ਸਮੁੰਦਰ ਪਾਰ ਕਰਵਾਉਣ ਦੀ ਜਿਸ ਘਟਨਾ ਦੌਰਾਨ 7 ਸਾਲਾ ਬੱਚੀ ਸਾਰ੍ਹਾ ਮਾਰੀ ਗਈ, ਉਸ ਦੇ ਤਸਕਰ ਨੂੰ ਬੀਬੀਸੀ ਨੇ ਲੱਭਿਆ

ਸਾਰਾ
ਤਸਵੀਰ ਕੈਪਸ਼ਨ, ਚੈਨਲ ਕਰਾਸ ਕਰਦਿਆਂ ਸਾਹ ਘੁੱਟਣ ਨਾਲ ਮਾਰੀ ਗਈ 7 ਸਾਲਾ ਬੱਚੀ ਸਾਰ੍ਹਾ।
    • ਲੇਖਕ, ਐਂਡਰਿਓ ਹਾਰਡਿੰਗ
    • ਰੋਲ, ਬੀਬੀਸੀ ਪੱਤਰਕਾਰ

ਸ਼ਹਿਰ ਦੀ ਭੀੜ ਵਿੱਚ ਅਰਾਮ ਨਾਲ ਤੁਰੇ ਜਾ ਰਹੇ ਤਸਕਰ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਸਦਾ ਪਿੱਛਾ ਕੀਤਾ ਜਾ ਰਿਹਾ ਸੀ।

ਉਹ 39 ਸਾਲ ਦਾ ਮਧਰੇ ਕੱਦ ਦਾ ਇੱਕ ਵਿਅਕਤੀ ਸੀ, ਜਿਸ ਨੇ ਹਲਕੇ ਹਰੇ ਰੰਗ ਦੇ ਖੁੱਲ੍ਹੇ ਕੱਪੜੇ ਪਾਏ ਹੋਏ ਸਨ ਅਤੇ ਬੇਸਬਾਲ ਟੋਪੀ ਲਈ ਹੋਈ ਸੀ। ਉਹ ਇਸ ਤਰ੍ਹਾਂ ਜਾ ਰਿਹਾ ਸੀ ਜਿਵੇਂ ਬਾਅਧ ਦੁਪਹਿਰ ਕੋਈ ਆਮ ਬੰਦਾ ਟੈਂਟ ਵਿੱਚ ਬਣੇ ਪਰਵਾਸੀ ਰਿਸੈਪਸ਼ਨ ਤੋਂ ਲੋਕਲ ਟਰੈਮ ਸਟੇਸ਼ਨ (ਮੈਟਰੋ ਸਟੇਸ਼ਨ) ਤੱਕ ਜਾ ਰਿਹਾ ਸੀ।

ਸਾਡੀ ਟੀਮ ਨੇ ਭੱਜਣਾ ਸ਼ੁਰੂ ਕੀਤਾ।

ਜਦੋਂ ਸਾਡਾ ਲਗਜ਼ਮਬਰਗ ਦੀ ਰਾਜਧਾਨੀ ਵਿੱਚ ਆਹਮੋ-ਸਾਹਮਣਾ ਹੋਇਆ ਤਾਂ ਮੈਂ ਕਿਹਾ, “ਸਾਨੂੰ ਪਤਾ ਹੈ, ਤੁਸੀਂ ਕੌਣ ਹੋ।”

“ਤੁਸੀਂ ਇੱਕ ਤਸਕਰ ਹੋ।”

ਪਾਸਪੋਰਟ
ਤਸਵੀਰ ਕੈਪਸ਼ਨ, ਪਾਸਪੋਰਟ ਅਤੇ ਆਈਡੀ ਕਾਰਡ ਨੇ ਤਸਕਰ ਦੀ ਪਛਾਣ ਵਿੱਚ ਮਦਦ ਕੀਤੀ

ਬੀਬੀਸੀ ਨੇ ਉਸ ਦੀ ਭਾਲ 51 ਦਿਨ ਪਹਿਲਾਂ ਉਦੋਂ ਸ਼ੁਰੂ ਕੀਤੀ ਸੀ, ਜਦੋਂ ਇੱਕ ਸੱਤ ਸਾਲਾਂ ਦੀ ਕੁੜੀ ਸਾਰ੍ਹਾ ਸਮੇਤ ਪੰਜ ਜਣੇ ਉੱਤਰੀ ਫਰਾਂਸ ਦੇ ਸਮੁੰਦਰ ਵਿੱਚ ਮਾਰੇ ਗਏ ਸਨ।

ਸਾਰ੍ਹਾ ਦੀ ਜਾਨ ਇੱਕ ਹਵਾ ਨਾਲ ਫੁਲਾਈ ਜਾਣ ਵਾਲੀ ਕਿਸ਼ਤੀ ਵਿੱਚ ਲੋਥਾਂ ਦੇ ਭਾਰ ਥੱਲੇ ਦਬ ਕੇ ਦਮ ਘੁੱਟਣ ਨਾਲ ਹੋਈ ਸੀ।

ਇਹ ਜਾਂਚ ਸਾਨੂੰ ਕਲਾਇਸ ਅਤੇ ਬੁਲੋਗਨੇ ਦੇ ਆਲੇ ਦੁਆਲੇ ਦੇ ਪਰਵਾਸੀ ਕੈਂਪਾਂ ਤੋਂ ਲਿਲੀ ਵਿੱਚ ਫਰੈਂਚ ਪੁਲਿਸ ਦੀ ਇੱਕ ਇਕਾਈ, ਇਸੈਕਸ ਦੀ ਇੱਕ ਮੰਡੀ, ਬੈਲਜੀਅਮ ਦੇ ਬੰਦਰਗਾਹ ਵਾਲੇ ਸ਼ਹਿਰ ਐਂਟਰੈਪ, ਬਰਲਿਨ ਅਤੇ ਆਖਰ ਲਗਜ਼ਮਬਰਗ ਅਤੇ ਫਿਰ ਤਿੰਨ ਦਿਨ ਦੇਸ ਦੇ ਪਰਵਾਸੀ ਰਿਸੈਪਸ਼ਨ ਕੇਂਦਰ ਦੀ ਰੇਕੀ ਤੱਕ ਲੈ ਗਈ।

ਸਾਡੇ ਸਾਹਮਣੇ ਖੜ੍ਹੇ ਬੰਦੇ ਬਾਰੇ ਸਾਨੂੰ ਪੱਕਾ ਯਕੀਨ ਸੀ ਕਿ ਉਹੀ ਸੀ ਜਿਸ ਨੂੰ ਇੱਕ ਖ਼ਤਰਨਾਕ ਯਾਤਰਾ ਦਾ ਬੰਦੋਬਸਤ ਕਰਕੇ ਸਾਰ੍ਹਾ ਅਤੇ ਉਸਦੇ ਪਰਿਵਾਰ ਨੂੰ ਇੰਗਲੈਂਡ ਭੇਜਣ ਲਈ ਪੈਸੇ ਦਿੱਤੇ ਗਏ ਸਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਕਹਾਣੀ ਹੈ ਕਿ ਅਸੀਂ ਉਸ ਨੂੰ ਕਿਵੇਂ ਲੱਭਿਆ

“ਤਸਕਰ ਨੇ ਕਿਹਾ ਮੈਂ ਸਹੁੰ ਖਾਂਦਾ ਹਾਂ ਉਹ ਮੈਂ ਨਹੀਂ ਹਾਂ।” ਇਹ ਕਹਿੰਦਾ ਹੋਇਆ ਉਹ ਲਗਜ਼ਮਬਰਗ ਵਿੱਚ ਨਿਆਂ ਦੀ ਯੂਰਪੀ ਅਦਾਲਤ ਦੇ ਪਿੱਛੇ ਉਹ ਲਗਤਾਰ ਟਰੈਮ ਸਟੇਸ਼ਨ ਵੱਲ ਪਿੱਛੇ ਹਟ ਰਿਹਾ ਸੀ।

ਲੇਕਿਨ ਅਸੀਂ ਪਹਿਲਾਂ ਹੀ ਉਸਦਾ ਇਰਾਕੀ ਪਾਸਪੋਰਟ ਅਤੇ ਇੱਕ ਇਤਲਾਵੀ ਸ਼ਨਾਖ਼ਤੀ ਕਾਰਡ ਦੇਖ ਚੁੱਕੇ ਸੀ। ਅਸੀਂ ਉਸ ਨੂੰ ਘੇਰਿਆ ਤਾਂ ਇਸ ਟੁਕੜੇ ਜੋੜਨ ਵਾਲੀ ਪਹੇਲੀ ਦਾ ਆਖਰੀ ਟੁਕੜਾ ਵੀ ਫਿੱਟ ਹੋ ਗਿਆ, ਜਦੋਂ ਜੇਬ ਵਿੱਚ ਉਸਦਾ ਫੋਨ ਵੱਜਿਆ।

ਪਹਿਲਾਂ ਤਾਂ ਉਸਨੇ ਨਜ਼ਰਅੰਦਾਜ਼ ਕੀਤਾ ਪਰ ਜਦੋਂ ਉਸ ਨੇ ਫੋਨ ਜੇਬ ਵਿੱਚੋਂ ਕੱਢਿਆ ਅਤੇ ਅਸੀਂ ਨੰਬਰ ਦੇਖਿਆ ਤਾਂ ਸਾਡੇ ਕੋਲ ਉਸਦੇ ਅਪਰਾਧ ਦਾ ਨਿਰਣਾਇਕ ਸਬੂਤ ਸੀ।

ਕਿਉਂ? ਕਿਉਂਕਿ ਇਹ ਕਾਲ ਅਸੀਂ ਹੀ ਉਸ ਨੂੰ ਕਰ ਰਹੇ ਸੀ।

ਪਿਛਲੇ ਹਫ਼ਤਿਆਂ ਦੌਰਾਨ ਬੀਬੀਸੀ ਦੀ ਟੀਮ ਦਾ ਇੱਕ ਮੈਂਬਰ ਉਸ ਤੋਂ ਪਰਵਾਸੀ ਬਣ ਕੇ ਇੰਗਲਿਸ਼ ਚੈਨਲ ਪਾਰ ਕਰਵਾ ਕੇ ਬ੍ਰਿਟੇਨ ਭੇਜਣ ਲਈ ਕਹਿ ਰਿਹਾ।

ਤਸਕਰਾਂ ਦੇ ਵਿਚੋਲਿਆਂ ਨੇ ਆਖਰ ਸਾਡੇ ਸਹਿਕਰਮੀ “ਮਹਮੂਦ” ਨੂੰ ਆਖਰਕਾਰ ਸਿੱਧਾ ਉਸਦੇ ਸੰਪਰਕ ਵਿੱਚ ਪਾ ਦਿੱਤਾ ਗਿਆ ਸੀ।

ਅਸੀਂ ਉਸ ਨਾਲ ਫੋਨ ਉੱਤੇ ਗੱਲਾਂ ਕਰੀਆਂ ਸਨ, ਜਿਨ੍ਹਾਂ ਦੀਆਂ ਓਹਲੇ ਵਿੱਚ ਕੀਤੀਆਂ ਰਿਕਾਰਡਿਗਾਂ ਵੀ ਸਾਡੇ ਕੋਲ ਸਨ। ਉਹੀ ਫੋਨ ਹੁਣ ਉਸਦੇ ਹੱਥ ਵਿੱਚ ਸੀ।

ਉਨ੍ਹਾਂ ਕਾਲਾਂ ਵਿੱਚ ਉਸ ਨੇ ਆਪਣੀ ਪਛਾਣ ਦੱਸੀ ਸੀ ਅਤੇ ਕਿਹਾ ਸੀ ਕਿ ਉਹ ਅਜੇ ਵੀ ਤਸਕਰੀ ਦੇ ਕਾਰੋਬਾਰ ਵਿੱਚ ਸੀ।

ਉਸ ਨੇ ਕਿਹਾ ਸੀ ਕਿ ਫੀਸ ਲੈ ਕੇ ਉਹ ਉੱਤਰੀ ਫਰਾਂਸ ਤੋਂ ਰਵਾਨਾ ਹੋਣ ਵਾਲੀ ਅਗਲੀ ਛੋਟੀ ਕਿਸ਼ਤੀ ਵਿੱਚ ਸਾਨੂੰ “ਹਥਿਆਰਬੰਦ ਗਾਰਡਾਂ” ਦੇ ਨਾਲ “ਇੱਕ ਸੁਰੱਖਿਅਤ ਸਫਰ” ਕਰਵਾ ਸਕਦਾ ਸੀ। ਮੌਜੂਦਾ ਕੀਮਤ 1500 ਯੂਰੋ ਸੀ।

ਹੁਣ ਜਦੋਂ ਅਸੀਂ ਉਸਦੇ ਸਾਹਮਣੇ ਖੜ੍ਹੇ ਸੀ ਤਾਂ ਉਹ ਸਾਡਾ ਫੋਨ ਨੰਬਰ ਆਪਣੇ ਫੋਨ ਦੀ ਸਕਰੀਨ ਉੱਤੇ ਸਾਫ਼ ਦੇਖ ਸਕਦਾ ਸੀ। ਸਾਨੂੰ ਸਾਡਾ ਬੰਦਾ ਮਿਲ ਗਿਆ ਸੀ।

ਸਾਰ੍ਹਾ
ਤਸਵੀਰ ਕੈਪਸ਼ਨ, ਸਾਰ੍ਹਾ ਆਪਣੇ ਪਰਿਵਾਰ ਨਾਲ ਸਵੀਡਨ ਵਿੱਚ ਰਹਿੰਦੀ ਸੀ ਪਰ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਸੀ

ਜਾਂਚ ਦੀ ਸ਼ੁਰੂਆਤ

ਸਾਡੀ ਜਾਂਚ 23 ਅਪ੍ਰੈਲ ਨੂੰ ਫਰਾਂਸ ਦੇ ਕਿਨਾਰੇ ਉੱਤੇ ਵਾਪਰੇ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ।

ਅਸੀਂ ਇਤਮਿਨਾਨ ਨਾਲ ਸਾਰੀ ਰਾਤ ਇੱਕ ਕਸਬੇ ਦੇ ਬਾਹਰ ਸਮੁੰਦਰ ਦੇ ਕਿਨਾਰੇ ਉੱਤੇ ਉਸਦੀ ਉਡੀਕ ਕਰ ਰਹੇ ਸੀ। ਅਸੀਂ ਜਾਣਦੇ ਸੀ ਕਿ ਪਰਵਾਸੀਆਂ ਨੂੰ ਰਵਾਨਾ ਕਰਨ ਲਈ ਇਹ ਪਸੰਦੀਦਾ ਜਗ੍ਹਾ ਹੈ।

ਅਸੀਂ ਫਰਾਂਸ ਦੀ ਪੁਲਿਸ ਨੂੰ ਇੱਕ ਕਿਸ਼ਤੀ ਰੋਕਦਿਆਂ ਫੜਦਿਆਂ ਦੇਖਿਆ, ਜੋ ਤਸਕਰਾਂ ਦੇ ਦੋ ਸਮੂਹਾਂ ਅਤੇ ਉਨ੍ਹਾਂ ਦੇ ਯਾਤਰੀਆਂ ਦਾ ਪਿੱਛਾ ਕਰ ਰਹੀ ਸੀ।

ਪੁਲਿਸ ਉਨ੍ਹਾਂ ਨੂੰ ਰੋਕ ਨਹੀਂ ਸਕੀ। ਇਸ ਦੌਰਾਨ ਅਸੀਂ ਯਾਤਰੀਆਂ ਦੇ ਇੱਕ ਹੋਰ ਸਮੂਹ ਨੂੰ ਸਮਰੱਥਾ ਤੋਂ ਜ਼ਿਆਦਾ ਭਰੀ ਹੋਈ ਕਿਸ਼ਤੀ ਵਿੱਚ ਥਾਂ ਲਈ ਝਗੜਦੇ ਦੇਖਿਆ।

ਭਾਵੇਂ ਤਸਕਰ ਅਕਸਰ ਹੀ ਇਨ੍ਹਾਂ ਕਿਸ਼ਤੀਆਂ ਵਿੱਚ 60 ਤੋਂ ਜ਼ਿਆਦਾ ਲੋਕ ਭਰ ਲੈਂਦੇ ਹਨ ਪਰ ਇਸ ਵਿੱਚ ਤਾਂ 100 ਤੋਂ ਵੀ ਜ਼ਿਆਦਾ ਸਨ।

ਗੁਲਾਬੀ ਜੈਕਟ ਵਿੱਚ ਇੱਕ ਛੋਟੀ ਬੱਚੀ— ਜਿਸ ਦੀ ਬਾਅਦ ਵਿੱਚ ਸਾਰ੍ਹਾ ਵਜੋਂ ਸ਼ਾਨਖਤ ਕੀਤੀ ਗਈ— ਆਪਣੇ ਬਾਪ ਦੇ ਮੋਢਿਆਂ ਉੱਤੋਂ ਥੋੜ੍ਹੀ ਜਿਹੀ ਦਿਖਾਈ ਦੇ ਰਹੀ ਸੀ।

ਕੁਝ ਮਿੰਟਾਂ ਬਾਅਦ ਕਿਨਾਰੇ ਤੋਂ ਕੁਝ ਦੂਰ ਉਹ ਅਤੇ ਚਾਰ ਹੋਰ ਜਣੇ ਮਾਰੇ ਜਾ ਚੁੱਕੇ ਸਨ।

ਬਾਅਦ ਵਿੱਚ ਬਚਣ ਵਾਲਿਆਂ ਨੂੰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਫਰਾਂਸੀਸੀ ਬਚਾਅ ਦਲ ਕਿਨਾਰੇ ਉੱਤੇ ਲੈ ਕੇ ਆਇਆ। ਪਰ ਕਿਸ਼ਤੀ ਫਿਰ ਵੀ ਦਰਜਨਾਂ ਲੋਕਾਂ ਨੂੰ ਲੈ ਕੇ ਇੰਗਲੈਂਡ ਲਈ ਰਵਾਨਾ ਹੋ ਗਈ।

ਵਿਮੇਰਕਸ ਨੇੜੇ ਹਾਦਸਾ ਗ੍ਰਸਤ ਹੋਣ ਵਾਲੀ ਇਹ ਸਾਲ ਦੀ ਦੂਜੀ ਛੋਟੀ ਕਿਸ਼ਤੀ ਸੀ। ਬੀਬੀਸੀ ਨੇ ਦੋਵਾਂ ਬਾਰੇ ਰਿਪੋਰਟ ਕੀਤਾ ਸੀ।

ਆਉਣ ਵਾਲੇ ਦਿਨਾਂ ਵਿੱਚ ਅਸੀਂ ਸਾਰ੍ਹਾ ਦੇ ਪਰਿਵਾਰ ਨੂੰ ਲੱਭਿਆ ਅਤੇ ਉਸਦੇ ਪਿਤਾ ਅਹਿਮਦ ਨਾਲ ਉਨ੍ਹਾਂ ਦੇ ਦੁੱਖ ਬਾਰੇ ਗੱਲ ਕੀਤੀ। ਅਸੀਂ ਅਹਿਮਦ ਅਤੇ ਉਨ੍ਹਾਂ ਦੀ ਪਤਨੀ ਨੂੰ ਆਪਣੇ ਤਿੰਨੇ ਬੱਚੇ ਖ਼ਤਰੇ ਵਿੱਚ ਪਾਉਣ ਤੋਂ ਬਾਅਦ ਪੈਦਾ ਹੋਏ ਅਪਰਾਧ ਬੋਧ ਬਾਰੇ ਪੁੱਛਿਆ।

ਉਨ੍ਹਾਂ ਨੂੰ ਯੂਰਪ ਤੋਂ ਵਾਪਸ ਡੀਪੋਰਟ ਕੀਤੇ ਜਾਣ ਦਾ ਵੀ ਡਰ ਸੀ, ਜਿਸ ਕਾਰਨ ਉਨ੍ਹਾਂ ਨੇ ਬ੍ਰਿਟੇਨ ਵੱਲ ਵਧਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ-
ਸਾਰ੍ਹਾ
ਤਸਵੀਰ ਕੈਪਸ਼ਨ, ਸਾਰ੍ਹਾ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੀ ਮੌਤ ਵਿਅਰਥ ਨਹੀਂ ਜਾਣੀ ਚਾਹੀਦੀ

ਤਸਕਰਾਂ ਤੱਕ ਪਹੁੰਚਣ ਦੀ ਕੋਸ਼ਿਸ਼

14 ਸਾਲ ਪਹਿਲਾਂ ਇਰਾਕ ਤੋਂ ਭੱਜਣ ਤੋਂ ਬਾਅਦ। ਅਹਿਮਦ ਨੇ ਲਗਾਤਾਰ ਬੈਲਜੀਅਮ ਵਿੱਚ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਜੋ ਕਿ ਵਾਰ-ਵਾਰ ਰੱਦ ਹੁੰਦੀਆਂ ਰਹੀਆਂ।ਕਿਹਾ ਗਿਆ ਕਿ ਉਨ੍ਹਾਂ ਦਾ ਸ਼ਹਿਰ ਬਸਰਾ ਹੁਣ ਇੱਕ ਸੁਰੱਖਿਤ ਥਾਂ ਹੈ।

ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਕਿਸੇ ਵੀ ਸਮੇਂ ਬੈਲਜੀਅਮ ਤੋਂ ਡੀਪੋਰਟ ਕੀਤੇ ਜਾ ਸਕਦੇ ਹਨ। ਅਹਿਮਦ ਦੇ ਸਾਰੇ ਬੱਚੇ ਯੂਰਪ ਵਿੱਚ ਹੀ ਜਨਮੇ ਸਨ ਅਤੇ ਸਵੀਡਨ ਵਿੱਚ ਰਿਸ਼ਤੇਦਾਰਾਂ ਕੋਲ ਪਲ ਰਹੇ ਸਨ— ਉਨ੍ਹਾਂ ਨੂੰ ਵੀ ਦੇਸ ਛੱਡਣ ਲਈ ਕਹਿ ਦਿੱਤਾ ਗਿਆ ਸੀ।

ਪਰ ਅਸੀਂ ਉਸ ਕਿਸ਼ਤੀ ਲਈ ਜ਼ਿੰਮੇਵਾਰ ਵਿਸ਼ੇਸ਼ ਗਿਰੋਹਾਂ ਤੱਕ ਪਹੁੰਚਣਾ ਚਾਹੁੰਦੇ ਸੀ। ਅਸੀਂ ਸਮਝਣਾ ਚਾਹੁੰਦੇ ਸੀ ਕਿ ਪਰਵਾਸੀਆਂ ਨੂੰ ਫਰਾਂਸ ਦੇ ਇਸ ਛੋਟੇ ਜਿਹੇ ਕਿਨਾਰੇ ਤੱਕ ਖਿੱਚ ਲਿਆਉਣ ਵਾਲੇ ਤਸਕਰਾਂ ਦੇ ਵੱਡੇ ਨੈਟਵਰਕ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਹੈ।

18 ਜੂਨ ਨੂੰ 15 ਛੋਟੀਆਂ-ਛੋਟੀਆਂ ਕਿਸ਼ਤੀਆਂ ਰਾਹੀਂ 882 ਜਣਿਆਂ ਨੇ ਇੰਗਲਿਸ਼ ਚੈਨਲ ਪਾਰ ਕੀਤਾ। ਇਸ ਸਾਲ ਦੌਰਾਨ ਇੱਕ ਦਿਨ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚਣ ਵਾਲਿਆਂ ਦੀ ਇਹ ਰਿਕਾਰਡ ਸੰਖਿਆ ਸੀ। ਇਸਦੇ ਨਾਲ ਹੀ ਇਸ ਸਾਲ ਵਿੱਚ ਬ੍ਰਿਟੇਨ ਪਹੁੰਚਣ ਵਾਲਿਆਂ ਦੀ ਗਿਣਤੀ 12,000 ਹੋ ਗਈ ਹੈ।

ਸਾਰ੍ਹਾ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਪੁਲਿਸ ਨੇ ਦੋ ਸ਼ੱਕੀ ਤਸਕਰ ਫੜਨ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਹੁਣ ਵਾਪਸ ਫਰਾਂਸ ਡੀਪੋਰਟ ਕੀਤਾ ਜਾਣਾ ਸੀ।

ਲੇਕਿਨ ਇਹ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਵੱਡੇ ਸਰਗਨੇ ਨਹੀਂ ਸਨ ਸਗੋਂ ਕਿਸ਼ਤੀਆਂ ਉੱਤੇ ਕਥਿਤ ਰੂਪ ਵਿੱਚ ਕੰਮ ਕਰਨ ਵਾਲੇ ਨੌਜਵਾਨ ਸਨ।

ਅਹਿਮਤ ਤੇ ਨੂਰ
ਤਸਵੀਰ ਕੈਪਸ਼ਨ, ਸਾਰ੍ਹਾ ਦਾ ਪਿੱਛੇ ਰਹਿੰਦਾ ਪਰਿਵਾਰ ਇੱਕ ਅਸਥਾਈ ਹੌਸਟਲ ਵਿੱਚ ਰਹਿ ਰਿਹਾ ਹੈ।

ਚਸ਼ਮਦੀਦਾਂ ਕੀ ਕਿਹਾ

ਅਸੀਂ ਸੋਚਿਆ ਕਿ ਉਸ ਰਾਤ ਹਾਦਸੇ ਵਿੱਚ ਬਚ ਜਾਣ ਵਾਲਿਆਂ ਵਿੱਚੋਂ ਜਿੰਨੇ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ। ਫਰਾਂਸ ਦੇ ਕਿਨਾਰੇ ਉੱਤੇ ਸ਼ਰਨਾਰਥੀਆਂ ਲਈ ਗੈਰ-ਰਸਮੀ ਕੈਂਪ ਅਤੇ ਹੋਸਟਲ ਮੌਜੂਦ ਹਨ। ਇਨ੍ਹਾਂ ਥਾਵਾਂ ਉੱਤੇ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ।

ਜ਼ਿਆਦਾਤਰ ਨੇ ਕਿਹਾ ਕਿ ਉਹ ਚੈਨਲ ਪਾਰ ਕਰਨ ਦੀਆਂ ਹੋਰ ਕੋਸ਼ਿਸ਼ਾਂ ਕਰਨ ਦੀ ਤਿਆਰੀ ਕਰ ਰਹੇ ਹਨ, ਇਸ ਲਈ ਉਨ੍ਹਾਂ ਦੇ ਨਾਮ ਨਾ ਵਰਤੇ ਜਾਣ।

ਕੁਵੈਤ ਦਾ ਇੱਕ ਨੌਜਵਾਨ, ਸਾਰ੍ਹਾ ਦੀ ਮੌਤ ਸਮੇਂ ਉਸਦੇ ਕਰੀਬ ਹੀ ਸੀ। ਉਸ ਨੇ ਹੀ ਫਰਾਂਸ ਪੁਲਿਸ ਨੂੰ ਮਦਦ ਲਈ ਕਾਲ ਕੀਤੀ ਸੀ। ਕੁਝ ਹਫ਼ਤੇ ਬਾਅਦ ਯੂਕੇ ਪਹੁੰਚਣ ਵਿੱਚ ਸਫ਼ਲ ਹੋ ਗਿਆ ਸੀ। ਅਸੀਂ ਉਸ ਨੂੰ ਇਸੈਸਕ ਵਿੱਚ ਮਿਲੇਸੀ।

ਜ਼ਿਆਦਾਤਰ ਲੋਕ ਜੋ ਸਾਰ੍ਹਾ ਅਤੇ ਉਸਦੇ ਪਰਿਵਾਰ ਦੇ ਨਾਲ ਉਸ ਕਿਸ਼ਤੀ ਵਿੱਚ ਬੈਠੇ ਸਨ, ਇਸ ਵੱਡੇ ਆਪਰੇਸ਼ਨ ਦੇ ਪਿਛਲੇ ਚਿਹਰਿਆਂ ਤੋਂ ਅਣਜਾਣ ਸਨ।

ਉਨ੍ਹਾਂ ਦਾ ਵਾਹ ਬਹੁਤ ਛੋਟੇ ਵਿਚੋਲਿਆਂ ਨਾਲ ਪਿਆ ਸੀ, ਜੋ ਉਨ੍ਹਾਂ ਨੂੰ ਕਲਾਇਸ ਅਤੇ ਬੂਲੋਗਨੇ ਦੇ ਰੇਲਵੇ ਸਟੇਸ਼ਨਾਂ ਉੱਤੇ ਗਾਹਕ ਲੱਭਦੇ ਮਿਲ ਜਾਂਦੇ ਹਨ।

ਇੱਕ ਵਾਰ ਜਦੋਂ ਰੇਟ ਬਣ ਜਾਣ ਤੋਂ ਬਾਅਦ ਬਹੁਤ ਘੱਟ ਸੌਦੇਬਾਜ਼ੀ ਤੇ ਵਿਵਾਦ ਹੁੰਦਾ ਹੈ— ਤਾਂ ਜ਼ਿਆਦਾਤਰ ਲੋਕ ਪੈਸੇ ਟ੍ਰਾਂਸਫਰ ਕਰਵਾਉਣ ਲੱਗਦੇ ਹਨ।

ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜ਼ਿਆਦਾਤਰ ਇਹ ਕੰਮ ਤੁਰਕੀ, ਪੈਰਿਸ ਜਾਂ ਲੰਡਨ ਵਿੱਚ ਨਾਈ ਜਾਂ ਕਰਿਆਨੇ ਦੀ ਦੁਕਾਨ ਵਾਲਿਆਂ ਤੋਂ ਕਰਵਾਇਆ ਜਾਂਦਾ ਹੈ। ਚੈਨਲ ਪਾਰ ਕਰਨ ਤੋਂ ਬਾਅਦ ਵਿਚੋਲੀਏ ਇਹ ਪੈਸਾ ਤੁਰੰਤ ਗਿਰੋਹ ਵਾਲਿਆਂ ਨੂੰ ਭੇਜ ਦਿੰਦੇ ਹਨ।

ਸਾਰ੍ਹਾ ਦੀ ਕਿਸ਼ਤੀ ਵਿੱਚ ਹੀ ਤਿੰਨ ਜਣੇ ਹੋਰ ਵੀ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਗਿਰੋਹ ਬੈਲਜੀਅਮ ਦੀ ਐਂਟਰੈਪ ਬੰਦਰਗਾਹ ਜੋ ਅਪਰਾਧਿਕ ਨੈਟਵਰਕਾਂ ਅਤੇ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਲਈ ਜਾਣੀ ਜਾਂਦੀ ਹੈ— ਤੋਂ ਕੰਮ ਕਰ ਰਿਹਾ ਸੀ।

ਉਹ ਸਾਰੇ ਇਸ ਗੱਲ ਉੱਤੇ ਵੀ ਸਹਿਮਤ ਸਨ ਕਿ ਗਿਰੋਹ ਦੀ ਅਗਵਾਈ ਕੋਈ ਜਬਾਲ ਨਾਮ ਦਾ ਬੰਦਾ ਕਰ ਰਿਹਾ ਸੀ, ਜਿਸ ਦਾ ਅਰਬੀ ਵਿੱਚ ਅਰਥ ‘ਪਹਾੜ’ ਹੁੰਦਾ ਹੈ। ਇੱਕ ਜਣਾ ਜਬਾਲ ਨੂੰ ਖ਼ੁਦ ਮਿਲਿਆ ਸੀ ਜਦਕਿ ਦੂਜੇ ਨੇ ਉਸ ਨਾਲ ਫੋਨ ਉੱਤੇ ਗੱਲ ਕੀਤੀ ਸੀ।

ਉਸ ਦਾ ਪਿੱਛਾ ਕਰਦੇ ਅਸੀਂ ਬਰਲਿਨ ਦੇ ਪੂਰਬ ਵੱਲ ਚਲੇ ਗਏ, ਜਿੱਥੇ ਇੱਕ ਹੋਰ ਸੂਤਰ ਨੇ ਜਬਾਲ ਦੀ ਪਛਾਣ ਕੀਤੀ ਅਤੇ ਸਾਨੂੰ ਦੱਸਿਆ ਕਿ ਪਹਿਲੀ ਕੋਸ਼ਿਸ਼ ਗਲਤ ਹੋ ਜਾਣ ਤੋਂ ਬਾਅਦ ਉਸ ਨੂੰ ਪਾਰ ਕਰਾਉਣ ਦੀ ਇੱਕ ਹੋਰ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਸਾਰਾ
ਤਸਵੀਰ ਕੈਪਸ਼ਨ, ਸਵੀਡਨ ਵਿੱਚਲੇ ਸਾਰ੍ਹਾ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਦੇ ਕਮਰੇ ਵਿੱਚ ਉਸ ਦੀ ਇੱਕ ਤਸਵੀਰ ਲਗਾਈ ਹੈ।

ਬੈਲਜੀਅਮ ਜਾਣਾ

ਹੁਣ ਤੱਕ, ਸਾਡੇ ਸਾਰੇ ਸੂਤਰ ਕਹਿ ਰਹੇ ਸਨ ਕਿ ਜਬਾਲ ਸ਼ਾਇਦ ਬੈਲਜੀਅਮ ਦੇ ਐਂਟਰੈਪ ਵਿੱਚ ਸੀ।

ਅਸੀਂ ਮਈ ਵਿੱਚ ਐਂਟਰੈਪ ਪਹੁੰਚੇ ਅਤੇ ਜਬਾਲ ਨੂੰ ਮਿਲਣ ਅਤੇ ਸਾਹਮਣਾ ਕਰਨ ਦੀ ਯੋਜਨਾ ਉੱਤੇ ਕੰਮ ਕਰਨ ਲੱਗੇ।

ਉਸਦੇ ਇੱਕ ਪੁਰਾਣੇ ਗਾਹਕ ਨੇ ਇੱਕ ਤਸਵੀਰ ਦਿੱਤੀ। ਜਦਕਿ ਇੱਕ ਹੋਰ ਨੇ ਸਾਨੂੰ ਉਸਦੇ ਇਰਾਕੀ ਪਾਸਪੋਰਟ ਦੀ ਕਾਪੀ ਅਤੇ ਇੱਕ ਯੂਰਪੀ ਸ਼ਨਾਖਤੀ ਕਾਰਡ ਦਿੱਤਾ।

ਸ਼ਨਾਖਤੀ ਕਾਰਡ ਇਟਲੀ ਦੇ ਕਿਸੇ ਪਹਾੜੀ ਕਸਬੇ ਤੋਂ ਸਾਲ 2021 ਵਿੱਚ ਜਾਰੀ ਕੀਤਾ ਗਿਆ ਸੀ। ਕਸਬੇ ਵਿੱਚ ਸੰਗਠਿਤ ਅਪਰਾਧ ਦੀ ਜਾਂਚ ਜਾਰੀ ਹੈ।

ਸਾਨੂੰ ਪਤਾ ਲੱਗਿਆ ਕਿ ਜਬਾਲ ਦਾ ਅਸਲੀ ਨਾਮ ਰੇਬਾਵਰ ਅਬਾਸ ਜ਼ੰਗਾਨਾ ਸੀ। ਉਹ ਉੱਤਰੀ ਇਰਾਕ ਦਾ ਇੱਕ ਅਣਵਿਆਹਿਆ, ਕੁਰਦ ਅਤੇ ਅਕੀਦੇ ਵਾਲਾ ਮੁਸਲਮਾਨ ਸੀ।

ਉਹ ਖ਼ੁਦ ਵੀ ਇੱਕ ਅਸਪਸ਼ਟ ਸਥਿਤੀ ਵਾਲਾ ਪਰਵਾਸੀ ਸੀ। ਸਾਨੂੰ ਪਤਾ ਲੱਗਿਆ ਸੀ ਕਿ ਉਹ ਕੁਝ ਦੇਰ ਤੋਂ ਕਲਾਇਸ, ਬਰੱਸਲਜ਼ ਅਤੇ ਐਂਟਰੈਪ ਵਿੱਚ ਰਹਿ ਰਿਹਾ ਸੀ।

ਸਾਨੂੰ ਦੱਸਿਆ ਗਿਆ ਸੀ ਕਿ ਉਸਦੇ ਦੋ ਹੋਰ ਹਿੱਸੇਦਾਰ ਸਨ ਅਤੇ ਸੰਭਵ ਹੈ ਕਿ ਪਿੱਛੇ ਇਰਾਕ ਵਿੱਚ ਕੋਈ ਹੋਰ ਵੀ ਸੀਨੀਅਰ ਵਿਅਕਤੀ ਬੈਠਾ ਹੋਵੇ।

ਸਾਡੇ ਅਰਬੀ ਬੋਲਣ ਵਾਲੇ ਸਹਿਯੋਗੀ ਮਹਮੂਦ ਨੂੰ, ਵਾਲ਼ ਕੱਟਣ ਵਾਲੇ ਦੀ ਦੁਕਾਨ ਉੱਤੇ ਇੱਕ ਵਿਚੋਲਾ ਮਿਲਿਆ। ਮਹਮੂਦ ਨੇ ਉਸ ਨਾਲ ਬ੍ਰਿਟੇਨ ਜਾਣ ਦਾ ਇੱਛੁਕ ਪਰਵਾਸੀ ਬਣ ਕੇ ਗੱਲ ਕੀਤੀ। ਵਿਚੋਲੀਏ ਨੇ ਕਿਹਾ ਕਿ ਉਹ ਜਬਾਲ ਦਾ ਜਾਣਕਾਰ ਹੈ ਅਤੇ ਸਾਡੀ ਗੱਲ ਕਰਵਾ ਦੇਵੇਗਾ।

ਅਸੀਂ ਦੋ ਹਫ਼ਤੇ ਉਸ ਦੀ ਫੋਨ ਕਾਲ ਦਾ ਇੰਤਜ਼ਾਰ ਕੀਤਾ ਅਤੇ ਆਖਰ ਇੱਕ ਦਿਨ ਅੱਧੀ ਰਾਤ ਨੂੰ ਸਾਡੇ ਫੋਨ ਦੀ ਘੰਟੀ ਵੱਜੀ।

“ਹੈਲੋ ਤਾਂ ਤੁਸੀਂ ਬ੍ਰਿਟੇਨ ਜਾਣਾ ਚਾਹੁੰਦੇ ਹੋ? ਤੁਹਾਨੂੰ ਕਿੰਨੀਆਂ ਸੀਟਾਂ ਚਾਹੀਦੀਆਂ ਹਨ? ਕੀ ਤੁਸੀਂ ਤਿਆਰ ਹੋ?”

ਜਬਾਲ ਨੇ ਸੰਖੇਪ ਵਿੱਚ ਗੱਲ ਕੀਤੀ। ਉਸ ਫੋਨ ਕਾਲ ਅਤੇ ਉਸ ਤੋਂ ਬਾਅਦ ਹੋਈਆਂ ਦੋ ਹੋਰ ਕਾਲਾਂ ਉੱਤੇ, ਉਸ ਨੇ ਪੁਸ਼ਟੀ ਕੀਤੀ ਕਿ ਉਹ ਅਜੇ ਵੀ ਚੰਗੀ ਤਰ੍ਹਾਂ ਇਸ ਕਾਰੋਬਾਰ ਵਿੱਚ ਹੈ, ਸਾਨੂੰ ਭਰੋਸਾ ਦਵਾਇਆ ਕਿ ਚੈਨਲ ਪਾਰ ਕਰਨਾ “ਸੁਰੱਖਿਅਤ ਹੈ” ਅਤੇ ਸਾਰ੍ਹਾ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਕੰਮ ਦੇ ਤਰੀਕੇ ਵਿੱਚ ਸੁਧਾਰ ਕੀਤਾ ਹੈ।

ਉਸ ਨੇ ਪੁੱਛਿਆ,“ਤੁਹਾਡੇ ਵਿੱਚੋਂ ਕਿੰਨੇ ਜਣੇ ਤਿਆਰ ਹਨ?” ਇਸ ਦੇ ਨਾਲ ਹੀ ਕਿਹਾ ਕਿ ਅਗਲੇ ਦਿਨ ਰਵਾਨਾ ਹੋਣ ਲਈ ਮੌਸਮ ਠੀਕ ਨਹੀਂ ਹੋਵੇਗਾ।

ਲੇਕਿਨ ਉਸ ਪਹਿਲੀ ਕਾਲ ਤੋਂ ਕੁਝ ਘੰਟਿਆਂ ਬਾਅਦ, ਸਾਨੂੰ ਇੱਕ ਸੂਤਰ ਤੋਂ ਪਤਾ ਚੱਲਿਆ ਕਿ ਜਬਾਲ ਨੇ ਕਾਹਲੀ ਵਿੱਚ ਐਂਟਰੈਪ ਛੱਡ ਦਿੱਤਾ ਹੈ। ਇਸ ਤੋਂ ਇਹ ਸਮਝਿਆ ਜਾ ਰਿਹਾ ਸੀ ਕਿ ਉਸ ਨੂੰ ਅਪ੍ਰੈਲ ਵਿੱਚ ਹੋਈਆਂ ਪੰਜ ਮੌਤਾਂ ਕਾਰਨ ਲਈ ਗ੍ਰਿਫ਼ਤਾਰੀ ਦਾ ਡਰ ਸੀ। ਜਬਾਲ ਭੱਜ ਰਿਹਾ ਸੀ।

ਇੱਕ ਸੂਤਰ ਨੇ ਸਾਨੂੰ ਜਬਾਲ ਦੇ ਫੋਨ ਦਾ ਇੱਕ ਸਕਰੀਨ ਸ਼ਾਟ ਭੇਜਿਆ। ਇਹ ਤਸਵੀਰ ਇੱਕ ਲੰਬੇ ਟੈਂਟ ਵਿੱਚ ਲਈ ਗਈ ਸੀ, ਜਿਸ ਦੇ ਦੋਵੇਂ ਪਾਸੇ ਕਾਲੇ ਬੈਡਾਂ ਦੀਆਂ ਕਤਾਰਾਂ ਸਨ। ਅਜਿਹਾ ਦ੍ਰਿਸ਼ ਤੁਹਾਨੂੰ ਰਿਫਿਊਜੀ ਕੈਂਪਾਂ ਵਿੱਚ ਦੇਖਣ ਨੂੰ ਮਿਲਦਾ ਹੈ।

ਅਸੀਂ ਇੰਟਰਨੈਟ ਉੱਤੇ ਇਸ ਨਾਲ ਮਿਲਦੀਆਂ-ਜੁਲਦੀਆਂ ਤਸਵੀਰਾਂ ਦੀ ਭਾਲ ਕੀਤੀ। ਸਾਨੂੰ ਇੱਕ ਹੀ ਤਸਵੀਰ ਮਿਲੀ, ਜੋ ਕਿ 2022 ਦੇ ਇੱਕ ਆਰਟੀਕਲ ਵਿੱਚ ਵਰਤੀ ਗਈ ਸੀ, ਅਤੇ ਲਗਜ਼ਮਬਰਗ ਵਿੱਚ ਇੱਕ ਨਵੇਂ ਖੁੱਲੇ ਸਰਕਾਰੀ ਮਾਈਗਰੈਂਟ ਰਿਸੈਪਸ਼ਨ ਸੈਂਟਰ ਦੀ ਸੀ।

ਪਰਵਾਸੀ
ਤਸਵੀਰ ਕੈਪਸ਼ਨ, ਬੀਬੀਸੀ ਨੇ ਪਰਵਾਸੀਆਂ ਲਈ ਬਣੇ ਸੈਂਟਰ ਦੀ ਤਿੰਨ ਦਿਨਾਂ ਤੱਕ ਨਿਗਰਾਨੀ ਕੀਤੀ

ਲਗਜ਼ਮਬਰਗ ’ਚ ਤਲਾਸ਼ ਕਰਨਾ

ਅਸੀਂ ਤੁਰੰਤ ਉੱਥੇ ਪਹੁੰਚੇ। ਲਗਜ਼ਮਬਰਗ ਇੱਕ ਛੋਟਾ ਜਿਹਾ ਦੇਸ਼ ਹੈ।

ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਇਸਦਾ ਪ੍ਰਾਇਮਰੀ ਰਿਸੈਪਸ਼ਨ ਕੇਂਦਰ ਰਾਜਧਾਨੀ ਦੇ ਆਧੁਨਿਕ ਪ੍ਰਬੰਧਕੀ ਕੇਂਦਰ ਵਿੱਚ ਹੈ।

ਸ਼ਾਇਦ ਉਹ ਸਿਰਫ਼ ਕੁਝ ਸਮੇਂ ਲਈ ਛਿਪ ਕੇ ਰਹਿਣ ਦੀ, ਜਾਂ ਨਵੇਂ ਨਾਂ ਹੇਠ ਸ਼ਰਨ ਲਈ ਅਰਜ਼ੀ ਦੇਣ ਦੀ ਉਮੀਦ ਸੀ।

ਪਰ ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਉਹ ਇੱਥੇ ਵੀ ਸੀ? ਅਸੀਂ ਸਿਰਫ਼ ਅੰਦਰ ਨਹੀਂ ਭਟਕ ਸਕਦੇ ਸੀ।

ਇੱਕ ਸਿੰਗਲ ਐਂਟਰੀ ਤੇ ਬਾਹਰ ਜਾਣ ਦੇ ਪੁਆਇੰਟ ਨਾਲ ਸੁਰੱਖਿਆ ਲਈ ਬਣਾਇਆ ਗਿਆ ਇਹ ਕੰਮਪਾਉਂਡ ਆਮ ਲੋਕਾਂ ਲਈ ਬੰਦ ਸੀ ਤੇ ਇਸ ਦੇ ਚਾਰੇ ਪਾਸੇ ਸੁਰੱਖਿਆ ਦੇ ਇੰਤਜ਼ਾਮ ਸਨ।

ਲਗਜ਼ਮਬਰਗ ਵਿੱਚ ਉਸ ਪਹਿਲੀ ਸ਼ਾਮ ਨੂੰ, ਦੁਬਾਰਾ ਮਹਿਮੂਦ ਨਾਮ ਦੇ ਇੱਕ ਪਰਵਾਸੀ ਦੀ ਪਛਾਣ ਵਿੱਚ ਫ਼ੋਨ ਜ਼ਰੀਏ ਮਾਉਂਟੇਨ ਨਾਲ ਗੱਲ ਕੀਤੀ।

ਬੀਬੀਸੀ ਦੇ ਇੱਕ ਹੋਰ ਸਹਿਕਰਮੀ ਨਾਲ ਕੰਮਪਾਉਂਡ ਦੇ ਨੇੜੇ ਜਾ ਰਹੇ ਸੀ ਤੇ ਉੱਥੇ ਲਗਾਤਾਰ ਕਾਰ ਦੇ ਹਾਰਨ ਦੀ ਆਵਾਜ਼ ਆ ਰਹੀ ਸੀ।

ਗੱਲਬਾਤ ਨੂੰ ਸੁਣਦੇ ਹੋਏ, ਅਸੀਂ ਤਸਕਰ ਦੇ ਫੋਨ ਰਾਹੀਂ ਆਉਣ ਵਾਲੀ ਬੀਪ ਨੂੰ ਸਪੱਸ਼ਟ ਤੌਰ 'ਤੇ ਸੁਣ ਸਕਦੇ ਹਾਂ।

ਮਾਉਨਟੇਨ ਇੱਥੇ ਹੀ ਸੀ। ਪਰ ਸ਼ੱਕ ਪੈਦਾ ਕੀਤੇ ਬਿਨਾਂ ਉਸਨੂੰ ਕਿਵੇਂ ਮਿਲਣਾ ਹੈ?

ਜੇਕਰ ਉਹ ਦੁਬਾਰਾ ਭੱਜ ਜਾਂਦਾ ਹੈ ਅਤੇ ਅਸੀਂ ਉਸ ਨੂੰ ਲੱਭਣ ਤੋਂ ਖੁੰਝ ਜਾਂਦੇ ਹਾਂ ਤਾਂ ਸਾਨੂੰ ਫ਼ਿਰ ਸ਼ੁਰੂ ਤੋਂ ਸ਼ੁਰੂ ਕਰਨਾ ਪਵੇਗਾ।

ਮਾਉਨਟੇਨ
ਤਸਵੀਰ ਕੈਪਸ਼ਨ, ਮਾਉਨਟੇਨ ਬਾਰੇ ਪਤਾ ਲੱਗਣ ਤੋਂ ਬਾਅਦ ਬੀਬੀਸੀ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ

ਇੱਕੋ ਇੱਕ ਵਿਕਲਪ ਸੀ ਹਿੱਸੇਦਾਰੀ ਦਾ ਅਤੇ ਇਸ ਲਈ, ਤਿੰਨ ਦਿਨਾਂ ਤੱਕ, ਸਾਡੀ ਟੀਮ ਨੇ ਪਹਿਰਾ ਦਿੱਤਾ, ਅਹਾਤੇ ਦੇ ਪ੍ਰਵੇਸ਼ ਦੁਆਰ ਦੀ ਨਿਗਰਾਨੀ ਕੀਤੀ, ਅਤੇ ਕੇਂਦਰ ਨੂੰ ਨਜ਼ਰਅੰਦਾਜ਼ ਕਰਨ ਵਾਲੇ ਉੱਚੇ ਸਥਾਨ ਤੋਂ ਦੇਖਿਆ, ਜਿੱਥੋਂ ਅੰਦਰ ਦਾ ਦ੍ਰਿਸ਼ ਨਜ਼ਰ ਆਉਂਦਾ ਸੀ।

ਅੰਤ ਵਿੱਚ, ਤੀਜੇ ਦਿਨ ਦੁਪਹਿਰ ਤਿੰਨ ਵਜੇ ਤੋਂ ਪਹਿਲਾਂ ਅਸੀਂ ਮਾਉਂਨਟੇਨ ਨੂੰ ਹੋਰ ਪਰਵਾਸੀਆਂ ਦੇ ਇੱਕ ਸਮੂਹ ਦੇ ਨਾਲ ਘੁੰਮਦੇ ਹੋਏ ਦੇਖਿਆ।

ਉਹ ਖੱਬੇ ਪਾਸੇ ਮੁੜਿਆ ਤੇ ਟਰਾਮ ਸਟੇਸ਼ਨ ਵੱਲ ਵਧਿਆ।

ਅਸੀਂ ਪਿੱਛੇ ਦੌੜੇ। ਜਿਵੇਂ ਹੀ ਅਸੀਂ ਉਸ ਨੂੰ ਫ਼ੜਿਆ ਉਹ ਕਹਿਣ ਲੱਗਿਆ,“ਮੈਨੂੰ ਕੁਝ ਨਹੀਂ ਪਤਾ, ਤੁਹਾਡੀ ਸਮੱਸਿਆ ਕੀ ਹੈ?

ਉਸ ਦੇ ਚਿਹਰੇ ’ਤੇ ਚਿੰਤਾ ਨਜ਼ਰ ਆ ਰਹੀ ਸੀ। ਪਰ ਜਦੋਂ ਉਹ ਟਰਾਮ ਸਟੇਸ਼ਨ ਵੱਲ ਮੁੜਿਆ ਤਾਂ ਉਸ ਦੀ ਸੁਰ ਧੀਮੀ ਤੇ ਗ਼ੈਰ-ਵਿਰੋਧੀ ਸੀ।

ਮੈਂ ਸਾਰ੍ਹਾ ਦੀ ਤਸਵੀਰ ਕੱਢੀ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਸੱਤ ਸਾਲ ਦੀ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਸੀ।

ਉਸਨੇ ਫਿਰ ਸਿਰ ਹਿਲਾਇਆ ਅਤੇ ਫਿਰ ਅਸੀਂ ਉਸਦੇ ਫੋਨ ਨੰਬਰ 'ਤੇ ਘੰਟੀ ਮਾਰੀ।

ਉਹ ਇਸ ਨੂੰ ਨਜ਼ਰਅੰਦਾਜ਼ ਕਰ ਸਕਦਾ ਸੀ ਤੇ ਟਰਾਮ ਆਉਣ ਤੱਕ ਉਹ ਚੁੱਪਚਾਪ ਇੰਤਜ਼ਾਰ ਕਰ ਸਕਦਾ ਸੀ।

ਪਰ ਜਦੋਂ ਅਸੀਂ ਉਸਨੂੰ ਉਸਦੇ ਫ਼ੋਨ ਦਾ ਜਵਾਬ ਦੇਣ ਲਈ ਕਿਹਾ ਤਾਂ ਉਹ ਕੁਝ ਗੁਆਚਿਆ ਜਿਹਾ ਲੱਗਿਆ।

ਨੇੜੇ ਝੁਕ ਕੇ, ਅਸੀਂ ਉਸ ਦੇ ਫ਼ੋਨ ਦੀ ਸਕ੍ਰੀਨ ਦੇਖੀ। ਤੇ ਇਹ ਉਹ ਨੰਬਰ ਹੀ ਸੀ ਜਿਸ ’ਤੇ ਅਸੀਂ ਲਗਾਤਾਰ ਕਾਲ ਕਰ ਰਹੇ ਸਾਂ। ਕਿਉਂਕਿ ਉਹ ਸਾਡੇ ਯੂਕੇ ਜਾਣ ਲਈ ਇੱਕ ਛੋਟੀ ਕਿਸ਼ਤੀ ਦਾ ਇੰਤਜ਼ਾਮ ਕਰ ਰਿਹਾ ਸੀ।

ਹੁਣ ਉਸ ਦੀ ਪਛਾਣ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ ਸੀ।

ਥੋੜ੍ਹੀ ਜਿਹੀ ਵਿਰੋਧਤਾ ਤੋਂ ਬਾਅਦ ਅਸੀਂ ਫ਼ਰੈਂਚ ਪੁਲਿਸ ਨੂੰ ਬੁਲਾਇਆ। ਉਹ ਵੀ ਅਪ੍ਰੈਲ ਮਹੀਨੇ ਹੋਈਆਂ ਮੌਤਾਂ ਬਾਰੇ ਜਾਂਚ ਕਰ ਰਹੇ ਸਨ। ਤੇ ਅਸੀਂ ਜੋ ਕੁਝ ਸਾਨੂੰ ਪਤਾ ਲੱਗਿਆ ਪੁਲਿਸ ਨੂੰ ਦੱਸ ਦਿੱਤਾ।

ਉਨ੍ਹਾਂ ਕਿਹਾ ਕਿ ਉਹ ਇਸ ਪੜਾਅ 'ਤੇ ਕੋਈ ਟਿੱਪਣੀ ਨਹੀਂ ਕਰਨਗੇ।

ਯੂਕੇ ਬੀਤੇ ਤਿੰਨ ਸਾਲਾਂ ਤੋਂ ਫ਼ਰੈਂਚ ਪੁਲਿਸ ਦੀ ਤੱਟਵਰਤੀ ਸੁਰੱਖਿਆ ਕਰਨ ਦੇ ਮਾਮਲੇ ਵਿੱਚ 50 ਕਰੋੜ ਡਾਲਰਾਂ ਨਾਲ ਮਦਦ ਕਰ ਰਿਹਾ ਹੈ।

ਪਰ ਫਰੈਂਚ ਬਾਰਡਰ ਪੁਲਿਸ ਨੇ ਸਾਨੂੰ ਦੱਸਿਆ ਕਿ ਉਹ ਤਸਕਰਾਂ ਦੀ ਵੱਧ ਰਹੀ ਹਿੰਸਾ ਤੋਂ ਬਹੁਤ ਚਿੰਤਤ ਹਨ।

ਉਨ੍ਹਾਂ ਨੇ ਗਿਰੋਹ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਵਿੱਚ ਕੁਝ ਸਫ਼ਲਤਾ ਦਾ ਦਾਅਵਾ ਕਰਦੇ ਹੋਏ।

ਸੀਨੀਅਰ ਫਰਾਂਸੀਸੀ ਅਧਿਕਾਰੀਆਂ ਨੇ ਨਿੱਜੀ ਤੌਰ 'ਤੇ ਸਲਾਹ ਦਿੱਤੀ ਕਿ ਇੱਕ ਲੰਮੀ ਮਿਆਦ ਦਾ ਹੱਲ ਯੂਕੇ ਦੀਆਂ ਆਪਣੀਆਂ ਇਮੀਗ੍ਰੇਸ਼ਨ ਅਤੇ ਲੇਬਰ ਨੀਤੀਆਂ ਨੂੰ ਬਦਲਣ 'ਤੇ ਨਿਰਭਰ ਕਰੇਗਾ।

ਅੱਜ ਸਾਰ੍ਹਾ ਦਾ ਬਚਿਆ ਹੋਇਆ ਪਰਿਵਾਰ, ਉਸਦੇ ਪਿਤਾ ਅਹਿਮਦ, ਮਾਂ ਨੂਰ, 12 ਸਾਲ ਦੀ ਭੈਣ ਰਹਾਫ ਅਤੇ ਨੌਂ ਸਾਲ ਦਾ ਭਰਾ ਹੁਸਮ ਉੱਤਰੀ ਫਰਾਂਸੀਸੀ ਸ਼ਹਿਰ ਲਿਲੀ ਦੇ ਬਾਹਰ ਇੱਕ ਛੋਟੇ ਜਿਹੇ ਪਿੰਡ ਵਿੱਚ ਪਰਵਾਸੀਆਂ ਲਈ ਬਣੇ ਇੱਕ ਅਸਥਾਈ ਹੋਸਟਲ ਵਿੱਚ ਰਹਿ ਰਹੇ ਹਨ।

ਬੱਚਿਆਂ ਦੀ ਸਕੂਲ ਤੱਕ ਪਹੁੰਚ ਨਹੀਂ ਹੈ ਅਤੇ ਪਤਝੜ ਤੋਂ ਬਾਅਦ ਫਰਾਂਸ ਵਿੱਚ ਰਹਿਣ ਦਾ ਕੋਈ ਅਧਿਕਾਰ ਵੀ ਨਹੀਂ ਰਹੇਗਾ।

ਰਹਾਫ ਨੇ ਸਾਨੂੰ ਰੋਣ ਤੋਂ ਪਹਿਲਾਂ ਦੱਸਿਆ, “ਮੈਂ ਵੀ ਬਾਕੀਆਂ ਵਾਂਗ ਇੱਕ ਆਮ ਜ਼ਿੰਦਗੀ ਚਾਹੁੰਦਾ ਹਾਂ। ਮੈਂ ਬਹੁਤ ਚੀਜ਼ਾਂ ਲਈ ਉਦਾਸ ਹਾਂ। ਮੈਂ ਇੰਗਲੈਂਡ ਵਿੱਚ ਸਕੂਲ ਜਾਣਾ ਚਾਹੁੰਦਾ ਹਾਂ ਕਿਉਂਕਿ ਉੱਥੇ ਮੇਰਾ ਚਚੇਰਾ ਭਰਾ ਹੈ।”

“ਉਹ ਮੇਰੀ ਉਮਰ ਦੀ ਹੈ। ਮੈਨੂੰ ਯਾਦ ਆਉਂਦੀ ਹੈ...ਮੇਰੇ ਦੋਸਤ।"

‘ਅਹਿਮਦ ਫਰੈਂਚ ਪੁਲਿਸ ਦੇ ਸੰਪਰਕ ਵਿੱਚ ਹੈ, ਉਸ ਨੇ ਆਪਣੀ ਜਾਂਚ ਤੋਂ ਪਤਾ ਲੱਗੇ ਸ਼ੱਕੀ ਤਸਕਰਾਂ ਦੀਆਂ ਤਸਵੀਰਾਂ ਵੀ ਪੁਲਿਸ ਨਾਲ ਸਾਂਝੀਆਂ ਕੀਤੀਆਂ ਹਨ।

ਉਸਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਇੱਕ ਤਸਕਰ ਨੂੰ ਨੌਕਰੀ 'ਤੇ ਰੱਖਣਾ ਹੀ ਉਸਦਾ ਇੱਕੋ ਇੱਕ ਵਿਕਲਪ ਸੀ।

ਪਤਾ ਨਹੀਂ ਇਹ ਸੱਚ ਹੈ ਜਾਂ ਨਹੀਂ, ਪਰ ਉਹ ਕਹਿੰਦਾ ਹੈ ਕਿ ਉਸਨੇ ਇੱਕ ਸਖ਼ਤ ਸਬਕ ਸਿੱਖਿਆ ਹੈ।

ਅਹਿਮਦ ਨੇ ਕਿਹਾ, “ਉਹ ਲਾਲਚੀ ਲੋਕ ਹਨ। ਉਹ ਸਿਰਫ਼ ਪੈਸੇ ਦੀ ਪਰਵਾਹ ਕਰਦੇ ਹਨ। ਮੈਨੂੰ ਉਮੀਦ ਹੈ ਕਿ ਉਹ ਨਿਆਂ ਦਾ ਸਾਹਮਣਾ ਕਰਨਗੇ।”

“ਮੇਰੀ ਧੀ ਦੀ ਮੌਤ ਵਿਅਰਥ ਨਹੀਂ ਜਾਣੀ ਚਾਹੀਦੀ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)