ਲੋਕ ਸਭਾ ਚੋਣਾਂ: ਪੰਜਾਬ ਨਾਲ ਮੇਰਾ ਖ਼ੂਨ ਦਾ ਰਿਸ਼ਤਾ ਹੈ: ਨਰਿੰਦਰ ਮੋਦੀ

ਮੋਦੀ

ਤਸਵੀਰ ਸਰੋਤ, BJP/YT

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਬਿਤਾਇਆ ਆਪਣਾ ਸਮਾਂ ਬਿਲਕੁਲ ਨਹੀਂ ਭੁੱਲ ਸਕਦੇ।

ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦਾ ਹੈ।

ਉਹਨਾਂ ਕਿਹਾ, “ਇਸੇ ਲਈ ਮੈਂ ਗੁਰੂਆਂ ਦੀ ਧਰਤੀ ਉੱਤੇ ਸਿਰ ਝੁਕਾ ਕੇ ਪੰਜਾਬ ਦੇ ਭੈਣਾਂ ਭਰਾਵਾਂ ਤੋਂ ਆਸ਼ਿਰਵਾਦ ਲੈਣ ਆਇਆ ਹਾਂ।“

ਪੰਜਾਬ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਹਰ ਖੇਤਰ ਤੱਕ ਯੋਗਦਾਨ ਪਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਇੱਥੇ ਰੇਤ ਮਾਫ਼ੀਆ, ਡਰਗ ਮਾਫ਼ੀਆ ਤੇ ਸ਼ੂਟਰ ਗੈਂਗ ਦੀ ਮਨਮਰਜ਼ੀ ਚੱਲਦੀ ਹੈ। ਪੂਰੀ ਸਰਕਾਰ ਕਰਜ਼ੇ ਉੱਤੇ ਚੱਲ ਰਹੀ ਹੈ। ਮੰਤਰੀ ਮੌਜ ਕਰ ਰਹੇ ਹਨ। ਜੋ ਕਾਗਗਜ਼ੀ ਸੀਐੱਮ ਹੈ, ਉਨ੍ਹਾਂ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਤੋਂ ਫ਼ੁਰਸਤ ਨਹੀਂ’

ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੂਜੇ ਦਿਨ ਹੀ ਅਯੋਧਿਆ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ । ਉਹਨਾਂ ਮੰਦਰ ਨਾ ਬਣਾਉਣ ਲਈ ਕਾਂਗਰਸ ਉਪਰ ਇਲਜ਼ਾਮ ਲਗਾਇਆ।

''ਹੁਣ ਰਾਮ ਮੰਦਰ ਬਣਨ ਤੋਂ ਬਾਅਦ ਦੁਨੀਆਂ ਭਰ ਦੇ ਲੋਕ ਉੱਥੇ ਪਹੁੰਚਦੇ ਹਨ ਤੇ ਬਾਲਮੀਕ ਦੇ ਨਾਮ ਉੱਤੇ ਬਣੇ ਹਵਾਈ ਅੱਡੇ ਉੱਤੇ ਉਤਰਦੇ ਹਨ।''

ਮੋਦੀ ਨੇ ਵੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ 70 ਸਾਲਾਂ ਤੱਕ ਕਰਤਾਰ ਸਾਹਿਬ ਨੂੰ ਦੂਰਬੀਨ ਜ਼ਰੀਏ ਦੇਖਣਾ ਪਿਆ।

ਉਹਨਾਂ ਕਿਹਾ ਕਿ ਦਰਬਾਰ ਸਾਹਿਬ ਨੂੰ ਵਿਦੇਸ਼ਾਂ ਤੋਂ ਚੰਦਾ ਭੇਜਣਾ ਸੰਭਵ ਨਹੀਂ ਸੀ ਪਰ ਮੋਦੀ ਸਰਕਾਰ ਨੇ ਨਵੀਂ ਨੀਤੀਆਂ ਲਿਆਂਦੀਆਂ ਅਤੇ ਇਹ ਸੰਭਵ ਹੋ ਸਕਿਆ।

ਵੀਰ ਬਾਲ ਦਿਵਸ ਮਨਾਉਣ ਬਾਰੇ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਭੁੱਲੀ ਨਹੀਂ ਜਾ ਸਕਦੀ ਪਰ ਕਈ ਲੋਕਾਂ ਨੂੰ ਇਹ ਦਿਵਸ ਮਨਾਉਣ ਪਿੱਛੇ ਦੀ ਗੱਲ ਸਮਝ ਨਹੀਂ ਹੈ ਅਤੇ ਕਈ ਪੰਜਾਬੀ ਵੀ ਅਜਿਹੇ ਹਨ

ਉਨ੍ਹਾਂ ਕਿਹਾ ਕਿ, “ਪ੍ਰਧਾਨ ਮੰਤਰੀ ਨੂੰ ਛੱਡੋ ਮੇਰਾਂ ਤਾਂ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ। ਗੁਰੂ ਗੋਬਿੰਦ ਸਿੰਘ ਦੇ ਪਹਿਲੇ ਪੰਜ ਪਿਆਰਿਆਂ ਵਿੱਚ ਦਵਾਰਕਾ ਦੇ ਪੰਜ ਪਿਆਰਾ ਵੀ ਸੀ।”

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਅਪਡੇਟ ਕਰ ਰਹੇ ਹਾਂ

ਮੋਦੀ ਨੇ ਲੋਕਾਂ ਨੂੰ ਪ੍ਰਨੀਤ ਕੌਰ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ । ਪ੍ਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ ਅਤੇ ਕਾਂਗਰਸ ਵਲੋਂ ਪਟਿਆਲਾ ਦੀ ਮੌਜੂਦਾ ਸੰਸਦ ਮੈਂਬਰ ਹੈ।

ਪਰ ਹੁਣ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕਾ ਹੈ ਅਤੇ ਪਾਰਟੀ ਨੇ ਉਨ੍ਹਾਂ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਪੰਜਾਬ ਦੇ ਕਿਸਾਨ
ਤਸਵੀਰ ਕੈਪਸ਼ਨ, ਪਟਿਆਲਾ ਚੰਡੀਗੜ੍ਹ ਮਾਰਗ ਉੱਤੇ ਮੋਦੀ ਖ਼ਿਲਾਫ਼ ਵਿਰੋਧ ਪ੍ਰਗਟਾਉਣ ਜਾਂਦੇ ਹੋਏ ਕਿਸਾਨ

ਪੰਜਾਬ ਵਿੱਚ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਪ੍ਰਧਾਨ

ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇ ਨਜ਼ਰ ਵਿੱਚ ਵੱਖ-ਵੱਖ ਥਾਵਾਂ ਉੱਤੇ ਧਰਨੇ ਦੇਣ ਦੀ ਗੱਲ ਕੀਤੀ ਹੈ।

ਪੰਜਾਬ ਵਿੱਚ ਬੁੱਧਵਾਰ ਦੀਆਂ ਪ੍ਰਮੁੱਖ ਸਿਆਸੀ ਸਰਗਰਮੀਆਂ ਲਈ ਇੱਥੇ ਕਲਿੱਕ ਕਰ ਸਕਦੇ ਹੋ।

ਪੰਜਾਬ ਪੁਲਿਸ
ਤਸਵੀਰ ਕੈਪਸ਼ਨ, ਪਟਿਆਲਾ ਨੂੰ ਜਾਂਦੀਆਂ ਸੜਕਾਂ ਉੱਤੇ ਪੁਲਿਸ ਦੀ ਤੈਨਾਤੀ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਚੰਡੀਗੜ੍-ਪਟਿਆਲਾ ਸੜਕ ਉੱਤੇ ਪਟਿਆਲ਼ਾ ਤੋਂ 10 ਕਿਲੋਮੀਟਰ ਪਹਿਲਾਂ, ਜਿੱਥੇ ਕਿਸਾਨਾਂ ਨੂੰ ਮੋਦੀ ਦੀ ਰੈਲੀ ਵਿੱਚ ਜਾਣ ਤੋਂ ਰੋਕਣ ਲ਼ਈ ਬੈਰੀਕੇਡਿੰਗ ਕੀਤੀ ਗਈ ਹੈ, ਉੱਥੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ।

ਕਿਸਾਨਾਂ ਨੇ ਕਿਹਾ ਕਿ 2021 ਦੇ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਤੋਂ ਸਰਕਾਰ ਪਿੱਛੇ ਹਟੀ ਹੈ।

ਉਨ੍ਹਾਂ ਨੇ ਕਿ੍ਹਾ ਕਿ ਅਸੀਂ ਪੋਲੋ ਗਰਾਊਂਡ ਜਾਣਾ ਚਾਹੁੰਦੇ ਸੀ ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ। ਸਗੋਂ ਵੱਡੇ-ਵੱਡੇ ਬੈਰੀਕੇਡ ਲਗਾ ਦਿੱਤੇ ਗਏ ਜਿਵੇਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸੀ, ਉਵੇਂ ਹੀ ਰੋਕ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਬਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ, ਬੀਜੇਪੀ ਦੀ ਬੀ ਟੀਮ ਹੈ। ਨਹੀਂ ਤਾਂ ਸਾਨੂੰ ਜਾਣ ਦਿੰਦੇ।

ਉਨ੍ਹਾਂ ਨੇ ਕਿਹਾ ਕਿ ਜੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਤਾਂ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਬੈਠੇ ਰਹਾਂਗੇ।

ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਫਿਲਹਾਲ ਪਟਿਆਲਾ-ਰਾਜਪੁਰਾ ਰੋਡ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸੁਰੱਖਿਆ ਦੇ ਤਕੜੇ ਪ੍ਰਬੰਧ ਕੀਤੇ ਗਏ ਅਤੇ ਰਾਇਟ ਕੰਟਰੋਲ ਪੁਲਿਸ ਵੀ ਤੈਨਾਤ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਦੋ ਹੋਰ ਰੈਲੀਆਂ ਜਲੰਧਰ ਅਤੇ ਗੁਰਦਾਸਪੁਰ ਵਿੱਚ ਹਨ ।

ਗਰਾਫਿਕਸ

ਮੋਦੀ ਤੋਂ ਸਵਾਲ ਪੁੱਛਣੇ ਹਨ -ਕਿਸਾਨ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿਸਾਨ ਪੰਜਾਬ ਵਿੱਚ ਭਾਜਪਾ ਆਗੂਆਂ ਤੋਂ ਲਗਾਤਾਰ ਸਵਾਲ ਪੁੱਛਣ ਜਾ ਰਹੇ ਹਨ, ਪਰ ਉਨ੍ਹਾਂ ਤੋਂ ਜਵਾਬ ਨਹੀਂ ਮਿਲ ਰਹੇ। ਇਸ ਲਈ ਹੁਣ ਮੋਦੀ ਤੋਂ ਸਵਾਲ ਪੁੱਛਣੇ ਚਾਹੁੰਦੇ ਹਾਂ।

ਕਿਸਾਨ ਆਗੂ ਨੇ ਕਿਹਾ ਕਿ ਉਹ ਮੋਦੀ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਸ਼ੁਭਕਰਨ ਸਿੰਘ ਨੂੰ ਅੰਦੋਲਨ ਦੌਰਾਨ ਕਿਉਂ ਮਾਰਿਆ ਗਿਆ।

ਦਿੱਲੀ ਬਾਰਡਰਾਂ ਵਾਲੇ ਅੰਦੋਲਨ ਨੂੰ ਖਤਮ ਕਰਨਵਾਉਣ ਲਈ ਜੋ ਲਿਖ਼ਤੀ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕਿਉਂ ਨਹੀਂ ਕੀਤੇ ਗਏ।

ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਅਤੇ ਕੇਸ ਵਾਪਸੀ ਦੇ ਵਾਅਦੇ ਕਿਉਂ ਨਹੀਂ ਕੀਤੇ ਗਏ।

ਲਿਖਤੀ ਮੰਗਾਂ ਮੰਨ ਕੇ ਵਾਅਦਾ ਨਹੀਂ ਨਿਭਾਇਆ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਪੱਤਰਕਾਰਾਂ ਨੇ ਵਿਰੋਧ ਦੇ ਮਕਸਦ ਬਾਰੇ ਦੱਸਿਆ।

ਜਥੇਬੰਦੀ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ, “ ਜਦੋਂ ਕਿਸਾਨ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਗਏ ਹਨ ਤਾਂ ਉੱਥੇ ਸਾਡਾ ਸਾਢੇ ਸੱਤ ਸੌ ਕਿਸਾਨ ਸ਼ਹੀਦ ਹੋਇਆ। ਪ੍ਰਧਾਨ ਮੰਤਰੀ ਸਾਹਿਬ ਨੇ ਬਕਾਇਦਾ ਲਿਖਤ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਹਨ ਕਿ ਐੱਮਐੱਸਪੀ ਦੇ ਉੱਤੇ ਗਰੰਟੀ ਦਾ ਕਨੂੰਨ ਬਣਾਵਾਂਗੇ, ਕਿਸਾਨਾਂ ਦੀ ਪੈਨਸ਼ਨ ਦਾ ਪ੍ਰਬੰਧ ਕਰਾਂਗੇ, ਸ਼ਹੀਦ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਹੈ। ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਗੱਡੀਆਂ ਚਾੜ੍ਹ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਗੱਲ ਹੈ। ਉਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ।”

“ਜਦੋਂ ਪਿੱਛੇ ਕਿਸਾਨ ਗਏ ਹਨ ਤਾਂ ਉੱਥੇ ਕਿੱਲ ਗੱਡੇ ਗਏ ਹਨ, ਕੰਧਾਂ ਕੱਢੀਆਂ ਗਈਆਂ ਹਨ, ਕਿਹੜੀ ਜਮਹੂਰੀਅਤ ਹੈ ਇਹ? ਜਦੋਂ ਮੋਦੀ ਸਾਹਬ ਕਹਿੰਦੇ ਨੇ ਜਮਹੂਰੀ ਹੱਕ ਹੈ ਉਹ ਰੈਲੀ ਕਰਨ, ਜਦੋਂ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾਂਦੇ ਹਨ, ਉਦੋਂ ਜਮਹੂਰੀਅਤ ਕਿੱਧਰ ਜਾਂਦੀ ਹੈ।”

ਜਗਤਾਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਪਟਿਆਲੇ ਵਿੱਚ ਰਹਿਣਗੇ ਅਸੀ ਵਿਰੋਧ ਕਰਾਂਗੇ ਅਤੇ ਉਸਤੋਂ ਬਾਅਦ ਮਾਰਚ ਕੱਢ ਕੇ ਸਮਾਪਤੀ ਕਰਾਂਗੇ।

ਸਿੱਖ ਕਤਲੇਆਮ ਲਈ ਕਾਂਗਰਸ ਜ਼ਿੰਮੇਵਾਰ- ਮੋਦੀ

ਨਰਿੰਦਰ ਮੋਦੀ

ਤਸਵੀਰ ਸਰੋਤ, Narinder Modi/YT

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਵਾਰਕਾ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਇੱਕ ਚੋਣ ਰੈਲੀ ਸੰਬੋਧਨ ਕਰਦਿਆਂ ਵਿਰੋਧੀ ਇੰਡੀਆ ਗਠਜੋੜ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਦਵਾਰਕਾ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਵਿਕਾਸ ਮਾਡਲ “ਰਾਸ਼ਟਰ ਪਹਿਲਾਂ” ਲਈ ਵਚਨਬੱਧ ਹੈ ਜਦਕਿ ਕਾਂਗਰਸ ਅਤੇ ਇੰਡੀਆ ਸਮੂਹ ਦਾ ਏਜੰਡਾ “ਪਰਿਵਾਰ ਪਹਿਲਾਂ” ਹੈ।

ਉਨ੍ਹਾਂ ਨੇ ਕਿਹਾ ਕਿ ਇੰਡੀਆ ਗਠਜੋੜ ਵਾਲੇ ਦਰਮਿਆਨੇ ਅਤੇ ਗਰੀਬ ਆਮਦਨ ਵਰਗ ਵਾਲਿਆਂ ਦੀ ਆਮਦਨ ਦਾ ਐਕਸ-ਰੇ ਕਰਨਾ ਚਾਹੁੰਦੇ ਹਨ ਜਦਕਿ ਮੋਦੀ ਇਨ੍ਹਾਂ ਭ੍ਰਿਸ਼ਟਾਚਾਰੀਆਂ ਦੀ ਆਮਦਨੀ ਦਾ ਐਕਸ-ਰੇ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਉਸ ਦਾ ਸਾਥ ਦੇ ਰਹੀ ਹਰੇਕ ਸਿਆਸੀ ਪਾਰਟੀ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ।

ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਕਿਹਾ, “ਇਸੇ ਦਿੱਲੀ ਵਿੱਚ ਗਲੇ ਵਿਚ ਜਲਦੇ ਟਾਇਰ ਪਾ ਕੇ ਮੇਰੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਜ਼ਿੰਦਾ ਸਾੜਿਆ ਗਿਆ। ਇਹ ਗੁਨਾਹ ਕਿਸਦਾ ਸੀ? ਕਾਂਗਰਸ। ਅੱਜ ਕਾਂਗਰਸ ਦੀ ਛੱਤਰੀ ਦੇ ਥੱਲੇ ਖੜ੍ਹੀ ਹਰ ਦਲ ਸਿੱਖ ਦੰਗੇ ਦਾ ਗੁਨਾਹਗਾਰ ਹੈ। ਇਹ ਮੋਦੀ ਹੈ ਜੋ ਸਿੱਖ ਦੰਗੇ ਦੇ ਪੀੜਤਾਂ ਨੂੰ ਇਨਸਾਫ਼ ਦੁਆ ਰਿਹਾ ਹੈ।“

“ਮੋਦੀ ਨੇ ਆਉਂਦੇ ਹੀ, ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਜਿਹੜੇ ਆਰੋਪੀ ਕਾਂਗਰਸੀ ਆਗੂ ਖੁੱਲ੍ਹਾ ਘੁੰਮ ਰਹੇ ਸਨ, ਉਨ੍ਹਾਂ ਨੂੰ ਅਸੀਂ ਸਾਡੇ ਵੱਲੋਂ ਸਜ਼ਾ ਦਿੱਤੀ ਗਈ। ਇੰਡੀ ਗਠਬੰਧਨ ਲਈ ਆਪਣੇ ਵੋਟ ਬੈਂਕ ਤੋਂ ਵਧ ਕੇ ਕੁਝ ਵੀ ਨਹੀਂ ਹੈ।”

ਉਨ੍ਹਾਂ ਨੇ ਕਿਹਾ, “ਇੰਡੀਆ ਗਠਜੋੜ ਦੇਸ ਵਿੱਚ ਮੌਜੂਦ ਹਰ ਬੁਰਾਈ ਦਾ ਚਿੰਨ੍ਹ ਹੈ। ਉਹ ਅੱਤ ਦਰਜ਼ੇ ਦੇ ਫਿਰਕੂ, ਜਾਤੀਵਾਦੀ ਅਤੇ ਪਰਿਵਾਰ ਮੁਖੀ ਹਨ। ਸਾਡੀ ਦਿੱਲੀ ਨੇ ਉਨ੍ਹਾਂ ਦਾ ਫਿਰਕੂਵਾਦ ਦੇਖਿਆ ਹੈ। ਲੁਟੀਅਨਸ ਗੈਂਗ ਅਤੇ ਖ਼ਾਨ ਮਾਰਕਿਟ ਗੈਂਗ ਨੇ ਦਿੱਲੀ ਵਿੱਚ ਇਨ੍ਹਾਂ ਫਿਰਕੂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਆਪਣੀਆਂ ਜ਼ਿੰਦਗੀਆਂ ਬਿਤਾ ਦਿੱਤੀਆਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)