5 ਪੰਜਾਬੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਰਾਜਧਾਨੀ ਦਿੱਲੀ ਨੂੰ ਉਸਾਰਿਆ ਤੇ ‘ਅੱਧੀ ਦਿੱਲੀ ਦੇ ਮਾਲਿਕ’ ਬਣੇ

ਤਸਵੀਰ ਸਰੋਤ, NEW DELHI The Making of a Capital
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਜਿਸ ਵੇਲੇ ਬ੍ਰਿਟੇਨ ਦੀ ਹਕੂਮਤ ਨੇ ਦਿੱਲੀ ਵਿਚਲੇ 'ਰਾਇਸੀਨਾ ਹਿੱਲਜ਼' ਦੇ ਇਲਾਕੇ ਨੂੰ ਆਪਣੇ ਵੱਡੇ ਸਾਮਰਾਜ ਦੀ ਰਾਜਧਾਨੀ ਵਜੋਂ ਚੁਣਿਆ ਤਾਂ ਇਹ ਇੱਕ ਖੰਡਰ ਜਿਹਾ ਸੀ।
ਇੱਥੇ ਇਮਾਰਤਸਾਜ਼ੀ ਦੇ ਨਵੇਂ ਮਿਆਰ ਸਥਾਪਤ ਕਰਦੇ ਦਿਲਖਿੱਚਵੇਂ ਢਾਂਚੇ ਉਸਾਰਨ ਦਾ ਕੰਮ ਜਿਨ੍ਹਾਂ ਠੇਕੇਦਾਰਾਂ ਨੇ ਸਿਰੇ ਲਾਇਆ ਉਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ।
ਹਾਲਾਂਕਿ ਨਵੀਂ ਦਿੱਲੀ ਵਿਚਲੀਆਂ ਇਮਾਰਤਾਂ ਨੂੰ ਡਿਜ਼ਾਈਨ ਕਰਨ ਦਾ ਕੰਮ ਐਡਰਡ ਲੁਟਿਅਨ ਅਤੇ ਹਰਬਰਟ ਬੇਕਰ ਨਾਂ ਦੇ ਇਮਾਰਤਸਾਜ਼ਾਂ ਨੇ ਕੀਤਾ।
ਪਰ ਇਸ ਡਿਜ਼ਾਈਨ ਨੂੰ ਹਕੀਕਤ ਬਣਾਉਣ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਠੇਕੇਦਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਬਰਤਾਨਵੀ ਹਕੂਮਤ ਨੇ ਆਪਣੀ ਰਾਜਧਾਨੀ ਕਲਕੱਤੇ ਤੋਂ ਨਵੀਂ ਦਿੱਲੀ ਬਦਲਣ ਦਾ ਫ਼ੈਸਲਾ 1911 ਵਿੱਚ ਲਿਆ ਸੀ।
ਇਸ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਤਕਰੀਬਨ ਦੋ ਦਹਾਕੇ ਲੱਗੇ ਸਨ।

ਤਸਵੀਰ ਸਰੋਤ, BBC
ਦੋਵਾਂ ਸਕੱਤਰੇਤਾਂ ਦੇ ਵਿਚਕਾਰ ਬਣੇ ਸੈਂਟਰਲ ਵਿਸਟਾ ਉੱਤੇ ਪੀਲੇ ਰੰਗ ਦੇ ਪੱਥਰਾਂ ਉੱਤੇ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਪੰਜੇ ਠੇਕੇਦਾਰਾਂ ਅਤੇ ਇੰਜੀਨਿਅਰਾਂ ਵਾਲੇ ਪਾਸੇ ਤੇਜਾ ਸਿੰਘ ਮਲਿਕ ਦਾ ਨਾਂਅ ਦਰਜ ਹੈ।
ਬ੍ਰਿਟਿਸ਼ ਰਾਜ ਵੇਲੇ ਨਵੀਂ ਦਿੱਲੀ ਵਿੱਚ ਉਸਾਰੇ ਗਏ ਢਾਂਚਿਆਂ ਦਾ ਸੈਂਟਰਲ ਵਿਸਟਾ ਮਾਸਟਰ ਪਲਾਨ ਤਹਿਤ ਮੁੜ ਵਿਕਾਸ ਦਾ ਕੰਮ ਤਤਕਾਲੀ ਭਾਰਤ ਸਰਕਾਰ ਨੇ 2019 ਵਿੱਚ ਸ਼ੁਰੂ ਕੀਤਾ ਸੀ। ਇਹ ਕੰਮ 2026 ਤੱਕ ਮੁਕੰਮਲ ਹੋਣ ਬਾਰੇ ਕਿਹਾ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਵੈੱਬਸਾਈਟ ਮੁਤਾਬਕ ਕਰੀਬ 20,000 ਕਰੋੜ ਡਾਲਰ ਦੇ ਖਰਚੇ ਉੱਤੇ ਕਈ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ਅਤੇ ਬਦਲਾਅ ਕੀਤੇ ਜਾ ਰਹੇ ਹਨ।
ਨਵੀਂ ਪਾਰਲੀਮੈਂਟ ਬਿਲਡਿੰਗ ਵੀ ਇਸੇ ਤਹਿਤ ਬਣਾਈ ਗਈ ਸੀ ਜਿਸਦਾ ਉਦਘਾਟਨ ਇਸੇ ਸਾਲ ਮਈ ਵਿੱਚ ਹੋਇਆ।
ਬ੍ਰਿਟਿਸ਼ ਸਰਕਾਰ ਵੇਲੇ ਨਵੀਂ ਦਿੱਲੀ ਬਣਾਉਣ ਵਾਲੇ ਠੇਕੇਦਾਰਾਂ ਦੇ ਪਰਿਵਾਰਕ ਮੈਂਬਰ ਅਤੇ ਦਿੱਲੀ ਦੀ ਵਿਰਾਸਤ ਨਾਲ ਜੁੜੇ ਲੋਕ ਸਮੇਂ-ਸਮੇਂ 'ਤੇ ਇਹ ਵਿਚਾਰ ਰੱਖਦੇ ਰਹੇ ਹਨ ਕਿ ਇਨ੍ਹਾਂ ਠੇਕੇਦਾਰਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
'ਅੱਧੀ ਦਿੱਲੀ ਦੇ ਮਾਲਕ'

ਤਸਵੀਰ ਸਰੋਤ, Getty Images
ਇਨ੍ਹਾਂ ਠੇਕੇਦਾਰਾਂ ਵਿੱਚੋਂ ਪੰਜ ਜਣਿਆਂ ਨੇ ਮੋਹਰੀ ਭੂਮਿਕਾ ਨਿਭਾਈ।
ਇਹ ਪੰਜ ਠੇਕੇਦਾਰ ਸਨ - ਸੋਭਾ ਸਿੰਘ, ਧਰਮ ਸਿੰਘ ਸੇਠੀ, ਬੈਸਾਖਾ ਸਿੰਘ, ਰਣਜੀਤ ਸਿੰਘ, ਮੋਹਨ ਸਿੰਘ।
ਮਰਹੂਮ ਲੇਖਕ ਖੁਸ਼ਵੰਤ ਸਿੰਘ ਆਪਣੇ ਲੇਖ ‘ਦ ਰੋਮਾਂਸ ਆਫ ਨਿਊ ਦਿੱਲੀ’ ਵਿੱਚ ਲਿਖਦੇ ਹਨ, “ਦਿੱਲੀ ਦੇ ਸਿੱਖ ਹਲਕਿਆਂ ਵਿੱਚ ਇਨ੍ਹਾਂ ਪੰਜਾਂ ਨੂੰ ਪੰਜ ਪਿਆਰਿਆਂ ਵਜੋਂ ਜਾਣਿਆ ਜਾਂਦਾ ਸੀ।”
ਖੁਸ਼ਵੰਤ ਸਿੰਘ ਸਰਦਾਰ ਸੋਭਾ ਸਿੰਘ ਦੇ ਪੁੱਤਰ ਸਨ।
ਜੇਬ੍ਹ ’ਚ ਮਾਮੂਲੀ ਜਿਹੀ ਰਕਮ ਲੈ ਕੇ ਦਿੱਲੀ ਆਏ ਇਨ੍ਹਾਂ ਠੇਕੇਦਾਰਾਂ ਨੇ ਆਉਂਦੇ ਵਰ੍ਹਿਆਂ ’ਚ ਇੰਨੀ ਤਰੱਕੀ ਕੀਤੀ ਕਿ ਉਨ੍ਹਾਂ ਨੂੰ ਕਿਸੇ ਸਮੇਂ ‘ਅੱਧੀ ਦਿੱਲੀ ਦੇ ਮਾਲਕ’ ਕਿਹਾ ਜਾਂਦਾ ਸੀ।
ਇਨ੍ਹਾਂ ਠੇਕੇਦਾਰਾਂ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ।
ਧਰਮ ਸਿੰਘ ਸੇਠੀ ਦੇ ਪਰਿਵਾਰ ਵਿੱਚੋਂ ਪੂਨੀਤਾ ਸਿੰਘ ਨੇ ਦੱਸਿਆ ਕਿ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਪੰਜੇ ਜਣੇ ਇੱਕ ਦੂਜੇ ਨਾਲ ਪੱਗਾਂ ਵਟਾਇਆ ਕਰਦੇ ਸਨ।
“ਉਹ ਇੱਕ-ਦੂਜੇ ਨੂੰ ਭਰਾਵਾਂ ਵਾਂਗ ਸਮਝਦੇ ਸਨ।”
ਇਨ੍ਹਾਂ ਠੇਕੇਦਾਰਾਂ ਨੂੰ ਨਵੀਂ ਦਿੱਲੀ ਦੇ ਪਹਿਲੇ ਵਸਨੀਕਾਂ ਵਜੋਂ ਵੀ ਜਾਣਿਆ ਜਾਂਦਾ ਹੈ।
2011 ਵਿੱਚ ਇਨ੍ਹਾਂ ਸ਼ਖਸੀਅਤਾਂ ਬਾਰੇ ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ‘ਨਿਸ਼ਾਨ’ ਮੈਗਜ਼ੀਨ ਦਾ ਖ਼ਾਸ ਅੰਕ ਲਿਖਣ ਵਾਲੇ ਡਾ. ਅਮਨਪ੍ਰੀਤ ਸਿੰਘ ਗਿੱਲ ਲਿਖਦੇ ਹਨ ਕਿ ਇਨ੍ਹਾਂ ਪੰਜਾਂ ਨੇ ਆਪਣੇ-ਆਪ ਨੂੰ ਸਿਰਫ ਨਿਰਮਾਣ ਕਾਰਜਾਂ ਤੱਕ ਹੀ ਸੀਮਤ ਨਹੀਂ ਕੀਤਾ।
ਉਹ ਲਿਖਦੇ ਹਨ ਕਿ ਇਨ੍ਹਾਂ ਨੇ ਸਿਨੇਮਾ ਅਤੇ ਹੋਟਲ ਖੋਲ੍ਹੇ, ਕੰਪਨੀਆਂ ਬਣਾਈਆਂ ਅਤੇ ਰਾਜਨੀਤੀ ਵਿੱਚ ਹਿੱਸਾ ਵੀ ਲਿਆ।
ਅਮਨਪ੍ਰੀਤ ਸਿੰਘ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿੱਚ ਪ੍ਰੋਫ਼ੈਸਰ ਹਨ।
ਝੌਂਪੜੀਆਂ ਤੋਂ ਆਲੀਸ਼ਾਨ ਬੰਗਲਿਆਂ ਤੱਕ…

ਤਸਵੀਰ ਸਰੋਤ, NEW DELHI The Making of a Capital
ਮਾਲਵਿਕਾ ਸਿੰਘ ਸਾਲ 2009 ਵਿੱਚ ਛਪੀ ਆਪਣੀ ਕਿਤਾਬ ‘ਨਵੀਂ ਦਿੱਲੀ, ਮੇਕਿੰਗ ਆਫ ਅ ਕੈਪੀਟਲ’ ਵਿੱਚ ਲਿਖਦੇ ਹਨ। ਸਾਰੇ ਠੇਕੇਦਾਰਾਂ ਨੇ ਇਸ ਨਵੇਂ ਸ਼ਹਿਰ ਦੀ ਉਸਾਰੀ ਲਈ ਹੱਡ-ਭੰਨ੍ਹਵੀਂ ਮਿਹਨਤ ਕੀਤੀ।
ਉਨ੍ਹਾਂ ਨੇ ਪੰਜਾਬ ਅਤੇ ਰਾਜਸਥਾਨ ਤੋਂ ਇੱਥੇ ਲਿਆਂਦੇ ਗਏ ਸੈਂਕੜੇ ਮਜ਼ਦੂਰਾਂ ਦੀ ਅਗਵਾਈ ਕੀਤੀ।
“ਉਹ ਇੱਕ-ਦੂਜੇ ਦੇ ਮਦਦਗਾਰ ਬਣੇ ਅਤੇ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਦਿੱਲੀ ਨੂੰ ਆਪਣਾ ਘਰ ਬਣਾਇਆ।”
ਉਹ ਅੱਗੇ ਲਿਖਦੇ ਹਨ, “ਇਸ ਨਵੇਂ ਸ਼ਹਿਰ ਨੂੰ ਬਣਾਉਣ ਵਿੱਚ 17 ਸਾਲਾਂ ਦਾ ਸਮਾਂ ਲੱਗਾ, ਇਸ ਸਮੇਂ ਦੌਰਾਨ ਸ਼ਾਹੀ ਦਿੱਲੀ ਦੇ ਇਮਾਰਤਸਾਜ਼ਾਂ ਨਾਲ ਕੰਮ ਕਰਨ ਵਾਲੇ ਠੇਕੇਦਾਰਾਂ ਨੇ ਭਾਰੀ ਦੌਲਤ ਇਕੱਠੀ ਕੀਤੀ।”
“ਇਸ ਨਵੀਂ ਰਾਜਧਾਨੀ ਦੀ ਉਸਾਰੀ ਲਈ ਇਕੱਠੇ ਕੰਮ ਕਰਦਿਆਂ ਇਹ ਇੱਕ-ਦੂਜੇ ਦੇ ਕਾਫੀ ਨੇੜੇ ਹੋ ਗਏ, ਬਿਲਕੁਲ ਇੱਕ ਵੱਡੇ ਪਰਿਵਾਰ ਵਾਂਗ, ਸ਼ੁਰੂ ਵਿੱਚ ਵਿੱਚ ਉਹ ਸਾਰੇ ਜੰਤਰ ਮੰਤਰ ਸੜਕ ‘ਤੇ ਰਹੇ। ਜਿਵੇਂ-ਜਿਵੇਂ ਸ਼ਹਿਰ ਵਧਿਆ ਤਾਂ ਉਹ ਪੱਛਮ ਵਾਲੇ ਪਾਸੇ ਚਲੇ ਗਏ, ਜਿੱਥੇ ਉੁਨ੍ਹਾਂ ਆਪਣੇ ਘਰ ਬਣਾਏ।”
ਪੰਜਾਬੀ ਠੇਕੇਦਾਰਾਂ ਦਾ ਉਭਾਰ ਕਿਵੇਂ ਹੋਇਆ

ਤਸਵੀਰ ਸਰੋਤ, NEW DELHI The Making of a Capital
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਜਦੋਂ ਦਿੱਲੀ ਬਣਨੀ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਠੇਕੇਦਾਰਾਂ ਵਜੋਂ ਸਿੰਧ ਇਲਾਕੇ ਤੋਂ ਆਏ ਠੇਕੇਦਾਰ ਉੱਭਰੇ ਸਨ।
ਕਰਾਚੀ ਦੇ ਸ਼ੁੱਕਰ ਤੋਂ ਆਏ ਰਾਏ ਬਹਾਦੁਰ ਫਤਿਹ ਚੰਦ ਨੇ ਓਲਡ ਮੈਟਕਾਲਫ ਹਾਊਸ ਬਣਾਇਆ ਸੀ, ਜੋ ਕਿ ਓਲਡ ਸੈਕਰੇਟਰੀਏਟ ਦੇ ਨੇੜੇ ਬਣਿਆ ਸੀ, ਉਹ ਨਵੀਂ ਦਿੱਲੀ ਨੂੰ ਬਣਾਉਣ ਦੇ ਕੰਮ ਵਿੱਚ ਹਿੱਸਾ ਨਹੀਂ ਲੈ ਸਕੇ।
ਪਰ ਇੱਕ ਹੋਰ ਸਿੰਧੀ ਖਾਨ ਬਹਾਦੁਰ ਸੇਠ ਹਾਰੂਨ ਨੇ ਰਾਸ਼ਟਰਪਤੀ ਭਵਨ ਦੇ ਨਿਰਮਾਣ ਵਿੱਚ ਭੂਮਿਕਾ ਨਿਭਾਈ। ਤੀਜੇ ਸਿੰਧੀ ਲਛਮਣ ਦਾਸ ਨੇ ਪਾਰਲੀਮੈਂਟ ਹਾਊਸ ਦਾ ਵੱਡਾ ਹਿੱਸਾ ਬਣਾਇਆ।
ਖੁਸ਼ਵੰਤ ਸਿੰਘ ਲਿਖਦੇ ਹਨ, “ਸੇਠ ਹਾਰੁਨ ਨੇ ਆਪਣੀ ਇਮਾਨਦਾਰੀ ਕਰਕੇ ਕਾਫੀ ਨਾਂਅ ਕਮਾਇਆ ਸੀ। ਉਨ੍ਹਾਂ ਨਾ ਤਾਂ ਸਸਤਾ ਸਮਾਨ ਵਰਤਿਆ ਅਤੇ ਨਾ ਹੀ ਕਦੇ ਮਜਦੂਰਾਂ ਨੂੰ ਦਿਹਾੜੀ ਦੇਣ ਤੋਂ ਨਾਹ-ਨੁਕੱਰ ਕੀਤੀ।“
“ਉਨ੍ਹਾਂ ਆਮਦਨ ਟੈਕਸ ਵਿੱਚ ਵੀ ਘਪਲਾ ਨਹੀਂ ਕੀਤਾ। ਇਹੀ ਉਨ੍ਹਾਂ ਦੇ ਨਿਘਾਰ ਦਾ ਕਾਰਣ ਬਣਿਆ। ਉਹ ਹਰਿਦੁਆਰ ਚਲੇ ਗਏ ਅਤੇ ਆਪਣੇ ਅੰਤਲੇ ਸਮੇਂ ਵਿੱਚ ਸਾਧੂ ਬਣ ਗਏ।”
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਇਸ ਮਗਰੋਂ ਪੰਜਾਬੀਆਂ ਨੇ ਪਹਿਲਕਦਮੀ ਕਰਕੇ ਸਿੰਧੀਆਂ ਤੋਂ ਥਾਂ ਖੋਹ ਲਈ ਅਤੇ ਵੱਡੀ ਗਿਣਤੀ ਵਿੱਚ ਠੇਕੇ ਹਾਸਲ ਕੀਤੇ।
ਇਹ ਪੰਜਾਬੀ ਠੇਕੇਦਾਰ ਕੌਣ ਸਨ ਅਤੇ ਕਿੱਥੋਂ ਆਏ ਸਨ ?
ਸੋਭਾ ਸਿੰਘ
ਸੋਭਾ ਸਿੰਘ ਦਿੱਲੀ ਵਿਚਲੀਆਂ ਕਈ ਮਹੱਤਵਪੂਰਨ ਅਤੇ ਬਾਕੀਆਂ ਦੇ ਮੁਕਾਬਲੇ ਵੱਧ ਇਮਾਰਤਾਂ ਬਣਾਉਣ ਲਈ ਜਾਣੇ ਜਾਂਦੇ ਹਨ।
ਉਹ ਉੱਘੇ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸਨ।
ਇਹ ਪਰਿਵਾਰ ਦੱਖਣੀ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਹਦਾਲੀ ਪਿੰਡ ਵਿੱਚੋਂ ਆਇਆ ਸੀ।
ਆਪਣੇ ਲੇਖ ‘ਦ ਰੋਮਾਂਸ ਆਫ ਨਿਊ ਦਿੱਲੀ’ ਵਿੱਚ ਖੁਸ਼ਵੰਤ ਸਿੰਘ ਲਿਖਦੇ ਹਨ, “ਨਵੀਂ ਦਿੱਲੀ ਦੇ ਕਈ ਠੇਕੇਦਾਰਾਂ ਵਿੱਚੋਂ ਪਹਿਲਾ ਥਾਂ ਸੁਜਾਨ ਸਿੰਘ ਅਤੇ ਉਨ੍ਹਾਂ ਦੇ ਬਾਕਮਾਲ ਪੁੱਤਰ ਸੋਭਾ ਸਿੰਘ ਲਈ ਹੈ।”
ਉਹ ਲਿਖਦੇ ਹਨ ਕਿ ਇਹ ਪਰਿਵਾਰ ਹੋਰਾਂ ਠੇਕੇਦਾਰਾਂ ਦੇ ਮੁਕਾਬਲੇ ਵਿੱਚ ਅਮੀਰ ਅਤੇ ਵੱਧ ਤਜਰਬੇਕਾਰ ਸੀ।
ਉਹ ਲਿਖਦੇ ਹਨ ਕਿ ਜਿੱਥੇ ਉਨ੍ਹਾਂ ਕੋਲ ਸ਼ਾਹਪੁਰ ਵਿੱਚ ਜ਼ਮੀਨ ਸੀ ਉੱਥੇ ਹੀ ਪੱਛਮੀ ਪੰਜਾਬ ਵਿੱਚ ਊਠਾਂ ਰਾਹੀਂ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਦਾ ਵੱਡਾ ਵਪਾਰ ਸੀ।
“ਉਨ੍ਹਾਂ ਨੇ ਜਿੱਥੇ ਪੰਜਾਬ ਵਿੱਚ ਰੇਲਵੇ ਦੇ ਨਿਰਮਾਣ ਵਿੱਚ ਹਿੱਸਾ ਪਾਇਆ, ਉੱਥੇ ਹੀ ਕਾਲਕਾ ਸ਼ਿਮਲਾ ਲਾਈਨ ਦਾ ਵੱਡਾ ਹਿੱਸਾ ਬਣਾਉਣ ਦਾ ਕੰਮ ਵੀ ਉਨ੍ਹਾਂ ਨੂੰ ਮਿਲਿਆ।”

ਤਸਵੀਰ ਸਰੋਤ, NEW DELHI The Making of a Capital
ਇਹ ਪਰਿਵਾਰ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਿੱਲੀ ਵਿੱਚ ਆਇਆ। ਕੱਪੜੇ ਦੇ ਵਪਾਰ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ ਉਨ੍ਹਾਂ ਆਪਣਾ ਧਿਆਨ ਇਮਾਰਤਾਂ ਬਣਾਉਣ ਦਾ ਠੇਕਾ ਲੈਣ ਦੇ ਕੰਮ ਵੱਲ੍ਹ ਦਿੱਤਾ।
ਨਵੀਂ ਦਿੱਲੀ ਵਿੱਚ ਇਮਾਰਤਾਂ ਦੇ ਵੱਡੇ ਹਿੱਸੇ ਨੂੰ ਬਣਾਉਣ ਦਾ ਠੇਕਾ ਸੋਭਾ ਸਿੰਘ ਨੇ ਲਿਆ।
ਸਾਊਥ ਬਲਾਕ, ਰਾਸ਼ਟਰਪਤੀ ਭਵਨ ਦਾ ਕੋਰਟ, ਵਿਜੈ ਚੌਂਕ, ਇੰਡੀਆ ਗੇਟ, ਬੜੌਦਾ ਹਾਊਸ, ਆਲ ਇੰਡੀਆ ਰੇਡੀਓ, ਨੈਸ਼ਨਲ ਮਿਊਜ਼ੀਅਮ, ਅਤੇ ਹੋਰ ਅਣਗਿਣਤ ਬੰਗਲੇ ਅਤੇ ਫੌਜੀਆਂ ਅਤੇ ਕਲਰਕਾਂ ਲਈ ਕੁਆਟਰ ਉਨ੍ਹਾਂ ਵੱਲੋਂ ਬਣਾਏ ਗਏ ਸਨ।
ਸੋਭਾ ਸਿੰਘ ਦੀ ਇਸ ਨਵੇਂ ਸ਼ਹਿਰ ਬਾਰੇ ਸੋਚ ਲੁਟਿਅਨ ਅਤੇ ਬੇਕਰ ਨਾਲ ਮੇਲ ਖਾਂਦੀ ਸੀ। ਜਦੋਂ ਰਾਇਸੀਨਾ ਵਿਖੇ ਬੀਆਬਾਨ ਜੰਗਲ ਅਤੇ ਉਜਾੜ ਸੀ ਉਸ ਵੇਲੇ ਉਨ੍ਹਾਂ ਕਾਫੀ ਜ਼ਮੀਨ ਖੁੱਲ੍ਹੀ ਨਿਲਾਮੀ ਵਿੱਚ ਖ਼ਰੀਦੀ।
ਖੁਸ਼ਵੰਤ ਸਿੰਘ ਨੇ ਲਿਖਿਆ ਹੈ ਕਿ, “ਅੱਜ ਜਿਸ ਥਾਂ ਉੱਤੇ ਕਰੋਲ ਬਾਗ ਹੈ ਉੱਥੇ ਕੁਝ ਪਲਾਟ ਦੋ ਆਨਾ ਪ੍ਰਤੀ ਸਕੁਅਰ ਫੁੱਟ ਮੁੱਲ ਉੱਤੇ ਖਰੀਦੇ ਗਏ ਸਨ। ਜਿੱਥੇ ਅੱਜ ਕਨਾਟ ਸਰਕਸ ਹੈ ਉੱਥੇ ਦੋ ਰੁਪਏ ਪ੍ਰਤੀ ਸਕੁਅਰ ਫੁੱਟ ਮੁੱਲ ਉੱਤੇ ਜ਼ਮੀਨ ਖਰੀਦੀ ਗਈ।”
“ਹੋਰ ਠੇਕੇਦਾਰਾਂ ਦੇ ਨਾਲ-ਨਾਲ ਸੋਭਾ ਸਿੰਘ ਨੇ ਜ਼ਮੀਨ ਖਰੀਦੀ ਅਤੇ ਨਵੀਂ ਦਿੱਲੀ ਮੁਨਸੀਪਲ ਕਮੇਟੀ ਦੇ ਪ੍ਰਧਾਨ ਬਣੇ ਅਤੇ ਕਾਊਂਸਲ ਆਫ ਸਟੇਟਸ ਦੇ ਮੈਂਬਰ ਬਣੇ।”
“ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਸਰ ਦੀ ਉਪਾਧੀ ਵੀ ਦਿੱਤੀ ਗਈ ਸੀ।”
“ਸੋਭਾ ਸਿੰਘ ਨੇ ਆਪਣੇ ਪਿਤਾ ਦੇ ਨਾਂਅ ਉੱਤੇ ਹਾਊਸਿੰਗ ਅਪਾਰਟਮੈਂਟ ਬਣਾਇਆ ਜਿਸਦਾ ਨਾਂ ਉਨ੍ਹਾਂ ਆਪਣੇ ਪਿਤਾ ਦੇ ਨਾਮ ਉੱਤੇ ਸੁਜਾਨ ਸਿੰਘ ਪਾਰਕ ਰੱਖਿਆ।”
ਰਣਜੀਤ ਸਿੰਘ ਪੁੱਤਰ ਨਰਾਇਣ ਸਿੰਘ

ਤਸਵੀਰ ਸਰੋਤ, NISHAN MAGAZINE
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੇ ਸੰਗਰੂਰ(ਜੀਂਦ) ਦੇ ਇੱਕ ਕਿਸਾਨ ਨਰਾਇਣ ਸਿੰਘ ਸਨ। ਉਹ ਰਾਜ ਦਰਬਾਰ ਦੇ ਪ੍ਰਬੰਧ ਲਈ ਜ਼ਿੰਮੇਵਾਰ ਸਨ।
ਸੜਕਾਂ ਉੱਤੇ ਅਫ਼ਸਰਾਂ ਦੇ ਬੰਗਲਿਆਂ ਦਾ ਵੱਡਾ ਹਿੱਸਾ ਉਨ੍ਹਾਂ ਵੱਲੋਂ ਬਣਾਇਆ ਗਿਆ ਸੀ।
ਇਸਦੇ ਨਾਲ ਹੀ ਉਨ੍ਹਾਂ ਰਾਸ਼ਟਰਪਤੀ ਭਵਨ ਦੀਆਂ ਨੀਹਾਂ ਨੂੰ ਤਿਆਰ ਕਰਨ ਦਾ ਕੰਮ ਵੀ ਪੂਰਾ ਕੀਤਾ ਸੀ।
ਉਨ੍ਹਾਂ ਨੂੰ ਰਾਜ ਬਹਾਦੁਰ ਦਾ ਰੁਤਬਾ ਦਿੱਤਾ ਗਿਆ ਸੀ।
ਉਨ੍ਹਾਂ ਦੇ ਕਈ ਪੁੱਤਰਾਂ ਵਿੱਚੋਂ ਰਣਜੀਤ ਸਿੰਘ ਸਭ ਤੋਂ ਵੱਧ ਸਫ਼ਲ ਹੋਏ।
ਠੇਕੇਦਾਰੀ ਦੇ ਕੰਮ ਦੇ ਨਾਲ-ਨਾਲ ਉਨ੍ਹਾਂ ਇੰਪੀਰੀਅਲ ਹੋਟਲ ਸਮੇਤ ਹੋਰ ਜਾਇਦਾਦ ਵੀ ਖ਼ਰੀਦੀ ਅਤੇ ਉਹ ਪਾਰਲੀਮੈਂਟ ਮੈਂਬਰ ਵੀ ਬਣੇ।
ਮਾਲਵਿਕਾ ਸਿੰਘ ਲਿਖਦੇ ਹਨ, “ਉਨ੍ਹਾਂ ਨੇ ਇੰਪੀਰਿਅਲ ਹੋਟਲ ਅਤੇ ਕਰਜ਼ਨ ਰੋਡ ਉੱਤੇ ਇੱਕ ਘਰ ਬਣਾਇਆ।”
ਧਰਮ ਸਿੰਘ ਸੇਠੀ

ਤਸਵੀਰ ਸਰੋਤ, NISHAN MAGAZINE
ਧਰਮ ਸਿੰਘ ਸੇਠੀ ਜੋ ਕਿਸੇ ਸਮੇਂ ਰਾਮ ਸਿੰਘ ਕਾਬਲੀ ਐਂਡ ਕੰਪਨੀ ਵਿੱਚ ਇੱਕ ਛੋਟੇ ਜਿਹੇ ਮੁਲਾਜ਼ਮ ਸਨ ਆਪਣੇ ਸਮੇਂ ਦੇ ਇੱਕ ਵੱਡੇ ਠੇਕੇਦਾਰਾਂ ਵਜੋਂ ਉੱਭਰੇ।
ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਗਮਰਮਰ ਅਤੇ ਪੱਥਰ ਦੀ ਸਪਲਾਈ ਵਿੱਚ ਵੱਡੀ ਭੂਮਿਕਾ ਰਹੀ।
ਅਮਨਪ੍ਰੀਤ ਸਿੰਘ ਲਿਖਦੇ ਹਨ ਕਿ ਉਨ੍ਹਾਂ ਦਾ ਜਨਮ ਸਿਆਲਕੋਟ ਵਿਖੇ ਹੋਇਆ, ਮੁੱਢਲੀ ਪੜ੍ਹਾਈ ਤੋਂ ਬਾਅਦ ਉਹ ਸਿਵਲ ਇੰਜਨਿਅਰਿੰਗ ਦੀ ਪੜ੍ਹਾਈ ਲਈ ਰੁੜਕੀ ਚਲੇ ਗਏ ਅਤੇ ਬਰਮਾ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ ਦੇ ਇੰਜੀਨਿਅਰ ਵਜੋਂ ਕੰਮ ਕਰਨ ਲੱਗੇ।
ਉਨ੍ਹਾਂ ਇੱਕ ਨਿਗਰਾਨ ਵਜੋਂ ਵੀ ਕੰਮ ਕੀਤਾ। ਪੂਨੀਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਬਹੁਤ ਗੁਰਬਾਣੀ ਵੀ ਕੰਠ ਸੀ।
ਧਰਮ ਸਿੰਘ ਸੇਠੀ ਜੰਤਰ-ਮੰਤਰ ਸੜਕ ਤੇ ਸਥਿਤ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਸਨ ਜਿੱਥੇ ਅੱਜਕਲ ਇੱਕ ਰਾਜਨੀਤਿਕ ਪਾਰਟੀ ਦਾ ਦਫ਼ਤਰ ਹੈ।
ਉਨ੍ਹਾਂ ਆਪਣੀ ਕਮਾਈ ਦਾ ਵੱਡਾ ਹਿੱਸਾ ਗੁਰੁ ਨਾਨਕ ਵਿਦਿਆ ਭੰਡਾਰ ਟ੍ਰਸਟ ਲਈ ਰਾਖਵਾਂ ਕਰ ਦਿੱਤਾ, ਇਸ ਸੰਸਥਾ ਵੱਲੋਂ ਅੱਜ ਵੀ ਕਈ ਸਕੂਲ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ।
ਪੂਨੀਤਾ ਸਿੰਘ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਭਵਨ ਦੀ ਉਸਾਰੀ ਵਿੱਚ ਵੀ ਸ਼ਾਮਲ ਸਨ।
ਪੂਨੀਤਾ ਸਿੰਘ ਨੇ ਦੱਸਿਆ, “ਮੇਰੇ ਦਾਦਾ ਜੀ ਸਰਦਾਰ ਅਰਜਨ ਸਿੰਘ, ਧਰਮ ਸਿੰਘ ਸੇਠੀ ਦੇ ਜਵਾਈ ਸਨ।“
ਉਨ੍ਹਾਂ ਦੱਸਿਆ ਕਿ ਸਰਦਾਰ ਅਰਜਨ ਸਿੰਘ ਨੂੰ ਸਰਦਾਰ ਬਹਾਦੁਰ ਦਾ ਖਿਤਾਬ ਮਿਲਿਆ ਸੀ, ਅਤੇ ‘ਦ ਚਰਚ ਆਫ ਰਿਡੈਂਪਸ਼ਨ’ ਉਨ੍ਹਾਂ ਵੱਲੋਂ ਹੀ ਬਣਾਈ ਗਈ ਸੀ।”
ਉਨ੍ਹਾਂ ਦੱਸਿਆ ਕਿ ਉਹ ਸੋਭਾ ਸਿੰਘ ਦੇ ਪਰਿਵਾਰ ਦੇ ਵੀ ਰਿਸ਼ਤੇਦਾਰ ਹਨ। “ਮੇਰੀ ਮਾਂ ਦੇ ਪਿਤਾ ਸੋਭਾ ਸਿੰਘ ਦੇ ਛੋਟੇ ਭਰਾ ਸਨ।”
ਉਨ੍ਹਾਂ ਦੀ ਮੌਤ ਵਿਏਨਾ ਵਿੱਚ ਹੋਈ।
ਬਸਾਖਾ ਸਿੰਘ

ਤਸਵੀਰ ਸਰੋਤ, NISHAN MAGAZINE
ਅਮਨਪ੍ਰੀਤ ਸਿੰਘ ਗਿੱਲ ਲਿਖਦੇ ਹਨ ਕਿ ਸਰਦਾਰ ਬਸਾਖਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਦੇ ਰਹਿਣ ਵਾਲੇ ਸਨ।
“ਜੇਕਰ ਸਾਊਥ ਬਲਾਕ ਬਣਾਉਣ ਦਾ ਸਿਹਰਾ ਸੋਭਾ ਸਿੰਘ ਸਿਰ ਬੰਨ੍ਹਿਆ ਜਾਂਦਾ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨੌਰਥ ਬਲਾਕ ਦਾ ਠੇਕਾ ਬਸਾਖਾ ਸਿੰਘ ਨੂੰ ਮਿਲਿਆ ਸੀ।”
ਉਨ੍ਹਾਂ ਨੇ ਇਹ ਕੰਮ ਸੋਭਾ ਸਿੰਘ ਵੱਲੋਂ ਸਾਊਥ ਬਲਾਕ ਬਣਾਏ ਜਾਣ ਤੋਂ ਇੱਕ ਦਿਨ ਬਾਅਦ ਪੂਰਾ ਕਰ ਲਿਆ ਸੀ।
ਅਮਨਪ੍ਰੀਤ ਲਿਖਦੇ ਹਨ ਕਿ ਬਸਾਖਾ ਸਿੰਘ ਨਾਲ ਸਬੰਧਤ ਰਹੇ ਦਲੀਪ ਸਿੰਘ ਅਮਰੀਕਾ ਦੀ ਕਾਂਗਰਸ ਦੇ ਪਹਿਲੇ ਏਸ਼ੀਆਈ ਮੈਂਬਰ ਸਨ, ਜਦਕਿ ਉਨ੍ਹਾਂ ਨੂੰ ਠੇਕੇਦਾਰੀ ਦੇ ਕੰਮ ਵਿੱਚ ਉਨ੍ਹਾਂ ਦੇ ਦਾਦਾ ਜੀ ਵੱਲੋਂ ਲਿਆਂਦਾ ਗਿਆ ਸੀ।
ਉਹ ਲਿਖਦੇ ਹਨ ਕਿ ਬਸਾਖਾ ਸਿੰਘ ਦਾ ਨਾਂ ਪੰਜਾਬ ਵਿਧਾਨ ਸਭਾ ਸਮੇਤ ਲਾਹੌਰ ਦੀਆਂ ਕਈ ਇਮਾਰਤਾਂ ਨਾਲ ਵੀ ਜੁੜਿਆ ਹੋਇਆ ਹੈ।
“ਬਸਾਖਾ ਸਿੰਘ ਨੇ 1930 ਵਿੱਚ ਗੁਰਦੁਆਰਾ ਸੀਸਗੰਜ ਦੀ ਇਮਾਰਤ ਬਣਾਉਣ ਵਿੱਚ ਵੀ ਯੋਗਦਾਨ ਪਾਇਆ, ਉਨ੍ਹਾਂ ਤਰਨਤਾਰਨ ਵਿੱਚ ਸੰਗਤ ਦੇ ਰਹਿਣ ਲਈ ਬੁੰਗਾ ਵੀ ਬਣਾਇਆ ਜਿਸਦਾ ਨਾਮ ਬੁੰਗਾ ਬਸਾਖਾ ਸਿੰਘ ਪਿਆ।”
“ਬਸਾਖਾ ਸਿੰਘ ਨੇ 10 ਔਰੰਗਜ਼ੇਬ ਰੋਡ ਉੱਤੇ ਆਪਣਾ ਘਰ ਵੀ ਬਣਾਇਆ ਜੋ ਉਨ੍ਹਾਂ ਬਾਅਦ ਵਿੱਚ ਮੁਹੰਮਦ ਅਲੀ ਜਿਨਾਹ ਨੂੰ ਵੇਚ ਦਿੱਤਾ।”
ਅਮਰਪ੍ਰੀਤ ਲਿਖਦੇ ਹਨ, “ਇਨ੍ਹਾਂ ਨੇ ਵੀ ਇੱਕ ਨਿਗਰਾਨ ਵਜੋਂ ਆਪਣਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਸਕੱਤਰੇਤ ਦਾ ਪੂਰਾ ਨੌਰਥ ਬਲਾਕ ਅਤੇ ਅਫ਼ਸਰਾਂ ਦੇ ਕਈ ਬੰਗਲੇ ਬਣਾਏ।”
“ਇਨ੍ਹਾਂ ਤੋਂ ਇਲਾਵਾ ਦੋ ਪੰਜਾਬੀ ਮੁਸਲਮਾਨ ਵੀ ਠੇਕੇਦਾਰਾਂ ਵਿੱਚ ਸ਼ਾਮਲ ਸਨ, ਜਿਹਲਮ ਤੋਂ ਖਾਨ ਬਹਾਦੁਰ ਅਕਬਰ ਅਲੀ ਜਿਨ੍ਹਾਂ ਨੇ ਨੈਸ਼ਨਲ ਆਰਕਾਈਵ ਬਣਾਏ ਅਤੇ ਰੋਹਤਕ ਤੋਂ ਨਵਾਬ ਅਲੀ ਜਿਨ੍ਹਾਂ ਨੇ ਮੁਗਲ ਗਾਰਡਨ ਬਣਾਉਣ ਦਾ ਕੰਮ ਪੂਰਾ ਕੀਤਾ।”
ਮੋਹਨ ਸਿੰਘ
ਮੋਹਨ ਸਿੰਘ ਅਜਿਹੇ ਇਕੱਲੇ ਠੇਕੇਦਾਰ ਸਨ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਪਦਮ ਸ਼੍ਰੀ ਮਿਲਿਆ ਸੀ ।
ਅਮਨਪ੍ਰੀਤ ਸਿੰਘ ਲਿਖਦੇ ਹਨ ਕਿ ਉਹ ਲੁਧਿਆਣਾ ਨੇੜਲੇ ਪਿੰਡ ਰਾੜਾ ਤੋਂ ਆਏ ਅਤੇ ਉਹ ਨਵੀਂ ਦਿੱਲੀ ਮੁਨਸਿਪਲ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ।
“ਵੱਡੀਆਂ ਇਮਾਰਤਾਂ ਬਣਾਉਣ ਦੇ ਨਾਲ ਨਾਲ ਉਨ੍ਹਾਂ ਦਾ ਮੁੱਖ ਕੰਮ ਟਿੰਬਰ ਬਰਾਮਦ ਕਰਵਉਣਾ ਸੀ, ਜਿਸਦੀ ਵਰਤੋਂ ਰਾਸ਼ਟਰਪਤੀ ਭਵਨ ਦੇ ਫਰਨੀਚਰ ਲਈ ਵੀ ਹੋਈ।”
ਅਮਰਪ੍ਰੀਤ ਲਿਖਦੇ ਹਨ ਕਿ ਉਨ੍ਹਾਂ ਦੇ ਨਾਂ ਉੱਤੇ ਕਨਾਟ ਪਲੇਸ ਵਿੱਚ – ਮੋਹਨ ਸਿੰਘ ਮਾਰਕਿਟ ਨਾਂ ਦੀ ਬਿਲਡਿੰਗ ਵੀ ਹੈ। ਉਹ ਕੋਕਾ ਕੋਲਾ ਨੂੰ ਭਾਰਤ ਵਿੱਚ ਲੈ ਕੇ ਆਏ ਸਨ ਅਤੇ ਕੈਂਪਾ ਕੋਲਾ ਨਾਂ ਦਾ ਆਪਣਾ ਬ੍ਰਾਂਡ ਵੀ ਖੋਲ੍ਹਿਆ।
ਪੰਜਾਂ ਠੇਕੇਦਾਰਾਂ ਵਿਚ ਆਪਸੀ ਪਿਆਰ
ਇਨ੍ਹਾਂ ਦੇ ਆਪਸੀ ਸੰਬੰਧਾਂ ਬਾਰੇ ਖੁਸ਼ਵੰਤ ਸਿੰਘ ਨੇ ਆਪਣੇ ਲੇਖ ‘ਦ ਰੋਮਾਂਸ ਆਫ ਨਿਊ ਦਿੱਲੀ’ ਵਿੱਚ ਲਿਖਿਆ ਹੈ।
ਉਹ ਲਿਖਦੇ ਹਨ, “ਜਦੋਂ ਉਹ ਪਹਿਲੀ ਵਾਰੀ ਰਾਏਸੀਨਾ ਵਿਖੇ ਆਏ, ਉਹ ਉਸ ਸੜਕ ਜਿਸ ਨੂੰ ਹੁਣ ਓਲਡ ਮਿਲ ਰੋਡ ਕਿਹਾ ਜਾਂਦਾ ਹੈ ਦੇ ਕਿਨਾਰੇ ਉੱਤੇ ਬਣਾਏ ਗਏ ਝੌਂਪੜਿਆਂ ਵਿੱਚ ਰਿਹਾ ਕਰਦੇ ਸੀ।”
ਉਹ ਲਿਖਦੇ ਨੇ ਕਿ ਫਿਰ ਇਹ ਸਾਰੇ ਇਕੱਠੇ ਜੰਤਰ-ਮੰਤਰ ਸੜਕ ਉੱਤੇ ਬਣੇ ਆਪਣੇ ਆਲੀਸ਼ਾਨ ਘਰਾਂ ਵਿੱਚ ਆ ਕੇ ਰਹਿਣ ਲੱਗੇ, ਜਿੱਥੇ ਉਨ੍ਹਾਂ ਨੇ ਅਗਲੇ ਦੋ ਦਹਾਕੇ ਬਿਤਾਏ।
“ਜਿਵੇਂ-ਜਿਵੇਂ ਸ਼ਹਿਰ ਵਧਿਆ ਉਹ ਇਸਦੇ ਵੱਖਰੇ-ਵੱਖਰੇ ਹਿੱਸਿਆਂ ਵਿੱਚ ਜਾ ਕੇ ਰਹਿਣ ਲੱਗੇ ਅਤੇ ਇੱਕ ਤੋਂ ਬਾਅਦ ਇੱਕ ਇਸ ਸੰਸਾਰ ਤੋਂ ਚਲੇ ਗਏ।”
“ਨਵੀਂ ਦਿੱਲੀ ਨੂੰ ਬਣਾਉਣ ਵਾਲੇ ਠੇਕੇਦਾਰਾਂ ਦਾ ਆਪਸ ਵਿੱਚ ਚੰਗਾ ਭਾਈਚਾਰਾ ਸੀ।"
“ਉਨ੍ਹਾਂ ਵਿੱਚ ਲੜਾਈ ਬਹੁਤ ਘੱਟ ਹੀ ਹੁੰਦੀ ਸੀ, ਇਸਦੀ ਇੱਕ ਵਜ੍ਹਾ ਚੰਗਾ ਮੁਨਾਫ਼ਾ ਵੀ ਸੀ।”
ਸੋਭਾ ਸਿੰਘ ਦੇ ਪੁੱਤਰ ਖੁਸ਼ਵੰਤ ਸਿੰਘ ਦਾ ਵਿਆਹ ਤੇਜਾ ਸਿੰਘ ਮਲਿਕ ਦੀ ਧੀ ਨਾਲ ਹੋਇਆ ਸੀ।
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਸਾਡੇ ਘਰ – “‘ਬੈਕੁੰਠ’ ਦੇ ਨਾਲ ਵਾਲਾ ਘਰ ਮੇਰੇ ਪਿਤਾ ਦੇ ਪਰਮ ਮਿੱਤਰ ਬਸਾਖਾ ਸਿੰਘ ਦਾ ਸੀ।”
“ਉਨ੍ਹਾਂ ਨੇ ਘਰਾਂ ਵਿਚਲੀ ਕੰਧ ਢਾਹ ਦਿੱਤੀ ਤਾਂ ਕਿ ਉਹ ਸੌਖਿਆਂ ਇੱਕ ਦੂਜੇ ਦੇ ਘਰ ਆ ਸਕਣ। ਬਸਾਖਾ ਸਿੰਘ ਦੇ ਨਾਲ ਵਾਲਾ ਘਰ ਧਰਮ ਸਿੰਘ ਸੇਠੀ ਦਾ ਸੀ, ਉਸਦੇ ਨਾਲ ਦਾ ਘਰ ਰਾਮ ਸਿੰਘ ਕਾਬਲੀ ਦਾ ਸੀ ਅਤੇ ਸਾਡੇ ਸਾਹਮਣੇ ਵਾਲਾ ਘਰ ਰਣਜੀਤ ਸਿੰਘ ਦੇ ਪੁੱਤਰ ਨਰਾਇਣ ਸਿੰਘ ਦਾ ਸੀ।”
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਇਨ੍ਹਾਂ ਠੇਕੇਦਾਰਾਂ ਨਾਮ ਉੱਤੇ ਦਿੱਲੀ ਦੀ ਕੋਈ ਵੀ ਸੜਕ ਨਹੀਂ ਹੈ, ਜੋ ਇਨ੍ਹਾਂ ਦੀ ਯਾਦ ਨੂੰ ਜ਼ਿੰਦਾ ਰੱਖਦੀ ਹੋਵੇ।
ਖੁਸ਼ਵੰਤ ਸਿੰਘ ਲਿਖਦੇ ਹਨ ਕਿ ਇਨ੍ਹਾਂ ਠੇਕੇਦਾਰਾਂ ਦੇ ਨਾਂਅ ਇਤਿਹਾਸ ਵਿੱਚ ਸ਼ੁਮਾਰ ਹਨ, ਹਾਂਲਾਂਕਿ ਇਸ ਵਿੱਚ ਸ਼ਾਮਲ ਰਹੇ 30,000 ਮਜ਼ਦੂਰ ਜੋ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚੋਂ ਆਏ ਜਿਨ੍ਹਾਂ ਕੋਈ ਜਾਣਕਾਰੀ ਨਹੀਂ ਹੈ।















