ਕੈਨੇਡਾ: ‘ਡਰਾਇਵਰੀ ਮੇਰੇ ਖ਼ੂਨ ’ਚ ਹੈ’, ਰੋਪੜ ਦੀ ਟਰੱਕ ਡਰਾਇਵਰ ਕੁੜੀ ਦੀ ਕਿਹੋ ਜਿਹੀ ਹੈ ਜ਼ਿੰਦਗੀ

ਤਨਵੀਰ ਕੌਰ
ਤਸਵੀਰ ਕੈਪਸ਼ਨ, ਤਨਵੀਰ ਨੇ ਐੱਮਏ ਤੱਕ ਦੀ ਪੜ੍ਹਾਈ ਪੰਜਾਬ ਵਿੱਚ ਕੀਤੀ ਸੀ, ਉਹ 2017 ਵਿੱਚ ਪੰਜਾਬ ਤੋਂ ਕੈਨੇਡਾ ਆ ਗਈ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ, ਕੈਨੇਡਾ ਤੋਂ ਪਰਤ ਕੇ

ਪੰਜਾਬ ਦੇ ਰੋਪੜ ਤੋਂ ਕੈਨੇਡਾ ਸਟੂਡੈਂਟ ਵੀਜ਼ਾ ਉੱਤੇ ਆਈ ਤਨਵੀਰ ਕੌਰ ਨੇ ਜਦੋਂ ਟਰੱਕ ਡਰਾਈਵਰੀ ਸ਼ੁਰੂ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੀਆਂ ਪੋਸਟਾਂ ਪਾਈਆਂ ਤਾਂ ਉਨ੍ਹਾਂ ਨੂੰ ਇੱਕ ਮਿਹਣਾ ਸੁਣਨ ਨੂੰ ਮਿਲਿਆ।

ਤਨਵੀਰ ਦੱਸਦੇ ਹਨ ਟਰੱਕ ਚਲਾਉਣ ਵਾਲੇ ਆਪਣੇ ਹੀ ਲੋਕਾਂ ਨੇ ਮਿਹਣਾ ਮਾਰਿਆ ਸੀ, ‘ਹੁਣ ਇਹ ਕੁੜੀ ਸਾਨੂੰ ਟਰੱਕ ਡਰਾਈਵਰੀ ਸਿਖਾਏਗੀ?’

ਪਰ ਤਨਵੀਰ ਨੇ ਹਾਰ ਨਹੀਂ ਮੰਨੀ ਅਤੇ ਉੱਤਰੀ ਅਮਰੀਕਾ ਦੇ ਮੁਸ਼ਕਲ ਵਾਤਾਵਰਣ ਵਿੱਚ ਵੀ ਟਰੱਕ ਡਰਾਈਵਰੀ ਜਿਹਾ ‘ਜੋਖ਼ਮ ਭਰਿਆ’ ਕਿੱਤਾ ਜਾਰੀ ਰੱਖਿਆ।

ਬੀਬੀਸੀ

ਤਨਵੀਰ ਕੌਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦੀ ਹੈ, ਬਰੈਂਪਟਨ ਸ਼ਹਿਰ ਪੰਜਾਬੀ ਪ੍ਰਵਾਸੀ ਵਿਦਿਆਰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਤਨਵੀਰ ਨੇ ਐੱਮਏ ਤੱਕ ਦੀ ਪੜ੍ਹਾਈ ਪੰਜਾਬ ਵਿੱਚ ਕੀਤੀ ਸੀ। ਉਹ 2017 ਵਿੱਚ ਪੰਜਾਬ ਤੋਂ ਕੈਨੇਡਾ ਆ ਗਈ ਸੀ ।

ਹੁਣ ਉਹ ਕੈਨੇਡਾ ਦੀ ਨਾਗਰਿਕ ਹੈ।

‘ਡਰਾਈਵਰੀ ਮੇੇਰੇ ਖ਼ੂਨ ਵਿੱਚ ਹੈ’

ਤਨਵੀਰ ਕੌਰ

ਤਸਵੀਰ ਸਰੋਤ, Tanveer Kaur

ਤਸਵੀਰ ਕੈਪਸ਼ਨ, ਪਿਛਲੇ ਪੰਜ ਸਾਲਾ ਤੋਂ ਡਰਾਈਵਰੀ ਦੇ ਕਿੱਤੇ ਨਾਲ ਜੁੜੀ ਤਨਵੀਰ ਦੱਸਦੀ ਹੈ ਕਿ ਬਚਪਨ ਤੋਂ ਉਹ ਉਸ ਨੂੰ ਡਰਾਈਵਿੰਗ ਨਾਲ ਮੋਹ ਸੀ।

ਟਰੱਕ ਡਰਾਈਵਰੀ ਕਿੱਤੇ ਵੱਲ ਆਪਣੇ ਝੁਕਾਅ ਅਤੇ ਚਾਹ ਬਾਰੇ ਤਨਵੀਰ ਦੱਸਦੀ ਹੈ, “ਮੇਰੇ ਪਿਤਾ ਟਰੱਕ ਡਰਾਈਵਰ ਸਨ, ਪਹਿਲਾਂ ਸਾਡੇ ਆਪਣੇ ਟਰੱਕ ਸਨ ਅਤੇ ਮੈਂ ਇਹ ਕਹਿ ਸਕਦੀ ਹਾਂ ਕਿ ਡਰਾਈਵਰੀ ਮੇਰੇ ਬਲੱਡ (ਖ਼ੂਨ) ਵਿੱਚ ਹੈ।”

ਤਨਵੀਰ ਦੇ ਪਿਤਾ ਦਾ ਸਬੰਧ ਟਰਾਂਸਪੋਰਟ ਨਾਲ ਰਿਹਾ ਹੈ ਅਤੇ ਉਨ੍ਹਾਂ ਨੇ ਕਾਫ਼ੀ ਸਮੇਂ ਤੱਕ ਭਾਰਤ ਵਿੱਚ ਟਰੱਕ ਡਰਾਈਵਰ ਦੇ ਤੌਰ ਉੱਤੇ ਕੰਮ ਕੀਤਾ ਹੈ। ਫ਼ਿਲਹਾਲ ਤਨਵੀਰ ਕੌਰ ਦੇ ਪਿਤਾ ਰੋਪੜ ਵਿੱਚ ਸਰਕਾਰੀ ਨੌਕਰੀ ਕਰਦੇ ਹਨ।

ਵੀਡੀਓ ਕੈਪਸ਼ਨ, ਕੈਨੇਡਾ ਦੇ ਟੋਰਾਂਟੋ ਦੀਆਂ ਸੜਕਾਂ ਉੱਤੇ ਟਰੱਕ ਚਲਾ ਰਹੀ ਇਹ ਪੰਜਾਬਣ ਤਨਵੀਰ ਕੌਰ ਹੈ।

ਪਿਛਲੇ ਪੰਜ ਸਾਲਾਂ ਤੋਂ ਇਸ ਕਿੱਤੇ ਵਿੱਚ ਜੁੜੀ ਤਨਵੀਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਆਪਣਾ ਹੌਂਸਲਾ ਬੁਲੰਦ ਰੱਖਿਆ।

ਟਰੱਕ ਨਾਲ ਆਪਣੇ ਮੋਹ ਬਾਰੇ ਉਹ ਦੱਸਦੇ ਹਨ ਕਿ ਟਰੱਕ ਹੀ ਉਨ੍ਹਾਂ ਦਾ ਘਰ ਸੀ ਅਤੇ ਲੋਕ ਉਨ੍ਹਾਂ ਨੂੰ ਕਿਹਾ ਕਰਦੇ ਸਨ ਕਿ ਤਨਵੀਰ ਹੁਣ ਤੂੰ ਆਪਣੇ ਘਰ ਦਾ ਸਮਾਨ ਵੀ ਟਰੱਕ ਵਿੱਚ ਹੀ ਰੱਖ ਲੈ।

ਪਿਛਲੇ ਪੰਜ ਸਾਲਾ ਤੋਂ ਡਰਾਈਵਰੀ ਦੇ ਕਿੱਤੇ ਨਾਲ ਜੁੜੀ ਤਨਵੀਰ ਦੱਸਦੀ ਹੈ ਕਿ ਬਚਪਨ ਤੋਂ ਉਸ ਨੂੰ ਡਰਾਈਵਿੰਗ ਨਾਲ ਮੋਹ ਸੀ।

ਤਨਵੀਰ ਕੌਰ

ਜਦੋਂ ਟਰੱਕ ਡਰਾਈਵਰੀ ਬਾਰੇ ਘਰਦਿਆਂ ਨੂੰ ਦੱਸਿਆ

ਤਨਵੀਰ ਕੌਰ ਮੁਤਾਬਕ ਹੋਟਲ ਦੀ ਨੌਕਰੀ ਛੱਡ ਕੇ ਉਸ ਨੇ ਟਰੱਕ ਦਾ ਲਾਇਸੰਸ ਲੈਣ ਬਾਰੇ ਸੋਚਿਆ ਤਾਂ ਉਨ੍ਹਾਂ ਦੇ ਘਰਦਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਖ਼ਾਸ ਤੌਰ ਉੱਤੇ ਤਨਵੀਰ ਦੇ ਪਿਤਾ ਨੇ।

ਉਨ੍ਹਾਂ ਦੇ ਪਿਤਾ ਦੀ ਦਲੀਲ ਸੀ ਕੁੜੀਆਂ ਲਈ ਇਹ ਕਿੱਤਾ ਠੀਕ ਨਹੀਂ ਹੈ ਕਿਉਂਕਿ ਇਹ ਪੁਰਸ਼ ਪ੍ਰਧਾਨ ਕਿੱਤਾ ਹੈ ਪਰ ਆਖ਼ਰਕਾਰ ਤਨਵੀਰ ਦੀ ਜ਼ਿੱਦ ਤੋਂ ਬਾਅਦ ਪਿਤਾ ਮੰਨ ਗਏ ਅਤੇ ਟਰੱਕ ਦਾ ਲਾਇਸੰਸ ਲੈਣ ਦੀ ਆਗਿਆ ਦੇ ਦਿੱਤੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਤਨਵੀਰ ਕੌਰ ਦੱਸਦੀ ਹੈ ਕਿ ਕੌਮਾਂਤਰੀ ਵਿਦਿਆਰਥੀ ਦੇ ਤੌਰ ਉੱਤੇ ਉਨ੍ਹਾਂ ਨੇ ਸ਼ੁਰੂ ਵਿੱਚ ਇੱਕ ਹੋਟਲ ਵਿੱਚ ਕੰਮ ਕੀਤਾ।

ਤਨਵੀਰ ਦੱਸਦੇ ਹਨ ਕਿ ਜਿਸ ਹੋਟਲ ਵਿੱਚ ਉਹ ਕੰਮ ਕਰਦੇ ਉੱਥੇ ਅਕਸਰ ਟਰੱਕ ਆ ਕੇ ਰੁਕਦੇ ਸਨ, ਇਸ ਕਰ ਕੇ ਟਰੱਕਾਂ ਨੂੰ ਨੇੜਿਓਂ ਦੇਖਣ ਅਤੇ ਡਰਾਈਵਰਾਂ ਦੀਆਂ ਦਿਲਚਸਪ ਗੱਲਾਂ ਸੁਣਕੇ ਉਸ ਦੀ ਇਸ ਕਿੱਤੇ ਵੱਲ ਖਿੱਚ ਵਧੀ।

ਇਹ ਵੀ ਪੜ੍ਹੋ-

ਕਿਹੜੀਆਂ ਕਿਹੜੀਆਂ ਚੁਣੌਤੀਆਂ ਨਾਲ ਟਾਕਰਾ ਹੋਇਆ

ਤਨਵੀਰ ਕੌਰ
ਤਸਵੀਰ ਕੈਪਸ਼ਨ, ਕੈਨੇਡਾ ਦੀਆਂ 10 ਖ਼ਤਰਨਾਕ ਨੌਕਰੀਆਂ ਵਿੱਚ ਟਰੱਕ ਡਰਾਈਵਰੀ ਵੀ ਸ਼ਾਮਲ ਹੈ

ਤਨਵੀਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਮਰਦ ਪ੍ਰਧਾਨ ਕਿੱਤਾ ਹੈ ਅਤੇ ਇਸ ਵਿੱਚ ਕੁੜੀਆਂ ਨੂੰ ਮਰਦ ਕਦੇ ਵੀ ਪ੍ਰਵਾਨਗੀ ਨਹੀਂ ਦੇਣਗੇ।

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣਾ ਤਜਰਬਾ ਸਾਂਝਾ ਕਰਦਿਆਂ ਉਹ ਦੱਸਦੇ ਹਨ, “ਸ਼ੁਰੂਆਤ ਵਿੱਚ ਮੈਨੂੰ ਪ੍ਰਵਾਨਗੀ ਨਹੀਂ ਮਿਲੀ ਪਰ ਹੌਲੀ-ਹੌਲੀ ਹੁਣ ਹੋਰ ਕੁੜੀਆਂ ਵੀ ਇਸ ਕਿੱਤੇ ਵਿੱਚ ਆ ਰਹੀਆਂ ਹਨ।”

ਉਹ ਕਹਿੰਦੇ ਹਨ ਕਿ ਇਸ ਕਿੱਤੇ ਦੇ ਵਿੱਚ ਤੁਸੀਂ ਆਪਣੇ ਬੌਸ ਹੋ। ਉਹ ਦੱਸਦੇ ਹਨ, “ਮੇਰੇ ਲਈ ਆਮਦਨ ਬਹੁਤ ਮਾਅਨੇ ਰੱਖਦੀ ਸੀ, ਮੈਂ ਚਾਹੁੰਦੀ ਸੀ ਕਿ ਮੈਂ ਛੇਤੀ ਤੋਂ ਛੇਤੀ ਆਰਥਿਕ ਤੌਰ ‘ਤੇ ਸਥਿਰ ਹਾਲਤ ਵਿੱਚ ਆਵਾਂ, ਇਹ ਵੀ ਇਸ ਕਿੱਤੇ ਵਿੱਚ ਆਉਣ ਦਾ ਇੱਕ ਕਾਰਨ ਸੀ।”

ਤਨਵੀਰ ਦੱਸਦੇ ਹਨ ਕਿ ਲਾਇਸੰਸ ਲੈਣ ਤੋਂ ਬਾਅਦ ਉਸ ਨੇ ਕਈ ਸਾਲ ਤੱਕ ਕੈਨੇਡਾ ਤੋਂ ਅਮਰੀਕਾ ਸਮਾਨ ਲੈ ਕੇ ਜਾਣ ਦਾ ਪੈਂਡਾ ਤੈਅ ਕੀਤਾ ਹੈ। ਤਨਵੀਰ ਕੌਰ ਮੁਤਾਬਕ ਉਸ ਦੇ ਘਰ ਵਾਲੇ ਤਾਂ ਮੰਨ ਗਏ ਪਰ ਕਈ ਰਿਸ਼ਤੇਦਾਰਾਂ ਨੂੰ ਅਜੇ ਵੀ ਉਸ ਦਾ ਕਿੱਤਾ ਪਸੰਦ ਨਹੀਂ ਹੈ, ਪਰ ਉਹ ਆਪਣੇ ਕਿੱਤੇ ਤੋਂ ਖ਼ੁਸ਼ ਹੈ।

ਯਾਦ ਰਹੇ ਕਿ ਕੈਨੇਡਾ ਦੀਆਂ 10 ਖ਼ਤਰਨਾਕ ਨੌਕਰੀਆਂ ਵਿੱਚ ਟਰੱਕ ਡਰਾਈਵਰੀ ਵੀ ਸ਼ਾਮਲ ਹੈ।

ਕਿਹੋ ਜਿਹਾ ਹੁੰਦਾ ਹੈ ਟਰੱਕ ਡਰਾਈਵਰ ਦਾ ਦਿਨ

ਤਨਵੀਰ ਕੌਰ
ਤਸਵੀਰ ਕੈਪਸ਼ਨ, ਤਨਵੀਰ ਕੌਰ ਦੱਸਦੇ ਹਨ ਕਿ ਕੈਨੇਡਾ ਦੇ ਟਰੱਕਾਂ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਹੁੰਦੀਆਂ ਹਨ ਇਸ ਕਰਕੇ ਸਫਰ ਦੌਰਾਨ ਟਰੱਕ ਹੀ ਘਰ ਬਣ ਜਾਂਦਾ ਹੈ

ਆਪਣੀਆਂ ਰੋਜ਼ਾਨਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਉਹ ਦੱਸਦੇ ਹਨ, “ਸਭ ਤੋਂ ਪਹਿਲਾਂ ਅਸੀਂ ਪ੍ਰੀਟ੍ਰਿਪ ਕਰਦੇ ਹਾਂ ਜਿਸ ਵਿੱਚ ਟਰੱਕ ਦੀਆਂ ਲਾਇਟਾਂ, ਟਾਇਰਾਂ ਵਿੱਚ ਹਵਾ ਅਤੇ ਹੋਰ ਚੀਜ਼ਾਂ ਚੈੱਕ ਕਰਦੇੇ ਹਾਂ।”

ਉਹ ਦੱਸਦੇ ਹਨ ਕਿ ਪੇਸ਼ੇਵਰ ਡਰਾਈਵਰ ਦੇ ਵਜੋਂ ਉਨ੍ਹਾਂ ਨੂੰ ਆਪਣੇ ਨਾਲ-ਨਾਲ ਹੋਰਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।

ਆਪਣਾ ਇੱਕ ਮੁਸ਼ਕਲ ਭਰਿਆ ਤਜਰਬਾ ਸਾਂਝਾ ਕਰਦਿਆਂ ਉਹ ਦੱਸਦੇ ਹਨ ਕਿ ਮੌਸਮ ਕਰਕੇ ਕਈ ਵਾਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਬਰਫ਼ਬਾਰੀ ਸਮੇਂ ਅਕਸਰ ਟਰੱਕ ਤਿਲਕ ਜਾਂਦਾ ਹੈ ਅਤੇ ਬਹੁਤ ਹੀ ਧਿਆਨ ਨਾਲ ਇਸ ਨੂੰ ਚਲਾਉਣਾ ਪੈਂਦਾ ਹੈ ਅਤੇ ਕਈ ਵਾਰ ਛੋਟੀ ਗ਼ਲਤੀ ਵੀ ਕਈ ਬਹੁਤ ਮਹਿੰਗੀ ਪੈ ਜਾਂਦੀ ਹੈ।

“ਇੱਕ ਵਾਰੀ ਮੈਂ ਅਮਰੀਕਾ ਤੋਂ ਕੈਨੇਡਾ ਆ ਰਹੀ ਸੀ, ਡਿਟ੍ਰੋਇਟ ਮਿਸ਼ੀਗਨ ਵਿੱਚ ਬਲੈਕ ਆਈਸ ਹੁੰਦੀ ਹੈ ਉੱਥੇ ਟਰੱਕ ਦੀ ਰਫ਼ਤਾਰ ਮਹਿਜ਼ 15 ਕਿਲੋਮੀਟਰ ਸੀ ਪਰ ਫਿਰ ਵੀ ਬਲੈਕ ਆਈਸ ਕਰਕੇ ਉਨ੍ਹਾਂ ਦਾ ਟਰੱਕ ਸੱਜੇ ਪਾਸੇ ਵੱਲ ਘੁੰਮ ਗਿਆ।”

“ਬਹੁਤ ਮੁਸ਼ਕਲ ਨਾਲ ਮੈਂ ਟਰੱਕ ਸੰਭਾਲਿਆ ਅਤੇ ਮੁੜ ਸੜਕ ਉੱਤੇ ਆਈ।”

ਤਨਵੀਰ

ਤਸਵੀਰ ਸਰੋਤ, Tanveer Kaur

ਤਸਵੀਰ ਕੈਪਸ਼ਨ, ਤਨਵੀਰ ਦੱਸਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦੇ ਹਨ

ਤਨਵੀਰ ਨੇ ਦੱਸਿਆ ਕਿ ਅਕਸਰ ਟਰੱਕ ਵਿੱਚ ਉਹ ਇਕੱਲੀ ਹੀ ਹੁੰਦੀ ਹੈ ਇਸ ਕਰਕੇ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਵੀ ਆਪ ਹੀ ਕਰਦੇ ਹਨ।

ਟਰੱਕ ਡਰਾਈਵਰੀ ਦੇ ਕਿੱਤੇ ਤੋਂ ਹੁੰਦੀ ਆਮਦਨ ਬਾਰੇ ਉਹ ਦੱਸਦੇ ਹਨ ਕਿ ਇੱਕ ਡਰਾਈਵਰ ਔਸਤਨ 5 ਹਜ਼ਾਰ ਡਾਲਰ ਕਮਾ ਸਕਦਾ ਹੈ ਅਤੇ ਜੇਕਰ ਟਰੱਕ ਆਪਣਾ ਹੋਵੇ ਤਾਂ ਇਹ ਰਕਮ ਵੱਧ ਵੀ ਹੋ ਸਕਦੀ ਹੈ।

ਉਹ ਦੱਸਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਪਾਉਣ ਦਾ ਮਕਸਦ ਹੋਰ ਕੁੜੀਆਂ ਨੂੰ ਪ੍ਰੇਰਿਤ ਕਰਨਾ ਹੈ।

ਤਨਵੀਰ ਕੌਰ ਦੱਸਦੇ ਹਨ ਕਿ ਕੈਨੇਡਾ ਦੇ ਟਰੱਕਾਂ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਹੁੰਦੀਆਂ ਹਨ ਇਸ ਕਰਕੇ ਸਫਰ ਦੌਰਾਨ ਟਰੱਕ ਹੀ ਘਰ ਬਣ ਜਾਂਦਾ ਹੈ।

ਤਨਵੀਰ ਨੇ ਦੱਸਿਆ ਕਿ ਪੈਸੇ ਇਸ ਕਿੱਤੇ ਵਿੱਚ ਜ਼ਿਆਦਾ ਜ਼ਰੂਰ ਹੈ ਪਰ ਪਰਿਵਾਰ ਤੋਂ ਕਈ ਦਿਨ ਤੱਕ ਦੂਰ ਰਹਿਣ ਕਾਰਨ ਇਕੱਲਤਾ ਕਈ ਵਾਰ ਮਾਨਸਿਕ ਤੌਰ ਉਤੇ ਤੰਗ ਕਰਦੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)