5 ਲੱਖ ਕਿਸਾਨਾਂ ਦੇ 2-2 ਰੁਪਏ ਨਾਲ ਬਣੀ ਮੰਥਨ ਫਿਲਮ 48 ਸਾਲ ਬਾਅਦ ਕਾਨਜ਼ ਫੈਸਟੀਵਲ ਚ ਪਹੁੰਚੀ, ਕੀ ਹੈ ਖ਼ਾਸ

- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
1970 ਦੇ ਦਹਾਕੇ ਦੇ ਅੱਧ ਵਿੱਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਵਿੱਚ ਪੰਜ ਲੱਖ ਡੇਅਰੀ ਕਿਸਾਨਾਂ ਨੇ ਇੱਕ ਵਿਲੱਖਣ ਫਿਲਮ ਬਣਾਉਣ ਲਈ ਦੋ-ਦੋ ਰੁਪਏ ਦਾ ਯੋਗਦਾਨ ਪਾਇਆ ਸੀ।
ਪ੍ਰਸਿੱਧ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੰਥਨ’ (ਯਾਨੀ ਰਿੜਕਣਾ) ਦੇਸ ਦੀ ਪਹਿਲੀ ਸਾਂਝੇ ਪੈਸਿਆਂ ਨਾਲ ਬਣੀ ਫ਼ਿਲਮ ਸੀ।
ਸਾਲ 1976 ਵਿੱਚ ਬਣੀ 134 ਮਿੰਟ ਦੀ ਇਹ ਫਿਲਮ ਡੇਅਰੀ ਸਹਿਕਾਰੀ ਅੰਦੋਲਨ ਦੀ ਉਤਪਤੀ ਦੀ ਕਾਲਪਨਿਕ ਕਹਾਣੀ ਸੀ। ਇਸ ਅੰਦੋਲਨ ਨੇ ਭਾਰਤ ਨੂੰ ਦੁੱਧ ਦੀ ਘਾਟ ਵਾਲੇ ਦੇਸ ਤੋਂ ਦੁਨੀਆਂ ਦੇ ਪ੍ਰਮੁੱਖ ਦੁੱਧ ਉਤਪਾਦਕ ਦੇਸ ਵਿੱਚ ਬਦਲ ਦਿੱਤਾ ਸੀ।
ਇਸ ਕਹਾਣੀ ਦੀ ਪ੍ਰੇਰਣਾ ਵਰਗੀਸ ਕੁਰੀਅਨ ਸਨ, ਜਿਨ੍ਹਾਂ ਨੂੰ ਦੇਸ ਵਿੱਚ ਦੁੱਧ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆਉਣ ਲਈ ‘ਮਿਲਕਮੈਨ ਆਫ ਇੰਡੀਆ’ ਵਜੋਂ ਜਾਣਿਆ ਜਾਂਦਾ ਹੈ।
ਭਾਰਤ ਅੱਜ ਵਿਸ਼ਵ ਦੁੱਧ ਉਤਪਾਦਨ ਦਾ ਲਗਭਗ ਇੱਕ ਚੌਥਾਈ ਹਿੱਸਾ ਪੈਦਾ ਕਰਦਾ ਹੈ।

ਇਸ ਫਿਲਮ ਦੇ ਨਿਰਮਾਣ ਤੋਂ ਲਗਭਗ 50 ਸਾਲ ਬਾਅਦ ਪੂਰੀ ਤਰ੍ਹਾਂ ਰੀ-ਸਟੋਰ ਕੀਤੀ ਗਈ ਇਸ ‘ਮੰਥਨ’ ਦਾ ਇਸ ਹਫ਼ਤੇ ਕਾਨਜ਼ ਫਿਲਮ ਫੈਸਟੀਵਲ ਵਿੱਚ ਰੈੱਡ ਕਾਰਪੈੱਟ ਵਰਲਡ ਪ੍ਰੀਮੀਅਰ ਹੋ ਰਿਹਾ ਹੈ, ਜਿਸ ਵਿੱਚ ਜੀਨ-ਲੁਕ ਗੋਡਾਰਡ, ਅਕੀਰਾ ਕੁਰੋਸਾਵਾ ਅਤੇ ਵਿਮ ਵੈਂਡਰਸ ਦੀਆਂ ਕਲਾਸਿਕ ਫਿਲਮਾਂ ਵੀ ਸ਼ਾਮਲ ਹੋਣਗੀਆਂ।
ਐਵਾਰਡ ਜੇਤੂ ਫ਼ਿਲਮ ਨਿਰਮਾਤਾ, ਆਰਕਾਈਵਿਸਟ ਅਤੇ ਰੀਸਟੋਰਰ ਸ਼ਵਿੰਦਰ ਸਿੰਘ ਡੂੰਗਰਪੁਰ ਮੁਤਾਬਕ ਫਿਲਮ ਨੂੰ ਰੀ-ਸਟੋਰ ਕਰਨਾ ਇੱਕ ਚੁਣੌਤੀ ਸੀ।
‘ਮੰਥਨ’ ਫਿਲਮ ਦਾ ਸਿਰਫ਼ ਇੱਕ ਖਰਾਬ ਨੈਗੇਟਿਵ ਅਤੇ ਦੋ ਫਿੱਕੇ ਹੋਏ ਪ੍ਰਿੰਟ ਬਚੇ ਸਨ। ਨੈਗੇਟਿਵ ਉੱਲੀ ਕਾਰਨ ਗਲ਼ ਗਿਆ ਸੀ, ਜਿਸ ਦੇ ਕਾਫ਼ੀ ਸਾਰੇ ਹਿੱਸੇ ਵਿੱਚ ਖੜ੍ਹਵੀਆਂ ਹਰੀਆਂ ਲਾਈਨਾਂ ਬਣ ਗਈਆਂ ਸਨ।
ਸਾਊਂਡ ਨੈਗੇਟਿਵ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ, ਜਿਸ ਨਾਲ ਰੀ-ਸਟੋਰ ਕਰਨ ਵਾਲਿਆਂ ਨੂੰ ਇਕੱਲੇ ਬਚੇ ਹੋਏ ਪ੍ਰਿੰਟ ਤੋਂ ਪ੍ਰਾਪਤ ਸਾਊਂਡ ’ਤੇ ਹੀ ਨਿਰਭਰ ਰਹਿਣਾ ਪਿਆ।
ਇਸ ਨੂੰ ਰੀ-ਸਟੋਰ ਕਰਨ ਵਾਲਿਆਂ ਨੇ ਨੈਗੇਟਿਵ ਅਤੇ ਇੱਕ ਪ੍ਰਿੰਟ ਨੂੰ ਬਚਾ ਲਿਆ। ਉਨ੍ਹਾਂ ਨੇ ਪ੍ਰਿੰਟ ਤੋਂ ਸਾਊਂਡ ਲਈ ਅਤੇ ਉਸ ਨੂੰ ਡਿਜੀਟਲਾਈਜ਼ ਕੀਤਾ ਅਤੇ ਫਿਲਮ ਨੂੰ ਠੀਕ ਕੀਤਾ।
ਸਕੈਨਿੰਗ ਅਤੇ ਡਿਜੀਟਲ ਕਲੀਨ-ਅੱਪ ਦਾ ਕੰਮ ਚੇਨਈ ਸਥਿਤ ਲੈਬ ਵਿੱਚ ਮਸ਼ਹੂਰ ਬੋਲੋਗਨਾ ਆਧਾਰਿਤ ਫਿਲਮ ਰੀਸਟੋਰੇਸ਼ਨ ਲੈਬ ਦੀ ਨਿਗਰਾਨੀ ਹੇਠ ਕੀਤਾ ਗਿਆ, ਜਿਸ ਵਿੱਚ ਬੈਨੇਗਲ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਦੋਵੇਂ ਰਲ ਕੇ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਸਨ।
ਫਿਲਮ ਦੀ ਸਾਊਂਡ ਨੂੰ ਬੋਲੋਗਨਾ ਲੈਬ ਵਿੱਚ ਠੀਕ ਕੀਤਾ ਗਿਆ ਅਤੇ ਉਸ ਵਿੱਚ ਸੁਧਾਰ ਕੀਤਾ ਗਿਆ।

ਫਿਰ 17 ਮਹੀਨਿਆਂ ਬਾਅਦ ‘ਮੰਥਨ’ ਅਲਟਰਾ ਹਾਈ ਡੈਫੀਨੇਸ਼ਨ 4ਕੇ ਵਿੱਚ ਮੁੜ ਤਿਆਰ ਹੋਈ। ਭਾਰਤੀ ਸਿਨੇਮਾ ਦੇ ਦਿੱਗਜਾਂ ਵਿੱਚੋਂ ਇੱਕ ਬੈਨੇਗਲ ਕਹਿੰਦੇ ਹਨ ਕਿ ਇਹ ਫਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ।
89 ਸਾਲਾ ਬੈਨੇਗਲ ਕਹਿੰਦੇ ਹਨ, ‘‘ਇਹ ਦੇਖਣਾ ਅਦਭੁੱਤ ਅਨੁਭਵ ਹੈ ਕਿ ਫਿਲਮ ਮੁੜ ਤੋਂ ਸਾਹਮਣੇ ਆ ਗਈ ਹੈ, ਜਿਵੇਂ ਅਸੀਂ ਇਸ ਨੂੰ ਕੱਲ੍ਹ ਹੀ ਬਣਾਇਆ ਹੋਵੇ। ਇਹ ਪਹਿਲੇ ਪ੍ਰਿੰਟ ਨਾਲੋਂ ਵੀ ਵਧੀਆ ਲੱਗ ਰਹੀ ਹੈ।’’
ਬੈਨੇਗਲ ਦੱਸਦੇ ਹਨ ਕਿ ਕੁਰੀਅਨ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਓਪਰੇਸ਼ਨ ਫਲੱਡ - ਭਾਰਤ ਦੀ ਦੁੱਧ ਦੀ ਕ੍ਰਾਂਤੀ ਅਤੇ ਪੇਂਡੂ ਮਾਰਕੀਟਿੰਗ ਪਹਿਲਕਦਮੀਆਂ ’ਤੇ ਕਈ ਦਸਤਾਵੇਜ਼ੀ ਫਿਲਮਾਂ ਬਣਾਈਆਂ ਸਨ।
ਜਦੋਂ ਉਨ੍ਹਾਂ ਨੇ ਕੁਰੀਅਨ ਨੂੰ ਇੱਕ ਫੀਚਰ ਫਿਲਮ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਡਾਕੂਮੈਂਟਰੀਜ਼ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਤੱਕ ਪਹੁੰਚਦੀਆਂ ਹਨ ਜੋ ‘ਇਸ ਮੁੱਦੇ ਨੂੰ ਪ੍ਰਣਾਏ ਜਾਂਦੇ ਹਨ’’ ਤਾਂ ਕੁਰੀਅਨ ਨੇ ਇਸ ਨੂੰ ਟਾਲ ਦਿੱਤਾ।
ਉਨ੍ਹਾਂ ਨੇ ਬੈਨੇਗਲ ਨੂੰ ਕਿਹਾ ਕਿ ਫਿਲਮ ਬਣਾਉਣ ਲਈ ਪੈਸੇ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਸਹਿਕਾਰੀ ਮਾਡਲ ਤਹਿਤ ਛੋਟੇ ਕਿਸਾਨ ਸਵੇਰੇ ਅਤੇ ਸ਼ਾਮ ਨੂੰ ਗੁਜਰਾਤ ਵਿੱਚ ਕੇਂਦਰਾਂ ਉੱਤੇ ਦੁੱਧ ਲਿਆਉਂਦੇ ਅਤੇ ਵੇਚਦੇ ਸਨ।
ਇਸ ਤੋਂ ਬਾਅਦ ਦੁੱਧ ਨੂੰ ਮੱਖਣ ਅਤੇ ਹੋਰ ਉਤਪਾਦਾਂ ਵਿੱਚ ਪ੍ਰੋਸੈਸ ਕਰਨ ਲਈ ਡੇਅਰੀਆਂ ਵਿੱਚ ਲਿਜਾਇਆ ਜਾਂਦਾ ਸੀ।
ਕੁਰੀਅਨ ਨੇ ਇਹ ਸੁਝਾਅ ਦਿੱਤਾ ਕਿ ਕੁਲੈਕਸ਼ਨ ਸੈਂਟਰ ਹਰੇਕ ਕਿਸਾਨ ਤੋਂ ਦੋ ਰੁਪਏ ਕੱਟ ਲੈਣ, ਜਿਸ ਨਾਲ ਸਾਰੇ ਕਿਸਾਨ ਨਿਰਮਾਤਾ ਬਣ ਸਕਦੇ ਹਨ।
ਇਸ ਤਰ੍ਹਾਂ ਇਕੱਠੇ ਕੀਤੇ ਪੈਸੇ ਨਾਲ ਫਿਲਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਬੈਨੇਗਲ ਕਹਿੰਦੇ ਹਨ, "ਕਿਸਾਨ ਸਹਿਜੇ ਹੀ ਸਹਿਮਤ ਹੋ ਗਏ ਕਿਉਂਕਿ ਅਸੀਂ ਉਨ੍ਹਾਂ ਦੀ ਕਹਾਣੀ ਦੱਸ ਰਹੇ ਸੀ।’’
‘ਮੰਥਨ’ ਵਿੱਚ ਗਿਰੀਸ਼ ਕਰਨਾਡ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ, ਅਮਰੀਸ਼ ਪੁਰੀ, ਕੁਲਭੂਸ਼ਣ ਖਰਬੰਦਾ ਅਤੇ ਮੋਹਨ ਆਗਾਸ਼ੇ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਸਨ।
ਪ੍ਰਮੁੱਖ ਨਾਟਕਕਾਰ ਵਿਜੇ ਤੇਂਦੁਲਕਰ ਨੇ ਇਸ ਲਈ ਕਈ ਪਟਕਥਾਵਾਂ/ਸਕ੍ਰਿਪਟਾਂ ਲਿਖੀਆਂ, ਜਿਸ ਵਿੱਚ ਇੱਕ ਦੀ ਚੋਣ ਬੈਨੇਗਲ ਨੇ ਫਿਲਮ ਲਈ ਕੀਤੀ।
ਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਨੇ ਫਿਲਮ ਦਾ ਸੰਗੀਤ ਦਿੱਤਾ।

ਫਿਲਮ ਵਿੱਚ ਸ਼ਹਿਰ ਦਾ ਜੰਮਪਲ਼ ਸਰਕਾਰੀ ਵੈਟਰਨਰੀ ਡਾਕਟਰ ਅਤੇ ਉਸ ਦੀ ਟੀਮ ਗੁਜਰਾਤ ਦੇ ਇੱਕ ਪਿੰਡ ਵਿੱਚ ਡੇਅਰੀ ਸਹਿਕਾਰੀ ਸੰਸਥਾ ਸ਼ੁਰੂ ਕਰਨ ਦੀ ਯੋਜਨਾ ਦੇ ਨਾਲ ਪਹੁੰਚਦੀ ਹੈ।ਪਿੰਡ ਵੱਖ -ਵੱਖ ਧਿਰਾਂ ਵਿੱਚ ਵੰਡਿਆ ਹੁੰਦਾ ਹੈ।
ਜਿਵੇਂ ਹੀ ਉਹ ਆਪਣਾ ਕੰਮ ਸ਼ੁਰੂ ਕਰਦਾ ਹੈ। ਡਾਕਟਰ ਇਸ ਕਾਰਜ ਨਾਲ ਅਸ਼ਾਂਤੀ ਦੀ ਰਾਜਨੀਤੀ ਵਿੱਚ ਫਸ ਜਾਂਦਾ ਹੈ ਅਤੇ ਉਸ ਨੂੰ ਇੱਕ ਨਿੱਜੀ ਡੇਅਰੀ ਮਾਲਕ, ਪਿੰਡ ਦੇ ਮੁਖੀ ਅਤੇ ਇੱਕ ਸਥਾਨਕ ਦੁੱਧਵਾਲੇ ਵੱਲੋਂ ਪੈਦਾ ਕੀਤੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਵਰਲਡ ਡਾਇਰੈਕਟਰ ਸੀਰੀਜ਼: ਸ਼ਿਆਮ ਬੈਨੇਗਲ’ ਦੀ ਲੇਖਿਕਾ ਸੰਗੀਤਾ ਦੱਤਾ ਨੇ ਲਿਖਿਆ, "ਮੰਥਨ’ ਬਦਲਾਅ ਵਾਲੀ ਸਿਆਸਤ ਦੀ ਇੱਕ ਸੂਖਮ ਤਸਵੀਰ ਹੈ... ਬੈਨੇਗਲ ਨੇ ਇੱਕ ਅਜਿਹੀ ਸਥਿਤੀ ਦੀ ਸ਼ਾਨਦਾਰ ਸਮਾਜਿਕ ਆਲੋਚਨਾ ਪੇਸ਼ ਕੀਤੀ ਹੈ ਜਿਸ ਵਿੱਚ ਸਰਕਾਰੀ ਨੌਕਰਸ਼ਾਹ ਇੱਕ ਪਿੰਡ ਵਿੱਚ ਦਾਖਲ ਹੁੰਦੇ ਹਨ ਅਤੇ ਉਸ ਦੇ ਨਿਵਾਸੀਆਂ ਦੇ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ।"
ਪੈਸੇ ਦੀ ਤੰਗੀ ਸੀ ਅਤੇ 45 ਦਿਨਾਂ ਦੀ ਸ਼ੂਟਿੰਗ ਇੱਕ ਚੁਣੌਤੀ ਸੀ। ਨਿਹਲਾਨੀ ਨੂੰ ਯਾਦ ਹੈ ਕਿ ਫਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਨੇ ‘ਵੱਖ-ਵੱਖ ਫਿਲਮ ਸਟਾਕਾਂ ਦੇ ਪੈਚਵਰਕ’ ਦੀ ਵਰਤੋਂ ਕੀਤੀ ਸੀ।
ਫਿਲਮ ਦੀ ਟੀਮ ਪਿੰਡ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੀ ਸੀ, ਜਿੱਥੋਂ ਦੇ ਬਹੁਤ ਸਾਰੇ ਵਸਨੀਕਾਂ ਨੇ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਸੀ।
ਦੱਤਾ ਨੇ ਦੱਸਿਆ ਕਿ ਕਲਾਕਾਰਾਂ ਨੇ ਪੂਰੀ ਸ਼ੂਟਿੰਗ ਦੌਰਾਨ ਆਪਣੇ ਕੱਪੜੇ ਨਹੀਂ ਬਦਲੇ, ਤਾਂ ਕਿ ‘‘ਉਹ ਪਿੰਡ ਦੇ ਹੀ ਲੱਗਣ।’’
ਨਸੀਰੂਦੀਨ ਸ਼ਾਹ, ਜਿਨ੍ਹਾਂ ਨੇ ਬੈਨੇਗਲ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਭਾਰਤ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਬਣ ਗਏ, ਉਹ ਫਿਲਮ ਦੇ ਨਿਰਮਾਣ ਦੌਰਾਨ ਉਸ ਸਮੇਂ ਨੂੰ ਯਾਦ ਕਰਦੇ ਹਨ।
ਉਹ ਦੱਸਦੇ ਹਨ, "ਮੈਂ ਇੱਕ ਝੌਂਪੜੀ ਵਿੱਚ ਰਹਿੰਦਾ ਸੀ, ਮੈਂ ਗਾਂ ਦੇ ਗੋਹੇ ਦੀਆਂ ਪਾਥੀਆਂ ਪੱਥਣਾ ਅਤੇ ਮੱਝ ਦਾ ਦੁੱਧ ਚੋਣਾ ਸਿੱਖਿਆ।"
"ਮੈਂ ਬਾਲਟੀ ਚੁੱਕ ਕੇ ਯੂਨਿਟ ਵਿੱਚ ਦੁੱਧ ਵਰਤਾਉਂਦਾ ਸੀ ਤਾਂ ਕਿ ਕਿਰਦਾਰ ਨੂੰ ਅਸਲੀਅਤ ਵਿੱਚ ਸਮਝ ਸਕਾਂ।"
ਨਸੀਰੂਦੀਨ ਸ਼ਾਹ ਜੋ ਕਾਨ ਫਿਲਮ ਉਤਸਵ ਵਿੱਚ ਇਸ ਫਿਲਮ ਨੂੰ ਪੇਸ਼ ਕਰਨਗੇ, ਉਨ੍ਹਾਂ ਨੇ ਵੀ ਪੂਰੀ ਸ਼ੂਟਿੰਗ ਦੌਰਾਨ ਉਹੀ ਸੂਤੀ ਕਮੀਜ਼ ਪਹਿਨੀ ਸੀ।
ਕੁਰੀਅਨ ਨੇ ਫਿਲਮ ਨੂੰ ਸ਼ੁਰੂ ਵਿੱਚ ਗੁਜਰਾਤ ਵਿੱਚ ਰਿਲੀਜ਼ ਕੀਤਾ ਸੀ ਜਿਸ ਦਾ ਭਰਵਾਂ ਸਵਾਗਤ ਹੋਇਆ ਸੀ।
ਬੈਨੇਗਲ ਕਹਿੰਦੇ ਹਨ, "ਫਿਲਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿਉਂਕਿ ਇਸ ਦੇ ਸਭ ਤੋਂ ਵੱਡੇ ਦਰਸ਼ਕ ਵਰਗ ਵਿੱਚ ਫਿਲਮ ਦੇ ਨਿਰਮਾਤਾ ਵੀ ਸ਼ਾਮਲ ਸਨ। ਹਰ ਰੋਜ਼ ਅਸੀਂ ਇਹ ਅਦਭੁੱਤ ਨਜ਼ਾਰਾ ਦੇਖਦੇ ਸੀ ਕਿ ਫਿਲਮ ਦੇਖਣ ਲਈ ਹਰ ਜਗ੍ਹਾ ਤੋਂ ਟਰੱਕਾਂ ਵਿੱਚ ਭਰ ਕੇ ਲੋਕ ਆਉਂਦੇ ਸਨ।"
ਭਾਰਤ ਵਿੱਚ ਕਿਸੇ ਵੀ ਹੋਰ ਫਿਲਮ ਦੀ ਤੁਲਨਾ ਵਿੱਚ ਇਸ ਫਿਲਮ ਦੀਆਂ ਸਭ ਤੋਂ ਵੱਧ ਕਾਪੀਆਂ ਤਿਆਰ ਕੀਤੀਆਂ ਗਈਆਂ ਸਨ ਜੋ 35ਐੱਮਐੱਮ ਤੋਂ 8ਐੱਮਐੱਮ, ਸੁਪਰ 8 ਅਤੇ ਬਾਅਦ ਵਿੱਚ ਵੀਡੀਓ ਕੈਸੇਟਾਂ ਤੱਕ ਉਪਲਬਧ ਸਨ।

‘ਮੰਥਨ’ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਮੇਤ ਦੁਨੀਆਂ ਭਰ ਵਿੱਚ ਵਿਆਪਕ ਤੌਰ 'ਤੇ ਦਿਖਾਇਆ ਗਿਆ ਸੀ ਅਤੇ ਦੇਸ਼ ਵਿੱਚ ਇਸ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਸੀ।
‘ਮੰਥਨ’ ਦੀ ਸਫਲਤਾ ਨੇ ਕੁਰੀਅਨ ਨੂੰ ਇੱਕ ਹੋਰ ਵਿਚਾਰ ਦਿੱਤਾ। ਦੁੱਧ ਦੀ ਕ੍ਰਾਂਤੀ ਦਾ ਪ੍ਰਚਾਰ ਕਰਨ ਲਈ ਫਿਲਮ ਦੀ ਵਰਤੋਂ ਕਰਦੇ ਹੋਏ, ਉਨ੍ਹਾਂ ਨੇ ਦੇਸ ਭਰ ਦੇ ਪਿੰਡਾਂ ਵਿੱਚ 16ਐੱਮਐੱਮ ਪ੍ਰਿੰਟ ਵੰਡੇ ਅਤੇ ਕਿਸਾਨਾਂ ਨੂੰ ਆਪਣੀਆਂ ਸਹਿਕਾਰੀ ਸਭਾਵਾਂ ਸਥਾਪਤ ਕਰਨ ਦੀ ਅਪੀਲ ਕੀਤੀ।
ਅਸਲ ਜ਼ਿੰਦਗੀ ਵਿੱਚ ਵੀ ਫਿਲਮ ਦੀ ਨਕਲ ਕਰਦੇ ਹੋਏ, ਉਨ੍ਹਾਂ ਨੇ ਵੈਟਰਨਰੀ ਡਾਕਟਰ, ਦੁੱਧ ਟੈਕਨੀਸ਼ੀਅਨ ਅਤੇ ਪਸ਼ੂਆਂ ਦੇ ਚਾਰੇ ਦੇ ਮਾਹਰਾਂ ਦੀਆਂ ਟੀਮਾਂ ਬਣਾ ਕੇ ਕਿਸਾਨਾਂ ਨੂੰ ਫਿਲਮ ਵੰਡਣ ਅਤੇ ਦਿਖਾਉਣ ਲਈ ਭੇਜੀਆਂ ਸਨ।
ਬੈਨੇਗਲ ਦਾ ਕਹਿਣਾ ਹੈ ਕਿ ਮੰਥਨ "ਸਿਨੇਮਾ ਦੀ ਤਬਦੀਲੀ ਲਿਆਉਣ ਦੀ ਸਮਰੱਥਾ ਦੀ ਇੱਕ ਸ਼ਕਤੀਸ਼ਾਲੀ ਯਾਦ ਦਵਾਉਂਦੀ ਹੈ।"
ਇਹ ਫਿਲਮ ਅੱਜ ਵੀ ਹੈਰਾਨੀਜਨਕ ਰੂਪ ਨਾਲ ਪ੍ਰਸੰਗਿਕ ਹੈ ਕਿਉਂਕਿ ਇਹ ਸਮਕਾਲੀ ਭਾਰਤ ਨੂੰ ਪ੍ਰੇਸ਼ਾਨ ਕਰਨ ਵਾਲੇ ਅਨੇਕ ਮੁੱਦਿਆਂ ਦੀ ਪੜਤਾਲ ਕਰਦੀ ਹੈ।
ਰੇਲਗੱਡੀਆਂ, ਜੋ ਅੱਜ ਵੀ ਦੇਰੀ ਨਾਲ ਚੱਲਣ ਲਈ ਬਦਨਾਮ ਹਨ, ਉਹ ਫਿਲਮ ਦੇ ਸ਼ੁਰੂਆਤੀ ਦ੍ਰਿਸ਼ ਲਈ ਸਟੇਜ ਤਿਆਰ ਕਰਦੀ ਹੈ। ਇੱਕ ਯਾਤਰੀ ਰੇਲਗੱਡੀ ਜਿਸ ਵਿੱਚ ਡਾਕਟਰ ਅਤੇ ਉਸ ਦਾ ਸਹਾਇਕ ਸਵਾਰ ਹੈ, ਇੱਕ ਸ਼ਾਂਤ ਪਿੰਡ ਦੇ ਸਟੇਸ਼ਨ ’ਤੇ ਰੁਕਦੀ ਹੈ।
ਸਥਾਨਕ ਲੋਕ, ਜੋ ਥੋੜ੍ਹਾ ਦੇਰ ਨਾਲ ਆਉਂਦੇ ਹਨ, ਉਹ ਆਪਣੇ ਮਹਿਮਾਨਾਂ ਦਾ ਹਾਰਾਂ ਨਾਲ ਸੁਆਗਤ ਕਰਨ ਲਈ ਪਲੇਫਾਰਮ ਵੱਲ ਦੌੜ ਪੈਂਦੇ ਹਨ।
ਇੱਕ ਪਿੰਡ ਦੇ ਵਿਅਕਤੀ ਨੇ ਔਖੇ ਹੁੰਦਿਆਂ ਵੈਟਰਨਰੀ ਡਾਕਟਰ ਨੂੰ ਕਿਹਾ, "ਸਾਨੂੰ ਅਫ਼ਸੋਸ ਹੈ, ਰੇਲ ਗੱਡੀ ਸਮੇਂ ਸਿਰ ਆ ਗਈ।"












