ਪਠਾਨਕੋਟ : ਸਿਵਲ ਇੰਜੀਨਿਅਰ ਦੀ ਨੌਕਰੀ ਛੱਡ ਹਦਵਾਣਿਆਂ ਦੀ ਖੇਤੀ ਨਾਲ ਕਮਾ ਰਿਹਾ ਲੱਖਾਂ ਰੁਪਏ

ਰਮਨ ਸਲਾਰੀਆ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਰਮਨ ਸਲਾਰੀਆ ਦਿੱਲੀ ਵਿੱਚ ਨੌਕਰੀ ਕਰਦੇ ਸਨ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਇੱਕ ਪਾਸੇ ਜਿੱਥੇ ਪੰਜਾਬ ਦੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਉੱਥੇ ਹੀ ਪਠਾਨਕੋਟ ਦੇ ਕਿਸਾਨ ਦੇ ਬੇਟੇ ਰਮਨ ਸਲਾਰੀਆ ਸਿਵਲ ਇੰਜੀਨੀਅਰ ਦੀ ਨੌਕਰੀ ਛੱਡ ਕੇ ਕਿਸਾਨੀ ਵੱਲ ਮੁੜ ਆਏ ਹਨ।

ਰਮਨ ਪਿਛਲੇ 5 ਸਾਲ ਤੋ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕੋਲ ਪਠਾਨਕੋਟ ਵਿੱਚ 12 ਏਕੜ ਖੇਤੀ ਯੋਗ ਜ਼ਮੀਨ ਹੈ।

ਇਸ ਵਿੱਚੋਂ 5 ਏਕੜ ‘ਤੇ ਕਣਕ ਦੇ ਬਦਲ ਵਜੋਂ ਕਈ ਕਿਸਮਾਂ ਦੇ ਹਦਵਾਣਿਆਂ ਤੇ ਤਰਬੂਜ਼ਾਂ ਦੀ ਖੇਤੀ ਕਰਦੇ ਹਨ।

ਰਮਨ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਹੀ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰਦੇ ਹਨ।

ਰਮਨ ਦੱਸਦੇ ਹਨ, “ਮਿਹਨਤ ਤਾਂ ਜ਼ਰੂਰ ਹੈ ਪਰ ਮੁਨਾਫ਼ਾ ਵੀ ਵਧ ਗਿਆ ਹੈ।"

ਇਸ ਸਭ ਵਿਚਾਲੇ ਰਮਨ ਸਲਾਰੀਆ ਆਪਣੇ-ਆਪ ਨੂੰ ਸਫ਼ਲ ਕਿਸਾਨ ਮੰਨਦੇ ਹਨ।

ਵੀਡੀਓ ਕੈਪਸ਼ਨ, ਇੰਜੀਨੀਅਰਿੰਗ ਛੱਡ ਹਦਵਾਣਿਆਂ ਤੋਂ ਲੱਖਾਂ ਕਮਾਉਣ ਵਾਲਾ ਪੰਜਾਬੀ

39 ਸਾਲਾ ਰਮਨ ਸਲਾਰੀਆ ਨੇ ਬੀਟੈੱਕ ਸਿਵਲ ਇੰਜੀਨੀਅਰ ਕੀਤੀ ਹੋਈ ਹੈ।

ਰਮਨ ਸਲਾਰੀਆ ਦਾ ਪਿਛੋਕੜ ਇੱਕ ਕਿਸਾਨ ਪਰਿਵਾਰ ਦਾ ਹੈ ਪਰ ਉਹ ਆਪਣੀ ਪੜ੍ਹਾਈ ਪੂਰੀ ਕਰ ਕੇ ਕਈ ਸਾਲ ਪਹਿਲਾਂ ਦਿੱਲੀ ਵਿੱਚ ਮੈਟਰੋ ਤਿਆਰ ਕਰਨ ਵਾਲੀ ਇਕ ਕੰਪਨੀ ਵਿੱਚ ਸਿਵਲ ਇੰਜੀਨੀਅਰ ਦੇ ਤੌਰ 'ਤੇ ਨੌਕਰੀ ਕਰਦੇ ਸਨ।

ਰਮਨ ਨੇ ਕਰੀਬ 14 ਸਾਲ ਨੌਕਰੀ ਕੀਤੀ ਅਤੇ ਬਾਅਦ ਵਿੱਚ ਮਾਤਾ-ਪਿਤਾ ਦਾ ਇਕੱਲਾ ਸਹਾਰਾ ਹੋਣ ਕਾਰਨ ਉਹ ਸਾਲ 2019 ਵਿੱਚ ਨੌਕਰੀ ਛੱਡ ਕੇ ਪਿੰਡ ਪਰਤ ਆਏ।

ਵਾਪਸ ਆ ਕੇ ਉਨ੍ਹਾਂ ਨੇ ਆਪਣੇ ਪਰਿਵਾਰਕ ਧੰਦੇ ਖੇਤੀ ਨੂੰ ਮੁੱਖ ਕਿੱਤੇ ਵਜੋਂ ਚੁਣਿਆ ਅਤੇ ਅੱਜ ਕੱਲ ਪਠਾਨਕੋਟ ਨੇੜਲੇ ਆਪਣੇ ਪਿੰਡ ਜੰਗਲ ਵਿੱਚ ਖੇਤੀ ਕਰ ਰਹੇ ਹਨ।

ਰਮਨ ਸਲਾਰੀਆ ਦੇ ਫਾਰਮ ‘ਤੇ ਹਰੇਕ ਦੀ ਨਜ਼ਰ ਸਰਸਰੀ ਹੀ ਚਲੇ ਜਾਂਦੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵੱਖ-ਵੱਖ ਕਿਸਮਾਂ ਦੇ ਰੰਗ-ਬਿਰੰਗੇ ਹਦਵਾਣੇ

ਰਮਨ ਸਲਾਰੀਆ ਦੱਸਦੇ ਹਨ, “ਕਰੀਬ 5 ਸਾਲ ਪਹਿਲਾ ਜਦੋਂ ਖੇਤੀ ਸ਼ੁਰੂ ਕੀਤੀ ਤਾਂ ਰਵਾਇਤੀ ਖੇਤੀ ਨਾ ਕਰ ਕੇ ਡਰੈਗਨ ਫਰੂਟ ਅਤੇ ਸਟ੍ਰਾਬੇਰੀ ਦੀ ਖੇਤੀ ਤੋਂ ਸ਼ੁਰੂਆਤ ਕੀਤੀ। ਮੈਂ ਪਿਛਲੇ ਸਾਲ ਦੇਖਿਆ ਕਿ ਪੰਜਾਬ ਵਿੱਚ ਕੁਝ ਇਲਾਕੇ ਹਨ, ਜਿੱਥੇ ਕਿਸਾਨ ਵਿਦੇਸ਼ੀ ਕਿਸਮਾਂ ਵਾਲੇ ਹਦਵਾਣੇ ਅਤੇ ਖ਼ਰਬੂਜੇ ਦੀ ਖੇਤੀ ਕਰ ਰਹੇ ਹਨ।"

“ਉਸ ਫ਼ਲ ਦੀ ਬਜ਼ਾਰ ਵਿੱਚ ਮੰਗ ਵੀ ਹੈ, ਜਿਸ ਨੂੰ ਦੇਖ ਮੈਂ ਪਿਛਲੇ ਸਾਲ ਇੱਕ ਏਕੜ ਵਿੱਚ ਖ਼ਰਬੂਜਾ ਅਤੇ ਇੱਕ ਏਕੜ ਵਿੱਚ ਹਦਵਾਣਿਆਂ (ਤਰਬੂਜ਼) ਦੀ ਖੇਤੀ ਦਾ ਟਰਾਇਲ ਕੀਤਾ।"

ਉਹ ਦੱਸਦੇ ਹਨ ਕਿ ਉਹ ਕਾਮਯਾਬ ਵੀ ਰਹੇ ਹਨ ਅਤੇ ਇਸ ਤੋਂ ਚੰਗਾ ਮੁਨਾਫ਼ਾ ਵੀ ਮਿਲਿਆ ਹੈ।

ਇਸੇ ਨੂੰ ਦੇਖ ਉਨ੍ਹਾਂ ਨੇ ਇਸ ਵਾਰ 5 ਏਕੜ ਦੇ ਰਕਬੇ ‘ਚ 5 ਵੱਖ-ਵੱਖ ਕਿਸਮਾਂ ਦੇ ਹਦਵਾਣਿਆਂ (ਤਰਬੂਜ਼) ਦੀ ਫ਼ਸਲ ਬੀਜੀ ਹੈ, ਜੋ ਹੁਣ ਪੱਕ ਕੇ ਤਿਆਰ ਹੈ।

ਤਰਬੂਜ਼

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਸਲਾਰੀਆ ਨੇ 5 ਕਿਸਮਾਂ ਦੇ ਹਦਵਾਣਿਆਂ ਦੀ ਖੇਤੀ ਸ਼ੁਰੂ ਕੀਤੀ

ਸਲਾਰੀਆ ਮੁਤਾਬਕ, ਇਹ ਜੋ ਵਿਦੇਸ਼ੀ ਕਿਸਮ ਦੀ ਫ਼ਸਲ ਹੈ, ਉਹ ਦੇਸੀ ਤਰਬੂਜ਼ ਤੋਂ ਕਾਫੀ ਵੱਖਰੀ ਹੈ।

ਉਹ ਦੱਸਦੇ ਹਨ, “ਇਨ੍ਹਾਂ ਵੱਖ-ਵੱਖ ਰੰਗਾਂ ਵਾਲੀਆਂ ਕਿਸਮਾਂ ਵਿੱਚ ਇੱਕ ਕਿਸਮ ਅਜਿਹੀ ਹੈ, ਜਿਸ ਵਿੱਚ ਤਰਬੂਜ਼ ਬਾਹਰੋਂ ਪੀਲਾ ਤੇ ਅੰਦਰੋਂ ਲਾਲ ਅਤੇ ਦੂਸਰੀ ਕਿਸਮ, ਜੋ ਅੰਦਰੋਂ ਵੀ ਪੀਲਾ ਹੈ। ਇਸੇ ਤਰ੍ਹਾਂ ਇੱਕ ਬਾਹਰੋਂ ਹਰਾ ਹੈ ਪਰ ਜਦੋਂ ਕੱਟੀਏ ਤਾਂ ਅੰਦਰੋਂ ਪੀਲਾ ਨਿਕਲਦਾ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਦੇ ਆਕਾਰ ਵੀ ਵੱਖੋ ਵੱਖਰੇ ਹਨ।"

ਸਲਾਰੀਆ ਦਾ ਕਹਿਣਾ ਹੈ ਕਿ ਇਹ ਖਾਣ ਵਿੱਚ ਵੀ ਵੱਧ ਮਿੱਠੇ ਹੁੰਦੇ ਹਨ ਅਤੇ ਅੰਦਰ ਬੀਜ ਵੀ ਬਹੁਤ ਘੱਟ ਹੁੰਦੇ ਹਨ। ਇਸ ਲਈ ਇਸ ਨੂੰ ਖ਼ਰੀਦਣ ਵਾਲੇ ਲੋਕ ਵੀ ਵਧ ਹਨ, ਬੇਸ਼ੱਕ ਇਹ ਮਹਿੰਗੇ ਹੀ ਹਨ।

ਰਮਨ ਮੁਤਾਬਕ ਇਸ ਦੀ ਖੇਤੀ ਦੇਸੀ ਤਰਬੂਜ਼ ਦੀ ਖੇਤੀ ਤੋ ਮਹਿੰਗੀ ਹੈ ਕਿਉਕਿ ਪਹਿਲਾ ਤਾਂ ਬੀਜ ਮਹਿੰਗਾ ਹੈ ਅਤੇ ਇਸ ਦੀ ਬਿਜਾਈ ਲਈ ਤਕਨੀਕ ਵੀ ਰਵਾਇਤੀ ਪੁਰਾਣੀ ਤਕਨੀਕ ਤੋ ਵੱਖ ਹੈ।

ਸਲਾਰੀਆ ਦਾਅਵਾ ਕਰਦੇ ਹਨ, “ਇਸ ਤੋਂ ਇਲਾਵਾ ਇਸ ਦੀ ਸਾਂਭ-ਸੰਭਾਲ ਵੀ ਵੱਖਰੇ ਢੰਗ ਨਾਲ ਹੁੰਦੀ ਹੈ। ਜੇਕਰ ਖ਼ਰਚ ਅਤੇ ਮਿਹਨਤ ਵਧ ਹੈ ਤਾਂ ਕਣਕ ਨਾਲੋਂ ਮੁਨਾਫਾ ਵੀ ਕਿਤੇ ਵੱਧ ਹੈ।"

“ਇਸ ਫ਼ਸਲ ਦਾ ਇੱਕ ਵੱਡਾ ਲਾਭ ਹੈ ਕਿ ਇਹ ਕਰੀਬ 3 ਮਹੀਨੇ ਦੀ ਫ਼ਸਲ ਹੈ ਅਤੇ ਜੂਨ ਵਿੱਚ ਉਹ ਇਸ ਤੋਂ ਬਾਅਦ ਝੋਨਾ ਵੀ ਲਗਾ ਸਕਦੇ ਹਨ।“

ਉਨ੍ਹਾਂ ਨੇ ਇਸ ਵਾਰ ਇਹ ਵੀ ਤਜ਼ਰਬਾ ਕੀਤਾ ਹੈ ਕਿ ਆਪਣੀ ਸਟ੍ਰਾਬੇਰੀ ਦੀ ਫ਼ਸਲ ਵਿੱਚ ਵੀ ਕੁਝ ਰਕਬੇ ਵਿੱਚ ਤਰਬੂਜ਼ ਦੀ ਇੰਟਰਕਰੋਪਿੰਗ ਕੀਤੀ ਹੈ, ਜਿਸ ਨਾਲ ਉਨ੍ਹਾਂ ਦੁੱਗਣਾ ਮੁਨਾਫ਼ਾ ਹੋਵੇਗਾ।

ਤਰਬੂਜ਼

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਇਨ੍ਹਾਂ ਵਿੱਚ ਦੇਸ਼ੀ-ਵਿਦੇਸ਼ੀ ਕਿਸਮਾਂ ਸ਼ਾਮਲ ਹਨ
ਇਹ ਵੀ ਪੜ੍ਹੋ-

ਕਿੰਨੀ ਕਮਾਈ ਹੁੰਦੀ ਹੈ

ਰਮਨ ਮੁਤਾਬਕ ਇਸ ਫ਼ਸਲ ਤੋਂ ਆਮਦਨ ਰਵਾਇਤੀ ਫ਼ਸਲਾਂ ਨਾਲੋਂ ਕਿਤੇ ਜਿਆਦਾ ਚੰਗੀ ਹੁੰਦੀ ਹੈ।

ਉਹ ਦੱਸਦੇ ਹਨ ਕਿ ਗੁਰਦਾਸਪੁਰ ਖੇਤਰ ਵਿੱਚ ਇਸ ਫ਼ਸਲ ਦੇ ਕਾਸ਼ਤਕਾਰ ਘੱਟ ਹਨ। ਇਸ ਦਾ ਝਾੜ 150-200 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਇਸ ਦੇ ਹਿਸਾਬ ਨਾਲ ਕਰੀਬ ਦੋ ਲੱਖ ਰੁਪਏ ਪ੍ਰਤੀ ਏਕੜ ਦੀ ਫ਼ਸਲ ਨਿਕਲ ਆਉਂਦੀ ਹੈ।

ਇਹ ਫ਼ਸਲ ਸਿਰਫ਼ 3 ਮਹੀਨੇ ਦੀ ਹੈ, ਅਤੇ ਇੱਕ ਲੱਖ ਰੁਪਏ ਅਸੀਂ ਬੀਜ਼ ਤੋਂ ਲੈ ਕੇ ਮੰਡੀਕਰਨ ਤੱਕ ਸਾਰੇ ਖ਼ਰਚ ਲਾ ਲਈਏ ਤਾਂ ਇਹ ਲੱਖ ਰੁਪਏ ਪ੍ਰਤੀ ਏਕੜ ਛੱਡ ਦਿੰਦਾ ਹੈ।

ਇਸ ਤਰ੍ਹਾਂ ਪੰਜ ਏਕੜ ਦੀ ਖੇਤੀ ਵਿੱਚੋਂ ਤਿੰਨ ਮਹੀਨੇ ਦੇ ਅਰਸੇ ਵਿੱਚ 10 ਲੱਖ ਦੀ ਪੈਦਾਵਾਰ ਕਰਦੇ ਹਨ।

ਖੇਤੀ ਮਾਹਰਾਂ ਮੁਤਾਬਕ ਪੰਜਾਬ ਦੇ ਕੰਢੀ ਅਤੇ ਘੱਟ ਪਾਣੀ ਵਾਲੇ ਇਲਾਕਿਆਂ ਵਿੱਚ ਵੀ ਇਹ ਫ਼ਸਲਾਂ ਰਵਾਇਤੀ ਫਸਲਾਂ ਦੀਆਂ ਬਦਲ ਹੋ ਸਕਦੀਆਂ ਹਨ।

ਸਿੱਧੀ ਲੋਕਾਂ ਤੱਕ ਪਹੁੰਚ

ਰਮਨ ਦਾ ਕਹਿਣਾ ਹੈ ਅਕਸਰ ਕਣਕ, ਝੋਨੇ ਦੀ ਫ਼ਸਲ ਤੋ ਇਲਾਵਾ ਹੋਰਨਾਂ ਫ਼ਸਲਾਂ ਜਾਂ ਸਬਜ਼ੀਆਂ ਦੀ ਕਾਸ਼ਤ ਵਿੱਚ ਜੋ ਵੱਡੀ ਮੁਸ਼ਕਿਲ ਕਿਸਾਨ ਲਈ ਹੁੰਦੀ ਹੈ, ਉਹ ਹੈ ਉਸਦਾ ਮੰਡੀਕਰਨ ਅਤੇ ਉਸ ਨੂੰ ਵੀ ਸ਼ੁਰੂ ‘ਚ ਇਹ ਮੁਸ਼ਕਿਲ ਆਈ ਸੀ।

ਉਹ ਦੱਸਦੇ ਹਨ ਡਰੈਗਨ ਫਰੂਟ ਵੇਲੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਮੰਡੀ ਵਿੱਚ ਆਪਣੀ ਫ਼ਸਲ ਨੂੰ ਘੱਟ ਵੇਚਿਆ ਅਤੇ ਸਿੱਧਾ ਹੀ ਗਾਹਕਾਂ ਤੱਕ ਪੁੱਜਦਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਲੋਕਾਂ ਤੱਕ ਵੀ ਆਪਣੀ ਮਾਰਕੀਟ ਬਣਾ ਲਈ ਸੀ, ਜਿਸ ਦਾ ਲਾਭ ਉਨ੍ਹਾਂ ਨੂੰ ਮਿਲ ਰਿਹਾ ਹੈ।

ਹੁਣ ਵੀ ਉਹ ਜਿਹੜੇ ਹਦਵਾਣਿਆਂ ਦੀ ਖੇਤੀ ਕਰ ਰਹੇ ਹਨ, ਉਸ ਲਈ ਉਨ੍ਹਾਂ ਨੂੰ ਕੋਈ ਖ਼ਾਸ ਮੁਸ਼ਕਲ ਦਰਪੇਸ਼ ਨਹੀਂ ਹੈ ਕਿਉਂਕਿ ਉਨ੍ਹਾਂ ਮੁਤਾਬਕ ਇਸ ਫ਼ਲ ਦੀ ਮੰਗ ਹੈ।

ਪਹਿਲਾ ਇਹ ਫ਼ਲ ਜਲੰਧਰ ਨੇੜੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਜਿੱਥੇ ਜ਼ਿਆਦਾ ਇਸ ਦੀ ਖੇਤੀ ਹੈ, ਉਥੋ ਆ ਰਿਹਾ ਹੈ। ਇਸ ਲਈ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਮੰਡੀ ਤੋਂ ਸਲਾਰੀਆ ਕੋਲ ਇਸ ਦਾ ਆਰਡਰ ਹੈ।

ਰਮਨ ਸਲਾਰੀਆ ਆਖਦੇ ਹਨ, “ਅੱਜ ਜੇਕਰ ਕਿਸਾਨੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਕਿਸਾਨ ਨੂੰ ਮਿਹਨਤ ਅਤੇ ਰਵਾਇਤੀ ਫ਼ਸਲਾਂ ਛੱਡ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਚੰਗੀ ਕਮਾਈ ਕਰ ਸਕਦੇ ਹਨ।"

ਜਤਿੰਦਰ ਕੁਮਾਰ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਜਤਿੰਦਰ ਕੁਮਾਰ ਦੱਸਦੇ ਹਨ ਕੀ ਪੰਜਾਬ ਵਿੱਚ ਮਾਲਵਾ ਅਤੇ ਦੁਆਬਾ ਦੀ ਜਲੰਧਰ ਨੇੜੇ ਦੀ ਬੈਲਟ ਤੇ ਦੇਸੀ ਅਤੇ ਵਿਦੇਸ਼ੀ ਕਿਸਮ ਦੇ ਹਦਵਾਣਿਆਂ ਦੀ ਖੇਤੀ ਹੁੰਦੀ ਹੈ

ਕੀ ਕਹਿੰਦੇ ਹਨ ਮਾਹਰ

ਖੇਤੀਬਾੜੀ ਅਤੇ ਬਾਗ਼ਬਾਨੀ ਮਾਹਰ ਜਤਿੰਦਰ ਕੁਮਾਰ ਦੱਸਦੇ ਹਨ ਕੀ ਪੰਜਾਬ ਵਿੱਚ ਮਾਲਵੇ ਅਤੇ ਦੁਆਬੇ ਦੀ ਜਲੰਧਰ ਨੇੜਲੀ ਬੈਲਟ ਹੈ, ਜਿੱਥੇ ਮੁੱਖ ਤੌਰ ਤੇ ਦੇਸੀ ਅਤੇ ਵਿਦੇਸ਼ੀ ਕਿਸਮ ਦੇ ਹਦਵਾਣਿਆਂ ਦੀ ਖੇਤੀ ਹੁੰਦੀ ਹੈ।

ਉਹ ਦੱਸਦੇ ਹਨ, “ਪੰਜਾਬ ਵਿੱਚ ਇਹ ਖੇਤੀ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਭਾਵੇਂ ਕਿ ਕੁਝ ਕਿਸਾਨ ਹਨ ਕਿਉਂਕਿ ਇਸ ਫ਼ਲ ਲਈ ਮੁੱਖ ਤੌਰ ‘ਤੇ ਰੇਤਲੀ ਜ਼ਮੀਨ ਜ਼ਿਆਦਾ ਲਾਹੇਵੰਦ ਹੁੰਦੀ ਹੈ। ਰਾਵੀ ਦਰਿਆ ਦੇ ਕੰਡੇ ਅਤੇ ਕੁਝ ਪਠਾਨਕੋਟ ਦਾ ਇਲਾਕਾ ਹੈ, ਜਿੱਥੇ ਰੇਤਲੀ ਜ਼ਮੀਨ ਹੈ।"

“ਮਾਹਰ ਦੱਸਦੇ ਹਨ ਕੀ ਇਹ ਕਿਸਾਨ ਲਈ ਲਾਹੇਵੰਦ ਫ਼ਸਲ ਹੈ ਖ਼ਾਸ ਤੌਰ ‘ਤੇ ਪਠਾਨਕੋਟ ਦੇ ਕਿਸਾਨਾਂ ਲਈ ਕਿਉਕਿ ਇੱਥੇ ਉਸ ਲਈ ਮੰਡੀਕਰਨ ਵੀ ਸੌਖਾ ਹੈ ਕਿਉਂਕਿ ਜ਼ਿਲ੍ਹਾ ਪਠਾਨਕੋਟ ਨੂੰ ਤਿੰਨ ਸੂਬੇ ਲੱਗਦੇ ਹਨ। ਇਨ੍ਹਾਂ ਵਿੱਚ ਪੰਜਾਬ ਤਾਂ ਹੈ ਹੀ, ਇਸ ਦੇ ਨਾਲ ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਵੀ ਲੱਗਦੀ ਹੈ।"

ਉਹ ਅੱਗੇ ਦੱਸਦੇ ਹਨ ਕਿ ਇਸ ਲਈ ਇਸ ਫ਼ਸਲ ਅਤੇ ਅਜਿਹੀਆਂ ਬਾਗ਼ਬਾਨੀ ਨਾਲ ਜੁੜੀਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਲਈ ਬਹੁਤ ਗਾਹਕ ਆਉਂਦੇ ਹਨ। ਉਧਰ ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡਣ ਵਾਲੇ ਕਿਸਾਨਾਂ ਨੂੰ ਬਾਗ਼ਵਾਨੀ ਵਿਭਾਗ ਵੀ ਹਰ ਤਰ੍ਹਾਂ ਨਾਲ ਸਰਕਾਰੀ ਸਕੀਮਾਂ ਤਹਿਤ ਮਦਦ ਵੀ ਕਰਦਾ ਹੈ ਅਤੇ ਲਾਭ ਵੀ ਦਿੰਦਾ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)