6 ਵੀਜ਼ਾ ਰੱਦ ਹੋਏ, 19 ਲੱਖ ਖਰਚੇ ਤੇ ਜਦੋਂ ਕੈਨੇਡਾ ਪਹੁੰਚਿਆ ਤਾਂ.... ਵਿਦਿਆਰਥੀਆਂ ਨਾਲ ਫਰਾਡ ਦੀ ਕਹਾਣੀ

ਸਿਮਰਨਜੀਤ ਕੌਰ
ਤਸਵੀਰ ਕੈਪਸ਼ਨ, ਸਿਮਰਨਜੀਤ ਕੌਰ ਉੱਤਰਾਖੰਡ ਦੇ ਹਰਿਦੁਆਰ ਤੋਂ ਹਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਕੈਨੇਡਾ ਆਉਣ ਦਾ ਮੇਰਾ ਸੁਪਨਾ ਛੇ ਵਾਰ ਟੁੱਟਿਆ, ਸੱਤਵੀਂ ਵਾਰ ਜਦੋਂ ਮੈਂ ਕੈਨੇਡਾ ਪਹੁੰਚਿਆਂ ਤਾਂ ਵੀ ਇਹ ਸੁਪਨਾ ਹੁਣ ਅੱਧ ਵਿਚਾਲੇ ਅਟਕਿਆ ਪਿਆ ਹੈ।"

ਇਹ ਸ਼ਬਦ ਸਹਿਜਪ੍ਰੀਤ ਸਿੰਘ ਦੇ ਹਨ, ਜੋ ਕੈਨੇਡਾ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਉੱਤੇ ਆਇਆ ਹੈ ਪਰ ਏਜੰਟ ਅਤੇ ਕਾਲਜ ਦੇ ਕਥਿਤ ਧੋਖੇ ਦਾ ਸ਼ਿਕਾਰ ਹੋ ਗਿਆ ਹੈ।

ਅਸਲ ਵਿੱਚ ਸਹਿਜਪ੍ਰੀਤ ਸਿੰਘ ਦਾ ਸਟੂਡੈਂਟ ਵੀਜ਼ਾ ਛੇ ਵਾਰ ਅੰਬੈਸੀ ਨੇ ਰੱਦ ਕਰ ਦਿੱਤਾ ਸੀ।

ਸਹਿਜਪ੍ਰੀਤ ਮੁਤਾਬਕ ਚੰਡੀਗੜ੍ਹ ਦੇ ਏਜੰਟ ਨੇ ਉਸ ਦਾ ਅਜਿਹੇ ਪ੍ਰਾਈਵੇਟ ਕਾਲਜ ਵਿੱਚ ਦਾਖ਼ਲਾ ਕਰਵਾ ਦਿੱਤਾ ਜਿਸ ਦੇ ਆਧਾਰ ਉੱਤੇ ਹੁਣ ਉਸ ਨੂੰ ਭਵਿੱਖ ਵਿੱਚ ਵਰਕ ਪਰਮਿਟ ਨਹੀਂ ਮਿਲ ਸਕਦਾ।

ਉਸ ਨੂੰ ਇਸ ਗੱਲ ਪਤਾ ਕੈਨੇਡਾ ਆ ਕੇ ਲੱਗਿਆ ਹੈ। ਸਹਿਜਪ੍ਰੀਤ ਮੁਤਾਬਕ ਕਾਲਜ ਹੁਣ ਉਸ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਨਹੀਂ ਹੈ।

ਸਹਿਜਪ੍ਰੀਤ ਸਿੰਘ ਦੱਸਦੇ ਹਨ ਕਿ ਇਸ ਮਸਲੇ ਵਿੱਚ ਹੁਣ ਨਾ ਤਾਂ ਏਜੰਟ ਫ਼ੋਨ ਚੁੱਕਦਾ ਹੈ ਅਤੇ ਨਾ ਹੀ ਕਾਲਜ ਕੋਈ ਠੋਸ ਜਵਾਬ ਦੇ ਰਿਹਾ ਹੈ।

ਸਹਿਜਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਸਹਿਜਪ੍ਰੀਤ ਸਿੰਘ ਦਾਅਵਾ ਕਰਦੇ ਹਨ ਕਿ ਏਜੰਟ ਨੇ ਉਸ ਤੋਂ 12 ਲੱਖ ਰੁਪਏ ਲਏ ਸਨ

ਸਹਿਜਪ੍ਰੀਤ ਸਿੰਘ ਮੁਤਾਬਕ ਚੰਡੀਗੜ੍ਹ ਆਧਾਰਿਤ ਏਜੰਟ ਨੇ ਉਸ ਦਾ ਕੋਰਸ ਅਤੇ ਕਾਲਜ ਖ਼ੁਦ ਤੈਅ ਕੀਤੇ ਸੀ ਅਤੇ ਆਖਿਆ ਸੀ ਕਿ ਵੀਜੇ ਦੀ ਟੈਨਸ਼ਨ ਨਾ ਲਈ।

ਜਦੋਂ ਸਹਿਜਪ੍ਰੀਤ ਦਾ ਵੀਜ਼ਾ ਆਇਆ ਤਾਂ ਸਬੰਧਿਤ ਏਜੰਟ ਨੇ ਆਪਣੇ ਪ੍ਰਚਾਰ ਲਈ ਉਸ ਦੀ ਵੀਡੀਓ ਬਣਾਈ ਜਿਸ ਵਿੱਚ ਉਹ ਦੱਸਦਾ ਹੈ ਕਿ ਛੇ ਵਾਰ ਵੀਜ਼ਾ ਰੱਦ ਹੋਣ ਤੋਂ ਬਾਅਦ ਕਿਵੇਂ ਉਸ ਨੇ (ਏਜੰਟ) ਕੈਨੇਡੀਅਨ ਐਬੰਸੀ ਤੋਂ ਵੀਜ਼ਾ ਲੈ ਕੇ ਦਿੱਤਾ ਹੈ।

ਇਹ ਵੀਡੀਓ ਅੱਜ ਵੀ ਸਬੰਧਿਤ ਏਜੰਟ ਦੇ ਸੋਸ਼ਲ ਮੀਡੀਆ ਉੱਤੇ ਪਈ ਹੈ।

ਸਹਿਜਪ੍ਰੀਤ ਸਿੰਘ ਦਾਅਵਾ ਕਰਦੇ ਹਨ ਕਿ ਏਜੰਟ ਨੇ ਉਸ ਤੋਂ 12 ਲੱਖ ਰੁਪਏ ਲਏ ਸਨ, ਜਿਸ ਵਿੱਚ ਕਾਲਜ ਦੀ 14000 ਡਾਲਰ ਫ਼ੀਸ ਵੀ ਸ਼ਾਮਲ ਸੀ, ਇਸ ਤੋਂ ਇਲਾਵਾ ਜੀਆਈਸੀ ਅਤੇ ਬਾਕੀ ਖ਼ਰਚੇ ਉਸ ਨੇ ਆਪ ਕੀਤੇ ਸਨ।

ਸਹਿਜਪ੍ਰੀਤ ਆਖਦੇ ਹਨ, "ਫ਼ੀਸ ਬਾਰੇ ਵੀ ਏਜੰਟ ਨੇ ਉਸ ਨੂੰ ਝੂਠ ਬੋਲਿਆ ,ਜਦਕਿ ਉਸ ਦੀ ਫ਼ੀਸ ਤਾਂ 8000 ਡਾਲਰ ਸੀ ਅਤੇ ਬਾਕੀ ਪੈਸੇ ਏਜੰਟ ਖ਼ੁਦ ਖਾ ਗਿਆ।"

ਇਸ ਮਾਮਲੇ ਵਿੱਚ ਬੀਬੀਸੀ ਨੇ ਚੰਡੀਗੜ੍ਹ ਸਥਿਤ ਸਹਿਜਪ੍ਰੀਤ ਸਿੰਘ ਦੇ ਏਜੰਟ ਨਾਲ ਕਈ ਵਾਰ ਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਸਹਿਜਪ੍ਰੀਤ ਸਿੰਘ
BBC
"ਪੜ੍ਹਾਈ ਤਾਂ ਸਿਰਫ਼ ਇੱਥੇ ਨਾਮ ਦੀ ਹੀ ਹੈ, ਟੀਚਰ ਨੂੰ ਮਿਲਣ ਦੀ ਗੱਲ ਤਾਂ ਇੱਕ ਪਾਸੇ ਦਾ ਉਨ੍ਹਾਂ ਹੁਣ ਤੱਕ ਕੋਈ ਪ੍ਰੈਕਟੀਕਲ ਵੀ ਨਹੀਂ ਹੋਇਆ।"
ਸਹਿਜਪ੍ਰੀਤ ਸਿੰਘ

ਪੜ੍ਹਾਈ ਤਾਂ ਕੈਨੇਡਾ ਆਉਣ ਦਾ ਬੱਸ ਇੱਕ ਤਰੀਕਾ

23 ਸਾਲਾ ਸਹਿਜਪ੍ਰੀਤ ਸਿੰਘ ਦਾ ਸਬੰਧ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਹੈ ਅਤੇ ਉਹ ਨਵੰਬਰ 2023 ਵਿੱਚ 19 ਲੱਖ ਰੁਪਏ ਖ਼ਰਚ ਕਰ ਕੇ ਏਜੰਟ ਦੀ ਮਦਦ ਨਾਲ ਕੈਨੇਡਾ ਪੜ੍ਹਾਈ ਲਈ ਪਹੁੰਚੇ ਸਨ।

ਉਹ ਇੱਥੇ ਪ੍ਰਾਹੁਣਾਚਾਰੀ ਅਤੇ ਪ੍ਰਬੰਧਨ (Hospitality and management) ਦਾ ਦੋ ਸਾਲ ਦਾ ਕੋਰਸ ਕਰਨ ਆਏ ਹਨ।

ਮਾਪਿਆਂ ਦੇ ਇਕਲੌਤੇ ਪੁੱਤਰ ਸਹਿਜਪ੍ਰੀਤ ਸਿੰਘ ਆਖਦੇ ਹਨ ਕਿ ਉਹ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਵੀ ਪੜ੍ਹਾਈ ਲਈ ਕਾਲਜ ਨਹੀਂ ਗਏ।

ਕਾਲਜ ਸਰੀ ਵਿੱਚ ਹੈ ਅਤੇ ਉਹ ਰਹਿੰਦੇ ਬ੍ਰੈਂਪਟਨ ਵਿੱਚ ਹੈ। ਸਹਿਜਪ੍ਰੀਤ ਸਿੰਘ ਨੇ ਆਖਿਆ ਕਿ ਇੱਕ ਦਿਨ ਉਹ ਕਾਲਜ ਦੇਖਣ ਵੀ ਗਏ ਸਨ ਪਰ ਉੱਥੇ ਜਾ ਕੇ ਜੋ ਤਸਵੀਰ ਸਾਹਮਣੇ ਆਈ, ਉਹ ਹੈਰਾਨ ਕਰਨ ਵਾਲੀ ਸੀ।

ਸਹਿਜਪ੍ਰੀਤ ਸਿੰਘ ਮੁਤਾਬਕ ਉੱਤੇ ਇੱਕ ਪਬਲਿਕ ਪਾਰਕਿੰਗ ਸੀ ਅਤੇ ਕਾਲਜ ਦੀ ਆਲੀਸ਼ਾਨ ਬਿਲਡਿੰਗ ਦੀ ਬਜਾਏ ਉੱਥੇ ਸਿਰਫ਼ ਦੋ ਕਮਰੇ ਸਨ।

ਅੰਦਰ ਉੱਥੇ ਇੱਕ ਰਿਸੈੱਪਸ਼ਨ ਸੀ, ਉਸ ਦੇ ਨਾਲ ਹੀ ਦੋ ਕਮਰੇ, ਜੋ ਕਿ ਖ਼ਾਲੀ ਪਏ ਸਨ। ਰਿਸੈੱਪਸ਼ਨ ਉੱਤੇ ਦੋ ਔਰਤਾਂ ਸਨ, ਇਸ ਤੋਂ ਇਲਾਵਾ ਉੱਥੇ ਨਾ ਕੋਈ ਕਾਲਸ ਰੂਮ ਸੀ ਅਤੇ ਨਾ ਹੀ ਸਟਾਫ਼।

ਕਾਲਜ ਵਿੱਚ ਪੜ੍ਹਾਈ ਕਿਵੇਂ ਦੀ, ਬਾਰੇ ਸਹਿਜਪ੍ਰੀਤ ਸਿੰਘ ਆਖਦੇ ਹਨ ਹੈ, "ਸਭ ਆਨ ਲਾਈਨ, ਕਾਲਜ ਜਾਣ ਦੀ ਲੋੜ ਹੀ ਨਹੀਂ। ਇੱਥੋਂ ਤੱਕ ਕੀ ਹਾਜ਼ਰੀ ਤੋਂ ਲੈ ਕੇ ਵੀ ਪੇਪਰ ਵੀ ਆਨ ਲਾਈਨ ਹੁੰਦੇ ਹਨ।"

ਮੇਰੇ ਸਾਹਮਣੇ ਉਹ ਆਪਣਾ ਲੈਪਟਾਪ ਖੋਲ੍ਹਦੇ ਹਨ ਅਤੇ ਕਾਲਜ ਦਾ ਪੋਰਟਲ ਦਿਖਾਉਂਦੇ ਹਨ ਜਿਸ ਮੁਤਾਬਕ ਹਾਜ਼ਰੀ 97 ਫ਼ੀਸਦੀ ਸੀ।

ਫਿਰ ਉਹ ਦੱਸਦੇ ਹਨ ਕਿ ਉਹ ਅਸਾਈਨਮੈਂਟ ਆਪ ਨਹੀਂ ਬਣਾਉਂਦੇ, ਬਲਕਿ ਭਾਰਤ ਵਿਚੋਂ 500 ਰੁਪਏ ਦੇ ਕੇ ਤਿਆਰ ਕਰਵਾ ਲੈਂਦੇ ਹਨ ਅਤੇ ਫਿਰ ਇਸ ਪੋਰਟਲ ਉੱਤੇ ਅੱਪਲੋਡ ਕਰ ਦਿੰਦੇ ਹਨ।

ਸਹਿਜਪ੍ਰੀਤ ਸਿੰਘ

ਤਸਵੀਰ ਸਰੋਤ, Trunpal Singh

ਤਸਵੀਰ ਕੈਪਸ਼ਨ, ਸਹਿਜਪ੍ਰੀਤ ਸਿੰਘ ਇੱਕ ਕਾਰ ਵਰਕਸ਼ਾਪ ਵਿੱਚ ਫ਼ਿਲਹਾਲ ਕੰਮ ਕਰਦੇ

ਹਰ ਮਹੀਨੇ ਪੇਪਰ ਹੁੰਦੇ ਹਨ, ਇਸ ਵਿਚੋਂ ਸਹਿਜਪ੍ਰੀਤ ਨੇ 80 ਫ਼ੀਸਦੀ ਨੰਬਰ ਹਾਸਲ ਕੀਤੇ, ਜੋ ਕਿ ਪੋਰਟਲ ਉੱਤੇ ਦਿਖਾਈ ਦੇ ਰਹੇ ਸਨ।

ਉਤਸ਼ਾਹਿਤ ਹੋ ਕੇ ਸਹਿਜਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਜਮਾਤ ਵਿੱਚ 40 ਬੱਚੇ ਹਨ ਅਤੇ ਸਾਰੇ ਦੇ ਸਾਰੇ ਭਾਰਤੀ, ਬਹੁਗਿਣਤੀ ਪੰਜਾਬ ਅਤੇ ਹਰਿਆਣਾ ਤੋਂ ਹਨ।

ਉਨ੍ਹਾਂ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਕਲਾਸ ਵਿੱਚ ਅੰਗਰੇਜ਼ੀ ਬੋਲਣ ਦੀ ਲੋੜ ਹੀ ਨਹੀਂ ਪਈ, ਬਲਕਿ ਸਾਰੀਆਂ ਗੱਲਾਂ ਹਿੰਦੀ ਅਤੇ ਪੰਜਾਬੀ ਵਿੱਚ ਹੁੰਦੀਆਂ ਹਨ।

ਉਂਝ ਸਹਿਜਪ੍ਰੀਤ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਆਈਲਟਸ ਸਕੋਰ 10 ‘ਚੋਂ 6 ਸੀ।

ਮੇਰੇ ਸਾਹਮਣੇ ਸਹਿਜਪ੍ਰੀਤ ਸਿੰਘ ਫ਼ੋਨ ਉੱਤੇ ਆਪਣੀ ਕਲਾਸ ਅਟੈਂਡ ਕਰਦੇ ਹਨ, ਮਾਇਕ ਬੰਦ ਕਰ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਹਨ।

ਸਹਿਜਪ੍ਰੀਤ ਸਿੰਘ ਇੱਕ ਕਾਰ ਵਰਕਸ਼ਾਪ ਵਿੱਚ ਫ਼ਿਲਹਾਲ ਕੰਮ ਕਰਦੇ ਹਨ ਅਤੇ ਇੱਥੋਂ ਹੀ ਆਨ ਲਾਈਨ ਪੜ੍ਹਾਈ ਕਰਦੇ ਹਨ।

ਬੀਬੀਸੀ ਦੀ ਟੀਮ ਨੇ ਕਰੀਬ ਦੋ ਘੰਟੇ ਸਹਿਜਪ੍ਰੀਤ ਸਿੰਘ ਨਾਲ ਬਤੀਤ ਕੀਤੇ ਅਤੇ ਇਸ ਦੌਰਾਨ ਆਨ ਲਾਈਨ ਕਲਾਸ ਚੱਲਦੀ ਜਾਂਦੀ ਹੈ, ਟੀਚਰ ਲੈਕਚਰ ਦਿੰਦਾ ਰਹਿੰਦਾ ਹੈ ਅਤੇ ਅੰਤ ਵਿੱਚ ਥੈਕਯੂ.... ਆਖ ਕੇ ਚਲਾ ਜਾਂਦਾ ਹੈ।

ਇਸ ਦੌਰਾਨ ਸਹਿਜਪ੍ਰੀਤ ਸਿੰਘ ਨੂੰ ਕੁਝ ਨਹੀਂ ਪਤਾ ਕਿ ਅਧਿਆਪਕ ਨੇ ਉਨ੍ਹਾਂ ਨੂੰ ਕੀ ਪੜਾਇਆ ਅਤੇ ਨਾ ਹੀ ਉਨ੍ਹਾਂ ਨੇ ਇੱਕ ਵੀ ਸ਼ਬਦ ਸੁਣਨ ਦੀ ਖੇਚਲ ਕੀਤੀ। ਆਨ ਲਾਈਨ ਕਾਲਸ ਦੇ ਆਧਾਰ ਉੱਤੇ ਹੀ ਉਨ੍ਹਾਂ ਹਾਜ਼ਰੀ ਲੱਗ ਜਾਂਦੀ ਹੈ।

ਸਹਿਜਪ੍ਰੀਤ ਸਿੰਘ ਨੇ ਦੱਸਿਆ, "ਪੜ੍ਹਾਈ ਤਾਂ ਸਿਰਫ਼ ਇੱਥੇ ਨਾਮ ਦੀ ਹੀ ਹੈ, ਟੀਚਰ ਨੂੰ ਮਿਲਣ ਦੀ ਗੱਲ ਤਾਂ ਇੱਕ ਪਾਸੇ ਦਾ ਉਨ੍ਹਾਂ ਹੁਣ ਤੱਕ ਕੋਈ ਪ੍ਰੈਕਟੀਕਲ ਵੀ ਨਹੀਂ ਹੋਇਆ।"

ਸਹਿਜਪ੍ਰੀਤ ਸਿੰਘ ਦੀਆਂ ਹਫਤੇ ਵਿੱਚ ਤਿੰਨ ਦਿਨ ਆਨਲਾਈਨ ਕਲਾਸਾਂ ਲੱਗਦੀਆਂ ਹਨ।

ਸਹਿਜਪ੍ਰੀਤ ਸਿੰਘ

ਤਸਵੀਰ ਸਰੋਤ, Trunpal Singh

ਤਸਵੀਰ ਕੈਪਸ਼ਨ, 23 ਸਾਲਾ ਸਹਿਜਪ੍ਰੀਤ ਸਿੰਘ ਦਾ ਸਬੰਧ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਹੈ

ਸਹਿਜਪ੍ਰੀਤ ਨਾਲ ਹੋਏ ਧੋਖੇ ਲਈ ਕੌਣ ਜ਼ਿੰਮੇਵਾਰ

ਸਹਿਜਪ੍ਰੀਤ ਸਿੰਘ ਦੱਸਦੇ ਹਨ, ਕਿ ਉਨ੍ਹਾਂ ਨਾਲ ਏਜੰਟ ਅਤੇ ਕਾਲਜ ਦੋਵਾਂ ਨੇ ਠੱਗੀ ਮਾਰੀ ਹੈ।

ਹੈਰਾਨੀਜਨਕ ਗੱਲ ਇਹ ਕਿ ਇਸ ਦੇ ਬਾਵਜੂਦ ਵੀ ਉਹ ਕਿਸੇ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਨਾ ਚਾਹੁੰਦੇ।

ਇਸ ਬਾਰੇ ਉਹ ਆਖਦੇ ਹਨ, ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਕੈਨੇਡਾ ਆਉਣਾ ਸੀ, ਸੋ ਉਹ ਪੂਰਾ ਹੋ ਗਿਆ,ਕਰਵਾਈ ਕਰਕੇ ਕੁਝ ਵੀ ਨਹੀਂ ਮਿਲਣਾ।

ਕੈਨੇਡਾ ਵਿੱਚ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਫ਼ਿਲਹਾਲ ਉਹ ਅਣਜਾਣ ਹਨ।

ਸਹਿਜਪ੍ਰੀਤ ਸਿੰਘ ਦੱਸਦੇ ਹਨ, ਉਨ੍ਹਾਂ ਦੀ ਕੋਸ਼ਿਸ਼ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣਾ ਦੀ ਹੈ ਜਿੱਥੇ ਉਹ ਪੜ੍ਹਾਈ ਪੂਰੀ ਕਰ ਕੇ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਸਕੇ।

ਪੈਸੇ ਅਤੇ ਇੱਕ ਸਾਲ ਦੀ ਬਰਬਾਦੀ ਬਾਰੇ ਸਹਿਜਪ੍ਰੀਤ ਸਿੰਘ ਆਖਦੇ ਹਨ, "ਕੈਨੇਡਾ ਜਾਣ ਦਾ ਭੂਤ ਇਸ ਕਦਰ ਸਵਾਰ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਇੱਥੇ ਪਹੁੰਚਣਾ ਚਾਹੁੰਦਾ ਸੀ, ਦੋਸਤਾਂ ਅਤੇ ਹੋਰ ਜਾਣਕਾਰਾਂ ਨੇ ਬਹੁਤ ਸਮਝਾਇਆ ਸੀ ਕਿ ਕੈਨੇਡਾ ਨਾ ਆ, ਪਰ ਮੈਂ ਕਿਸੇ ਦੀ ਵੀ ਗੱਲ ਨਹੀਂ ਮੰਨੀ, ਇੱਥੇ ਆ ਕੇ ਦੇਖਿਆ ਤਾਂ ਇੱਥੋਂ ਦੀ ਸੱਚਾਈ ਕੁਝ ਹੋਰ ਨਿਕਲੀ।”

BBC
"ਫ਼ਿਲਹਾਲ ਕੁਝ ਵੀ ਸਮਝ ਨਹੀਂ ਆ ਰਿਹਾ, ਮੌਜੂਦਾ ਸਮੇਂ ਵਿੱਚ ਇਸ ਦੇਸ਼ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ।"
ਸੁਮਨ ਰਾਏ

ਨੇਪਾਲ ਦੇ ਸੁਮਨ ਰਾਏ ਦੀ ਸੰਘਰਸ਼ ਦੀ ਕਹਾਣੀ

ਸੁਮਨ ਰਾਏ ਸਤੰਬਰ 2023 ਵਿੱਚ ਆਪਣੀ ਪਤਨੀ ਦੇ ਨਾਲ ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਆਏ ਸਨ ਅਤੇ ਉਨ੍ਹਾਂ ਦਾ ਸਬੰਧ ਨੇਪਾਲ ਨਾਲ ਹੈ।

ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਨੇਪਾਲ ਦੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।

ਸੁਮਨ ਰਾਏ ਸਾਨੂੰ ਆਪਣੇ ਘਰ ਵੀ ਲੈ ਗਏ ਜਿੱਥੇ ਉਹ ਹੋਰ ਨਿਪਾਲੀ ਮੂਲ ਦੇ ਵਿਦਿਆਰਥੀਆਂ ਨਾਲ ਰਹਿ ਰਹੇ ਸਨ।

ਇਹ ਬੇਸਮੈਂਟ ਦੀ ਥਾਂ ਇੱਕ ਘਰ ਸੀ ਜਿੱਥੇ ਜ਼ਮੀਨ ਉੱਤੇ ਹੀ ਪੰਜ ਗੱਦੇ ਲੱਗੇ ਹੋਏ ਸਨ। ਘਰ ਦੇ ਅੰਦਰ ਅਤੇ ਰਸੋਈ ਵਿੱਚ ਖਿੱਲਰਿਆ ਸਮਾਨ ਇਹਨਾਂ ਦੇ ਰਹਿਣ ਦਾ ਪੱਧਰ ਦਰਸਾਉਣ ਲਈ ਕਾਫ਼ੀ ਸੀ।

ਕੈਨੇਡਾ ਦੀ ਪੜ੍ਹਾਈ ਬਾਰੇ ਗੱਲ ਕਰਦਾ ਹੋਇਆ ਸੁਮਨ ਰਾਏ ਆਖਦੇ ਹਨ, ਕਿ ਉਨ੍ਹਾਂ ਦੀ ਕਲਾਸ ਵਿੱਚ 95 ਫ਼ੀਸਦੀ ਭਾਰਤੀ ਵਿਦਿਆਰਥੀ ਹਨ ਅਤੇ ਇੱਥੋਂ ਦੇ ਪ੍ਰਾਈਵੇਟ ਕਾਲਜਾਂ ਦੀ ਪੜ੍ਹਾਈ ਦਾ ਪੱਧਰ ਇੰਨਾ ਚੰਗਾ ਨਹੀਂ ਹੈ।

ਕੈਨੇਡਾ ਦੇ ਮੌਜੂਦਾ ਹਾਲਤਾਂ ਬਾਰੇ ਟਿੱਪਣੀ ਕਰਦੇ ਹੋਏ ਸੁਮਨ ਰਾਏ ਆਖਦੇ ਹਨ, “ਮੈਂ ਬਹੁਤ ਜਲਦਬਾਜ਼ੀ ਵਿੱਚ ਇੱਥੇ ਆਉਣ ਦਾ ਫ਼ੈਸਲਾ ਲਿਆ।"

ਭਵਿੱਖ ਬਾਰੇ ਸੋਚ ਕੇ ਸੁਮਨ ਰਾਏ ਆਖਦੇ ਹਨ ਕਿ ਇਸ ਬਾਰੇ ਫ਼ਿਲਹਾਲ ਕੁਝ ਵੀ ਸਮਝ ਨਹੀਂ ਆ ਰਿਹਾ, ਮੌਜੂਦਾ ਸਮੇਂ ਵਿੱਚ ਇਸ ਦੇਸ਼ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ।

ਉਨ੍ਹਾਂ ਆਖਿਆ ਕਿ ਨੌਕਰੀ, ਘਰ ਅਤੇ ਵਧਦੀ ਮਹਿੰਗਾਈ ਇਸ ਸਮੇਂ ਕੈਨੇਡਾ ਵਿੱਚ ਰਹਿਣ ਦੀ ਸਭ ਤੋਂ ਵੱਡੀ ਦਿੱਕਤ ਹੈ।

ਨੇਪਾਲ ਦੇ ਕਾਠਮੰਡੂ ਦੇ ਰਹਿਣ ਵਾਲੇ ਸੁਮਨ ਰਾਏ ਆਖਦੇ ਹਨ, "ਉੱਥੇ ਵੀ ਏਜੰਟਾਂ ਦੀ ਵੱਡੀ ਭਰਮਾਰ ਹੈ, ਇਸ ਕਰ ਕੇ ਨੇਪਾਲ ਦੇ ਵਿਦਿਆਰਥੀ ਕੈਨੇਡਾ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਹਨ।"

ਉਹ ਆਖਦੇ ਹਨ ਕਿ ਕੈਨੇਡਾ ਆਉਣ ਤੋਂ ਪਹਿਲਾਂ ਇੱਥੋਂ ਦੇ ਹਾਲਤਾਂ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ, ਏਜੰਟ ਜੋ ਆਖਦੇ ਹਨ ਉਸ ਉੱਤੇ ਅੱਖਾਂ ਬੰਦ ਕਰ ਕੇ ਯਕੀਨ ਨਾ ਕਰੋ, ਕਿਉਂਕਿ ਉਨ੍ਹਾਂ ਦਾ ਕੰਮ ਪੈਸੇ ਬਣਾਉਣਾ ਹੈ।

ਦੀਪ ਹਾਜ਼ਰਾ

ਤਸਵੀਰ ਸਰੋਤ, Trunpal Singh

ਤਸਵੀਰ ਕੈਪਸ਼ਨ, ਦੀਪ ਹਾਜ਼ਰਾ

ਪਹਿਲਾਂ ਦੇ ਮੌਜੂਦਾ ਹਾਲਤਾਂ ਵਿੱਚ ਕਿੰਨਾ ਫ਼ਰਕ

ਬ੍ਰੈਂਪਟਨ ਵਿੱਚ ਆਪਣਾ ਕਾਰੋਬਾਰ ਕਰ ਰਹੇ ਦੀਪ ਹਾਜ਼ਰਾ ਕਰੀਬ 12 ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਉੱਤੇ ਕੈਨੇਡਾ ਆਇਆ ਸੀ।

ਦੀਪ ਮੁਤਾਬਕ ਪਹਿਲਾਂ ਅਤੇ ਮੌਜੂਦਾ ਹਾਲਤਾਂ ਵਿੱਚ ਹੁਣ ਬਹੁਤ ਫ਼ਰਕ ਹੈ। ਪਹਿਲਾਂ ਜ਼ਿਆਦਾਤਰ ਵਿਦਿਆਰਥੀ ਗਰੈਜੂਏਟ ਹੋ ਕੇ ਕੈਨੇਡਾ ਆਉਂਦੇ ਸਨ ਅਤੇ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਸਨ।

ਆਪਣੀ ਉਦਾਹਰਨ ਦਿੰਦਿਆਂ ਦੀਪ ਹਾਜ਼ਰਾ ਨੇ ਦੱਸਿਆ ਕਿ ਉਸ ਦੇ ਕਾਲਜ ਦਾ ਕੈਂਪਸ ਬਹੁਤ ਵੱਡਾ ਸੀ ਅਤੇ ਬਕਾਇਦਾ ਅਧਿਆਪਕ ਆਉਂਦੇ ਸਨ ਪਰ ਹੁਣ ਤਾਂ ਆਨ ਲਾਈਨ ਕਲਾਸਾਂ ਨਾਲ ਹੀ ਕੰਮ ਚੱਲ ਪਿਆ ਹੈ।

ਦੀਪ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਜਦੋਂ ਦਾ ਬਾਹਰਵੀਂ ਜਮਾਤ ਤੋਂ ਬਾਅਦ ਡਿਪਲੋਮਾ ਕੋਰਸਾਂ ਲਈ ਕੈਨੇਡਾ ਨੇ ਪ੍ਰੋਗਰਾਮ ਨੇ ਸ਼ੁਰੂ ਕੀਤਾ ਤਾਂ ਇੱਥੇ ਕੌਮਾਂਤਰੀ ਵਿਦਿਆਰਥੀਆਂ ਦਾ ਇਕਦਮ ਰਸ਼ ਵੱਧ ਗਿਆ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦਾ ਪੈਰ-ਪੈਰ ਉੱਤੇ ਬਹੁਤ ਸ਼ੋਸ਼ਣ ਹੁੰਦਾ ਹੈ।

BBC
"ਪਹਿਲਾਂ ਅਤੇ ਮੌਜੂਦਾ ਹਾਲਤਾਂ ਵਿੱਚ ਹੁਣ ਬਹੁਤ ਫ਼ਰਕ ਹੈ। ਪਹਿਲਾਂ ਜ਼ਿਆਦਾਤਰ ਵਿਦਿਆਰਥੀ ਗਰੈਜੂਏਟ ਹੋ ਕੇ ਕੈਨੇਡਾ ਆਉਂਦੇ ਸਨ ਅਤੇ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਸਨ।"
ਦੀਪ ਹਾਜ਼ਰਾ

ਪਹਿਲਾਂ ਸ਼ੋਸ਼ਣ ਭਾਰਤ ਵਿੱਚ ਕੁਝ ਏਜੰਟ ਕਰਦੇ ਹਨ ਅਤੇ ਫਿਰ ਇੱਥੇ ਆ ਕੇ ਕੁਝ ਨਿੱਜੀ ਕਾਲਜ ਅਤੇ ਉਸ ਤੋਂ ਬਾਅਦ ਕਈ ਵਾਰ ਹੋਟਲ ਜਾਂ ਫ਼ੈਕਟਰੀ ਮਾਲਕ, ਜਿੱਥੇ ਉਹ ਕੰਮ ਕਰਦੇ ਹਨ।

ਉਨ੍ਹਾਂ ਆਖਿਆ ਕਿ ਪਿਛਲੇ ਸਾਲ ਬਹੁਤ ਸਾਰੇ ਭਾਰਤੀ ਸਟੂਡੈਂਟ ਜੋ ਵੀਜ਼ੇ ਉੱਤੇ ਕੈਨੇਡਾ ਆਏ ਸਨ, ਉਨ੍ਹਾਂ ਨਾਲ ਪੰਜਾਬ ਦੇ ਇੱਕ ਏਜੰਟ ਨੇ ਕੈਨੇਡਾ ਦੇ ਕਾਲਜਾਂ ਦੇ ਜਾਅਲੀ ਆਫਰ ਲੈਟਰਾਂ ਦੇ ਨਾਮ ਉੱਤੇ ਠੱਗੀ ਮਾਰੀ ਸੀ।

ਸੈਂਕੜੇ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ 'ਤੇ ਦਾਖ਼ਲਾ ਲੈਣ ਕਾਰਨ ਕੈਨੇਡੀਅਨ ਬਾਰਡਰ ਏਜੰਸੀ ਨੇ ਜਦੋਂ ਵਿਦਿਆਰਥੀਆਂ ਨੂੰ ਡੀਪੋਰਟ ਕਰਨ ਦੀ ਤਿਆਰੀ ਖਿੱਚ ਲਈ ਤਾਂ ਟੋਰਾਂਟੋ ਵਿਖੇ ਵਿਦਿਆਰਥੀਆਂ ਨੇ ਕਈ ਦਿਨ ਤੱਕ ਰੋਸ ਪ੍ਰਦਰਸ਼ਨ ਕੀਤਾ।

ਬਾਅਦ ਵਿੱਚ ਕੈਨੇਡਾ ਦੀ ਪੁਲਿਸ ਨੇ ਇੱਕ ਕਥਿਤ ਟਰੈਵਲ ਏਜੰਟ ਵਰਜੇਸ਼ ਮਿਸ਼ਰਾ ਨੂੰ ਉੱਥੋਂ ਗ੍ਰਿਫ਼ਤਾਰ ਕੀਤਾ ਸੀ, ਉਸ ਉੱਤੇ ਇਲਜ਼ਾਮ ਸੀ ਕਿ ਸੀ ਉਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ਾਂ 'ਮੁਹੱਈਆ ਕਰਵਾਏ ਸਨ, ਜਿਸ ਤੋਂ ਬਾਅਦ ਉਹ ਕੈਨੇਡਾ ਸਟੂਡੈਂਟ ਵੀਜ਼ੇ ਉੱਤੇ ਪਹੁੰਚੇ।

ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਸੰਸਦ ਵਿੱਚ ਇਸ ਮੁੱਦੇ ਉੱਤੇ ਬੋਲਦਿਆਂ ਆਖਿਆ ਸੀ ਕਿ “ਸਾਡਾ ਮਕਸਦ ਧੋਖਾਧੜੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਜਾ ਦੇਣਾ ਨਹੀਂ, ਬਲਕਿ ਅਪਰਾਧੀਆਂ ਦੀ ਪਛਾਣ ਕਰਨਾ ਹੈ।”

ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਸ਼ੋਸ਼ਣ

ਇਸ ਸਾਲ ਜਨਵਰੀ ਮਹੀਨੇ ਵਿੱਚ ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਦੇ ਬ੍ਰੈਂਪਟਨ ਕੈਂਪਸ ਵਿੱਚ ਵਿਦਿਆਰਥੀਆਂ ਦਾ ਰੌਲਾ ਪਿਆ ਸੀ।

ਲਗਭਗ 130 ਕੌਮਾਂਤਰੀ ਵਿਦਿਆਰਥੀ ਜਿੰਨਾ ਵਿੱਚ ਜ਼ਿਆਦਾਤਰ ਪੰਜਾਬੀ ਅਤੇ ਗੁਜਰਾਤੀ ਸਨ ਨੂੰ, ਇੱਕ ਵਿਸ਼ੇ ਵਿੱਚ ਫ਼ੇਲ੍ਹ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਹੱਡ-ਚੀਰਵੀਂ ਠੰਢ ਵਿੱਚ ਵਿੱਚ ਯੂਨੀਵਰਸਿਟੀ ਦੇ ਬਾਹਰ ਕਈ ਦਿਨ-ਰਾਤ ਧਰਨਾ ਦਿੱਤਾ।

ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਇੱਕ ਅਧਿਆਪਕ ਨੇ ਜਾਣ-ਬੁੱਝ ਕੇ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫ਼ੇਲ੍ਹ ਕੀਤਾ।

ਇਹਨਾਂ ਪ੍ਰਦਰਸ਼ਨਕਾਰੀਆਂ ਵਿੱਚ ਇੱਕ ਸਿਮਰਨਜੀਤ ਕੌਰ ਵੀ ਸ਼ਾਮਲ ਸੀ। ਬੀਬੀਸੀ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਮਈ 2022 ਵਿੱਚ ਹਿਊਮਨ ਰਿਸੋਰਸ ਅਤੇ ਬਿਜ਼ਨਸ ਮੈਨੇਜਮੈਂਟ ਦੀ ਦੋ ਸਾਲ ਦੀ ਪੜ੍ਹਾਈ ਲਈ ਕੈਨੇਡਾ ਆਈ ਸੀ।

ਉਸ ਦੇ ਭਾਰਤੀ ਏਜੰਟ ਨੇ ਅਲਗੋਮਾ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਦੀ ਸਲਾਹ ਦਿੱਤੀ ਅਤੇ ਇਹ ਇੱਕ ਪ੍ਰਾਈਵੇਟ ਅਦਾਰਾ ਹੈ।

ਸਿਮਰਨਜੀਤ ਕੌਰ ਆਖਦੇ ਹਨ, "ਯੂਨੀਵਰਸਿਟੀ ਵਿੱਚ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਭਾਰਤੀ ਮੂਲ ਦੇ ਹਨ। ਕੈਨੇਡਾ ਦੇ ਸਥਾਨਕ ਵਿਦਿਆਰਥੀ ਯੂਨੀਵਰਸਿਟੀ ਵਿੱਚ ਨਾ ਮਾਤਰ ਦੇ ਹੀ ਹਨ।"

BBC
"ਯੂਨੀਵਰਸਿਟੀਆਂ ਅਤੇ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਸ਼ ਕਾਓ ਵਾਂਗ ਇਸਤੇਮਾਲ ਕਰਦੀਆਂ ਹਨ। ਕਾਲਜਾਂ ਦੀਆਂ ਮਨਮਰਜ਼ੀਆਂ ਦੇ ਕਾਰਨ ਵਿਦਿਆਰਥੀਆਂ ਨੂੰ ਸੰਗਠਿਤ ਹੋਣਾ ਪੈ ਰਿਹਾ ਹੈ।"
ਸਿਮਰਨਜੀਤ ਕੌਰ

ਮੂਲ ਰੂਪ ਵਿੱਚ ਉੱਤਰਾਖੰਡ ਦੇ ਹਰਿਦੁਆਰ ਨਾਲ ਸਬੰਧਿਤ ਸਿਮਰਨਜੀਤ ਕੌਰ ਆਖਦੇ ਹਨ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਵੀ ਮਿਲੀ ਹੋਈ ਹੈ ਪਰ ਜਦੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਉਸ ਨੂੰ ਇੱਕ ਵਿਸ਼ੇ ਵਿੱਚ ਫ਼ੇਲ੍ਹ ਕਰ ਦਿੱਤਾ ਗਿਆ ਤਾਂ ਉਹ ਪ੍ਰੇਸ਼ਾਨ ਹੋ ਗਏ ਸਨ।

ਉਨ੍ਹਾਂ ਆਖਿਆ, "ਸਬੰਧਿਤ ਵਿਸ਼ੇ ਦੇ ਪ੍ਰੋਫੈਸਰ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ, ਇਸ ਤੋਂ ਬਾਅਦ ਯੂਨੀਵਰਸਿਟੀ ਦੇ ਡੀਨ ਨਾਲ ਰਾਬਤਾ ਕਾਇਮ ਕੀਤਾ ਗਿਆ ਉਸ ਦਾ ਵੀ ਕੋਈ ਜਵਾਬ ਨਹੀਂ ਆਇਆ, ਮਜਬੂਰਨ ਸਾਡੇ ਕੋਲ ਪ੍ਰਦਰਸ਼ਨ ਤੋਂ ਇਲਾਵਾ ਕੋਈ ਬਦਲ ਬਾਕੀ ਰਹਿ ਨਹੀਂ ਸੀ ਗਿਆ।"

"ਰੋਸ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਦਿਆਂ, ਇਹਨਾਂ ਵਿਚੋਂ ਕੁਝ ਨੂੰ ਪਾਸ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ।"

ਸਿਮਰਨਜੀਤ ਕੌਰ ਮੁਤਾਬਕ ਯੂਨੀਵਰਸਿਟੀਆਂ ਅਤੇ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਸ਼ ਕਾਓ (Cash Cow) ਵਾਂਗ ਇਸਤੇਮਾਲ ਕਰਦੀਆਂ ਹਨ। ਕਾਲਜਾਂ ਦੀਆਂ ਮਨਮਰਜ਼ੀਆਂ ਦੇ ਕਾਰਨ ਵਿਦਿਆਰਥੀਆਂ ਨੂੰ ਸੰਗਠਿਤ ਹੋਣਾ ਪੈ ਰਿਹਾ ਹੈ।

ਵਿਦਿਆਰਥੀ

ਤਸਵੀਰ ਸਰੋਤ, Trunpal Singh

ਕੈਨੇਡਾ ਵਿੱਚ ਵਿਦਿਆਰਥੀਆਂ ਜਥੇਬੰਦੀ ਦੀ ਹੋਂਦ

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਖ਼ਾਸ ਤੌਰ ਉੱਤੇ ਭਾਰਤੀਆਂ ਨਾਲ ਹੋ ਰਹੇ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਲਈ ਪਿਛਲੇ ਸਮੇਂ ਦੌਰਾਨ ਕਈ ਵਿਦਿਆਰਥੀ ਜਥੇਬੰਦੀ ਗਠਿਤ ਹੋਈਆਂ ਹਨ।

ਇਹਨਾਂ ਵਿਚੋਂ ਇਕ “ਨੌਜਵਾਨ ਸਪੋਰਟ ਨੈੱਟਵਰਕ“ ਕਰੀਬ ਦੋ ਸਾਲ ਪਹਿਲਾਂ ਹੋਂਦ ਵਿੱਚ ਆਈ ਹੈ। ਭਾਰਤੀ ਖ਼ਾਸ ਤੌਰ ਉਤੇ ਕੌਮਾਂਤਰੀ ਵਿਦਿਆਰਥੀਆਂ ਲਈ ਇਹ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਕੰਮ ਕਰ ਹੀ ਹੈ।

“ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਦੇ ਸ਼ੋਸ਼ਣ ਨੂੰ ਰੋਕਣ” ਦੇ ਉਦੇਸ਼ ਨਾਲ ਕੰਮ ਕਰ ਰਹੀ ਇਸ ਜਥੇਬੰਦੀ ਨਾਲ ਸ਼ੁਰੂ ਤੋਂ ਹੀ ਬਿਕਰਮਜੀਤ ਸਿੰਘ ਵੀ ਜੁੜੇ ਹੋਏ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਸੋਸ਼ਲ ਮੀਡੀਆ ਰਾਹੀਂ ਕੰਮ ਕਰਦੀ ਹੈ ਅਤੇ ਕੈਨੇਡਾ ਵਿੱਚ ਰਜਿਸਟਰਡ ਨਹੀਂ ਹੈ।

ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਹੋਟਲ, ਬੇਕਰੀ ਮਾਲਕ ਅਤੇ ਟਰੱਕਿੰਗ ਕੰਪਨੀਆਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਕੀਤੇ ਗਏ ਸ਼ੋਸ਼ਣ ਦੀਆਂ ਸ਼ਿਕਾਇਤਾਂ ਆਈਆਂ, ਜਿਸ ਵਿੱਚ ਜਿਆਦਾਤਰ ਨੂੰ ਹੱਲ ਕਰਵਾਉਣ ਵਿੱਚ ਕਾਮਯਾਬੀ ਮਿਲੀ।

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਬਿਕਰਮਜੀਤ ਸਿੰਘ ਦੱਸਦੇ ਹਨ ਕਿ ਜਥੇਬੰਦੀ ਨੂੰ ਜਦੋਂ ਕਿਸੇ ਕੌਮਾਂਤਰੀ ਵਿਦਿਆਰਥੀ ਦੇ ਸ਼ੋਸ਼ਣ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਤਹਿਕੀਕਾਤ ਕੀਤੀ ਜਾਂਦੀ ਹੈ ਅਤੇ ਸਬੂਤ ਮਿਲਣ ਤੋਂ ਬਾਅਦ ਸਬੰਧਿਤ ਵਿਅਕਤੀ ਨੂੰ ਨੋਟਿਸ ਭੇਜ ਆਪਣਾ ਪੱਖ ਰੱਖਣ ਲਈ 15 ਦਿਨ ਦਾ ਟਾਈਮ ਦਿੱਤਾ ਜਾਂਦਾ ਹੈ।

ਬਿਕਰਮਜੀਤ ਸਿੰਘ ਮੁਤਾਬਕ ਜੇਕਰ ਉਹ ਨਹੀਂ ਮੰਨਦਾ ਤਾਂ ਉਸ ਦੇ ਘਰ ਜਾਂ ਕੰਮ ਵਾਲੀ ਥਾਂ ਉੱਤੇ ਪਬਲਿਕ ਥਾਂ ਉੱਤੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਬੀਬੀਸੀ

ਜਥੇਬੰਦੀ ਦੇ ਟਵਿੱਟਰ ਹੈਂਡਲ ਨੂੰ ਦੇਖਿਆ ਜਾਵੇ ਤਾਂ ਅਜਿਹੇ ਪ੍ਰਦਰਸ਼ਨਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਇਕੱਠੇ ਕਰਦੇ ਹਾਂ ਅਤੇ ਉਨ੍ਹਾਂ ਨੂੰ ਹੱਕਾਂ ਬਾਰੇ ਜਾਣਕਾਰੀ ਦਿੰਦੇ ਹਾਂ।

ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਕੀਤੇ ਗਏ ਪ੍ਰਦਰਸ਼ਨ ਅਤੇ ਅਲਗੋਮਾ ਯੂਨੀਵਰਸਿਟੀ ਮੈਨੇਜਮੈਂਟ ਖ਼ਿਲਾਫ਼ ਹੋਏ ਪ੍ਰਦਰਸ਼ਨ ਵਿੱਚ ਇਹ ਜਥੇਬੰਦੀ ਕਾਫ਼ੀ ਸਰਗਰਮ ਰਹੀ ਹੈ।

ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਮਾਨਸਿਕ ਸ਼ੋਸ਼ਣ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਨਾਲ ਵੀ ਕੈਨੇਡਾ ਵਿੱਚ ਇਸ ਸਮੇਂ ਜੂਝਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਜਥੇਬੰਦੀ ਕੋਲ ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।

ਕੌਮਾਂਤਰੀ ਵਿਦਿਆਰਥੀ ਆਪਣੇ ਨਾਲ ਹੋ ਰਹੀ ਵਧੀਕੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਤਾਂ ਬਿਕਰਮਜੀਤ ਸਿੰਘ ਆਖਦੇ ਹਨ, "ਇਹ ਤਰੀਕਾ ਬਹੁਤ ਲੰਮਾ ਹੈ ਅਤੇ ਕੈਨੇਡਾ ਵਰਗੇ ਮੁਲਕ ਵਿੱਚ ਕਿਸੇ ਕੋਲ ਕੋਈ ਟਾਈਮ ਨਹੀਂ ਹੈ।"

ਹਾਲ ਹੀ ਦੇ ਸਾਲਾਂ ਵਿੱਚ ਕਈ ਵਿਦਿਆਰਥੀਆਂ ਨਾਲ ਹੋਈਆਂ ਧੋਖਾਧੜੀ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਸਮੇਂ ਸਮੇਂ 'ਤੇ ਜਾਗਰੂਕਤਾ ਮੁਹਿੰਮ ਚਲਾਉਂਦੀਆਂ ਰਹੀਆਂ ਹਨ।

2022 ਵਿੱਚ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਸੀ ਕਿ ਫੀਸਾਂ ਭਰਨ ਤੋਂ ਪਹਿਲਾਂ ਵਿਦਿਅਕ ਅਦਾਰਿਆਂ ਦੀ ਠੀਕ ਤਰੀਕੇ ਨਾਲ ਜਾਂਚ ਕਰ ਲਈ ਜਾਵੇ।

ਕੈਨੇਡਾ ਦੇ ਵਿੱਦਿਅਕ ਅਦਾਰਿਆਂ ਦੀ ਹੇਰਾਫੇਰੀ

ਪਿਛਲੇ ਸਾਲ ਅਕਤੂਬਰ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਮੰਨਿਆ ਸੀ ਕਿ ਕੌਮਾਂਤਰੀ ਵਿਦਿਆਰਥੀ ਇੱਥੇ ਧੋਖਾਧੜੀ ਦੇ ਸ਼ਿਕਾਰ ਹੋਏ ਹਨ।

ਇਸ ਤੋਂ ਬਾਅਦ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਅਜਿਹੀ ਧੋਖਾਧੜੀ ਤੋਂ ਬਚਾਉਣ ਲਈ ਕਾਲਜ/ਯੂਨੀਵਰਸਿਟੀਆਂ ਤੋਂ ਮਿਲਣ ਵਾਲੇ ਅਕਸੈਪਟੈਂਸ ਪੱਤਰ ਨੂੰ ਆਈਆਰਸੀਸੀ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਨੇ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਨੂੰ ਇੱਕ ਨਿਸ਼ਚਿਤ ਫਰੇਮ ਵਰਕ ਬਣਾਉਣ ਦਾ ਹੁਕਮ ਵੀ ਦਿੱਤਾ ਹੈ।

ਕੈਨੇਡਾ ਦੀ ਸਰਕਾਰ ਨੇ ਵੀ ਮੰਨਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕਈ ਵਿੱਦਿਅਕ ਸੰਸਥਾਵਾਂ ਨੇ ਕਮਾਈ ਕਰਨ ਦੇ ਨੀਯਤ ਨਾਲ ਜ਼ਰੂਰਤ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ।

ਸਰਕਾਰ ਦਾ ਕਹਿਣਾ ਹੈ ਕਿ ਕੁਝ ਵਿੱਦਿਅਕ ਸੰਸਥਾਵਾਂ ਨੇ ਫ਼ੀਸਾਂ ਇਕੱਠੀਆਂ ਕਰਨ ਦੇ ਚੱਕਰ ਵਿੱਚ ਪਿਛਲੇ ਸਮੇਂ ਦੌਰਾਨ ਆਪਣੇ ਇਨਟੇਕ ਵਿੱਚ ਵਾਧਾ ਕੀਤਾ।

ਨਤੀਜੇ ਵਜੋਂ ਬਹੁਤ ਸਾਰੇ ਵਿਦਿਆਰਥੀ ਸਫ਼ਲ ਹੋਣ ਲਈ ਲੋੜੀਂਦੀ ਸਹਾਇਤਾ ਤੋਂ ਬਿਨਾਂ ਹੀ ਇੱਥੇ ਪਹੁੰਚ ਰਹੇ ਹਨ।

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਦੇਸ ਦੇ ਬੁਨਿਆਦੀ ਢਾਂਚੇ ਉੱਪਰ ਪੈ ਰਹੇ ਬੋਝ ਦੇ ਮੱਦੇਨਜ਼ਰ ਇਸ ਸਾਲ ਜਨਵਰੀ ਮਹੀਨੇ ਤੋਂ ਦੋ ਸਾਲ ਦੇ ਲਈ ਵਿਦੇਸ਼ੀ ਵਿਦਿਆਰਥੀਆਂ ਦੀ ਸੰਖਿਆ ਵਿੱਚ 35 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਵਸੋਂ ਨੂੰ ਘਟਾਉਣ ਅਤੇ ਸਥਿਰ ਰੱਖਣ ਦੇ ਮੰਤਵ ਨਾਲ ਸਾਲ 2024 ਲਈ ਲਗਭਗ 3,60,000 ਸਟੂਡੈਂਟ ਪਰਮਿਟ ਦੇਣ ਦਾ ਟੀਚਾ ਰੱਖਿਆ ਹੈ।

ਬੀਬੀਸੀ

ਇਸ ਤੋਂ ਇਲਾਵਾ ਸਰਕਾਰ ਨੇ ਇੱਕ ਹੋਰ ਵੱਡਾ ਬਦਲਾਅ ਕੀਤਾ ਹੈ। ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਚੱਲਣ ਵਾਲੇ ਕਾਲਜਾਂ ਤੋਂ ਗ੍ਰੇਜੁਏਟ ਹੋਣ ਵਾਲੇ ਵਿਦਿਆਰਥੀਆਂ ਲਈ ਸਤੰਬਰ ਤੋਂ ਵਰਕ ਪਰਮਿਟ ਨਹੀਂ ਦਿੱਤੇ ਜਾਣਗੇ।

ਜਿਸ ਕਾਲਜ ਦੀ ਗੱਲ ਸਹਿਜਪ੍ਰੀਤ ਸਿੰਘ ਕਰ ਰਿਹਾ ਹੈ ਉਹ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਹੀ ਆਉਂਦਾ ਹੈ।

ਯਾਦ ਰਹੇ ਕਿ ਕੈਨੇਡਾ ਵਿੱਚ ਸਿੱਖਿਆ ਸੂਬਾ ਸਰਕਾਰ ਦੇ ਅਧੀਨ ਆਉਂਦੀ ਹੈ, ਫੈਡਰਲ ਸਰਕਾਰ ਦੇ ਅਧੀਨ ਨਹੀਂ।

ਇਸ ਤੋਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਨਵੇਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰਨਾਂ ਇੰਸਟੀਚਿਊਟਾਂ ਵਿੱਚ ਦੋ ਸਾਲ ਲਈ ਨਵੇਂ ਦਾਖ਼ਲਿਆਂ ਉੱਤੇ ਪਾਬੰਦੀਆਂ ਲੱਗਾ ਦਿੱਤੀ ਹੈ।

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਹ ਕਦਮ ਸਿੱਖਿਆ ਦੇ ਖੇਤਰ ਵਿੱਚ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਦੇ ਮੱਦੇਨਜ਼ਰ ਚੁੱਕਿਆ ਹੈ।

ਸੂਬੇ ਦੀ ਪੋਸਟ-ਸੈਕੰਡਰੀ ਸਿੱਖਿਆ ਮੰਤਰੀ ਸੇਲੀਨਾ ਰੌਬਿਨਸਨ ਨੇ ਮੰਨਿਆ ਸੀ ਕਿ ਉਨ੍ਹਾਂ ਦੇ ਵਿਭਾਗ ਨੇ ਸੂਬੇ ਨੇ ਪਿਛਲੇ ਮਾਰਚ ਵਿੱਚ ਸਿਸਟਮ ਦੀ ਘੋਖ ਕਰਨੀ ਸ਼ੁਰੂ ਕੀਤੀ ਸੀ ਅਤੇ "ਮਾੜੀ-ਗੁਣਵੱਤਾ ਵਾਲੀ ਸਿੱਖਿਆ, ਅਧਿਆਪਕਾਂ ਦੀ ਘਾਟ" ਅਤੇ ਇੱਥੋਂ ਤੱਕ ਕਿ ਕੁਝ ਨਿੱਜੀ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਸ਼ਿਕਾਇਤਾਂ ਦਰਜ ਕਰਨ ਤੋਂ "ਡਰਾਉਣ" ਦੀਆਂ ਗੱਲਾਂ ਸਾਹਮਣੇ ਆ ਆਈਆਂ।

ਸੀਬੀਸੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ 150 ਤੋਂ ਵੱਧ ਦੇਸ਼ਾਂ ਦੇ 1,75,000 ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਵਿੱਚੋਂ, ਲਗਭਗ 54 ਫੀਸਦ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖ਼ਲ ਹਨ।

ਸੂਬੇ ਵਿੱਚ ਇਨ੍ਹਾਂ ਵਿੱਚੋਂ 280 ਪ੍ਰਾਈਵੇਟ ਸਕੂਲ ਹਨ ਅਤੇ ਇਨ੍ਹਾਂ ਵਿੱਚੋਂ 80 ਫ਼ੀਸਦੀ ਲੋਅਰ ਮੇਨਲੈਂਡ ਯਾਨਿ ਘੱਟ ਆਬਾਦੀ ਵਿੱਚ ਹਨ।

BBC
"ਕਈ ਕਾਲਜ ਤਾਂ ਸ਼ੌਪਿੰਗ ਮਾਲ ਵਿੱਚ ਚੱਲ ਰਹੇ ਹਨ। ਕਈ ਕਾਲਜਾਂ ਸਿਰਫ਼ ਇੱਕ ਕਮਰੇ ਤੋਂ ਚੱਲ ਰਹੇ ਹਨ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵੀ ਵੀਜ਼ੇ ਮਿਲੇ ਹਨ।"
ਹਰਮਿੰਦਰ ਸਿੰਘ ਢਿੱਲੋਂ
ਵਕੀਲ, ਬ੍ਰੈਂਪਟਨ

ਜਾਣਕਾਰਾਂ ਦੀ ਰਾਏ

ਬ੍ਰੈਂਪਟਨ ਵਿੱਚ ਲੰਮੇ ਸਮੇਂ ਤੋਂ ਵਕਾਲਤ ਕਰ ਰਹੇ ਹਰਮਿੰਦਰ ਢਿੱਲੋਂ ਆਖਦੇ ਹਨ ਕਿ ਪਿਛਲੇ ਸਮੇਂ ਦੌਰਾਨ ਇੱਥੇ ਅਜਿਹੇ ਕਾਲਜ ਚੱਲ ਰਹੇ ਸਨ, ਜਿੰਨਾ ਦੀ ਡਿਗਰੀਆਂ ਦਾ ਕੋਈ ਮੁੱਲ ਨਹੀਂ ਹੈ, ਅਤੇ ਇਹਨਾਂ ਦੇ ਆਧਾਰ 'ਤੇ ਕੋਈ ਨੌਕਰੀ ਵੀ ਨਹੀਂ ਮਿਲ ਸਕਦੀ।

ਹਰਮਿੰਦਰ ਢਿੱਲੋਂ ਮੁਤਾਬਕ, "ਕਈ ਕਾਲਜ ਤਾਂ ਸ਼ੌਪਿੰਗ ਮਾਲ ਵਿੱਚ ਚੱਲ ਰਹੇ ਹਨ। ਕਈ ਕਾਲਜਾਂ ਸਿਰਫ਼ ਇੱਕ ਕਮਰੇ ਤੋਂ ਚੱਲ ਰਹੇ ਹਨ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵੀ ਵੀਜ਼ੇ ਮਿਲੇ ਹਨ।"

ਹਰਮਿੰਦਰ ਸਿੰਘ ਢਿੱਲੋਂ ਮੁਤਾਬਕ ਏਜੰਟਾਂ ਅਤੇ ਕਾਲਜਾਂ ਦੇ ਧੋਖੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ ਅਤੇ ਇਸ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ।

ਉਨ੍ਹਾਂ ਆਖਿਆ ਕੈਨੇਡਾ ਸਟੂਡੈਂਟ ਵੀਜ਼ੇ ਉੱਤੇ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਇੱਥੋਂ ਦੀ ਨਾਗਰਿਕਤਾ ਦੀ ਕੋਈ ਗਾਰੰਟੀ ਨਹੀਂ ਦਿੰਦਾ।

ਸਰਕਾਰੀ ਨਿਯਮ ਦੇ ਮੁਤਾਬਕ ਜੇਕਰ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਪੀਆਰ ਲਈ ਅਪਲਾਈ ਕਰ ਸਕਦੇ ਹੋ।

ਉਨ੍ਹਾਂ ਆਖਿਆ, "ਕੈਨੇਡਾ ਨੂੰ ਸਕਿੱਲਡ ਵਰਕਰ ਦੀ ਲੋੜ ਹੈ ਪਰ ਕੌਮਾਂਤਰੀ ਵਿਦਿਆਰਥੀ ਇੰਨੀ ਜ਼ਿਆਦਾ ਗਿਣਤੀ ਵਿੱਚ ਆਉਣ ਦੇ ਬਾਵਜੂਦ ਸਕਿੱਲਡ ਵਰਕਰ ਦੀ ਘਾਟ ਪੂਰੀ ਨਹੀਂ ਹੋ ਰਹੀ, ਕਾਰਨ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਹੋਰ ਕੰਮ ਕਰਨ ਲੱਗ ਜਾਂਦੇ ਹਨ।"

ਜਸਵੀਰ ਸ਼ਮੀਲ
ਤਸਵੀਰ ਕੈਪਸ਼ਨ, ਟੋਰਾਂਟੋ ਵਿੱਚ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੇ ਜਸਵੀਰ ਸ਼ਮੀਲ

ਦੂਜੇ ਪਾਸੇ ਟੋਰਾਂਟੋ ਵਿੱਚ ਪੱਤਰਕਾਰ ਵਜੋਂ ਵਿਚਰ ਰਹੇ ਜਸਵੀਰ ਸਿੰਘ ਸ਼ਮੀਲ ਆਖਦੇ ਹਨ ਕੌਮਾਂਤਰੀ ਵਿਦਿਆਰਥੀਆਂ ਦਾ ਸ਼ੋਸ਼ਣ ਇੱਥੇ ਕਿਉਂ ਹੁੰਦਾ ਹੈ,ਉਸ ਦਾ ਸਭ ਤੋ ਵੱਡਾ ਕਾਰਨ ਉਨ੍ਹਾਂ ਨੂੰ ਕੈਨੇਡਾ ਦੇ ਕਾਨੂੰਨ ਦੀ ਜਾਣਕਾਰੀ ਨਾ ਹੋਣਾ ਹੈ।

ਸ਼ਮੀਲ ਮੁਤਾਬਕ, "ਇਸ ਤੋਂ ਇਲਾਵਾ ਕੌਮਾਂਤਰੀ ਵਿਦਿਆਰਥੀ ਸ਼ਿਕਾਇਤ ਕਰਨ ਤੋਂ ਇਸ ਕਰਕੇ ਵੀ ਡਰਦੇ ਹਨ ਕਿਉਂਕਿ ਉਨ੍ਹਾਂ ਲੱਗਦਾ ਕਿ ਉਨ੍ਹਾਂ ਨੂੰ ਵਾਪਸ ਭਾਰਤ ਨੇ ਭੇਜ ਦਿੱਤਾ ਜਾਵੇ।"

ਸ਼ਮੀਲ ਆਖਦੇ ਹਨ ਭਾਰਤ ਬੈਠੇ ਮਾਪਿਆਂ ਨੂੰ ਨਹੀਂ ਪਤਾ ਉਨ੍ਹਾਂ ਦੇ ਧੀਆਂ-ਪੁੱਤ ਇੱਥੇ ਕਿੰਨੇ ਮੁਸ਼ਕਿਲ ਵਕਤ ਵਿੱਚ ਕੱਡ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਇੱਥੋਂ ਦੀ ਸੱਚਾਈ ਪਤਾ ਲੱਗ ਜਾਵੇ ਤਾਂ ਉਹ ਕਦੇ ਵੀ ਉਨ੍ਹਾਂ ਨੂੰ ਇੱਥੇ ਨਹੀਂ ਭੇਜਣਗੇ।

ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦਾ ਸ਼ੋਸ਼ਣ ਕੈਨੇਡਾ ਪਹੁੰਚਣ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ।

ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਐੱਲਐੱਮਆਈਏ (Labour market impact assessment) ਚਿੱਠੀ ਲਈ ਹਜ਼ਾਰਾਂ ਡਾਲਰ ਕਾਰੋਬਾਰੀ ਵਿਦਿਆਰਥੀਆਂ ਤੋਂ ਵਸੂਲਦੇ ਹਨ।

ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐੱਲਐੱਮਆਈਏ) ਇੱਕ ਦਸਤਾਵੇਜ਼ ਹੈ ਜੋ ਕੈਨੇਡਾ ਵਿੱਚ ਕਿਸੇ ਰੁਜ਼ਗਾਰ ਦਾਤਾ ਨੂੰ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)