ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ 'ਚ ਨਸਲੀ ਟਿੱਪਣੀ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਜਵਾਬ ਦਿੱਤਾ

ਤਸਵੀਰ ਸਰੋਤ, Diljit Dosanjh/YT
- ਲੇਖਕ, ਰਾਹੁਲ ਕਾਲਾ
- ਰੋਲ, ਬੀਬੀਸੀ ਪੱਤਰਕਾਰ
ਸਟੇਜ ਦੇ ਕੋਲ ਉਸ ਥਾਂ 'ਤੇ ਦਿਲਜੀਤ ਦੋਸਾਂਝ ਖੜ੍ਹੇ ਸਨ ਜਿੱਥੋਂ ਉਹ ਸਟੇਜ-ਐਂਟਰੀ ਕਰਦੇ ਹਨ। ਸਿਡਨੀ ਦਾ ਕੌਮਬੈਂਕ ਸਟੇਡੀਅਮ ਦਾ ਇਹ ਦ੍ਰਿਸ਼ ਸਕ੍ਰੀਨ 'ਤੇ ਦਿਖਾਈ ਦੇ ਰਿਹਾ ਸੀ। ਸੈਂਕੜੇ ਦੀ ਗਿਣਤੀ ਵਿੱਚ ਲੋਕ ਸ਼ੋਅ ਦੀਆਂ ਤਿਆਰੀਆਂ ਕਰ ਰਹੇ ਸਨ।
ਇਸੇ ਦੌਰਾਨ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੈਮਰੇ ਸਾਹਮਣੇ ਨਸਲੀ ਭੇਦਭਾਵ ਦਾ ਜ਼ਿਕਰ ਕੀਤਾ। ਦਿਲਜੀਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖ਼ੁਦ ਵੀ ਇਸ ਦਾ ਸਾਹਮਣਾ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਇਹ ਦਾਅਵਾ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਅਪਲੋਡ ਕਰਕੇ ਕੀਤਾ ਹੈ। ਦਿਲਜੀਤ ਨੇ ਇਹ ਵੀਡੀਓ 28 ਅਕਤੂਬਰ ਨੂੰ ਅਪਲੋਡ ਕੀਤੀ ਸੀ। ਜਿਸ ਤੋਂ ਸਵਾ ਲੱਖ ਤੋਂ ਵੱਧ ਵੀਊਜ਼ ਹਨ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਅਤੇ ਔਰਾ ਨੂੰ ਲੈ ਕੇ ਕੌਮਾਂਤਰੀ ਦੌਰੇ 'ਤੇ ਹਨ ਜਿਸ ਤਹਿਤ ਉਨ੍ਹਾਂ ਦਾ ਸ਼ੋਅ ਸਿਡਨੀ, ਆਸਟ੍ਰੇਲੀਆ ਵਿੱਚ ਹੋਇਆ ਹੈ।
ਦਿਲਜੀਤ ਦੋਸਾਂਝ ਨੇ ਕੀ ਦਾਅਵਾ ਕੀਤਾ?

ਤਸਵੀਰ ਸਰੋਤ, Getty Images
ਅਦਾਕਾਰ ਦਿਲਜੀਤ ਦੋਸਾਂਝ ਨੇ ਦੱਸਿਆ, ''ਜਦੋਂ ਉਹ ਆਸਟ੍ਰੇਲੀਆ ਪਹੁੰਚੇ ਤਾਂ ਪੈਪਰਾਜ਼ੀ ਵੱਲੋਂ ਫੋਟੋਆਂ ਖਿੱਚੀਆਂ ਗਈਆਂ। ਅਸੀਂ ਏਅਰਪੋਰਟ 'ਤੇ ਸੀ ਮੈਨੂੰ ਕਿਸੇ ਨੇ ਕਿਹਾ ਕਿ ਇੱਕ ਮੀਡੀਆ ਅਦਾਰੇ ਦੀ ਪੋਸਟ ਹੇਠਾਂ ਕੁਮੈਂਟ ਪੜ੍ਹੋ।''
ਦਿਲਜੀਤ ਨੇ ਦਾਅਵਾ ਕੀਤਾ, ''ਮੈਨੂੰ ਨਹੀਂ ਪਤਾ ਸੀ ਕਿ ਸਾਡੀ ਕੋਈ ਪੋਸਟ ਪਾਈ ਹੋਈ ਹੈ। ਰਾਤ ਅਸੀਂ ਏਅਰਪੋਰਟ 'ਤੇ ਸੀ। ਉਸ ਪੋਸਟ ਹੇਠਾਂ ਕੁਮੈਂਟ ਸਨ ਕਿ ਨਵਾਂ ਊਬਰ ਡਰਾਈਵਰ ਆ ਗਿਆ, 7-ਇਲੈਵਨ 'ਤੇ ਨਵਾਂ ਕੰਮ ਕਰਨ ਵਾਲਾ ਆ ਗਿਆ।"
"ਮਤਲਬ ਉਸ ਦੇ ਵਿੱਚ ਇਵੇਂ ਦੇ ਨਸਲੀ ਭੇਦਭਾਵ ਭਰੇ ਕੁਮੈਂਟ ਕਾਫ਼ੀ ਸਨ ਜਿਹੜੇ ਮੈਂ ਦੇਖੇ।''
‘ਲੋਕ ਹੋਂਦ ਦੀ ਲੜਾਈ ਵੀ ਲੜ ਰਹੇ ਸਨ’

ਤਸਵੀਰ ਸਰੋਤ, Getty Images
ਪੋਸਟ ਬਾਰੇ ਗੱਲ ਕਰਦਿਆਂ ਅਦਾਕਾਰ ਦਿਲਜੀਤ ਦੋਸਾਂਝ ਨੇ ਕਿਹਾ, ''ਲੋਕ ਲੜ ਵੀ ਰਹੇ ਸਨ, ਕਿਉਂਕਿ ਉਨ੍ਹਾਂ ਨੇ ਆਪਣੀ ਹੋਂਦ ਲਈ ਇੱਥੇ ਸੰਘਰਸ਼ ਬਹੁਤ ਕੀਤਾ। ਮੈਨੂੰ ਲੱਗਦਾ ਦੁਨੀਆਂ ਇੱਕ ਹੈ। ਧਰਤੀ ਇੱਕ ਹੈ, ਕੋਈ ਸਰਹੱਦ ਨਹੀਂ ਹੋਣੀ ਚਾਹੀਦੀ।"
"ਕੋਈ ਕਿਤੇ ਵੀ ਆ ਜਾ ਸਕਦਾ ਹੈ। ਪਰ ਲੋਕਾਂ ਨੇ ਆਪੋ ਆਪਣੇ ਦੇਸ਼ ਬਣਾਏ ਹੋਏ ਹਨ, ਇਹ ਸਾਡਾ ਉਹ ਤੁਹਾਡਾ, ਤੁਸੀਂ ਇੱਥੇ ਨਾ ਆਓ, ਅਸੀਂ ਓੱਥੇ ਨਹੀਂ ਆਵਾਂਗੇ।''
ਨਸਲੀ ਟਿੱਪਣੀ ਕਰਨ ਵਾਲਿਆਂ ਬਾਰੇ ਕੀ ਬੋਲੇ
ਦਿਲਜੀਤ ਦੋਸਾਂਝ ਨੇ ਕਿਹਾ, ''ਮੇਰੇ ਲਈ ਧਰਤੀ ਇੱਕ ਹੈ, ਇੱਥੇ ਆ ਕੇ ਲੋਕਾਂ ਨੇ ਮਿਹਨਤੀ ਕੀਤੀ ਹੈ। ਹਾਲੇ ਮੈਨੂੰ 7-ਇਲੈਵਨ ਜਾਂ ਊਬਰ ਡਰਾਈਵਰ ਵਾਲੇ ਕੁਮੈਂਟ ਕਰਨ ਵਾਲੇ ਲੋਕਾਂ ਉੱਤੇ ਗੁੱਸਾ ਨਹੀਂ ਹੈ।''
ਦਿਲਜੀਤ ਨੇ ਅੱਗੇ ਮਜ਼ਾਕੀਏ ਲਹਿਜੇ ਵਿੱਚ ਸਮਝਾਇਆ ਕਿ ਔਖੇ ਵੇਲੇ ਊਬਰ ਡਰਾਈਵਰ ਵੀ ਕੰਮ ਆ ਜਾਂਦੇ ਹਨ। ਜੇਕਰ ਟਰੱਕਾਂ ਵਾਲੇ ਨਾ ਹੋਣ ਤਾਂ ਤੁਹਾਡੇ ਬ੍ਰੈੱਡ ਵੀ ਘਰ ਨਹੀਂ ਪਹੁੰਚਣੇ।
ਆਖਰ 'ਚ ਦਿਲਜੀਤ ਦੋਸਾਂਝ ਨੇ ਕਿਹਾ, ''ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ, ਜਿਹੜੇ ਮਾੜਾ ਬੋਲਦੇ, ਜਿਹੜੇ ਰੇਸਿਜ਼ਮ ਵਾਲੇ ਨੇ ਉਨ੍ਹਾਂ ਨੂੰ ਵੀ ਪਿਆਰ।''
ਦਿਲਜੀਤ ਦੋਸਾਂਝ ਪਹਿਲਾਂ ਵੀ ਕਈ ਮਸਲਿਆਂ ਉੱਤੇ ਬੋਲਦੇ ਰਹੇ ਹਨ।

ਦਿਲਜੀਤ ਦੋਸਾਂਝ ਨੇ ਪੰਜਾਬੀ ਫਿਲਮ ਸਰਦਾਰ ਜੀ 3 ਵਿੱਚ ਕੰਮ ਕੀਤਾ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਵੀ ਸਨ।
ਇਸ ਫ਼ਿਲਮ ਦੀ ਰਿਲੀਜ਼ ਦੀ ਤਾਰੀਖ਼ ਤੋਂ ਕੁਝ ਸਮਾਂ ਪਹਿਲਾਂ ਭਾਰਤ ਪਾਕਿਸਤਾਨ ਤਣਾਅ ਵਿੱਚੋਂ ਨਿਕਲ ਰਹੇ ਸਨ।
ਜਿਸ ਕਾਰਨ ਉਨ੍ਹਾਂ ਦੀ ਫ਼ਿਲਮ ਨੂੰ ਦੇਸ਼ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧ ਕਰਨ ਵਾਲਿਆਂ ਦੀ ਮੰਗ ਸੀ ਕਿ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੇ ਸੀਨ ਸਾਰੇ ਕੱਟੇ ਜਾਣ।
ਵਿਵਾਦ ਵਿਚਾਲੇ ਭਾਰਤ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ।
ਦਿਲਜੀਤ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਫਿਲਮ ਬਣੀ ਸੀ ਤਾਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਨਹੀਂ ਵਧਿਆ ਸੀ।
ਭਾਰਤ 'ਚ ਹੋਏ ਲਾਈਵ ਸ਼ੋਅ ਵਿੱਚ ਸ਼ਰਾਬ ਦਾ ਮੁੱਦਾ

ਤਸਵੀਰ ਸਰੋਤ, Getty Images
ਦਿਲਜੀਤ ਦੋਸਾਂਝ ਨੇ ਜਦੋਂ ਜਦੋਂ ਵੀ ਇੰਡੀਆ ਟੂਰ ਕੀਤਾ ਤਾਂ ਉਨ੍ਹਾਂ ਦੇ ਸ਼ਰਾਬ 'ਤੇ ਗਾਏ ਗੀਤ ਜਿਵੇਂ, ਪਟਿਆਲਾ ਪੈੱਗ, ਪੰਜ ਤਾਰਾ ਨੂੰ ਗਾਉਣ ਲੈ ਕੇ ਵਿਵਾਦ ਰਿਹਾ।
ਲੁਧਿਆਣਾ 'ਚ ਦਿਲਜੀਤ ਨੇ ਭਾਰਤ ਦਾ ਆਖਰੀ ਸ਼ੋਅ 31 ਦਸੰਬਰ 2024 ਨੂੰ ਕੀਤਾ ਸੀ।
ਉਸ 'ਚ ਦਿਲਜੀਤ ਵੱਲੋਂ ਗਾਏ ਗੀਤਾਂ ਦਾ ਵਿਰੋਧ ਕਰਦਿਆਂ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ।
ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨੋਟਿਸ ਭੇਜ ਕੇ ਨਸ਼ਿਆਂ, ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਸੀ।
ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਜਾਣ ਤੋਂ ਵੀ ਰੋਕਿਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਉੱਚੀ ਆਵਾਜ਼ ਤੋਂ ਦੂਰ ਰੱਖਿਆ ਜਾ ਸਕੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦਿਲਜੀਤ ਨੂੰ ਸਲਾਹ ਦਿੱਤੀ ਸੀ ਕਿ ਉਹ ਪਟਿਆਲਾ ਪੈੱਗ, 5 ਤਾਰਾ ਵਰਗੇ ਗੀਤ ਚੰਡੀਗੜ੍ਹ ਸ਼ੋਅ 'ਚ ਨਾ ਗਾਉਣ।
ਹਲਾਂਕਿ ਦਿਲਜੀਤ ਸਟੇਜਾਂ ਤੋਂ ਅਕਸਰ ਕਹਿੰਦੇ ਆਏ ਹਨ, ਜਿਨ੍ਹਾਂ ਸੂਬਿਆਂ ਨੂੰ ਡ੍ਰਾਈ ਸਟੇਟ ਐਲਾਨਿਆ ਹੋਇਆ ਉੱਥੇ ਉਨ੍ਹਾਂ ਵੱਲੋਂ ਸ਼ਰਾਬ ਵਾਲੇ ਗੀਤ ਨਹੀਂ ਗਾਏ ਜਾਣਗੇ।
ਇਸ ਦੇ ਨਾਲ ਹੀ ਇਸੇ ਟੂਰ ਦੌਰਾਨ ਉਨ੍ਹਾਂ ਨੇ ਵਾਰ-ਵਾਰ ਇਸ ਮੁੱਦੇ ਬਾਰੇ ਆਪਣੇ ਸ਼ੋਅਜ਼ ਦੇ ਦੌਰਾਨ ਬੋਲਿਆ ਸੀ।
ਕੰਗਨਾ ਰਣੌਤ ਨਾਲ ਦਿਲਜੀਤ ਦਾ ਵਿਵਾਦ

ਤਸਵੀਰ ਸਰੋਤ, Getty Images
ਦਸੰਬਰ 2020 ਵਿੱਚ ਜਦੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਚਲ ਰਿਹਾ ਸੀ ਤਾਂ ਕਈ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ। ਦਿਲਜੀਤ ਵੀ ਉਨ੍ਹਾਂ ਵਿਚੋਂ ਇੱਕ ਸਨ।
ਉਸੇ ਦੌਰਾਨ ਕੰਗਨਾ ਰਣੌਤ ਨੇ ਇੱਕ ਟਵਿੱਟਰ (ਹੁਣ ਐਕਸ) ਪੋਸਟ ਕੀਤੀ ਜਿਸ 'ਚ ਉਨ੍ਹਾਂ ਨੇ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ, ਜੋ ਕਿਸਾਨ ਅੰਦੋਲਨ ਵਿੱਚ ਸ਼ਾਮਲ ਸਨ ਨੂੰ 'ਸ਼ਾਹੀਨ ਬਾਗ ਵਾਲੀ ਦਾਦੀ' ਕਹਿ ਕੇ ਮਖੌਲ ਬਣਾਇਆ ਅਤੇ ਲਿਖਿਆ ਸੀ, "ਇਹੀ ਦਾਦੀ 100 ਰੁਪਏ ਲਈ ਹਰ ਪ੍ਰਦਰਸ਼ਨ 'ਚ ਆ ਜਾਂਦੀ ਹੈ।"
ਉਸ ਸਮੇਂ ਦਿਲਜੀਤ ਦੋਸਾਂਝ ਨੇ ਕੰਗਨਾ ਦਾ ਵਿਰੋਧ ਕੀਤਾ ਸੀ। ਇਸ ਮਸਲੇ ਉੱਤੇ ਕੰਗਨਾ ਤੇ ਦਿਲਜੀਤ ਵਿਚਾਲੇ ਸੋਸ਼ਲ ਮੀਡੀਆ ਉੱਤੇ ਕਾਫੀ ਬਹਿਸ ਹੋਈ ਸੀ।
‘ਅਜਿਹੀ ਮਸਲੇ ਸੋਸ਼ਲ ਮੀਡੀਆ ਕਰਕੇ ਉਭਰਦੇ ਹਨ’

ਤਸਵੀਰ ਸਰੋਤ, nirmalsidhumusic/Insta
ਬੀਬੀਸੀ ਪੱਤਰਕਾਰ ਬਰਿੰਦਰ ਸਿੰਘ ਨੇ ਗਾਇਕ ਨਿਰਮਲ ਸਿੱਧੂ ਨਾਲ ਇਸ ਮਸਲੇ ਉੱਤੇ ਗੱਲ ਕੀਤੀ। ਨਿਰਮਲ ਅੱਜ ਕੱਲ ਆਪਣੇ ਪਰਿਵਾਰ ਨਾਲ ਯੂਕੇ ਵਿੱਚ ਰਹਿ ਰਹੇ ਹਨ।
ਉਨ੍ਹਾਂ ਨੇ ਨਸਲੀ ਭੇਦਭਾਵ ਬਾਰੇ ਕਿਹਾ, "ਹਾਲਾਂਕਿ ਦੁਨੀਆਂ ਹੁਣ ਇੱਕ ਪਿੰਡ ਬਣ ਚੁੱਕਿਆ ਹੈ। ਹਰ ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਦੂਜੇ ਦੇਸ਼ ਉੱਤੇ ਨਿਰਭਰ ਹੈ। ਅਜਿਹੇ ਵਿੱਚ ਨਸਲੀ ਭੇਦਵਾਵ ਦੀ ਕੋਈ ਥਾਂ ਨਹੀਂ ਰਹਿ ਜਾਂਦੀ। ਪਰ ਫ਼ਿਰ ਵੀ ਇਹ ਸਮਾਜ ਦਾ ਹਿੱਸਾ ਹੈ।"
"ਦਿਲਜੀਤ ਦੇ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲੇ ਹੁਣ ਸੋਸ਼ਲ ਮੀਡੀਆ ਕਰਕੇ ਵਧੇਰੇ ਚਰਚਾ ਵਿੱਚ ਆ ਜਾਂਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












