ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਭਖ਼ੀ ਸਿਆਸਤ, 'ਬਿਹਾਰੀਆਂ' ਵਾਲੇ ਬਿਆਨ ਦਾ ਆਇਆ ਜਵਾਬ, ਪਟਿਆਲਾ 'ਚ ਐੱਸਜੇਐੱਫ਼ ਦੀ ਸਰਗਰਮੀ

ਤਸਵੀਰ ਸਰੋਤ, Getty Images
ਇਸ ਪੰਨੇ ਰਾਹੀ ਅਸੀਂ ਪੰਜਾਬ ਦੀਆਂ ਚੋਣਾਂ ਅਤੇ ਹੋਰ ਅਹਿਮ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਚੋਣ ਦੌਰੇ ਤੋਂ ਪਹਿਲਾਂ ਹੀ ਸਿਆਸਤ ਭਖ਼ਦੀ ਨਜ਼ਰ ਆ ਰਹੀ ਹੈ।
ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੌਰਾਨ ਕਾਫ਼ਲਿਆਂ ਦੇ ਰੂਪ ਵਿੱਚ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਮਾਰਚ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।
ਹੁਣ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਪਟਿਆਲਾ ਵਿੱਚ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੇ ਪੰਜਾਬ ਵਿੱਚ ਗੈਰ ਪੰਜਾਬੀ ਵਸੋਂ ਲਈ ਹਿਮਾਚਲ ਦੀ ਤਰਜ ਉੱਤੇ ਕਾਨੂੰਨ ਦੀ ਵਕਾਲਤ ਵਾਲੇ ਬਿਆਨ ਦਾ ਪ੍ਰਧਾਨ ਮੰਤਰੀ ਵਲੋਂ ਨੋਟਿਸ ਲਏ ਜਾਣ ਉੱਤੇ ਇਸ ਉੱਤੇ ਬਹਿਸ ਹੋ ਅੱਗੇ ਵਧ ਗਈ ਹੈ।
ਸੁਖਪਾਲ ਖਹਿਰਾ, ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਹਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ।
ਪ੍ਰਧਾਨ ਮੰਤਰੀ ਵਲੋਂ ਸੁਖਪਾਲ ਖਹਿਰਾ ਦੇ ਬਿਆਨ ਨੂੰ ਬਿਹਾਰੀਆਂ ਨਾਲ ਜੋੜਨ ਤੋਂ ਬਾਅਦ ਖਹਿਰਾ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਉੱਤੇ 'ਨਫ਼ਰਤੀ' ਬਿਆਨ ਦੇਣ ਦੇ ਇਲਜ਼ਾਮ ਲਾਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਵਿੱਚ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ
ਮੋਦੀ ਦਾ ਬਿਆਨ ਤੇ ਖਹਿਰਾ ਦਾ ਜਵਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ ਬਿਹਾਰ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਖ਼ਪਾਲ ਖਹਿਰਾ ਦੇ ਗੈਰ ਪੰਜਾਬੀਆਂ ਬਾਰੇ ਬਿਆਨ ਬਾਰੇ ਤਿੱਖਾ ਪ੍ਰਤੀਕਰਮ ਦਿੱਤਾ ਸੀ।
ਉਨ੍ਹਾਂ ਕਿਹਾ ਸੀ, "ਕਾਂਗਰਸ ਦੇ ਆਗੂ ਕਹਿੰਦੇ ਹਨ ਕਿ ਬਿਹਾਰ ਦੇ ਲੋਕਾਂ ਦਾ ਪੰਜਾਬ ਵਿੱਚ ਬਾਈਕਾਟ ਕਰਨਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਬਿਹਾਰ ਦੇ ਲੋਕਾਂ ਨੂੰ ਨਾ ਪੰਜਾਬ ਵਿੱਚ ਘਰ ਖਰੀਦਣ ਦੇਣਾ ਚਾਹੀਦਾ ਅਤੇ ਨਾ ਹੀ ਬਿਹਾਰੀਆਂ ਨੂੰ ਕੋਈ ਅਧਿਕਾਰ ਦੇਣਾ ਚਾਹੀਦਾ ਹੈ। ਬਿਹਾਰ ਦੇ ਲੋਕਾਂ ਲਈ ਇੰਨੀ ਨਫਰਤ ਇਨ੍ਹਾਂ ਲੋਕਾਂ ਦੇ ਦਿਲ-ਦਿਮਾਗ 'ਚ ਭਰੀ ਹੋਈ ਹੈ।"
ਹੁਣ ਖਹਿਰਾ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਜਵਾਬ ਦਿੱਤਾ।
ਖਹਿਰਾ ਨੇ ਕਿਹਾ ਹੈ, '' ਮੈਂ ਕਦੇ ਵੀ ਬਿਹਾਰੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਜੇ ਗੈਰ-ਪੰਜਾਬੀ ਪੰਜਾਬ ਵਿੱਚ ਆਉਣਾ ਚਾਹੁੰਦੇ ਹਨ ਅਤੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਪੈਸੇ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।''
ਖਹਿਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਕਦੇ ਨਹੀਂ ਕਿਹਾ ਕਿ ਅਸੀਂ ਉਨ੍ਹਾਂ ਦਾ ਬਾਈਕਾਟ ਕਰਦੇ ਹਾਂ। ਹਾਂ ਜੇ ਉਹ ਇੱਥੇ ਆ ਕੇ ਪੱਕੇ ਤੌਰ ਤੇ ਵਸਣਾ ਚਾਹੁੰਦੇ ਹਨ ਤਾਂ ਜਿਵੇਂ ਹਿਮਾਚਲ ਵਿੱਚ ਕਾਨੂੰਨ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਉਹ ਕੁਝ ਸ਼ਰਤਾਂ ਪੂਰੀਆਂ ਕਰਕੇ ਵਸ ਸਕਦੇ ਹਨ।
ਇਸ ਸੰਬੰਧ ਵਿੱਚ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਟੈਂਨੇਂਸੀ ਐਕਟ 1972 ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਿਮਾਚਲ ਵਿੱਚ ਕੋਈ ਗੈਰ ਹਿਮਾਚਲੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨਾ ਜ਼ਮੀਨ ਲੈ ਸਕਦਾ ਹੈ, ਨਾ ਨੌਕਰੀ ਲੈ ਸਕਦਾ ਹੈ ਅਤੇ ਨਾ ਹੀ ਵੋਟਰ ਬਣ ਸਕਦਾ ਹੈ।
ਉਨ੍ਹਾਂ ਕਿਹਾ, ''ਅਜਿਹਾ ਕਾਨੂੰਨ ਭਾਜਪਾ ਸਰਕਾਰ ਨੇ ਉਤਰਾਖੰਡ ਵਿੱਚ ਵੀ ਲਾਗੂ ਕੀਤਾ ਹੋਇਆ ਹੈ ਅਤੇ ਅਜਿਹਾ ਹੀ ਕਨੂੰਨ ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਵਿੱਚ ਵੀ ਲਾਗੂ ਹੈ।”
ਉਨ੍ਹਾਂ ਨੇ ਕੱਛ ਦੇ ਪੰਜਾਬੀ ਕਿਸਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਛ ਦੀਆਂ ਬੇਅਬਾਦ ਜ਼ਮੀਨਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਕਹਿਣ ਉੱਤੇ ਅਬਾਦ ਕਰਨ ਵਾਲੇ ਪੰਜਾਬੀ ਕਿਸਾਨਾਂ ਨੂੰ ਕਿਉਂ ਕੱਢਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਛ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮਾਮਲੇ ਉੱਤੇ ਜਵਾਬ ਦੇਣਾ ਚਾਹੀਦਾ ਹੈ।
ਚੇਤੇ ਰਹੇ ਕਿ ਗੁਜਰਾਤ ਦੇ ਕੱਛ ਵਿੱਚ ਬੇਅਬਾਦ ਜ਼ਮੀਨਾਂ ਨੂੰ ਅਬਾਦ ਕਰਨ ਲਈ ਦਹਾਕਿਆਂ ਪਹਿਲਾਂ ਵਸਾਇਆ ਗਿਆ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਗੁਜਰਾਤ ਸਰਕਾਰ ਦਾ ਮੰਨਣਾ ਹੈ ਪੰਜਾਬੀ ਕਿਸਾਨ ਇਸ ਜ਼ਮੀਨ ਦੇ ਮਾਲਕ ਨਹੀਂ ਹਨ।
ਖਹਿਰਾ ਮੁਤਾਬਕ ਸੂਬੇ ਦੀ ਹਾਈਕੋਰਟ ਕਿਸਾਨਾਂ ਦੀ ਮਾਲਕੀ ਦੇ ਹੱਕ ਵਿੱਚ ਫੈਸਲਾ ਦੇ ਚੁੱਕੀ ਹੈ ਅਤੇ ਗੁਜਰਾਤ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੂਣੌਤੀ ਦਿੱਤੀ ਹੋਈ ਹੈ।
ਮੋਦੀ ਦੌਰੇ ਤੋਂ ਪਹਿਲਾਂ ਸਿਖਸ ਫਾਰ ਜਸਟਿਸ ਦੀ ਸਰਗਰਮੀ

ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਸਿਖ਼ਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਆਪਣੀਆਂ ਜਥੇਬੰਦੀ ਦੀਆਂ ਸਰਗਰਮੀਆਂ ਦਾ ਖੁਲਾਸਾ ਕੀਤਾ ਹੈ।
ਪੰਨੂੰ ਨੇ ਕਿਹਾ ਕਿ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਖਾਲਿਸਤਾਨ ਰਫਰੈਂਡਮ ਦੇ ਕਾਰਕੁਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਲਈ ਮਿੰਨੀ ਸਕੱਤਰੇਤ ਪਟਿਆਲਾ ਦੇ ਨੇੜੇ ਗਰੈਂਡ ਰਗੀਲੀਆ, ਪੰਜਾਬ ਕਿਰਤ ਵਿਭਾਗ ਦੇ ਦਫ਼ਤਰ, ਪਟਿਆਲਾ ਰਾਜਪੁਰਾ ਰੋਡ, ਪਟਿਆਲਾ ਦੇ ਮਿੰਨੀ ਸਕੱਤਰੇਤ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹਨ ਅਤੇ ਐੱਸਐੱਫਜੇ ਦੇ ਖਾਲਿਸਤਾਨ ਪੱਖੀ ਝੰਡੇ ਲਾਏ ਗਏ।
ਪੰਨੂੰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਵਿੱਚ ਰੋਕਣ ਅਤੇ ਕਤਲ ਕਰਨ ਲਈ ਜਵਾਬਦੇਹ ਕੀਤਾ ਜਾਵੇਗਾ।
ਪਟਿਆਲਾ ਤੋਂ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਕੁਝ ਅਜਿਹੇ ਵੀਡੀਓ ਭੇਜੇ ਹਨ, ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦਾ ਜਵਾਨ ਐੱਸਜੇਐੱਫ਼ ਅਤੇ ਖਾਲਿਸਤਾਨ ਦੇ ਨਾਅਰਿਆਂ ਉੱਤੇ ਕੂਚੀ ਫੇਰਦਾ ਦਿਖ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਚੋਣ ਪ੍ਰਚਾਰ

ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਉਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਥਾਵਾਂ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਬਲਕੌਰ ਸਿੰਘ ਨੇ ਕਿਹਾ ਕੀ ਉਹ ਕੋਈ ਰਾਜਨੀਤਿਕ ਆਗੂ ਨਹੀਂ ਹਨ ਨਾ ਹੀ ਉਹ ਸਟਾਰ ਪ੍ਰਚਾਰਕ ਲੇਕਿਨ ਉਹ ਤਾ ਆਪਣਾ ਦੁੱਖ ਲੈਕੇ ਲੋਕਾਂ ਵਿੱਚ ਪਹੁੰਚੇ ਹਨ।
ਉਨ੍ਹਾਂ ਨੇ ਕਿਹਾ, “ਮੈਂ ਤਾਂ ਆਪਣੇ ਪੁੱਤ ਦੇ ਕਤਲ ਦੇ ਇਨਸਾਫ਼ ਲਈ ਪਿਛਲੇ ਦੋ ਸਾਲ ਤੋ ਧੱਕੇ ਖਾ ਰਿਹਾ ਹਾਂ ਅਤੇ ਕਈ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਭਾਵੇ ਉਹਨਾਂ ਦੇ ਦਫ਼ਤਰ ਹੋਵੇ ਜਾ ਵਿਧਾਨ ਸਭਾ ਹੋਵੇ ਜਾ ਉਹਨਾਂ ਵਲੋ ਲਏ ਸਰਕਾਰ ਦਰਬਾਰ ਵਿਖੇ ਲੇਕਿਨ ਮੁੱਖ ਮੰਤਰੀ ਨਹੀਂ ਮਿਲੇ।”
ਬਲਕੌਰ ਸਿੰਘ ਦਾ ਕਹਿਣਾ ਸੀ ਕੀ ਇਹ ਸਾਫ ਹੈ ਕੀ ਉਹਨਾਂ ਦੇ ਪੁੱਤ ਨੂੰ ਏਕ ਸਾਜਿਸ਼ ਤਹਿਤ ਮਰਵਾਇਆ ਗਿਆ ਹੈ ਅਤੇ ਉਹ ਉਹ ਲੋਕਾਂ ਨੂੰ ਇਹ ਅਪੀਲ ਕਰਨ ਆਏ ਹਨ ਕਿ ਗਲਤ ਲੋਕ ਚੁਣ ਕੇ ਪਹਿਲਾਂ ਵਾਲੀ ਗਲਤੀ ਨਾ ਹੋਵੇ।
ਭਾਜਪਾ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ- ਪ੍ਰੀਤੀ ਸਪਰੂ

ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਲਈ ਚੋਣ ਪ੍ਰਚਾਰ ਕਰਨ ਅੱਜ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਪਹੁੰਚੇ।
ਉਨ੍ਹਾਂ ਨੇ ਭਾਜਪਾ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕੇ ਰਾਮ ਮੰਦਿਰ ਦਾ ਸੁਨੇਹਾ ਪੂਰੀ ਦੁਨੀਆਂ ਦੇ ਵਿੱਚ ਗਿਆ ਹੈ। ਭਾਜਪਾ ਨੇ ਇਹ ਕਰ ਕਿ ਵਿਖਾਇਆ ਜੋ ਕਿਹਾ ਸੀ।
ਉਨ੍ਹਾਂ ਕਿਹਾ, “ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਵੀ ਸ਼੍ਰੀ ਰਾਮ ਭਗਵਾਨ ਦਾ ਨਾਮ ਆਉਂਦਾ ਹੈ ਸਾਡੇ ਗੁਰੂਆਂ ਨੇ ਵੀ ਰਾਮ ਦਾ ਕਈ ਥਾਂ ਜ਼ਿਕਰ ਕੀਤਾ ਹੈ ਇਸ ਕਰਕੇ ਸ਼੍ਰੀ ਰਾਮ ਸਭ ਦੇ ਹਨ ਸਾਂਝੇ ਹਨ।”
ਪ੍ਰੀਤੀ ਸਪਰੂ ਨੇ ਕਿਹਾ, “ਜਿੰਨ੍ਹੀ ਵਾਰ ਵੀ ਦੇਸ ਵਿੱਚ ਹਾਲਾਤ ਖ਼ਰਾਬ ਹੋਏ ਫ਼ਿਰਕੂ ਸੋਚ ਭਾਰੂ ਹੋਈ ਉਸ ਵੇਲੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਭਾਵੇਂ ਉਹ 1984 ਦਾ ਸਮਾਂ ਹੋਵੇ, ਐਮਰਜੰਸੀ ਦਾ ਸਮਾਂ ਹੋਵੇ ਜਾਂ ਫਿਰ ਮੁੰਬਈ ਦੇ ਧਮਾਕੇ ਹੋਣ, ਨਿਰਦੋਸ਼ ਲੋਕਾਂ ਦੀ ਜਾਨ ਗਈ ਇਸ ਕਰਕੇ ਸਾਨੂੰ ਕੇਂਦਰ ਦੇ ਲਈ ਸੂਝ ਬੁਝ ਨਾਲ ਸਰਕਾਰ ਚੁਣਨ ਦੀ ਲੋੜ ਹੈ।
ਪ੍ਰੀਤੀ ਸਪਰੂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਇੰਡੀਆ ਗਠਬੰਧਨ ਨੂੰ ਖਿਚੜੀ ਦੱਸਿਆ।

ਤਸਵੀਰ ਸਰੋਤ, Pradeep Sharma/BBC
ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਨੂੰ ਲਾਇਆ ਗਿਆ ਗ਼ੈਰ-ਚੋਣ ਡਿਊਟੀ ’ਤੇ
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗ਼ੈਰ-ਚੋਣ ਡਿਊਟੀ 'ਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬੀਬੀਸੀ ਸਹਿਯੋਗੀ ਪ੍ਰਦੀਪ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਆਈਪੀਐੱਸ ਸਵਪਨ ਸ਼ਰਮਾ, ਜੋ ਇਸ ਸਮੇਂ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਆਈਪੀਐੱਸ ਕੁਲਦੀਪ ਚਾਹਲ, ਇਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਤੈਨਾਤ ਸਨ। ਦੋਵਾਂ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੋਂ ਟਰਾਂਸਫਰ ਕਰਕੇ ਗ਼ੈਰ-ਚੋਣ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਜਲੰਧਰ ਅਤੇ ਲੁਧਿਆਣਾ ਵਿੱਚ ਤੈਨਾਤੀ ਲਈ ਤਿੰਨ ਯੋਗ ਅਧਿਕਾਰੀਆਂ ਦਾ ਪੈਨਲ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ।








