ਇਹ ਖੰਭ 23.64 ਲੱਖ ਰੁਪਏ ਦਾ ਕਿਉਂ ਵਿਕਿਆ, ਇਸ ਵਿੱਚ ਕੀ ਖ਼ਾਸ ਹੈ

ਹੁਈਆ ਪੰਛੀ ਦਾ ਖੰਭ

ਤਸਵੀਰ ਸਰੋਤ, Webb’s

ਨਿਊਜ਼ੀਲੈਂਡ ਦੇ ਅਲੋਪ ਹੋ ਚੁੱਕੇ ਹੁਈਆ ਪੰਛੀ ਦਾ ਇੱਕ ਖੰਭ ਦੁਨੀਆਂ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਖੰਭ ਬਣ ਗਿਆ ਹੈ।

ਖੰਭ ਦੀ ਬੋਲੀ 46,521.50 ਨਿਊਜ਼ੀਲੈਂਡ ਡਾਲਰ ਉੱਤੇ ਮੁੱਕੀ (28,417 ਅਮਰੀਕੀ ਡਾਲਰ) ਜੋ ਕਿ ਭਾਰਤੀ ਰੁਪਏ ਵਿੱਚ ਕਰੀਬ 23.64 ਲੱਖ ਬਣਦੀ ਹੈ।

ਵੈਬ ਨੀਲਾਮੀ ਘਰ ਮੁਤਾਬਕ ਇਹ ਉਮੀਦ ਸੀ ਕਿ ਖੰਭ ਵੱਧ ਤੋਂ ਵੱਧ ਤਿੰਨ ਹਜ਼ਾਰ ਅਮਰੀਕੀ ਡਾਲਰ ਤੱਕ ਵਿਕ ਸਕੇਗਾ। ਲੇਕਿਨ ਇਸ ਨੇ ਇਸੇ ਪ੍ਰਜਾਤੀ ਦੇ ਪੰਛੀ ਦੇ ਖੰਭ ਦਾ ਪਿਛਲਾ ਵਿਸ਼ਵ ਰਿਕਾਰਡ 450% ਦੇ ਵਾਧੇ ਨਾਲ ਤੋੜਿਆ ਹੈ।

ਹੁਈਆ ਪੰਛੀ ਨੂੰ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਲੋਕਾਂ ਵੱਲੋਂ ਪਵਿੱਤਰ ਸਮਝਿਆ ਜਾਂਦਾ ਸੀ। ਇਸ ਦੇ ਖੰਭਾਂ ਨੂੰ ਕਬੀਲੇ ਦੇ ਮੁਖੀ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਸਿਰ ਉੱਤੇ ਸਜਾਉਂਦੇ ਸਨ। ਇਸਦੇ ਉਪਹਾਰ ਦਿੱਤੇ ਜਾਂਦੇ ਸਨ ਅਤੇ ਕਾਰੋਬਾਰ ਵੀ ਕੀਤਾ ਜਾਂਦਾ ਸੀ।

ਮਿਊਜ਼ੀਅਮ ਆਫ਼ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਹੁਈਆ ਪੰਛੀ ਨੂੰ ਆਖਰੀ ਵਾਰ 1907 ਵਿੱਚ ਦੇਖਿਆ ਗਿਆ ਸੀ। ਹਾਲਾਂਕਿ ਉਸਤੋਂ 20-30 ਸਾਲ ਬਾਅਦ ਵੀ ਇਸ ਨੂੰ ਦੇਖੇ ਜਾਣ ਦਾ ਜ਼ਿਕਰ ਹੈ ਪਰ ਇਸਦੀ ਪੁਸ਼ਟੀ ਨਹੀਂ ਹੁੰਦੀ।

ਹੁਈਆ ਵਾਟਲਬਰਡ ਪਰਿਵਾਰ ਨਾਲ ਸੰਬੰਧਿਤ ਇੱਕ ਗਾਇਕ ਪੰਛੀ ਸੀ। ਇਸ ਨੂੰ ਖ਼ੂਬਸੂਰਤ ਟਪੂਸੀਆਂ ਅਤੇ ਖੰਭਾਂ ਲਈ ਜਾਣਿਆ ਜਾਂਦਾ ਸੀ, ਸਿਰੇ ਤੋਂ ਚਿੱਟੇ ਹੁੰਦੇ ਸਨ।

ਵੈਬ ਨਿਲਾਮੀ ਘਰ ਦੇ ਸਜਾਵਟੀ ਕਲਾ ਦੇ ਪ੍ਰਮੁੱਖ ਲੀਰ ਮੌਰਿਸ ਨੇ ਦੱਸਿਆ ਕਿ ਖੰਭ ਬਹੁਤ ਵਧੀਆ ਸਥਿਤੀ ਵਿੱਚ ਸੀ।

ਇਸ ਵਿੱਚ ਅਜੇ ਅਨੋਖੀ ਚਮਕ ਸੀ ਅਤੇ ਕਿਸੇ ਕੀਟ ਦੇ ਹਮਲੇ ਤੋਂ ਵੀ ਸੁਰੱਖਿਅਤ ਸੀ।

ਮਾਓਰੀ ਲੋਕਾਂ ਵੱਲੋਂ ਬਣਾਈਆਂ ਵਸਤੂਆਂ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਟਾਓਂਗਾ ਟੁਟੁਰੂ ਪ੍ਰਣਾਲੀ ਦੇ ਤਹਿਤ ਦਰਜ ਹੈ। ਮਾਉਰੀ ਲੋਕਾਂ ਦੀਆਂ ਵਸਤੂਆਂ ਨੂੰ ਲਾਇਸੈਂਸ ਸ਼ੁਦਾ ਸੰਗ੍ਰਹਿਕਾਰਾਂ ਹੀ ਖ਼ਰੀਦ ਅਤੇ ਰੱਖ ਸਕਦੇ ਹਨ।

ਨਿਊਜ਼ੀਲੈਂਡ ਦੇ ਸੱਭਿਆਚਾਰ ਅਤੇ ਵਿਰਸਾ ਮੰਤਰਾਲੇ ਦੇ ਇਜਾਜ਼ਤ ਤੋਂ ਬਿਨਾਂ ਇਹ ਖੰਭ ਦੇਸ ਤੋਂ ਬਾਹਰ ਵੀ ਨਹੀਂ ਜਾ ਸਕਦਾ।

ਨਿਊਜ਼ੀਲੈਂਡ ਦੇ ਲੋਕਾਂ ਦੀ ਇਸ ਵਿੱਚ ਬੇਤਹਾਸ਼ਾ ਦਿਲਚਸਪੀ ਕਾਰਨ ਇਹ ਖੰਭ ਇੰਨਾ ਮਹਿੰਗਾ ਵਿਕ ਸਕਿਆ।

ਹੁਈਆ ਪੰਛੀ ਬਾਰੇ ਕੁਝ ਦਿਲਚਸਪ ਤੱਥ

ਹੁਈਆ ਪੰਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਦਾ ਦੀ ਚੁੰਝ ਨਰ ਦੇ ਮੁਕਾਬਲੇ ਲੰਬੀ ਅਤੇ ਗੋਲਾਈ ਵਿੱਚ ਹੁੰਦੀ ਸੀ

ਅਲੋਪ ਹੋ ਚੁੱਕੇ ਜੀਵਾਂ ਬਾਰੇ ਵੈਬਸਾਈਟ ਮੁਤਾਬਕ ਇਹ ਨਿਊਜ਼ੀਲੈਂਡ ਦੇ ਵਾਟਲਬਰਡ ਪੰਛੀ ਪਰਿਵਾਰ ਦਾ ਸਭ ਤੋਂ ਵੱਡਾ ਪੰਛੀ ਸੀ ਜੋ ਕਿ ਦੇਸ ਦੇ ਉੱਤਰੀ ਦੀਪ ਦਾ ਵਾਸੀ ਸੀ।

ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 1890 ਵਿੱਚ ਸ਼ੁਰੂ ਹੋਈਆਂ ਪਰ ਢੁੱਕਵੇਂ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਜਾ ਸਕੀਆਂ।

ਇਸ ਪੰਛੀ ਨੂੰ ਆਖਰੀ ਵਾਰ 29 ਦਸੰਬਰ 1907 ਨੂੰ ਤਰੌਰਾ ਰੇਂਜ ਵਿੱਚ ਦੇਖਿਆ ਗਿਆ। ਇਸ ਨੂੰ ਦੇਖੇ ਜਾਣ ਦੀਆਂ ਭਰੋਸੇਯੋਗ ਰਿਪੋਰਟਾਂ 1922 ਤੱਕ ਆਉਂਦੀਆਂ ਰਹੀਆਂ ਅਤੇ ਉਸ ਤੋਂ ਬਾਅਦ ਟੀ ਓਰੇਵਾ ਨੈਸ਼ਨਲ ਪਾਰਕ ਵਿੱਚ ਦੇਖੇ ਜਾਣ ਦੀਆਂ ਅਪੁਸ਼ਟ ਰਿਪੋਰਟਾਂ 1960 ਤੱਕ ਵੀ ਆਈਆਂ।

ਇਨ੍ਹਾਂ ਨੂੰ ਮਨੁੱਖਾਂ ਤੋਂ ਬਿਲਕੁਲ ਵੀ ਡਰ ਨਹੀਂ ਸੀ ਲਗਦਾ। ਮਾਓਰੀ ਲੋਕ ਅਕਸਰ ਇਨ੍ਹਾਂ ਨੂੰ ਨੰਗੇ ਹੱਥੀਂ ਫੜ ਲਿਆ ਕਰਦੇ ਸਨ ਅਤੇ ਪਾਲਤੂ ਪੰਛੀਆਂ ਵਾਂਗ ਵੀ ਰੱਖਦੇ ਸਨ।

ਇਸ ਪੰਛੀ ਦੀ ਯਾਦ ਵਿੱਚ ਨਿਊਜ਼ੀਲੈਂਡ ਨੇ ਕਈ ਮੌਕਿਆਂ ਉੱਤੇ ਯਾਦਗਾਰੀ ਡਾਕ ਟਿੱਕਟਾਂ ਵੀ ਜਾਰੀ ਕੀਤੀਆਂ ਹਨ।

ਜਰਮਨੀ ਦੇ ਇੱਕ ਅਜਾਇਬ ਘਰ ਵਿੱਚ ਇਸਦੇ ਜੋੜੇ ਦੀ ਟਰਾਫ਼ੀ ਰੱਖੀ ਗਈ ਹੈ।

ਇਨ੍ਹਾਂ ਦੇ ਮੁਰਗੇ ਦੀ ਦਾਹੜੀ ਵਾਂਗ ਸੰਤਰੀ ਰੰਗ ਦੀ ਦਾਹੜੀ ਹੁੰਦੀ ਸੀ। ਨਰ ਅਤੇ ਮਾਦਾ ਇੱਕ ਸਮਾਨ ਅਕਾਰ ਦੇ ਹੁੰਦੇ ਸਨ।

ਇਸ ਦੇ ਕਾਲੇ ਖੰਭ ਸਨ ਜਿਨ੍ਹਾਂ ਵਿੱਚ ਮੋਰ ਰੰਗੀ ਭਾਅ ਮਾਰਦੀ ਸੀ। ਪੂਛ ਦੇ ਖੰਭਾਂ ਦੇ ਹੇਠਲੇ ਸਿਰੇ ਚਿੱਟੇ ਹੁੰਦੇ ਸਨ। ਇਨ੍ਹਾਂ ਦੀਆਂ ਘਸਮੈਲੀਆਂ ਨੀਲੱਤਣ ਵਾਲੀਆਂ ਖ਼ੂਬਸੂਰਤ ਅੱਖਾਂ ਹੁੰਦੀਆਂ ਸਨ।

ਪੰਛੀ ਅਲੋਪ ਕਿਉਂ ਹੋਏ

ਮਾਓਰੀ ਬੀਬੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1993 ਵਿੱਚ ਛਪੀ ਇੱਕ ਕਿਤਾਬ ਵਿੱਚੋਂ ਦੋ ਮਾਓਰੀ ਬੀਬੀਆਂ ਦੀ ਤਸਵੀਰ ਜਿਨ੍ਹਾਂ ਨੇ ਆਪਣੇ ਵਾਲਾਂ ਵਿੱਚ ਰੁਤਬੇ ਦੇ ਪ੍ਰਤੀਕ ਵਜੋਂ ਹਈਆ ਪੰਛੀ ਦੇ ਖੰਭ ਸਜਾਏ ਹੋਏ ਹਨ।

ਮਾਦਾ ਦੀ ਚੁੰਝ ਨਰ ਨਾਲੋਂ ਅਕਾਰ ਵਿੱਚ ਵੱਡੀ ਹੁੰਦੀ ਸੀ।

ਇਨ੍ਹਾਂ ਦੀ ਅਵਾਜ਼ ਬੰਸਰੀ ਵਰਗੀ ਸੀਟੀ ਵਾਂਗ ਹੁੰਦੀ ਸੀ ਇਸਦੀ ਬੋਲੀ ਨੂੰ "ਹੁਈਆ ਦੇ ਗੀਤ" ਕਿਹਾ ਜਾਂਦਾ ਸੀ ਅਤੇ 300-400 ਮੀਟਰ ਦੂਰ ਤੱਕ ਸੁਣੇ ਜਾ ਸਕਦੇ ਸਨ।

ਇਸਦੀ ਖੁਰਾਕ ਵਿੱਚ ਜ਼ਿਆਦਾਤਰ ਲੱਕੜ ਦੇ ਕੀੜੇ ਅਤੇ ਉਨ੍ਹਾਂ ਦੇ ਲਾਰਵਾ ਹੁੰਦੇ ਸਨ। ਆਪਣੀ ਚੁੰਝ ਦੇ ਵਿਸ਼ੇਸ਼ ਅਕਾਰ ਕਾਰਨ ਇਹ ਕਈ ਕਿਸਮ ਦੇ ਸ਼ਿਕਾਰ ਫੜ ਸਕਦੇ ਸਨ।

ਕੁਝ ਸਾਖੀਆਂ ਮੁਤਾਬਕ ਨਰ ਆਪਣੀ ਮਾਦਾ ਨੂੰ ਵੀ ਖਾਣੇ ਦੀ ਪੇਸ਼ਕਸ਼ ਕਰਦੇ ਸਨ। ਇਨ੍ਹਾਂ ਦੀ ਉਡਾਰੀ ਛੋਟੀ ਹੁੰਦੀ ਸੀ ਅਤੇ ਜ਼ਿਆਦਾਤਰ ਦਰਖ਼ਤਾਂ ਦੀਆਂ ਟਾਹਣੀਆਂ ਜਾਂ ਜ਼ਮੀਨ ਉੱਪਰ ਟਪੂਸੀਆਂ ਲਾਉਂਦੇ ਦੇਖੇ ਜਾਂਦੇ ਸਨ।

ਮਾਦਾ ਅਕਤੂਬਰ ਦੇ ਮਹੀਨੇ ਦੌਰਾਨ 2-4 ਆਂਡੇ ਦਿੰਦੀ ਸੀ। ਬੋਟ ਨਿਕਲਣ ਤੋਂ ਬਾਅਦ ਨਰ ਅਤੇ ਮਾਦਾ ਦੋਵੇਂ ਉਨ੍ਹਾਂ ਨੂੰ ਖਵਾਉਂਦੇ ਸਨ।

ਇਨ੍ਹਾਂ ਦੇ ਅਲੋਪ ਹੋਣ ਦੀ ਵਜ੍ਹਾ ਇਸਦੇ ਖੰਭਾਂ ਅਤੇ ਟਰਾਫੀਆਂ ਬਣਾਉਣ ਲਈ ਕੀਤਾ ਗਿਆ ਬੇਦਰੇਗ਼ ਸ਼ਿਕਾਰ।

ਇਸ ਦੇ ਖੰਭਾਂ ਦੀ ਸਥਾਨਕ ਬਜ਼ਾਰ ਵਿੱਚ ਚੰਗੀ ਮੰਗ ਸੀ, ਜਿਨ੍ਹਾਂ ਨੂੰ ਲੋਕ ਆਪਣੇ ਵਾਲਾਂ ਅਤੇ ਟੋਪੀਆਂ ਵਿੱਚ ਸਜਾਉਂਦੇ ਸਨ

ਨਿਊਜ਼ੀਲੈਂਡ ਵਿੱਚ ਯੂਰੋਪੀਅਨ ਲੋਕਾਂ ਦੇ ਵਸਣ ਤੋਂ ਬਾਅਦ ਜੰਗਲਾਂ ਦੀ ਬੇਦਰੇਗ ਕਟਾਈ ਕਾਰਨ ਇਨ੍ਹਾਂ ਦੇ ਵਸੇਬਿਆਂ ਵਿੱਚ ਵੀ ਕਮੀ ਆਈ।

ਕਲੋਨਿੰਗ ਰਾਹੀਂ ਇਸ ਨੂੰ ਵਾਪਸ ਲਿਆਂਦੇ ਜਾ ਸਕਣ ਦੀ ਸੰਭਾਵਨਾ ਬਹੁਤ ਥੋੜ੍ਹੀ ਹੈ ਕਿਉਂਕਿ ਅਜਾਇਬ ਘਰਾਂ ਵਿੱਚ ਰੱਖੇ ਨਮੂਨਿਆਂ ਤੋਂ ਡੀਐੱਨਏ ਨੂੰ ਸੁਰਜੀਤ ਕਰਨ ਦੀ ਤਕਨੀਕ ਅਜੇ ਇੰਨੀ ਉਨੱਤ ਨਹੀਂ ਹੈ।

ਇਸ ਤਰ੍ਹਾਂ ਕਦੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਬੋਲਣ ਵਾਲਾ ਇਹ ਪੰਛੀ ਇਸ ਦੁਨੀਆਂ ਤੋਂ ਹਮੇਸ਼ਾ ਲਈ ਅੱਖਾਂ ਮੀਚ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)