‘ਭਾਜਪਾ ਆਗੂਆਂ ਦਾ ਇਸ ਪਿੰਡ ਵਿੱਚ ਦਾਖ਼ਲ ਹੋਣਾ ਸਖ਼ਤ ਮਨ੍ਹਾ ਹੈ’, ਪੰਜਾਬ ਦੇ ਕੁਝ ਪਿੰਡਾਂ ਵਿੱਚ ਲੱਗੇ ਪੋਸਟਰਾਂ ਦੀ ਜ਼ਮੀਨੀ ਹਕੀਕਤ ਕੀ

ਭਾਜਪਾ ਦਾ ਵਿਰੋਧ

ਤਸਵੀਰ ਸਰੋਤ, BBC/Kulveer Namol

ਤਸਵੀਰ ਕੈਪਸ਼ਨ, ਕਈ ਪਿੰਡਾ ਵਿੱਚ ਇਸ ਸਬੰਧੀ ਬੋਰਡ ਲਗਾਏ ਜਾਣ ਦੇ ਨਾਲ-ਨਾਲ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ।
    • ਲੇਖਕ, ਸੁਰਿੰਦਰ ਸਿੰਘ ਮਾਨ ਅਤੇ ਕੁਲਵੀਰ ਸਿੰਘ ਨਮੋਲ
    • ਰੋਲ, ਬੀਬੀਸੀ ਸਹਿਯੋਗੀ

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਵਿਰੋਧ ਦੇ ਐਲਾਨ ਦਾ ਅਸਰ ਪੰਜਾਬ ਦੇ ਮਾਲਵਾ ਖ਼ੇਤਰ ਦੇ ਪਿੰਡਾਂ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ।

ਕਈ ਪਿੰਡਾ ਵਿੱਚ ਇਸ ਸਬੰਧੀ ਬੋਰਡ ਲਗਾਏ ਜਾਣ ਦੇ ਨਾਲ-ਨਾਲ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ।

ਵੱਖ-ਵੱਖ ਕਿਸਾਨੀ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ।

ਕਿਸਾਨਾਂ ਮੁਤਾਬਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ 'ਤੇ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਵੀ ਰੋਸ ਦਾ ਇੱਕ ਕਾਰਨ ਹੈ।

ਪਿੰਡ ਭਾਰੂ

ਤਸਵੀਰ ਸਰੋਤ, BBC/Bharat Bhushan

ਤਸਵੀਰ ਕੈਪਸ਼ਨ, ਕਿਸਾਨ ਸੰਗਠਨਾਂ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭਾਰੂ ਅਤੇ ਮੱਲਣ ਵਿੱਚ ਵੀ ਅਜਿਹੇ ਹੀ ਪੋਸਟਰ ਲਗਾਏ ਗਏ ਹਨ।

ਇਸ ਵਿਰੋਧ ਦੇ ਮੱਦੇਨਜ਼ਰ ਕੁਝ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਫਲੈਕਸ ਬੋਰਡ ਵੀ ਲਗਾਏ ਜਾ ਰਹੇ ਹਨ।

ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਨਮੋਲ ਵਿੱਚ ਲਗਾਏ ਗਏ ਅਜਿਹੇ ਫਲੈਕਸ ਬੋਰਡਾਂ ਉੱਤੇ ਕੁਝ ਅਜਿਹਾ ਲਿਖਿਆ ਗਿਆ।

"ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਲੀਡਰਾਂ ਦਾ ਇਸ ਪਿੰਡ ਵਿੱਚ ਦਾਖਲ ਹੋਣਾ ਸਖ਼ਤ ਮਨ੍ਹਾ ਹੈ।"

ਕਿਸਾਨ ਸੰਗਠਨਾਂ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭਾਰੂ ਅਤੇ ਮੱਲਣ ਵਿੱਚ ਵੀ ਅਜਿਹੇ ਹੀ ਪੋਸਟਰ ਲਗਾਏ ਗਏ ਹਨ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ, 1 ਅਪ੍ਰੈਲ ਨੂੰ ਸਿਰਸਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੂੰ ਵੀ ਫਤਿਹਾਬਾਦ ਦੇ ਕਾਰਨੋਲੀ ਪਿੰਡ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਜਥੇਬੰਦੀ ਨਾਲ ਜੁੜੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ ਸਨ।

ਭਾਜਪਾ ਦਾ ਵਿਰੋਧ

ਤਸਵੀਰ ਸਰੋਤ, BBC/ Kulveer Namol

ਮਾਲਵਾ ਵਿੱਚ ਵੱਡੇ ਆਧਾਰ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਗਾਮੀ ਦਿਨਾਂ ਵਿੱਚ ਭਾਜਪਾ ਆਗੂਆਂ ਦੇ ਵਿਰੋਧ ਦੀ ਰਣਨੀਤੀ ਤੈਅ ਕਰੇਗੀ।

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 'ਬੀਜੇਪੀ ਨੂੰ ਸਜ਼ਾ ਦਿਓ' ਦੇ ਨਾਅਰੇ ਹੇਠ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ।

ਭਾਵੇਂ ਹਾਲੇ ਤੱਕ ਪੰਜਾਬ ਵਿੱਚ ਚੋਣ ਪ੍ਰਚਾਰ ਨੇ ਜ਼ੋਰ ਨਹੀਂ ਫੜਿਆ ਹੈ ਪਰ ਆਗਾਮੀ ਦਿਨਾਂ ਵਿੱਚ ਇਹ ਗੱਲ ਸਾਫ਼ ਹੋ ਜਾਵੇਗੀ ਕਿ ਕਿਸਾਨ ਸੰਗਠਨਾਂ ਦੇ ਸੱਦੇ ਦਾ ਕਿੰਨਾ ਅਸਰ ਹੋ ਰਿਹਾ ਹੈ।

ਲੋਕ ਸਭਾ ਚੋਣਾਂ ਲਈ ਸ਼ੁਰੂ ਕੀਤੇ ਜਾਣ ਵਾਲੇ ਪ੍ਰਚਾਰ ਤੋਂ ਐਨ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤੇ ਜਾਣ ਦੇ ਦਿੱਤੇ ਗਏ ਸੱਦੇ ਉਪਰ ਭਾਜਪਾ ਨੇ ਵੀ ਸਵਾਲ ਚੁੱਕਿਆ ਹੈ।

ਕਿਸਾਨਾਂ ਦਾ ਕੀ ਕਹਿਣਾ ਹੈ ?

ਨਸੀਬ ਕੌਰ

ਤਸਵੀਰ ਸਰੋਤ, BBC/ Kulveer Namol

ਤਸਵੀਰ ਕੈਪਸ਼ਨ, ਨਸੀਬ ਕੌਰ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਗਰੁੱਪ ਦੇ ਕਾਰਕੁਨ ਹਨ

ਨਸੀਬ ਕੌਰ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਗਰੁੱਪ ਦੇ ਕਾਰਕੁਨ ਹਨ।

ਉਹ ਪਿੰਡ ਨਮੋਲ ਵਿੱਚ ਭਾਜਪਾ ਵਿਰੋਧੀ ਪੋਸਟਰ ਲਗਾਉਣ ਵਾਲੀ ਟੀਮ ਦੇ ਮੈਂਬਰ ਹਨ।

ਨਸੀਬ ਕੌਰ ਕਹਿੰਦੇ ਹਨ ਕਿ ਕਿਸਾਨਾਂ ਦਾ ਵਿਰੋਧ ਅਸਲ ਵਿੱਚ ਸਿੱਧੇ ਤੌਰ 'ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਵਿਰੋਧ ਹੈ।

ਉਹ ਕਹਿੰਦੇ ਹਨ, "ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ। ਪਰ ਮੋਦੀ ਸਰਕਾਰ ਨੇ ਕਿਸਾਨਾਂ ਉੱਪਰ ਜ਼ੁਲਮ ਢਾਹਿਆ ਹੈ।”

"ਐਡੀ ਕਿਹੜੀ ਜੰਗ ਲੱਗੀ ਸੀ ਕਿ ਹਰਿਆਣਾ ਦੇ ਬਾਰਡਰ 'ਤੇ ਕਿਸਾਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਅਥਰੂ ਗੈਸ ਦੇ ਗੋਲੇ ਸੁੱਟੇ ਗਏ ਇਹ ਕਿਸਾਨਾਂ ਉੱਪਰ ਜਬਰ ਦੀ ਹੱਦ ਸੀ।"

"ਸ਼ੁਭਕਰਨ ਸਿੰਘ ਦੀ ਸ਼ਹੀਦੀ ਨੂੰ ਅਸੀਂ ਭੁੱਲ ਨਹੀਂ ਸਕਦੇ। ਅਸੀਂ ਭਾਜਪਾ ਦੇ ਕਿਸੇ ਵੀ ਆਗੂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਪਿੰਡ ਨਹੀਂ ਵੜਨ ਦੇਵਾਂਗੇ।"

ਕਿਸਾਨ ਰਾਮ ਸਿੰਘ ਪਿੰਡ ਨਮੋਲ ਦੇ ਵਾਸੀ ਹਨ।

ਉਹ ਕੇਂਦਰ ਸਰਕਾਰ ਉੱਪਰ ਕਿਸਾਨਾਂ ਨਾਲ 'ਵਾਅਦਾ ਖਿਲਾਫ਼ੀ' ਕਰਨ ਦੀ ਗੱਲ ਕਰਦੇ ਹਨ।

ਕਿਸਾਨ ਆਗੂ ਰਾਮ ਸਿੰਘ

ਤਸਵੀਰ ਸਰੋਤ, BBC/Kulveer Namol

ਤਸਵੀਰ ਕੈਪਸ਼ਨ, ਕਿਸਾਨ ਆਗੂ ਰਾਮ ਸਿੰਘ

ਰਾਮ ਸਿੰਘ ਕਹਿੰਦੇ ਹਨ, "ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 13 ਮਹੀਨੇ ਦਿੱਲੀ ਦੀ ਸਰਹੱਦ ਉੱਪਰ ਬੈਠੇ ਰਹੇ। ਇਸ ਅਰਸੇ ਦੌਰਾਨ ਸੱਤ ਸੌ ਦੇ ਕਰੀਬ ਕਿਸਾਨਾਂ ਦੀ ਜਾਨ ਚਲੀ ਗਈ ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਸੀ।"

"ਇਸ ਮੌਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਕਿਸਾਨ ਸੰਗਠਨਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਪਰ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ।"

"ਜਦੋਂ ਅਸੀਂ ਮੁੜ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਲੱਗੇ ਤਾਂ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਉੱਪਰ ਰੋਕ ਲਿਆ ਗਿਆ। ਇੱਥੇ ਹੀ ਬੱਸ ਨਹੀਂ ਹੋਈ, ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਫਾਇਰਿੰਗ ਕੀਤੀ ਗਈ"।

"ਸਰਕਾਰ ਦੇ ਇਸ ਹੱਲੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ, ਅਨੇਕਾਂ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਅਨੇਕਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਪੰਜਾਬ ਦੇ ਕਿਸਾਨ ਇਸ ਦਰਦ ਨੂੰ ਕਿਵੇਂ ਭੁੱਲ ਸਕਦੇ ਹਨ"।

"ਮੋਦੀ ਸਰਕਾਰ ਬੋਲਣ ਦੀ ਆਜ਼ਾਦੀ ਖ਼ਤਮ ਕਰ ਰਹੀ ਹੈ। ਲੋਕਤੰਤਰ ਅਤੇ ਸੰਵਿਧਾਨ ਦਾ ਹਰ ਮੁਹਾਜ਼ ਉੱਪਰ ਘਾਣ ਕੀਤਾ ਜਾ ਰਿਹਾ ਹੈ। ਇਨਾਂ ਗੱਲਾਂ ਦਾ ਵਿਰੋਧ ਕਰਨ ਲਈ ਹੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਹੈ"।

ਸੁਖਦੇਵ ਕੌਰ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਗਰੁੱਪ ਦੇ ਮੈਂਬਰ ਹਨ। ਉਹ ਦੱਸਦੇ ਹਨ ਕਿ ਉਹ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹਨ।

ਉਹ ਕਹਿੰਦੇ ਹਨ, "ਖਨੌਰੀ ਬਾਰਡਰ ਉੱਪਰ ਕਿਸਾਨਾਂ 'ਤੇ ਹਰਿਆਣੇ ਦੀ ਭਾਜਪਾ ਸਰਕਾਰ ਦੀ ਸ਼ਹਿ ਉੱਪਰ ਕੀਤੇ ਗਏ ਹਮਲੇ ਦਾ ਦ੍ਰਿਸ਼ ਹਾਲੇ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਹੈ"।

"ਬਜ਼ੁਰਗ ਕਿਸਾਨਾਂ ਨੂੰ ਟਰਾਲੀਆਂ ਵਿੱਚੋਂ ਕੱਢ ਕੇ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਿਆ ਗਿਆ। ਹਰ ਤਰ੍ਹਾਂ ਦਾ ਜਬਰ ਸਾਡੇ ਉੱਪਰ ਢਾਹਿਆ ਗਿਆ। ਇਸ ਗੱਲ ਦਾ ਵਿਰੋਧ ਅਸੀਂ ਵੋਟਾਂ ਮੰਗਣ ਆਏ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚੋਂ ਭਜਾ ਕੇ ਕਰਾਂਗੇ"।

ਕਿਸਾਨ ਸੰਗਠਨਾਂ ਦਾ ਤਰਕ

ਕਿਸਾਨ

ਤਸਵੀਰ ਸਰੋਤ, BBC/ Kulveer Namol

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰਨ ਦੇ ਕਾਰਨ ਦੱਸੇ ਹਨ।

ਉਹ ਕਹਿੰਦੇ ਹਨ, "ਭਾਜਪਾ ਹਰ ਫਰੰਟ ਉੱਪਰ ਕਿਸਾਨਾਂ ਦੇ ਖਿਲਾਫ਼ ਭੁਗਤ ਰਹੀ ਹੈ। ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਬਾਬਤ ਸੁਪਰੀਮ ਕੋਰਟ ਵਿੱਚ ਐਫ਼ੀਡੇਵਿਟ ਦੇ ਦਿੱਤਾ ਹੈ"।

"ਇਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਇਸ ਤਰ੍ਹਾਂ ਰੋਕਿਆ ਗਿਆ ਜਿਵੇਂ ਉਹ ਕਿਸੇ ਦੁਸ਼ਮਣ ਦੇਸ਼ ਦੇ ਵਸਨੀਕ ਹੋਣ"।

"ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਉੱਪਰ ਗੋਲੀਆਂ ਚਲਾਉਣੀਆਂ ਕਿੱਥੋਂ ਤੱਕ ਜਾਇਜ਼ ਹੈ। ਇਨਾਂ ਗੱਲਾਂ ਦਾ ਜਵਾਬ ਦੇਣ ਲਈ ਹੀ ਕਿਸਾਨ ਆਪੋ ਆਪਣੇ ਤਰੀਕੇ ਨਾਲ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨਗੇ"।

"ਭਾਰਤੀ ਜਨਤਾ ਪਾਰਟੀ ਨੇ ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਟੈਣੀ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਕਿਸਾਨਾਂ ਦੇ ਜ਼ਖਮਾਂ ਉੱਪਰ ਲੂਣ ਛਿੜਕਿਆ ਹੈ"।

"ਅਜਿਹੇ ਕਈ ਕਾਰਨ ਹਨ ਜਿਨਾਂ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਉਮੀਦਵਾਰਾਂ ਦੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ"।

ਸ਼ਿੰਗਾਰਾ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਸਕੱਤਰ ਹਨ।

ਉਹ ਕਹਿੰਦੇ ਹਨ, "ਭਾਜਪਾ ਕਿਸਾਨੀ ਦੀ ਮੁੱਖ ਦੁਸ਼ਮਣ ਜਮਾਤ ਹੈ। ਪਿਛਲੇ 60 ਸਾਲਾਂ ਵਿੱਚ ਬਾਕੀ ਦੀਆਂ ਪਾਰਟੀਆਂ ਨੇ ਕਿਸਾਨੀ ਦਾ ਜਿੰਨਾ ਘਾਣ ਕੀਤਾ ਸੀ ਉਸ ਤੋਂ ਦੁੱਗਣਾ ਭਾਜਪਾ ਨੇ ਸਿਰਫ਼ 10 ਸਾਲਾਂ ਵਿੱਚ ਹੀ ਕਰ ਦਿੱਤਾ ਹੈ"।

"ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ਵਿੱਚ ਹੀ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ"।

"ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਸਾਡਾ ਤਰੀਕਾ ਇਹ ਹੋਵੇਗਾ ਕਿ ਅਸੀਂ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਵਾਲਿਆਂ ਤੋਂ ਸਵਾਲ ਪੁੱਛਾਂਗੇ। ਕਿਸਾਨਾਂ ਦੇ ਗਰੁੱਪ ਭਾਜਪਾ ਉਮੀਦਵਾਰਾਂ ਨੂੰ ਸ਼ਹਿਰਾਂ ਵਿੱਚ ਵੀ ਘੇਰ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨਗੇ"।

"ਜਿਸ ਖੇਤਰ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਲਾਮਬੰਦ ਹੋਣਗੇ, ਉੱਥੇ ਕਿਸਾਨ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ"।

‘ਇਹ ਵਿਰੋਧੀ ਧਿਰਾਂ ਦੀ ਚਾਲ ਹੈ’

ਹਰਜੀਤ ਸਿੰਘ ਗਰੇਵਾਲ
ਤਸਵੀਰ ਕੈਪਸ਼ਨ, ਹਰਜੀਤ ਸਿੰਘ ਗਰੇਵਾਲ

ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਖਿਲਾਫ਼ ਪਿੰਡਾਂ ਵਿੱਚ ਲਗਾਏ ਜਾ ਰਹੇ ਪੋਸਟਰਾਂ ਨੂੰ ਭਾਜਪਾ ਨੇ ਇੱਕ ਸੋਚੀ ਸਮਝੀ 'ਸਾਜ਼ਿਸ਼' ਕਰਾਰ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਦੀ ਇਸ ਕਾਰਵਾਈ ਨੂੰ ਲੋਕਤੰਤਰ ਦੇ ਖਿਲਾਫ਼ ਦੱਸਿਆ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਜਮਹੂਰੀ ਮੁਲਕ ਵਿੱਚ ਸ਼ਾਂਤਮਈ ਵਿਰੋਧ ਕਰਨਾ ਹਰ ਵਿਅਕਤੀ ਦਾ ਹੱਕ ਹੈ।

"ਮੈਂ ਇਹ ਗੱਲ ਸਾਫ ਤੌਰ 'ਤੇ ਕਹਿ ਰਿਹਾ ਹਾਂ ਕਿ ਇਹ ਵਿਰੋਧ ਪੰਜਾਬ ਦੇ ਕਿਸਾਨਾਂ ਦਾ ਨਹੀਂ ਸਗੋਂ ਚੰਦ ਕੁ ਕਿਸਾਨ ਸੰਗਠਨਾਂ ਦੇ ਆਗੂਆਂ ਦਾ ਹੈ।"

"ਭਾਜਪਾ ਦੇ ਉਮੀਦਵਾਰ ਅਤੇ ਆਗੂ ਚੋਣ ਪ੍ਰਚਾਰ ਲਈ ਪਿੰਡ-ਪਿੰਡ ਜਾਣਗੇ। ਅਜਿਹੇ ਵਿੱਚ ਜੇਕਰ ਕੋਈ ਕਿਸਾਨ ਸੰਗਠਨ ਹਿੰਸਕ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ।"

"ਅਸਲ ਵਿੱਚ ਇਹ ਮਸਲਾ ਕਿਸਾਨਾਂ ਦਾ ਨਹੀਂ ਸਗੋਂ ਵਿਰੋਧੀ ਧਿਰਾਂ ਵੀ ਇੱਕ ਚਾਲ ਹੈ। ਭਾਜਪਾ ਆਗੂ ਕਿਸੇ ਦੇ ਦਬਾਅ ਹੇਠ ਨਹੀਂ ਝੁਕਣਗੇ ਅਤੇ ਹਰ ਹਾਲਤ ਵਿੱਚ ਆਪਣਾ ਚੋਣ ਪ੍ਰਚਾਰ ਕਰਨਗੇ।"

"ਦੂਸਰਾ ਇਹ ਚੋਣ ਕਮਿਸ਼ਨ ਦਾ ਕੰਮ ਹੈ ਕਿ ਉਹ ਨਿਰਪੱਖ ਅਤੇ ਬਿਨਾਂ ਕਿਸੇ ਡਰ ਦੇ ਵੋਟਾਂ ਪਾਉਣ ਦੇ ਕੰਮ ਨੂੰ ਯਕੀਨੀ ਬਣਾਏਗਾ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)