ਪਿਓ ਤੇ ਭਰਾ ਦੀ ਮੌਤ ਤੋਂ ਬਾਅਦ ਰੋਟੀ ਲਈ ਮੁਥਾਜ ਹੋਈਆਂ ਪੰਜਾਬੀ ਭੈਣਾਂ ਇੰਝ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋਈਆਂ

- ਲੇਖਕ, ਭਾਰਤ ਭੂਸ਼ਨ
- ਰੋਲ, ਬੀਬੀਸੀ ਸਹਿਯੋਗੀ
ਹਰਜਿੰਦਰ ਕੌਰ ਦਾ ਬਚਪਨ ਆਪਣੀ ਵੱਡੀ ਭੈਣ ਅਤੇ ਦੋ ਭਰਾਵਾਂ ਨਾਲ ਇੱਕ ਹੱਸਦੇ-ਖੇਡਦੇ ਪਰਿਵਾਰ ’ਚ ਬੀਤਿਆ।
ਪਰ ਉਨ੍ਹਾਂ ਦੇ ਸਿਰੋਂ ਉਨ੍ਹਾਂ ਦੇ ਭਰਾਵਾਂ ਅਤੇ ਬਾਪੂ ਦੀ ਸੰਘਣੀ ਛਾਂ ਹਟਣ ਮਗਰੋਂ ਉਨ੍ਹਾਂ ਨੂੰ ਤਿੱਖੀ ਧੁੱਪ ਵਿੱਚ ਆਪਣੀ ਜ਼ਿੰਦਗੀ ਦਾ ਭਾਰ ਆਪਣੇ-ਆਪ ਚੁੱਕਣਾ ਪਿਆ।
ਹਰਜਿੰਦਰ ਕੌਰ ਉਦੋਂ ਕਰੀਬ 10 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਅਜਿਹੇ ਬਣ ਗਏ ਸਨ ਕਿ ਉਨ੍ਹਾਂ ਲਈ ਇੱਕ ਟਾਈਮ ਦਾ ਸੌਦਾ ਲੈਣਾ ਵੀ ਮੁਸ਼ਕਲ ਹੋ ਗਿਆ ਸੀ।
ਇਸ ਮਗਰੋਂ 17 ਸਾਲਾਂ ਦੀ ਉਮਰ ਵਿੱਚ ਹੀ ਹਰਜਿੰਦਰ ਕੌਰ ਆਪਣੇ ਪਰਿਵਾਰ ਦਾ ਖੇਤੀਬਾੜੀ ਦੇ ਕਿੱਤੇ ਵਿੱਚ ਹੱਥ ਵਟਾਉਣ ਲੱਗ ਗਏ ਸਨ।
ਉਨ੍ਹਾਂ ਦੀ ਵੱਡੀ ਭੈਣ ਸਿਮਰਜੀਤ ਕੌਰ ਵੀ ਇਸ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੇ ਹਨ।
ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਵੱਡੀ ਭੈਣ ਸਿਮਰਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਦੇ ਰਹਿਣ ਵਾਲੇ ਹਨ।
ਉਹ ਆਪਣੇ ਪਿੰਡ ਵਿੱਚ ਵੀ ਆਪਣੀ ਪਰਿਵਾਰ ਵਿੱਚੋਂ ਮਿਲੀ ਕਰੀਬ ਪੰਜ ਏਕੜ ਜ਼ਮੀਨ ਦੀ ਵਾਹੀ ਕਰਦੇ ਹਨ।

'ਸਾਡਾ ਵਾਲ-ਵਾਲ ਕਰਜ਼ੇ ਵਿੱਚ ਸੀ'
ਹਰਜਿੰਦਰ ਕੌਰ ਦੇ ਇੰਸਟਾਗ੍ਰਾਮ ਉੱਤੇ 74000 ਦੇ ਕਰੀਬ ਫ਼ੋਲੋਅਰਜ਼ ਹਨ।
ਆਪਣੇ ਬਚਪਨ ਅਤੇ ਪੜ੍ਹਾਈ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਰੈਗੂਲਰ ਸਕੂਲ ਤੋਂ ਕੀਤੀ।ਉਹ ਦੱਸਦੇ ਹਨ, “ਘਰ ਵਿਚਲੀ ਮਜਬੂਰੀ ਕਾਰਨ ਮੈਂ ਸਕੂਲ ਤੋਂ ਪਰਤਦਿਆਂ ਹੀ ਘਰ ਅਤੇ ਖੇਤ ਦੇ ਰੁਝੇਵਿਆਂ ਵਿੱਚ ਜੁੱਟ ਜਾਂਦੀ ਸੀ।"
ਉਹ ਦੱਸਦੇ ਹਨ ਉਨ੍ਹਾਂ ਦਾ ਵੱਡਾ ਭਰਾ ਕਾਫੀ ਬਿਮਾਰ ਹੋ ਗਿਆ ਸੀ ਅਤੇ ਉਨ੍ਹਾਂ ਦੇ ਇਲਾਜ ਉੱਤੇ ਕਾਫੀ ਪੈਸੇ ਖਰਚ ਹੋਏ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਤਾਇਆ ਜੀ ਦੀ ਮੌਤ ਹੋ ਗਈ ਸੀ।
ਇਸ ਮਗਰੋਂ ਉਨ੍ਹਾਂ ਦੇ ਪਿਤਾ ਨੂੰ ਬਲੱਡ ਕੈਂਸਰ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਵੱਡੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ, ਉਹ ਵਿਆਹੇ ਹੋਏ ਸਨ।
ਉਹ ਦੱਸਦੇ ਹਨ ਉਨ੍ਹਾਂ ਦੇ ਵੱਡੇ ਭਰਾ ਨੇ ਕਰਜ਼ਾ ਲੈ ਕੇ ਟ੍ਰੈਕਟਰ ਲਿਆ ਸੀ, ਇਸ ਦੇ ਨਾਲ ਹੀ ਪਿਤਾ ਅਤੇ ਭਰਾ ਦੇ ਇਲਾਜ ਵਿੱਚ ਪੈਸੇ ਲੱਗਣ ਕਾਰਨ ਉਨ੍ਹਾਂ ਦਾ ਵਾਲ-ਵਾਲ ਕਰਜ਼ੇ ਵਿੱਚ ਡੁੱਬ ਗਿਆ ਸੀ।
ਦੋਵਾਂ ਭੈਣਾਂ ਨੇ ਆਪਣੀ ਮਿਹਨਤ ਦੇ ਦਮ ਉੱਤੇ ਆਪਣੇ ਸਿਰ ਪਿਆ ਕਰਜ਼ਾ ਲਾਹਿਆ।
ਇਸ ਮਗਰੋਂ ਉਨ੍ਹਾਂ ਨੇ ਦਲੇਰੀ ਨਾਲ ਨਿਰਣਾ ਲਿਆ ਕਿ ਉਹ ਖੇਤੀ ਕਰਨਗੇ। ਉਹ ਹੁਣ ਟਰੈਕਟਰ ਨਾਲ ਖੇਤ ਵਾਹੁਣ ਤੋਂ ਲੈ ਕੇ ਡੰਗਰਾਂ ਲਈ ਪੱਠੇ ਵੱਢਣ ਸਣੇ ਖੇਤੀ ਨਾਲ ਜੁੜੇ ਅਨੇਕਾਂ ਕੰਮ ਆਪ ਸਾਂਭ ਰਹੇ ਹਨ।
ਖੇਤਾਂ ਵਿੱਚ ਕਿਰਤ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਦੀਆਂ ਇਹ ਭੈਣਾਂ ਆਪਣੇ ਪਿੰਡ ਦੇ ਨਾਲ-ਨਾਲ ਹੋਰ ਲੋਕਾਂ ਦੇ ਲਈ ਵੀ ਪ੍ਰੇਰਣਾ ਬਣੀਆਂ ਹਨ।

'ਸੋਸ਼ਲ ਮੀਡੀਆ ਰਾਹੀਂ ਮਦਦ ਮਿਲੀ'

ਹਰਜਿੰਦਰ ਕੌਰ ਸੋਸ਼ਲ ਮੀਡੀਆ ਉੱਤੇ ਵੀ ਆਪਣੇ ਖੇਤੀ ਕਰਦਿਆਂ ਦੀ ਵੀਡੀਓਜ਼ ਅਤੇ ਤਸਵੀਰਾਂ ਅਪਲੋਡ ਕਰਦੇ ਹਨ।
ਉਹ ਕਹਿੰਦੇ ਹਨ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਅਕਾਊਂਟ ਬਣਾਇਆ ਤਾਂ ਉਨ੍ਹਾਂ ਨੂੰ ਲੋਕਾਂ ਕੋਲੋਂ ਕਾਫੀ ਚੰਗਾਂ ਹੁੰਗਾਰਾ ਮਿਲਿਆ।
ਇੱਥੋਂ ਤੱਕ ਕਿ ਜਦੋਂ ਉਨ੍ਹਾਂ ਨੇ ਟਰੈਕਟਰ ਅਤੇ ਖੇਤੀ ਲਈ ਲੋੜੀਂਦੇ ਉਪਕਰਨਾਂ ਦੀ ਘਾਟ ਹੋਣ ਬਾਰੇ ਸੋਸ਼ਲ ਮੀਡੀਆ ਉੱਤੇ ਅਪੀਲ ਕੀਤੀ ਤਾਂ ਲੋਕਾਂ ਨੇ ਰਲ ਕੇ ਉਨ੍ਹਾਂ ਨੂੰ ਟਰੈਕਟਰ ਲੈ ਦਿੱਤਾ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਹ ਮਸ਼ੀਨਰੀ ਤੱਕ ਵੀ ਆਪ ਨਹੀਂ ਖਰੀਦ ਸਕਦੇ ਸਨ।
ਉਹ ਕਹਿੰਦੇ ਹਨ, “ਇੱਕ ਤਾਂ ਮਸ਼ੀਨਰੀ ਦੀ ਘਾਟ ਸੀ ਅਤੇ ਇਸ ਦੇ ਨਾਲ ਹੀ ਸਾਡੇ ਕੋਲ ਮੌਜੂਦਾ ਮਸ਼ੀਨਰੀ ਵੀ ਖ਼ਰਾਬ ਹੋ ਗਈ ਸੀ। ਪਰ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਖੇਤੀਬਾੜੀ ਲਈ ਟਰੈਕਟਰ ਮਿਲਿਆ।”
ਉਨ੍ਹਾਂ ਨੂੰ ਖੇਤੀ ਵਿੱਚ ਵਰਤੀਆਂ ਜਾਂਦੀਆਂ ਤਵੀਆਂ ਅਤੇ ਹਲ ਖਰੀਦਣ ਵਿੱਚ ਵੀ ਮਦਦ ਮਿਲੀ।
ਹਰਜਿੰਦਰ ਕੌਰ ਖੇਤੀ ਦੇ ਨਾਲ-ਨਾਲ ਕਾਨੂੰਨ ਦੀ ਪੜ੍ਹਾਈ ਕਰਨੀ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿ ਔਰਤਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ।
ਉਹ ਕਹਿੰਦੇ ਹਨ ਕਿ ਹਾਲਾਂਕਿ ਲੋਕ ਇਹ ਕਹਿ ਤਾਂ ਦਿੰਦੇ ਹਨ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹੁੰਦੀਆਂ ਹਨ ਪਰ ਇਸ ਨੂੰ ਅਸਲੀਅਤ ਵਿੱਚ ਜ਼ਿੰਦਗੀ ਵਿੱਚ ਕੋਈ-ਕੋਈ ਹੀ ਅਪਣਾਉਂਦਾ ਹੈ।
‘ਅਸੀਂ ਜ਼ਿੰਦਗੀ ਦਾ ਹਰ ਰੰਗ ਦੇਖਿਆ ਹੈ’

2007 ਤੋਂ ਖੇਤੀ ਸ਼ੁਰੂ ਕਰਨ ਤੋਂ ਬਾਅਦ, ਉਹ 2010 ਤੋਂ ਇਕੱਲਿਆਂ ਖੇਤੀ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਖੁਸ਼ੀਆਂ ਤੋਂ ਲੈ ਕੇ ਅੱਤ ਦੀ ਔਖਿਆਈ ਜਿਹੇ ਜ਼ਿੰਦਗੀ ਦੇ ਕਈ ਰੰਗ ਦੇਖੇ ਹਨ।
ਪਿਤਾ, ਤਾਇਆ ਅਤੇ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਹਾਲਾਤ ਬਿਲਕੁਲ ਬਦਲ ਗਏ।
ਉਹ ਦੱਸਦੇ ਹਨ, “ਇਸ ਮਗਰੋਂ ਪਰਿਵਾਰ ਨੂੰ ਜੋ ਆਰਥਿਕ ਤੰਗੀ ਆਈ ਉਹ ਤਾਂ ਇੱਕ ਗੱਲ ਹੈ ਪਰ ਉਨ੍ਹਾਂ ਨੇ ਜੋ ਸਮਾਜਿਕ ਤਣਾਅ ਆਏ ਉਸ ਨੂੰ ਵੀ ਹੌਂਸਲੇ ਨਾਲ ਝੱਲਿਆ।"
ਇਸ ਮਗਰੋਂ ਪਰਿਵਾਰ ਉੱਤੇ ਚੜ੍ਹਿਆ ਕਰਜ਼ਾ ਲਾਹੁਣ ਅਤੇ ਪਰਿਵਾਰ ਦੇ ਗੁਜ਼ਰ-ਬਸਰ ਦੇ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਉੱਤੇ ਪੈ ਗਈ।
ਉਹ ਕਹਿੰਦੇ ਹਨ ਘਰ ਦੇ ਕੰਮ ਵਿੱਚ ਹੱਥ ਵਟਾਉਣਾ ਉਨ੍ਹਾਂ ਦਾ ਸ਼ੌਂਕ ਸੀ ਪਰ ਇਹ ਸ਼ੌਂਕ ਇੱਕ ਦਿਨ ਮਜ਼ਦੂਰੀ ਦਾ ਰੂਪ ਲੈ ਲਵੇਗਾ ਇਹ ਉਨ੍ਹਾਂ ਨੇ ਬਿਲਕੁਲ ਵੀ ਨਹੀਂ ਸੀ ਸੋਚਿਆ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਹੋਰਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ।
ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਦੱਸਦੇ ਹਨ ਕਿ ਦੋਵਾਂ ਭੈਣਾਂ ਇਲਾਕੇ ਵਿੱਚ ਇੱਕ ਮਿਸਾਲ ਬਣ ਗਈਆਂ ਹਨ। ਉਹ ਦੱਸਦੇ ਹਨ ਕਿ ਦੋਵਾਂ ਭੈਣਾਂ ਦੇ ਹੌਂਸਲੇ ਨਾਲ ਪਿੰਡ ਅਤੇ ਇਲਾਕੇ ਦੀਆਂ ਧੀਆਂ ਨੂੰ ਵੀ ਹੌਂਸਲਾ ਮਿਲਿਆ ਹੈ।












