ਦਿਲਜੀਤ ਦੋਸਾਂਝ ਕਿਰਪਾਨ ਨੂੰ ਕਿਵੇਂ ਮੈਟ ਗਾਲਾ ਵਿੱਚ ਲੈ ਗਏ ਜਿੱਥੇ ਹਥਿਆਰਾਂ 'ਤੇ ਪਾਬੰਦੀ ਸੀ - ਬੀਬੀਸੀ ਨਾਲ ਖ਼ਾਸ ਗੱਲਬਾਤ

ਦਿਲਜੀਤ ਦੋਸਾਂਝ

ਤਸਵੀਰ ਸਰੋਤ, ਬੀਬੀਸੀ ਏਸ਼ੀਅਨ ਨੈੱਟਵਰਕ

ਤਸਵੀਰ ਕੈਪਸ਼ਨ, ਭਾਰਤ ਦੇ ਕਈ ਹਿੱਸਿਆਂ ਵਿੱਚ ਫ਼ਿਲਮ ਅਤੇ ਦਿਲਜੀਤ ਦੌਸਾਂਝ ਦੇ ਬਾਈਕਾਟ ਦੀ ਮੰਗ ਜ਼ੋਰ ਫ਼ੜ ਰਹੀ ਹੈ
    • ਲੇਖਕ, ਹਾਰੂਨ ਰਾਸ਼ਿਦ
    • ਰੋਲ, ਬੀਬੀਸੀ ਏਸ਼ੀਅਨ ਨੈੱਟਵਰਕ

'ਸਰਦਾਰ ਜੀ 3' ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਹਨ।

ਇਸ ਦਾ ਕਾਰਨ ਹੈ ਟ੍ਰੇਲਰ 'ਚ ਨਜ਼ਰ ਆਏ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ।

ਭਾਰਤ ਦੇ ਕਈ ਹਿੱਸਿਆਂ ਵਿੱਚ ਫ਼ਿਲਮ ਅਤੇ ਦਿਲਜੀਤ ਦੌਸਾਂਝ ਦੇ ਬਾਈਕਾਟ ਦੀ ਮੰਗ ਜ਼ੋਰ ਫ਼ੜ ਰਹੀ ਹੈ। ਭਾਰਤ-ਪਾਕਿਸਤਾਨ ਵਿਚਾਲੇ ਪਹਿਲਾਗਾਮ ਹਮਲੇ ਤੋਂ ਬਾਅਦ ਤਣਾਅ ਦੇ ਹਾਲਾਤ ਹਨ ਜਿਸ ਕਾਰਨ ਇਹ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

ਇਸ ਸਭ ਦੇ ਵਿਚਾਲੇ ਦਿਲਜੀਤ ਦੋਸਾਂਝ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਫ਼ਿਲਮ ਦਾ ਹਿੱਸਾ ਹੋਣ ਬਾਰੇ ਜ਼ਿਕਰ ਕੀਤਾ।

ਇਹ ਇੰਟਰਵਿਊ ਉਨ੍ਹਾਂ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਦੇ ਹੋਸਟ ਹਾਰੂਨ ਰਾਸ਼ਿਦ ਨੂੰ ਦਿੱਤਾ ਹੈ ਜਿਸ 'ਚ ਉਹ ਆਪਣੀ ਫ਼ਿਲਮ ਦੀ ਸਹਿ-ਕਲਾਕਾਰ ਨੀਰੂ ਬਾਜਵਾ ਦੇ ਨਾਲ ਨਜ਼ਰ ਆਏ।

ਦਿਲਜੀਤ ਨੇ ਇਸ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਫ਼ਿਲਮ ਬਣੀ ਉਦੋਂ ਹਾਲਾਤ ਕਿਵੇਂ ਦੇ ਸਨ, ਹਾਨੀਆ ਆਮਿਰ ਨਾਲ ਕੰਮ ਕਰਨ ਦਾ ਤਜੁਰਬਾ ਕਿਵੇਂ ਦਾ ਰਿਹਾ ਤੇ ਨਾਲ ਹੀ ਉਨ੍ਹਾਂ ਨੇ ਇਸ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਵੀ ਟਿੱਪਣੀ ਕੀਤੀ।

ਇਸ ਤੋਂ ਇਲਾਵਾ ਇੰਟਰਵਿਊ 'ਚ ਦਿਲਜੀਤ ਨੇ ਹੋਰ ਵੀ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ।

ਫ਼ਿਲਮ ਦੀ ਸ਼ੂਟਿੰਗ ਕਦੋਂ ਹੋਈ ਸੀ ?

ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ

ਤਸਵੀਰ ਸਰੋਤ, Mumtaz Patel/diljitdosanjh/Insta

ਤਸਵੀਰ ਕੈਪਸ਼ਨ, ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਿਲਜੀਤ ਦੌਸਾਂਝ ਦੀ ਆਉਣ ਵਾਲੀ ਫ਼ਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਨਜ਼ਰ ਆਏ ਹਨ

ਦਿਲਜੀਤ ਨੇ ਸਰਦਾਰ ਜੀ 3 ਫ਼ਿਲਮ ਬਾਰੇ ਬੋਲਦਿਆਂ ਕਿਹਾ, “ਜਦੋਂ ਇਹ ਫ਼ਿਲਮ ਬਣੀ ਸੀ ਉਦੋਂ ਤੱਕ ਸਭ ਠੀਕ ਸੀ। ਇਸ ਫ਼ਿਲਮ ਦੀ ਸ਼ੂਟਿੰਗ ਫਰਵਰੀ 'ਚ ਹੋਈ ਸੀ ਪਰ ਉਸ ਦੇ ਬਾਅਦ ਜੋ ਵੀ ਚੀਜ਼ਾਂ ਹੋਇਆ ਉਹ ਸਾਡੇ ਹੱਥ 'ਚ ਨਹੀਂ ਸਨ।”

“ਪ੍ਰੋਡਿਊਸਰਜ਼ ਦਾ ਇਸ ਫ਼ਿਲਮ 'ਤੇ ਬਹੁਤ ਸਾਰਾ ਪੈਸੇ ਲੱਗਿਆ ਹੋਇਆ ਹੈ ਪਰ ਜ਼ਾਹਿਰ ਹੈ ਕਿਉਂਕਿ ਇਹ ਫ਼ਿਲਮ ਭਾਰਤ 'ਚ ਰਿਲੀਜ਼ ਨਹੀਂ ਹੋ ਸਕਦੀ ਪ੍ਰੋਡਿਊਸਰਜ਼ ਨੇ ਇਸ ਨੂੰ ਓਵਰਸੀਸ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਅਤੇ ਮੈਂ ਬਿਲਕੁੱਲ ਉਨ੍ਹਾਂ ਦੇ ਨਾਲ ਹਾਂ।”

“ਹਾਲਾਂਕਿ ਪ੍ਰੋਡਿਊਸਰਜ਼ ਨੂੰ ਨੁਕਸਾਨ ਤਾਂ ਹੋਵੇਗਾ ਹੀ, ਕਿਉਂਕਿ ਅਸੀਂ ਇੱਕ ਬਹੁਤ ਵੱਡੇ ਖ਼ੇਤਰ 'ਚ ਇਸ ਨੂੰ ਰਿਲੀਜ਼ ਨਹੀਂ ਕਰ ਰਹੇ।”

ਇਸ ਫ਼ਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਹਨ।

ਹਾਨੀਆ ਆਮਿਰ ਨਾਲ ਕੰਮ ਕਰਨਾ ਕਿਵੇਂ ਦਾ ਰਿਹਾ ?

ਹਾਨੀਆ ਆਮਿਰ

ਤਸਵੀਰ ਸਰੋਤ, diljitdosanjh/Insta

ਤਸਵੀਰ ਕੈਪਸ਼ਨ, ਹਾਨੀਆ ਆਮਿਰ ਫ਼ਿਲਮ ਸਰਦਾਰ ਜੀ-3 ਦੇ ਇੱਕ ਸੀਨ ਵਿੱਚ

ਦਿਲਜੀਤ ਹਾਨੀਆ ਬਾਰੇ ਕਹਿੰਦੇ, “ਉਨ੍ਹਾਂ ਦੇ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਪ੍ਰੋਫੈਸ਼ਨਲ ਹਨ।”

“ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤਾਂ ਬਹੁਤਾ ਟਾਈਮ ਨਹੀਂ ਹੁੰਦਾ। ਲੋਕਾਂ ਨੂੰ ਦੇਖ ਕੇ ਸ਼ਾਇਦ ਲੱਗਦਾ ਹੋਵੇ ਕਿ ਅਸੀਂ ਬਹੁਤ ਸਮਾਂ ਇਕੱਠਿਆਂ ਬਿਤਾਉਂਦੇ ਹਾਂ ਪਰ ਅਸਲ 'ਚ ਅਜਿਹਾ ਨਹੀਂ ਹੁੰਦਾ।”

“ਮੈਂ ਸਭ ਦੀ ਨਿੱਜਤਾ ਦਾ ਬਹੁਤ ਸਨਮਾਨ ਕਰਦਾ ਹਾਂ। ਮੈਂ ਆਪ ਵੀ ਬਹੁਤ ਪ੍ਰਾਈਵੇਟ ਕਿਸਮ ਦਾ ਇਨਸਾਨ ਹਾਂ ਤੇ ਮੈਂ ਦੂਜਿਆਂ ਨੂੰ ਸਪੇਸ ਦੇਣ 'ਚ ਵਿਸ਼ਵਾਸ ਰੱਖਦਾ ਹਾਂ। ਖ਼ਾਸਕਰ ਔਰਤਾਂ ਨੂੰ ਹੋਰ ਜ਼ਿਆਦਾ ਸਪੇਸ ਦੇਣਾ ਚਾਹੀਦਾ ਹੈ।”

ਨੀਰੂ ਬਾਜਵਾ ਫ਼ਿਲਮ ਇੰਡਸਟਰੀ 'ਚ 15 ਸਾਲ ਦੇ ਲੰਬੇ ਸਫ਼ਰ ਬਾਰੇ ਕੀ ਬੋਲੇ

ਨੀਰੂ ਬਾਜਵਾ

ਤਸਵੀਰ ਸਰੋਤ, ਬੀਬੀਸੀ ਏਸ਼ੀਅਨ ਨੈੱਟਵਰਕ

ਸਰਦਾਰ ਜੀ 3 ਵਿੱਚ ਨੀਰੂ ਬਾਜਵਾ ਵੀ ਮੁੱਖ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ ਦਿਲਜੀਤ ਦੋਸਾਂਝ ਨਾਲ 7 ਫ਼ਿਲਮਾਂ ਕੀਤੀਆਂ ਹਨ।

ਆਪਣੇ ਫ਼ਿਲਮੀ ਸਫ਼ਰ ਬਾਰੇ ਨੀਰੂ ਬਾਜਵਾ ਕਹਿੰਦੇ ਹਨ, “ਮੈਂ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹਾਂ ਕਿ ਇੰਨੇ ਸਾਲਾਂ 'ਚ ਮੈਂ ਆਪਣੇ ਰਾਹ ਤੋਂ ਨਹੀਂ ਭਟਕੀ।”

“ਮੈਂ ਜਿਵੇਂ ਦੀ ਆਈ ਸੀ, ਉਸ ਤਰ੍ਹਾਂ ਦੀ ਰਹੀ ਕਿਉਂਕਿ ਇਸ ਇੰਡਸਟਰੀ ਵਿੱਚ ਕਿਸੇ ਹੋਰ ਵਰਗਾ ਬਣ ਜਾਣਾ ਬਹੁਤ ਆਮ ਗੱਲ ਹੈ।”

“ਸਾਨੂੰ ਔਰਤਾਂ ਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਕਿ ਇਸ ਉਮਰ 'ਚ ਵਿਆਹ ਕਰਵਾਉਣਾ ਹੈ ਤੇ ਉਸ ਉਮਰ 'ਚ ਫਿਰ ਬੱਚੇ। ਸਗੋਂ ਮੈਂ ਵੀ ਫ਼ਿਲਮ 'ਸਰਦਾਰ-1' ਦੀ ਸ਼ੂਟਿੰਗ ਤੋਂ ਬਾਅਦ ਦਿਲਜੀਤ ਨੂੰ ਬਾਏ ਕਹਿ ਗਈ ਸੀ ਇਹ ਕਹਿ ਕਿ ਹੁਣ ਮੇਰਾ ਵਿਆਹ ਹੋਣ ਵਾਲਾ, ਤੁਸੀਂ ਮੇਰੀ ਭੈਣ ਨਾਲ ਫ਼ਿਲਮਾਂ ਕਰ ਲੈਣਾ।”

“ਪਰ ਇਹ ਸਭ ਰੁਕਾਵਟਾਂ ਤੁਹਾਡੇ ਮਨ 'ਚ ਹੁੰਦੀਆਂ ਨੇ, ਇੱਕ ਵਾਰੀ ਤੁਸੀਂ ਉਨ੍ਹਾਂ ਨੂੰ ਪਾਰ ਕਰ ਲਓ ਤਾਂ ਸਭ ਆਸਾਨ ਹੋ ਜਾਂਦਾ ਹੈ।”

ਮੈਟ ਗਾਲਾ 'ਚ ਕਿਰਪਾਨ ਕਿਵੇਂ ਲੈ ਕੇ ਗਏ ਦਿਲਜੀਤ ?

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਲਜੀਤ ਦਾ ਇਹ ਅੰਦਾਜ਼ ਕਈ ਦਿਨਾਂ ਤੱਕ ਭਾਰਤ 'ਚ ਟ੍ਰੈਂਡ ਕਰਦਾ ਰਿਹਾ

ਦਿਲਜੀਤ ਨੇ ਮੈਟ ਗਾਲਾ ਈਵੈਂਟ ਬਾਰੇ ਵੀ ਇੱਕ ਦਿਲਚਸਪ ਕਿੱਸੇ ਸਾਂਝਾ ਕੀਤਾ। ਇਹ ਈਵੈਂਟ ਫੈਸ਼ਨ ਨਾਲ ਜੁੜਿਆ ਹੈ ਜੋ ਮਈ ਦੇ ਮਹੀਨੇ ਵਿੱਚ ਹੋਇਆ ਸੀ। ਦਿਲਜੀਤ ਪਹਿਲੀ ਵਾਰ ਮੈਟ ਗਾਲਾ ਵਿੱਚ ਸ਼ਾਮਿਲ ਹੋਏ ਸਨ। ਮਈ ਵਿੱਚ ਹੋੋਏ ਇਸ ਸਮਾਗਮ ਵਿੱਚ ਦਿਲਜੀਤ ਆਪਣੇ ਪੰਜਾਬੀ ਪਹਿਰਾਵੇ ਲਈ ਕਾਫੀ ਚਰਚਾ ਵਿੱਚ ਆਏ ਸੀ।

ਦਿਲਜੀਤ ਮੈਟ ਗਾਲਾ ਬਾਰੇ ਕਹਿੰਦੇ ਹਨ, “ਮੈਨੂੰ ਪਹਿਲੇ ਤੋਂ ਪਤਾ ਸੀ ਕਿ ਜਦੋਂ ਮੈਂ ਮੈਟ ਗਾਲਾ 'ਚ ਜਾਵਾਂਗਾ ਤੇ ਰਾਜੇ ਦੀ ਤਰ੍ਹਾਂ ਨਜ਼ਰ ਆਵਾਂਗਾ।”

“ਜਦੋਂ ਮੈਂ ਸੋਚਿਆ ਹੀ ਸੀ ਆਪਣੀ ਪੌਸ਼ਾਕ ਬਾਰੇ ਮੈਨੂੰ ਸੋਚ ਕੇ ਹੀ ਰੋਣਾ ਆ ਗਿਆ ਸੀ। ਮੈਂ ਸੋਚਿਆ ਸੀ ਕੀ ਉਸ ਦੇ ਉੱਤੇ ਮੁਹਾਰਨੀ ਲਿਖੀ ਹੋਵੇਗੀ, ਪੰਜਾਬ ਦਾ ਨਕਸ਼ਾ ਹੋਵੇਗਾ।”

“ਪਰ ਫ਼ਿਰ ਮੈਟ ਗਾਲਾ ਵਾਲਿਆਂ ਨੇ ਮੈਨੂੰ ਕਿਹਾ ਕਿ ਕਿਰਪਾਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਕਿਉਂਕਿ ਇਹ ਹਥਿਆਰ ਦੀ ਸ਼੍ਰੇਣੀ 'ਚ ਆਉਂਦਾ ਹੈ।”

“ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਪਰ ਮੈਂ ਉਨ੍ਹਾਂ ਨਾਲ ਸਹਿਮਤ ਹੋ ਗਿਆ। ਪਰ ਕਾਰਪੇਟ 'ਤੇ ਜਾਣ ਵੇਲੇ ਮੇਰੇ ਅੱਗੇ ਸ਼ਕੀਰਾ ਸਨ। ਉਨ੍ਹਾਂ ਦੇ ਡਰੈੱਸ ਪਿੱਛੇ ਬਹੁਤ ਸਾਰਾ ਮੇਟਲ ਲੱਗਿਆ ਹੋਇਆ ਸੀ।”

“ਜਦੋਂ ਸ਼ਕੀਰਾ ਮੇਟਲ ਡਿਟੈਕਟਰ 'ਚੋਂ ਲੰਘੇ ਮੈਂ ਵੀ ਉਨ੍ਹਾਂ ਦੇ ਨਾਲ ਹੀ ਲੰਘ ਗਿਆ। ਕਿਉਂਕਿ ਉਨ੍ਹਾਂ ਦੇ ਕੱਪੜਿਆਂ 'ਚ ਬਹੁਤ ਜ਼ਿਆਦਾ ਮੇਟਲ ਸੀ ਤਾਂ ਮੇਟਲ ਡਿਟੈਕਟਰ 'ਚੋਂ ਲਗਾਤਾਰ ਆਵਾਜ਼ ਆਉਂਦੀ ਹੀ ਰਹੀ।”

“ਇਸ ਕਰਕੇ ਕਿਸੇ ਨੇ ਮੇਰੇ ਜਾਂ ਮੇਰੀ ਕਿਰਪਾਨ ਵੱਲ ਧਿਆਨ ਹੀ ਨਹੀਂ ਦਿੱਤਾ। ਬਸ ਜਦੋਂ ਮੈਂ ਅੰਦਰ ਪਹੁੰਚ ਗਿਆ ਫ਼ਿਰ ਮੈਂ ਕਿਰਪਾਨ ਨਾਲ ਬਹੁਤ ਸਾਰੀਆਂ ਫੋਟੋਆਂ ਕਰਵਾਈਆਂ।”

ਕੀ ਹੈ ਪੂਰਾ ਵਿਵਾਦ ?

ਅਸ਼ੋਕ ਪੰਡਿਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ, ਦੋਹਾਂ ਸਰਕਾਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕੇ ਗਏ। ਜਿਨ੍ਹਾਂ ਵਿੱਚ ਸਿੰਧੂ ਜਲ ਸਮਝੌਤਾ ਰੱਦ ਕਰਨਾ, ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਰੱਦ ਕਰਨਾ ਅਤੇ ਭਾਰਤ ਦਾ ਏਅਰ ਸਪੇਸ ਪਾਕਿਸਤਾਨੀ ਜਹਾਜ਼ਾਂ ਲਈ ਬੰਦ ਕਰਨਾ ਸ਼ਾਮਲ ਹੈ।

ਪਰ ਇਸ ਤਣਾਅ ਦਾ ਅਸਰ ਮਨੋਰੰਜਨ ਜਗਤ 'ਤੇ ਵੀ ਸਪਸ਼ਟ ਦੇਖਣ ਨੂੰ ਮਿਲਿਆ ਹੈ।

ਇਸੇ ਸਿਲਸਿਲੇ 'ਚ ਪਾਕਿਸਤਾਨੀ ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ।

ਸੋਸ਼ਲ ਮੀਡੀਆ 'ਤੇ ਲੋਕ ਇਸ ਗੱਲ ਦੀ ਵੀ ਚਰਚਾ ਕਰ ਰਹੇ ਸਨ ਕਿ ਹੁਣ ਭਾਰਤੀ ਕਲਾਕਾਰਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ।

ਇੱਥੋਂ ਤੱਕ ਕਿ ਦਿ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖ਼ਿਲਾਫ਼ ਕੀਤੀਆਂ ਟਿੱਪਣੀਆਂ 'ਤੇ ਸਖਤ ਰੁੱਖ ਅਪਣਾਉਂਦਿਆਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰੇਗਾ।

ਅਸ਼ੋਕ ਪੰਡਿਤ ਦਾ ਬਿਆਨ

ਫ਼ਿਲਮ ਵਰਕਰਜ਼ ਯੂਨੀਅਨ, ਮੁੰਬਈ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਮਪਲਾਈਜ਼ (ਐੱਫ਼ਡਬਲਿਊਵੀਆਈਐੱਸਓਆਰ) ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਭਾਰਤ ਵਿੱਚ ਮੁਕੰਮਲ ਤੌਰ 'ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਕਿਹਾ, "ਦਿਲਜੀਤ ਦੋਸਾਂਝ ਹਮੇਸ਼ਾਂ ਸਾਡੀ ਇੰਡਸਟਰੀ ਦੇ ਕਾਨੂੰਨਾਂ ਦੀ ਮੁਖ਼ਾਲਫ਼ਤ ਕਰਨ ਵਾਲਾ ਰਿਹਾ ਹੈ। ਉਸ ਨੇ ਹਮੇਸ਼ਾਂ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਨੂੰ ਪ੍ਰੋਤਸਾਹਿਤ ਕੀਤਾ ਹੈ।"

"ਇੰਡਸਟਰੀ ਉਸ ਨੂੰ ਅਪੀਲ ਕਰ ਰਹੀ ਹੈ ਜਦੋਂਕਿ ਇਹ ਰਾਸ਼ਟਰੀ ਹਿੱਤਾਂ ਦਾ ਮਾਮਲਾ ਹੈ।"

ਯੂਨੀਅਨ ਦੇ ਪ੍ਰਧਾਨ ਬੀਐੱਨ ਤਿਵਾੜੀ ਨੇ ਦਿਲਜੀਤ ਦੋਸਾਂਝ ਅਤੇ ਫ਼ਿਲਮ ਦੇ ਨਿਰਮਾਤਾ ਦਾ ਬਾਈਕਾਟ ਕਰਨ ਦੀ ਗੱਲ ਆਖੀ।

ਜ਼ਿਕਰਯੋਗ ਹੈ ਕਿ ਹਾਨੀਆ ਆਮਿਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਰੀਲਾਂ ਅਕਸਰ ਪੰਜਾਬੀ ਜਾਂ ਬਾਲੀਵੁੱਡ ਦੇ ਗਾਣਿਆਂ ਉੱਤੇ ਬਣੀਆਂ ਦੇਖੀਆਂ ਜਾ ਸਕਦੀਆਂ ਸਨ।

ਭਾਰਤ ਦੇ ਵਿੱਚ ਵੀ ਉਨ੍ਹਾਂ ਦੇ ਕਾਫੀ ਫੈਨਜ਼ ਹਨ।

ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਲਾਈਵ ਕਾਨਸਰਟ ਦੌਰਾਨ ਹਾਨੀਆ ਆਮਿਰ ਨੂੰ ਸਟੇਜ ਉੱਤੇ ਸੱਦਾ ਦਿੱਤਾ ਸੀ ਤਾਂ ਇਸ ਦੀ ਕਾਫੀ ਚਰਚਾ ਹੋਈ ਸੀ।

'ਸਰਦਾਰ ਜੀ 3' ਫ਼ਿਲਮ ਦੇ ਪ੍ਰੋਡਿਊਸਰ ਨੇ ਕੀ ਕਿਹਾ

 ਗੁਨਬੀਰ ਸਿੰਘ ਸਿੱਧੂ

ਤਸਵੀਰ ਸਰੋਤ, gunbir_whitehill/Instagram

ਤਸਵੀਰ ਕੈਪਸ਼ਨ, ਸਰਦਾਰ ਜੀ 3 ਫ਼ਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ

'ਸਰਦਾਰ ਜੀ 3' ਫ਼ਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਖੜ੍ਹੇ ਹਾਂ, ਇਸੇ ਕਰਕੇ ਅਸੀਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕਰ ਰਹੇ।"

"ਅਸੀਂ ਫਿਲਮ ਨੂੰ ਫ਼ਰਵਰੀ ਮਹੀਨੇ ਸ਼ੂਟ ਕੀਤਾ ਸੀ, ਉਸ ਵੇਲੇ ਭਾਰਤ-ਪਾਕਿਸਤਾਨ ਵਿਚਾਲੇ ਕੋਈ ਤਣਾਅ ਦਾ ਮਾਹੌਲ ਨਹੀਂ ਸੀ।"

ਸਿੱਧੂ ਨੇ ਕਿਹਾ, "ਹਾਨੀਆ ਆਮਿਰ ਨਾਲ ਫਿਲਮ ਪੂਰੀ ਸ਼ੂਟ ਹੋ ਚੁੱਕੀ ਸੀ, ਉਨ੍ਹਾਂ ਨੂੰ ਬਦਲਣ ਦਾ ਸਾਡੇ ਕੋਲ ਕੋਈ ਰਾਹ ਨਹੀਂ ਸੀ। ਸਾਰੀ ਫ਼ਿਲਮ ਵਿੱਚ ਹਾਨੀਆ ਦੇ ਚਿਹਰੇ ਨੂੰ ਬਦਲਣ ਵਾਲੀ ਕੋਈ ਤਕਨੀਕ ਅਜੇ ਤੱਕ ਨਹੀਂ ਆਈ ਜੋ ਅਸੀਂ ਵਰਤ ਸਕੀਏ।"

"ਭਾਰਤ ਵਿੱਚ ਫਿਲਮ ਰਿਲੀਜ਼ ਨਾ ਕਰਨ ਦਾ ਸਾਡਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ। ਅਤੇ ਉਦੋਂ ਤੱਕ ਅਸੀਂ ਇਹ ਫ਼ਿਲਮ ਰਿਲੀਜ਼ ਨਹੀਂ ਕਰਾਂਗੇ ਜਦੋਂ ਤੱਕ ਭਾਰਤ ਵਿੱਚ ਪਾਕਿਸਤਾਨ ਨੂੰ ਲੈ ਕੇ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ।"

ਗੁਨਬੀਰ ਸਿੰਘ ਸਿੱਧੂ ਦਾ ਬਿਆਨ

"ਭਾਰਤ ਵਿੱਚ ਫ਼ਿਲਮ ਦਾ ਕੋਈ ਵੀ ਟ੍ਰੇਲਰ, ਟੀਜ਼ਰ ਜਾਂ ਪ੍ਰੋਮੋ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਇਸ ਦਾ ਕਾਰਨ ਇਹ ਹੀ ਹੈ ਕਿ ਅਸੀਂ ਭਾਰਤ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਅਤੇ ਫ਼ਿਲਮ ਦੀ ਭਾਰਤ ਵਿੱਚ ਰਿਲੀਜ਼ ਨੂੰ ਅਣਮਿੱਥੇ ਸਮੇਂ ਤੱਕ ਮੁਅੱਤਲ ਕੀਤਾ ਹੈ।"

"ਅਸੀਂ ਭਾਰਤ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰਾਂਗੇ।"

ਫ਼ਿਲਮ ਭਾਰਤ ਵਿੱਚ ਰਿਲੀਜ਼ ਨਾ ਕੀਤੇ ਜਾਣ ਦੀ ਸਥਿਤੀ ਵਿੱਚ ਹੋਣ ਵਾਲੇ ਸੰਭਾਵਿਤ ਵਿੱਤੀ ਘਾਟੇ ਬਾਰੇ ਉਨ੍ਹਾਂ ਕਿਹਾ, "ਸਾਡੇ ਲਈ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਵੱਡਾ ਕੋਈ ਨੁਕਸਾਨ ਨਹੀਂ ਹੈ।"

ਉਨ੍ਹਾਂ ਕਿਹਾ, "ਜਿਸ ਤਰੀਕੇ ਦਿਲਜੀਤ ਦੋਸਾਂਝ ਬਾਰੇ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹ ਗ਼ਲਤ ਹੈ। ਸਾਡੇ ਲਈ ਆਪਣਾ ਦੇਸ਼ ਪਹਿਲਾਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)