ਪਰਵਾਸੀਆਂ ਦੀ ਮਦਦ ਨਾਲ ਹਕੂਮਤਾਂ ਲਈ ਸਿਰਦਰਦੀ ਬਣੀਆਂ ਪੰਜਾਬ ਦੀਆਂ ਲਹਿਰਾਂ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਸਿੱਖਾਂ ਲਈ ‘ਖ਼ਾਲਿਸਤਾਨ’ ਬਣਾਉਣ ਦੀ ਲਹਿਰ ਨੂੰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਸਮਰਥਨ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ।
ਕੀ ਇਹ ਸਮਰਥਨ ਇੰਨਾ ਵੱਡਾ ਹੈ ਕਿ ਇਸ ਨਾਲ ਕੈਨੇਡਾ ਵਰਗੇ ਮੁਲਕ ਦੀ ਅੰਦਰੂਨੀ ਸਿਆਸਤ ਪ੍ਰਭਾਵਿਤ ਹੋਣ ਲੱਗੀ ਹੈ।
ਕੀ ਖ਼ਾਲਿਸਤਾਨੀਆਂ ਦੇ ਸਮਰਥਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤੀ ਏਜੰਸੀਆਂ ਦਾ ਨਾਂ ਜੋੜਿਆ ਹੈ।
ਇਹ ਕੁਝ ਅਜਿਹੇ ਸਵਾਲ ਹਨ, ਜਿਨ੍ਹਾਂ ਬਾਰੇ ਪਿਛਲੇ ਕੁਝ ਦਿਨਾਂ ਤੋਂ ਦੇਸੀ-ਵਿਦੇਸ਼ੀ ਮੀਡੀਆ ਵਿੱਚ ਚਰਚਾ ਛਿੜੀ ਹੋਈ ਹੈ।
ਹਰਦੀਪ ਸਿੰਘ ਨਿੱਝਰ ਖ਼ਾਲਿਸਤਾਨ ਸਮਰਥਕ ਅਤੇ ਕੈਨੇਡੀਅਨ ਨਾਗਰਿਕ ਸੀ। ਉਨ੍ਹਾਂ ਦਾ 18 ਜੂਨ 2023 ਨੂੰ ਵੈਨਕੂਵਰ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਬਿਆਨ ਦੇ ਕੇ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਸੰਕੇਤ ਮਿਲਣ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਕੈਨੇਡਾ ਦੇ ਇਨ੍ਹਾਂ ਇਲਜ਼ਾਮਾਂ ਨੂੰ ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਰੱਦ ਹੀ ਨਹੀਂ ਕੀਤਾ, ਸਗੋਂ ਇਸ ਨੂੰ ਜਸਟਿਨ ਟਰੂਡੋ ਦੇ ਵੋਟਾਂ ਲਈ ਆਪਣੇ ਮੁਲਕ ਦੇ ਖ਼ਾਲਿਸਤਾਨ ਸਮਰਥਕਾਂ ਅੱਗੇ ਝੁਕਣ ਦਾ ਇਲਜ਼ਾਮ ਲਾਇਆ।
ਪਰਵਾਸੀ ਪੰਜਾਬੀ ਭਾਈਚਾਰੇ ਦੀ ਖ਼ਾਲਿਸਤਾਨ ਲਹਿਰ ਲਈ ਸਮਰਥਨ ਦੇ ਦਾਅਵਿਆਂ ਦੌਰਾਨ, ਅਸੀਂ ਇਸ ਰਿਪੋਰਟ ਰਾਹੀਂ ਪੰਜਾਬ ਨਾਲ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਉਨ੍ਹਾਂ ਲਹਿਰਾਂ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਨੂੰ ਪੰਜਾਬੀ ਭਾਈਚਾਰੇ ਦਾ ਸਮਰਥਨ ਹਾਸਲ ਰਿਹਾ ਹੈ।

ਤਸਵੀਰ ਸਰੋਤ, Getty Images
ਅਜ਼ਾਦੀ ਤੋਂ ਪਹਿਲਾਂ
ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਪੰਜਾਬੀਆਂ ਦਾ ਅਹਿਮ ਰੋਲ ਰਿਹਾ ਹੈ। ਪੰਜਾਬ ਜਾਂ ਪੰਜਾਬੀਆਂ ਦੀਆਂ ਜਿਹੜੀਆਂ ਲਹਿਰਾਂ ਦਾ ਨਾਂ ਜ਼ਿਕਰਯੋਗ ਹੈ, ਉਨ੍ਹਾਂ ਵਿੱਚ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ ਮੁੱਖ ਹਨ।

ਤਸਵੀਰ ਸਰੋਤ, VANCOUVER PUBLIC LIBRARY
ਗ਼ਦਰ ਲਹਿਰ
ਡਾਕਟਰ ਹਰੀਸ਼ ਪੁਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਹਨ ਅਤੇ ਗ਼ਦਰ ਲਹਿਰ ਬਾਰੇ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ, "ਗ਼ਦਰ ਤਾਂ ਨਿਰੋਲ ਪਰਵਾਸੀਆਂ ਦੀ ਲਹਿਰ ਸੀ, ਜਿਸ ਵਿੱਚ ਬਹੁਗਿਣਤੀ ਪੰਜਾਬੀ ਜਾਂ ਸਿੱਖ ਸਨ। ਇਹ ਅਮਰੀਕਾ ਸਣੇ ਕਈ ਮੁਲਕਾਂ ਤੋਂ ਆਪਣੇ ਕਾਰੋਬਾਰ ਛੱਡ ਕੇ, ਘਰ-ਬਾਰ ਤੇ ਜਾਇਦਾਦਾਂ ਵੇਚ ਕੇ ਭਾਰਤ ਦੀ ਅਜ਼ਾਦੀ ਲਈ ਗ਼ਦਰ ਕਰਨ ਆਏ ਸਨ।”
21 ਅਪ੍ਰੈਲ 1913 ਨੂੰ ਹੋਂਦ ਵਿੱਚ ਆਈ ਜਥੇਬੰਦੀ ਹਿੰਦੀ ਪੈਸੇਫਿਕ ਐਸੋਸ਼ੀਏਸ਼ਨ ਨੇ ਗ਼ਦਰ ਨਾਂ ਦਾ ਅਖ਼ਬਾਰ ਕੱਢਿਆ ਅਤੇ ਇਹ ਲਹਿਰ, ਗ਼ਦਰ ਪਾਰਟੀ ਦੀ ਲਹਿਰ ਦੇ ਨਾਂ ਨਾਲ ਲੋਕਾਂ ਵਿੱਚ ਮਕਬੂਲ ਹੋਈ।
ਇਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ 1914 ਵਿੱਚ ਭਾਰਤ ਆ ਕੇ ਬਰਤਾਨਵੀਂ ਭਾਰਤੀ ਫੌਜੀਆਂ ਨੂੰ ਆਪਣੇ ਨਾਲ ਜੋੜ ਕੇ ਗ਼ਦਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਸਰਕਾਰੀ ਅੰਕੜਿਆਂ ਮੁਤਾਬਕ 13 ਅਕਤੂਬਰ 1914 ਤੋਂ ਲੈ ਕੇ 25 ਫਰਵਰੀ 1915 ਤੱਕ 2312 ਹਿੰਦੂ ਭਾਰਤ ਵਾਪਸ ਆਏ ਅਤੇ 1916 ਤੱਕ ਗ਼ਦਰੀਆਂ ਦਾ ਭਾਰਤ ਆਉਣਾ ਜਾਰੀ ਰਿਹਾ ਅਤੇ ਇੱਕ ਅੰਦਾਜ਼ੇ ਮੁਤਾਬਕ ਅਜਿਹੇ 8000 ਲੋਕ ਭਾਰਤ ਦੀ ਅਜ਼ਾਦੀ ਲਈ ਅੰਗਰੇਜ਼ਾਂ ਖ਼ਿਲਾਫ਼ ਗ਼ਦਰ ਕਰਨ ਲਈ ਆਏ ਸਨ।
ਇਸ ਅੰਕੜੇ ਵਿੱਚ ਕੋਲੰਬੋ ਰੂਟ ਰਾਹੀਂ ਆਉਣ ਵਾਲਿਆਂ ਦੀ ਸਹੀ ਗਿਣਤੀ ਨਹੀਂ ਹੈ। ਫੜ੍ਹੇ ਗਏ ਗ਼ਦਰੀਆਂ ਵਿਚੋਂ 291 ਖ਼ਿਲਾਫ਼ ਲਾਹੌਰ ਸਾਜਿਸ਼ ਕੇਸ ਤਹਿਤ ਮੁਕੱਦਮਾ ਚੱਲਿਆ, ਜਿਨ੍ਹਾਂ ਵਿਚੋਂ 42 ਨੂੰ ਫਾਂਸੀ, 114 ਨੂੰ ਕਾਲ਼ੇ ਪਾਣੀਆਂ ਦੀਆਂ ਸਜ਼ਾਵਾਂ ਅਤੇ 93 ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ।

ਤਸਵੀਰ ਸਰੋਤ, VANCOUVER PUBLIC LIBRARY
ਬੱਬਰ ਅਕਾਲੀ ਲਹਿਰ
ਡਾਕਟਰ ਪਰਮਿੰਦਰ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਪ੍ਰੋਫੈਸਰ ਹਨ ਅਤੇ ਭਾਰਤ ਦੀ ਅਜ਼ਾਦੀ ਦੀਆਂ ਲਹਿਰਾਂ ਦੀ ਯਾਦ ਵਿੱਚ ਬਣੇ ਅਦਾਰੇ ਦੇਸ ਭਗਤ ਯਾਦਗਾਰ ਹਾਲ ਜਲੰਧਰ ਦੇ ਉੱਪ ਪ੍ਰਧਾਨ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਗ਼ਦਰ ਲਹਿਰ ਦੇ ਨਾਲ ਦੂਜੀ ਵੱਡੀ ਘਟਨਾ ਜਿਹੜੀ ਪਰਵਾਸੀ ਭਾਈਚਾਰੇ ਦੇ ਯੋਗਦਾਨ ਨੂੰ ਦਰਸਾਉਂਦੀ ਹੈ, ਉਹ ਸੀ ਕਾਮਾਗਾਟਾ ਮਾਰੂ ਜਹਾਜ਼ ਵਾਲੀ। ਜਿਸ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਨੂੰ ਵੱਡਾ ਹੁਲਾਰਾ ਦਿੱਤਾ ਸੀ।
ਉਹ ਦੱਸਦੇ ਹਨ ਕਿ ਗ਼ਦਰ ਲਹਿਰ ਦੇ ਅਸਫ਼ਲ ਹੋਣ ਤੋਂ ਬਾਅਦ ਬਚੇ-ਖੁਚੇ ਗ਼ਦਰੀਆਂ ਅਤੇ ਗੁਰਦੁਆਰਾ ਸੁਧਾਰ ਲਹਿਰ ਦੀ ਅਹਿੰਸਕ ਅਕਾਲੀ ਲਹਿਰ ਤੋਂ ਵੱਖ ਹੋ ਕੇ ਬੱਬਰ ਅਕਾਲੀ ਲਹਿਰ ਚੱਲੀ, ਜਿਸ ਦਾ ਮਕਸਦ ਸਿੱਧੇ ਤੌਰ ਉੱਤੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਨਿਪਟਣਾ ਸੀ।
ਡਾਕਟਰ ਪਰਮਿੰਦਰ ਦੱਸਦੇ ਹਨ ਕਿ ਗ਼ਦਰ ਲਹਿਰ ਜਿੱਥੇ ਫੌਜੀਆਂ ਨਾਲ ਮਿਲ ਕੇ ਬਰਤਾਨਵੀਂ ਹਕੂਮਤ ਖ਼ਿਲਾਫ਼ ਸੰਘਰਸ਼ ਕਰਨਾ ਸੀ, ਉੱਥੇ ਬੱਬਰ ਅਕਾਲੀ ਲਹਿਰ ਕਿਰਸਾਨੀ ਤੇ ਪੇਂਡੂ ਲੋਕਾਂ ਨੂੰ ਨਾਲ ਜੋੜ ਕੇ ਸਿੱਧੇ ਹਥਿਆਰਬੰਦ ਐਕਸ਼ਨ ਕਰਨਾ ਸੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਆਪਣੀ ਕਿਤਾਬ ਕਾਲ਼ੇਪਾਣੀ ਵਿੱਚ ਲਿਖਦੇ ਹਨ, ਬੱਬਰ ਅਕਾਲੀ ਨਿਰੋਲ ਸਿੱਖ ਲਹਿਰ ਸੀ, ਜਿਸ ਨੂੰ ਗ਼ਦਰੀਆਂ ਦਾ ਵੀ ਸਾਥ ਮਿਲਿਆ। ਗ਼ਦਰ ਪਾਰਟੀ ਦੇ ਅੰਦੋਲਨ ਦੌਰਾਨ ਰਹੀਆਂ ਖਾਮੀਆਂ ਨੂੰ ਇਸ ਲਹਿਰ ਦੌਰਾਨ ਸੁਧਾਰਿਆ ਗਿਆ ਸੀ।
ਇਸ ਲਹਿਰ ਦਾ ਸਿਖ਼ਰ ਭਾਵੇਂ 1926 ਵਿੱਚ ਸੀ ਪਰ ਇਹ 1941 ਤੱਕ ਸਰਗਰਮ ਰਹੀ। ਇਸ ਦੇ 37 ਕਾਰਕੁਨਾਂ ਨੇ ਸਜ਼ਾ-ਏ-ਮੌਤ ਭੁਗਤੀ ਜਦਕਿ 21 ਜਣਿਆਂ ਨੇ ਕਾਲ਼ੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ।
ਡਾਕਟਰ ਪਰਮਿੰਦਰ ਕਹਿੰਦੇ ਹਨ, “ਪਰਵਾਸੀਆਂ ਦਾ ਪਹਿਲਾ ਫੇਜ਼ 1947 ਤੋਂ ਪਹਿਲਾਂ ਦਾ ਗਿਣਿਆ ਜਾ ਸਕਦਾ ਹੈ, ਜਿਨ੍ਹਾਂ ਗ਼ਦਰ, ਬੱਬਰ ਅਕਾਲੀ ਲਹਿਰਾਂ ਵਿੱਚ ਸਿੱਧੇ ਤੌਰ ਉੱਤੇ ਹਿੱਸਾ ਪਾਉਣ ਦੇ ਨਾਲ-ਨਾਲ ਕਾਂਗਰਸ ਤੋਂ ਲੈ ਕੇ ਭਗਤ ਸਿੰਘ ਹੋਰਾਂ ਦੀ ਨੌਜਵਾਨ ਸਭਾ ਦੀਆਂ ਗਤੀਵਿਧੀਆਂ ਅਤੇ ਕਾਰਵਾਈਆਂ ਵਿੱਚ ਸਮਰਥਨ ਦਿੱਤਾ।”
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਆਦਰਸ਼ ਵੀ ਗ਼ਦਰ ਲਹਿਰ ਦੇ ਆਗੂ ਖ਼ਾਸਕਰ ਕਰਤਾਰ ਸਿੰਘ ਸਰਾਭਾ ਹੀ ਸੀ। ਪਰ ਉਦੋਂ ਪਰਵਾਸੀਆਂ ਦੀ ਗਿਣਤੀ ਘੱਟ ਸੀ ਅਤੇ ਸੰਚਾਰ ਦੇ ਸਾਧਨ ਸੀਮਤ ਸਨ, ਇਸ ਲਈ ਇਨ੍ਹਾਂ ਬਾਰੇ ਓਨਾ ਪ੍ਰਚਾਰ ਨਹੀਂ ਹੋ ਸਕਿਆ।

ਅਜ਼ਾਦੀ ਤੋਂ ਬਾਅਦ
ਭਾਰਤ ਦੀ ਅਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਦੇ ਅੰਦੋਲਨ ਖ਼ਤਮ ਨਹੀਂ ਹੋਏ।
ਪੰਜਾਬੀਆਂ ਨੇ ਪੰਜਾਬੀ ਸੂਬਾ ਮੋਰਚਾ, ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਲਈ ਲੜਾਈ, ਮੁਜਾਰਾ ਲਹਿਰ, ਨਕਸਲਵਾਦੀ ਲਹਿਰ, ਧਰਮ ਯੁੱਧ ਮੋਰਚਾ, ਖ਼ਾਲਿਸਤਾਨ ਪੱਖੀ ਲਹਿਰ ਅਤੇ 2020-21 ਵਿੱਚ ਲੜੇ ਗਏ ਕਿਸਾਨ ਅੰਦੋਲਨ ਵਰਗੇ ਵੱਡੇ ਸੰਘਰਸ਼ ਲੜੇ ਹਨ।
ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਹਨ ਕਿ ਇਸ ਵਿੱਚ ਕੋਈ ਲਹਿਰ ਜਾਂ ਸੰਘਰਸ਼ ਅਜਿਹਾ ਨਹੀਂ ਹੈ, ਜਿਸ ਵਿੱਚ ਪਰਵਾਸੀ ਪੰਜਾਬੀਆਂ ਦਾ ਯੋਗਦਾਨ ਨਾ ਹੋਵੇ। ਮਾਲੀ ਖ਼ੁਦ ਨਕਸਲਵਾਦੀ ਸਿਆਸਤ ਨਾਲ ਜੁੜੇ ਰਹੇ ਹਨ।
ਉਹ ਕਹਿੰਦੇ ਹਨ, “ਪੰਜਾਬ ਦੀਆਂ ਲਹਿਰਾਂ ਨੂੰ ਪਰਵਾਸੀਆਂ ਦੀ ਮਾਲੀ ਇਮਦਾਦ ਹਮੇਸ਼ਾ ਤੋਂ ਰਹੀ ਹੈ। ਹੋਰ ਤਾਂ ਹੋਰ ਕਮਿਊਨਿਸਟ ਪਾਰਟੀਆਂ ਤੋਂ ਲੈ ਕੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਾਰਿਆਂ ਦੇ ਐੱਨਆਈਆਰ ਵਿੰਗ ਬਣੇ ਹੋਏ ਹਨ।”
ਪੰਜਾਬ ਵਿੱਚ ਤਾਂ ਹਰ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਪਰਵਾਸੀਆਂ ਤੋਂ ਫੰਡ ਆਉਂਦਾ ਹੈ, ਭਾਵੇਂ ਇਹ ਕੋਈ ਮੰਨੇ ਜਾ ਨਾ ਇਹ ਵੱਖਰੀ ਗੱਲ ਹੈ।
ਪੰਜਾਬ ਵਿੱਚ ਜਦੋਂ ਮਨਪ੍ਰੀਤ ਬਾਦਲ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਉਂਦੇ ਹਨ ਤਾਂ ਪਰਵਾਸੀ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ, ਪਰ ਜਦੋਂ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਹੈ ਤਾਂ ਜਹਾਜ਼ ਭਰ ਕੇ ਪ੍ਰਚਾਰ ਲਈ ਆਉਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ਾਂ ਵਿੱਚ “ਹਓਡੀ ਮੋਦੀ” ਵਰਗੇ ਰੈਲੀਆਂ ਨੁੰਮਾ ਇਕੱਠ ਅਤੇ ਰਾਹੁਲ ਗਾਂਧੀ ਦੀਆਂ ਫੇਰੀਆਂ ਪਰਵਾਸੀ ਭਾਈਚਾਰੇ ਦੇ ਪ੍ਰਭਾਵ ਨੂੰ ਆਪਣੇ ਅਤੇ ਆਪਣੀ ਪਾਰਟੀ ਦੇ ਹੱਕ ਵਿੱਚ ਵਰਤਣ ਦੀ ਕੋਸ਼ਿਸ਼ ਹੀ ਹੈ।

ਨਕਸਲਵਾਦੀ ਲਹਿਰ
ਨਕਸਲਵਾਦੀ ਲਹਿਰ ਦਾ ਅਗਾਜ਼ ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ 1967 ਵਿੱਚ ਹੋਇਆ ਸੀ। ਇਹ ਲਹਿਰ ਜ਼ਮੀਨੀ ਸੁਧਾਰਾਂ ਲਈ ਸ਼ੁਰੂ ਹੋਇਆ ਖੱਬੇਪੱਖੀ ਹਥਿਆਰਬੰਦ ਅੰਦੋਲਨ ਸੀ।
ਪੱਛਮੀ ਬੰਗਾਲ, ਬਿਹਾਰ, ਆਧਰਾਂ ਸਣੇ ਪੰਜਾਬ ਵਿੱਚ ਇਸ ਦਾ ਕਾਫੀ ਅਸਰ ਪਿਆ। ਸਿਆਸੀ ਤੇ ਸਮਾਜਿਕ ਮੁੱਦਿਆਂ ਦੇ ਮਾਹਰ ਅਮਰਜੀਤ ਸਿੰਘ ਗਰੇਵਾਲ ਕਹਿੰਦੇ ਹਨ, “ਪੰਜਾਬ ਦੀਆਂ ਦੂਜੀਆਂ ਲਹਿਰਾਂ ਸੂਬੇ ਦੇ ਸੰਕਟ ਵਿੱਚੋਂ ਪੈਦਾ ਹੋਈਆਂ ਸਨ।"
"ਪਰ ਨਕਸਲ ਲਹਿਰ ਖੱਬੇਪੱਖੀ ਪਾਰਟੀਆਂ ਦੇ ਆਪਸੀ ਵਿਰੋਧੀ ਵਿੱਚੋਂ ਪੈਦਾ ਹੋਣ ਕਾਰਨ ਪੰਜਾਬ ਵਿੱਚ ਆਈ ਸੀ। ਕਿਉਂਕਿ ਉਸ ਵੇਲੇ ਪੰਜਾਬ ਵਿੱਚ ਕਮਿਊਨਿਸਟ ਪਾਰਟੀਆਂ ਦਾ ਕਾਫੀ ਅਧਾਰ ਸੀ।”
ਗਰੇਵਾਲ ਕਹਿੰਦੇ ਹਨ ਕਿ ਜਦੋਂ ਪੰਜਾਬ 1967-68 ਵਿੱਚ ਨਕਸਲ ਲਹਿਰ ਆਈ, ਉਦੋਂ ਹੀ ਪੰਜਾਬ ਵਿੱਚ ਹਰਾ ਇਨਕਲਾਬ ਆ ਰਿਹਾ ਸੀ, ਪੰਜਾਬ ਦਾ ਕਿਸਾਨ ਆਰਥਿਕ ਸੰਕਟ ਵਿੱਚੋਂ ਨਿਕਲ ਰਿਹਾ ਸੀ।
ਪੰਜਾਬ ਦਾ ਅਰਥਚਾਰਾ ਵੀ ਉੱਭਰ ਰਿਹਾ ਸੀ। ਇਸ ਲਈ ਇਸ ਲਹਿਰ ਦੇ ਸ਼ੁਰੂਆਤ ਵਿੱਚ ਪਰਵਾਸੀ ਭਾਈਚਾਰੇ ਦਾ ਦਖ਼ਲ ਨਜ਼ਰ ਨਹੀਂ ਆਉਂਦਾ।
ਖੱਬੇਪੱਖੀ ਸਿਆਸਤ ਨਾਲ ਜੁੜੇ ਰਹੇ ਚਰਨ ਗਿੱਲ ਮੰਨਦੇ ਕਿ ਜਦੋਂ ਸਰਕਾਰ ਨੇ ਇਸ ਲਹਿਰ ਨੂੰ ਜ਼ਬਰੀ ਦਬਾ ਦਿੱਤਾ ਅਤੇ ਇਹ ਆਪਸੀ ਵਖਰੇਵਿਆਂ ਨਾਲ ਢਹਿਢੇਰੀ ਹੋ ਰਹੀ ਸੀ ਤਾਂ ਇਸ ਦੇ ਕਾਫੀ ਆਗੂ ਵਿਦੇਸ਼ਾਂ ਵਿੱਚ ਜਾ ਵੱਸੇ ਅਤੇ ਕੁਝ ਖ਼ਾਲਿਸਤਾਨ ਲਹਿਰ ਜੋ ਸ਼ੁਰੂ ਹੋ ਰਹੀ ਸੀ ਉਸ ਵੱਲ ਚਲੇ ਗਏ।

ਤਸਵੀਰ ਸਰੋਤ, Getty Images
ਖ਼ਾਲਿਸਤਾਨ ਲਹਿਰ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਬੀਬੀਸੀ ਪੰਜਾਬੀ ਲਈ ਲਿਖੇ ਇੱਕ ਲੇਖ ਵਿੱਚ ਲਿਖਦੇ ਹਨ, “ਖ਼ਾਲਿਸਤਾਨ ਸ਼ਬਦ ਦਾ ਜਿਕਰ ਭਾਵੇਂ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਹੀ ਮਿਲਦਾ ਹੈ, ਪਰ ਖ਼ਾਲਿਸਤਾਨ ਦੀ ਮੰਗ ਕੁਝ ਸਿੱਖ ਆਗੂਆਂ ਜਿਵੇਂ ਇੰਗਲੈਂਡ ਤੋਂ ਚਰਨ ਸਿੰਘ ਪੰਛੀ ਤੇ ਫ਼ਿਰ 70ਵਿਆਂ ਦੇ ਸ਼ੁਰੂ ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਕੀਤੀ ਸੀ।
ਡਾ. ਜਗਜੀਤ ਸਿੰਘ ਚੌਹਾਨ 1970ਵੇਂ ਦੇ ਦਹਾਕੇ ਵਿੱਚ ਬਰਤਾਨੀਆ ਨੂੰ ਆਪਣਾ ਆਧਾਰ ਬਣਾ ਕੇ ਅਮਰੀਕਾ ਅਤੇ ਪਾਕਿਸਤਾਨ ਦਾ ਦੌਰਾ ਵੀ ਕਰਦੇ ਰਹੇ ਸਨ।
ਕੁਝ ਨੌਜਵਾਨ ਸਿੱਖਾਂ ਨੇ ਖ਼ਾਲਿਸਤਾਨ ਤੇ ਹੋਰ ਸਿਆਸੀ ਉਦੇਸ਼ਾਂ ਲਈ 1978 ਵਿੱਚ ਚੰਡੀਗੜ੍ਹ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਸੀ।
ਜਗਤਾਰ ਸਿੰਘ ਲਿਖਦੇ ਹਨ ਕਿ ਸਿੱਖ ਖਾੜਕੂਆਂ ਦੇ ਸੰਘਰਸ਼ ਦਾ ਪਹਿਲਾ ਗੇੜ ਸਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਆਪਰੇਸ਼ਨ ਬਲਿਊ ਸਟਾਰ ਤਹਿਤ ਫ਼ੌਜੀ ਹਮਲੇ ਨਾਲ ਖ਼ਤਮ ਹੋਇਆ। ਇਸ ਨੂੰ ‘ਆਪ੍ਰੇਸ਼ਨ ਬਲੂ ਸਟਾਰ’ ਕਿਹਾ ਗਿਆ।
ਹਾਲਾਂਕਿ ਇਸ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਇਸ ਸੰਘਰਸ਼ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਕਦੇ ਵੀ ਸਪੱਸ਼ਟ ਤੌਰ 'ਤੇ ਕਦੇ ਇਸ ਦੀ ਮੰਗ ਨਹੀਂ ਸੀ ਕੀਤੀ।
ਹਾਂ, ਪਰ ਉਨ੍ਹਾਂ ਨੇ ਇੱਕ ਨਾਅਰਾ ਜ਼ਰੂਰ ਬਣਾਇਆ ਸੀ, 'ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਖ਼ਾਲਿਸਤਾਨ ਦੀ ਨੀਂਹ ਰੱਖੇਗਾ।' ਉਨ੍ਹਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅਪਣਾਏ ਗਏ ਸ੍ਰੀ ਆਨੰਦਪੁਰ ਸਾਹਿਬ 1973 ਦੇ ਮਤੇ ਨੂੰ ਲਾਗੂ ਕਰਵਾਉਣ ਲਈ ਦਬਾਅ ਪਾਇਆ ਸੀ।

ਤਸਵੀਰ ਸਰੋਤ, SATPAL DANISH
ਅਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਵੱਲੋਂ ਪਾਸ ਕੀਤਾ ਗਿਆ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕਰਨ ਵਾਲਾ ਮਤਾ ਸੀ।
1966 ਵਿੱਚ ਪੰਜਾਬ ਦੇ ਪੁਨਰ ਗਠਨ ਵਿੱਚ ਪੂਰੀ ਤਰ੍ਹਾਂ ਮਸਲਿਆਂ ਦਾ ਨਿਪਟਾਰਾ ਨਾ ਹੋਣ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਮਿਲਣ ਅਤੇ ਦਰਿਆਈ ਪਾਣੀਆਂ ਦੀ ਵੰਡ ਦਾ ਵਿਵਾਦ ਧਰਮਯੁੱਧ ਮੋਰਚੇ ਦਾ ਅਧਾਰ ਬਣਿਆ, ਜੋ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਖ਼ਾਲਿਸਤਾਨ ਦੀ ਲੜਾਈ ਵਿੱਚ ਬਦਲ ਗਿਆ।
1980-90 ਵਿਆਂ ਦੌਰਾਨ ਚੱਲੀ ਇਸ ਲਹਿਰ ਵਿੱਚ ਸੈਂਕੜੇ ਲੋਕ ਪੁਲਿਸ ਮੁਕਾਬਲਿਆਂ ਤੇ ਸੁਰੱਖਿਆਂ ਬਲਾਂ ਦੀਆਂ ਕਾਰਵਾਈਆਂ ਅਤੇ ਕੱਟੜਪੰਥੀਆਂ ਹੱਥੋਂ ਮਾਰੇ ਗਏ। ਹਜ਼ਾਰਾਂ ਨੇ ਜੇਲ੍ਹਾਂ ਕੱਟੀਆਂ, ਕੁਝ ਤਾਂ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ।
1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਫੌਜੀ ਕਾਰਵਾਈ ਅਤੇ ਫੇਰ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦਾ ਨਿਆਂ ਨਾ ਹੋਣ ਕਾਰਨ ਸਿੱਖ ਭਾਈਚਾਰੇ ਦੇ ਮਨਾਂ ਵਿੱਚ ਰੋਸ ਘਰ ਕਰ ਗਿਆ। ਜਿਸ ਕਾਰਨ ਖ਼ਾਲਿਸਤਾਨ ਲਹਿਰ ਦੇ ਕਾਰਕੁਨਾਂ ਲਈ ਪਰਵਾਸੀ ਭਾਈਚਾਰੇ ਤੋਂ ਸਮਰਥਨ ਹਾਸਲ ਕਰਨਾ ਸੁਖਾਲਾ ਹੈ।
ਇਨ੍ਹਾਂ ਘਟਨਾਵਾਂ ਨੂੰ ਜਦੋਂ ਵੀ ਵਿਦੇਸ਼ਾਂ ਵਿੱਚ ਯਾਦ ਕੀਤਾ ਜਾਂਦਾ ਹੈ ਤਾਂ ਵੱਡੇ ਨਗਰ ਕੀਰਤਨ ਹੁੰਦੇ ਹਨ, ਉਨ੍ਹਾਂ ਵਿੱਚ ਵੱਡੀ ਗਿਣਤੀ ਲੋਕ ਸ਼ਾਮਲ ਹੁੰਦੇ ਹਨ, ਖ਼ਾਲਿਸਤਾਨੀ ਸਮਰਥਕ ਵੀ ਇਸ ਵਿੱਚ ਸ਼ਮੂਲੀਅਤ ਕਰਦੇ ਹਨ, ਉਹ ਜਦੋਂ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਹਨ ਤਾਂ ਅਜਿਹਾ ਪ੍ਰਭਾਵ ਮਿਲਦਾ ਹੈ ਜਿਵੇਂ ਸਾਰਾ ਇਕੱਠ ਖਾਲਿਸਤਾਨ ਦੇ ਹੱਕ ਵਿੱਚ ਹੀ ਹੋਵੇ।

ਤਸਵੀਰ ਸਰੋਤ, Getty Images
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ
ਨਵੰਬਰ 2020 ਨੂੰ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਵੱਡਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਜੋ ਕਰੀਬ ਇੱਕ ਸਾਲ ਦਿੱਲੀ ਦੀਆਂ ਸਰਹੱਦਾਂ ਉੱਤੇ ਡਟਿਆ ਰਿਹਾ।
ਭਾਵੇਂ ਕਿ ਇਸ ਵਿੱਚ ਹਰਿਆਣਾ, ਯੂਪੀ, ਉੱਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਦੇ ਕਿਸਾਨ ਸ਼ਾਮਲ ਸਨ, ਪਰ ਇਸ ਦੀ ਅਗਵਾਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਸਨ।
ਇਨ੍ਹਾਂ ਕਿਸਾਨ ਜਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਗਰੁੱਪਾਂ ਦੇ ਨਾਲ-ਨਾਲ ਵੱਡੀ ਗਿਣਤੀ ਨਕਸਲਵਾਦੀ ਲਹਿਰ ਤੇ ਖੱਬੇਪੱਖੀ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਦੀ ਸੀ। ਪਰ ਇਹ ਅੰਦੋਲਨ ਸਾਰੀਆਂ ਵਿਚਾਰਧਾਵਾਂ ਤੋਂ ਉੱਪਰ ਚਲਾ ਗਿਆ ਅਤੇ ਲੋਕ ਅੰਦੋਲਨ ਵਿੱਚ ਬਦਲ ਗਿਆ।
ਇਸ ਅੰਦੋਲਨ ਨੂੰ ਪਰਵਾਸੀ ਭਾਈਚਾਰੇ ਨੇ ਵੱਡਾ ਸਮਰਥਨ ਦਿੱਤਾ ਗਿਆ। ਲੰਗਰ ਲਾਏ ਗਏ, ਜ਼ਰੂਰੀ ਵਸਤਾਂ ਵੰਡੀਆਂ ਗਈਆਂ ਅਤੇ ਆਰਥਿਕ ਮਦਦ ਵੀ ਮਹੱਈਆ ਕਰਵਾਈ ਗਈ।
ਪਰਵਾਸੀ ਭਾਈਚਾਰੇ ਦੇ ਸਮਰਥਨ ਕਾਰਨ ਵੀ ਕਿਸਾਨ ਅੰਦੋਲਨ ਨੂੰ ਕਦੇ ਖਾਲਿਸਤਾਨੀ ਅਤੇ ਕਦੇ ਨਕਸਲਵਾਦੀ ਅੰਦੋਲਨ ਕਿਹਾ ਗਿਆ। ਆਈਐੱਨਏ ਨੇ 40 ਤੋਂ ਵੱਧ ਲੋਕਾਂ ਨੂੰ ਵਿਦੇਸ਼ਾਂ ਵਿੱਚੋਂ ਫੰਡ ਲੈਣ ਲਈ ਨੋਟਿਸ ਵੀ ਭੇਜੇ ਸੀ।
ਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਰਕੇ ਕਈ ਪਰਵਾਸੀ ਸਿੱਖਾਂ ਜਿਨ੍ਹਾਂ ਕਾਰੋਬਾਰੀ, ਪੱਤਰਕਾਰ ਅਤੇ ਕਾਰਕੁਨ ਸ਼ਾਮਲ ਸਨ, ਨੂੰ ਅੰਦੋਲਨ ਤੋਂ ਬਾਅਦ ਭਾਰਤ ਵਿੱਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਗਿਆ।
ਜਿਵੇਂ -ਜਿਵੇਂ ਭਾਰਤ ਵਿੱਚ ਕਿਸਾਨ ਅੰਦੋਲਨ ਕਰ ਰਹੇ ਸਨ, ਉਵੇਂ ਹੀ ਕੈਨੇਡਾ, ਅਮਰੀਕਾ, ਯੂਕੇ, ਨਿਊਜੀਲੈਂਡ ਅਤੇ ਆਸਟ੍ਰੇਲੀਆਂ ਵਿੱਚ ਰੋਸ ਮਾਰਚ ਹੋ ਰਹੇ ਸਨ। ਇਹ ਪਰਵਾਸੀ ਭਾਈਚਾਰੇ ਦਾ ਹੀ ਪ੍ਰਭਾਵ ਸੀ ਕਿ ਕਿਸਾਨ ਅੰਦੋਲਨ ਦੀ ਗੂੰਜ ਕਈ ਮੁਲਕਾਂ ਦੀ ਸੰਸਦ ਵਿੱਚ ਪਈ ਸੀ।

ਪਰਵਾਸੀਆਂ ਨੂੰ ਜੜ੍ਹਾਂ ਦੀ ਚਿੰਤਾਂ
ਡਾਕਟਰ ਹਰੀਸ਼ ਪੁਰੀ ਕਹਿੰਦੇ ਹਨ, “ਪਰਵਾਸੀ ਲੋਕ ਭਾਵੇਂ ਵਿਦੇਸ਼ਾਂ ਵਿੱਚ ਦਹਾਕਿਆਂ ਤੋਂ ਰਹਿ ਰਹੇ ਹਨ, ਪਰ ਉਨ੍ਹਾਂ ਨੂੰ ਆਪਣੇ ਮੁਲਕ ਦੀਆਂ ਜੜ੍ਹਾਂ ਨਹੀਂ ਭੁੱਲਦੀਆਂ। ਜਦੋਂ ਵੀ ਭਾਰਤ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਸਿਆਸੀ ਸੰਕਟ ਆਉਂਦਾ ਹੈ ਜਾਂ ਉਨ੍ਹਾਂ ਮੁਤਾਬਕ ਕੁਝ ਗ਼ਲਤ ਹੁੰਦਾ ਹੈ, ਤਾਂ ਉਹ ਇਸ ਨੂੰ ਠੀਕ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦੀ ਸੋਚਦੇ ਹਨ।”
ਡਾਕਟਰ ਪੁਰੀ ਕਹਿੰਦੇ ਹਨ, “ਕਿਸੇ ਵੀ ਲਹਿਰ ਲਈ ਫੰਡ ਦੇਣ ਜਾਂ ਸਮਰਥਨ ਕਰਨ ਵਾਲਿਆਂ ਦੀ ਭਾਵਨਾਂ ਚੰਗੀ ਹੁੰਦੀ ਹੈ, ਮਿਸਾਲ ਵਜੋਂ ਜਦੋਂ ਕੋਈ ਖ਼ਾਲਿਸਤਾਨ ਜਾਂ ਸਿੱਖਸ ਫਾਰ ਜਸਟਿਸ ਦੀ ਗੱਲ ਕਰਦਾ ਹੈ ਤਾਂ ਇਨ੍ਹਾਂ ਨਾਵਾਂ ਵਿੱਚ ਕੁਝ ਵੀ ਗ਼ਲਤ ਨਹੀਂ ਲੱਗਦਾ, ਪਰ ਜਦੋਂ ਲੋਕ ਪਰਵਾਸੀਆਂ ਦੀ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਹਿੱਤ ਸਾਧ ਦੇ ਹਨ ਤਾਂ ਗੜਬੜ ਹੁੰਦੀ ਹੈ।”
ਵਿਦੇਸ਼ਾਂ ਵਿੱਚ ਸਮਰਥਕ ਤਾਂ ਪੰਜਾਬ ਦੇ ਡੇਰਿਆਂ ਦੇ ਸਭ ਤੋਂ ਵੱਧ ਹਨ, ਉਹ ਫੰਡ ਵੀ ਭੇਜਦੇ ਹਨ ਤੇ ਆਪਣੇ ਪਿੰਡਾਂ ਕਸਬਿਆਂ ਦੇ ਸੁਧਾਰਾਂ ਲਈ ਅੱਗੇ ਵੀ ਆਉਂਦੇ ਹਨ, ਪਰ ਇਹ ਲੋਕ ਵੋਕਲ ਨਹੀਂ ਹਨ।
ਡਾਕਟਰ ਪੁਰੀ ਕਹਿੰਦੇ ਹਨ, “ਪਹਿਲੀ ਗੱਲ ਲੋਕ ਆਪਣੀਆਂ ਜੜ੍ਹਾਂ ਦੀ ਚਿੰਤਾਂ ਕਰਦੇ ਹਨ, ਦੂਜਾ ਉਨ੍ਹਾਂ ਨੇ ਕਾਫੀ ਪੈਸੇ ਵੀ ਕਮਾਏ ਹਨ। ਇਸ ਲਈ ਜਦੋਂ ਵੀ ਕੋਈ ਵੀ ਜੱਦੀ ਮੁਲਕ ਵਿੱਚ ਸੰਕਟ ਹੋਵੇ ਤਾਂ ਉਹ ਮਦਦ ਕਰਨੀ ਚਾਹੁੰਦੇ ਹਨ। ਪਰ ਅੱਜ ਕੱਲ ਬਹੁਤ ਸਾਰੀਆਂ ਗੈਂਗਜ਼, ਗੁਰਦੁਆਰਿਆਂ ਦੀ ਸਿਆਸਤ ਤੇ ਨਿੱਜੀ ਹਿੱਤ ਮਿਕਸ ਹੋ ਗਏ ਹਨ। ਇਨ੍ਹਾਂ ਦੇ ਆਪੋ-ਆਪਣੇ ਹਿੱਤ ਹਨ। ਜਿਸ ਵਿੱਚ ਲੋਕ ਫਰਕ ਨਹੀਂ ਕਰ ਪਾਉਂਦੇ।”
ਅਮਰਜੀਤ ਗਰੇਵਾਲ ਕਹਿੰਦੇ ਹਨ ਕਿ ਇਸ ਵੇਲੇ ਪੰਜਾਬੀਆਂ ਦੀ ਗਿਣਤੀ ਭਾਵੇਂ ਭਾਰਤੀ ਪੰਜਾਬ ਵਿੱਚ ਜਿਆਦਾ ਹੈ, ਪਰ ਵਿਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬੀਆਂ ਦਾ ਪੈਸੇ ਕਾਰਨ ਜਿਆਦਾ ਪ੍ਰਭਾਵ ਹੈ। ਜਦੋਂ ਉਹ ਵਿਦੇਸ਼ਾਂ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ ਤਾਂ ਉਨ੍ਹਾਂ ਦਾ ਪ੍ਰਭਾਵ ਵਧ ਜਾਂਦਾ ਹੈ। ਅੱਜ ਦੀ ਗਲੋਬਲਾਇਜ਼ਡ ਸਿਆਸਤ ਨੇ ਵੀ ਪਰਵਾਸੀ ਭਾਈਚਾਰੇ ਅਸਰ ਨੂੰ ਵਧਾਇਆ ਹੈ।












