ਗ਼ਦਰ ਪਾਰਟੀ ਦੇ ਇਤਿਹਾਸ ਤੋਂ ਜਾਣਕਾਰੀ ਲੈਣਗੇ ਅਮਰੀਕੀ

ਤਸਵੀਰ ਸਰੋਤ, VANCOUVER PUBLIC LIBRARY
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਹਿੱਸਾ ਰਹੀ ਗ਼ਦਰ ਪਾਰਟੀ ਦਾ ਇਤਿਹਾਸ ਹੁਣ ਅਮਰੀਕਾ ਦੇ ਬੱਚੇ ਪੜ੍ਹਣਗੇ।
ਪਾਰਟੀ ਦੇ 105 ਸਾਲ ਪੂਰੇ ਹੋਣ 'ਤੇ ਅਮਰੀਕਾ ਦੇ ਓਰੇਗਨ ਸੂਬੇ ਵਿੱਚ ਪ੍ਰਬੰਧਤ ਇੱਕ ਪ੍ਰੋਗਰਾਮ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ।
ਅਸਟੋਰੀਆ ਸ਼ਹਿਰ ਵਿੱਚ ਹੋਏ ਪ੍ਰੋਗਰਾਮ 'ਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਇਤਿਹਾਸ ਹੁਣ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ।
ਪ੍ਰੋਗਰਾਮ ਦਾ ਪ੍ਰਬੰਧ ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਸਟੋਰਿਆ ਨੇ ਕੀਤਾ ਸੀ।

ਇਹ ਵੀ ਪੜ੍ਹੋ:

ਕੀ ਸੀ ਗ਼ਦਰ ਪਾਰਟੀ
ਗ਼ਦਰ ਪਾਰਟੀ ਸਾਮਰਾਜਵਾਦ ਦੇ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਐਲਾਨ ਅਤੇ ਭਾਰਤ ਦੀ ਪੂਰੀ ਆਜ਼ਾਦੀ ਦੀ ਮੰਗ ਕਰਨ ਵਾਲੀ ਸਿਆਸੀ ਪਾਰਟੀ ਸੀ।
ਇਹ ਪਾਰਟੀ ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਪਰਸਵਾਸੀ ਭਾਰਤੀਆਂ ਨੇ 1913 'ਚ ਬਣਾਈ ਸੀ।

ਤਸਵੀਰ ਸਰੋਤ, Facebook/Gurinder Singh Khalsa
ਉਸ ਦੇ ਸੰਸਥਾਪਕ ਸਰਦਾਰ ਸੋਹਨ ਸਿੰਘ ਭਕਨਾ ਸਨ। ਪਾਰਟੀ ਦਾ ਮੁੱਖ ਦਫ਼ਤਰ ਸੈਨ ਫਰਾਂਸਿਸਕੋ ਵਿੱਚ ਸੀ।
ਇਸ ਪਾਰਟੀ ਦੇ ਪਿੱਛੇ ਲਾਲਾ ਹਰਦਿਆਲ ਦੀ ਸੋਚ ਸੀ, ਜਿਨ੍ਹਾਂ ਨੂੰ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਆਜ਼ਾਦੀ ਅੰਦੋਲਨ ਨਾਲ ਜੁੜੀਆਂ ਗਤੀਵਿਧੀਆਂ ਚਲਾਉਣ ਦੇ ਇਲਜ਼ਾਮ ਵਿੱਚ ਬਾਹਰ ਕੱਢ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਭਾਰਤੀ ਪਰਵਾਸੀਆਂ ਨੂੰ ਜੋੜਨਾ ਸ਼ੁਰੂ ਕੀਤਾ ਅਤੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ।
ਪਾਰਟੀ ਦੇ ਵਧੇਰੇ ਮੈਂਬਰ ਪੰਜਾਬ ਦੇ ਸਾਬਕਾ ਸੈਨਿਕ ਅਤੇ ਕਿਸਾਨ ਸਨ, ਜੋ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਅਮਰੀਕਾ ਗਏ ਸਨ।
ਕੌਮਾਗਾਟਾ ਮਾਰੂ
ਭਾਰਤ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਪਾਰਟੀ ਨੇ ਹਿੰਦੀ ਅਤੇ ਉਰਦੂ ਵਿੱਚ 'ਗ਼ਦਰ' ਨਾਮ ਦਾ ਅਖ਼ਬਾਰ ਵੀ ਕੱਢਿਆ ਸੀ। ਉਹ ਇਸ ਨੂੰ ਵਿਦੇਸ਼ ਵਿੱਚ ਰਹਿੰਦੇ ਭਾਰਤੀ ਲੋਕਾਂ ਨੂੰ ਭੇਜਦੇ ਸਨ।

ਤਸਵੀਰ ਸਰੋਤ, VANCOUVER PUBLIC LIBRARY
ਸਾਲ 1914 ਵਿੱਚ 376 ਭਾਰਤੀ ਅਕਾਲ ਅਤੇ ਅੰਗਰੇਜ਼ੀ ਹਕੂਮਤ ਤੋਂ ਤੰਗ ਆ ਕੇ ਰੁਜ਼ਗਾਰ ਦੀ ਭਾਲ ਵਿੱਚ ਕੌਮਾਗਾਟਾ ਮਾਰੂ ਜਹਾਜ਼ 'ਚ ਕੈਨੇਡਾ ਜਾ ਰਹੇ ਸਨ।
ਜਹਾਜ਼ ਨੂੰ ਗ਼ਦਰ ਪਾਰਟੀ ਨਾਲ ਜੁੜੇ ਬਾਬਾ ਗੁਰਦਿੱਤ ਸਿੰਘ ਨੇ ਕਿਰਾਏ 'ਤੇ ਲਿਆ ਸੀ। ਉਸ ਵੇਲੇ ਕੈਨੇਡਾ ਵਿੱਚ ਪਰਵਾਸੀਆਂ ਲਈ ਕਾਨੂੰਨ ਸਖ਼ਤ ਕੀਤੇ ਜਾ ਰਹੇ ਸਨ। ਇਹ ਅੰਗਰੇਜ਼ੀ ਹਕੂਮਤ ਦੇ ਕਹਿਣ 'ਤੇ ਬਣਾਏ ਜਾ ਰਹੇ ਸਨ।
ਕੌਮਾਗਾਟਾ ਮਾਰੂ ਵਿੱਚ ਸਵਾਰ 376 ਭਾਰਤੀ ਮੁਸਾਫ਼ਰਾਂ ਵਿੱਚੋਂ ਸਿਰਫ਼ 24 ਨੂੰ ਕੈਨੇਡਾ ਸਰਕਾਰ ਨੇ ਵੈਨਕੂਵਰ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ:

ਭਾਰਤ ਵਿੱਚ ਗ਼ਦਰ ਅੰਦੋਲਨ
ਗ਼ਦਰ ਪਾਰਟੀ ਦੇ ਦਬਾਅ ਦੇ ਬਾਵਜੂਦ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਕਰੀਬ 6 ਮਹੀਨੇ ਸਮੁੰਦਰ ਵਿੱਚ ਘੁੰਮਣ ਤੋਂ ਬਾਅਦ ਇਹ ਜਹਾਜ਼ ਕੋਲਕਾਤਾ ਵਿੱਚ ਬਜ-ਬਜ ਬੰਦਰਗਾਹ ਪਹੁੰਚਿਆ।
ਕੋਲਕਾਤਾ ਪਹੁੰਚਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਪੰਜਾਬ ਵਾਪਸ ਜਾਣ ਲਈ ਕਿਹਾ ਗਿਆ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
29 ਸਤੰਬਰ 1914 ਨੂੰ ਬਾਬਾ ਗੁਰਦਿੱਤ ਸਿੰਘ ਅਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ 'ਤੇ ਪੁਲਿਸ ਭੇਜੀ ਗਈ ਪਰ ਜਹਾਜ਼ 'ਤੇ ਸਵਾਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ:

ਪਹਿਲੀ ਵਿਸ਼ਵ ਜੰਗ ਵਿੱਚ ਉਲਝੀ ਅਤੇ ਗ਼ਦਰ ਪਾਰਟੀ ਦੀਆਂ ਯੋਜਨਾਵਾਂ ਤੋਂ ਪ੍ਰੇਸ਼ਾਨ ਅੰਗਰੇਜ਼ ਸਰਕਾਰ ਨੇ ਯਾਤਰੀਆਂ 'ਤੇ ਗੋਲੀਆਂ ਚਲਾਈਆਂ, ਜਿਸ ਵਿੱਚ 15 ਯਾਤਰੀ ਮਾਰੇ ਗਏ ਸਨ।
ਹਾਲਾਂਕਿ, ਬਾਬਾ ਗੁਰਦਿੱਤ ਸਿੰਘ ਕਈ ਹੋਰ ਲੋਕਾਂ ਦੇ ਨਾਲ ਭੱਜ ਗਏ ਅਤੇ ਬਾਕੀ ਯਾਤਰੀਆਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ।
ਇਸੇ ਘਟਨਾ ਤੋਂ ਬਾਅਦ ਭਾਰਤ ਵਿੱਚ ਗ਼ਦਰ ਅੰਦੋਲਨ ਦੀ ਸ਼ੁਰੂਆਤ ਹੋਈ। ਪਾਰਟੀ ਦਾ ਉਦੇਸ਼ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਵਿਦਰੋਹ ਕਰਨ ਅਤੇ ਉਨ੍ਹਾਂ ਦੇ ਕਤਲ ਦਾ ਸੀ।












