ਮਿਊਜ਼ਿਕ ਦੇ ਮੈਗਾ ਕੌਂਸਟਰਜ਼ ਅਤੇ ਟੂਰ ਕਿਵੇਂ ਬਣ ਗਏ 'ਨੋਟ ਛਾਪਣ ਦੀ ਮਸ਼ੀਨ'

ਤਸਵੀਰ ਸਰੋਤ, Getty Images/FBKaranAujla
2024 ਵਿੱਚ ਮਸ਼ਹੂਰ ਪੌਪ ਸਟਾਰ ਟੇਲਰ ਸਵਿਫਟ ਦੇ 'ਦਿ ਏਰਾਜ਼' ਟੂਰ ਦਾ ਆਖਰੀ ਪੜਾਅ ਕੈਨੇਡਾ ਵਿੱਚ ਸੀ। ਸੰਗੀਤ ਉਦਯੋਗ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਾ ਮਿਊਜ਼ਿਕ ਟੂਰ ਸੀ।
ਟੇਲਰ ਸਵਿਫਟ ਦਾ ਇਹ ਮੈਗਾ ਟੂਰ ਦੋ ਸਾਲਾਂ ਤੱਕ ਚੱਲਿਆ ਜਿਸ ਵਿੱਚ ਉਨ੍ਹਾਂ ਨੇ ਪੰਜ ਮਹਾਂਦੀਪਾਂ ਦੇ ਕਈ ਦੇਸ਼ਾਂ ਵਿੱਚ 149 ਲਾਈਵ ਮਿਊਜ਼ਿਕ ਕੌਂਸਰਟ ਕੀਤੇ।
ਇਸ ਟੂਰ ਨੇ ਦੋ ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਹੋਣ ਵਾਲੇ ਮੈਗਾ ਟੂਰ ਦੀ ਕਮਾਈ ਇਸ ਤੋਂ ਅੱਧੀ ਵੀ ਨਹੀਂ ਸੀ। ਟੇਲਰ ਸਵਿਫਟ ਨੇ ਸੰਗੀਤ ਉਦਯੋਗ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ।
ਨੌਂ ਮਹੀਨਿਆਂ ਬਾਅਦ ਪੌਪ ਬੈਂਡ ਕੋਲਡ ਪਲੇਅ ਨੇ ਆਪਣੇ 'ਮਿਊਜ਼ਿਕ ਆਫ ਦ ਸਫੀਅਰਜ਼' ਵਰਲਡ ਟੂਰ ਦਾ ਇੱਕ ਹੋਰ ਪੜਾਅ ਪੂਰਾ ਕੀਤਾ। ਕੋਲਡ ਪਲੇਅ ਦੇ ਮੈਗਾ ਟੂਰ ਨੇ ਹੁਣ ਤੱਕ 1.5 ਅਰਬ ਡਾਲਰ ਤੋਂ ਵੱਧ ਕਮਾ ਲਏ ਹਨ।
ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਕਰਨ ਔਜਲਾ ਅਤੇ ਏਪੀ ਢਿੱਲੋਂ ਸਮੇਤ ਹੋਰ ਵੀ ਕਈ ਗਾਇਕ ਵਰਲਡ ਟੂਰ ਕਰ ਰਹੇ ਹਨ। ਇਨ੍ਹਾਂ ਪੰਜਾਬੀ ਸਿੰਗਰਾਂ ਦੇ ਕੌਂਸਰਟ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ ਇਹ ਪ੍ਰੋਗਰਾਮ ਚਾਹੇ ਭਾਰਤ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਹਰ ਥਾਂ ਇਨ੍ਹਾਂ ਦੇ ਫੈਨਜ਼ ਪਹੁੰਚਦੇ ਹਨ। ਸਵਾਲ ਇਹ ਹੈ ਕਿ ਮਿਊਜ਼ਿਕ ਮੈਗਾ ਟੂਰ ਭਾਰੀ ਮੁਨਾਫੇ ਦਾ ਸਰੋਤ ਕਿਵੇਂ ਬਣ ਗਏ?
ਵੱਡਾ ਫੈਨ ਬੇਸ

ਤਸਵੀਰ ਸਰੋਤ, Getty Images
ਮਿਊਜ਼ਿਕ ਬੈਂਡ ਆਪਣਾ ਫੈਨ ਬੇਸ ਕਿਵੇਂ ਵਧਾਉਂਦੇ ਹਨ ਜਾਂ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਿਵੇਂ ਵਧਾ ਰਹੇ ਹਨ, ਇਹ ਸਮਝਣ ਲਈ ਦੱਖਣੀ ਕੋਰੀਆਈ ਸੰਗੀਤ ਸ਼ੈਲੀ ਕੇ-ਪੌਪ ਦੇ ਕਲਾਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਸਮਝਣਾ ਜ਼ਰੂਰੀ ਹੈ।
ਕੇ-ਪੌਪ ਦਰਅਸਲ ਕੋਰੀਆਈ ਅਤੇ ਕਈ ਪੱਛਮੀ ਸੰਗੀਤ ਸ਼ੈਲੀਆਂ ਦਾ ਮਿਸ਼ਰਣ ਹੈ। ਉਨ੍ਹਾਂ ਦੀਆਂ ਧੁਨਾਂ ਅਤੇ ਗੀਤਾਂ ਵਿੱਚ ਜੋਸ਼ ਅਤੇ ਜਾਨਦਾਰ ਬੀਟਸ ਹੁੰਦੀਆਂ ਹਨ। ਇਸ ਵਿੱਚ ਗੁੰਝਲਦਾਰ ਅਤੇ ਆਕਰਸ਼ਕ ਡਾਂਸ ਹੁੰਦਾ ਹੈ। ਇੰਨਾ ਹੀ ਨਹੀਂ, ਕੇ-ਪੌਪ ਬੈਂਡ ਆਪਣੇ ਫੈਨਜ਼ ਨਾਲ ਜੁੜਨ ਲਈ ਸੋਸ਼ਲ ਮੀਡੀਆ ਅਤੇ ਟੈਕਨਾਲੋਜੀ ਦੀ ਵੀ ਭਰਪੂਰ ਵਰਤੋਂ ਕਰਦੇ ਹਨ।
ਉਨ੍ਹਾਂ ਦੀ ਸਫਲਤਾ ਨੂੰ ਸਮਝਣ ਲਈ ਅਸੀਂ ਸਿਓਲ ਸਥਿਤ ਮਿਊਜ਼ਿਕ ਡਿਸਟਰੀਬਿਊਸ਼ਨ ਕੰਪਨੀ 'ਰੂਟ ਨੋਟਸ' ਦੇ ਏਸ਼ੀਆ ਮੁਖੀ ਕੇਵਿਨ ਕਿਮ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਕਲਾਕਾਰਾਂ ਅਤੇ ਕੋਰੀਆਈ ਕਲਾਕਾਰਾਂ ਵਿਚਕਾਰ ਇੱਕ ਵੱਡਾ ਫਰਕ ਇਹ ਹੈ ਕਿ ਕੋਰੀਆਈ ਕੇ-ਪੌਪ ਆਰਟਿਸਟ ਹਮੇਸ਼ਾ ਆਨਲਾਈਨ ਰਹਿੰਦੇ ਹਨ। ਯੂਟਿਊਬ 'ਤੇ ਉਨ੍ਹਾਂ ਦੀ ਮੌਜੂਦਗੀ ਰਹਿੰਦੀ ਹੈ। ਕਈ ਆਰਟਿਸਟ 'ਬਬਲ' ਐਪ 'ਤੇ ਸਿੱਧੇ ਆਪਣੇ ਫੈਨਜ਼ ਨਾਲ ਚੈਟ ਵੀ ਕਰਦੇ ਹਨ।
'ਬਬਲ' ਇੱਕ ਦੱਖਣੀ ਕੋਰੀਆਈ ਸੋਸ਼ਲ ਮੀਡੀਆ ਐਪ ਹੈ ਜਿਸ ਰਾਹੀਂ ਫੈਨਜ਼ ਆਪਣੇ ਮਿਊਜ਼ਿਕ ਸਟਾਰਸ ਤੋਂ ਸਿੱਧੇ ਮੈਸੇਜ ਪ੍ਰਾਪਤ ਕਰ ਸਕਦੇ ਹਨ। ਇਸ ਦਾ ਇਨ੍ਹਾਂ ਬੈਂਡਾਂ ਦੇ ਮੈਗਾ ਕੌਂਸਰਟਜ਼ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਰਿਹਾ ਹੈ।
ਕੇਵਿਨ ਕਿਮ ਕਹਿੰਦੇ ਹਨ ਕਿ ਇਸ ਐਪ ਰਾਹੀਂ ਕੇ-ਪੌਪ ਬੈਂਡ ਜਾਣਦੇ ਹਨ ਕਿ ਉਨ੍ਹਾਂ ਦੇ ਸਭ ਤੋਂ ਵੱਧ ਫੈਨਜ਼ ਕਿਹੜੇ ਇਲਾਕਿਆਂ ਵਿੱਚ ਹਨ ਅਤੇ ਉਸੇ ਆਧਾਰ 'ਤੇ ਉਹ ਆਪਣੇ ਕੌਂਸਰਟ ਟੂਰ ਤੈਅ ਕਰਦੇ ਹਨ ਅਤੇ ਆਪਣੇ ਪ੍ਰੋਗਰਾਮਾਂ ਦਾ ਐਲਾਨ ਕਰਦੇ ਹਨ।

ਤਸਵੀਰ ਸਰੋਤ, Getty Images
ਕੇ-ਪੌਪ ਬੈਂਡਾਂ ਦੇ ਕਈ ਫੈਨਜ਼ ਉਨ੍ਹਾਂ ਨੂੰ ਇੰਨਾ ਪਸੰਦ ਕਰਦੇ ਹਨ ਕਿ ਕਿਸੇ ਇੱਕ ਬੈਂਡ ਦੇ ਕੌਂਸਰਟ ਨੂੰ ਦੇਖਣ ਲਈ ਦੂਰ ਦੇ ਸ਼ਹਿਰਾਂ ਅਤੇ ਦੂਜੇ ਦੇਸ਼ਾਂ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਦੇ ਫੈਨਜ਼ ਨੱਚਦੇ-ਗਾਉਂਦੇ ਸਮਾਗਮ ਵਾਲੀ ਥਾਂ ਪਹੁੰਚਦੇ ਹਨ ਜਿਸ ਨਾਲ ਇਨ੍ਹਾਂ ਬੈਂਡਾਂ ਨੂੰ ਜ਼ਬਰਦਸਤ ਪਬਲੀਸਿਟੀ ਮਿਲਦੀ ਹੈ। ਕਈ ਵਾਰ ਇਹ ਫੈਨਜ਼ ਇੱਕ 'ਲਾਈਟ ਸਟਿਕ' ਲੈ ਕੇ ਆਉਂਦੇ ਹਨ ਜਿਸ ਦੇ ਰੰਗ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਖੇਤਰ ਦੇ ਹਨ।
ਇਸ ਲਾਈਟ ਸਟਿਕ ਦੀ ਲਾਈਟ ਨੂੰ ਕੌਂਸਰਟ ਦੇ ਪ੍ਰਬੰਧਕ ਕੰਟਰੋਲ ਕਰਦੇ ਹਨ, ਜਿਸ ਨਾਲ ਸੰਗੀਤ ਦੀ ਧੁਨ ਦੇ ਨਾਲ ਉਸ ਦੇ ਰੰਗ ਬਦਲਦੇ ਹਨ ਜਾਂ ਫਲੈਸ਼ ਨਿਕਲਦੇ ਹਨ, ਜਿਸ ਨਾਲ ਕੌਂਸਰਟ ਦਾ ਮਾਹੌਲ ਹੋਰ ਰੰਗੀਨ ਹੋ ਜਾਂਦਾ ਹੈ।
ਕੇਵਿਨ ਕਿਮ ਨੇ ਦੱਸਿਆ ਕਿ ਇਹ ਲਾਈਟ ਸਟਿਕਸ ਕਾਫੀ ਐਡਵਾਂਸ ਟੈਕਨਾਲੋਜੀ ਨਾਲ ਬਣੀਆਂ ਹੁੰਦੀਆਂ ਹਨ। ਸੰਗੀਤ ਦੇ ਉਤਾਰ-ਚੜ੍ਹਾਅ ਅਨੁਸਾਰ ਇਸ ਦੇ ਰੰਗ ਅਤੇ ਰੌਸ਼ਨੀ ਬਦਲਦੀ ਹੈ। ਕਦੇ ਕੌਂਸਰਟ ਹਾਲ ਦੇ ਸੱਜੇ ਪਾਸੇ ਲਾਈਟ ਸਟਿਕਸ ਜਗਦੀਆਂ ਹਨ ਤਾਂ ਕਦੇ ਖੱਬੇ ਪਾਸੇ।
ਇਸ ਨਾਲ ਦਰਸ਼ਕਾਂ ਅਤੇ ਸਰੋਤਿਆਂ ਲਈ ਕੌਂਸਰਟ ਦਾ ਤਜਰਬਾ ਕਾਫੀ ਵਧੀਆ ਹੋ ਜਾਂਦਾ ਹੈ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਉਸ ਸੰਗੀਤ ਦਾ ਹਿੱਸਾ ਹਨ। ਲਾਈਟ ਸਟਿਕ ਹੀ ਨਹੀਂ, ਬਲਕਿ ਕੋਰੀਆਈ ਕੇ-ਪੌਪ ਬੈਂਡ ਆਪਣੇ ਫੈਨਜ਼ ਨੂੰ ਬੈਂਡ ਨਾਲ ਜੁੜੀ ਕਾਫੀ ਹੋਰ ਸਮੱਗਰੀ ਵੀ ਵੇਚਦੇ ਹਨ।
ਕੇਵਿਨ ਕਿਮ ਨੇ ਕਿਹਾ, "ਕੋਰੀਆਈ ਬੈਂਡ ਆਪਣੇ ਬੈਂਡ ਦੇ ਜਾਂ ਉਸ ਦੇ ਸਟਾਰਸ ਦੀਆਂ ਤਸਵੀਰਾਂ ਦੇ ਪੋਸਟਰ, ਟੀ-ਸ਼ਰਟਾਂ ਅਤੇ ਕੀ-ਚੇਨ ਵਰਗੀਆਂ ਕਈ ਚੀਜ਼ਾਂ ਵੇਚਦੇ ਹਨ। ਹਰ ਕੌਂਸਰਟ ਲਈ ਨਵੀਆਂ ਤਸਵੀਰਾਂ ਦੇ ਨਾਲ ਟੀ-ਸ਼ਰਟਾਂ ਅਤੇ ਕੀ-ਚੇਨ ਬਣਾ ਕੇ ਜਾਰੀ ਕੀਤੇ ਜਾਂਦੇ ਹਨ।"
ਉਨ੍ਹਾਂ ਦੇ ਫੈਨਜ਼ ਇਹ ਚੀਜ਼ਾਂ ਬੜੇ ਸ਼ੌਕ ਨਾਲ ਖਰੀਦਦੇ ਅਤੇ ਇਕੱਠੀਆਂ ਕਰਦੇ ਹਨ।
ਇਹ ਸਾਰੀਆਂ ਰਣਨੀਤੀਆਂ ਕੌਂਸਰਟ ਟੂਰ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਮੁਨਾਫੇ ਵਿੱਚ ਲੈ ਆਈਆਂ ਹਨ। ਪਰ ਸਵਾਲ ਉੱਠਦਾ ਹੈ ਕਿ ਇਹ ਇੰਨਾ ਸਫਲ ਕਿਵੇਂ ਹੋਇਆ ਅਤੇ ਸੰਗੀਤ ਐਲਬਮ ਜਾਂ ਸੀਡੀ ਆਦਿ ਵੇਚ ਕੇ ਪੈਸੇ ਕਮਾਉਣ ਦੇ ਪੁਰਾਣੇ ਤਰੀਕਿਆਂ ਦਾ ਕੀ ਹੋਇਆ?
ਡਿਜੀਟਲ ਬਦਲਾਅ

ਤਸਵੀਰ ਸਰੋਤ, Getty Images
ਅਮਰੀਕਾ ਦੀ ਮਿਆਮੀ ਯੂਨੀਵਰਸਿਟੀ ਦੇ ਫਰੌਸਟ ਸਕੂਲ ਆਫ ਮਿਊਜ਼ਿਕ ਦੀ ਪ੍ਰੋਫੈਸਰ ਸੇਰੋਨਾ ਐਲਟਨ ਕਹਿੰਦੇ ਹਨ ਕਿ ਪਹਿਲਾਂ ਪੌਪ ਮਿਊਜ਼ਿਕ ਬੈਂਡ ਕੌਂਸਰਟ ਟੂਰ ਦੀ ਵਰਤੋਂ ਆਪਣੀ ਨਵੀਂ ਸੰਗੀਤ ਐਲਬਮ ਦੇ ਰਿਕਾਰਡ ਜਾਂ ਸੀਡੀ ਨੂੰ ਪ੍ਰਮੋਟ ਕਰਨ ਲਈ ਕਰਦੇ ਸਨ ਤਾਂ ਜੋ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਐਲਬਮ ਖਰੀਦਣ, ਪਰ ਹੁਣ ਇਹ ਮਿਊਜ਼ਿਕ ਬੈਂਡ ਕੌਂਸਰਟ ਟੂਰ ਤੋਂ ਸਿੱਧਾ ਮੁਨਾਫਾ ਕਮਾ ਰਹੇ ਹਨ।
ਉਨ੍ਹਾਂ ਅਨੁਸਾਰ ਇਸ ਦੀ ਇੱਕ ਵੱਡੀ ਵਜ੍ਹਾ ਪਿਛਲੇ ਵੀਹ ਸਾਲਾਂ ਵਿੱਚ ਡਿਜੀਟਲ ਟੈਕਨਾਲੋਜੀ ਵਿੱਚ ਆਏ ਬਦਲਾਅ ਹਨ ਕਿਉਂਕਿ ਪਹਿਲਾਂ ਲੋਕ ਕਿਸੇ ਆਰਟਿਸਟ ਦੀ ਐਲਬਮ ਖਰੀਦਣ ਮਿਊਜ਼ਿਕ ਸਟੋਰ ਜਾਂਦੇ ਸਨ ਪਰ ਹੁਣ ਉਹ ਉਨ੍ਹਾਂ ਦੇ ਗਾਣੇ ਆਸਾਨੀ ਨਾਲ ਇੰਟਰਨੈੱਟ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਕਈ ਵਾਰ ਗੈਰ-ਕਾਨੂੰਨੀ ਤਰੀਕੇ ਨਾਲ ਮੁਫਤ ਵਿੱਚ ਇਹ ਗਾਣੇ ਡਾਊਨਲੋਡ ਕਰਦੇ ਹਨ।
ਸੇਰੋਨਾ ਐਲਟਨ ਨੇ ਕਿਹਾ ਕਿ, "ਪਹਿਲਾਂ ਸਭ ਤੋਂ ਜ਼ਿਆਦਾ ਮਿਊਜ਼ਿਕ ਰਿਕਾਰਡ ਜਾਂ ਸੀਡੀ ਨੌਜਵਾਨ ਖਰੀਦਦੇ ਸਨ। ਹੁਣ ਉਹ ਗੈਰ-ਕਾਨੂੰਨੀ ਤਰੀਕੇ ਨਾਲ ਇੰਟਰਨੈੱਟ ਤੋਂ ਇਹ ਮਿਊਜ਼ਿਕ ਡਾਊਨਲੋਡ ਕਰਨ ਲੱਗ ਪਏ ਹਨ। ਇਸ ਨੇ ਸੰਗੀਤ ਉਦਯੋਗ ਦੇ ਸਮੀਕਰਨ ਬਦਲ ਦਿੱਤੇ ਹਨ।"
ਉਹ ਕਹਿੰਦੇ ਹਨ ਕਿ ਜਦੋਂ ਕਲਾਕਾਰਾਂ ਨੇ ਦੇਖਿਆ ਕਿ ਉਨ੍ਹਾਂ ਦੇ ਸੰਗੀਤ ਰਿਕਾਰਡਾਂ ਦੀ ਵਿਕਰੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਕੌਂਸਰਟ ਟੂਰ ਰਾਹੀਂ ਆਪਣੇ ਸੰਗੀਤ ਤੋਂ ਪੈਸੇ ਕਮਾਉਣ ਦਾ ਬਦਲ ਚੁਣਿਆ।
ਸੇਰੋਨਾ ਕਹਿੰਦੀ ਹੈ ਕਿ ਕੌਂਸਰਟ ਟੂਰ ਨਾਲ ਪੌਪ ਕਲਾਕਾਰਾਂ ਦੇ ਸੰਗੀਤ ਦੀ ਇੰਟਰਨੈੱਟ ਮਾਧਿਅਮਾਂ 'ਤੇ ਸਟ੍ਰੀਮਿੰਗ ਵਧਦੀ ਹੈ, ਲੋਕ ਕੌਂਸਰਟ ਦਾ ਐਲਾਨ ਹੁੰਦੇ ਹੀ ਉਨ੍ਹਾਂ ਦੀਆਂ ਐਲਬਮਾਂ ਆਨਲਾਈਨ ਖਰੀਦਣ ਲੱਗ ਪੈਂਦੇ ਹਨ। ਪਰ ਇਸ ਨਾਲ ਕੋਈ ਖਾਸ ਜ਼ਿਆਦਾ ਕਮਾਈ ਨਹੀਂ ਹੁੰਦੀ।
''ਇਸ ਲਈ ਕਲਾਕਾਰਾਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਕੌਂਸਰਟ ਇੱਕ ਵੱਡਾ ਸ਼ਾਨਦਾਰ ਮਾਸਟਰਪੀਸ ਬਣੇ ਜਿਸ ਦੀ ਚਰਚਾ ਹੋਵੇ ਅਤੇ ਵੱਡੀ ਗਿਣਤੀ ਵਿੱਚ ਲੋਕ ਉਸ ਦੀਆਂ ਟਿਕਟਾਂ ਖਰੀਦਣ। ਇਨ੍ਹਾਂ ਕੌਂਸਰਟਜ਼ ਨੂੰ ਵਿਸ਼ਾਲ ਪੱਧਰ 'ਤੇ ਆਯੋਜਿਤ ਕਰਨ ਵਿੱਚ ਵੱਡੇ ਨਿਵੇਸ਼ ਦੀ ਲੋੜ ਹੁੰਦੀ ਹੈ।''
ਕੌਂਸਰਟ ਦੀ ਵਿਸ਼ਾਲਤਾ

ਤਸਵੀਰ ਸਰੋਤ, Getty Images
ਸੇਰੋਨਾ ਐਲਟਨ ਕਹਿੰਦੇ ਹਨ ਕਿ ਇਹ ਕੌਂਸਰਟ ਵਿਸ਼ਾਲ ਸਟੇਡੀਅਮਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿੱਚ ਹਜ਼ਾਰਾਂ ਦਰਸ਼ਕ ਆਉਂਦੇ ਹਨ। ਸਟੇਜ ਦੇ ਨੇੜਲੀਆਂ ਦੋ-ਤਿੰਨ ਲਾਈਨਾਂ ਤੋਂ ਪਿੱਛੇ ਬੈਠੇ ਲੋਕਾਂ ਨੂੰ ਸਟੇਜ 'ਤੇ ਪਰਫਾਰਮ ਕਰ ਰਹੇ ਆਰਟਿਸਟ ਸਾਫ਼ ਦਿਖਾਈ ਨਹੀਂ ਦਿੰਦੇ। ਅਜਿਹੇ ਵਿੱਚ ਸਿਰਫ਼ ਮਾਈਕ ਫੜ ਕੇ ਗਾਉਣ ਨਾਲ ਕੰਮ ਨਹੀਂ ਚੱਲਦਾ। ਉਸ ਸਟੇਡੀਅਮ ਵਿੱਚ ਵੱਡੇ ਸੈੱਟ ਲਗਾਉਣੇ ਪੈਂਦੇ ਹਨ, ਵਿਸ਼ਾਲ ਵੀਡੀਓ ਸਕ੍ਰੀਨਾਂ ਲਗਾਈਆਂ ਜਾਂਦੀਆਂ ਹਨ ਜਿਸ 'ਤੇ ਕਲਾਕਾਰ ਸਾਫ਼ ਅਤੇ ਕਰੀਬ ਤੋਂ ਦਿਖਾਈ ਦਿੰਦੇ ਹਨ।
ਇਸ ਦੇ ਲਈ ਨਵੀਂ ਟੈਕਨਾਲੋਜੀ ਰਾਹੀਂ ਲਾਈਟਾਂ ਅਤੇ ਸਾਊਂਡ ਦਾ ਇੱਕ ਸ਼ਾਨਦਾਰ ਅਨੁਭਵ ਸਿਰਜਣਾ ਪੈਂਦਾ ਹੈ ਤਾਂ ਜੋ ਉਸ ਸਟੇਡੀਅਮ ਵਿੱਚ ਮੌਜੂਦ ਸਾਰੇ ਦਰਸ਼ਕ ਉਸ ਦਾ ਪੂਰਾ ਆਨੰਦ ਲੈ ਸਕਣ।
ਇਹ ਸ਼ੋਅ ਕਈ ਸ਼ਹਿਰਾਂ ਵਿੱਚ ਹੁੰਦੇ ਹਨ ਅਤੇ ਲੱਖਾਂ ਟਿਕਟਾਂ ਵਿਕਦੀਆਂ ਹਨ। ਇਸ ਵੱਡੇ ਤਾਮਝਾਮ ਨੂੰ ਇੱਕ ਥਾਂ ਤੋਂ ਦੂਜੀ ਥਾਂ ਅਤੇ ਕਈ ਵਾਰ ਦੂਜੇ ਦੇਸ਼ਾਂ ਵਿੱਚ ਲੈ ਕੇ ਜਾਣਾ ਬਹੁਤ ਖ਼ਰਚੀਲਾ ਕੰਮ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਕੰਮ ਵੱਡਾ ਮੁਨਾਫਾ ਵੀ ਦੇਵੇ।
ਇਸ ਕੰਮ ਵਿੱਚ ਸੋਸ਼ਲ ਮੀਡੀਆ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਸੇਰੋਨਾ ਐਲਟਨ ਦੱਸਦੇ ਹਨ ਕਿ ਟੂਰ ਕਰਨ ਵਾਲੇ ਬੈਂਡ ਨੂੰ ਪਤਾ ਕਰਨਾ ਪੈਂਦਾ ਹੈ ਕਿ ਉਸ ਦੇ ਸਭ ਤੋਂ ਵੱਧ ਫੈਨ ਕਿਹੜੇ ਸ਼ਹਿਰਾਂ ਵਿੱਚ ਹਨ ਅਤੇ ਉੱਥੇ ਕਦੋਂ ਤੇ ਕਿੰਨੇ ਸ਼ੋਅ ਕਰਨੇ ਚਾਹੀਦੇ ਹਨ।
ਉਹ ਕਹਿੰਦੇ ਹਨ ਕਿ ਬਹੁਤ ਸੋਚ-ਵਿਚਾਰ ਕੇ ਹੀ ਪੂਰੇ ਟੂਰ ਦੀ ਯੋਜਨਾ ਬਣਾਈ ਜਾਂਦੀ ਹੈ। ਮਿਊਜ਼ਿਕ ਸਟ੍ਰੀਮਿੰਗ ਅਤੇ ਸੰਗੀਤ ਐਲਬਮਾਂ ਦੀ ਵਿਕਰੀ ਦੇ ਆਧਾਰ 'ਤੇ ਪਤਾ ਲਗਾਇਆ ਜਾਂਦਾ ਹੈ ਕਿ ਕਿਸ ਬਾਜ਼ਾਰ ਵਿੱਚ ਉਨ੍ਹਾਂ ਦੇ ਕੌਂਸਰਟ ਦੀ ਕਿੰਨੀ ਮੰਗ ਹੋਵੇਗੀ। ਕਈ ਵਾਰ ਇਸ ਮੰਗ ਨੂੰ ਧਿਆਨ ਵਿੱਚ ਰੱਖ ਕੇ ਇੱਕ ਹੀ ਜਗ੍ਹਾ ਕਈ ਸ਼ੋਅ ਕੀਤੇ ਜਾਂਦੇ ਹਨ।
ਟੂਰ ਦਾ ਅਰਥਸ਼ਾਸਤਰ

ਤਸਵੀਰ ਸਰੋਤ, Getty Images
ਯੂਕੇ ਦੀ ਨਿਊਕਾਸਲ ਯੂਨੀਵਰਸਿਟੀ ਵਿੱਚ ਸੰਗੀਤ ਵਿਭਾਗ ਦੇ ਮੁਖੀ ਐਡਮ ਬੇਹਰ ਕਹਿੰਦੇ ਹਨ ਕਿ ਪਹਿਲਾਂ ਪੌਪ ਮਿਊਜ਼ਿਕ ਆਰਟਿਸਟ ਦਾ ਕੰਮ ਇੰਨਾ ਗੁੰਝਲਦਾਰ ਨਹੀਂ ਸੀ। ਆਰਟਿਸਟ ਸਟੂਡੀਓ ਜਾ ਕੇ ਆਪਣੀ ਐਲਬਮ ਰਿਕਾਰਡ ਕਰਦੇ ਸਨ ਅਤੇ ਫਿਰ ਉਸ ਦੇ ਪ੍ਰਚਾਰ ਲਈ ਕੰਮ ਕਰਦੇ ਸਨ। ਟੂਰ ਦੇ ਆਯੋਜਨ ਵਿੱਚ ਮਿਊਜ਼ਿਕ ਲੇਬਲ (ਸੰਗੀਤ ਰਿਕਾਰਡ ਕਰਨ ਅਤੇ ਵੰਡਣ ਵਾਲੀਆਂ ਕੰਪਨੀਆਂ) ਯੋਗਦਾਨ ਪਾਉਂਦੀਆਂ ਸਨ।
ਪਰ ਡਿਜੀਟਲ ਯੁੱਗ ਵਿੱਚ ਇਹ ਸਮੀਕਰਨ ਬਦਲ ਗਏ ਹਨ। ਐਡਮ ਬੇਹਰ ਦਾ ਕਹਿਣਾ ਹੈ ਕਿ ਕਿਸੇ ਸੰਗੀਤ ਐਲਬਮ ਦੀ ਆਨਲਾਈਨ ਸਟ੍ਰੀਮਿੰਗ ਦੀ ਕੋਈ ਸੀਮਾ ਨਹੀਂ ਹੈ। ਪਰ ਟੂਰ ਕੌਂਸਰਟ ਦੀਆਂ ਟਿਕਟਾਂ ਸੀਮਤ ਹੁੰਦੀਆਂ ਹਨ ਅਤੇ ਲਾਈਵ ਮਿਊਜ਼ਿਕ ਦਾ ਮਜ਼ਾ ਹੀ ਵੱਖਰਾ ਹੈ ਜੋ ਉਨ੍ਹਾਂ ਨੂੰ ਖਾਸ ਬਣਾਉਂਦਾ ਹੈ। ਇਹੀ ਕਾਰਨ ਟੂਰ ਕੌਂਸਰਟ ਨੂੰ ਵੱਡੇ ਮੁਨਾਫੇ ਵਾਲਾ ਵਪਾਰ ਬਣਾਉਂਦਾ ਹੈ।
ਉਹ ਕਹਿੰਦੇ ਹਨ, "ਕਿਸੇ ਗਾਣੇ ਦੇ ਰਿਕਾਰਡ ਜਾਂ ਫਾਈਲ ਤਾਂ ਕਰੋੜਾਂ ਲੋਕਾਂ ਕੋਲ ਹੋ ਸਕਦੇ ਹਨ, ਪਰ ਪੌਪ ਸਟਾਰ ਨੂੰ ਸਾਹਮਣੇ ਲਾਈਵ ਪਰਫਾਰਮ ਕਰਦੇ ਦੇਖਣ-ਸੁਣਨ ਦਾ ਆਨੰਦ ਵੱਖਰਾ ਹੈ।

ਤਸਵੀਰ ਸਰੋਤ, Getty Images
ਇੱਕ ਵਿਸ਼ਾਲ ਸਟੇਡੀਅਮ ਵਿੱਚ ਹਜ਼ਾਰਾਂ ਲੋਕ ਹੁੰਦੇ ਹਨ ਜਿਸ ਵਿੱਚ ਕੋਈ ਦਰਸ਼ਕ ਇੱਕ ਛੋਟੇ ਤਿਨਕੇ ਸਮਾਨ ਹੁੰਦਾ ਹੈ। ਪਰ ਕੌਂਸਰਟ ਦੇ ਸੈੱਟ ਅਤੇ ਲਾਈਟਾਂ ਨਾਲ ਮਾਹੌਲ ਬੇਹੱਦ ਜੋਸ਼ੀਲਾ ਹੋ ਜਾਂਦਾ ਹੈ, ਜਿਸ ਨਾਲ ਸੰਗੀਤ ਦਾ ਆਨੰਦ ਲੈਣਾ ਇੱਕ ਦੁਰਲੱਭ ਤਜਰਬਾ ਹੁੰਦਾ ਹੈ। ਇਸ ਵਿੱਚ ਇੱਕ ਵਿਲੱਖਣਤਾ ਹੁੰਦੀ ਹੈ। ਇਸ ਲਈ ਆਰਟਿਸਟ ਇਨ੍ਹਾਂ ਟੂਰਾਂ ਤੋਂ ਭਾਰੀ ਰਕਮ ਕਮਾ ਪਾਉਂਦੇ ਹਨ।"
ਐਡਮ ਕਹਿੰਦੇ ਹਨ ਕਿ ਇਸ ਵਿਲੱਖਣਤਾ ਜਾਂ ਅਨੋਖੇ ਤਜਰਬੇ ਲਈ ਜ਼ਿਆਦਾ ਪੈਸੇ ਜਾਂ ਪ੍ਰੀਮੀਅਮ ਵੀ ਦੇਣਾ ਪੈਂਦਾ ਹੈ।
ਇੰਟਰਨੈੱਟ 'ਤੇ ਸਪੌਟੀਫਾਈ ਅਤੇ ਹੋਰ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਵੀ ਟੂਰ ਦੇ ਆਯੋਜਨ ਅਤੇ ਜਗ੍ਹਾ ਚੁਣਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਕਿਸ ਕਲਾਕਾਰ ਦਾ ਕਿੰਨਾ ਸੰਗੀਤ ਸਟ੍ਰੀਮ ਹੁੰਦਾ ਹੈ ਅਤੇ ਕਿੰਨੇ ਸੁਣਨ ਵਾਲੇ ਹਨ। ਉਸੇ ਦੇ ਆਧਾਰ 'ਤੇ ਟੂਰ ਦੇ ਪੜਾਅ ਅਤੇ ਸਥਾਨ ਤੈਅ ਕੀਤੇ ਜਾਂਦੇ ਹਨ।
ਇੱਕ ਵਿਸ਼ਾਲ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਨਾਲ ਕੰਸਰਟ ਦੇਖਣ ਵਿੱਚ ਇੱਕ ਜਾਦੂਈ ਅਹਿਸਾਸ ਹੁੰਦਾ ਹੈ। ਉੱਥੇ ਇੱਕ ਤਿਉਹਾਰ ਵਰਗਾ ਮਾਹੌਲ ਬਣਦਾ ਹੈ ਜਿਸ ਵਿੱਚ ਅਸੀਂ ਹਜ਼ਾਰਾਂ ਲੋਕਾਂ ਨਾਲ ਮਿਲ ਕੇ ਸੰਗੀਤ ਦਾ ਮਜ਼ਾ ਲੈਂਦੇ ਹਾਂ।
ਤੁਰਦੀ-ਫਿਰਦੀ ਅਰਥਵਿਵਸਥਾ

ਤਸਵੀਰ ਸਰੋਤ, Getty Images
ਪੌਪੀ ਰੀਡ ਮਿਊਜ਼ਿਕ ਜਰਨਲਿਸਟ ਹੈ ਅਤੇ ਸਿਡਨੀ ਸਥਿਤ 'ਕਿਊਰੀਅਸ ਮੀਡੀਆ' ਦੇ ਸੰਸਥਾਪਕ ਵੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੌਂਸਰਟ ਟੂਰ ਸਾਰੇ ਕਲਾਕਾਰਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਸਿਰਫ਼ ਉਹੀ ਆਰਟਿਸਟ ਕਰ ਸਕਦੇ ਹਨ ਜਿਨ੍ਹਾਂ ਦੇ ਲੱਖਾਂ-ਕਰੋੜਾਂ ਫੈਨ ਹੋਣ। ਉਨ੍ਹਾਂ ਅਨੁਸਾਰ, ਇਸ ਵਪਾਰ ਵਿੱਚ ਪੈਸਾ ਤਾਂ ਹੈ ਪਰ ਮੁਨਾਫੇ ਦਾ ਮਾਰਜਿਨ ਘੱਟ ਹੈ। ਜਿਨ੍ਹਾਂ ਥਾਵਾਂ 'ਤੇ ਉਹ ਟੂਰ ਕਰਦੇ ਹਨ, ਉੱਥੋਂ ਦੇ ਸਥਾਨਕ ਭਾਈਚਾਰਿਆਂ ਨੂੰ ਵੀ ਇਸ ਦਾ ਆਰਥਿਕ ਲਾਭ ਮਿਲਦਾ ਹੈ।
ਉਹ ਕਹਿੰਦੇ ਹਨ, "ਵੱਡੇ ਕਲਾਕਾਰ ਵੱਡੀ ਟੀਮ ਅਤੇ ਤਾਮਝਾਮ ਨਾਲ ਆਉਂਦੇ ਹਨ। ਜਿੰਨੇ ਦਿਨ ਉਹ ਕਿਸੇ ਸ਼ਹਿਰ ਵਿੱਚ ਰੁਕਦੇ ਹਨ, ਉਸ ਦੌਰਾਨ ਉਸ ਸ਼ਹਿਰ ਦੀ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਰਹਿਣ-ਖਾਣ ਅਤੇ ਹੋਰ ਜ਼ਰੂਰਤਾਂ ਨਾਲ ਸ਼ਹਿਰ ਦੇ ਲੋਕਾਂ ਨੂੰ ਰੁਜ਼ਗਾਰ ਅਤੇ ਮੁਨਾਫੇ ਦੇ ਮੌਕੇ ਮਿਲਦੇ ਹਨ। ਕਈ ਸਰਕਾਰਾਂ ਤਾਂ ਟੇਲਰ ਸਵਿਫਟ, ਬਿਓਂਸੇ ਅਤੇ ਕੋਲਡ ਪਲੇਅ ਵਰਗੇ ਬੈਂਡਾਂ ਨੂੰ ਆਪਣੇ ਸ਼ਹਿਰ ਆਉਣ ਦੀ ਅਪੀਲ ਕਰਦੀਆਂ ਹਨ।"
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦੇ ਨਾਲ-ਨਾਲ ਚਿਲੀ ਅਤੇ ਥਾਈਲੈਂਡ ਦੇ ਰਾਸ਼ਟਰ ਮੁਖੀਆਂ ਨੇ ਟੇਲਰ ਸਵਿਫਟ ਨੂੰ ਉਨ੍ਹਾਂ ਦੇ ਦੇਸ਼ ਦਾ ਟੂਰ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਮੈਗਾ ਟੂਰ ਆਰਥਿਕ ਪੱਖੋਂ ਕਿੰਨੇ ਮਹੱਤਵਪੂਰਨ ਹਨ।
ਪੌਪੀ ਰੀਡ ਨੇ ਦੱਸਿਆ ਕਿ ਕਈ ਵੱਡੇ ਬ੍ਰਾਂਡ ਇਨ੍ਹਾਂ ਮੈਗਾ ਟੂਰਾਂ ਨਾਲ ਜੁੜਨਾ ਚਾਹੁੰਦੇ ਹਨ, ਜਿਸ ਨਾਲ ਕਲਾਕਾਰਾਂ ਦੀ ਹੋਰ ਕਮਾਈ ਹੁੰਦੀ ਹੈ। ਟੇਲਰ ਸਵਿਫਟ ਨੇ ਆਪਣੇ 'ਦਿ ਏਰਾਜ਼' ਟੂਰ 'ਤੇ ਡਿਜ਼ਨੀ ਪਲੱਸ ਨਾਲ ਮਿਲ ਕੇ 6 ਹਿੱਸਿਆਂ ਵਿੱਚ ਇੱਕ ਡਾਕੂਮੈਂਟਰੀ ਫਿਲਮ ਵੀ ਬਣਾਈ ਸੀ।
ਪੌਪੀ ਰੀਡ ਕਹਿੰਦੇ ਹਨ ਕਿ ਜਦੋਂ ਟੇਲਰ ਸਵਿਫਟ ਦੇ 'ਦਿ ਏਰਾਜ਼' ਟੂਰ ਦਾ ਐਲਾਨ ਹੋਇਆ ਅਤੇ ਜਿਵੇਂ ਹੀ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ ਤਾਂ ਬਹੁਤ ਸਾਰੇ ਲੋਕਾਂ ਨੇ ਕਈ ਫ਼ੋਨਾਂ ਅਤੇ ਕੰਪਿਊਟਰਾਂ 'ਤੇ ਲੌਗ-ਇਨ ਕਰਕੇ ਆਪਣੇ ਬੱਚਿਆਂ ਲਈ ਟਿਕਟਾਂ ਖਰੀਦਣ ਦੀ ਕੋਸ਼ਿਸ਼ ਕੀਤੀ।
ਕਈ ਲੋਕਾਂ ਨੇ 200 ਤੋਂ 300 ਡਾਲਰ ਵਿੱਚ ਟਿਕਟਾਂ ਖਰੀਦੀਆਂ। ਕੁਝ ਲੋਕ ਟਿਕਟ ਲਈ 1000 ਡਾਲਰ ਤੱਕ ਖਰਚ ਕਰਨ ਨੂੰ ਤਿਆਰ ਸਨ। ਪੌਪੀ ਰੀਡ ਦਾ ਮੰਨਣਾ ਹੈ ਕਿ ਇਨ੍ਹਾਂ ਟੂਰਾਂ ਦੇ ਆਯੋਜਨ ਵਿੱਚ ਬਹੁਤ ਵੱਡਾ ਖਰਚਾ ਹੁੰਦਾ ਹੈ, ਜਿਸ ਨੂੰ ਵਸੂਲਣ ਅਤੇ ਮੁਨਾਫ਼ਾ ਕਮਾਉਣ ਤੋਂ ਇਲਾਵਾ ਕਲਾਕਾਰਾਂ ਕੋਲ ਕੋਈ ਦੂਜਾ ਬਦਲ ਨਹੀਂ ਹੈ।

ਤਸਵੀਰ ਸਰੋਤ, Getty Images
2024 ਵਿੱਚ ਟੇਲਰ ਸਵਿਫਟ ਦੇ ਕੌਂਸਰਟ ਦੀਆਂ 15 ਕਰੋੜ ਟਿਕਟਾਂ ਵਿਕੀਆਂ ਸਨ। ਪ੍ਰਸ਼ੰਸਕਾਂ ਨੂੰ ਇਹ ਮੈਗਾ-ਟੂਰ ਇੰਨੇ ਪਸੰਦ ਹਨ ਕਿ ਕੁਝ ਲੋਕ ਇੱਕੋ ਕਲਾਕਾਰ ਦੇ ਇੱਕ ਤੋਂ ਵੱਧ ਕੌਂਸਰਟ ਦੇਖਣ ਲਈ ਉਤਾਵਲੇ ਰਹਿੰਦੇ ਹਨ, ਜਦਕਿ ਇੱਕੋ ਕਲਾਕਾਰ ਦੇ ਦੋ ਕੌਂਸਰਟਜ਼ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ।
ਪੌਪੀ ਰੀਡ ਦਾ ਕਹਿਣਾ ਹੈ ਕਿ ਜਿਹੜੇ ਜਨੂੰਨੀ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। "ਲਾਈਵ ਮਿਊਜ਼ਿਕ ਕੌਂਸਰਟ ਦੇਖਣਾ ਅਤੇ ਸੁਣਨਾ ਇੰਨਾ ਯਾਦਗਾਰ ਅਨੁਭਵ ਹੁੰਦਾ ਹੈ ਕਿ ਜੇਕਰ ਪ੍ਰਸ਼ੰਸਕ ਇਸ 'ਤੇ ਆਪਣੇ ਢੇਰ ਸਾਰੇ ਪੈਸੇ ਖਰਚ ਕਰਨਾ ਚਾਹੁੰਦੇ ਹਨ ਤਾਂ ਇਸ ਵਿੱਚ ਕੋਈ ਬੁਰੀ ਗੱਲ ਨਹੀਂ ਹੈ।"
ਤਾਂ ਹੁਣ ਮੁੜਦੇ ਹਾਂ ਆਪਣੇ ਮੁੱਖ ਸਵਾਲ ਵੱਲ, ਮਿਊਜ਼ਿਕ ਮੈਗਾ-ਟੂਰ ਭਾਰੀ ਮੁਨਾਫ਼ੇ ਦਾ ਸਰੋਤ ਕਿਵੇਂ ਬਣ ਗਏ?
ਡਿਜੀਟਲ ਟੈਕਨਾਲੋਜੀ ਨੇ ਸੰਗੀਤ ਖਰੀਦਣ ਅਤੇ ਸੁਣਨ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ। ਹੁਣ ਇੰਟਰਨੈੱਟ 'ਤੇ ਸਾਡੇ ਪਸੰਦੀਦਾ ਸੰਗੀਤ ਦੀ ਕਾਪੀ ਆਸਾਨੀ ਨਾਲ ਉਪਲਬਧ ਹੈ ਅਤੇ ਦੁਕਾਨ 'ਤੇ ਜਾ ਕੇ ਖਰੀਦਣ ਦੀ ਲੋੜ ਨਹੀਂ ਪੈਂਦੀ।
ਇਸ ਬਦਲਾਅ ਨਾਲ ਸੰਗੀਤ ਦੀ ਵਿਕਰੀ ਅਤੇ ਕਲਾਕਾਰਾਂ ਦੀ ਆਮਦਨ 'ਤੇ ਅਸਰ ਪਿਆ ਹੈ।
ਅਜਿਹੇ ਵਿੱਚ ਪੌਪ ਕਲਾਕਾਰ ਮੈਗਾ-ਟੂਰਾਂ ਰਾਹੀਂ ਲਾਈਵ ਮਿਊਜ਼ਿਕ ਅਤੇ ਉਸ ਦੇ ਵਿਲੱਖਣ (ਐਕਸਕਲੂਜ਼ਿਵ) ਅਨੁਭਵ ਨੂੰ ਆਪਣੇ ਪ੍ਰਸ਼ੰਸਕਾਂ ਤੱਕ ਪਹੁੰਚਾ ਰਹੇ ਹਨ, ਜਿਸ ਨਾਲ ਇਸ ਉਦਯੋਗ ਵਿੱਚ ਪੈਸਾ ਆ ਰਿਹਾ ਹੈ।
ਕੌਂਸਰਟ ਜਿੰਨਾ ਸ਼ਾਨਦਾਰ ਅਤੇ ਚਮਕ-ਦਮਕ ਵਾਲਾ ਹੋਵੇ, ਪੈਸਾ ਓਨਾ ਹੀ ਜ਼ਿਆਦਾ ਆਉਂਦਾ ਹੈ।
ਸਾਡੇ ਮਾਹਿਰਾਂ ਦੀ ਰਾਏ ਹੈ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਪੌਪ ਸਟਾਰਾਂ ਨਾਲ ਜੁੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਾਹਮਣੇ ਲਾਈਵ ਗਾਉਂਦੇ ਹੋਏ ਦੇਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਮੈਗਾ-ਟੂਰ ਇੰਨੇ ਜ਼ਿਆਦਾ ਸਫਲ ਹੋ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












