ਪਰਵਾਸੀ ਮਜ਼ਦੂਰਾਂ ਦਾ 'ਪੰਜਾਬੀਕਰਨ' : 'ਸਾਡੇ ਬੱਚੇ ਪੰਜਾਬੀ ਪੜ੍ਹਦੇ ਹਨ, ਅਸੀਂ ਪੰਜਾਬੀਆਂ ਵਾਂਗ ਹੀ ਰਸਮਾਂ ਕਰਦੇ ਹਾਂ'

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਝੋਨੇ ਦੀ ਬੀਜਾਈ ਲਈ ਵਧੇਰੇ ਪਰਵਾਸੀ ਮਜ਼ਦੂਰ ਆਉਂਦੇ ਹਨ
    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਸਹਿਯੋਗੀ

ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਗ਼ੈਰ-ਪੰਜਾਬੀ ਪਰਵਾਸੀ ਮਜ਼ਦੂਰਾਂ ਦੀ ਵਧੀ ਗਿਣਤੀ ਉੱਤੇ ਸੂਬੇ ਦੇ ਕੁਝ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂ ਸਵਾਲ ਚੁੱਕਦੇ ਰਹੇ ਹਨ।

ਕੁਝ ਸਮਾਂ ਪਹਿਲਾਂ ਅਕਾਲ ਤਖ਼ਤ ਦੇ ਤਤਕਾਲੀ ਤੇ ਤਖ਼ਤ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ, ਹਰਪ੍ਰੀਤ ਸਿੰਘ ਦੇ ਪੰਜਾਬ ਦਾ ਭੂਗੋਲ ਬਦਲਣ ਬਾਰੇ ਬਿਆਨ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਸਿੱਖਾਂ ਨੂੰ 5-5 ਬੱਚੇ ਜੰਮਣ ਦੀ ਸਲਾਹ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਲੱਖਾ ਸਿਧਾਣਾ ਦੇ ਪਰਵਾਸੀਆਂ ਦੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਬਿਆਨ ਇੱਕ ਕੜੀ ਬਣ ਕੇ ਉੱਭਰਦੇ ਹਨ।

ਇਸੇ ਕੜੀ ਵਿੱਚ ਤਾਜ਼ਾ ਬਿਆਨ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਆਇਆ ਹੈ। ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਇੱਕ ਰੈਲੀ ਦੌਰਾਨ ਸਖ਼ਤ ਸ਼ਬਦਾਂ ਵਿੱਚ ਨੋਟਿਸ ਵੀ ਲਿਆ ਹੈ।

ਖਹਿਰਾ ਦੇ ਬਿਆਨ ਉੱਤੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਮਸਲੇ ਉੱਤੇ ਬਿਆਨ ਨੇ ‘ਅੱਗ ’ਤੇ ਘਿਓ ਪਾਉਣ’ ਦਾ ਕੰਮ ਕੀਤਾ।

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਬਹੁਗਿਣਤੀ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਂਦੇ ਹਨ

ਸੁਖਪਾਲ ਖਹਿਰਾ ਦਾ ਬਿਆਨ ਜੋ ਵਿਵਾਦ ਬਣ ਗਿਆ

ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਪਿੰਡ ਖੇਤਲਾ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘‘ਗ਼ੈਰ-ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ-ਜਾਇਦਾਦ ਖ਼ਰੀਦਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।ਇਸ ਲਈ ਹਿਮਾਚਲ ਦੀ ਤਰਜ਼ ਉੱਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।’’

ਜਿਵੇਂ ਹੀ ਖਹਿਰਾ ਦੀ ਵੀਡੀਓ ਮੀਡੀਆ ’ਤੇ ਸੋਸ਼ਲ ਮੀਡੀਆ ਉੱਤੇ ਚੱਲਣੀ ਸ਼ੁਰੂ ਹੋਈ, ਵਿਰੋਧੀ ਪਾਰਟੀਆਂ ਨੇ ਕਾਂਗਰਸ ਆਗੂ ਨੂੰ 'ਘੇਰਨਾ' ਸ਼ੁਰੂ ਕਰ ਦਿੱਤਾ।

ਇੱਥੇ ਹੀ ਬਸ ਨਹੀਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਦੀ ਟਿੱਪਣੀ ਨੂੰ ਉਨਾਂ ਦੀ ਨਿੱਜੀ ਟਿੱਪਣੀ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਇਸ ਬਿਆਨ ਤੋਂ ਖ਼ੁਦ ਨੂੰ ਅਲੱਗ ਕਰ ਲਿਆ।

ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਉਨਾਂ ਦੇ ਖੇਤਰ ਵਿੱਚ ਪਰਵਾਸੀ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ।

ਪਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਕੀਤੇ ਗਏ ਇੱਕ ਰੋਡ ਸ਼ੋਅ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ।

ਉਨਾਂ ਕਿਹਾ, "ਖਹਿਰਾ ਕਹਿੰਦੇ ਹਨ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ ਪਰ ਉਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਸਾਡੇ ਗੁਰੂਆਂ ਨੇ ਦੂਜਿਆਂ ਦਾ ਢਿੱਡ ਭਰਨਾ ਸਿਖਾਇਆ ਹੈ।"

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ।

ਪੰਜਾਬ ਵਿੱਚ ਕਿੰਨੇ ਪਰਵਾਸੀ ਮਜ਼ਦੂਰ

ਪੰਜਾਬ ਵਿੱਚ ਤਿੰਨ ਤਰੀਕੇ ਨਾਲ ਮਜ਼ਦੂਰੀ ਕਰਨ ਲਈ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਆਉਂਦੇ ਹਨ।

ਪਹਿਲੀ ਕਿਸਮ ਦੇ ਮਜ਼ਦੂਰ ਖੇਤੀ ਕਾਮਿਆਂ ਵਜੋਂ ਆਉਂਦੇ ਹਨ। ਉਨ੍ਹਾਂ ਦਾ ਛਿਮਾਹੀ- ਦਰ ਛਿਮਾਹੀ ਫ਼ਸਲਾਂ ਦੇ ਕੰਮ ਦੇ ਹਿਸਾਬ ਨਾਲ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।

ਦੂਜੇ ਕਿਸਮ ਦੇ ਮਜ਼ਦੂਰ, ਸੂਬੇ ਦੀਆਂ ਫੈਕਟਰੀਆਂ, ਢਾਂਚਾਗਤ ਸਹੂਲਤਾਂ ਦੇ ਉਸਾਰੀ ਕਾਰਜਾਂ ਲਈ ਆਉਂਦੇ ਹਨ। ਇਹ ਪੰਜਾਬ ਵਿੱਚ ਵੱਧ ਸਥਾਈ ਤੌਰ ਉੱਤੇ ਰਹਿੰਦੇ ਹਨ।

ਤੀਜੀ ਕਿਸਮ ਘਰੇਲੂ ਕਾਮਿਆਂ, ਰੇਹੜੀ ਫੜੀ ਲਾਉਣ ਵਾਲਿਆਂ ਅਤੇ ਜ਼ਮੀਨਾਂ ਠੇਕੇ ਉੱਤੇ ਲੈ ਕੇ ਖੇਤੀ ਕਰਨ ਜਾਂ ਛੋਟੇ-ਮੋਟੇ ਧੰਦਿਆ ਵਾਲਿਆਂ ਦੀ ਹੈ, ਇਹ ਵੀ ਪੰਜਾਬ ਸਥਾਈ ਤੌਰ ਉੱਤੇ ਵੱਸਦੇ ਹਨ।

ਇਨ੍ਹਾਂ ਵਿੱਚ ਬਹੁਗਿਣਤੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਅਸਲ ਵਿੱਚ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ।

ਸਾਲ 1978 ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 2.18 ਲੱਖ ਦੇ ਕਰੀਬ ਦੱਸੀ ਗਈ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਬਰਾੜ ਦੱਸਦੇ ਹਨ ਕਿ ਉਸ ਵੇਲੇ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਦਾ ਮੁੱਖ ਕਾਰਨ ਪੰਜਾਬ ਵਿੱਚ ਝੋਨੇ ਦੀ ਬੀਜਾਈ ਦਾ ਸ਼ੁਰੂ ਹੋਣਾ ਸੀ।

ਉਹ ਕਹਿੰਦੇ ਹਨ, "ਜਦੋਂ ਪੰਜਾਬ ਵਿੱਚ ਝੋਨੇ ਦੀ ਬੀਜਾਈ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਪੰਜਾਬੀਆਂ ਕੋਲ ਝੋਨੇ ਨੂੰ ਖੇਤਾਂ ਵਿਚ ਲਗਾਉਣ ਦਾ ਤਜ਼ਰਬਾ ਨਹੀਂ ਸੀ।"

"ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਖਿੱਤਿਆਂ ਵਿੱਚ ਝੋਨੇ ਦੀ ਬੀਜਾਈ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਸੀ। ਪੰਜਾਬ ਨੂੰ ਉਸ ਵੇਲੇ ਝੋਨਾ ਲਾਉਣ ਵਿੱਚ ਮਾਹਰ ਕਾਮਿਆਂ ਦੀ ਜ਼ਰੂਰਤ ਸੀ।"

"ਬਿਹਾਰ ਅਤੇ ਯੂਪੀ ਦੇ ਪਰਵਾਸੀ ਮਜ਼ਦੂਰਾਂ ਤੋਂ ਬਾਅਦ ਉੜੀਸਾ ਅਤੇ ਦਿੱਲੀ ਦੇ ਨੇੜਲੇ ਇਲਾਕਿਆਂ ਤੋਂ ਪਰਵਾਸੀ ਮਜ਼ਦੂਰ ਪੰਜਾਬ ਆ ਕੇ ਵਸ ਗਏ।"

ਜ਼ਿਆਦਾਤਰ ਪਰਵਾਸੀ ਮਜ਼ਦੂਰ ਲੁਧਿਆਣਾ ਇਲਾਕੇ ਵਿੱਚ ਵਸੇ ਹੋਏ ਹਨ। ਪੰਜਾਬ ਸਰਕਾਰ ਦੇ ਇੱਕ ਸਰਵੇਖਣ ਮੁਤਾਬਕ 50 ਹਜ਼ਾਰ ਦੇ ਕਰੀਬ ਪਰਵਾਸੀ ਮਜ਼ਦੂਰ ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਵਿੱਚ ਰਹਿੰਦੇ ਹਨ।

ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਲੇਬਰ ਐਂਡ ਇੰਪਲਾਈਮੈਂਟ ਵਿਭਾਗ ਮੁਤਾਬਕ ਸਾਲ 1977 ਤੋਂ ਲੈ ਕੇ ਭਾਰਤ ਦੇ ਦੂਜੇ ਸੂਬਿਆਂ ਵਿੱਚੋਂ ਮਜਦੂਰਾਂ ਦਾ ਪੰਜਾਬ ਆਉਣ ਦਾ ਰੁਝਾਨ ਨਿਰੰਤਰ ਜਾਰੀ ਹੈ।

ਡਾ. ਜਸਵਿੰਦਰ ਸਿੰਘ ਬਰਾੜ ਕਹਿੰਦੇ ਹਨ, “ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਸਾਲ 2015 ਤੱਕ ਪੰਜਾਬੀਆਂ ਦੀ 3 ਕਰੋੜ ਦੀ ਆਬਾਦੀ ਪਿੱਛੇ 37 ਲੱਖ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਪੰਜਾਬ ਆ ਕੇ ਪੰਜਾਬ ਇੱਥੇ ਵਸ ਚੁੱਕੇ ਹਨ।”

ਅੰਕੜਿਆਂ ਮੁਤਾਬਿਕ ਪੰਜਾਬ ਆ ਕੇ ਵਸਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਸਾਲ 2022 ਦੇ ਅੰਤ ਤੱਕ ਹੋਰ ਵਾਧਾ ਹੋਇਆ ਹੈ।

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਪੰਜਾਬ ਵਿੱਚ ਕੁੱਲ ਕਿੰਨੇ ਪਰਵਾਸੀ ਮਜ਼ਦੂਰ ਹਨ ਇਸ ਬਾਰੇ ਪੁਖ਼ਤਾ ਅੰਕੜੇ ਮੌਜੂਦ ਨਹੀਂ ਹਨ

ਪੰਜਾਬ ਦੀ ਆਰਥਿਕਤਾ ਉੱਤੇ ਅਸਰ

ਡਾ. ਆਰਐੱਸ ਘੁੰਮਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਸੂਬੇ ਦੇ ਜਾਣੇ-ਪਛਾਣੇ ਆਰਥਿਕ ਮਾਹਰ ਹਨ।

ਡਾ. ਘੁੰਮਣ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਕੰਮ ਕਰਨ ਦੇ ਢੰਗ ਅਤੇ ਪਰਵਾਸੀਆਂ ਕਾਰਨ ਸੂਬੇ ਦੀ ਆਰਥਿਕਤਾ ਉੱਪਰ ਪੈਣ ਵਾਲੇ ਅਸਰ ਸਬੰਧੀ ਬਾਰੀਕੀ ਨਾਲ ਅਧਿਐਨ ਕਰ ਚੁੱਕੇ ਹਨ।

ਉਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਅਸਲ ਗਿਣਤੀ ਦਾ ਡਾਟਾ ਕਿਸੇ ਵੀ ਵਿਭਾਗ ਜਾਂ ਏਜੰਸੀ ਕੋਲ ਉਪਲੱਬਧ ਨਹੀਂ ਹੈ।

ਲੁਧਿਆਣਾ ਇੱਕ ਵੱਡਾ ਉਦਯੋਗਿਕ ਖੇਤਰ ਹੋਣ ਕਾਰਨ ਜ਼ਿਆਦਾਤਰ ਪਰਵਾਸੀ ਮਜ਼ਦੂਰ ਇੱਥੇ ਹੀ ਆ ਕੇ ਵਸਣ ਨੂੰ ਤਰਜ਼ੀਹ ਦਿੰਦੇ ਹਨ।

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਪਰਵਾਸੀ ਤੋਂ ਪੰਜਾਬੀ ਬਣਨ ਦੀ ਕਹਾਣੀ

ਕਮਲ ਚੁਰਸੀਆ ਸਾਲ 1992 ਵਿੱਚ ਪੰਜਾਬ ਆ ਕੇ ਵਸੇ ਸਨ। ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸ਼ਹਿਰ ਦੇ ਰਹਿਣ ਵਾਲੇ ਹਨ।

ਉਹ ਦੱਸਦੇ ਹਨ ਕਿ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਦੇ 4 ਬੱਚੇ ਪੰਜਾਬ ਵਿੱਚ ਹੀ ਪੈਦਾ ਹੋਏ ਹਨ।

"ਅਸੀਂ ਰੋਜ਼ੀ-ਰੋਟੀ ਦੀ ਭਾਲ ਵਿੱਚ ਪੰਜਾਬ ਆਏ ਸੀ। ਕੁਝ ਸਾਲ ਅਸੀਂ ਝੋਨਾ ਲਾ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਅਤੇ ਬਾਅਦ ਵਿੱਚ ਮੈਂ ਫਾਸਟ ਫੂਡ ਦੀ ਆਪਣੀ ਰੇੜ੍ਹੀ ਤਿਆਰ ਕਰ ਲਈ।"

ਉਹ ਜਿੰਨ੍ਹਾਂ ਲੋਕਾਂ ਨੂੰ ਜਾਣਦੇ ਹਨ, ਉਸ ਅਧਾਰ ਉੱਤੇ ਦੱਸਦੇ ਹਨ, "ਬਿਹਾਰ ਅਤੇ ਯੂਪੀ ਤੋਂ ਆਉਣ ਵਾਲੇ 70 ਫ਼ੀਸਦੀ ਪਰਵਾਸੀਆਂ ਨੇ ਆਪਣੇ ਸਾਰੇ ਕਾਨੂੰਨੀ ਦਸਤਾਵੇਜ਼ ਵੀ ਪੰਜਾਬ ਵਿੱਚ ਤਿਆਰ ਕਰ ਲਏ ਹਨ।"

"ਇਸ ਵੇਲੇ ਮੇਰੇ ਪਰਿਵਾਰ ਤੇ ਪੰਜਾਬ ਆ ਕੇ ਵਸੇ ਰਿਸ਼ਤੇਦਾਰਾਂ ਕੋਲ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਤੋਂ ਇਲਾਵਾ ਗਰੀਬਾਂ ਨੂੰ ਮੁਫ਼ਤ ਮਿਲਦੀ ਕਣਕ ਤੇ ਆਟਾ-ਦਾਲ ਸਕੀਮ ਦੇ ਕਾਰਡ ਵੀ ਹਨ।"

ਇੱਕ ਰਿਪੋਰਟ ਮੁਤਾਬਕ ਪੰਜਾਬ ਆ ਕੇ ਵਸੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਵਿੱਚੋਂ 80 ਫੀਸਦੀ ਸਨਅਤੀ ਇਕਾਈਆਂ ਜਾਂ ਹੋਰਨਾਂ ਹੁਨਰਮੰਦ ਧੰਦਿਆਂ ਨਾਲ ਜੁੜੇ ਹੋਏ ਹਨ।

ਆਪਣੇ ਸੱਭਿਆਚਾਰ ਤੋਂ ਦੂਰ ਹੋਣ ਦੀ ਗੱਲ ਬਾਰੇ ਬੋਲਦਿਆਂ ਕਮਲ ਚੌਰਸੀਆ ਕਹਿੰਦੇ ਹਨ, "ਮੇਰੀ ਪਤਨੀ ਲਛਮੀ ਰਾਣੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਮੈਂ ਉਨਾਂ ਦਾ ਅੰਤਿਮ ਸੰਸਕਾਰ ਸਿੱਖ ਰਿਵਾਇਤਾਂ ਮੁਤਾਬਿਕ ਹੀ ਕੀਤਾ ਅਤੇ ਭੋਗ ਦੀ ਰਸਮ ਵੀ ਪੰਜਾਬੀ ਸੱਭਿਆਚਾਰ ਮੁਤਾਬਕ ਹੀ ਹੋਈ ਸੀ।"

"ਅਸੀਂ ਪੰਜਾਬੀਆਂ ਨਾਲ ਭਰਾਵਾਂ ਵਾਂਗ ਰਹਿੰਦੇ ਹਨ। ਇਥੋਂ ਤੱਕ ਕੇ ਸਾਡੇ ਤਾਂ ਬੱਚੇ ਵੀ ਪੰਜਾਬੀ ਬੋਲਦੇ ਹਨ। ਪੰਜਾਬੀਆਂ ਨਾਲ ਸਾਡੀ ਖਾਣ ਪੀਣ ਅਤੇ ਕੰਮਾਂ-ਕਾਰਾਂ ਦੀ ਸਾਂਝ ਡੂੰਘੀ ਹੋ ਚੁੱਕੀ ਹੈ।"

ਯੂਪੀ ਅਤੇ ਬਿਹਾਰ ਤੋਂ ਆਉਣ ਵਾਲੇ ਕਾਮਿਆਂ ਨੇ ਇਕੱਲੇ ਖੇਤੀ ਸੈਕਟਰ ਹੀ ਨਹੀਂ ਸਗੋਂ ਦੂਜੇ ਧੰਦਿਆਂ ਵਿੱਚ ਵੀ ਆਪਣੀ ਹੁਨਰਮੰਦੀ ਕਾਰਨ ਪੰਜਾਬੀਆਂ ਦੇ ਮੁਕਾਬਲੇ ਪੈਂਠ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ-
ਪਰਵਾਸੀ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰਾਂ ਦਾ ਪੰਜਾਬੀ ਦੀ ਖੇਤੀ ਵਿੱਚ ਵੱਡਾ ਯੋਗਦਾਨ ਹੈ

ਕਾਰੋਬਾਰ ਜਿਨ੍ਹਾਂ ਪਰਵਾਸੀਆਂ ਦੀ ਸਰਦਾਰੀ

ਲੁਧਿਆਣਾ ਅਤੇ ਜਲੰਧਰ ਦੀਆਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਨ ਤੋਂ ਇਲਾਵਾ ਪਰਵਾਸੀ ਮਜ਼ਦੂਰ ਉਸਾਰੀ, ਸੰਗਮਰਮਰ ਦੇ ਫਰਸ਼ ਲਾਉਣ, ਫਲ ਤੇ ਸਬਜ਼ੀਆਂ ਵੇਚਣ, ਬਿਜਲੀ ਮਕੈਨਿਕ, ਢਾਬੇ ਚਲਾਉਣ ਅਤੇ ਪਲੰਬਰ ਆਦਿ ਦੇ ਧੰਦਿਆਂ ਨਾਲ ਜੁੜੇ ਹੋਏ ਹਨ।

ਕਈ ਪਰਵਾਸੀ ਮਜ਼ਦੂਰਾਂ ਨੇ ਲੁਧਿਆਣਾ, ਪਟਿਆਲਾ, ਪਠਾਨਕੋਟ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਪਣਾ ਹੌਜਰੀ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ।

ਇਸੇ ਤਰ੍ਹਾਂ ਜਲੰਧਰ ਵਿੱਚ ਖੇਡਾਂ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਵੀ ਪਰਵਾਸੀ ਮਜ਼ਦੂਰਾਂ ਦਾ ਬੋਲਬਾਲਾ ਹੈ। ਪੰਦਰਾਂ ਲੱਖ ਦੇ ਕਰੀਬ ਪਰਵਾਸੀ ਮਜ਼ਦੂਰ ਫੈਕਟਰੀਆਂ ਵਿੱਚ ਕੰਮ ਕਰਦੇ ਹਨ।

ਡਾ. ਜਸਵਿੰਦਰ ਸਿੰਘ ਬਰਾੜ ਕਹਿੰਦੇ ਹਨ, "ਯੂਨੀਵਰਸਿਟੀ ਦਾ ਅਧਿਐਨ ਦੱਸਦਾ ਹੈ ਕਿ ਪੰਜਾਬ ਵਿਚ ਇਸ ਵੇਲੇ ਸਿਰਫ਼ 20 ਫ਼ੀਸਦੀ ਪਰਵਾਸੀ ਹੀ ਖੇਤੀ ਸੈਕਟਰ ਨਾਲ ਜੁੜੇ ਹੋਏ ਹਨ।"

"ਇੱਕ ਸਰਵੇਖਣ ਮੁਤਾਬਕ 4 ਲੱਖ ਪਰਵਾਸੀ ਮਜ਼ਦੂਰ ਖੇਤਾਂ ਵਿੱਚ ਕੰਮ ਕਰਦੇ ਹਨ। ਪਰ ਝੋਨਾ ਲਾਉਣ ਦੇ ਸੀਜ਼ਨ ਦਰਮਿਆਨ ਇਹ ਗਿਣਤੀ 5 ਲੱਖ ਤੱਕ ਪਹੁੰਚ ਜਾਂਦੀ ਹੈ।"

ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਹੋਈ ਆਮਦ ਦਾ ਇੱਕ ਛੋਟਾ ਜਿਹਾ ਅੰਕੜਾ ਕਰੋਨਾ ਦੇ ਸਮੇਂ ਵਿੱਚ ਵੀ ਸਾਹਮਣੇ ਆਇਆ ਸੀ।

ਕਰੋਨਾ ਕਾਰਨ ਪੂਰੇ ਦੇਸ਼ ਵਿੱਚ ਜਨ-ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਉਸ ਵੇਲੇ ਪੰਜਾਬ ਸਰਕਾਰ ਦੇ ਪੋਰਟਲ ਉੱਪਰ 18 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਆਪਣੇ ਸੂਬਿਆਂ ਵਿੱਚ ਜਾਣ ਲਈ ਅਰਜੀਆਂ ਦਿੱਤੀਆਂ ਸਨ।

'ਬੀਬੀਸੀ' ਨਾਲ ਗੱਲਬਾਤ ਕਰਦਿਆਂ ਡਾ. ਆਰਐੱਸ ਘੁੰਮਣ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਕੰਮ ਕਰਨ ਕਰਕੇ ਇਥੋਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਿਆ ਹੈ।

ਪਰਵਾਸੀ ਮਜ਼ਦੂਰ
ਤਸਵੀਰ ਕੈਪਸ਼ਨ, ਯੂਪੀ, ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਕਈ ਕੰਮਾਂ ਵਿੱਚ ਮਦਦ ਕਰਦੇ ਹਨ

ਪਰਵਾਸੀਆਂ ਦੇ ਜ਼ਮੀਨ-ਜਾਇਦਾਦ ਖਰੀਦਣ ਬਾਰੇ

ਕੁਝ ਸਿਆਸੀ ਲੋਕਾਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚ ਜ਼ਮੀਨ ਜਾਂ ਮਕਾਨ ਵਗੈਰਾ ਖਰੀਦਣ ਦੇ ਹੱਕ ਤੋਂ ਵਾਂਝਾ ਕਰਨ ਦੀ ਚੁੱਕੀ ਜਾ ਰਹੀ ਮੰਗ ਨਾਲ ਡਾਕਟਰ ਘੁੰਮਣ ਸਹਿਮਤ ਨਹੀਂ ਹਨ।

ਉਹ ਕਹਿੰਦੇ ਹਨ, "ਜਿਹੜੇ ਕੰਮ ਪੰਜਾਬੀਆਂ ਨੇ ਆਪਣੇ ਹੱਥੀਂ ਕਰਨੇ ਛੱਡ ਦਿੱਤੇ ਸਨ, ਉਹ ਕੰਮ ਪਰਵਾਸੀ ਮਜ਼ਦੂਰ ਬਾਖ਼ੂਬੀ ਕਰ ਰਹੇ ਹਨ।"

"ਪਿੰਡਾਂ ਤੋਂ ਲੈ ਕੇ ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਕੰਮ ਕਰਕੇ ਇੱਕ ਪਰਵਾਸੀ ਮਜ਼ਦੂਰ ਪ੍ਰਤੀ ਦਿਨ 1000 ਤੋਂ ਲੈ ਕੇ 3000 ਰੁਪਏ ਤੱਕ ਕਮਾ ਰਿਹਾ ਹੈ। ਪੰਜਾਬੀਆਂ ਨੇ ਤਾਂ ਆਪਣੇ ਖੇਤਾਂ ਵਿੱਚ ਵੀ ਹੱਥੀਂ ਕੰਮ ਕਰਨਾ ਛੱਡ ਦਿੱਤਾ ਹੈ"।

ਡਾ. ਆਰਐੱਸ ਘੁੰਮਣ ਕਹਿੰਦੇ ਹਨ, "ਕੰਧਾਂ ਉੱਪਰ 'ਭਈਏ ਭਜਾਓ, ਪੰਜਾਬ ਬਚਾਓ' ਲਿਖਣ ਨਾਲ ਗੱਲ ਨਹੀਂ ਬਣਨ ਵਾਲੀ। ਪੰਜਾਬੀਆਂ ਨੂੰ ਹੁਣ ਲਿਖਣਾ ਪਵੇਗਾ 'ਕੰਮ ਕਰੋ ਪੰਜਾਬ ਬਚਾਓ'।”

“ਜੇਕਰ ਪੰਜਾਬੀ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਜਾ ਕੇ ਕੰਮ ਕਰ ਸਕਦੇ ਹਨ ਤਾਂ ਫਿਰ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਕਿਵੇਂ ਰੋਕ ਸਕਦੇ ਹਾਂ।"

ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਅਸਲ ਗਿਣਤੀ ਬਾਰੇ ਉਹ ਵੱਖਰੀ ਰਾਏ ਰੱਖਦੇ ਹਨ।

ਡਾ. ਘੁੰਮਣ ਕਹਿੰਦੇ ਹਨ, "ਆਬਾਦੀ ਸਬੰਧੀ ਹਰ ਤਰ੍ਹਾਂ ਦੇ ਅੰਕੜੇ 2011 ਵਾਲੀ ਮਰਦਮ ਸ਼ੁਮਾਰੀ ਤੋਂ ਹੀ ਲੈ ਰਹੇ ਹਾਂ। ਸਾਲ 2021 ਵਿੱਚ ਦੁਬਾਰਾ ਜਨ-ਗਣਨਾ ਹੋਣੀ ਸੀ, ਜਿਹੜੀ ਕਿ ਹਾਲੇ ਤੱਕ ਨਹੀਂ ਕੀਤੀ ਗਈ ਹੈ।"

"ਅਜਿਹੇ ਵਿੱਚ ਅਸੀਂ ਕਿਸੇ ਵੀ ਵਰਗ ਜਾਂ ਜਾਤੀ ਵਿਸ਼ੇਸ਼ ਦੀ ਗਿਣਤੀ ਲਈ ਮਰਦਮ ਸ਼ੁਮਾਰੀ ਦੇ ਪੁਰਾਣੇ ਅੰਕੜਿਆਂ ਉੱਪਰ ਹੀ ਨਿਰਭਰ ਹਾਂ।"

"ਜੇਕਰ ਸਰਕਾਰ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੇ ਤਾਂ ਉਹ ਇੱਕ ਵਿਸ਼ੇਸ਼ ਜਨ-ਗਣਨਾ ਕਰਵਾ ਕੇ ਪਰਵਾਸੀ ਮਜ਼ਦੂਰਾਂ ਸਬੰਧੀ ਗਿਣਤੀ ਦਾ ਸਟੀਕ ਪਤਾ ਲਗਾ ਸਕਦੀ ਹੈ। ਪਰ ਹਾਲ ਦੀ ਘੜੀ ਇਹ ਸੰਭਵ ਨਜ਼ਰ ਨਹੀਂ ਆ ਰਿਹਾ ਹੈ।"

ਉਹ ਕਹਿੰਦੇ ਹਨ, "ਜੇਕਰ ਵੱਡੀ ਗਿਣਤੀ ਵਿੱਚ ਆਏ ਪਰਵਾਸੀ ਮਜ਼ਦੂਰ ਪੰਜਾਬ ਵਿੱਚੋਂ ਕਮਾਈ ਕਰਦੇ ਹਨ ਤਾਂ ਉਹ ਜ਼ਿੰਦਗੀ ਬਸਰ ਕਰਨ ਲਈ ਇੱਥੇ ਖਰਚ ਵੀ ਕਰਦੇ ਹਨ। ਪੰਜਾਬ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਬਾਹਰੀ ਰਾਜਾਂ ਦੇ ਲੋਕ ਇੱਥੇ ਆ ਕੇ ਜਮੀਨ ਜਾਂ ਮਕਾਨ ਨਾ ਖਰੀਦ ਸਕਣ।"

ਪਰਵਾਸੀ ਮਜ਼ਦੂਰ
ਤਸਵੀਰ ਕੈਪਸ਼ਨ, ਪੰਜਾਬ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹਨ (ਸੰਕੇਤਕ ਤਸਵੀਰ)

ਪਰਵਾਸੀ ਮਜ਼ਦੂਰਾਂ ਦੀ ਚੋਣਾਂ ਵਿੱਚ ਭੂਮਿਕਾ

ਪਰਵਾਸੀ ਮਜ਼ਦੂਰਾਂ ਦੀ ਚੋਣਾਂ ਵਿੱਚ ਕਿਹੋ ਜਿਹੀ ਭੂਮਿਕਾ ਹੈ, ਉਸ ਬਾਰੇ ਗੱਲ ਕਰਦਿਆਂ ਡਾ. ਘੁੰਮਣ ਕਹਿੰਦੇ ਹਨ, "ਜਿਸ ਇਲਾਕੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਧੇਰੇ ਹੈ, ਉੱਥੇ ਉਹ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਵਿੱਚ ਕੌਂਸਲਰ ਵੀ ਬਣੇ ਹਨ। ਇਸ ਵਿਚ ਅਸੀਂ ਬਟਾਲਾ ਸ਼ਹਿਰ ਨੂੰ ਦੇਖ ਸਕਦੇ ਹਾਂ।”

“ਜਿਸ ਤਰੀਕੇ ਨਾਲ ਪਰਵਾਸੀ ਮਜ਼ਦੂਰਾਂ ਦੀ ਆਮਦ ਲੁਧਿਆਣਾ ਵਰਗੇ ਖੇਤਰਾਂ ਵਿੱਚ ਵਧੀ ਹੈ, ਆਉਣ ਵਾਲੇ ਦਿਨਾਂ ਵਿੱਚ ਉਹ ਵਿਧਾਇਕ ਲਈ ਵੀ ਆਪਣਾ ਉਮੀਦਵਾਰ ਖੜ੍ਹਾ ਕਰ ਸਕਦੇ ਹਨ।"

ਅਰਜਨ ਕੁਮਾਰ ਝਾਰਖੰਡ ਦੇ ਜਿਲ੍ਹਾ ਧਨਬਾਦ ਅਧੀਨ ਪੈਂਦੇ ਝਰੀਆ ਸ਼ਹਿਰ ਨਾਲ ਸੰਬੰਧਿਤ ਹਨ। ਉਹ ਸਾਲ 2001 ਵਿੱਚ ਕੰਮ-ਕਾਰ ਦੀ ਭਾਲ ਵਿੱਚ ਬਠਿੰਡਾ ਦੇ ਰੇਲਵੇ ਸਟੇਸ਼ਨ ਉੱਪਰ ਉੱਤਰੇ ਸਨ।

ਅਰਜਨ ਕੁਮਾਰ ਇਸ ਵੇਲੇ ਮੁੱਲਾਂਪੁਰ ਦਾਖਾ ਸ਼ਹਿਰ ਵਿੱਚ ਰਹਿ ਕੇ ਰੰਗ-ਰੋਗਨ ਦੇ ਕੰਮ ਦੇ ਠੇਕੇਦਾਰ ਹਨ। ਉਹ ਦੱਸਦੇ ਹਨ ਕਿ ਉਹ ਮਗਧ ਯੂਨੀਵਰਸਿਟੀ ਬੋਧ ਗਯਾ ਤੋਂ ਗਰੈਜੂਏਟ ਹਨ।

ਉਹ ਕਹਿੰਦੇ ਹਨ ਕਿ ਜਦੋਂ ਚੋਣਾਂ ਦਾ ਮੌਕਾ ਆਉਂਦਾ ਹੈ ਤਾਂ ਪਰਵਾਸੀ ਮਜ਼ਦੂਰ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹੋ ਜਾਂਦੇ ਹਨ।

"ਜਦੋਂ ਮੈਂ ਪੰਜਾਬ ਆਇਆ ਸੀ ਤਾਂ ਉਸ ਵੇਲੇ ਮੇਰੇ ਸੂਬੇ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਸੀ। ਪੰਜਾਬ ਦੇ ਨੌਜਵਾਨ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਇਸ ਵਿੱਚ ਗਲਤ ਕੀ ਹੈ।"

"ਇੱਕ ਸੂਬੇ ਤੋਂ ਦੂਜੇ ਸੂਬੇ ਦੀ ਪਰਵਾਸ ਜਾਂ ਵਿਦੇਸ਼ ਦੀ ਪਰਵਾਸ ਸਾਡੇ ਭਵਿੱਖ ਨੂੰ ਸੁਨਹਿਰਾ ਬਣਾਉਣ ਦੇ ਰਸਤੇ ਖੋਲ੍ਹਦੀ ਹੈ। ਸਾਨੂੰ ਇੱਥੇ ਪੰਜਾਬੀਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮੇਰੇ ਰਿਸ਼ਤੇਦਾਰ ਪੰਜਾਬੀ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਮੈਂ ਉਨਾਂ ਦੀਆਂ ਕੋਠੀਆਂ ਵਿੱਚ ਰੰਗ -ਰੋਗਨ ਕਰਦਾ ਹਾਂ।"

"ਸਾਨੂੰ ਕਦੇ ਵੀ ਬੇਗਾਨੇਪਣ ਦਾ ਅਹਿਸਾਸ ਹੀ ਨਹੀਂ ਹੋਇਆ। ਮੇਰੇ ਬੱਚੇ ਪੰਜਾਬ ਦੇ ਬੱਚਿਆਂ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਪਿਛਲੀ ਛੱਠ ਪੂਜਾ ਦੇ ਤਿਉਹਾਰ ਸਮੇਂ ਪੰਜਾਬੀ ਸਾਡੇ ਨਾਲ ਸ਼ਰੀਕ ਹੋਏ ਸਨ। ਅਸੀਂ ਵਿਸਾਖੀ ਤੇ ਲੋਹੜੀ ਉਨ੍ਹਾਂ ਨਾਲ ਮਨਾਉਂਦੇ ਆ ਰਹੇ ਹਾਂ।"

ਪਰਵਾਸੀ ਮਜ਼ਦੂਰ
ਤਸਵੀਰ ਕੈਪਸ਼ਨ, ਹਰ ਵਾਰ ਚੋਣਾਂ ਦੌਰਾਨ ਪਰਵਾਸੀ ਮਜ਼ਦੂਰਾਂ ਦਾ ਮੁੱਦਾ ਭਖ਼ ਜਾਂਦਾ ਹੈ

ਪਰਵਾਸੀ ਮਜ਼ਦੂਰ ਦੀਆਂ ਵੋਟਾਂ ਲਈ ਚਾਰਜੋਈ

ਅਰਜਨ ਕੁਮਾਰ ਕਹਿੰਦੇ ਹਨ, "ਸਿਆਸੀ ਪਾਰਟੀਆਂ ਦੇ ਉਮੀਦਵਾਰ ਹਰ ਵਾਰ ਦੀਆਂ ਚੋਣਾਂ ਵਾਂਗ ਇਸ ਵਾਰ ਵੀ ਸਾਡੀ ਬਸਤੀ ਵਿੱਚ ਵੋਟਾਂ ਮੰਗਣ ਲਈ ਆ ਰਹੇ ਹਨ। ਪੇਂਡੂ ਬਸਤੀਆਂ ਵਾਂਗ ਕਸਬਿਆਂ ਵਿੱਚ ਵਸੀਆਂ ਬਸਤੀਆਂ ਵਿੱਚ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ।"

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਕਾਫ਼ੀ ਅਹਿਮੀਅਤ ਰੱਖਦੀਆਂ ਹਨ।

ਪਰਵਾਸੀ ਮਜ਼ਦੂਰਾਂ ਨੂੰ ਲੁਭਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਿਛਲੀਆਂ ਚੋਣਾਂ ਸਮੇਂ ਭੋਜਪੁਰੀ ਫ਼ਿਲਮ ਕਲਾਕਾਰਾਂ ਤੇ ਗਾਇਕਾਂ ਨੂੰ ਪੰਜਾਬ ਲਿਆਉਂਦੇ ਰਹੇ ਹਨ।

ਸਿਆਸੀ ਮਾਹਰ ਹਾਲ ਹੀ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਉਹ ਸਿਆਸੀ ਨਜ਼ਰੀਏ ਤੋਂ ਦੇਖਦੇ ਹਨ।

ਡਾ. ਜਗਰੂਪ ਸਿੰਘ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਰਹੇ ਹਨ। ਉਹ ਸਿਆਸੀ ਅਤੇ ਸਮਾਜਿਕ ਮਾਮਲਿਆਂ ਦੇ ਮਾਹਰ ਹਨ।

ਉਹ ਕਹਿੰਦੇ ਹਨ, " ਪੰਜਾਬ ਦੇ ਕਿਸਾਨਾਂ ਅਤੇ ਛੋਟੇ ਉਦਯੋਗਪਤੀਆਂ ਦਾ ਬਿਹਾਰ ਅਤੇ ਯੂਪੀ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਸਬੰਧੀ ਰਵੱਈਆ ਹਾਂ-ਪੱਖੀ ਹੀ ਰਹਿੰਦਾ ਹੈ।"

"ਪਰਵਾਸੀ ਮਜ਼ਦੂਰ ਪੰਜਾਬ ਦੇ ਖੇਤੀ ਸੈਕਟਰ ਲਈ ਇੱਕ ਅਹਿਮ ਕੜੀ ਹਨ। ਜੇਕਰ ਪਰਵਾਸੀ ਮਜ਼ਦੂਰ ਨਹੀਂ ਹੋਣਗੇ ਤਾਂ ਪੰਜਾਬ ਵਿੱਚ ਝੋਨੇ ਦੀ ਲੁਆਈ ਹੀ ਸੰਭਵ ਨਹੀਂ ਹੈ। ਝੋਨੇ ਦੀ ਸੀਜਨ ਸਮੇਂ ਕਿਸਾਨ ਖੁਦ ਰੇਲਵੇ ਸਟੇਸ਼ਨ ਉੱਪਰ ਜਾ ਕੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਨ।"

"ਰਾਜਨੀਤਿਕ ਲੋਕਾਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਸਹੂਲਤਾਂ ਨਾ ਦੇਣ ਦੀ ਕਹੀ ਜਾਂਦੀ ਗੱਲ ਪੰਜਾਬ ਦੇ ਹਿੱਤ ਵਿਚ ਨਹੀਂ ਹੈ। ਪੰਜਾਬ ਵਿੱਚ ਅਜਿਹਾ ਕੋਈ ਕਾਨੂੰਨ ਵੀ ਨਹੀਂ ਹੈ ਕਿ ਕੋਈ ਪਰਵਾਸੀ ਮਜ਼ਦੂਰ ਇੱਥੇ ਜ਼ਮੀਨ ਜਾਂ ਮਕਾਨ ਨਾ ਖਰੀਦ ਸਕਦਾ ਹੋਵੇ।"

ਡਾ. ਸੇਖੋ ਅੱਗੇ ਕਹਿੰਦੇ ਹਨ, "ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਪੰਜਾਬੀ ਇਹ ਮੰਗ ਉਭਾਰ ਸਕਦੇ ਹਨ ਕਿ ਉਨਾਂ ਨੂੰ ਵੀ ਰਾਜਸਥਾਨ ਜਾਂ ਹਿਮਾਚਲ ਵਗੈਰਾ ਸੂਬਿਆਂ ਵਿੱਚ ਜ਼ਮੀਨ ਜਾਇਦਾਦ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ।"

"ਅਸਲ ਵਿੱਚ ਲੋਕਾਂ ਨੂੰ ਜਿੱਥੇ ਵੀ ਰੁਜ਼ਗਾਰ ਦਾ ਮੌਕਾ ਮਿਲੇਗਾ, ਲੋਕ ਉਸ ਪਾਸੇ ਵੱਲ ਪਰਵਾਸ ਕਰਨਗੇ। ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੀ ਆਰਥਿਕਤਾ ਲਈ ਪੰਜਾਬੀ ਕਾਫ਼ੀ ਅਹਿਮ ਹਨ। ਪੰਜਾਬੀ ਮਿਹਨਤੀ ਹਨ, ਇਸ ਕਰਕੇ ਇਨ੍ਹਾਂ ਮੁਲਕਾਂ ਦੇ ਆਗੂ ਕਦੇ ਵੀ ਪਰਵਾਸੀ ਪੰਜਾਬੀਆਂ ਲਈ ਭਾਰਤੀ ਆਗੂਆਂ ਵਾਂਗ ਗੱਲ ਨਹੀਂ ਕਰਦੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)