ਕਰਤਾਰ ਸਿੰਘ ਸਰਾਭਾ: 'ਤੇਰੀ ਸਜ਼ਾ ਮਾਫ਼ ਕਰ ਸਕਦੇ ਹਾਂ, ਜੇ ਮਾਫ਼ੀ ਮੰਗ ਲਏ'- ਜੱਜ ਨੂੰ ਅੱਗੋਂ ਇਹ ਮਿਲਿਆ ਜਵਾਬ
ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦੇ ਮੋਹਰੀ ਆਗੂਆਂ ਵਿਚੋਂ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ।
1912 ਵਿੱਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਵਿਚ ਸਰਗਰਮ ਹੋ ਗਏ। ਗਦਰ ਪਾਰਟੀ ਭਾਰਤ ਨੂੰ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸੀ।
ਕਰਤਾਰ ਸਿੰਘ ਸਰਾਭਾ 1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।
ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਇਤਿਹਾਸਕਾਰ ਹਰੀਸ਼ ਪੁਰੀ ਨਾਲ ਗੱਲਬਾਤ ਕੀਤੀ ਅਤੇ ਉਸੇ ਗੱਲਬਾਤ 'ਤੇ ਆਧਾਰਿਤ ਹੈ ਕਰਤਾਰ ਸਿੰਘ ਸਰਾਭਾ ਬਾਰੇ ਇਹ ਜਾਣਕਾਰੀ।
ਕਰਤਾਰ ਸਿੰਘ ਸਰਾਭਾ ਦੀ ਸਖਸ਼ੀਅਤ
ਕਰਤਾਰ ਸਿੰਘ ਸਰਾਭਾ ਦੀ ਉਮਰ ਕਾਫੀ ਘੱਟ ਸੀ ਜਦੋਂ ਉਹ ਭਾਰਤ ਪਰਤੇ ਸੀ। ਕਰਤਾਰ ਸਿੰਘ ਦੀ ਵਚਨਬੱਧਤਾ ਅਤੇ ਜਜ਼ਬਾ ਕਾਫੀ ਪ੍ਰਭਾਵ ਛੱਡਦਾ ਸੀ।
ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਸੀ ਜੋ ਲੋਕ ਇੱਥੇ ਭਾਰਤ ਆਏ ਸੀ ਉਨ੍ਹਾਂ ਦੇ ਕੰਮ ਨੂੰ ਪੂਰੇ ਤਰੀਕੇ ਨਾਲ ਤੈਅ ਯੋਜਨਾ ਤਹਿਤ ਪੂਰਾ ਕਰਨਾ ਕਰਤਾਰ ਸਿੰਘ ਸਰਾਭਾ ਦੀ ਜ਼ਿੰਮਵਾਰੀ ਸੀ।

ਤਸਵੀਰ ਸਰੋਤ, Getty Images
ਕਰਤਾਰ ਸਿੰਘ ਵਿੱਚ ਹਿੰਮਤ ਬਹੁਤ ਸੀ ਅਤੇ ਉਨ੍ਹਾਂ ਨੇ ਕਈ ਥਾਂਵਾਂ ਦੀ ਯਾਤਰਾ ਕੀਤੀ ਸੀ। ਉਹ ਲੋਕਾਂ ਦਾ ਇਕੱਠ ਕਰਦੇ ਅਤੇ ਉਨ੍ਹਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਸੀ।
ਕਰਤਾਰ ਸਿੰਘ ਪੂਰੇ ਤਰੀਕੇ ਨਾਲ ਮੋਬਲਾਈਜ਼ ਸ਼ਖਸ ਸੀ ਅਤੇ ਆਪਣੇ ਸਾਥੀਆਂ ਵਿੱਚ ਉਨ੍ਹਾਂ ਦਾ ਕਾਫੀ ਸਤਿਕਾਰ ਸੀ ਅਤੇ ਉਹ ਕਿਸੇ ਵੀ ਤਰੀਕੇ ਦੀ ਕੁਰਬਾਨੀ ਦੇਣ ਨੂੰ ਤਿਆਰ ਸਨ।
ਇਹ ਵੀ ਪੜ੍ਹੋ :
ਗ਼ਦਰ ਪਾਰਟੀ ਨਾਲ ਕਿਵੇਂ ਜੁੜੇ?
ਜਦੋਂ ਅਮਰੀਕਾ ਵਿੱਚ ਐਸੋਸੀਏਸ਼ਨ ਬਣੀ ਤਾਂ ਉਸ ਵੇਲੇ ਬਾਕੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਵੀ ਉੱਥੇ ਸੀ।
ਭਾਵੇਂ ਉਸ ਵੇਲੇ ਉਹ ਮੁੱਖ ਲੀਡਰਾਂ ਵਿੱਚ ਨਹੀਂ ਸੀ ਪਰ ਫਿਰ ਵੀ ਲਾਲਾ ਹਰਦਿਆਲ ਨੇ ਸਰਾਭਾ ਬਾਰੇ ਬਾਕੀ ਲੋਕਾਂ ਨੂੰ ਦੱਸਿਆ ਸੀ।
ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ। ਲਾਲਾ ਹਰਦਿਆਲ ਨੇ ਉੱਥੇ ਦੱਸਿਆ ਕਿ ਕਰਤਾਰ ਸਿੰਘ ਅਤੇ ਜਗਤ ਰਾਮ ਨੇ ਸਟਾਕਟਨ ਦੇ ਨੇੜੇ ਇੱਕ ਅਜਿਹੀ ਮੀਟਿੰਗ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਨ੍ਹਾਂ ਨੇ ਹਿੰਦੁਸਤਾਨ ਤੋਂ ਆਏ ਪ੍ਰਵਾਸੀਆਂ ਵਿਚਾਲੇ ਸਿਆਸੀ ਚੇਤਨਾ ਦਾ ਮੁੱਢ ਬੰਨਿਆ ਸੀ।

ਤਸਵੀਰ ਸਰੋਤ, VANCOUVER PUBLIC LIBRARY
ਲਾਲਾ ਹਰਦਿਆਲ ਨੂੰ ਇਹ ਅਹਿਸਾਸ ਸੀ ਕਿ ਇਹ ਨੌਜਵਾਨ ਮੁੰਡਾ ਕਾਫੀ ਹਿੰਮਤੀ ਹੈ। ਇਸ ਨਾਲ ਸਾਰਿਆਂ ਨੂੰ ਇਹ ਸਮਝ ਆ ਚੁੱਕੀ ਸੀ ਕਿ ਲਾਲਾ ਹਰਦਿਆਲ ਦੇ ਕੰਮ ਸ਼ੁਰੂ ਕਰਦਿਆਂ ਹੀ ਕਰਤਾਰ ਸਿੰਘ ਸਰਾਭਾ ਇੱਕ ਅਹਿਮ ਰੋਲ ਅਦਾ ਕਰਨਗੇ।
ਜਦੋਂ ਗ਼ਦਰ ਅਖ਼ਬਾਰ ਦੀ ਛਪਾਈ ਸ਼ੁਰੂ ਹੁੰਦੀ ਹੈ ਉਸ ਵਿੱਚ ਲਾਲਾ ਹਰਦਿਆਲ ਦੇ ਨਾਲ ਸਭ ਤੋਂ ਪਹਿਲੇ ਬੰਦਿਆਂ ਵਿੱਚ ਜਗਤ ਰਾਮ, ਕਰਤਾਰ ਸਿੰਘ ਸਰਾਭਾ ਤੇ ਅਮਰ ਸਿੰਘ ਰਾਜਪੂਤ ਸ਼ਾਮਿਲ ਸਨ।
ਕਰਤਾਰ ਸਿੰਘ ਸਰਾਭਾ ਦੇ ਸਾਰੇ ਸਾਥੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਮਿਹਨਤੀ ਅਤੇ ਸਿਦਕੀ ਸੀ।
ਉਨ੍ਹਾਂ ਮੁਤਾਬਿਕ ਕਰਤਾਰ ਸਿੰਘ ਸਰਾਭਾ ਕਾਫੀ ਮਖੌਲੀਆ ਅਤੇ ਹਸਮੁੱਖ ਸਨ। ਇਸ ਲਈ ਲੋਕਾਂ ਨੂੰ ਸਰਾਭਾ ਨਾਲ ਪਿਆਰ ਵੀ ਬਹੁਤ ਸੀ ਅਤੇ ਲੋਕ ਉਨ੍ਹਾਂ ਦੀ ਕਦਰ ਵੀ ਕਰਦੇ ਸੀ।
ਭਾਰਤ ਵਿੱਚ ਲਹਿਰ ਬਾਰੇ ਭੂਮਿਕਾ
ਬਰਤਾਨਵੀ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕਰਕੇ ਵਿਦੇਸ਼ ਤੋਂ ਆਉਂਦੇ ਭਾਰਤੀਆਂ ਦੀ ਜਾਂਚ ਨੂੰ ਜ਼ਰੂਰੀ ਕਰ ਦਿੱਤਾ ਸੀ।
ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕੋਈ ਭਾਰਤੀ ਆਜ਼ਾਦ ਨਾ ਘੁੰਮੇ ਜਿਸਦਾ ਕੋਈ ਸਿਆਸੀ ਮੁੱਦਾ ਹੋਵੇ।
ਇਸ ਲਈ ਕੋਲਕਤਾ ਦੀ ਬੰਦਰਗਾਹ 'ਤੇ ਜਦੋਂ ਜਹਾਜ਼ ਪਹੁੰਚਦਾ ਤਾਂ ਸਾਰੇ ਭਾਰਤੀਆਂ ਦੀ ਜਾਂਚ ਹੁੰਦੀ ਸੀ।

ਤਸਵੀਰ ਸਰੋਤ, Elvis
ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸੀਆਈਡੀ ਕੋਲ ਸਾਰੀ ਜਾਣਕਾਰੀ ਹੁੰਦੀ ਸੀ ਕਿਉਂਕਿ ਗ਼ਦਰ ਪਾਰਟੀ ਨਾਲ ਜੁੜੇ ਲੋਕ ਖੁੱਲ੍ਹੇਆਮ ਆਪਣੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਦੇ ਸੀ।
ਇਸ ਲਈ ਜਦੋਂ ਵੀ ਜਹਾਜ਼ ਉਤਰਦਾ ਸੀ ਤਾਂ ਉਹ ਅਜਿਹੇ ਭਾਰਤੀਆਂ ਨੂੰ ਫੜ੍ਹ ਲੈਂਦੇ ਸੀ ਪਰ ਫਿਰ ਵੀ ਕਾਫੀ ਗ਼ਦਰੀ ਲੋਕ ਬਚਦੇ ਬਚਾਉਂਦੇ ਪੰਜਾਬ ਵੱਲ ਪਹੁੰਚ ਗਏ ਸੀ।
ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਨਾ ਅਤੇ ਜਥੇਬੰਦ ਕਰਨਾ ਕਰਤਾਰ ਸਿੰਘ ਸਰਾਭਾ ਦਾ ਕੰਮ ਸੀ।
ਭਾਰਤ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਕੋਲ ਸਭ ਤੋਂ ਵੱਡੀ ਸਮੱਸਿਆ ਸੀ ਕਿ ਉਹ ਕਰਨ ਕੀ।

ਤਸਵੀਰ ਸਰੋਤ, jasvir shetra/BBC
ਉਨ੍ਹਾਂ ਦੇ ਕੋਲ ਨਾ ਪੈਸੇ ਸਨ ਅਤੇ ਨਾ ਹੀ ਲੜਨ ਵਾਸਤੇ ਹਥਿਆਰ ਸਨ ਅਤੇ ਨਾ ਹੀ ਕੋਈ ਪ੍ਰੇਰਨਾ ਦੇਣ ਵਾਲਾ ਸਾਹਿਤ ਜਾਂ ਸੰਪਕਰ ਕਰਨ ਦਾ ਕੋਈ ਢਾਂਚਾ ਮੌਜੂਦ ਸੀ ।ਇਸ ਲਈ ਸਾਰੀ ਯੋਜਨਾ ਕਰਤਾਰ ਸਿੰਘ ਨੂੰ ਹੀ ਬਣਾਉਣੀ ਪੈਂਦੀ ਸੀ।
ਭਾਵੇਂ ਬੰਗਾਲ ਦੇ ਇਨਕਲਾਬੀਆਂ ਕੋਲ ਪਹੁੰਚ ਕਰਨੀ ਹੋਵੇ, ਜਾਂ ਰਾਸ ਬਿਹਾਰੀ ਬੋਸ ਵਰਗੇ ਇਨਕਲਾਬੀਆਂ ਨੂੰ ਪੰਜਾਬ ਲਿਆਉਣ ਹੋਵੇ ਜਾਂ ਇਹ ਫੈਸਲਾ ਕਰਨਾ ਹੋਵੇ ਕਿ ਫੰਡ ਇਕੱਠਾ ਕਰਨ ਦੇ ਲਈ ਕੁਝ ਅਮੀਰ ਲੋਕਾਂ ਦੇ ਘਰਾਂ ਵਿੱਚ ਡਕੈਤੀਆਂ ਕੀਤੀਆਂ ਜਾਣ, ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਲਏ ਗਏ ਸਨ।
ਹਥਿਆਰਾਂ ਦੀ ਖਰੀਦ ਕਿੱਥੋਂ ਹੋ ਸਕਦੀ ਹੈ ਜਾਂ ਹਥਿਆਰਾਂ ਜਾਂ ਬੰਬ ਕਿਵੇਂ ਬਣਾਏ ਜਾ ਸਕਦੇ ਹੈ ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਕੀਤੇ ਕੀਤੇ ਜਾ ਰਹੇ ਸੀ।
ਗਦਰ ਲਹਿਰ ਨਾਲ ਜੁੜੇ ਸਾਰੇ ਲੋਕ ਸਹੀ ਜਾਣਕਾਰੀ ਤੇ ਸਰੋਤਾਂ ਲਈ ਕਰਤਾਰ ਸਿੰਘ 'ਤੇ ਹੀ ਨਿਰਭਰ ਸਨ।
ਸਾਵਰਕਰ ਨੂੰ ਕਿਉਂ ਮੰਨਦੇ ਸੀ ਆਦਰਸ਼?
ਗਦਰ ਮੂਵਮੈਂਟ ਦੀ ਸ਼ੁਰੂਆਤੀ ਸੋਚ ਵੀਡੀ ਸਾਵਰਕਰ ਦੀ ਕਿਤਾਬ ਵਾਰ ਆਫ ਇੰਡੀਪੈਨਡੈਂਸ 1857 'ਤੇ ਆਧਿਰਤ ਹੈ।
ਉਸ ਕਿਤਾਬ ਵਿੱਚ ਦੱਸਿਆ ਗਿਆ ਸੀ ਕਿ ਹਰ ਫਿਰਕੇ ਦੇ ਲੋਕਾਂ ਨੇ ਖੁਦ ਨੂੰ ਅੰਗਰੇਜ਼ਾਂ ਦੇ ਖਿਲਾਫ ਜਥੇਬੰਦ ਕੀਤਾ ਸੀ ਅਤੇ ਇਹ ਪਹਿਲਾ ਕਦਮ ਸੀ ਅਤੇ ਹੁਣ ਦੂਜੇ ਕਦਮ ਦੀ ਲੋੜ ਹੈ।
1857 ਦੇ ਗਦਰ ਦੇ ਨਾਇਕਾਂ ਦਾ ਜ਼ਿਕਰ ਗ਼ਦਰ ਦੇ ਸਾਹਿਤ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਲਈ ਸਾਵਰਕਰ ਉਨ੍ਹਾਂ ਦੇ ਲਈ ਉਹ ਸ਼ਖਸ ਸੀ ਜਿਸਨੇ ਇਹ ਕਿਤਾਬ ਲਿਖੀ ਸੀ ਅਤੇ ਲਾਲਾ ਹਰਦਿਆਲ ਉਸ ਤੋਂ ਕਾਫੀ ਪ੍ਰਭਾਵਿਤ ਸਨ।
ਲਾਜ਼ਮੀ ਤੌਰ 'ਤੇ ਉਸ ਵੇਲੇ ਸਾਵਰਕਰ ਇੱਕ ਮੰਨੇ-ਪਰਮੰਨੇ ਇਨਕਲਾਬੀ ਸਨ। ਭਾਵੇਂ ਬਾਅਦ ਵਿੱਚ ਸਾਵਰਕਰ ਦੇ ਵਿਚਾਰ ਬਦਲੇ ਉਹ ਹਿੰਦੁਤਵ ਦੇ ਸਕੌਲਰ ਬਣੇ। ਉਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਪਰ ਇਹ ਕਹਾਣੀ ਬਾਅਦ ਦੀ ਹੈ।
ਗਦਰ ਮੂਵਮੈਂਟ ਵੇਲੇ ਉਨ੍ਹਾਂ ਦੀ ਕਾਫੀ ਇੱਜ਼ਤ ਸੀ। ਸਾਵਰਕਰ ਦੇ ਸਾਹਿਤ ਨਾਲ ਉਹ ਕਾਫੀ ਪ੍ਰਭਾਵਿਤ ਸਨ ਅਤੇ ਉਸ ਕਿਤਾਬ ਦੇ ਹਿੱਸੇ ਕਿਸ਼ਤਾਂ ਵਿੱਚ ਗ਼ਦਰ ਅਖ਼ਬਾਰ ਵਿੱਚ ਵੀ ਛਪਦੇ ਸਨ।
'ਫਿਰ ਜਨਮ ਲੈ ਕੇ ਲੜਾਂਗਾ'
ਲਾਹੌਰ ਸਾਜ਼ਿਸ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ।
ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, "ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।''
ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, "ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।''
ਜੱਜ ਨੇ ਵੀ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।
(ਇਹ ਰਿਪੋਰਟ ਨਵੰਬਰ 2018 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ।)













