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਸਮੇਂ ਦਾ ਅਸਰ ਜ਼ਰੂਰ ਮੱਖਣ ਸਿੰਘ ਉੱਤੇ ਹੋਇਆ ਹੋਵੇਗਾ, ਉਨ੍ਹਾਂ ਨੇ 1857 ਦੀ ਆਜ਼ਾਦੀ ਦੀ ਪਹਿਲੀ ਜੰਗ, ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ਼ ਦਾ ਕਤਲਿਆਮ ਬਾਰੇ ਜ਼ਰੂਰ ਸੁਣਿਆ ਹੋਵੇਗਾ।
ਉਨ੍ਹਾਂ ਦੀ ਸੋਚ 'ਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਲੈਨਿਨ ਦੀਆਂ ਸਮਾਜਵਾਦ ਬਾਰੇ ਧਾਰਨਾਵਾਂ ਦਾ ਵੀ ਪ੍ਰਭਾਵ ਪਿਆ ਹੋਵੇਗਾ।

ਤਸਵੀਰ ਸਰੋਤ, Makhan Singh Archives / Khalsa Lakhvir-Singh
ਮੱਖਣ ਸਿੰਘ ਦਾ ਟਰੇਡ ਯੂਨੀਅਨ ਦੇ ਆਗੂ ਵਜੋਂ ਉਭਾਰ
ਜ਼ਰੀਨਾ ਲਿਖਦੇ ਹਨ ਕਿ ਗ਼ਦਰ ਪਾਰਟੀ ਨੇ ਹੋਰ ਗਤੀਵਿਧਿੀਆਂ ਦੇ ਨਾਲ ਨਾਲ ‘ਕਾਵਿ ਫ਼ੁਲਵਾੜੀ’ ਨਾਮ ਦੇ ਇੱਕ ਸਮੂਹ ਦੀ ਵੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਉਮਰ ਵਿੱਚ ਸਾਰਿਆਂ ਤੋਂ ਛੋਟੇ ਮੱਖਣ ਸਿੰਘ ਵੀ ਆਪਣੇ ਪਿਤਾ ਨਾਲ ਇਸ ਵਿੱਚ ਸ਼ਾਮਲ ਹੁੰਦੇ ਸਨ।
ਸਾਲ 1935 ਵਿੱਚ ਮੱਖਣ ਸਿੰਘ ਨੂੰ ਇੰਡੀਅਨ ਟਰੇਡ ਯੂਨੀਅਨ ਦਾ ਸਕੱਤਰ ਬਣਾਇਆ ਗਿਆ ਸੀ। ਇਸ ਵੇਲੇ ਉਨ੍ਹਾਂਦੀ ਉਮਰ 22 ਸਾਲ ਸੀ।
ਇਸ ਅਹੁਦੇ ਉੱਤੇ ਆਉਂਦਿਆਂ ਹੀ ਉਨ੍ਹਾਂ ਨੇ ਜਿਹੜਾ ਕੰਮ ਸਭ ਤੋਂ ਪਹਿਲਾਂ ਕੀਤਾ ਉਹ ਸੀ ਇਸ ਦਾ ਨਾਮ ਬਦਲਣਾ।
ਉਨ੍ਹਾਂ ਨੇ ਇਸ ਯੂਨੀਅਨ ਦਾ ਨਾਮ ਬਦਲ ਕੇ ‘ਨੌਨ ਰੇਸ਼ੀਅਲ ਟਰੇਡ ਯੂਨੀਅਨ ਮੈਨੇਜਮੈਂਟ’ ਕਮੇਟੀ ਰੱਖ ਦਿੱਤਾ ਸੀ।
ਯੂਨੀਅਨ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਹੱਥ ਅਤੇ ਸਾਈਕਲੋਸਟਾਈਲ ਨਾਲ ਪਰਚੇ ਲਿਖ ਕੇ ਵੰਡਣੇ ਸ਼ੁਰੂ ਕਰ ਦਿੱਤੇ।
ਇਹ ਪਰਚੇ ਗੁਰਮੁਖੀ, ਉਰਦੂ, ਗੁਜਰਾਤੀ, ਸਵਾਹਿਲੀ, ਅੰਗਰੇਜ਼ੀ ਵਿੱਚ ਹੁੰਦੇ ਸਨ।

ਤਸਵੀਰ ਸਰੋਤ, Amarjit Singh Chandan/ Wikimedia Commons
ਜ਼ਰੀਨਾ ਪਟੇਲ ਲਿਖਦੇ ਹਨ ਕਿ ਸਾਲ 1937 ਵਿੱਚ ਤਾਗਾਨਈਕਾ, ਦਰ ਏਸ ਸਾਲਾਮ ਤਾਗਾਨਿਕਾ ਦੇ ਕਾਮੇ ਇਸ ਯੂਨੀਅਨ ਵਿੱਚ ਸ਼ਾਮਲ ਹੋ ਗਏ ਸਨ।
ਇਸ ਮਗਰੋਂ ਯੂਨੀਅਨ ਦਾ ਨਾਮ ਬਦਲਕੇ ਲੇਬਰ ਟਰੇਡ ਯੂਨੀਅਨ ਆਫ ਈਸਟ ਅਫ਼ਰੀਕਾ ਰੱਖ ਦਿੱਤਾ ਗਿਆ।
ਮੱਖਣ ਸਿੰਘ ਨੇ ਕਾਮਿਆਂ ਦੀਆਂ ਕਈ ਵੱਡੀਆਂ ਮੰਗਾਂ ਚੁੱਕੀਆਂ ਅਤੇ ਉਨ੍ਹਾਂ ਨੂੰ ਪੂਰਾ ਕਰਵਾਇਆ।
ਜ਼ਰੀਨਾ ਪਟੇਲ ਲਿਖਦੇ ਹਨ ਕਿ ਮੱਖਣ ਸਿੰਘ ਵਿੱਚ ਕੇਵਲ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਯੋਗਤਾ ਹੀ ਨਹੀਂ ਸੀ ਸਗੋਂ ਉਨ੍ਹਾਂ ਵਿੱਚ ਵੱਖ-ਵੱਖ ਕਿਸਮ ਦੇ ਲੋਕਾਂ ਤੱਕ ਆਪਣੇ ਵਿਚਾਰ ਪਹੁੰਚਾਉਣ ਦਾ ਵੀ ਵਲ ਸੀ।।
ਹਾਲਾਂਕਿ ਉਹ ਸਿੱਖ ਧਰਮ ਦੇ ਗਿਆਤਾ ਸਨ ਪਰ ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਕਰਮ ਕਾਂਡ ਜਾਂ ਰਸਮੀ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼ਿਰਾਜ਼ ਦੱਸਦੇ ਹਨ ਕਿ ਉਸ ਵੇਲੇ ਦੱਖਣੀ ਏਸ਼ੀਆਈ ਭਾਈਚਾਰਾ ਉੱਥੋਂ ਦੇ ਸਥਾਨਕ ਲੋਕਾਂ ਨਾਲ ਘੁਲਦਾ ਮਿਲਦਾ ਨਹੀਂ ਸੀ, ਪਰ ਮੱਖਣ ਸਿੰਘ ਅਤੇ ਪੀਓ ਗਾਮਾ ਪਿੰਟੋ ਜਿਹੇ ਕਾਰਕੁਨਾਂ ਨੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਆਪਣੇ ਨਾਲ ਜੋੜਿਆ।
ਅਮਰਜੀਤ ਸਿੰਘ ਚੰਦਨ ਦੱਸਦੇ ਹਨ ਕਿ ਮੱਖਣ ਸਿੰਘ ਨੂੰ ਇਹ ਗੁੜ੍ਹਤੀ ਵਿਰਾਸਤ ਵਿੱਚੋਂ ਹੀ ਮਿਲੀ ਸੀ।
ਉਸ ਸਮੇਂ ਦੌਰਾਨ ਪੰਜਾਬ ਵਿੱਚ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਜੈਤੋਂ ਦਾ ਮੋਰਚਾ ਵੀ ਚੱਲ ਰਿਹਾ ਸੀ ਜਿਸ ਦਾ ਅਸਰ ਮੱਖਣ ਸਿੰਘ ਉੱਤੇ ਵੀ ਰਿਹਾ।

ਤਸਵੀਰ ਸਰੋਤ, Makhan Singh Archives / Khalsa Lakhvir-Singh
ਭਾਰਤ ਪਰਤਣ ਉੱਤੇ ਜਦੋਂ ਫੜ ਲਿਆ ਗਿਆ
28 ਦਸੰਬਰ 1939 ਨੂੰ ਮੱਖਣ ਸਿੰਘ ਭਾਰਤ ਪਰਤ ਗਏ ਸਨ।
ਜ਼ਰੀਨਾ ਪਟੇਲ ਮੁਤਾਬਕ ਮੱਖਣ ਸਿੰਘ ਇਸ ਗੱਲ ਤੋਂ ਜਾਣੂ ਸਨ ਕਿ ਅਫ਼ਰੀਕਾ ਵਿੱਚ ਕਾਮਿਆਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕਰਨ ਦੀਆਂ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਬਰਤਾਨਵੀ ਨਾਖ਼ੁਸ਼ ਹੋਣਗੇ।
ਇਸ ਲਈ ਉਨ੍ਹਾਂ ਨੇ ਬੰਬਈ ਤੋਂ ਉੱਤਰਨ ਮਗਰੋਂ 500 ਮੀਲ ਤੋਂ ਅਹਿਮਦਾਬਾਦ ਦੀ ਇੱਕ ਕੱਪੜਾ ਮਿੱਲ ਵਿੱਚ ਸ਼ਰਨ ਲੈ ਲਈ ਸੀ।। ਪੁਲਿਸ ਨੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਅਤੇ ਜੇਲ੍ਹ ਵਿੱਚ ਡੱਕ ਦਿੱਤਾ।
ਉਨ੍ਹਾਂ ਨੂੰ 5 ਮਈ 1940 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਹ ਸਾਲ 1942 ਤੱਕ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਰਹੇ। ਇਸ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਘਰਜਾਕ ਵਿੱਚ ਨਜ਼ਰਬੰਦੀ ਤਹਿਤ ਰੱਖਿਆ ਗਿਆ।
ਇਸ ਸਮੇਂ ਦੌਰਾਨ ਉਨ੍ਹਾਂ ਨੇ ਕਾਰਲ ਮਾਰਕਸ ਦੇ ‘ਦਾਸ ਕੈਪੀਟਲ’ ਦੇ ਕੁਝ ਹਿੱਸੇ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ।
ਉਨ੍ਹਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ‘ਜੰਗ ਏ ਅਜ਼ਾਦੀ’ ਅਖ਼ਬਾਰ ਦੇ ਸਹਿ-ਸੰਪਾਦਕ ਵਜੋਂ ਵੀ ਕੰਮ ਕੀਤਾ।

ਤਸਵੀਰ ਸਰੋਤ, Makhan Singh Archives / Khalsa Lakhvir-Singh
ਜ਼ਰੀਨਾ ਪਟੇਲ ਲਿਖਦੇ ਹਨ ਕਿ ਉਨ੍ਹਾਂ ਦੇ ਅਫ਼ਰੀਕਾ ਵਾਪਸ ਪਰਤਣ ਮਗਰੋਂ ਉਨ੍ਹਾਂ ਨੂੰ ਇੱਕ ‘ਕੁਇੱਟ ਆਰਡਰ’ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇੱਕ ਪਾਬੰਦੀਸ਼ੁਦਾ ਪ੍ਰਵਾਸੀ ਕਰਾਰ ਦਿੱਤਾ ਗਿਆ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ।
ਮੱਖਣ ਸਿੰਘ ਦੇ ਪੁੱਤਰ ਹਿੰਦਪਾਲ ਸਿੰਘ ਜੱਬਲ ਲਿਖਦੇ ਹਨ ਕਿ ਅਗਸਤ 1947 ਵਿੱਚ ਭਾਰਤ ਪਰਤਣ ਮਗਰੋਂ ਉਨ੍ਹਾਂ ਨੇ ਸਾਲ 1949 ਵਿੱਚ ਪੂਰਬੀ ਅਫ਼ਰੀਕਾ ਟਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕੀਤੀ।
ਉਹ ਲਿਖਦੇ ਹਨ ਕਿ ਇੱਕ ਤਕਰੀਰ ਮਗਰੋਂ ਉਨ੍ਹਾਂ ਦੇ ਪਿਤਾ ਨੂੰ 15 ਮਈ,1950 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਨੂੰ ਅਕਤੂਬਰ 1961 ਤੱਕ ਬਿਨਾ ਕਿਸੇ ਇਲਜ਼ਾਮ ਜਾਂ ਮੁਕੱਦਮੇ ਦੇ ਵੱਖ-ਵੱਖ ਥਾਵਾਂ ਉੱਤੇ ਇਕੱਲਿਆਂ ਹਿਰਾਸਤ ਵਿੱਚ ਰੱਖਿਆ ਗਿਆ ਸੀ।
ਸ਼ਿਰਾਜ਼ ਦੱਸਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਲਈ ਨਾਇਰੋਬੀ ਅਤੇ ਹੋਰ ਥਾਵਾਂ ’ਤੇ ਪ੍ਰਦਰਸ਼ਨ ਵੀ ਹੋਏ ਸਨ, ਉਨ੍ਹਾਂ ਦੇ ਨਾਲ ਫਰੈੱਡ ਕੁਬਾਈ ਨਾਮ ਦੇ ਆਗੂ ਨੂੰ ਵੀ ਫੜਿਆ ਗਿਆ ਸੀ।
ਅਮਰਜੀਤ ਚੰਦਨ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਸਿਆਸੀ ਜਾਂ ਗ਼ੈਰ ਸਿਆਸੀ ਅਹੁਦਾ ਨਹੀਂ ਲਿਆ ਅਤੇ ਸਾਦਾ ਜੀਵਨ ਬਤੀਤ ਕੀਤਾ।
ਪੰਜਾਬੀ ਲੇਖਕ ਆਤਮਜੀਤ ਦਾ ਨਾਟਕ ਮੰਗੂ ਕਾਮਰੇਡ ਮੱਖਣ ਸਿੰਘ ਦੀ ਜ਼ਿੰਦਗੀ ’ਤੇ ਅਧਾਰਤ ਹੈ।
ਮੱਖਣ ਸਿੰਘ ਨੇ ਆਪਣੀ ਆਤਮ ਕਥਾ ਵੀ ਲਿਖੀ ਹੈ ਜਿਸ ਦਾ ਨਾਮ ਹੈ ‘ਕਾਮਰੇਡ ਮੱਖਣ ਸਿੰਘ’
ਮੱਖਣ ਸਿੰਘ ਨੇ ਕੀਨੀਆ ਵਿੱਚ ਟਰੇਡ ਯੂਨੀਅਨ ਮੂਵਮੈਂਟ ਦੇ ਇਤਿਹਾਸ ਬਾਰੇ ਕਿਤਾਬ ਵੀ ਲਿਖੀ ਸੀ।
ਸਿਰਾਜ਼ ਦੁੱਰਾਨੀ ਦੱਸਦੇ ਹਨ ਕਿ ਮੱਖਣ ਸਿੰਘ ਦੀਆਂ ਲਿਖ਼ਤਾਂ 20,000 ਪੰਨੇ ਯੂਨੀਵਰਸਿਟੀ ਆਫ ਨਾਇਰੋਬੀ ਵਿੱਚ ਪਈਆਂ ਜਿਨ੍ਹਾਂ ਦੀ ਹਾਲਤ ਖ਼ਸਤਾ ਹੈ।












