ਦਸਵੀਂ ਦੀ ਟਾਪਰ ਨੂੰ ਚਿਹਰੇ ਦੇ ਵਾਲਾਂ ਲਈ ਨਿਸ਼ਾਨਾ ਬਣਾਇਆ ਗਿਆ, ਜਾਣੋ ਔਰਤਾਂ ਦੇ ਚਿਹਰੇ ’ਤੇ ਵਾਧੂ ਵਾਲ ਕਿਉਂ ਆਉਂਦੇ ਹਨ

- ਲੇਖਕ, ਰਾਜਵੀਰ ਕੌਰ ਗਿੱਲ ਤੇ ਨੀਤੂ ਸਿੰਘ
- ਰੋਲ, ਬੀਬੀਸੀ ਪੱਤਰਕਾਰ ਤੇ ਬੀਬੀਸੀ ਸਹਿਯੋਗੀ
ਦਸਵੀਂ ਦਾ ਇਮਤਿਹਾਨ ਕਿਸੇ ਵੀ ਬੱਚੇ ਦੀ ਜ਼ਿੰਦਗੀ ਦਾ ਪਹਿਲਾ ਔਖਾ ਇਮਤਿਹਾਨ ਮੰਨਿਆ ਜਾਂਦਾ ਹੈ।
ਮਾਪੇ, ਗੁਆਂਢੀ, ਦੋਸਤ ਜਾਂ ਦੂਰ-ਦੁਰਾਡੇ ਦੇ ਰਿਸ਼ਤੇਦਾਰ ਹਰ ਕੋਈ ਬੱਚੇ ਦੀ ਕਾਮਯਾਬੀ ਬਾਰੇ ਜਾਣਨ ਲਈ ਉਤਸੁਕ ਰਹਿੰਦਾ ਹੈ ਅਤੇ ਜੇ ਕਿਤੇ ਬੱਚਾ ਬੋਰਡ ਵਿੱਚੋਂ ਹੀ ਟੌਪ ਕਰ ਜਾਵੇ ਫ਼ਿਰ ਤਾਂ ਕਹਿਣੇ ਹੀ ਕੀ।
ਵਧਾਈਆਂ ਅਤੇ ਇੰਟਰਵਿਊਜ਼ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਪਰ ਇਸ ਸਾਲ ਯੂਪੀ ਬੋਰਡ ਵਿੱਚ ਪਹਿਲੇ ਨੰਬਰ ਉੱਤੇ ਆਉਣ ਵਾਲੀ ਵਿਦਿਆਰਥਣ ਨਾਲ ਅਜਿਹਾ ਨਹੀਂ ਹੋਇਆ।
ਯੂਪੀ ਦੇ ਛੋਟੇ ਜਿਹੇ ਕਸਬੇ ਸੀਤਾਪੁਰ ਦੀ ਪ੍ਰਾਚੀ ਨਿਗਮ 600 ਵਿੱਚੋਂ 591 ਅੰਕ ਹਾਸਲ ਕਰਕੇ ਯੂਪੀ ਬੋਰਡ ਵਿੱਚ ਪਹਿਲੇ ਨੰਬਰ ’ਤੇ ਆਈ।
ਪਰਾਚੀ ਲਈ 98.5 ਫ਼ੀਸਦ ਨੰਬਰ ਲੈਣਾ ਖੁਸ਼ੀ ਦਾ ਮੁਕਾਮ ਸੀ। ਪਰ ਜਦੋਂ ਹੀ ਉਨ੍ਹਾਂ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਵਧਾਈਆਂ ਦੇਣ ਵਾਲੇ ਕੁਝ ਲੋਕਾਂ ਦਾ ਰੁਖ਼ ਬਦਲ ਗਿਆ। ਉਨ੍ਹਾਂ ਨੂੰ ਪ੍ਰਾਚੀ ਦੀ ਕਾਮਯਾਬੀ ਦੀ ਬਜਾਇ ਉਸਦੇ ਚਿਹਰੇ ਦੇ ਵਾਲ ਵਧੇਰੇ ਨਜ਼ਰ ਆਏ ਤੇ ਸੋਸ਼ਲ ਮੀਡੀਆ ਉੱਤੇ ਇਸ ਮਸਲੇ ’ਤੇ ਬਹਿਸ ਛਿੜ ਗਈ।
ਹਾਲਾਂਕਿ ਪ੍ਰਾਚੀ ਨੇ ਇਸ ਆਲੋਚਨਾ ਦਾ ਸਾਹਮਣਾ ਹਿੰਮਤ ਨਾਲ ਕੀਤਾ ਅਤੇ ਲੋਕਾਂ ਨੂੰ ਸੂਰਤ ਦੀ ਬਜਾਇ ਸੀਰਤ ਵੱਲ ਧਿਆਨ ਦੇਣ ਦੀ ਗੱਲ ਆਖੀ।
ਪਰ ਇਸ ਸਭ ਦੌਰਾਨ ਔਰਤਾਂ ਦੇ ਚਿਹਰੇ ਉੱਤੇ ਆਉਣ ਵਾਲੇ ਵਾਲਾਂ ਬਾਰੇ ਕਈ ਸਵਾਲ ਖੜ੍ਹੇ ਹੋਏ ਅਤੇ ਇਸ ਨਾਲ ਜੁੜੀਆਂ ਕਈ ਮਿੱਥਾਂ ਦਾ ਪ੍ਰਚਾਰ ਵੀ ਸ਼ੁਰੂ ਹੋ ਗਿਆ।
ਇਸ ਰਿਪੋਰਟ ਵਿੱਚ ਅਸੀਂ ਸਮਝਾਂਗੇ ਕਿ ਔਰਤਾਂ ਦੇ ਚਿਹਰੇ ਉੱਤੇ ਵਾਲ ਆਉਂਦੇ ਕਿਉਂ ਹਨ ਅਤੇ ਇਸ ਦਾ ਸੰਭਾਵਿਤ ਇਲਾਜ ਕੀ ਹੋ ਸਕਦਾ ਹੈ।
ਇਹ ਜਾਣਕਾਰੀ ਗੁਰੂ ਨਾਨਕ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਡਾਕਟਰ ਪ੍ਰੀਤੀ ਪੱਡਾ ਨਾਲ ਕੀਤੀ ਗਈ ਗੱਲਬਾਤ ’ਤੇ ਅਧਾਰਿਤ ਹੈ।

ਔਰਤਾਂ ਦੇ ਚਿਹਰੇ ’ਤੇ ਵਾਲਾਂ ਦਾ ਕਾਰਨ
ਮੈਡੀਕਲ ਭਾਸ਼ਾ ਵਿੱਚ ਔਰਤਾਂ ਦੇ ਚਿਹਰੇ ਉੱਤੇ ਵਾਲ ਆਉਣ ਨੂੰ ‘ਹਰਸੋਟਿਜ਼ਮ’ ਕਿਹਾ ਜਾਂਦਾ ਹੈ। ਇਸ ਦਾ ਪਹਿਲਾ ਕਾਰਨ ਹੁੰਦਾ ਹੈ ਔਰਤਾਂ ਵਿੱਚ ਐਂਡਰੋਜ਼ਨ ਹਾਰਮੋਨਜ਼ ਦਾ ਲੋੜੀਂਦੀ ਪੱਧਰ ਤੋਂ ਵਧੇਰੇ ਹੋਣਾ।
ਡਾਕਟਰ ਪ੍ਰੀਤੀ ਦੱਸਦੇ ਹਨ ਕਿ ਔਰਤਾਂ ਵਿੱਚ ਐਂਡਰੋਜ਼ਨ ਹਾਰਮੋਨ ਮਰਦਾਂ ਦੇ ਮੁਕਾਬਲੇ ਘੱਟ ਬਣਦਾ ਹੈ। ਪਰ ਜਿਨ੍ਹਾਂ ਔਰਤਾਂ ਵਿੱਚ ਇਹ ਵਧੇਰੇ ਮਾਤਰਾ ਵਿੱਚ ਬਣਨ ਲੱਗ ਜਾਣ, ਉਨ੍ਹਾਂ ਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਤੇ ਵਾਲਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ।
ਚਿਹਰੇ ਉੱਤੇ ਵਾਲਾਂ ਕਾਰਨ ਪੀਸੀਓਡੀ ਯਾਨੀ ਪੋਲੀਸਿਸਟਿਕ ਓਵਰੀ ਡਿਜ਼ੀਜ਼ ਵੀ ਹੋ ਸਕਦਾ ਹੈ। ਪੀਸੀਓਡੀ ਕਾਰਨ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਮੋਟਾਪਾ ਵੀ ਹੁੰਦਾ ਹੈ ਅਤੇ ਚਿਹਰੇ ਉੱਤੇ ਦਾਣੇ ਅਤੇ ਵਾਲਾਂ ਦੀ ਗ੍ਰੋਥ ਵੀ ਵੱਧ ਜਾਂਦੀ ਹੈ।
ਵੱਡੀ ਉਮਰ ਦੀਆਂ ਔਰਤਾਂ ਵਿੱਚ ਮੀਨੋਪੌਜ਼ ਤੋਂ ਬਾਅਦ ਹਾਰਮੋਨਜ਼ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੀ ਚਿਹਰੇ ਦੇ ਵਾਲਾਂ ਦਾ ਕਾਰਨ ਬਣ ਸਕਦੀਆਂ ਹਨ।
ਡਾਕਟਰ ਪ੍ਰੀਤੀ ਦੱਸਦੇ ਹਨ ਕਿ ਕੁਝ ਮਾਮਲਿਆਂ ਵਿੱਚ ਦਵਾਈਆਂ ਜਿਨ੍ਹਾਂ ਵਿੱਚ ਸਟੇਰਾਈਡਜ਼ ਪਾਏ ਜਾਂਦੇ ਹਨ ਵੀ ਔਰਤਾਂ ਦੇ ਹਾਰਮੋਨਜ਼ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਚਿਹਰੇ ’ਤੇ ਵਾਲਾਂ ਦਾ ਕਾਰਨ ਬਣ ਸਕਦੀਆਂ ਹਨ।

ਔਰਤਾਂ ਦੇ ਚਿਹਰੇ ਦੇ ਵਾਲ ਅਤੇ ਮਾਨਸਿਕ ਸਿਹਤ
ਡਾਕਟਰ ਪ੍ਰੀਤੀ ਮੰਨਦੇ ਹਨ ਕਿ ਔਰਤਾਂ ਦੇ ਚਿਹਰੇ ਦੇ ਵਾਲਾਂ ਨੂੰ ਸਮਾਜਿਕ ਤੌਰ ’ਤੇ ਬਹੁਤ ਹੀ ਗ਼ਲਤ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ।
ਉਹ ਕਹਿੰਦੇ ਹਨ, “ਬਹੁਤ ਘੱਟ ਅਜਿਹੇ ਪਰਿਵਾਰ ਹਨ ਜੋ ਇਸ ਸਮੱਸਿਆ ਨੂੰ ਸਹੀ ਤਰੀਕੇ ਨਾਲ ਸਮਝਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਕੁੜੀਆਂ ਪ੍ਰਤੀ ਆਪਣਾ ਰਵੱਈਆ ਸਹਿਜ ਰੱਖਣ।”
“ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਕੂਲ ਜਾਂ ਕਾਲਜ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਖ਼ਾਸਕਰ ਪੇਂਡੂ ਖੇਤਰ ਤੋਂ ਆਉਣ ਵਾਲੇ ਬੱਚੇ ਜਿਨ੍ਹਾਂ ਤੱਕ ਸੁਵਿਧਾਵਾਂ ਦੀ ਪਹੁੰਚ ਨਹੀਂ ਹੈ ਜਾਂ ਜਾਣਕਾਰੀ ਦੀ ਘਾਟ ਹੈ, ਚਿਹਰੇ ਦੇ ਵਾਲਾਂ ਨੂੰ ਲੈ ਕੇ ਵਧੇਰੇ ਸੁਚੇਤ ਰਹਿੰਦੀਆਂ ਹਨ ਅਤੇ ਕਈ ਵਾਰ ਹੀਣ ਭਾਵਨਾ ਦੀ ਸ਼ਿਕਾਰ ਵੀ ਹੁੰਦੀਆਂ ਹਨ।”
“ਹਾਲਾਂਕਿ ਹੁਣ ਵਾਲਾਂ ਨੂੰ ਚਿਹਰੇ ਤੋਂ ਹਟਾਉਣ ਦੇ ਕਈ ਸਥਾਈ ਅਤੇ ਅਸਥਾਈ ਤਰੀਕੇ ਆ ਗਏ ਹਨ। ਪਰ ਇਹ ਇੱਕ ਮਹਿੰਗੀ ਪ੍ਰਕਿਰਿਆ ਹੈ ਇਸ ਕਰਕੇ ਬਹੁਤ ਸਾਰੀਆਂ ਕੁੜੀਆਂ ਦੀ ਪਹੁੰਚ ਤੋਂ ਬਾਹਰ ਹੈ।”
ਡਾਕਟਰ ਪ੍ਰੀਤੀ ਕਹਿੰਦੇ ਹਨ ਕਿ ਵਿਗਿਆਨਕ ਤੌਰ ’ਤੇ ਤਰੱਕੀ ਕਰਨ ਦੇ ਨਾਲ-ਨਾਲ ਸਾਨੂੰ ਸਮਾਜਿਕ ਤੌਰ ’ਤੇ ਵੀ ਤਰੱਕੀ ਦੀ ਲੋੜ ਹੈ।
''ਜੇਕਰ ਕਿਸੇ ਕੁੜੀ ਨੂੰ ਹਾਰਮੋਨਜ਼ ਕਾਰਨ ਅਜਿਹੀ ਦਿੱਕਤ ਆ ਰਹੀ ਹੋਵੇ ਤਾਂ ਪਰਿਵਾਰ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਲਾਜ ’ਤੇ ਕੰਮ ਕਰਨਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ ਪ੍ਰਾਚੀ ਨਿਗਮ ਨੇ ਇਸ ਮਾਮਲੇ ਨਾਲ ਬਹੁਤ ਹੀ ਸੰਜੀਦਗੀ ਨਾਲ ਨਜਿੱਠਿਆ।
ਉਨ੍ਹਾਂ ਨੇ ਇੱਕ ਨਿੱਜੀ ਚੈਨਲ ਵਿੱਚ ਦਿੱਤੇ ਇੰਟਰਵਿਊ ਵਿੱਚ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਕਿ,“ਮੈਨੂੰ ਸਰੀਰਕ ਦਿੱਖ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਯੂਪੀ ਬੋਰਡ ਵਿੱਚ 98.5 ਫੀਸਦ ਨੰਬਰ ਲਏ ਹਨ ਮੈਨੂੰ ਬਹੁਤ ਸਾਰੇ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ। ਸਰੀਰਕ ਦਿੱਖ ਜਿਸ ਤਰ੍ਹਾਂ ਦੀ ਕੁਦਰਤ ਦੇਵੇ ਮਨਜ਼ੂਰ ਹੀ ਕਰਨੀ ਚਾਹੀਦੀ ਹੈ।”

ਚਿਹਰੇ ਦੇ ਵਾਲਾਂ ਦਾ ਇਲਾਜ
ਚਿਹਰੇ ਦੇ ਵਾਲਾਂ ਦੇ ਇਲਾਜ ਨੂੰ ਲੈ ਕੇ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਉਤਪਾਦ ਹਨ ਅਤੇ ਮੈਡੀਕਲ ਸਾਇੰਸ ਵੱਲੋਂ ਵੀ ਇਸ ਬਾਰੇ ਕਈ ਦਾਅਵੇ ਕੀਤੇ ਜਾਂਦੇ ਹਨ।
ਡਾਕਟਰ ਪ੍ਰੀਤੀ ਦੱਸਦੇ ਹਨ, “ਚਿਹਰੇ ਦੇ ਵਾਲਾਂ ਦਾ ਇਲਾਜ ਤੁਹਾਡੇ ਖਾਣ-ਪਾਣ ਅਤੇ ਸਿਹਤ ਸੰਭਾਲ ਨਾਲ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ ਤਰੀਕਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।”
“ਜੇਕਰ ਵਾਲਾਂ ਦਾ ਕਾਰਨ ਮੋਟਾਪਾ ਹੋਵੇ ਤਾਂ ਭਾਰ ਘਟਾਉਣਾ ਲਾਹੇਵੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇ ਐਂਡਰੋਜ਼ਨ ਵੱਧ ਮਾਤਰਾ ਵਿੱਚ ਬਣ ਰਿਹਾ ਹੋਵੇ ਤਾਂ ਉਸ ਨੂੰ ਘਟਾਉਣ ਲਈ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।”
“ਵਾਲਾਂ ਨੂੰ ਅਸਥਾਈ ਤੌਰ ’ਤੇ ਚਿਹਰੇ ਤੋਂ ਹਟਾਉਣ ਲਈ ਅਕਸਰ ਔਰਤਾਂ ਵੈਕਸਿੰਗ ਤਾਂ ਥਰੈਡਿੰਗ ਦੀ ਵਰਤੋਂ ਕਰਦੀਆਂ ਹਨ। ਪਰ ਇਨ੍ਹਾਂ ਨੂੰ ਮੁਕੰਮਲ ਤੌਰ ’ਤੇ ਹਟਾਉਣ ਲਈ ਇਲੈਕਟ੍ਰੋਲਸਿਸ ਵੀ ਕਰਵਾਇਆ ਜਾ ਸਕਦਾ ਹੈ। ਇਸ ਵਿੱਚ ਬਾਰੀਕ ਸੂਈ ਨਾਲ ਹਲਕਾ ਕਰੰਟ ਦੇ ਕੇ ਵਾਲਾਂ ਦੀਆਂ ਜੜ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।”
ਉਹ ਇੱਕ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਕਹਿੰਦੇ ਹਨ ਕਿ ਲੇਜ਼ਰ ਟਰੀਟਮੈਂਟ ਵੀ ਚਿਹਰੇ ਵਾਲਾਂ ਨੂੰ ਸਾਫ਼ ਕਰਨ ਦਾ ਇੱਕ ਚੰਗਾ ਤਰੀਕਾ ਹੈ। ਪਰ ਅਜਿਹੇ ਟਰੀਟਮੈਂਟ ਕਿਸੇ ਮਾਹਰ ਡਾਕਟਰ ਤੋਂ ਹੀ ਕਰਵਾਉਣੇ ਚਾਹੀਦੇ ਹਨ।
ਡਾਕਟਰ ਪ੍ਰੀਤੀ ਕਹਿੰਦੇ ਹਨ ਕਿ ਸਹੀ ਇਲਾਜ ਦੇ ਨਾਲ ਔਰਤਾਂ ਦੇ ਚਿਹਰੇ ਦੇ ਵਾਲਾਂ ਨੂੰ ਹਟਾਇਆ ਜਾ ਸਕਦਾ ਹੈ ਪਰ ਇਸ ਨੂੰ ਟੈਬੂ ਨਹੀਂ ਬਣਾਉਣਾ ਚਾਹੀਦਾ। ਇਹ ਇੱਕ ਸਧਾਰਨ ਸਮੱਸਿਆ ਹੈ।
“ਸਾਨੂੰ ਆਮ ਵਰਤਾਰੇ ਪ੍ਰਤੀ ਕੁੜੀਆਂ ਨੂੰ ਸੁਚੇਤ ਕਰਕੇ ਮਾਨਸਿਕ ਤੌਰ ’ਤੇ ਕਮਜ਼ੋਰ ਨਹੀਂ ਬਣਾਉਣਾ ਚਾਹੀਦਾ।”

ਪ੍ਰਾਚੀ ਨੂੰ ਇਸ ਸਭ ਨੇ ਕਿਵੇਂ ਪ੍ਰਭਾਵਿਤ ਕੀਤਾ
ਬੀਬੀਸੀ ਸਹਿਯੋਗੀ ਨੀਤੂ ਸਿੰਘ ਨੇ ਸੀਤਾਪੁਰ ਵਿੱਚ ਪ੍ਰਾਚੀ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ।
ਇੰਨਾ ਟਰੋਲ ਹੋਣ ਤੋਂ ਬਾਅਦ ਪ੍ਰਾਚੀ ਨੇ ਕਿਹਾ ਕਿ ਜੇ ਉਨ੍ਹਾਂ ਦੇ ਨੰਬਰ ਕੁਝ ਘੱਟ ਹੁੰਦੇ ਤਾਂ ਇਹ ਸਭ ਨਾ ਵਾਪਰਦਾ।
ਪ੍ਰਾਚੀ ਕਹਿੰਦੇ ਹਨ, ''ਇਸ ਟ੍ਰੋਲਿੰਗ ਅਤੇ ਭੀੜ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਜੇਕਰ ਮੈਨੂੰ ਇਕ ਜਾਂ ਦੋ ਘੱਟ ਅੰਕ ਮਿਲੇ ਹੁੰਦੇ ਤਾਂ ਚੰਗਾ ਹੁੰਦਾ। ਜੇਕਰ ਮੈਂ ਲਿਸਟ 'ਚ ਟੌਪ 'ਤੇ ਨਾ ਹੁੰਦੀ ਤਾਂ ਲੋਕ ਮੇਰੀ ਦਿੱਖ 'ਤੇ ਧਿਆਨ ਨਹੀਂ ਦਿੰਦੇ।”
“ਇਹ ਟ੍ਰੋਲ ਹੀ ਸਨ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਮੇਰੇ ਚਿਹਰੇ 'ਤੇ ਵਧ ਰਹੇ ਲੰਬੇ ਵਾਲਾਂ ਦਾ ਅਹਿਸਾਸ ਕਰਵਾਇਆ ਉਹ ਵੀ ਉਦੋਂ ਜਦੋਂ ਮੈਂ ਹਾਈ ਸਕੂਲ ਬੋਰਡ ਵਿੱਚ ਟੌਪ ਕੀਤਾ ਸੀ।"
ਪ੍ਰਾਚੀ ਦੇ ਚਿਹਰੇ 'ਤੇ ਵਾਲਾਂ ਦਾ ਗ੍ਰੋਥ ਨੌਵੀਂ ਕਲਾਸ ਤੋਂ ਵੱਧਣ ਲੱਗੀ ਸੀ।
ਘਰ ਜਾਂ ਸਕੂਲ ਵਿੱਚ ਕਦੇ ਵੀ ਕਿਸੇ ਨੇ ਪ੍ਰਾਚੀ ਦੀ ਸਰੀਰਕ ਦਿੱਖ 'ਤੇ ਟਿੱਪਣੀ ਨਹੀਂ ਕੀਤੀ ਅਤੇ ਪ੍ਰਾਚੀ ਨੂੰ ਕਦੇ ਆਪਣੇ ਚਿਹਰੇ ’ਤੇ ਵਧਦੇ ਵਾਲਾਂ ਦਾ ਅਹਿਸਾਸ ਨਹੀਂ ਹੋਇਆ।
ਪ੍ਰਾਚੀ ਦੋ ਭੈਣਾਂ ਅਤੇ ਇੱਕ ਭਰਾ ਵਿੱਚ ਸਭ ਤੋਂ ਵੱਡੀ ਹੈ। ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ।
ਪ੍ਰਾਚੀ ਨੇ ਮੁਸਕਰਾਉਂਦੇ ਹੋਏ ਕਿਹਾ, ''ਜੇ ਮੈਂ ਅਵੱਲ ਨਾ ਆਈ ਹੁੰਦੀ ਤਾਂ ਇੰਨੀ ਮਸ਼ਹੂਰ ਨਾ ਹੁੰਦੀ। ਸੋਸ਼ਲ ਮੀਡੀਆ ਨੇ ਮੈਨੂੰ ਬਹੁਤ ਮਸ਼ਹੂਰ ਕਰ ਦਿੱਤਾ ਹੈ। ਬਹੁਤ ਜ਼ਿਆਦਾ ਫ਼ੋਨ ਆ ਰਹੇ ਹਨ। ਸਾਰਾ ਦਿਨ ਘਰ ਵਿੱਚ ਭੀੜ ਲੱਗੀ ਰਹਿੰਦੀ ਹੈ।"
ਪਰ ਪ੍ਰਾਚੀ ਲਗਾਤਾਰ ਫੋਨ ਕਾਲਾਂ ਅਤੇ ਮੀਡੀਆ ਨੂੰ ਇੰਟਰਵਿਊ ਦੇਣ ਤੋਂ ਕੁਝ ਪਰੇਸ਼ਾਨ ਵੀ ਹੈ।
ਪ੍ਰਾਚੀ ਕਹਿੰਦੇ ਹਨ, ''ਹਰ ਇੰਟਰਵਿਊ 'ਚ ਟ੍ਰੋਲਿੰਗ ਦੀ ਗੱਲ ਜ਼ਿਆਦਾ ਹੁੰਦੀ ਹੈ। ਪਿਛਲੇ ਹਫ਼ਤੇ ਤੋਂ ਲੋਕ ਮੈਨੂੰ ਪੁੱਛ ਰਹੇ ਹਨ ਕਿ ਮੈਂ ਇਸ ਸਭ ਨੂੰ ਕਿਵੇਂ ਮਹਿਸੂਸ ਕੀਤਾ।”
ਪ੍ਰਾਚੀ ਨੇ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਦੇਖਣਾ ਬੰਦ ਕਰ ਦਿੱਤਾ ਸੀ। ਤਾਂ ਕਿ ਟ੍ਰੋਲਿੰਗ ਬਾਰੇ ਜਾਣਨ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

'ਮੈਨੂੰ ਆਪਣੀ ਧੀ ਪਸੰਦ ਹੈ ਜਿਵੇਂ ਦੀ ਉਹ ਹੈ ਉਸੇ ਤਰ੍ਹਾਂ'
ਪ੍ਰਾਚੀ ਨੇ ਗੱਲਬਾਤ ਵਿੱਚ ਲਗਾਤਾਰ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚਲੇ ਦੋਸਤਾਂ ਅਤੇ ਅਧਿਆਪਕਾਂ ਨੇ ਕਦੇ ਵੀ ਉਨ੍ਹਾਂ ਦੀ ਸਰੀਰਕ ਦਿੱਖ 'ਤੇ ਟਿੱਪਣੀ ਨਹੀਂ ਕੀਤੀ।
ਕੁਝ ਮਹੀਨੇ ਪਹਿਲਾਂ ਪ੍ਰਾਚੀ ਦੀ ਮਾਂ ਜ਼ਰੂਰ ਕਹਿ ਰਹੀ ਸੀ ਕਿ ਉਹ 10ਵੀਂ ਦੇ ਇਮਤਿਹਾਨ ਤੋਂ ਬਾਅਦ ਡਾਕਟਰ ਦੀ ਸਲਾਹ ਲਵੇਗੀ।
ਪ੍ਰਾਚੀ ਦੀ ਮਾਂ ਮਮਤਾ ਨਿਗਮ ਦਾ ਕਹਿਣਾ ਹੈ, ''ਅਸੀਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਸਾਡੀ ਬੇਟੀ ਦੇ ਉੱਪਰਲੇ ਬੁੱਲ੍ਹਾਂ 'ਤੇ ਵਾਲ ਵੱਧ ਰਹੇ ਹਨ। ਮੈਂ ਆਪਣੀ ਧੀ ਨੂੰ ਇਸ ਤਰ੍ਹਾਂ ਹੀ ਪਸੰਦ ਕਰਦੀ ਹਾਂ।”
“ਕਦੀ ਇਹ ਖ਼ਿਆਲ ਵੀ ਨਹੀਂ ਆਇਆ ਕਿ ਉਸ ਨੂੰ ਪਾਰਲਰ ਲੈ ਕੇ ਜਾਇਆ ਜਾਵੇ।
ਅਸੀਂ ਅਜਿਹਾ ਜ਼ਰੂਰ ਸੋਚਿਆ ਸੀ ਕਿ ਉਸ ਦੇ ਵਾਲ ਦੀ ਗ੍ਰੋਥ ਤੇਜ਼ੀ ਨਾਲ ਵਧ ਰਹੀ ਹੈ ਤੇ ਇਮਤਿਹਾਨਾਂ ਤੋਂ ਬਾਅਦ ਡਾਕਟਰ ਦੀ ਸਲਾਹ ਲਵਾਂਗੇ, ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਹੰਗਾਮਾ ਕਰ ਦਿੱਤਾ।”
ਮਮਤਾ ਕਹਿੰਦੇ ਹੈ, ''ਮੈਨੂੰ ਅਫਸੋਸ ਹੈ ਕਿ ਲੋਕਾਂ ਨੇ ਸਾਡੀ ਬੇਟੀ ਦੀ ਕਾਬਲੀਅਤ ਦੀ ਬਜਾਇ ਉਸ ਦੀ ਸਰੀਰਕ ਦਿੱਖ 'ਤੇ ਜ਼ਿਆਦਾ ਧਿਆਨ ਦਿੱਤਾ।”
“ਟ੍ਰੋਲ ਹੋਣ ਤੋਂ ਫ਼ੌਰਨ ਬਾਅਦ, ਅਸੀਂ ਆਪਣੀ ਧੀ ਨੂੰ ਕੋਲ ਬਿਠਾਇਆ ਤੇ ਬਹੁਤ ਹੀ ਨਰਮ ਤਰੀਕੇ ਨਾਲ ਸਮਝਾਇਆ ਕਿ ਤੈਨੂੰ ਇਨ੍ਹਾਂ ਸਾਰੀਆਂ ਗੱਲਾਂ ਬਿਲਕੁਲ ਵੀ ਅਸਰ ਨਹੀਂ ਹੋਣ ਦੇਣਾ ਚਾਹੀਦਾ।”
ਸਾਡੇ ਘਰ ਵਿੱਚ ਕੋਈ ਵੀ ਫ਼ੋਨ ਚੁੱਕ ਕੇ ਸੋਸ਼ਲ ਮੀਡੀਆ ਦੇਖਣ ਨਹੀਂ ਬੈਠਦਾ ਕਿਉਂਕਿ ਕਿਸੇ ਕੋਲ ਸਮਾਂ ਨਹੀਂ ਹੈ।"

ਮੈਨੂੰ ਬਹੁਤ ਦਰਦ ਹੋਇਆ ਅਤੇ ਗੁੱਸਾ ਵੀ ਆਇਆ
ਪ੍ਰਾਚੀ ਦੇ ਪਿਤਾ ਚੰਦਰ ਪ੍ਰਕਾਸ਼ ਨਿਗਮ ਦਾ ਕਹਿਣਾ ਹੈ, ''ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਟ੍ਰੋਲ ਕਰਨ ਵਾਲਿਆਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਮਹਿਸੂਸ ਹੁੰਦੀ। ਪ੍ਰਾਚੀ ਦੇ ਸਮਰਥਨ 'ਚ ਕਈ ਲੋਕ ਅੱਗੇ ਆਏ ਹਨ।”
“ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ। ਇਹ ਨਹੀਂ ਕਹਿ ਸਕਦਾ ਕਿ ਇਹ ਬੁਰਾ ਨਹੀਂ ਲੱਗਿਆ। ਮੈਨੂੰ ਬਹੁਤ ਦਰਦ ਹੋਇਆ ਅਤੇ ਗੁੱਸਾ ਵੀ ਆਇਆ।”
“ਕੋਈ ਕਿਸੇ ਨੂੰ ਨਿੱਜੀ ਤੌਰ 'ਤੇ ਜਾਣੇ ਬਿਨਾਂ ਕੋਈ ਟਿੱਪਣੀ ਕਿਵੇਂ ਕਰ ਸਕਦਾ ਹੈ, ਅਜਿਹੇ ਲੋਕਾਂ ਵਿਰੁੱਧ ਕੁਝ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਦੀਆਂ ਭਾਵਨਾਵਾਂ ਨਾਲ ਨਾ ਖੇਡ ਸਕਣ।”
ਪ੍ਰਾਚੀ ਦਾ ਕਹਿਣਾ ਹੈ,“ਟੌਪ ਕਰਨ ਤੋਂ ਬਾਅਦ ਥੋੜਾ ਪ੍ਰੈਸ਼ਰ ਮਹਿਸੂਸ ਕਰ ਰਹੀ ਹਾਂ ਕਿ ਹੁਣ ਲੋਕਾਂ ਦੀਆਂ ਆਸਾਂ ਵੀ ਵੱਧ ਗੀਆਂ ਹਨ। ਇਸ ਲਈ ਹੁਣ ਬਹੁਤ ਮਿਹਨਤ ਕਰਨੀ ਪਵੇਗੀ। ਮੇਰੇ ਕੋਲ ਟ੍ਰੋਲਸ ਨੂੰ ਪੜ੍ਹਨ ਦਾ ਸਮਾਂ ਨਹੀਂ ਹੈ।”
ਮੈਂ ਉਨ੍ਹਾਂ ਕੁੜੀਆਂ ਨੂੰ ਜਿਨ੍ਹਾਂ ਦੀ ਸਰੀਰਕ ਬਣਾਵਟ ਆਮ ਲੋਕਾਂ ਨਾਲੋਂ ਥੋੜੀ ਅਲੱਗ ਹੈ ਨੂੰ ਕਹਿਣਾ ਚਾਹਾਂਗੀ ਕਿ ਪਰੇਸ਼ਾਨ ਨਾ ਹੋਣ। ਟ੍ਰੋਲਿੰਗ ਵਗੈਰਾ ਥੋੜੇ ਸਮੇਂ ਦੀ ਖੇਡ ਹੀ ਹੈ। ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਪੜ੍ਹਨਾ ਜ਼ਰੂਰੀ ਹੈ। ਤੁਸੀਂ ਆਪਣੀ ਪੜ੍ਹਾਈ ’ਤੇ ਫੋਕਸ ਕਰੋ। ਬਾਕੀ ਹਨ ਚੀਜ਼ ਛੱਡ ਕੇ ਹੀ ਅੱਗੇ ਵੱਧ ਸਕਦੀਆਂ ਹੋ।”












