ਅੰਬਾਂ ਨੂੰ ਪਕਾਉਣ ਵਾਲਾ ਕਾਰਬਾਈਡ ਕਿਵੇਂ ਸਿਹਤ ਲਈ ਖ਼ਤਰਨਾਕ ਹੈ, ਇਸ ਦੇ ਅਸਰ ਤੋਂ ਕਿਵੇਂ ਬਚ ਸਕਦੇ ਹਾਂ

ਅੰਬ

ਤਸਵੀਰ ਸਰੋਤ, ANI

    • ਲੇਖਕ, ਰੁਚਿਤਾ
    • ਰੋਲ, ਬੀਬੀਸੀ ਗੁਜਰਾਤੀ ਪੱਤਰਕਾਰ

ਜਿਵੇਂ ਹੀ ਗਰਮੀ ਸ਼ੁਰੂ ਹੁੰਦੀ ਹੈ, ਬਜ਼ਾਰ ਅੰਬਾਂ ਦੀ ਮਹਿਕ ਨਾਲ ਭਰ ਜਾਂਦੇ ਹਨ। ਅੰਬਾਂ ਦੇ ਸ਼ੌਕੀਨ ਫਲਾਂ ਦੇ ਰਾਜੇ ਦਾ ਸੁਆਦ ਲੈਣ ਲਈ ਉਤਾਵਲੇ ਹੋ ਜਾਂਦੇ ਹਨ।

ਇਸ ਸਮੇਂ ਬਜ਼ਾਰ ਵਿੱਚ ਕਈ ਕਿਸਮ ਦੇ ਅੰਬ— ਹਾਫੂਸ, ਕੇਸਰ, ਲੰਗੜਾ, ਤੋਤਾਪੁਰੀ, ਦੁਸੈਹਰੀ, ਅਤੇ ਪਰੀ ਮਿਲ ਰਹੇ ਹਨ।

ਹਾਲਾਂਕਿ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਨ੍ਹਾਂ ਅੰਬਾਂ ਨੂੰ ਖਾਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਐੱਫਐੱਸਐੱਸਏਆਈ ਮੁਤਾਬਕ ਅੰਬਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਨ ਉੱਤੇ ਸਾਲ 2011 ਤੋਂ ਪਾਬੰਦੀ ਹੈ। ਫਿਰ ਵੀ ਕਈ ਵਪਾਰੀ ਅੰਬ ਪਕਾਉਣ ਲਈ ਇਸ ਦੀ ਵਰਤੋਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਫ਼ਲ ਪੱਕਣ ਦੀ ਪ੍ਰਕਿਰਿਆ ਨੂੰ ਰਸਾਇਣਾਂ ਦੀ ਵਰਤੋਂ ਨਾਲ ਮਸਨੂਈ ਤਰੀਕੇ ਨਾਲ ਤੇਜ਼ ਕੀਤਾ ਜਾਂਦਾ ਹੈ, ਕੈਲਸ਼ੀਅਮ ਕਾਰਬਾਈਡ ਸਭ ਤੋਂ ਆਮ ਵਰਤਿਆ ਜਾਣ ਵਾਲਾ ਰਸਾਇਣ ਹੈ।

ਫੂਡ ਸੁਰੱਖਿਆ ਅਤੇ ਮਿਆਰ ਨਿਯਮ (ਵਿਕਰੀ ਦੀ ਪਾਬੰਦੀ) 2011 ਦੇ ਨਿਯਮ 2.3.5 ਮੁਤਾਬਕ ਫਲ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਉੱਤੇ ਪਾਬੰਦੀ ਹੈ।

ਇਹ ਨਿਯਮ ਸਪਸ਼ਟ ਕਹਿੰਦਾ ਹੈ, “ਕੋਈ ਵੀ ਕਾਰਬਾਈਡ ਨਾਲ ਪਕਾਏ ਫਲ ਨਹੀਂ ਵੇਚੇਗਾ।”

ਐੱਫਐੱਸਐੱਸਏਆਈ ਨੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਇਲਾਕਿਆਂ ਦੇ ਖਾਦ ਸੁਰੱਖਿਆ ਵਿਭਾਗਾਂ ਨੂੰ ਸਾਵਧਾਨ ਰਹਿਣ ਅਤੇ ਅਜਿਹੀ ਗੈਰ-ਕਾਨੂੰਨੀ ਕੰਮ ਵਿੱਚ ਕਸੂਰਵਾਰਾਂ ਖਿਲਾਫ਼ ਐੱਫਐੱਸਐੱਸਏਆਈ ਐਕਟ 2006 ਦੇ ਤਹਿਤ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੋਇਆ ਹੈ।

ਕੈਲਸ਼ੀਅਮ ਕਾਰਬਾਈਡ ਅੰਬਾਂ ਵਿੱਚ ਕਿਉਂ ਪਾਇਆ ਜਾਂਦਾ ਹੈ?

ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਅੰਬਾਂ ਤੋਂ ਇਲਾਵਾ, ਕੇਲੇ, ਲੀਚੀ, ਵਗੈਰਾ ਪਕਾਉਣ ਲਈ ਵੀ ਕੀਤੀ ਜਾਂਦੀ ਹੈ।

ਫ਼ਲਾਂ ਨੂੰ ਵੇਚ ਕੇ ਮੁਨਾਫ਼ਾ ਕਮਾਉਣ ਅਤੇ ਜਲਦੀ ਪਕਾਉਣ ਲਈ ਇਹ ਰਸਾਇਣ ਵਰਤੇ ਜਾਂਦੇ ਹਨ।

ਇਨ੍ਹਾਂ ਰਸਾਇਣਾਂ ਨਾਲ ਫ਼ਲਾਂ ਦੇ ਭੰਡਾਰਨ ਦੀ ਮਿਆਦ ਵਿੱਚ ਵੀ ਵਾਧਾ ਹੁੰਦਾ ਹੈ।

ਅੰਬ

ਤਸਵੀਰ ਸਰੋਤ, Getty Images

ਮਿਸਾਲ ਵਜੋਂ ਅੰਬ ਬਾਗ਼ ਵਿੱਚੋਂ ਤੋੜਨ ਤੋਂ ਲੈ ਕੇ ਬਜ਼ਾਰ ਤੱਕ ਪਹੁੰਚਣ ਦੌਰਾਨ ਢਿੱਲੇ ਪੈਣ ਲਗਦੇ ਹਨ ਅਤੇ ਚਮਕ ਗੁਆ ਦਿੰਦੇ ਹਨ।

ਇਸ ਲਈ ਅੰਬ ਨੂੰ ਪੱਕਣ ਤੋਂ ਪਹਿਲਾਂ ਤੋੜ ਲਿਆ ਜਾਂਦਾ ਹੈ ਅਤੇ ਕੈਲਸ਼ੀਅਮ ਕਾਰਬਾਈਡ ਲਾ ਕੇ ਬਜ਼ਾਰ ਵਿੱਚ ਭੇਜ ਦਿੱਤਾ ਜਾਂਦਾ ਹੈ।

ਬੀਬੀਸੀ ਨੇ ਰਾਜਕੋਟ ਗੁਜਰਾਤ ਮਿਊਂਸੀਪਲ ਕਾਰਪੋਰੇਸ਼ਨ ਦੇ ਸਿਹਤ ਵਿਭਾਗ ਦੇ ਮੁਖੀ ਜਾਇਸ਼ ਵਕਾਨੀ ਨਾਲ ਤਫ਼ਸੀਲ ਵਿੱਚ ਗੱਲ ਕੀਤੀ।

ਉਹ ਦੱਸਦੇ ਹਨ, “ਅੰਬ ਅਜਿਹਾ ਫ਼ਲ ਹੈ ਜੋ ਪੱਕਣ ਤੋਂ ਦੋ-ਤਿੰਨ ਦਿਨਾਂ ਦੇ ਅੰਦਰ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।”

ਉਹ ਕਹਿੰਦੇ ਹਨ, “ਜੇ ਇਸ ਨੂੰ ਕੁਦਰਤੀ ਰੂਪ ਵਿੱਚ ਦਰਖ਼ਤ ਉੱਤੇ ਪੱਕਣ ਦਿੱਤਾ ਜਾਵੇ ਤਾਂ ਇਹ ਤੁਰੰਤ ਹੀ ਖ਼ਰਾਬ ਹੋ ਜਾਵੇਗਾ। ਇਸ ਲਈ ਇਸ ਨੂੰ ਜਲਦੀ ਤੋੜ ਲਿਆ ਜਾਂਦਾ ਹੈ, ਅਤੇ ਜਦੋਂ ਵਪਾਰੀ ਨੇ ਵੇਚਣਾ ਹੁੰਦਾ ਹੈ ਤਾਂ ਉਹ ਲੋੜੀਂਦੀ ਮਾਤਰਾ ਵਿੱਚ ਇਸ ਨੂੰ ਮਸਨੂਈ ਤਰੀਕੇ ਨਾਲ ਪਕਾ ਲਿਆ ਜਾਂਦਾ ਹੈ।

ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਖੁਰਾਕੀ ਵਸਤਾਂ ਦੇ ਕਾਰੋਬਾਰੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

ਵੀਰਵਾਰ ਨੂੰ ਅਥਾਰਟੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਇਲਾਕਿਆਂ ਦੇ ਫੂਡ ਕਮਿਸ਼ਨਰਾਂ ਨੂੰ ਫ਼ਲ ਪਕਾਉਣ ਵਿੱਚ ਕੈਲਸ਼ੀਅਮ ਕਾਰਬਾਈਡ ਦੀ ਗੈਰ-ਕਾਨੂੰਨੀ ਵਰਤੋਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਕੈਲਸ਼ੀਅਮ ਕਾਰਬਾਈਡ ਕੀ ਹੈ?

ਅੰਬ

ਤਸਵੀਰ ਸਰੋਤ, BIPIN TANKARIA/ BBC

ਕੈਲਸ਼ੀਅਮ ਕਾਰਬਾਈਡ ਹਵਾ ਦੀ ਨਮੀ ਦੇ ਸੰਪਰਕ ਵਿੱਚ ਆ ਕੇ ਐਸਟੀਲੀਨ ਬਣਾਉਂਦਾ ਹੈ ਜੋ ਕਿ ਇਥੇਲੀਨ ਵਾਂਗ ਕੰਮ ਕਰਦਾ ਹੈ। ਇਥੇਲੀਨ ਇੱਕ ਕੁਦਰਤੀ ਹਾਰਮੋਨ ਹੈ ਜੋ ਫਲਾਂ ਵਿੱਚ ਮੌਜੂਦ ਹੁੰਦਾ ਹੈ ਅਤੇ ਉਨ੍ਹਾਂ ਦੀ ਪੱਕਣ ਵਿੱਚ ਮਦਦ ਕਰਦਾ ਹੈ।

ਕੈਲਸ਼ੀਅਮ ਕਾਰਬਾਈਡ ਐਸਟੀਲੀਨ ਗੈਸ ਛੱਡਦਾ ਹੈ ਜਿਸ ਵਿੱਚ ਆਰਸੈਨਿਕ ਅਤੇ ਫਾਸਫੋਰਸ ਵਰਗੇ ਖ਼ਤਰਨਾਕ ਰਸਾਇਣ ਹੁੰਦੇ ਹਨ।

ਇਨ੍ਹਾਂ ਰਸਾਇਣਾਂ ਨੂੰ ਮਸਾਲੇ ਵੀ ਕਿਹਾ ਜਾਂਦਾ ਹੈ।

ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਦੌਰਾਨ ਫ਼ਲ ਸਿੱਧਾ ਇਨ੍ਹਾਂ ਰਸਾਇਣਾਂ ਦੇ ਸੰਪਰਕ ਵਿੱਚ ਆ ਜਾਵੇ। ਨਤੀਜੇ ਵਜੋਂ ਫ਼ਲ ਵਿੱਚ ਇਨ੍ਹਾਂ ਦੇ ਅੰਸ਼ ਰਹਿ ਸਕਦੇ ਹਨ।

“ਕੈਲਸ਼ੀਅਮ ਕਾਰਬਾਈਡ ਕਾਰਬਨ ਦਾ ਠੋਸ ਰੂਪ ਹੈ। ਜਦੋਂ ਇਸ ਨੂੰ ਫ਼ਲ ਨਾਲ ਮਿਲਿਆ ਜਾਂਦਾ ਹੈ ਤਾਂ ਇਹ ਉਸ ਨੂੰ ਇੱਕ ਗੂੜ੍ਹਾ ਰੰਗ ਦਿੰਦਾ ਹੈ।”

“ਇਹ ਠੋਸ ਪੈਕਟਾਂ ਵਿੱਚ ਆਉਂਦਾ ਹੈ। ਇਸ ਲਈ ਜਦੋਂ ਇਸ ਨੂੰ ਫ਼ਲਾਂ ਉੱਤੇ ਧੂੜਿਆ ਜਾਂਦਾ ਹੈ, ਇਹ ਘੁਲ ਜਾਂਦਾ ਹੈ। ਕੁਝ ਫ਼ਲਾਂ ਵਿੱਚ ਇਸਦੀ ਥੋੜ੍ਹੀ ਮਾਤਰਾ ਮਿਲਾਈ ਜਾਂਦਾ ਹੈ ਤਾਂ ਕੁਝ ਵਿੱਚ ਜ਼ਿਆਦਾ।”

“ਜਦੋਂ ਰਸਾਇਣ ਬੇਕਾਬੂ ਰੂਪ ਵਿੱਚ ਫ਼ਲ ਵਿੱਚ ਮਿਲਿਆ ਜਾਂਦਾ ਹੈ ਤਾਂ ਖ਼ਤਰਾ ਵੱਧ ਜਾਂਦਾ ਹੈ।”

ਕੈਲਸ਼ੀਅਮ ਕਾਰਬਾਈਡ ਸਿਹਤ ਉੱਤੇ ਕਿਵੇਂ ਅਸਰ ਪਾਉਂਦਾ ਹੈ?

ਅੰਬ

ਤਸਵੀਰ ਸਰੋਤ, Getty Images

ਜਦੋਂ ਕੈਲਸ਼ੀਅਮ ਕਾਰਬਾਈਡ ਫ਼ਲਾਂ ਰਾਹੀਂ ਸਰੀਰ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਉਸ ਨਾਲ ਅੰਤਰ ਕਿਰਿਆ ਕਰਦਾ ਹੈ।

ਹਾਲ ਹੀ ਵਿੱਚ ਹੋਈ ਖੋਜ (ਹੈਲਥ ਕਰਾਈਸਿਸ) ਮੁਤਾਬਕ ਕੈਲਸ਼ੀਅਮ ਕਾਰਬਾਈਡ ਤੋਂ ਪੈਦਾ ਹੋਣ ਵਾਲਾ ਐਸਟੀਲੀਨ, ਦਿਮਾਗ ਨੂੰ ਹੋਣ ਵਾਲੀ ਆਕਸੀਜ਼ਨ ਦੀ ਪੂਰਤੀ ਵਿੱਚ ਰੁਕਾਵਟ ਪਾਉਂਦਾ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਕਾਰਬਾਈਡ ਸਾਡੇ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਸਦੇ ਪੇਟ ਵਿੱਚ ਜਾਂਦੇ ਹੀ— ਉਲਟੀਆਂ, ਦਸਤ ਅਕੜਨ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਮਰੀਜ਼ ਕੌਮਾ ਵਿੱਚ ਵੀ ਜਾ ਸਕਦਾ ਹੈ।

ਲੰਬੇ ਸਮੇਂ ਦੌਰਾਨ ਇਹ ਮੂਡ ਉੱਤੇ ਅਸਰ ਪਾ ਸਕਦਾ ਹੈ ਵਿਅਕਤੀ ਦੇ ਚੇਤੇ ਉੱਤੇ ਅਸਰ ਪੈ ਸਕਦਾ ਹੈ।

ਐੱਫਐੱਸਐੱਸਏਆਈ ਮੁਤਾਬਕ, “ਜਦੋਂ ਅੰਬ ਨੂੰ ਕੈਲਸ਼ੀਅਮ ਕਾਰਬਾਈਡ ਵਿੱਚ ਪਕਾਇਆ ਜਾਂਦਾ ਹੈ ਤਾਂ ਇਹ ਐਸਟੀਲੀਨ ਪੈਦਾ ਕਰਦਾ ਹੈ ਜਿਸ ਵਿੱਚ ਆਰਸੈਨਿਕ ਅਤੇ ਫਾਸਫੋਰਸ ਵਰਗੇ ਖ਼ਤਰਨਾਕ ਤੱਤ ਹੁੰਦੇ ਹਨ।”

“ਮਸਾਲਿਆਂ ਵਜੋਂ ਜਾਣੇ ਜਾਂਦੇ ਇਨ੍ਹਾਂ ਤੱਤਾਂ ਕਾਰਨ ਚੱਕਰ ਆਉਣਾ, ਵਾਰ-ਵਾਰ ਪਿਆਸ, ਕਮਜ਼ੋਰੀ, ਨਿਗਲਣ ਵਿੱਚ ਦਿੱਕਤ, ਉਲਟੀ ਅਤੇ ਚਮੜੀ ਦੇ ਰੰਗ ਉੱਤੇ ਅਸਰ ਪੈ ਸਕਦਾ ਹੈ।”

ਪਰਾਗ ਪੰਡਿਤ ਮੁਤਾਬਕ ਕੈਲਸ਼ੀਅਮ ਕਾਰਬਾਈਡ ਤੋਂ ਮੁੱਖ ਤੌਰ ਉੱਤੇ ਦੋ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ—

“ਪਹਿਲਾਂ ਤਾਂ ਇਸ ਵਿੱਚ ਆਰਸੈਨਿਕ ਦੇ ਕੰਪਾਊਂਡ ਹੁੰਦੇ ਹਨ, ਜੋ ਸਿਹਤ ਲਈ ਖ਼ਤਰਨਾਕ ਹਨ। ਆਰਸੈਨਿਕ ਕੈਂਸਰ ਦਾ ਕਾਰਨ ਹੈ। ਗੈਸ ਦੀ ਵਰਤੋਂ ਦੀ ਪ੍ਰਕਿਰਿਆ ਉੱਪਰ ਕੋਈ ਕੰਟਰੋਲ ਨਹੀਂ ਹੈ। ਇਸ ਲ਼ਈ ਇਸ ਨੂੰ ਫ਼ਲਾਂ ਉੱਪਰ ਬਹੁਤ ਜ਼ਿਆਦਾ ਮਾਤਰਾ ਵਿੱਚ ਛਿੜਕਿਆ ਜਾਂਦਾ ਹੈ, ਜੋ ਸਿਹਤ ਨੂੰ ਖ਼ਤਰਾ ਵਧਾਉਂਦੀ ਹੈ।”

“ਦੂਜਾ, ਜਦੋਂ ਕੈਲਸ਼ੀਅਮ ਕਾਰਬਾਈਡ ਵਿੱਚੋਂ ਹਾਈਡਰੋਕਾਰਬਨ ਗੈਸ ਨਿਕਲਦੀ ਹੈ ਤਾਂ ਇਸ ਵਿੱਚ ਧਮਾਕਾ ਹੋ ਸਕਦਾ ਹੈ। ਮਿਸਾਲ ਵਜੋਂ ਬਿਜਲੀ ਵਾਲੇ ਜਾਂ ਅੱਗ ਦੇ ਧਮਾਕੇ।”

ਐਸਟੀਲੀਨ ਬਹੁਤ ਹੀ ਜ਼ਿਆਦਾ ਸਰਗਰਮ ਤੱਤ ਹੈ। ਅਤੇ ਇਸਦੀ ਜ਼ਿਆਦਾਤਰ ਵੈਲਡਿੰਗ ਨਾਲ ਜੁੜੇ ਉਦਯੋਗਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਉਦਯੋਗਿਕ ਵਰਤੋਂ ਵਾਲੇ ਕੈਲਸ਼ੀਅਮ ਕਾਰਬਾਈਡ ਵਿੱਚ ਆਰਸੈਨਿਕ ਅਤੇ ਫਾਸਫੋਰਸ ਵੀ ਹੁੰਦੇ ਹਨ, ਜੋ ਸਿਹਤਮੰਦ ਫ਼ਲਾਂ ਨੂੰ ਜ਼ਹਿਰੀਲੇ ਬਣਾ ਦਿੰਦਾ ਹੈ।

ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਅੰਬਾਂ ਦੀ ਪਛਾਣ ਕਿਵੇਂ ਕਰੀਏ?

ਇਸ ਬਾਰੇ ਗੱਲ ਕਰਦੇ ਹੋਏ ਜਾਇਸ਼ ਵਕਾਨੀ ਕਹਿੰਦੇ ਹਨ, “ਬਜ਼ਾਰ ਵਿੱਚ ਮਿਲਦੇ 99 ਫੀਸਦੀ ਅੰਬ ਮਸਨੂਈ ਤਰੀਕੇ ਨਾਲ ਪਕਾਏ ਹੁੰਦੇ ਹਨ। ਅਸਲੀ ਗੱਲ ਤਾਂ ਇਹ ਪਤਾ ਹੋਣ ਵਿੱਚ ਹੈ ਕਿ ਕੋਈ ਅੰਬ ਕੈਲਸ਼ੀਅਮ ਕਾਰਬਾਈਡ ਜਾਂ ਇਥੇਲੀਨ ਨਾਲ ਪਕਾਇਆ ਗਿਆ ਹੈ ਜਾਂ ਨਹੀਂ।”

ਐੱਫਐੱਸਐੱਸਏਆਈ ਮੁਤਾਬਕ ਜੇ ਇਸ ਦੌਰਾਨ ਵਿਸ਼ਵ ਪੱਧਰ ਉੱਤੇ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਫ਼ਲ ਖਾਣ ਲਈ ਸੁਰੱਖਿਅਤ ਮੰਨੇ ਜਾਂਦੇ ਹਨ।

ਵਕਾਨੀ ਦੱਸਦੇ ਹਨ ਕਿ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਅੰਬ ਉੱਤੇ ਚਿੱਟੇ ਦਾਗ਼ ਪੈਦਾ ਹੋ ਜਾਂਦੇ ਹਨ।

ਉਹ ਸਮਝਾਉਂਦੇ ਹਨ,“ਜਦੋਂ ਅੰਬ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਜਾਂਦਾ ਹੈ ਤਾਂ ਫ਼ਲ ਬਰਾਬਰ ਨਹੀਂ ਪੱਕਦਾ। ਫ਼ਲ ਦਾ ਜੋ ਹਿੱਸਾ ਰਸਾਇਣ ਦੇ ਸੰਪਰਕ ਵਿੱਚ ਆ ਜਾਂਦਾ ਹੈ ਉਹ ਪੀਲਾ ਹੋ ਜਾਂਦਾ ਹੈ ਅਤੇ ਦੂਜਾ ਹਰਾ ਰਹਿ ਜਾਂਦਾ ਹੈ। ਇਸੇ ਲਈ ਜ਼ਿਆਦਾਤਰ ਅੰਬ ਬਜ਼ਾਰ ਵਿੱਚ ਹਰੇ-ਪੀਲੇ ਹੁੰਦੇ ਹਨ। ਜਦਕਿ ਇਥੇਲੀਨ ਨਾਲ ਪੱਕੇ ਅੰਬ ਇੱਕੋ ਰੰਗ ਦੇ ਹੁੰਦੇ ਹਨ।”

“ਇਸੇ ਤਰ੍ਹਾਂ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਕੇਲਿਆਂ ਦਾ ਸੁਆਦ ਕੁਝ ਤਿੱਖਾ ਹੋ ਸਕਦਾ ਹੈ ਅਤੇ ਇਨ੍ਹਾਂ ਨੂੰ ਖਾਣ ਨਾਲ ਜ਼ਬਾਨ ਦੀ ਸੋਜਿਸ਼ ਹੋ ਸਕਦੀ ਹੈ।”

ਫਿਰ ਵਪਾਰੀ ਅੰਬ ਕਿਵੇਂ ਪਕਾ ਸਕਦੇ ਹਨ?

ਅੰਬ

ਤਸਵੀਰ ਸਰੋਤ, Getty Images

ਫ਼ਲ ਪਕਾਉਣ ਵਿੱਚ ਕੈਲਸ਼ੀਅਮ ਕਾਰਬਾਈਡ ਦੀ ਵਧ ਰਹੀ ਵਰਤੋਂ ਦੇ ਮੱਦੇ ਨਜ਼ਰ ਐੱਫਐੱਸਐੱਸਏਆਈ ਨੇ ਇਸ ਕੰਮ ਲਈ ਇੱਕ ਸੁਰੱਖਿਅਤ ਬਦਲ ਵਜੋਂ ਇਥੇਲੀਨ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ।

ਐੱਫਐੱਸਐੱਸਏਆਈ ਮੁਤਾਬਕ ਫ਼ਲ ਪਕਾਉਣ ਵਿੱਚ ਫ਼ਲ ਦੀ ਕਿਸਮ ਅਤੇ ਉਸ ਦੇ ਪੱਕਣ ਦੇ ਪੱਧਰ ਮੁਤਾਬਕ 100 ਪੀਪੀਐੱਮ ਤੱਕ ਵਰਤੋਂ ਹੋ ਸਕਦੀ ਹੈ।

ਇਥੇਲੀਨ ਫ਼ਲਾਂ ਵਿੱਚ ਮਿਲਣ ਵਾਲਾ ਇੱਕ ਕੁਦਰਤੀ ਹਾਰਮੋਨ ਹੈ। ਇਹ ਇੱਕ ਰਸਾਇਣਕ ਅਤੇ ਬਾਇਓ-ਰਸਾਇਣਕ ਪ੍ਰਕਿਰਿਆ ਨੂੰ ਸ਼ੁਰੂ ਕਰਕੇ ਅਤੇ ਉਸ ਨੂੰ ਕੰਟਰੋਲ ਕਰਕੇ ਫ਼ਲ ਪੱਕਣ ਨੂੰ ਨਿਯਮਿਤ ਕਰਦਾ ਹੈ।

ਜਦੋਂ ਕੱਚੇ ਫ਼ਲ ਇਥੇਲੀਨ ਦੇ ਸੰਪਰਕ ਵਿੱਚ ਲਿਆਂਦੇ ਜਾਂਦੇ ਹਨ, ਤਾਂ ਫ਼ਲ ਕੁਦਰਤੀ ਰੂਪ ਵਿੱਚ ਪੱਕਣ ਲਗਦੇ ਹਨ। ਜਦੋਂ ਤੱਕ ਕਿ ਫ਼ਲ ਦੇ ਅੰਦਰ ਕੁਦਰਤੀ ਰੂਪ ਵਿੱਚ ਇਹ ਹਾਰਮੋਨ ਨਹੀਂ ਬਣਨ ਲਗਦਾ।

ਇਸ ਤੋਂ ਇਲਾਵਾ ਕੇਂਦਰੀ ਕੀਟਨਾਸ਼ਕ ਬੋਰਡ ਅਤੇ ਰਜਿਸਟਰੇਸ਼ਨ ਕਮੇਟੀ ਨੇ ਅੰਬਾਂ ਅਤੇ ਹੋਰ ਫ਼ਲਾਂ ਨੂੰ ਇੱਕੋ-ਜਿਹਾ ਪਕਾਉਣ ਲਈ ਇਥਫ਼ੋਨ 39% ਵਰਤਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ।

ਪਰਾਗ ਪੰਡਿਤ ਕਹਿੰਦੇ ਹਨ, “ਜੇ ਵਪਾਰੀ ਅੰਬਾਂ ਨੂੰ ਸਹੀ ਤਰ੍ਹਾਂ ਪਕਾਉਣਾ ਚਾਹੁੰਦੇ ਹਨ ਤਾਂ ਉਹ ਇਥੇਲੀਨ ਗੈਸ ਦੀ ਵਰਤੋਂ ਕਰ ਸਕਦੇ ਹਨ।”

“ਇਹ ਗੈਸ ਸਿਲੰਡਰਾਂ ਵਿੱਚ ਆਉਂਦੀ ਹੈ। ਜੋ ਕਿ ਕੁਦਰਤੀ ਰੂਪ ਵਿੱਚ ਹੁੰਦੀ ਹੈ ਅਤੇ ਗੈਸ ਕੁਦਰਤੀ ਰੂਪ ਵਿੱਚ ਹੀ ਬਾਹਰ ਆਉਂਦੀ ਹੈ। ਸਰਕਾਰ ਨੇ ਇਸ ਗੈਸ ਉੱਤੇ ਇੱਕ ਸੀਮਾ ਤੈਅ ਕੀਤੀ ਹੈ, ਜੋ ਕਿ ਵਰਤਣ ਲਈ ਸੁਰੱਖਿਅਤ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਇਥੇਲੀਨ ਇੱਕ ਕੁਦਰਤੀ ਹਾਰਮੋਨ ਹੈ ਇਸ ਲਈ ਇਸਦਾ ਗਾਹਕਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈ।

ਲੇਕਿਨ ਇਥੇਲੀਨ ਦਾ ਕੋਈ ਵੀ ਸਰੋਤ ਸਿੱਧਾ ਫ਼ਲਾਂ ਦੇ ਸੰਪਰਕ ਵਿੱਚ ਲਿਆਉਣ ਦੀ ਆਗਿਆ ਨਹੀਂ ਹੈ।

ਕੈਲਸ਼ੀਅਮ ਕਾਰਬਾਈਡ ਦੇ ਖ਼ਤਰੇ ਤੋਂ ਕਿਵੇਂ ਬਚਿਆ ਜਾਵੇ

ਅੰਬ

ਤਸਵੀਰ ਸਰੋਤ, BIPIN TANKARIA/ BBC

ਮਾਹਰ ਕਹਿੰਦੇ ਹਨ ਕਿ ਅੰਬ ਖਾਣ ਤੋਂ ਪਹਿਲਾਂ ਧੋ ਲਏ ਜਾਣੇ ਚਾਹੀਦੇ ਹਨ ਅਤੇ ਛਿਲਕੇ ਨਹੀਂ ਖਾਣੇ ਚਾਹੀਦੇ।

ਵਕਾਨੀ ਕਹਿੰਦੇ ਹਨ ਕਿ ਫ਼ਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਣਾ ਚਾਹੀਦਾ ਹੈ। ਕਾਰਬਾਈਡ ਉੱਪਰੋਂ ਛਿੜਕਿਆ ਜਾਂਦਾ ਹੈ ਇਸ ਲਈ ਗੂੜ੍ਹਾ ਹਿੱਸਾ ਨਹੀਂ ਖਾਧਾ ਜਾਣਾ ਚਾਹੀਦਾ।

ਇਸ ਤੋਂ ਵਧੀਆ ਤਰੀਕਾ ਹੈ ਕਿ ਫ਼ਲ ਸਿੱਧੇ ਕਿਸਾਨ ਤੋਂ ਖ਼ਰੀਦੇ ਜਾਣ ਅਤੇ ਪੱਕਣ ਲਈ ਘਰੇ ਛੱਡ ਦਿੱਤੇ ਜਾਣ

ਭਾਰਤ ਵਿੱਚ ਅੰਬਾਂ ਦਾ ਉਤਪਾਦਨ

ਸਾਰੇ ਫ਼ਲਾਂ ਵਿੱਚੋਂ ਅੰਬ ਭਾਰਤੀ ਆਰਥਿਕਤਾ ਲਈ ਸਭ ਤੋਂ ਮਹੱਤਵਪੂਰਨ ਫ਼ਲ ਹੈ। ਭਾਰਤ ਅੰਬ ਉਤਪਾਦਨ ਵਿੱਚ ਮੋਹਰੀ ਦੇਸ ਹੈ।

ਭਾਰਤ ਵਿੱਚ ਕਰੀਬ 2400 ਹਜ਼ਾਰ ਏਕੜ ਵਿੱਚ ਅੰਬ ਦੇ ਬਾਗ਼ ਹਨ ਅਤੇ 21.79 ਮਿਲੀਅਨ ਟਨ ਉਪਜ ਹੁੰਦੀ ਹੈ।

ਭਾਰਤ ਵਿੱਚ ਅੰਬਾਂ ਦੀਆਂ ਕਰੀਬ 1000 ਕਿਸਮਾਂ ਹਨ।

ਅੰਬ ਪੈਦਾ ਕਰਨ ਵਾਲੇ ਮੁੱਖ ਸੂਬੇ— ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ, ਬਿਹਾਰ, ਗੁਜਰਾਤ ਅਤੇ ਤੇਲੰਗਾਨਾ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)