ਦਿਲਜੀਤ ਦੋਸਾਂਝ ਦਾ ਸਟਾਰਡਮ: ਕਿਵੇਂ ਕੌਮਾਂਤਰੀ ਪੱਧਰ 'ਤੇ ਪੰਜਾਬ ਦੇ ਪਿੰਡ ਦਾ ਇਹ ਨੌਜਵਾਨ ਛਾ ਗਿਆ

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

    • ਲੇਖਕ, ਜ਼ੋਇਆ ਮਤੀਨ
    • ਰੋਲ, ਬੀਬੀਸੀ ਪੱਤਰਕਾਰ

ਦਿਲਜੀਤ ਦੋਸਾਂਝ ਕੌਣ ਹਨ?

ਇਸ ਸਵਾਲ ਦਾ ਜਵਾਬ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਸਵਾਲ ਪੁੱਛ ਕਿਸ ਨੂੰ ਰਹੇ ਹੋ।

40 ਸਾਲਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਫਿਲਹਾਲ ਪੰਜਾਬੀ ਮਨੋਰੰਜਨ ਜਗਤ ਦੇ ਮਾਊਂਟ ਐਵਰੈਸਟ ਉੱਤੇ ਚੌਂਕੜੀ ਮਾਰ ਕੇ ਬੈਠੇ ਹਨ।

ਉਹ ਇੱਕ ਅਜਿਹੀ ਪੀੜ੍ਹੀ ਦੀ ਨੁਮਾਇੰਦਗੀ ਕਰ ਰਹੇ ਹਰ ਜੋ ਪੰਜਾਬੀ ਸੰਗੀਤ ਅਤੇ ਗਾਇਕੀ ਨੂੰ ਰੈਪ ਅਤੇ ਹਿਪ-ਹੌਪ ਨਾਲ ਮਿਲਾ ਕੇ ਗਾ ਰਹੀ ਹੈ।

ਦਿਲਜੀਤ ਪਿਛਲੇ ਹਫ਼ਤੇ ਹੀ ਅਮਰੀਕਾ ਦੇ ਮਸ਼ਹੂਰ ਦਿ ਟੂਨਾਈਟ ਸ਼ੋਅ ਵਿੱਚ ਪੇਸ਼ਕਾਰੀ ਕਰਕੇ ਆਏ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਪੰਜਾਬੀ ਕਲਾਕਾਰ ਹਨ।

ਜਿੰਮੀ ਫੈਲਨ ਨੇ ਆਪਣੇ ਸ਼ੋਅ ਵਿੱਚ ਦਿਲਜੀਤ ਨੂੰ, “ਗ੍ਰਹਿ ਉੱਤੇ ਸਭ ਤੋਂ ਵੱਡਾ ਪੰਜਾਬੀ ਕਲਾਕਾਰ” ਕਹਿ ਕੇ ਦਰਸ਼ਕਾਂ ਦੇ ਰੂਬਰੂ ਕੀਤਾ ਅਤੇ ਦਿਲਜੀਤ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਰੋਤਿਆਂ ਨੂੰ ਆਪਣੇ ਸੂਪਰ ਹਿੱਟ ਗਾਣਾ ਬੌਰਨ ਟੂ ਸ਼ਾਈਨ ਸੁਣਾਇਆ।

ਸ਼ੋਅ ਦੀ ਇੱਕ ਦਰਸ਼ਕ ਅਤੇ ਫਿਲਮ ਆਲੋਚਕ ਸੁਚਿੱਤਰਾ ਤਿਆਗੀ ਨੇ ਦੱਸਿਆ, “ਕੁਝ ਹੀ ਸਕਿੰਟ ਲੰਘੇ ਸਨ ਅਤੇ ਹਰ ਕੋਈ ਨੱਚ ਰਿਹਾ ਸੀ। ਬੈਂਡ ਵਾਲਿਆਂ ਦੇ ਮੂੰਹ ਦੇਖਣੇ ਸਨ, ਉਹ ਹੈਰਾਨ ਸਨ।”

ਪਿੱਛੇ ਭਾਰਤ ਵਿੱਚ ਇੱਕ ਹਰਫਨਮੌਲਾ ਅਦਾਕਾਰ ਵਜੋਂ ਜਾਣਿਆਂ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਫਿਲਮਾਂ ਵਿੱਚ ਖੁਦ ਗਾਇਆ ਹੈ।

ਜਦਕਿ ਦੂਜਿਆਂ ਲਈ ਜਿਨ੍ਹਾਂ ਨੇ ਕਦੇ ਉਨ੍ਹਾਂ ਦੀਆਂ ਫਿਲਮਾਂ ਨਹੀਂ ਦੇਖੀਆਂ ਜਾਂ ਗੀਤ ਨਹੀਂ ਸੁਣੇ, ਦਿਲਜੀਤ ਇੱਕ ਸੋਸ਼ਲ ਮੀਡੀਆ ਸਟਾਰ ਹਨ ਜੋ ਆਪਣੀਆਂ ਮਜ਼ਾਕੀਆ ਵੀਡੀਓਜ਼ ਨਾਲ ਅਕਸਰ ਹਲਚਲ ਪੈਦਾ ਕਰਦੇ ਰਹਿੰਦੇ ਹਨ। ਅਲੈਕਸਾ ਨਾਲ ਉਨ੍ਹਾਂ ਦੀ ਮਜ਼ਾਕੀਆ ਪਰ ਖਿਝੀ ਹੋਈ ਗੱਲਬਾਤ ਦੀ ਇੱਕ ਵੀਡੀਓ ਬਹੁਤ ਪਸੰਦ ਕੀਤੀ ਗਈ।

ਆਪਣੇ ਸ਼ੋਅਜ਼ ਦੌਰਾਨ ਦਿਲਜੀਤ ਸਾਰਿਆਂ ਨੂੰ ਆਪਣੀ ਊਰਜਾ ਨਾਲ ਕੀਲ ਲੈਂਦੇ ਹਨ ਅਤੇ ਉਨ੍ਹਾਂ ਦੀ ਪੇਸ਼ਕਾਰੀ ਦੇਖ ਕੇ ਲੋਕ ਹੱਸਣ ਅਤੇ ਰੋਣ ਲਗਦੇ ਹਨ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਐਡ ਸ਼ੀਰਨ ਨੂੰ ਵੀ ਪੰਜਾਬੀ ਵਿੱਚ ਗਵਾਇਆ ਹੈ।

ਤਿਆਗੀ ਨੇ ਕਿਹਾ, “ਕਿਸੇ ਤਿੰਨ ਜਣਿਆਂ ਨੂੰ ਪੁੱਛੋ ਕਿ ਉਹ ਦਿਲਜੀਤ ਦੋਸਾਂਝ ਨੂੰ ਕਿਉਂ ਪਸੰਦ ਕਰਦੇ ਹਨ ਉਹ ਵੱਖੋ-ਵੱਖ ਕਾਰਨ ਦੇਣਗੇ- ਇਨ੍ਹਾਂ ਦੀ ਅਦਾਕਾਰੀ, ਗਾਇਕੀ ਜਾਂ ਸਿਰਫ਼ ਉਨ੍ਹਾਂ ਦੇ ਇੰਸਟਾਗ੍ਰਾਮ ਕੰਟੈਂਟ ਕਰਕੇ। ਲੇਕਿਨ ਉਨ੍ਹਾਂ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੋਵੇਗੀ ਕਿ ਉਹ ਦਿਲਜੀਤ ਨੂੰ ਉਸ ਇਨਸਾਨ ਵਜੋਂ ਪਸੰਦ ਕਰਦੇ ਹਨ ਜੋ ਉਹ ਹਨ।”

ਦੋਸਾਂਝ ਕਲਾਂ ਵਿੱਚ ਜਨਮੇ ਦਿਲਜੀਤ ਨੇ ਆਪਣਾ ਗਾਇਕੀ ਦਾ ਸਫ਼ਰ ਸਥਾਨਕ ਗੁਰਦੁਆਰੇ ਵਿੱਚ ਕੀਰਤਨ ਨਾਲ ਸ਼ੁਰੂ ਕੀਤਾ। ਜੋ ਲੋਕ ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ, ਉਹ ਦੱਸਦੇ ਹਨ ਕਿ ਉਨ੍ਹਾਂ ਦੇ “ਮਸਾਂ ਹੀ ਕੋਈ ਦਾੜ੍ਹੀ ਹੁੰਦੀ ਸੀ ਪਰ ਉਨ੍ਹਾਂ ਵਿੱਚ ਲੈਅ ਸੀ, ਭੰਗੜਾ ਸੋਹਣਾ ਪਾਉਂਦੇ ਸਨ ਅਤੇ ਬਹੁਤ ਸੋਹਣੀ ਪੱਗ ਬੰਨ੍ਹਦੇ ਸਨ।”

ਦਿਲਜੀਤ ਨੂੰ ਗਾਇਕੀ ਵਿੱਚ ਪਹਿਲਾ ਮੌਕਾ ਦੇਣ ਵਾਲੇ ਰਜਿੰਦਰ ਸਿੰਘ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ, “ਉਹ ਰੱਬ ਤੋਂ ਡਰਨ ਵਾਲਾ ਬੀਬਾ ਮੁੰਡਾ ਸੀ, ਜੋ ਸਿੱਖਣ ਦਾ ਭੁੱਖਾ ਸੀ।“

ਸੋਲਾਂ ਸਾਲ ਦੀ ਉਮਰ ਵਿੱਚ ਦਿਲਜੀਤ ਨੇ ਪਹਿਲੀ ਐਲਬਮ ਜਾਰੀ ਕੀਤੀ। ਗੀਤ ਨਾਈਟ ਕਲੱਬਾਂ ਦੀ ਥਾਂ ਵਿਆਹਾਂ ਦੀ ਸ਼ੋਭਾ ਜ਼ਿਆਦਾ ਬਣੇ, ਜਿੱਥੇ ਉਨ੍ਹਾਂ ਦੇ ਭੋਲੇਪਨ ਅਤੇ ਰੂਹ ਤੋਂ ਨਿਕਲੀ ਅਵਾਜ਼ ਨੇ ਉਨ੍ਹਾਂ ਨੂੰ ਝੱਟ ਹੀ ਮਸ਼ਹੂਰ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੂੰ ਲਗਭਗ ਹਰ ਰੋਜ਼ ਹੀ ਸ਼ੋਅ ਮਿਲਣ ਲੱਗ ਪਏ।

ਕੁਝ ਸਾਲਾਂ ਬਾਅਦ ਉਨ੍ਹਾਂ ਦੇ ਪਿਤਾ ਨੇ ਮਾਮੇ ਨਾਲ ਲੁਧਿਆਣੇ ਸ਼ਹਿਰ ਵਿੱਚ ਸਿੱਖਣ ਅਤੇ ਰਹਿਣ ਲਈ ਭੇਜ ਦਿੱਤਾ। ਉਹ ਇੱਕ ਸਥਾਨਕ ਸੰਗੀਤਕਾਰ ਸਨ।

ਉਸ ਸਮੇਂ ਪੰਜਾਬੀ ਗਾਇਕੀ ਵਿੱਚ ਖੇਤਰੀ ਕਲਾਕਾਰ ਪੌਪ ਸੰਗੀਤ ਨਾਲ ਪ੍ਰਯੋਗ ਕਰ ਰਹੇ ਸਨ ਅਤੇ ਦਲੇਰ ਮਹਿੰਦੀ ਦਾ ਸਮਾਂ ਸੀ।

ਕਦੋਂ ਕੀਤਾ ਪਹਿਲਾ ਵਿਦੇਸ਼ੀ ਦੌਰਾ

ਸਾਲ 2006 ਵਿੱਚ ਦਿਲਜੀਤ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਕੀਤਾ ਅਤੇ ਇੱਕ ਸਾਲ ਬਾਅਦ ਆਪਣੀ ਦੂਜੀ ਐਲਬਮ ਜਾਰੀ ਕੀਤੀ। ਇਹ ਉਨ੍ਹਾਂ ਨੇ ਆਪਣਾ ਨਵੇਂ ਨਾਮ ਹੋਠਾਂ ਕੀਤੀ: ਦਿਲਜੀਤ ਦੋਸਾਂਝ।

ਇੱਕ ਤੋਂ ਬਾਅਦ ਇੱਕ ਚੀਜ਼ਾਂ ਹੁੰਦੀਆਂ ਗਈਆਂ ਅਤੇ 2010 ਤੱਕ ਦਿਲਜੀਤ ਨੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਅਦਾਕਾਰ ਵਜੋਂ ਵੀ ਸਥਾਪਤ ਕਰ ਲਿਆ। ਛੇ ਸਾਲ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿੱਚ ਪੈਰ ਰੱਖਿਆ ਅਤੇ ਹੁਣ ਉਹ ਇੱਕ ਗਲੋਬਲ ਸਟਾਰ ਹਨ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਿਛਲੇ ਸਾਲ ਉਹ ਕੋਚੈਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ। ਉਨ੍ਹਾਂ ਨੇ ਗਾਇਕਾ ਸੀਆ ਨਾਲ ਵੀ ਕਲੈਬੋਰੇਟ ਕੀਤਾ ਅਤੇ ਸ਼ੀਰਨ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਨਾਲ ਗਾਇਆ।

ਆਪਣੀਆਂ ਇੰਟਰਵਿਊਜ਼ ਵਿੱਚ ਦਿਲਜੀਤ ਦੋਸਾਂਝ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦੀ ਸਫ਼ਲਤਾ ਕੋਈ ਸੰਜੋਗ ਮਾਤਰ ਨਹੀਂ ਹੈ ਸਗੋਂ ਉਨ੍ਹਾਂ ਨੇ ਇਸ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਜਦੋਂ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਉਹ ਉਦੋਂ ਵੀ ਗਾਇਕੀ ਦਾ ਅਭਿਆਸ ਕਰਦੇ ਸਨ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਲੇਕਿਨ ਜਿਸ ਹਲੀਮੀ ਨਾਲ ਉਹ ਪੇਸ਼ ਆਉਂਦੇ ਹਨ, ਉਸ ਤੋਂ ਲਗਦਾ ਹੈ ਜਿਵੇਂ ਉਹ ਆਪਣੀ ਸਫ਼ਲਤਾ ਦੇ ਖੁਦ ਹੀ ਦਰਸ਼ਕ ਬਣ ਕੇ ਖੜ੍ਹੇ ਹੋਣ।

ਸੰਚਾਰ ਸਲਾਹਕਾਰ ਦਲੀਪ ਚਿਰੀਅਨ ਕਹਿੰਦੇ ਹਨ, “ਜਦੋਂ ਕੋਈ ਸਟਾਰ ਕਿਸੇ ਮੁਕਾਮ ਉੱਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ-ਆਪ ਨੂੰ ਬਦਲਦਾ ਰਹਿੰਦਾ ਹੈ ਪਰ ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਭਾਵੇਂ ਵਧਦੀ ਜਾ ਰਹੀ ਹੈ ਪਰ ਉਹ ਆਪਣੇ ਬਾਰੇ ਜ਼ਿਆਦਾ ਵੇਰਵੇ ਨਹੀਂ ਦਿੰਦੇ ਹਨ।”

ਉਹ ਅੱਗੇ ਦੱਸਦੇ ਹਨ, “ਇੱਕ ਹਲੀਮ ਅਤੇ ਨੇਕ ਮੁੰਡਾ ਬਣ ਕੇ ਉਹ ਆਡੀਅੰਸ ਵਿੱਚ ਸਾਰੀਆਂ ਚੰਗੀਆਂ ਤਰਬਾਂ ਛੇੜ ਦਿੰਦੇ ਹਨ।”

ਹਾਲਾਂਕਿ ਦਿਲਜੀਤ ਖੁਦ ਕਹਿੰਦੇ ਹਨ ਕਿ ਆਪਣੇ ਨਾਮ 'ਦਿਲਾਂ ਨੂੰ ਜਿੱਤਣ ਵਾਲੇ' ਦੇ ਉਲਟ “ਉਹ ਲਗਾਤਾਰ ਮੁਕਾਬਲਾ ਕਰਦੇ ਰਹਿੰਦੇ ਹਨ ਅਤੇ ਇਹ ਮੇਰਾ ਕੰਮ ਹੈ ਅਤੇ ਮੈਂ ਇਸ ਤੋਂ ਘਬਰਾਉਂਦਾ ਨਹੀਂ।”

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਭਰੋਸਾ, ਪਿਆਰ ਅਤੇ ਰਵਾਇਤ ਵਾਲਾ ਸੰਗੀਤ

ਚਿਰੀਅਨ ਕਹਿੰਦੇ ਹਨ ਕਿ ਦਿਲਜੀਤ ਨੇ ਸੋਚ ਸਮਝ ਕੇ ਆਪਣੇ ਹੋਰ ਸਾਥੀਆਂ ਵਾਂਗ ਬੁਰੇ ਮੁੰਡੇ ਵਾਲੇ ਅਕਸ ਤੋਂ ਦੂਰੀ ਬਣਾ ਕੇ ਰੱਖੀ ਹੈ।

ਸ਼ੁਰੂਆਤੀ ਗੀਤਾਂ ਨੂੰ ਛੱਡ ਕੇ ਜਿਨ੍ਹਾਂ ਵਿੱਚ ਮਰਦਾਨਾ ਹੰਕਾਰ ਅਤੇ ਹਥਿਆਰਾਂ ਦਾ ਜ਼ਿਕਰ ਕੀਤਾ ਸੀ, ਦਿਲਜੀਤ ਨੇ ਵਿਵਾਦਿਤ ਮੁੱਦਿਆਂ ਤੋਂ ਆਪਣੇ-ਆਪ ਨੂੰ ਦੂਰ ਰੱਖਿਆ ਹੈ।

ਉਨ੍ਹਾਂ ਆਮ ਪੰਜਾਬੀ ਪੌਪ ਸੰਗੀਤ ਦੇ ਧੋਖਾ, ਹਿੰਸਾ ਅਤੇ ਬਦਲੇ ਵਰਗੇ ਵਿਸ਼ਿਆਂ ਦੀ ਥਾਂ ਭਰੋਸਾ, ਪਿਆਰ ਅਤੇ ਰਵਾਇਤ ਬਾਰੇ ਗਾਇਆ ਹੈ।

ਉਨ੍ਹਾਂ ਦੇ ਗੋਟ ਅਤੇ ਬੌਰਨ ਟੂ ਸ਼ਾਈਨ ਵਰਗੇ ਗਾਣੇ ਦੱਸਦੇ ਹਨ ਕਿ ਕਿਵੇਂ ਉਹ ਇਸ ਖੇਤਰ ਵਿੱਚ ਪੈਸਾ ਕਮਾਉਣ ਨਹੀਂ ਸਗੋਂ ਆਪਣਾ ਅਤੇ ਆਪਣੇ ਪਿੰਡ ਲਈ ਨਾਮ ਕਮਾਉਣ ਲਈ ਆਏ।

ਉਹ ਆਪਣੇ ਹਰੇਕ ਸ਼ੋਅ ਦੀ ਸ਼ੁਰੂਆਤ ਵਿੱਚ ਕਹਿੰਦੇ ਹਨ “ਪੰਜਾਬੀ ਆ ਗਏ ਹਨ”, ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ, “ਜਦੋਂ ਤੁਸੀਂ ਮੇਰੇ ਵਰਗੀ ਛੋਟੀ ਥਾਂ ਤੋਂ ਆਉਂਦੇ ਹੋ ਤਾਂ, ਤੁਸੀਂ ਚਾਹੁੰਦੇ ਹੋ ਕਿ ਸਾਰੀ ਦੁਨੀਆਂ ਨੂੰ ਇਸ ਬਾਰੇ ਪਤਾ ਲੱਗੇ”

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਅਦਾਕਾਰੀ ਦਾ ਕਾਇਲ ਲੋਕ

ਦਿਲਜੀਤ ਆਪਣੀਆਂ ਜੜ੍ਹਾਂ ਤੋਂ ਸੁਚੇਤ ਹਨ, ਉਨ੍ਹਾਂ ਦਾ ਹਰੇਕ ਗੀਤ ਉਨ੍ਹਾਂ ਦੀ ਪੰਜਾਬੀ ਪਛਾਣ ਦੇ ਕਿਸੇ ਨਾ ਕਿਸੇ ਪੱਖ ਨੂੰ ਪੇਸ਼ ਕਰਦਾ ਹੈ। ਹਾਲਾਂਕਿ ਉਹ ਇਸ ਕਾਰਨ ਬੱਝੇ ਵੀ ਹੋਏ ਹਨ।

ਉਹ ਰਵਾਇਤ ਤੋਂ ਬਹੁਤ ਕੁਝ ਲੈਂਦੇ ਹਨ ਅਤੇ ਇਸ ਨਾਲ ਪ੍ਰਯੋਗ ਵੀ ਕਰਦੇ ਹਨ। ਉਹ ਪੌਪ ਨੂੰ ਭੰਗੜੇ ਦੀਆਂ ਧੁਨਾਂ ਨਾਲ ਇਸ ਤਰ੍ਹਾਂ ਮਿਲਾਉਂਦੇ ਹਨ ਕਿ ਪੁਰਾਣੀਆਂ ਗੱਲਾਂ ਵੀ ਨਵੀਆਂ ਲੱਗਣ ਲਗਦੀਆਂ ਹਨ।

ਜਦੋਂ ਅਦਾਕਾਰੀ ਦੀ ਗੱਲ ਆਉਂਦੀ ਹੈ ਤਾਂ ਉਹ ਮਜ਼ਾਕੀਆ ਅਤੇ ਗੰਭੀਰ ਭੂਮਿਕਾਵਾਂ ਇੱਕੋ-ਜਿਹੀ ਖੂਬਸੂਰਤੀ ਨਾਲ ਨਿਭਾਉਂਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਵਰਗੀ ਗੰਭੀਰ ਸਮੱਸਿਆ ਬਾਰੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਤੋਂ ਲੈ ਕੇ ਮਜ਼ਾਕੀਆ ਜੱਟ ਐਂਡ ਜੂਲੀਅਟ ਵੀ ਬਣਾਈਆਂ ਹਨ।

ਤਿਆਗੀ ਵਰਗੇ ਵਿਅਕਤੀ ਜੋ ਦਿਲਜੀਤ ਨੂੰ ਨਿੱਜੀ ਰੂਪ ਤੋਂ ਜਾਣਦੇ ਹਨ, ਕਹਿੰਦੇ ਹਨ ਕਿ ਭਾਵੇਂ “ਉਹ ਸ਼ਰਮੀਲੇ ਅਤੇ ਸ਼ਾਂਤ ਹਨ ਪਰ ਆਲੇ-ਦੁਆਲੇ ਨੂੰ ਬਹੁਤ ਧਿਆਨ ਨਾਲ ਦੇਖਦੇ ਹਾਂ।”

ਲੇਕਿਨ ਉਨ੍ਹਾਂ ਦਾ ਇਹ ਸੁਭਾਅ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਮਜ਼ਾਕ ਕਰਨੋਂ ਨਹੀਂ ਰੋਕਦਾ ਅਤੇ ਕਈ ਵਾਰ ਇਸਦੀ ਉਨ੍ਹਾਂ ਨੂੰ ਨਿੱਜੀ ਕੀਮਤ ਚੁਕਾਉਣੀ ਪੈਂਦੀ ਹੈ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

“ਇੰਡਸਟਰੀ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਦੋਸਾਂਝ ਨੇ ਆਪਣੇ ਬੰਦੇ ਸੈੱਟ ਕਰ ਲਏ ਹਨ ਜੋ ਉਨ੍ਹਾਂ ਨੂੰ ਆਪਣੀ ਇਮੇਜ ਸੰਭਾਲਣ ਵਿੱਚ ਮਦਦ ਕਰਦੇ ਹਨ। ਉਹ ਸਪਸ਼ਟਤਾ ਨਾਲ ਸਹੀ ਗੱਲ ਕਰ ਦਿੰਦੇ ਹਨ ਅਤੇ ਘਰੇਲੂ ਅਤੇ ਵਿਦੇਸ਼ੀ ਪ੍ਰਸ਼ੰਸਕਾਂ ਨੂੰ ਆਪਣੀ ਚੋਣ ਨਾਲ ਜੋੜੀ ਵੀ ਰੱਖਦੇ ਹਨ।”

ਹਾਲਾਂਕਿ ਕਈ ਵਾਰ ਦਿਲਜੀਤ ਜਦੋਂ ਆਪਣਾ ਮਜ਼ਾਕ ਵੀ ਉਡਾਉਂਦੇ ਹਨ ਤਾਂ, ਉਹ ਵੀ ਉਦੇਸ਼ ਪੂਰਨ ਲਗਦਾ ਹੈ। ਉਹ ਅਕਸਰ ਕਿਸੇ ਹੋਰ ਤੋਂ ਪਹਿਲਾਂ ਖ਼ੁਦ ਆਪਣੇ ਅੰਗਰੇਜ਼ੀ ਵਿੱਚ ਚੰਗਾ ਨਾ ਹੋਣ ਬਾਰੇ ਆਪਣੇ ਬਾਰੇ ਚੁਟਕਲੇ ਬਣਾਉਂਦੇ ਹਨ।

ਲੇਕਿਨ ਉਸਦੇ ਥੱਲੇ ਇੱਕ ਗੰਭੀਰ ਕਲਾਕਾਰ ਹੈ ਜੋ, ਲਗਾਤਾਰ ਇਸ ਦੁਨੀਆਂ ਵਿੱਚ ਆਪਣੀ ਥਾਂ ਬਾਰੇ ਵਿਚਾਰ ਕਰਦਾ ਹੈ ਅਤੇ ਕਿਵੇਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਮੁੰਡਾ, ਇਸ ਸੱਚਾਈ ਨੂੰ ਚੁਣੌਤੀ ਦੇ ਸਕਦਾ ਹੈ।

ਉਨ੍ਹਾਂ ਦਾ ਸੰਗੀਤ ਦਿਲਜੀਤ ਦੇ ਪੇਸ਼ੇਵਰ ਜੀਵਨ ਦੀ ਬੁਨਿਆਦ ਹੈ। ਫਿਰ ਵੀ ਦਿਲਜੀਤ ਉਸ ਤੋਂ ਕਿਤੇ ਜ਼ਿਆਦਾ ਦਿੰਦੇ ਹਨ— ਉਹ ਮੁਕੰਮਲ ਪੈਕੇਜ, ਨਵੇਂ ਪੁਰਾਣੇ ਦਾ ਸੁਮੇਲ, ਸਾਦਾ ਅਤੇ ਸਟਾਇਲਿਸ਼ ਜਿਸ ਕਾਰਨ ਉਨ੍ਹਾਂ ਨਾਲ ਹਰ ਕੋਈ ਜੁੜਿਆ ਮਹਿਸੂਸ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)