ਕੈਨੇਡਾ ਦਾ ਸੁਪਨਾ ਫਿੱਕਾ ਪੈਣ ਮਗਰੋਂ ਕੀ ਕੁਝ ਪੰਜਾਬੀਆਂ ਦੀ ਹੋਣ ਲੱਗੀ ਹੈ ਪੰਜਾਬ ’ਚ ‘ਘਰ ਵਾਪਸੀ’

- ਲੇਖਕ, ਨਿਖਿਲ ਇਨਾਮਦਾਰ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਤੋਂ ਬਾਹਰ ਨਵੇਂ ਮੌਕਿਆਂ ਦੀ ਭਾਲ ਕਰਦੇ ਪੰਜਾਬੀਆਂ ਦੇ ਲਈ ਕੈਨੇਡਾ ਪਹਿਲੀ ਪਸੰਦ ਰਿਹਾ ਹੈ।
ਕੀ ਪੰਜਾਬੀਆਂ ਦੇ ਕੈਨੇਡੀਆਈ ਸੁਪਨੇ ਹੁਣ ਫਿੱਕੇ ਪੈ ਰਹੇ ਹਨ?
ਪੰਜਾਬੀਆਂ ਦੀ ਵਿਦੇਸ਼ੀ ਧਰਤੀ ਵੱਲ ਪਰਵਾਸ ਕਰਨ ਦੀ ਇੱਛਾ ਨੂੰ ਤੁਸੀਂ ਪੰਜਾਬ ਦੇ ਉਪਜਾਊ ਪੇਂਡੂ ਇਲਾਕੇ ਵਿੱਚੋਂ ਲੰਘਦਿਆਂ ਅਣਗੌਲਿਆਂ ਨਹੀਂ ਕਰ ਸਕਦੇ।
ਕਣਕ-ਸਰ੍ਹੋਂ ਦੇ ਖੇਤਾਂ ਵਿੱਚ ਖੜ੍ਹੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਜਾਣ ਦੇ ਸੌਖੇ ਰਾਹਾਂ ਦੇ ਇਸ਼ਤਿਹਾਰਾਂ ਦੇ ਵੱਡੇ-ਵੱਡੇ ਬੋਰਡ ਆਮ ਹੀ ਦਿੱਖ ਜਾਂਦੇ ਹਨ।
ਸੂਬੇ ਦੇ ਮੁੱਖ ਸ਼ਾਹਰਾਹਾਂ ਉੱਤੇ ਨੌਜਵਾਨਾਂ ਨੂੰ ਅੰਗਰੇਜ਼ੀ ਸਿਖਾਉਣ ਲਈ ਸੰਸਥਾਨਾਂ ਨੇ ਦਫ਼ਤਰ ਬਣਾਏ ਹੋਏ ਹਨ।
ਕਈ ਮੰਜ਼ਿਲੀ ਘਰਾਂ ਦੇ ਉੱਤੇ ਵੱਡੇ-ਵੱਡੇ ਇਸ਼ਤਿਹਾਰ ਲੱਗੇ ਹੋਏ ਹਨ, ਜੋ ਆਸਾਨੀ ਨਾਲ ਕੈਨੇਡਾ ਦਾ ਵੀਜ਼ਾ ਦਵਾਉਣ ਦਾ ਵਾਅਦਾ ਕਰਦੇ ਹਨ।
ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਇੱਕ ਹੀ ਸੜਕ ਉੱਤੇ ਕਈ-ਕਈ ਏਜੰਟਾਂ ਨੇ ਆਪਣੇ ਦਫ਼ਤਰ ਬਣਾਏ ਹੋਏ ਹਨ ਤਾਂ ਜੋ ਨੌਜਵਾਨਾਂ ਦੇ ਇੱਥੋਂ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।

'ਘਰ ਚੰਗੀ ਕਮਾਈ ਕਰਨ ਦੀ ਥਾਂ ਉੱਥੇ ਕਿਉਂ ਜਾਵਾਂ'
ਪਿਛਲੀ ਇੱਕ ਸਦੀ ਤੱਕ ਭਾਰਤ ਦੇ ਉੱਤਰ ਪੱਛਮ ਵਿੱਚ ਪੈਂਦੇ ਇਸ ਸੂਬੇ ਨੇ ਪਰਵਾਸ ਦੀਆਂ ਕਈ ਲਹਿਰਾਂ ਦੇਖੀਆਂ ਹਨ।
ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋਏ ਸਿੱਖ ਫੌਜੀਆਂ ਦੇ ਕੈਨੇਡਾ ਜਾਣ ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਲੋਕਾਂ ਦੇ ਇੰਗਲੈਂਡ ਜਾ ਕੇ ਰਹਿਣ ਦੇ ਰੁਝਾਨ ਤੱਕ।
ਪਰ ਕਈ ਪੰਜਾਬੀ, ਖ਼ਾਸ ਕਰਕੇ ਕੈਨੇਡਾ ਤੋਂ, ਹੁਣ ਕੁਝ ਪੰਜਾਬ ਵਾਪਸ ਪਰਤਣ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸ ਨੂੰ ਅੰਗਰੇਜ਼ੀ ਵਿੱਚ 'ਰਿਵਰਸ ਮਾਈਗਰੇਸ਼ਨ' ਕਹਿੰਦੇ ਹਨ, ਯਾਨੀ ਘਰ ਵਾਪਸੀ।
ਪੰਜਾਬ ਵਾਪਸ ਪਰਤਣ ਵਾਲਿਆਂਂ ਵਿੱਚੋਂ ਹੀ ਇੱਕ ਹਨ 28 ਸਾਲਾ ਬਲਕਾਰ।
ਬਲਕਾਰ 2023 ਵਿੱਚ ਕੈਨੇਡਾ ਤੋਂ ਵਾਪਸ ਆ ਗਏ, ਉਨ੍ਹਾਂ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਰਹਿੰਦਿਆਂ ਕਰੀਬ ਇੱਕ ਸਾਲ ਹੀ ਹੋਇਆ ਸੀ।
ਜਦੋਂ ਕੋਰੋਨਾ ਮਹਾਮਾਰੀ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਿੰਡ ਕੈਨੇਡਾ ਜਾਣ ਲਈ ਛੱਡਿਆ ਸੀ ਤਾਂ ਉਨ੍ਹਾਂ ਦਾ ਟੀਚਾ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨਾ ਸੀ।
ਉਨ੍ਹਾਂ ਦੇ ਪਿੰਡ ਦਾ ਨਾਮ ਪਿੱਥੋ ਹੈ।
ਉਨ੍ਹਾਂ ਦੇ ਪਰਿਵਾਰ ਨੇ ਬਲਕਾਰ ਨੂੰ ਕੈਨੇਡਾ ਭੇਜਣ ਲਈ ਜ਼ਮੀਨ ਗਹਿਣੇ ਰੱਖੀ ਸੀ।
ਪਰ ਉਹ ਜਿਹੜਾ ਸੁਪਨਾ ਲੈ ਕੇ ਕੈਨੇਡਾ ਗਏ ਸਨ,ਉਹ ਉੱਥੇ ਪਹੁੰਚਣ ਦੇ ਕੁਝ ਮਹੀਨਿਆਂ ਦੇ ਵਿੱਚ ਹੀ ਫਿੱਕਾ ਪੈ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉੱਥੇ ਸਾਰਾ ਕੁਝ ਬਹੁਤ ਮਹਿੰਗਾ ਸੀ.. ਮੈਨੂੰ ਆਪਣਾ ਗੁਜ਼ਾਰਾ ਕਰਨ ਲਈ ਕਾਲਜ ਤੋਂ ਬਾਅਦ ਹਰ ਹਫ਼ਤੇ 50 ਘੰਟੇ ਕੰਮ ਕਰਨਾ ਪੈਂਦਾ ਸੀ।”
ਉਨ੍ਹਾਂ ਦੱਸਿਆ, “ਮਹਿੰਗਾਈ ਕਈ ਵਿਦਿਆਰਥੀਆਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਕਰ ਰਹੀ ਹੈ।”
ਬਲਕਾਰ ਹੁਣ ਆਪਣੇ ਖੁੱਲ੍ਹੇ ਘਰ ਵਿਚਲੇ ਇੱਕ ਕਮਰੇ ਵਿੱਚ ਕਢਾਈ ਦਾ ਕੰਮ ਕਰਦੇ ਹਨ।
ਉਹ ਕਮਾਈ ਦੇ ਲਈ ਆਪਣੇ ਪਰਿਵਾਰ ਦੀ ਖੇਤੀਬਾੜੀ ਵਿੱਚ ਵੀ ਕੰਮ ਕਰਦੇ ਹਨ।
ਇੱਥੋਂ ਦੇ ਪੇਂਡੂ ਇਲਾਕੇ ਵਿੱਚ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ ਪਰ ਤਕਨੀਕ ਦੀ ਮਦਦ ਦੇ ਨਾਲ ਬਲਕਾਰ ਜਿਹੇ ਉੱਦਮੀ ਗਾਹਕਾਂ ਦੇ ਨੇੜੇ ਜਾ ਰਹੇ ਹਨ।
ਉਨ੍ਹਾਂ ਨੂੰ ਆਪਣੇ ਵਪਾਰ ਲਈ ਇੰਸਟਾਗ੍ਰਾਮ ਰਾਹੀਂ ਆਰਡਰ ਮਿਲਦੇ ਹਨ।
ਉਹ ਪੁੱਛਦੇ ਹਨ, “ਇੱਥੇ ਮੇਰੀ ਜ਼ਿੰਦਗੀ ਬਹੁਤ ਚੰਗੀ ਹੈ, ਜਦੋਂ ਮੈਂ ਆਪਣੇ ਘਰ ਵਿੱਚ ਰਹਿ ਕੇ ਚੰਗੀ ਕਮਾਈ ਕਰ ਸਕਦਾ ਹਾਂ ਤਾਂ ਮੈਂਂ ਉੱਥੇ ਜਾ ਕੇ ਤੰਗੀ ਕਿਉਂ ਸਹਾਰਾਂ?”
ਬੀਬੀਸੀ ਨੇ ਅਜਿਹੇ ਅੱਧਾ ਦਰਜਨ ਦੇ ਕਰੀਬ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਦਾ ਇਹੋ ਹੀ ਵਿਚਾਰ ਹੈ।
ਸੁਪਨੇ ਅਤੇ ਅਸਲੀਅਤ ਵਿੱਚ ਫ਼ਰਕ

ਯਟਿਊਬ ਉੱਤੇ ਪਈਆਂ ਕਈ ਵੀਡੀਓਜ਼ ਵਿੱਚ ਵੀ ਕਈ ਭਾਰਤੀਆਂ ਨੇ ਕੈਨੇਡਾ ਛੱਡ ਕੇ ਭਾਰਤ ਜਾਣ ਬਾਰੇ ਲੋਕਾਂ ਵੱਲੋਂ ਅਜਿਹੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ।
ਕੈਨੇਡਾ ਤੋਂ ਵਾਪਸ ਆਏ ਇੱਕ ਨੌਜਵਾਨ ਨੇ ਬੀਬੀਸੀ ਨੂੰ ਦੱਸਿਆ ਕਿ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਪੇਸ਼ ਕੀਤੀ ਜਾਂਦੀ ਕੈਨੇਡਾ ਦੀ ਖੁਸ਼ਹਾਲ ਜ਼ਿੰਦਗੀ, ਟੋਰਾਂਟੋ ਜਾਂ ਵੈਨਕੂਵਰ ਵਿੱਚ ਰਹਿਣ ਦੀ ਅਸਲੀਅਤ ਵਿੱਚ ਬਹੁਤ ਫ਼ਰਕ ਹੈ।
ਬਠਿੰਡਾ ਵਿੱਚ ਇੱਕ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਰਾਜ ਕਰਨ ਬਰਾੜ ਦੱਸਦੇ ਹਨ, “ਕੈਨੇਡਾ ਦਾ ਕਰੇਜ਼ ਕੁਝ ਘਟਿਆ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਘਰੋਂ ਤਕੜੇ(ਪੈਸੇ ਵਾਲੇ) ਹਨ ਅਤੇ ਘਰ ਵਾਪਸ ਆ ਸਕਦੇ ਹਨ।
ਰਾਜ ਕਰਨ ਬਰਾੜ ਸਟੂਡੈਂਟ ਵੀਜ਼ਾ ਅਤੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਲਈ ਲੋਕਾਂ ਦੀ ਮਦਦ ਕਰਦੇ ਹਨ।
ਉਹ ਕਹਿੰਦੇ ਹਨ ਕਿ ਮੱਧ ਵਰਗੀ ਅਤੇ ਹੇਠਲੇ ਮੱਧ ਵਰਗ ਵਿੱਚ ਕੈਨੇਡਾ ਦੀ ਨਾਗਰਿਕਤਾ ਲੈਣ ਦੀ ਚਾਹ ਹਾਲੇ ਵੀ ਉੱਨੀ ਹੀ ਹੈ।
ਇਮੀਗ੍ਰੇਸ਼ਨ ਏਜੰਟ ਕਹਿੰਦੇ ਹਨ ਕਿ ਯੂਟਿਊਬ ਉੱਤੇ ਵਿਦਿਆਰਥੀਆਂ ਵੱਲੋਂ ਨੌਕਰੀ ਮਿਲਣ ਵਿੱਚ ਮੁਸ਼ਕਲ ਹੋਣ, ਰਿਹਾਇਸ਼ ਅਤੇ ਕੰਮ ਲਈ ਮੌਕਿਆਂ ਦੀ ਘਾਟ ਦੀਆਂ ਵੀਡੀਓਜ਼ ਨੇ ਵਿਦਿਆਰਥੀਆਂ ਵਿੱਚ ਇੱਕ ਘਬਰਾਹਟ ਜ਼ਰੂਰ ਪੈਦਾ ਕੀਤੀ ਹੈ।
ਇੱਕ ਅੰਦਾਜ਼ੇ ਮੁਤਾਬਕ ਕੈਨੇਡਾ ਦੇ ਸਟੱਡੀ ਪਰਮਿਟ ਲਈ ਅਰਜੀਆਂ ਵਿੱਚ 2023 ਦੇ ਦੂਜੇ ਹਿੱਸੇ ਵਿੱਚ 40 ਫ਼ੀਸਦ ਤੱਕ ਨਿਘਾਰ ਵੇਖਿਆ ਗਿਆ ਸੀ।
ਇਸ ਦਾ ਇੱਕ ਕਾਰਨ ਭਾਰਤ ਅਤੇ ਕੈਨੇਡਾ ਵਿਚਲਾ ਕੂਟਨੀਤਕ ਤਣਾਅ ਵੀ ਸੀ। ਇਹ ਤਣਾਅ ਕੈਨੇਡਾ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਲੱਗੇ ਇਲਜ਼ਾਮਾਂ ਕਾਰਨ ਸ਼ੁਰੂ ਹੋਇਆ ਸੀ।
ਵਧੇਰੀ ਉਮਰ ਦੇ ਪ੍ਰਵਾਸੀਆਂ ਵਿੱਚ ਕੈਨੇਡਾ ਦੇ ਸੁਪਨੇ ਦਾ ਫਿੱਕਾ ਪੈਣਾ ਕੁਝ ਸਭਿਆਚਾਰ ਨਾਲ ਵੀ ਸਬੰਧਤ ਹੈ।
‘ਬੈਕ ਟੂ ਦ ਮਦਰਲੈਂਡ’

ਕਰਨ ਔਲਖ ਨੇ ਕਰੀਬ 15 ਸਾਲ ਐਡਮਿੰਟਨ ਵਿੱਚ ਬਿਤਾਏ ਹਨ ਅਤੇ ਚੰਗੀ ਆਰਥਿਕ ਤਰੱਕੀ ਵੀ ਹਾਸਲ ਕੀਤੀ। ਉਹ ਮੈਨੇਜਮੈਂਟ ਖੇਤਰ ਵਿੱਚ ਨੌਕਰੀ ਕਰਦੇ ਸਨ।
ਉਨ੍ਹਾਂ ਨੇ ਆਪਣੀ ਨੌਕਰੀ ਪਿੰਡ ਆ ਕੇ ਰਹਿਣ ਲਈ ਛੱਡ ਦਿੱਤੀ। ਉਨ੍ਹਾਂ ਦੇ ਪਿੰਡ ਦਾ ਨਾਮ ਖਾਣੇ ਕੇ ਢਾਬ ਹੈ। ਕਰਨ ਔਲਖ ਦਾ ਜਨਮ 1985 ਵਿੱਚ ਹੋਇਆ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੈਨੇਡਾ ਦੀਆਂ ਐਲਜੀਬੀਟੀ ਭਾਈਚਾਰੇ ਨੂੰ ਸਿੱਖਿਆ ਵਿੱਚ ਸ਼ਾਮਿਲ ਕਰਨ ਦੀਆਂ ਨੀਤੀਆਂ ਤੋਂ ਨਾਖ਼ੁਸ਼ ਸਨ। ਉਹ ਕਹਿੰਦੇ ਹਨ ਕਿ ਕੈਨੇਡਾ ਦਾ 2018 ਵਿੱਚ ਭੰਗ (cannabis) ਨੂੰ ਕਾਨੂੰਨੀ ਮਾਨਤਾ ਦੇਣਾ ਵੀ ਕੈਨੇਡਾ ਛੱਡਣ ਦੇ ਕਾਰਨਾਂ ਵਿੱਚੋਂ ਇੱਕ ਸੀ।
ਉਹ ਦੱਸਦੇ ਹਨ ਕਿ ਵਧੇਰੀ ਉਮਰ ਦੇ ਲੋਕਾਂ ਦੇ ਕੈਨੇਡਾ ਛੱਡਣ ਦਾ ਇੱਕ ਕਾਰਨ ਉਨ੍ਹਾਂ ਦਾ ਪੱਛਮੀ ਤਰਜ਼ ਦੀ ਜ਼ਿੰਦਗੀ ਵਿੱਚ ਫਿੱਟ ਨਾ ਹੋ ਸਕਣਾ ਹੈ, ਮਾੜਾ ਸਿਹਤ-ਸੰਭਾਲ ਢਾਂਚਾ ਅਤੇ ਭਾਰਤ ਵਿੱਚ ਬਿਹਤਰ ਆਰਥਿਕ ਮੌਕੇ ਵੀ ਹਨ।
ਕਰਨ ਦੱਸਦੇ ਹਨ, “ਮੈਂ ਤਰੀਬਨ ਡੇਢ ਮਹੀਨਾ ਪਹਿਲਾਂ ‘ਬੈਕ ਟੂ ਦ ਮਦਰਲੈਂਡ’ (ਮਾਤ ਭੂਮੀ ਵੱਲ ਵਾਪਸੀ) ਨਾਂ ਦੀ ਕੰਸਲਟੈਂਸੀ(ਸਲਾਹ ਦੇਣ ਦਾ ਕੰਮ) ਸ਼ੁਰੂ ਕੀਤੀ। ਇਸ ਰਾਹੀਂ ਮੈਂ ਜਿਹੜੇ ਲੋਕ ਭਾਰਤ ਵਿੱਚ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕਰਦਾ ਹਾਂ।”
ਉਨ੍ਹਾਂ ਅੱਗੇ ਦੱਸਿਆ, “ਮੈਨੂੰ ਕੈਨੇਡਾ ਵਿੱਚ ਰਹਿੰਦੇ ਲੋਕਾਂ ਦੀਆਂ ਇੱਕ ਦਿਨ ਵਿੱਚ ਦੋ ਤੋਂ ਤਿੰਨ ਕਾਲਾਂ ਆਉਂਦੀਆਂ ਹਨ, ਉਹ ਕਹਿੰਦੇ ਹਨ ਕਿ ਉਹ ਭਾਰਤ ਵਿੱਚ ਰੁਜ਼ਗਾਰ ਸਬੰਧਤ ਮੌਕਿਆਂ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਕਿਵੇਂ ਉਹ ਵਾਪਸ ਆ ਸਕਦੇ ਹਨ।”
ਕੌਮਾਂਤਰੀ ਵਿਦਿਆਰਥੀਆਂ ਅਤੇ ਰਿਵਰਸ ਮਾਈਗ੍ਰੇਸ਼ਨ ਦੇ ਅੰਕੜੇ

ਤਸਵੀਰ ਸਰੋਤ, SARABJIT SINGH/ BBC
ਇੰਸਟੀਟਿਊਟ ਆਫ ਕੈਨੇਡੀਅਨ ਇਮੀਗ੍ਰੇਸ਼ਨ ਦੇ ਡੇਨੀਅਲ ਬਰਹਾਰਡ ਦੱਸਦੇ ਹਨ ਕਿ ਅਜਿਹੇ ਕਿਸੇ ਮੁਲਕ ਲਈ ਜੋ ਆਪਣੇ ਲਈ ਪ੍ਰਵਾਸੀਆਂ ਦੀ ਆਮਦ ਨੂੰ ਬਹੁਤ ਜ਼ਰੂਰੀ ਸਮਝਦਾ ਹੈ.. ਇਹ ਰੁਝਾਨ ਬਹੁਤ ਚਿੰਤਾਜਨਕ ਹਨ।
ਆਈਸੀਸੀ ਇੱਕ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਹੈ।
ਹੌਲੀ ਹੁੰਦੇ ਜਾ ਰਹੇ ਆਰਥਿਕ ਵਿਕਾਸ ਅਤੇ ਵਧੇਰੀ ਉਮਰ ਵਾਲੀ ਆਬਾਦੀ ਦੇ ਸੰਕਟ ਨਾਲ ਨਜਿੱਠਣ ਲਈ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਦਾਰਵਾਦੀ ਪਰਵਾਸ ਨੀਤੀ ਅਪਣਾਈ ਗਈ।
ਕੈਨੇਡੀਆਈ ਸਟੈਟਿਕਸ ਏਜੰਸੀ ਮੁਤਾਬਕ ਪ੍ਰਵਾਸੀ ਕੈਨੇਡਾ ਦੀ ਲੇਬਰ ਫੋਰਸ ਦਾ 90 ਫ਼ੀਸਦ ਹਿੱਸਾ ਸਨ ਅਤੇ ਆਬਾਦੀ ਦੇ ਵਿਕਾਸ ਦਾ 75 ਫ਼ੀਸਦ ਹਿੱਸਾ ਰਹੀ ਹੈ।
ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਆਰਥਿਕਾਤਾ ਦਾ ਕੁੱਲ 20 ਬਿਲੀਅਨ ਹਿੱਸਾ ਪਾਉਂਦੇ ਹਨ।
ਕੈਨੇਡਾ ਆਉਣ ਵਾਲੇ ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਵਿੱਚ ਪੰਜ ਵਿੱਚੋਂ ਇੱਕ ਭਾਰਤੀ ਮੂਲ ਦਾ ਹੈ।
2022 ਵਿੱਚ ਕੈਨੇਡਾ ਵਿੱਚ ਪ੍ਰਵਾਸ ਦਾ ਮੂਲ ਸਰੋਤ ਭਾਰਤ ਤੋਂ ਸੀ।
ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਦੇ ਮੁਕਾਬਲੇ ਇੱਥੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਨੇ ਆਏ ਸਾਲ ਅੱਧੇ ਮਿਲੀਅਨ ਤੋਂ ਵੱਧ ਲੋਕਾਂ ਦਾ ਸਵਾਗਤ ਕੀਤਾ।
ਬਰਨਹਾਰਡ ਕਹਿੰਦੇ ਹਨ ਕਿ ਕੈਨੇਡਾ ਤੋਂ 'ਰਿਵਰਸ ਮਾਈਗ੍ਰੇਸ਼ਨ' 2019 ਵਿੱਚ ਦੋ ਦਹਾਕਿਆਂ ਵਿੱਚ ਸਭ ਤੋਂ ਵੱਧ ਦੇਖੀ ਗਈ ਅਤੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆਪਣੇ ਭਵਿੱਖ ਬਾਰੇ ਯਕੀਨ ਨਹੀਂ ਰਿਹਾ।
ਕਿਸੇ ਮੁਲਕ ਨੂੰ ਛੱਡ ਕੇ ਜਾਣ ਵਾਲੇ ਲੋਕਾਂ ਦਾ ਜਾਂ ‘ਰਿਵਰਸ ਮਾਈਗ੍ਰੇਸ਼ਨ’ ਦਾ ਕੱਲੇ-ਕੱਲੇ ਮੁਲਕ ਦਾ ਡੇਟਾ ਉਪਲਬਧ ਨਹੀਂ ਹੈ।
ਪਰ ਰਾਇਟਰਸ ਖ਼ਬਰ ਏਜੰਸੀ ਦੇ ਵੱਲੋਂ ਲਿਆ ਗਿਆ ਡੇਟਾ ਇਹ ਦਰਸਾਉਂਦਾ ਹੈ ਕਿ 80,000 ਤੋਂ 90,000 ਦੇ ਕਰੀਬ ਪ੍ਰਵਾਸੀ ਸਾਲ 2021 ਅਤੇ 2022 ਵਿੱਚ ਕੈਨੇਡਾ ਛੱਡ ਕੇ ਆਪਣੇ ਮੁਲਕ ਵਾਪਸ ਚਲੇ ਗਏ ਜਾਂ ਕਿਸੇ ਹੋਰ ਮੁਲਕ ਚਲੇ ਗਏ।
ਕਰੀਬ 42,000 ਲੋਕਾਂ ਨੇ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਕੈਨੇਡਾ ਛੱਡ ਦਿੱਤਾ।
ਕੈਨੇਡਾ ਦੀਆਂ ਨੀਤੀਆਂ 'ਚ ਕੀ ਬਦਲਾਅ ਹੋ ਰਹੇ ?

ਤਸਵੀਰ ਸਰੋਤ, Getty Images
ਇੰਸਟੀਟਿਊਟ ਫੋਰ ਕੈਨੇਡੀਅਨ ਸਿਟੀਜ਼ਨਸ਼ਿਪ ਪਰਮਾਨੈਂਟ ਰੈਜ਼ੀਡੇਂਟ ਬਣੇ ਲੋਕਾਂ ਦਾ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦਾ ਰੁਝਾਨ ਵੀ ਘੱਟਦਾ ਜਾ ਰਿਹਾ ਹੈ।
ਸਾਲ 2001 ਵਿੱਚ ਨਾਗਰਿਕ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦੇ 75 ਫ਼ੀਸਦ ਲੋਕਾਂ ਨੇ ਕੈਨੇਡਾ ਦੀ ਨਾਗਰਿਕਤਾ ਲਈ ਸੀ ਪਰ ਦੋ ਦਹਾਕਿਆਂ ਬਾਅਦ ਇਹ ਘੱਟ ਕੇ 45 ਫੀਸਦੀ ਹੋ ਗਈ।
ਬਰਨਹਾਰਡ ਕਹਿੰਦੇ ਹਨ ਕਿ ਕੈਨੇਡਾ ਨੂੰ “ਆਪਣੀ ਨਾਗਰਿਕਤਾ ਦੀ ‘ਵੈਲਿਊ’ (ਮੁੱਲ) ਨੂੰ ਬਹਾਲ ਕਰਨ ਦੀ ਲੋੜ ਹੈ।
ਅਜਿਹਾ ਉਸ ਮੌਕੇ ਉੱਤੇ ਹੋ ਰਿਹਾ ਹੈ ਜਦੋਂ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ ਬੁਲਾਉਣ ਦੇ ਟੀਚਿਆਂ ਅਤੇ ਉਨ੍ਹਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਸਹੂਲਤਾਂ ਬਾਰੇ ਚਰਚਾ ਚੱਲ ਰਹੀ ਹੈ।
ਨੈਸ਼ਨਲ ਬੈਂਕ ਆਫ ਕੈਨੇਡਾ ਦੀ ਇੱਕ ਹਾਲ ਹੀ ਵਿੱਚ ਜਾਰੀ ਹੋਈ ਰਿਪੋਰਟ ਵਿੱਚ ਆਰਥਿਕ ਮਾਹਰਾਂ ਨੇ ਇਹ ਚੁਣੌਤੀ ਦਿੱਤੀ ਕਿ ਆਬਾਦੀ ਵਧਣ ਕਾਰਨ ਕੈਨੇਡਾ ਵਿੱਚ ਘਰਾਂ ਦੀ ਘਾਟ ਅਤੇ ਦਬਾਅ ਹੇਠ ਚੱਲ ਰਹੀਆਂ ਸਿਹਤ ਸੰਭਾਲ ਸੁਵਿਧਾਵਾਂ ਦੀ ਹਾਲਤ ਨੂੰ ਹੋਰ ਪ੍ਰਭਾਵਿਤ ਕਰੇਗਾ।
ਕੈਨੇਡਾ ਦੀ ਆਬਾਦੀ ਵਿੱਚ 2023 ਵਿੱਚ 12 ਲੱਖ ਦਾ ਵਾਧਾ ਹੋਇਆ ਹੈ, ਇਸ ਵਿੱਚੋਂ ਬਹੁਤੇ ਲੋਕ ਬਾਹਰੋਂ ਆਏ ਸਨ।
ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਆਬਾਦੀ ਵਿੱਚ ਹੋ ਰਹੇ ਵਾਧੇ ਨੂੰ ਘਟਾ ਕਿ ਆਏ ਸਾਲ ਕਰੀਬ ਪੰਜ ਲੱਖ ਤੱਕ ਕੀਤੇ ਜਾਣ ਦੀ ਲੋੜ ਹੈ। ਅਜਿਹਾ ਇਸ ਲਈ ਤਾਂ ਜੋ ਕੇਨੇਡਾ ਵਿੱਚ ਮਿਆਰੀ ਜੀਵਨ ਪੱਧਰ ਬਣਿਆ ਰਹੇ।
ਅਜਿਹਾ ਜਾਪਦਾ ਹੈ ਕਿ ਨੀਤੀਘਾੜਿਆਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।
ਜਸਟਿਨ ਟਰੂਡੋ ਦੀ ਸਰਕਾਰ ਨੇ ਹਾਲ ਹੀ ਵਿੱਚ ਇੱਕ ਨੀਤੀ ਲਿਆਂਦੀ ਹੈ ਜਿਸ ਦੇ ਤਹਿਤ ਸਿਰਫ਼ ਇੱਕ ਤੈਅ ਗਿਣਤੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ। ਇਸ ਨਾਲ ਕੱਚੇ ਤੌਰ ਉੱਤੇ ਸਟੱਡੀ ਵੀਜ਼ਾ ਦੀ ਗਿਣਤੀ 35 ਫ਼ੀਸਦ ਤੱਕ ਘੱਟ ਜਾਵੇਗੀ।
ਇਹ ਇੱਕ ਗਿਣਨਯੋਗ ਨੀਤੀਗਤ ਬਦਲਾਅ ਹੈ ਜਿਸ ਬਾਰੇ ਕਈ ਲੋਕ ਮੰਨਦੇ ਹਨ ਕਿ ਇਹ 'ਰਿਵਰਸ ਮਾਈਗ੍ਰੇਸ਼ਨ' ਦੇ ਚਲਦਿਆਂ ਕੈਨੇਡਾ ਪ੍ਰਤੀ ਪ੍ਰਵਾਸੀਆਂ ਦਾ ਆਕਰਸ਼ਣ ਘਟਾ ਦੇਵੇਗਾ।












