ਇਟਲੀ ਛੱਡ ਪੰਜਾਬ ਆ ਵੱਸੇ ਨੌਜਵਾਨ ਨੇ ਪਿਆਜ਼ ਦੀ ਖੇਤੀ ਨਾਲ ਕੀਤੀ ਕਮਾਲ, ਕਮਾ ਰਿਹਾ ਲੱਖਾਂ

ਤਸਵੀਰ ਸਰੋਤ, BBC/ Mayank Mongia
- ਲੇਖਕ, ਸੁਖਵਿੰਦਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
“ਜਦੋਂ ਮੈਂ ਇਟਲੀ ਵਿੱਚ ਜਾ ਕੇ ਵੀ ਖੇਤਾਂ ’ਚ ਕੰਮ ਕੀਤਾ ਤਾਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਖੇਤਾਂ ’ਚ ਜਾ ਕੇ ਹੀ ਕੰਮ ਕਰਾਂ।”
ਇਹ ਸ਼ਬਦ ਮੋਹਾਲੀ ਦੇ ਬਨੂੜ ਕਸਬੇ ਦੇ ਰਹਿਣ ਵਾਲੇ ਬਿਕਰਮ ਸਿੰਘ ਰੰਧਾਵਾ ਦੇ ਹਨ।
ਬਿਕਰਮ ਸਿੰਘ ਲਈ ਖੇਤੀ ਦਾ ਮਤਲਬ ਸਿਰਫ਼ ਕਣਕ ਝੋਨਾ ਉਗਾਉਣਾ ਨਹੀਂ ਹੈ।
ਬਿਕਰਮ ਸਿੰਘ 8 ਏਕੜ ਜ਼ਮੀਨ ’ਤੇ ਪਿਆਜ਼ਾਂ ਦੇ ਬੀਜਾਂ ਦੀ ਖੇਤੀ ਕਰਦੇ ਹਨ ਅਤੇ 4 ਏਕੜ ਵਿੱਚ 'ਡਾਰਕ ਰੈੱਡ' ਕਿਸਮ ਦੇ ਪਿਆਜ਼ ਉਗਾਉਂਦੇ ਹਨ।
ਉਹ ਪਿਆਜ਼ ਦੇ ਬੀਜਾਂ ਨੂੰ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੇਚਣ ਭਾਵ ਮਾਰਕਿਟਿੰਗ ਦਾ ਕੰਮ ਵੀ ਆਪ ਹੀ ਕਰਦੇ ਹਨ।
ਇਸ ਦੇ ਨਾਲ ਹੀ ਉਹ ਹਲਦੀ ਵੀ ਪ੍ਰੋਸੈੱਸ ਕਰਕੇ ਵੇਚਦੇ ਹਨ।
ਕਿਵੇਂ ਸ਼ੁਰੂ ਕੀਤੀ ਪਿਆਜ਼ ਦੇ ਬੀਜਾਂ ਦੀ ਖੇਤੀ

ਤਸਵੀਰ ਸਰੋਤ, BBC/ Mayank Mongia
ਬਿਕਰਮ ਸਿੰਘ ਰੰਧਾਵਾ ਦੱਸਦੇ ਹਨ, “ਮੈਂ ਪੜ੍ਹਾਈ ਤੋਂ ਬਾਅਦ ਸਾਲ 2009 ਵਿੱਚ ਇਟਲੀ ਚਲਾ ਗਿਆ ਸੀ, ਉੱਥੇ ਮੈਂ ਅੰਗੂਰ ਤੋੜਨ ਤੋਂ ਲੈ ਕੇ ਅਖ਼ਬਾਰਾਂ ਵੰਡਣ ਦਾ ਵੀ ਕੰਮ ਕੀਤਾ।”
ਉਹ ਦੱਸਦੇ ਹਨ, “ਮੈਂ ਸੋਚਿਆ ਕਿ ਜੇ ਮੈਂ ਇੱਥੇ ਆ ਕੇ ਵੀ ਖੇਤਾਂ ਵਿੱਚ ਕੰਮ ਕਰਨਾ ਹੈ ਤਾਂ ਕਿਉਂ ਨਾ ਮੈਂ ਆਪਣੇ ਖੇਤਾਂ ਵਿੱਚ ਜਾ ਕੇ ਕੰਮ ਕਰਾਂ ਆਖ਼ਰ ਮਾਨਸਿਕ ਸ਼ਾਂਤੀ ਤਾਂ ਮਿਲੇਗੀ।”
“ਮੈਂ ਸ਼ੁਰੂ ਤੋਂ ਹੀ ਆਪਣਾ ਕੰਮ ਕਰਨਾ ਚਾਹੁੰਦਾ ਸੀ, ਮੈਂ 2012 ਵਿੱਚ ਇੱਥੇ ਆ ਗਿਆ ਸੀ।”
ਬੀਜਾਂ ਦਾ ਕੰਮ ਸ਼ੁਰੂ ਕਰਨ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਲੋਕਾਂ ਕੋਲ ਜ਼ਮੀਨਾਂ ਥੋੜ੍ਹੀਆਂ ਹੋਣ ਕਰਕੇ ਸਬਜ਼ੀ ਉਗਾਈ ਜਾਂਦੀ ਹੈ ਪਰ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਸਬਜ਼ੀ ਦੀ ਥਾਂ ਬੀਜ ਉਗਾਏ ਜਾਣ।
ਬੀਜ ਦੀ ਚੋਣ ਕਰਨ ਬਾਰੇ ਉਹ ਦੱਸਦੇ ਹਨ, “ਮੇਰੇ ਪਿਤਾ ਤੇ ਮੈਂ ਇੱਕ ਕਿੱਲੇ ਤੋਂ ਬੀਜ ਉਗਾਉਣੇ ਸ਼ੁਰੂ ਕੀਤੇ ਸੀ, ਸ਼ੁਰੂ-ਸ਼ੁਰੂ ਵਿੱਚ ਇਸ ਬਾਰੇ ਬਹੁਤ ਘੱਟ ਜਾਣਕਾਰੀ ਸੀ, ਇਸ ਲਈ ਯੂਨੀਵਰਸਿਟੀ ਅਤੇ ਕਈ ਜ਼ਿਮੀਂਦਾਰਾਂ ਕੋਲੋਂ ਵੀ ਮਦਦ ਲਈ, ਅੱਜ ਮੈਂ 8 ਏਕੜ ਵਿੱਚ ਬੀਜਾਂ ਦੀ ਖੇਤੀ ਕਰਦਾ ਹਾਂ, ਤੇ 2-3 ਸੂਬਿਆਂ ਵਿੱਚ ਵੇਚਦਾ ਹਾਂ।”
ਕਿੰਨੀ ਹੁੰਦੀ ਹੈ ਕਮਾਈ?
ਬਿਕਰਮ ਦੱਸਦੇ ਹਨ, “ਸਾਡੇ ਕਾਲਾ ਪਿਆਜ਼ ਉਗਾਇਆ ਜਾਂਦਾ ਹੈ, ਜਿਸ ਨੂੰ ਲੰਬੇ ਸਮੇਂ ਤੱਕ ਸਾਂਭਿਆ ਜਾ ਸਕਦਾ ਹੈ, ਪਿਆਜ਼ ਦਾ ਫਾਇਦਾ ਤਾਂ ਹੀ ਹੈ ਜੇਕਰ ਇਸ ਨੂੰ ਸਾਂਭ ਕੇ ਵਾਢੀ ਤੋਂ ਮਹੀਨਿਆਂ ਬਾਅਦ ਵੇਚਿਆ ਜਾਵੇ।”

ਉਹ ਕਹਿੰਦੇ ਹਨ, “ਅਸੀਂ ਯੂਨੀਵਰਸਿਟੀ ਅਤੇ ਕਿਸਾਨਾਂ ਦੀ ਸਲਾਹ ਨਾਲ ਸਭ ਤੋਂ ਉੱਤਮ ਬੀਜ ਦੀ ਖੇਤੀ ਕਰਨੀ ਚੁਣੀ, ਸ਼ੁਰੂ-ਸ਼ੁਰੂ ਵਿੱਚ ਮਾਰਕਿਟ ਨਾ ਹੋਣ ਕਰਕੇ ਮੁਨਾਫ਼ਾ ਘੱਟ ਸੀ।”
ਉਹ ਕਹਿੰਦੇ ਹਨ, “ਖਰਚੇ ਦੇ ਨਾਲ-ਨਾਲ ਇਸ ਖੇਤੀ ਵਿੱਚ ਆਮਦਨ ਵੀ ਹੈ ਉਹ ਕਹਿੰਦੇ ਹਨ ਆਮਦਨ ਘੱਟ ਜਾਂ ਵੱਧ ਹੁੰਦੀ ਰਹਿੰਦੀ ਹੈ।ਇਹ ਆਮਦਨ 50 ਹਜ਼ਾਰ ਤੋਂ 3 ਲੱਖ ਤੱਕ ਹੋ ਸਕਦੀ ਹੈ।”
ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ 5-6 ਕਿੱਲੇ ਜ਼ਮੀਨ ਸੀ ਅਤੇ ਹੁਣ ਉਹ ਕਰੀਬ 20 ਕਿੱਲੇ ਨਾਲ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਪਿਆਜ ਦੇ ਬੀਜ ‘ਤੇ 1.5 ਲੱਖ ਰੁਪਏ ਤੱਕ ਖਰਚਾ ਹੁੰਦਾ ਹੈ।
ਬਿਕਰਮ ਸਿੰਘ ਦੱਸਦੇ ਹਨ ਕਿ ਇੱਕ ਏਕੜ ਵਿੱਚੋਂ 2 ਕੁਇੰਟਲ ਬੀਜ ਹਾਸਲ ਕੀਤਾ ਜਾ ਸਕਦਾ ਹੈ, ਔਸਤ ਝਾੜ ਡੇਢ ਕੁਇੰਟਲ ਨਿਕਲਦਾ ਹੈ।
ਬੀਜ ਦਾ ਮੁੱਲ ਪ੍ਰਤੀ ਕਿੱਲੋ 2 ਹਜ਼ਾਰ ਤੋਂ 4 ਹਜ਼ਾਰ ਤੱਕ ਜਾ ਸਕਦਾ ਹੈ।

ਤਸਵੀਰ ਸਰੋਤ, BBC/ Mayank Mongia
ਮੋਹਾਲੀ ਜ਼ਿਲ੍ਹੇ ਦੇ ਕੁਲਾਰ ਪਿੰਡ ਦੇ ਕਿਸਾਨ ਹਰਪ੍ਰੀਤ ਸਿੰਘ ਦੱਸਦੇ ਹਨ, “ਬੀਜਾਂ ਦਾ ਪਿਆਜ਼ ਦੀ ਖੇਤੀ ਦਾ ਅਹਿਮ ਰੋਲ ਹੁੰਦਾ ਹੈ, ਘਟੀਆ ਬੀਜ ਮਿਲਣ ਕਾਰਨ ਅਸੀਂ ਪਿਆਜ ਦੀ ਖੇਤੀ ਛੱਡ ਦਿੱਤੀ ਸੀ ਪਰ ਹੁਣ ਅਸੀਂ ਮੁੜ ਪਿਆਜ਼ ਦੀ ਖੇਤੀ ਸ਼ੂਰੂ ਕੀਤੀ ਹੈ, ਇਸ ਵਿੱਚ ਕਣਕ ਤੋਂ ਕਿਤੇ ਵੱਧ ਮੁਨਾਫ਼ਾ ਹੈ।”
ਪਿਆਜ਼ ਦਾ ਸਟੋਰ ਕਰਨ ਦਾ ਦੇਸੀ ਤਰੀਕਾ

ਤਸਵੀਰ ਸਰੋਤ, BBC/ Mayank Mongia
ਜੂਨ ਤੋਂ ਬਾਅਦ ਪਿਆਜ਼ ਦੀ ਆਮਦ ਬਾਜ਼ਾਰ ਵਿੱਚ ਘਟਣ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਪਿਆਜ਼ ਦਾ ਚੰਗਾ ਭਾਅ ਮਿਲਣ ਲੱਗਦਾ ਹੈ।
ਬਿਕਰਮ ਸਿੰਘ ਆਪਣੇ ਪਿਆਜ਼ ਨੂੰ ਉਸ ਸਮੇਂ ਤੱਕ ਬਚਾ ਕੇ ਰੱਖਦੇ ਹਨ ਜਦੋਂ ਤੱਕ ਇਸ ਦਾ ਚੰਗਾ ਭਾਅ ਨਹੀਂ ਮਿਲ ਜਾਂਦਾ।
ਪਿਆਜ਼ ਨੂੰ ਕੋਲਡ ਸਟੋਰਾਂ ਵਿੱਚ ਸਟੋਰ ਕਰਨਾ ਖਰਚੀਲਾ ਹੈ, ਇਸ ਖਰਚੇ ਤੋਂ ਬਚਣ ਲਈ ਬਿਕਰਮ ਸਿੰਘ ਵਜੋਂ ਖੇਤ ਦੇ ਵਿੱਚ ਹੀ ਨਵੇਕਲਾ ਪ੍ਰਬੰਧ ਕੀਤਾ ਗਿਆ ਹੈ।

ਤਸਵੀਰ ਸਰੋਤ, BBC/ Mayank Mongia
ਉਨ੍ਹਾਂ ਨੇ ਖੇਤ ਵਿੱਚ ਖ਼ਾਸ ਕਿਸਮ ਦੀਆਂ ਕੁੱਪੀਆਂ ਬਣਾਈਆਂ ਹਨ, ਜਿਨ੍ਹਾਂ ਵਿੱਚ ਪਿਆਜ਼ ਬਿਨਾਂ ਖ਼ਰਾਬ ਹੋਏ ਲੰਬੇ ਸਮੇਂ ਤੱਕ ਪਿਆਜ਼ ਸੁਰੱਖਿਅਤ ਰਹਿੰਦਾ ਹੈ।
ਇਨ੍ਹਾਂ ਕੁੱਪੀਆਂ ਵਿੱਚ ਸਟੋਰ ਕੀਤਾ ਪਿਆਜ਼ ਨਵੰਬਰ ਤੱਕ ਰਹਿ ਸਕਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਪਿਆਜ਼ ਦੀ ਗੁਣਵੱਤਾ ਉੱਤੇ ਵੀ ਇਸ ਦਾ ਕੋਈ ਅਸਰ ਨਹੀਂ ਪੈਂਦਾ।

ਤਸਵੀਰ ਸਰੋਤ, BBC/Mayank Mongia
ਬਿਕਰਮ ਸਿੰਘ ਦੇ ਨਾਲ ਆਲੇ-ਦੁਆਲੇ ਦੇ ਕਈ ਲੋਕਾਂ ਦਾ ਵੀ ਰੁਜ਼ਗਾਰ ਜੁੜਿਆ ਹੋਇਆ ਹੈ, ਜੋ ਖੇਤੀ ਅਤੇ ਪ੍ਰੋਸੈਸਿੰਗ ਨਾਲ ਜੁੜੇ ਕੰਮ ਕਰਦੇ ਹਨ
ਕਿਹੜਾ ਸਨਮਾਨ ਮਿਲ ਚੁੱਕਾ ਹੈ
ਬਿਕਰਮ ਸਿੰਘ ਰੰਧਾਵਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ 'ਪ੍ਰੋਗਰੈਸਿਵ ਫਾਰਮਰ' ਐਵਾਰਡ ਸਨਮਾਨ ਵੀ ਮਿਲ ਚੁੱਕਾ ਹੈ।
ਉਨ੍ਹਾਂ ਨੂੰ ਇਹ ਐਵਾਰਡ ਇਸ ਸਾਲ 12 ਫਰਵਰੀ 2024 ਨੂੰ ਪੀਏਯੂ ਕਿਸਾਨ ਕਲੱਬ ਦੇ ਸਾਲਾਨਾ ਸਮਾਗਮ ਵਿੱਚ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਦਿੱਤਾ।
ਇਸ ਐਵਾਰਡ ਲਈ ਖੇਤੀ ਦੇ ਵੱਖ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਪੰਜਾਬ ਵਿੱਚੋਂ 15 ਨੌਜਵਾਨ ਕਿਸਾਨਾਂ ਦੀ ਚੋਣ ਹੋਈ ਸੀ, ਜਿਨ੍ਹਾਂ ਵਿੱਚ ਬਿਕਰਮ ਦਾ ਨਾਮ ਵੀ ਸ਼ਾਮਲ ਸੀ।
ਕੀ ਪੰਜਾਬ 'ਚ ਪਿਆਜ਼ ਦੀ ਖੇਤੀ ਲਾਹੇਵੰਦ ਹੈ?

ਪੰਜਾਬ ਵਿੱਚ ਪਿਆਜ਼ ਅਤੇ ਇਸ ਦੇ ਸੀਡ ਉਤਪਾਦਨ ਬਾਰੇ ਮੋਹਾਲੀ ਜ਼ਿਲ੍ਹੇ ਦੇ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਗਦੀਸ਼ ਸਿੰਘ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪਿਆਜ਼ ਦੀ ਖੇਤੀ ਦੇ ਮੁਕਾਬਲੇ ਪਿਆਜ਼ ਦੇ ਸੀਡ ਦੀ ਖੇਤੀ ਵਿੱਚ ਘੱਟੋ ਘੱਟ ਢਾਈ ਗੁਣਾਂ ਵੱਧ ਮੁਨਾਫ਼ਾ ਹੁੰਦਾ ਹੈ। ਪੰਜਾਬ ਵਿੱਚ ਕੁਲ ਖ਼ਪਤ ਦੇ 4 ਫ਼ੀਸਦ ਦੀ ਹੀ ਪੈਦਾਵਾਰ ਹੁੰਦੀ ਹੈ ਤੇ ਬਾਕੀ ਪਿਆਜ਼ ਬਾਹਰੋਂ ਸੂਬੇ ਵਿੱਚ ਆਉਂਦਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ, “ਪੰਜਾਬ ਵਿੱਚ ਕਰੀਬ 11 ਹਜ਼ਾਰ ਹੈਕਟੇਅਰ ਰਕਬੇ ਵਿੱਚ ਪਿਆਜ਼ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਖਾਣ ਵਾਲੇ ਪਿਆਜ਼ ਦੀ ਖਪਤ ਛੇ ਲੱਖ ਮੈਟ੍ਰਿਕ ਟਨ ਹੈ ਅਤੇ ਸੂਬੇ ਵਿੱਚ ਸਿਰਫ਼ ਤਿੰਨ ਲੱਖ ਮੈਟ੍ਰਿਕ ਟਨ ਹੀ ਪੈਦਵਾਰ ਹੁੰਦੀ ਹੈ। ਯਾਨੀ ਬਾਕੀ ਅੱਧੀ ਖਪਤ ਦੀ ਪੂਰਤੀ ਹੋਰਨਾਂ ਪਿਆਜ਼ ਉਤਪਾਦਕ ਸੂਬਿਆਂ ਤੋਂ ਕੀਤੀ ਜਾਂਦੀ ਹੈ।"
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਗੁਆਂਢੀ ਸੂਬਿਆਂ ਕਸ਼ਮੀਰ, ਹਿਮਾਚਲ ਅਤੇ ਜੰਮੂ ਨੂੰ ਪਿਆਜ਼ ਸਪਲਾਈ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਸੂਬੇ ਵਿੱਚ ਪਿਆਜ਼ ਦੀ ਖੇਤੀ ਘੱਟ ਹੁੰਦੀ ਹੈ ਪਰ ਇੱਥੇ ਇਸ ਦਾ ਝਾੜ ਕੌਮੀ ਪੱਧਰ ਉੱਤੇ ਸਭ ਤੋਂ ਵੱਧ ਹੈ।
ਉਨ੍ਹਾਂ ਦੱਸਿਆ ਕਿ, “ਪੰਜਾਬ ਵਿੱਚ ਪਿਆਜ਼ ਦਾ ਝਾੜ 23 ਮੈਟ੍ਰਿਕ ਟਨ ਪ੍ਰਤੀ ਹੈਕਟੇਅਰ ਤੱਕ ਹੋ ਸਕਦਾ ਹੈ ਜਦਕਿ ਕੌਮੀ ਪੱਧਰ ਉੱਤੇ 17 ਮੈਟ੍ਰਿਕ ਟਨ ਪ੍ਰਤੀ ਹੈਕਟੇਅਰ ਦੀ ਹੀ ਪੈਦਾਵਾਰ ਹੁੰਦੀ ਹੈ।"
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜ੍ਹੀ ਅਤੇ ਸਾਉਣੀ ਮੌਸਮ ਵਿੱਚ ਪਿਆਜ਼ ਦੀ ਖੇਤੀ ਹੁੰਦੀ ਹੈ, ਹਾੜ੍ਹੀ ਵਿੱਚ ਪੀਆਰਓ-7, ਪੀਆਰਓ-6, ਪੰਜਾਬ ਨਰੋਆ, ਐਗਰੀ ਫਾਰ ਡਾਰਕ ਵਾਈਟ ਅਤੇ ਐਗਰੀ ਫਾਰ ਡਾਰਕ ਰੈੱਡ ਕਿਸਮ ਦੀ ਖੇਤੀ ਹੁੰਦੀ ਹੈ।
ਪੰਜਾਬ ਵਿੱਚ ਪਿਆਜ਼ ਦੀ ਖੇਤੀ ਸੰਗਰੂਰ, ਮਾਨਸਾ, ਬਠਿੰਡਾ, ਮੋਹਾਲੀ ਵਿੱਚ ਜ਼ਿਆਦਾ ਹੁੰਦੀ ਹੈ।













