ਦਿਲਜੀਤ ਦੋਸਾਂਝ, ਜੈਜ਼ੀ ਬੀ, ਹਨੀ ਸਿੰਘ ਵਰਗੇ ਹੋਰ ਪੰਜਾਬੀ ਕਲਾਕਾਰਾਂ ਦੇ ਸਟਾਈਲ ਨੇ ਕਿਵੇਂ ਭੰਗੜੇ ਦੇ ਪਹਿਰਾਵੇ ਨੂੰ ਬਦਲਿਆ

ਤਸਵੀਰ ਸਰੋਤ, Getty Images
- ਲੇਖਕ, ਸ਼ੇਫਾਲੀ ਵਾਸੂਦੇਵ
- ਰੋਲ, ਫੈਸ਼ਨ ਲੇਖਕ
ਦਿਲਜੀਤ ਦੋਸਾਂਝ ਨੇ ਪਿਛਲੇ ਮਹੀਨੇ ਜਿਸ ਅੰਦਾਜ਼ ਨਾਲ ਮੇਟ ਗਾਲਾ 'ਚ ਡੈਬਿਊ ਕੀਤਾ, ਉਸ ਨੇ ਗਲੋਬਲ ਫੈਸ਼ਨ 'ਤੇ ਇੱਕ ਢੂੰਘੀ ਛਾਪ ਛੱਡੀ ਹੈ।
41 ਸਾਲਾ ਦਿਲਜੀਤ, ਕੋਚੇਲਾ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ ਅਤੇ ਜਦੋਂ ਉਹ ਮੈਟ ਗਾਲਾ ਵਿੱਚ ਸ਼ੁਰੂਆਤੀ 20ਵੀਂ ਸਦੀ ਦੇ ਮਹਾਰਾਜੇ ਵਾਂਗ ਸਜ ਕੇ ਰੈੱਡ ਕਾਰਪੇਟ 'ਤੇ ਤੁਰੇ ਤਾਂ ਹਰ ਕੋਈ ਦੇਖਦਾ ਰਹਿ ਗਿਆ।
ਉਨ੍ਹਾਂ ਦਾ ਸ਼ਾਨਦਾਰ ਪਹਿਰਾਵਾ ਸੋਨੇ ਦੇ ਕੰਮ ਵਾਲਾ ਸੀ, ਜਿਸ ਨੂੰ ਕਾਸਟਿਊਮ ਡਿਜ਼ਾਈਨਰ ਪ੍ਰਬਲ ਗੁਰੂੰਗ ਨੇ ਤਿਆਰ ਕੀਤਾ ਸੀ। ਇਸ ਖੂਬਸੂਰਤ ਪੋਸ਼ਾਕ ਦੇ ਨਾਲ ਦਿਲਜੀਤ ਨੇ ਖੰਭਾਂ ਅਤੇ ਜਵਾਹਰਾਤਾਂ ਨਾਲ ਸਜੀ ਪੱਗ ਪਹਿਨੀ, ਜੋ ਭਾਰਤ ਵਿੱਚ ਹਫ਼ਤਿਆਂ ਤੱਕ ਟ੍ਰੈਂਡ ਕਰਦੀ ਰਹੀ।
ਆਪਣੇ ਇਸ ਮਹਾਰਾਜਾ ਲੁਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇੱਕ ਸ਼ਾਨਦਾਰ ਹੀਰੇ ਦਾ ਹਾਰ ਵੀ ਪਹਿਨਿਆ, ਜਿਸਦਾ ਡਿਜ਼ਾਈਨ ਪੰਜਾਬ ਦੇ ਇੱਕ ਸਾਬਕਾ ਰਾਜਾ ਦੁਆਰਾ ਪਹਿਨੇ ਗਏ ਕਾਰਟੀਅਰ ਗਹਿਣੇ ਤੋਂ ਪ੍ਰੇਰਿਤ ਸੀ।
ਇੱਕ ਪੈਂਥਰ ਡੀ ਕਾਰਟੀਅਰ ਘੜੀ, ਸ਼ੇਰ ਦੇ ਸਿਰ ਦੇ ਡਿਜ਼ਾਈਨ ਅਤੇ ਇੱਕ ਗਹਿਣਿਆਂ ਨਾਲ ਜੜੀ ਤਲਵਾਰ ਨੇ ਉਨ੍ਹਾਂ ਦੇ ਪਹਿਰਾਵੇ ਨੂੰ ਪੂਰਾ ਕੀਤਾ, ਉਨ੍ਹਾਂ ਦੀ ਪੋਸ਼ਾਕ ਦੇ ਕੇਪ (ਕੋਟ ਦੇ ਪਿੱਛੇ ਮੋਢਿਆਂ ਤੋਂ ਲਟਕਦਾ ਹੋਇਆ ਇੱਕ ਕੱਪੜਾ) ਦੇ ਪਿਛਲੇ ਪਾਸੇ ਪੰਜਾਬ ਦਾ ਨਕਸ਼ਾ ਕਢਾਈ ਕੀਤਾ ਗਿਆ ਸੀ ਅਤੇ ਗੁਰਮੁਖੀ ਲਿਪੀ ਦੇ ਅੱਖਰ ਲਿਖੇ ਗਏ ਸਨ।
ਗਾਣਿਆਂ ਦੇ ਨਾਲ-ਨਾਲ ਫੈਸ਼ਨ 'ਚ ਵੀ ਦਿਲਜੀਤ ਦਾ ਦਬਦਬਾ

ਤਸਵੀਰ ਸਰੋਤ, Getty Images
ਬੇਸ਼ੱਕ ਦਿਲਜੀਤ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੇ ਜਾਂਦੇ ਹਨ।
ਆਪਣੇ ਸੰਗੀਤ ਵਾਂਗ ਹੀ ਉਨ੍ਹਾਂ ਨੇ ਫੈਸ਼ਨ ਵਿੱਚ ਵੀ ਆਪਣੀ ਇੱਕ ਖਾਸ ਥਾਂ ਬਣਾਈ ਹੋਈ ਹੈ - ਇੱਕ ਅਜਿਹਾ ਗਾਇਕ ਜੋ ਰਵਾਇਤੀ ਪੰਜਾਬੀ ਸਟਾਈਲ ਨੂੰ ਪੱਛਮੀ ਪ੍ਰਭਾਵਾਂ ਨਾਲ ਮਿਲਾਉਣ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਨੂੰ ਅਕਸਰ ਐਂਟੀ-ਫਿੱਟ ਟਰਾਊਜ਼ਰਾਂ (ਪੈਂਟਾਂ), ਚੰਕੀ ਸਨੀਕਰਾਂ, ਅਤੇ ਹਾਰ ਪਹਿਨੇ ਹੋਏ ਦੇਖਿਆ ਜਾਂਦਾ ਹੈ, ਜੋ ਉਹ ਉਨ੍ਹਾਂ ਦੀਆਂ ਰੰਗੀਨ ਪੱਗਾਂ ਨਾਲ ਮੇਲ ਖਾਂਦੇ ਹਨ। ਜਿਸ ਤਰ੍ਹਾਂ ਨਾਲ ਉਹ ਆਪਣੇ-ਆਪ ਨੂੰ ਪੇਸ਼ ਕਰਦੇ ਹਨ, ਉਨ੍ਹਾਂ ਦੇ ਇਸ ਵਿਲੱਖਣ ਰੂਪ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ, ਜਿਸ ਨਾਲ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਦਿਲਚਸਪ ਢੰਗ ਨਾਲ ਪੁਨਰ-ਨਿਰਮਾਣ ਹੋਇਆ ਹੈ।
ਇਹ ਬਦਲਾਅ ਹਰ ਜਗ੍ਹਾ ਮਹਿਸੂਸ ਕੀਤੇ ਜਾ ਸਕਦੇ ਹਨ। ਹੁਣ ਕੈਲੀਫੋਰਨੀਆ ਵਿੱਚ 16 ਮਿੰਟ ਦਾ ਜ਼ੋਰਦਾਰ ਭੰਗੜੇ ਦਾ ਮੁਕਾਬਲਾ ਹਾਈ ਪਰਫਾਰਮੈਂਸ ਸਨੀਕਰਾਂ ਤੋਂ ਬਿਨਾਂ ਅਸੰਭਵ ਜਿਹਾ ਜਾਪ ਸਕਦਾ ਹੈ। ਬਰਲਿਨ ਵਿੱਚ ਉਹ ਰਾਤਾਂ ਜਦੋਂ ਬੇਸਮੈਂਟਾਂ ਵਿੱਚ ਭੰਗੜੇ ਪੈਂਦੇ ਹਨ, ਦਾ ਆਨੰਦ ਕ੍ਰੌਪ ਟਾਪ ਅਤੇ ਡੀਕੰਸਟ੍ਰਕਟਡ ਪੈਂਟਾਂ ਵਿੱਚ ਮਾਣਿਆ ਜਾਂਦਾ ਹੈ।
ਪੰਜਾਬੀ ਸੰਗੀਤ ਜੋ ਆਪਣੇ ਆਪ 'ਚ ਹੀ ਉੱਚੀ ਆਵਾਜ਼ ਅਤੇ ਊਰਜਾ ਵਾਲਾ ਹੁੰਦਾ ਹੈ, ਸ਼ਹਿਰਾਂ ਅਤੇ ਗਲੋਬਲ ਲਗਜ਼ਰੀ ਬ੍ਰਾਂਡਾਂ ਦੇ ਨਾਵਾਂ ਨਾਲ ਭਰੇ ਬੋਲਾਂ ਦੇ ਨਾਲ ਇੱਕ ਉਪ-ਸਭਿਆਚਾਰ ਬਣ ਗਿਆ ਹੈ।
ਹੋਰ ਪੰਜਾਬੀ ਗਾਇਕਾਂ ਦਾ ਵੀ ਹੈ ਯੋਗਦਾਨ

ਤਸਵੀਰ ਸਰੋਤ, Getty Images
ਸਿਰਫ਼ ਦੋਸਾਂਝ ਹੀ ਨਹੀਂ, ਸਗੋਂ ਕਈ ਹੋਰ ਪੰਜਾਬੀ ਗਾਇਕਾਂ ਨੇ ਵੀ ਖੇਤਰ ਦੀ ਸਟਾਈਲ ਗੇਮ ਨੂੰ ਪ੍ਰਭਾਵਿਤ ਕੀਤਾ ਹੈ।
ਕੁਝ ਸਮਾਂ ਪਹਿਲਾਂ, ਪੰਜਾਬੀ-ਕੈਨੇਡੀਅਨ ਗਾਇਕ ਜੈਜ਼ੀ ਬੀ ਦੀਆਂ ਅੰਗੂਠੀਆਂ ਜੋ ਅਕਸਰ ਇੱਕ ਸੋਨੇ ਦੇ ਬਿਸਕੁਟ ਦੇ ਆਕਾਰ ਦੀਆਂ ਹੁੰਦੀਆਂ ਹਨ, ਉਨ੍ਹਾਂ ਦਾ ਵੱਡਾ ਸਾਰਾ ਗਲੇ ਦਾ ਲਾਕੇਟ ਅਤੇ ਸੁਨਹਿਰੇ ਵਾਲਾਂ ਦੇ ਰੰਗਾਂ ਦੇ ਨਾਲ, ਉਹ ਖੂਬ ਟ੍ਰੈਂਡ ਕਰ ਰਹੇ ਸਨ।
ਹਾਲ ਹੀ ਵਿੱਚ, ਗਾਇਕ ਬਾਦਸ਼ਾਹ ਦੁਆਰਾ ਪਹਿਨੀਆਂ ਗਈਆਂ ਪੀਲੇ ਰੰਗ ਦੀਆਂ ਐਨਕਾਂ, ਯੋ ਯੋ ਹਨੀ ਸਿੰਘ ਦੁਆਰਾ ਪਹਿਨੇ ਬੈਗੀ ਹੂਡੀਜ਼, ਅਤੇ ਏਪੀ ਢਿੱਲੋਂ ਦੇ ਲੂਈ ਵਿਤੋਂਅ ਬਾਂਬਰ (ਜੈਕਟ) ਅਤੇ ਸ਼ੈਨੇਲ ਘੜੀਆਂ ਪੰਜਾਬੀ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਰਹੀਆਂ ਹਨ।
ਪਰ ਭਾਵੇਂ ਇਨ੍ਹਾਂ ਸਾਰਿਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ, ਫਿਰ ਵੀ ਇਹ ਇੱਕ ਖੇਤਰ ਤੱਕ ਹੀ ਸੀਮਤ ਸੀ। ਜਦਕਿ, ਦੋਸਾਂਝ ਅਤੇ ਉਨ੍ਹਾਂ ਵਰਗੇ ਕੁਝ ਹੋਰ ਲੋਕ ਇਸਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਦਾ ਸਟਾਈਲ ਸਿੱਖ ਡਾਇਸਪੋਰਾ (ਪਰਵਾਸੀ ਸਿੱਖ ਭਾਈਚਾਰਾ) ਦੇ ਨਾਲ-ਨਾਲ ਇੱਕ ਵਿਸ਼ਾਲ ਦਰਸ਼ਕਾਂ ਤੱਕ ਪਹੁੰਚ ਰੱਖਦਾ ਹੈ।
ਮਿਸਾਲ ਵਜੋਂ, ਪਿਛਲੇ ਸਾਲ ਦੋਸਾਂਝ ਵੱਲੋਂ ਵਿਸ਼ਵ ਦੌਰੇ 'ਤੇ ਪਹਿਨੇ ਟੀ-ਸ਼ਰਟਾਂ, ਮੋਤੀ ਅਤੇ ਸਨੀਕਰ ਕੁਝ ਘੰਟਿਆਂ ਵਿੱਚ ਹੀ ਵਿਕ ਗਏ ਸਨ। ਇਸੇ ਤਰ੍ਹਾਂ, ਪੈਰਿਸ ਕਾਊਚਰ ਵੀਕ ਵਿੱਚ ਏਪੀ ਢਿੱਲੋਂ ਦੇ ਸਟਾਈਲ ਸਟੇਟਮੈਂਟਾਂ ਨੂੰ ਪੰਜਾਬੀ ਨੌਜਵਾਨਾਂ ਨੇ ਖੂਬ ਪਸੰਦ ਕੀਤਾ।
ਭਾਰਤੀ ਅਤੇ ਪੱਛਮੀ ਸਭਿਆਚਾਰ
ਸੱਭਿਆਚਾਰਕ ਮਾਹਿਰਾਂ ਦਾ ਕਹਿਣਾ ਹੈ ਕਿ ਸੰਗੀਤ ਅਤੇ ਫੈਸ਼ਨ ਦੋਵਾਂ ਵਿੱਚ ਇਸ ਪੁਨਰ-ਨਿਰਮਾਣ ਦੀਆਂ ਜੜ੍ਹਾਂ ਪੱਛਮੀ ਪੌਪ-ਸਭਿਆਚਾਰ ਵਿੱਚ ਹਨ, ਕਿਉਂਕਿ ਜ਼ਿਆਦਾਤਰ ਕਲਾਕਾਰ ਪੱਛਮ ਵਿੱਚ ਰਹਿੰਦੇ ਹਨ ਅਤੇ ਪੇਸ਼ਕਾਰੀ ਕਰਦੇ ਹਨ।
ਕਲਾ ਇਤਿਹਾਸਕਾਰ, ਲੇਖਕ ਅਤੇ ਅਜਾਇਬ ਘਰ ਕਿਊਰੇਟਰ ਅਲਕਾ ਪਾਂਡੇ ਕਹਿੰਦੇ ਹਨ, "ਪੰਜਾਬੀ ਆਦਮੀ ਕਾਢ ਕੱਢਣ ਵਾਲੇ ਹਨ। ਇਹ ਖੇਤਰ ਫਿਊਜ਼ਨ ਵਿੱਚ ਸਭ ਤੋਂ ਅੱਗੇ ਰਿਹਾ ਹੈ, ਇਹ ਹਾਈਬ੍ਰਿਡਿਟੀ ਵਿੱਚ ਵਿਸ਼ਵਾਸ ਰੱਖਦਾ ਹੈ। ਅਜਿਹਾ ਖਾਸ ਤੌਰ 'ਤੇ ਪੰਜਾਬੀ ਡਾਇਸਪੋਰਾ ਦੇ ਮਾਮਲੇ ਵਿੱਚ ਹੈ - ਭਾਵੇਂ ਉਹ ਘੇਟਾਂ (ਕਿਸੇ ਸ਼ਹਿਰ ਆਦਿ ਵਿੱਚ ਅਜਿਹੀ ਥਾਂ ਜਿੱਥੇ ਇੱਕੋ ਧਰਮ, ਜਾਤੀ ਆਦਿ ਦੇ ਲੋਕ ਗਰੀਬੀ ਦੇ ਹਾਲਾਤਾਂ 'ਚ ਰਹਿੰਦੇ ਹਨ) ਵਿੱਚ ਰਹਿੰਦੇ ਹਨ, ਉਹ [ਆਪਣੇ ਜੀਵਨ ਦੇ] ਸ਼ੋਅਮੈਨ ਹਨ।"

ਤਸਵੀਰ ਸਰੋਤ, Getty Images
ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਪੰਜਾਬੀ ਡਾਇਸਪੋਰਾ ਭਾਈਚਾਰਾ ਵਧਿਆ, ਸੰਗੀਤਕਾਰਾਂ ਦੀ ਇੱਕ ਨਵੀਂ ਪੀੜ੍ਹੀ ਨੇ ਆਧੁਨਿਕ ਹਿੱਪ-ਹੌਪ ਧੁਨਾਂ ਨੂੰ ਰਵਾਇਤੀ ਪੰਜਾਬੀ ਸੁਹਜ ਸ਼ਾਸਤਰ ਦੇ ਤੱਤਾਂ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੇ ਵੱਖਰੇ ਸਟਾਈਲ - ਸੋਨੇ ਦੀਆਂ ਚੇਨਾਂ, ਨਕਲੀ ਫਰ ਵਾਲੀਆਂ ਜੈਕਟਾਂ, ਪਲੱਸ-ਸਾਈਜ਼ ਅਸੈਸਰੀਜ਼, ਗੁੱਤਾਂ ਅਤੇ ਦਾੜ੍ਹੀਆਂ - ਨੇ ਦੱਖਣੀ ਏਸ਼ੀਆਈ ਸੱਭਿਆਚਾਰ 'ਤੇ ਮੀਡੀਆ ਲੇਖਾਂ, ਕਿਤਾਬਾਂ ਅਤੇ ਡਾਕਟਰੇਟ ਥੀਸਿਸ ਨੂੰ ਜਨਮ ਦਿੱਤਾ ਹੈ।
ਪੰਜਾਬ ਵਿੱਚ ਇਸ ਸਟਾਈਲ ਪ੍ਰਤੀ ਆਕਰਸ਼ਣ ਤੇਜ਼ੀ ਨਾਲ ਪੈਦਾ ਹੋਇਆ ਸੀ, ਜਿੱਥੇ 2000 ਦੇ ਦਹਾਕੇ ਵਿੱਚ ਜਦੋਂ ਲਗਜ਼ਰੀ ਬ੍ਰਾਂਡ ਆਏ ਤਾਂ ਲੋਕਾਂ ਨੇ ਫੈਸ਼ਨ ਨੂੰ ਖੁੱਲ੍ਹ ਕੇ ਗਲ਼ ਨਾਲ ਲਾ ਲਿਆ।
ਪੰਜਾਬੀ ਜੋ ਕਿ ਮੁੱਖ ਤੌਰ 'ਤੇ ਕਿਸਾਨ ਭਾਈਚਾਰਾ ਹੈ, ਉਨ੍ਹਾਂ ਲਈ ਇਹ ਇੱਕ ਬਗਾਵਤ ਦੀ ਤਰ੍ਹਾਂ ਸੀ ਅਤੇ ਇਸ ਗੱਲ ਦਾ ਪ੍ਰਤੀਕ ਸੀ ਕਿ ਸਫਲਤਾ ਅਤੇ ਖੁਸ਼ਹਾਲੀ ਕਿਸ ਤਰ੍ਹਾਂ ਦੀ ਦਿਖਾਈ ਦੇਣੀ ਚਾਹੀਦੀ ਹੈ।
'ਪੰਜਾਬੀ ਪਛਾਣ ਦੇ ਪਰਿਵਰਤਨ ਦਾ ਪ੍ਰਤੀਕ'

ਪ੍ਰਸਿੱਧ ਗਾਇਕ ਰੱਬੀ ਸ਼ੇਰਗਿੱਲ ਕਹਿੰਦੇ ਹਨ, "ਇਹ ਕਿਸਾਨ ਤੋਂ ਗਲੋਬਲ ਖਪਤਕਾਰ ਤੱਕ ਪੰਜਾਬੀ ਪਛਾਣ ਦੇ ਪਰਿਵਰਤਨ ਦਾ ਪ੍ਰਤੀਕ ਹੈ।"
ਇਹ ਦਲੀਲ ਦਿੰਦੇ ਹੋਏ ਕਿ ਕਲਾਕਾਰ ਹਰ ਕਿਸੇ ਵਾਂਗ ਆਪਣੇ ਸਮੇਂ ਦੇ ਉਤਪਾਦ ਹਨ, ਸ਼ੇਰਗਿੱਲ ਕਹਿੰਦੇ ਹਨ ਕਿ ਇਹ ਭਾਵਨਾਵਾਂ "ਇੱਕ ਅਤਿ-ਪੂੰਜੀਵਾਦੀ ਦੁਨੀਆਂ ਲਈ ਪ੍ਰਤੀਕਿਰਿਆ" ਹਨ।
ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਸੰਗੀਤਕਾਰਾਂ ਦੀਆਂ ਸ਼ੈਲੀਆਂ - ਹਿੱਪ-ਹੌਪ, ਆਰ ਐਂਡ ਬੀ, ਭੰਗੜਾ ਪੌਪ, ਫਿਊਜ਼ਨ, ਪੰਜਾਬੀ ਰੈਪ, ਰੇਗੇ ਜਾਂ ਫਿਲਮੀ ਸੰਗੀਤ - ਵੀ ਅਤਿ-ਮਰਦਾਨਾ (ਪੁਰਸ਼ਾਂ ਦੇ ਪ੍ਰਭਾਵ ਵਾਲੀ) ਹੋਣ ਦੀ ਬਜਾਏ ਸੱਭਿਆਚਾਰ ਨਾਲ ਜੁੜੀਆਂ ਅਤੇ ਪੁਰਸ਼ ਅਤੇ ਮਹਿਲਾ ਦੋਵਾਂ ਦੇ ਪ੍ਰਭਾਵ ਵਾਲੀਆਂ ਰਹਿੰਦੀਆਂ ਹਨ।
ਇੱਕ ਪੌਪ ਸਟਾਰ ਬਲੈਂਸੀਆਗਾ ਜਾਂ ਭਾਰਤੀ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਤਿਆਰ ਸ਼ਾਨਦਾਰ ਪਹਿਨਾਵੇ ਪਹਿਨ ਸਕਦਾ ਹੈ; ਲੁਧਿਆਣਾ ਸ਼ਹਿਰ ਤੋਂ ਲੰਦਨ ਤੱਕ ਕਿਤੇ ਵੀ ਪ੍ਰਦਰਸ਼ਨ ਕਰ ਸਕਦਾ ਹੈ; ਦੁਬਈ ਦੇ ਬੁਰਜ ਖਲੀਫਾ ਦੇ ਆਲੇ-ਦੁਆਲੇ, ਇੱਕ ਲਗਜ਼ਰੀ ਕਾਰ ਦੇ ਉੱਪਰ ਜਾਂ ਇੱਕ ਬ੍ਰਿਟਿਸ਼ ਮਹਿਲ ਵਿੱਚ ਬਿਓਂਸੇ ਨਾਲ ਨੱਚ ਸਕਦਾ ਹੈ - ਪਰ ਉਹ ਹਮੇਸ਼ਾ ਆਪਣੀ ਪੰਜਾਬੀ ਪਛਾਣ ਵੀ ਆਪਣੇ ਨਾਲ ਰੱਖਦੇ ਹਨ।
ਦੋਸਾਂਝ ਨੇ ਵੀ ਮੇਟ ਗਾਲਾ ਵਿੱਚ ਆਪਣੇ ਮਹਾਰਾਜਾ ਲੁੱਕ ਨਾਲ ਇਸ ਗੱਲ ਨੂੰ ਸਪਸ਼ਟ ਕੀਤਾ ਹੈ।
ਪਾਂਡੇ ਕਹਿੰਦੇ ਹਨ, "ਇੰਝ ਲੱਗਦਾ ਹੈ ਕਿ ਉਨ੍ਹਾਂ ਦਾ ਮਸ਼ਹੂਰ ਐਂਡਰੋਜੀਨਸ ਸਟਾਈਲ ਦੀ ਉਡੀਕ ਸੀ।''
ਲੋਕਾਂ ਵਿੱਚ ਗਾਇਕਾਂ ਦੇ ਫੈਸ਼ਨ ਨੂੰ ਲੈ ਕੇ ਆਕਰਸ਼ਣ

ਤਸਵੀਰ ਸਰੋਤ, Getty Images
ਅੱਜ ਪੰਜਾਬ ਵਿੱਚ ਉੱਭਰ ਰਹੇ ਕਲਾਕਾਰਾਂ 'ਤੇ ਇਸ ਰੁਝਾਨ ਦੇ ਸਮੁੱਚੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮਿਸਾਲ ਵਜੋਂ, ਸਥਾਨਕ ਭੰਗੜਾ ਪੇਸ਼ਕਾਰੀ ਹੁਣ ਰਵਾਇਤੀ "ਕੁੜਤੇ-ਚਾਦਰੇ" ਨਾਲ ਪੰਜਾਬੀ ਜੁੱਤੀਆਂ ਤੱਕ ਸੀਮਿਤ ਨਹੀਂ ਹੈ। ਹੁਣ ਇਸ ਪਹਿਰਾਵੇ ਵਿੱਚ ਸਨੀਕਰ, ਟਾਈਪੋਗ੍ਰਾਫਿਕ ਟੀ-ਸ਼ਰਟਾਂ, ਡੀਕੰਸਟ੍ਰਕਟਡ ਬੌਟਮ (ਖੁਲ੍ਹੀਆਂ ਪੈਂਟਾਂ ਆਦਿ) ਅਤੇ ਇੱਥੋਂ ਤੱਕ ਕਿ ਡੈਨਿਮ ਵੀ ਸ਼ਾਮਲ ਹਨ।
1469 ਬ੍ਰਾਂਡ ਦੇ ਮਾਲਕ ਹਰਿੰਦਰ ਸਿੰਘ ਕਹਿੰਦੇ ਹਨ, "ਗਾਹਕ ਅਜਿਹੀਆਂ ਚੀਜ਼ਾਂ ਦੀ ਬਹੁਤ ਮੰਗ ਕਰਦੇ ਹਨ।''
ਹਰਿੰਦਰ ਦੇ ਸਟੋਰ ਦੀਆਂ ਆਈਟਮਾਂ ਵਿੱਚ ਪੰਜਾਬ ਦੇ ਸੰਗੀਤ ਸਿਤਾਰਿਆਂ ਦੁਆਰਾ ਪ੍ਰਸਿੱਧ ਕੀਤੀਆਂ ਗਈਆਂ ਚੀਜ਼ਾਂ ਸ਼ਾਮਲ ਹਨ, ਜਿਵੇਂ ਕਿ ਦੋਸਾਂਝ ਦੁਆਰਾ ਪਹਿਨੀ ਗਈ ਫੁਲਕਾਰੀ ਪੱਗ ਦੇ ਕਈ ਪ੍ਰਕਾਰ, ਪ੍ਰਸਿੱਧ ਭੰਗੜਾ ਕਲਾਕਾਰ ਪੰਮੀ ਬਾਈ ਦੁਆਰਾ ਪਹਿਲਾਂ ਪ੍ਰਸਿੱਧ ਕੀਤੇ ਗਏ ਕੈਂਠਾ ਪੈਂਡੈਂਟ। ਹਰਿੰਦਰ ਕੋਲ ਖੁਦ ਵੀ 100 ਤੋਂ ਵੱਧ ਰੰਗਾਂ ਦੀਆਂ ਪੱਗਾਂ ਹਨ।
ਇਹ ਵਿਸ਼ਵਵਿਆਪੀ ਰੰਗ ਪੰਜਾਬ ਦੇ ਮਰਦਾਂ ਦੀ ਸਮੁੱਚੀ ਸ਼ੈਲੀ ਵਿੱਚ ਵੀ ਝਲਕਦਾ ਹੈ।

ਤਸਵੀਰ ਸਰੋਤ, Getty Images
ਭਾਰਤ ਦੇ ਸੱਭਿਆਚਾਰਕ ਤਿਉਹਾਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਕਵੀ ਗੁਰਪ੍ਰੀਤ ਸੈਣੀ ਕਹਿੰਦੇ ਹਨ ਕਿ ਉਹ ਗੁਰਮੁਖੀ ਅੱਖਰਾਂ ਦੇ ਛਾਪੇ ਵਾਲੇ ਆਪਣੇ ਸ਼ਾਲ ਹਰਿਆਣਾ, ਪੰਜਾਬ ਵਿੱਚ ਆਪਣੇ ਜੱਦੀ ਸ਼ਹਿਰ ਤੋਂ ਲੈਂਦੇ ਹਨ, ਤਾਂ ਜੋ ਉਨ੍ਹਾਂ ਦਿੱਖ ਵਿਲੱਖਣ ਬਣ ਸਕੇ।
ਉਹ ਮੰਨਦੇ ਹਨ ਕਿ ਸੰਗੀਤ ਦੀ ਦੁਨੀਆਂ ਦੇ ਲੋਕਾਂ ਤੋਂ ਪ੍ਰਭਾਵਿਤ ਹਨ, ਜਿਨ੍ਹਾਂ ਵਿੱਚ ਗਾਇਕ ਗੁਰਦਾਸ ਮਾਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਹ ਆਪਣੇ ਬਚਪਨ ਤੋਂ ਦੇਖਦੇ-ਸੁਣਦੇ ਆ ਰਹੇ ਹਨ।
ਕੁਝ ਮਾਮਲਿਆਂ ਵਿੱਚ, ਜੋ ਨਿੱਜੀ ਮੋਹ ਵਜੋਂ ਸ਼ੁਰੂ ਹੋਇਆ ਸੀ ਉਹ ਇੱਕ ਫੈਸ਼ਨ ਸਟੇਟਮੈਂਟ ਬਣ ਗਿਆ ਹੈ। ਹੁਣ ਅਜਿਹੀਆਂ ਚੀਜ਼ਾਂ ਦੀ ਚੋਣ ਸੱਭਿਆਚਾਰਕ ਪਛਾਣ ਬਣ ਗਈ ਹੈ। ਉਨ੍ਹਾਂ ਨੇ ਸੁਰ-ਤਾਲ, ਹਾਈਬ੍ਰਿਡਿਟੀ (ਦੋ ਜਾਂ ਵੱਧ ਚੀਜ਼ਾਂ ਨੂੰ ਮਿਲਾ ਕੇ ਕੁਝ ਨਵਾਂ ਬਣਾਉਣਾ) ਦੇ ਨਾਲ-ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਭਾਵਨਾ ਰਾਹੀਂ ਪੰਜਾਬੀ ਪਛਾਣ ਨੂੰ ਇੱਕ ਨਵਾਂ ਰੂਪ ਦਿੱਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












