ਨਿਰਮਲ ਰਿਸ਼ੀ: ਜਿਸ ਨੂੰ ਜਨਮ ਸਮੇਂ 'ਪੱਥਰ' ਕਿਹਾ ਗਿਆ, ਉਹ ਅਦਾਕਾਰਾ ਪਦਮਸ਼੍ਰੀ ਕਿਵੇਂ ਬਣੀ

ਨਿਰਮਲ ਰਿਸ਼ੀ

ਤਸਵੀਰ ਸਰੋਤ, nirmal rishi/instagram

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਫਿਲਮ ਅਦਾਕਾਰਾ ਨਿਰਮਲ ਰਿਸ਼ੀ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਕ ਸ਼ਾਨਦਾਰ ਸਮਾਗਮ ਦੌਰਾਨ ਕਈ ਹਸਤੀਆਂ ਨੂੰ ਇਹ ਐਵਾਰਡ ਦਿੱਤੇ, ਨਿਰਮਲ ਰਿਸ਼ੀ ਉਨ੍ਹਾਂ ਵਿੱਚ ਸ਼ਾਮਲ ਸਨ।

ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਅਵਾਰਡ ਲਈ ਚੁਣਿਆ ਗਿਆ ਸੀ।

ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਦਾ ਨਾਂ ਐਲਾਨਿਆ ਗਿਆ ਸੀ ਤਾਂ ਉਨ੍ਹਾਂ ਨਾਲ ਹੋਈ ਗੱਲਬਾਤ ਉੱਤੇ ਅਧਾਰਿਤ ਬੀਬੀਸੀ ਪੰਜਾਬੀ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਜਿਸ ਨੂੰ ਪਾਠਕਾਂ ਦੀ ਰੂਚੀ ਲ਼ਈ ਮੁੜ ਛਾਪਿਆ ਜਾ ਰਿਹਾ ਹੈ।

ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਦੀ ਬੇਬੇ ਤੱਕ ਅਤੇ ਰੰਗ-ਮੰਚ ਦੇ ਇੱਕ ਅਦਾਕਾਰ ਤੋਂ ਲੈ ਕੇ ਪਦਮ ਸ੍ਰੀ ਹਸਤੀ ਕਰਨ ਦਾ ਸ਼ਾਨਦਾਰ ਸਫਰ ਤੈਅ ਕੀਤਾ ਹੈ।

ਨਿਰਮਲ ਰਿਸ਼ੀ

ਤਸਵੀਰ ਸਰੋਤ, Nirmal Rishi/Insta

ਤਸਵੀਰ ਕੈਪਸ਼ਨ, ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ।

ਪੰਜਾਬੀ ਮਨੋਰੰਜਨ ਸਨਅਤ ਵਿੱਚ ਕਰੀਬ ਪੰਜ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਪੰਜਾਬੀ ਫ਼ਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨ੍ਹਾਂ ਅਧੂਰੀਆਂ ਜਾਪਦੀਆਂ ਹਨ।

ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਨੀ ਦੇਵੀ ਸੀ। ਉਨ੍ਹਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ।

ਜਦੋਂ ਉਹ ਆਪਣੇ ਮਾਪਿਆਂ ਦੀ ਤੀਜੀ ਧੀ ਵਜੋਂ ਪੈਦਾ ਹੋਏ ਤਾਂ ਉਨ੍ਹਾਂ ਦੇ ਦਾਦੇ ਨੇ 'ਪੱਥਰ' ਕਹਿ ਕੇ ਨਮੋਸ਼ੀ ਦਾ ਪ੍ਰਗਟਾਵਾ ਕੀਤਾ। ਫਿਰ 2-3 ਸਾਲ ਤੱਕ ਉਨ੍ਹਾਂ ਦਾ ਨਾਮ ਵੀ ਨਹੀਂ ਰੱਖਿਆ ਗਿਆ ਸੀ।

ਉਨ੍ਹਾਂ ਨੂੰ ਮੁੰਨੀ ਕਿਹਾ ਜਾਂਦਾ ਸੀ। ਫਿਰ ਜਦੋਂ ਪਿੰਡ ਦੇ ਪਟਵਾਰੀ ਨੇ ਕਾਗਜ਼ਾਂ ਵਿੱਚ ਦਰਜ ਕਰਨਾ ਸੀ ਤਾਂ ਪਟਵਾਰੀ ਨੇ ਹੀ ਉਨ੍ਹਾਂ ਦਾ ਨਾਮ ਨਿਰਮਲਾ ਰੱਖ ਦਿੱਤਾ ਸੀ।

ਉਨ੍ਹਾਂ ਨੇ ਸਕੂਲੀ ਪੜ੍ਹਾਈ ਆਪਣੇ ਭੂਆ-ਫੁੱਫੜ ਕੋਲ ਰਹਿ ਕੇ ਰਾਜਸਥਾਨ ਦੇ ਗੰਗਾਨਗਰ ਤੋਂ ਕੀਤੀ। ਇਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਲਈ ਪਟਿਆਲਾ ਆਏ ਜਿੱਥੇ ਫਿਜ਼ੀਕਲ ਐਜੁਕੇਸ਼ਨ ਦੀ ਪੜ੍ਹਾਈ ਕੀਤੀ।

ਉਹ ਸਕੂਲ-ਕਾਲਜ ਦੇ ਦਿਨਾਂ ਤੋਂ ਹੀ ਖੇਡਾਂ ਅਤੇ ਨਾਟਕਾਂ ਵਿੱਚ ਹਿੱਸਾ ਲੈਂਦੇ ਸਨ। ਫਿਰ 1966 ਦੇ ਕਰੀਬ ਉਹ ਪਟਿਆਲ਼ਾ ਵਿੱਚ ਹਰਪਾਲ ਟਿਵਾਣਾ ਹੁਰਾਂ ਨੂੰ ਮਿਲੇ ਅਤੇ ਰੰਗ ਮੰਚ ਦੀ ਰਸਮੀ ਟਰੇਨਿੰਗ ਸ਼ੁਰੂ ਹੋਈ।

ਪਹਿਲੀ ਫ਼ਿਲਮ ਤੋਂ ਹੀ ਹੋਏ ਮਸ਼ਹੂਰ

ਨਿਰਮਲ ਰਿਸ਼ੀ

ਤਸਵੀਰ ਸਰੋਤ, Nirmal Rishi/Insta

ਤਸਵੀਰ ਕੈਪਸ਼ਨ, ਨਿਰਮਲ ਰਿਸ਼ੀ ‘ਗੁਲਾਬੋ ਮਾਸੀ’ ਦਾ ਕਿਰਦਾਰ ਨਿਭਾਉਣ ਨਾਲ ਮਸ਼ਹੂਰ ਹੋਏ ਸਨ।

ਹਰਪਾਲ ਟਿਵਾਣਾ ਹੁਰਾਂ ਨੇ ਲੌਂਗ ਦਾ ਲਿਸ਼ਕਾਰਾ ਫ਼ਿਲਮ ਬਣਾਈ ਸੀ, ਜੋ ਕਿ ਉਨ੍ਹਾਂ ਦੇ ਹੀ ਇੱਕ ਨਾਟਕ ਦਾ ਫਿਲਮੀਕਰਨ ਸੀ। 1983 ਵਿੱਚ ਇਸ ਫ਼ਿਲਮ ਜ਼ਰੀਏ ਨਿਰਮਲ ਰਿਸ਼ੀ ਨੂੰ ਸਿਨੇਮਾ ਦਾ ਪਹਿਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।

ਫ਼ਿਲਮ ਤਾਂ ਸੂਪਰ ਹਿੱਟ ਹੋਈ ਹੀ, ਨਿਰਮਲ ਰਿਸ਼ੀ ਦਾ ਨਿਭਾਇਆ ਕਿਰਦਾਰ ‘ਗੁਲਾਬੋ ਮਾਸੀ’ ਵੀ ਇੰਨਾਂ ਹਿੱਟ ਹੋਇਆ ਕਿ ਨਿਰਮਲ ਰਿਸ਼ੀ ਨੂੰ ਇਸ ਕਿਰਦਾਰ ਕਰਕੇ ਜਾਣਿਆ ਜਾਣ ਲੱਗਿਆ ਸੀ।

ਇਸ ਤੋਂ ਬਾਅਦ ਕਾਫ਼ੀ ਸਮਾਂ ਉਹ ਸਿਨੇਮਾ ਵਿੱਚ ਨਜ਼ਰ ਨਹੀਂ ਆਏ, ਫਿਰ ਕਈ ਛੋਟੇ-ਵੱਡੇ ਰੋਲ ਉਨ੍ਹਾਂ ਨੇ ਪੰਜਾਬੀ-ਹਿੰਦੀ ਫਿਲਮਾਂ ਵਿੱਚ ਕੀਤੇ। ਫਿਰ 2015 ਵਿੱਚ ਆਈ ਪੰਜਾਬੀ ਫਿਲਮ ਅੰਗਰੇਜ਼ ਵਿੱਚ ਨਿਭਾਏ ਕਿਰਦਾਰ ਤੋਂ ਬਾਅਦ ਨਿਰਮਲ ਰਿਸ਼ੀ ਦੀ ਪਛਾਣ ਮੁੜ ਸੁਰਜੀਤ ਹੋ ਗਈ।

ਇਸ ਸਾਰੇ ਸਮੇਂ ਦੌਰਾਨ ਨਿਰਮਲ ਰਿਸ਼ੀ ਰੰਗ-ਮੰਚ ਵਿੱਚ ਨਾਟਕ ਖੇਡਦੇ ਰਹੇ। ਉਹ 70 ਦੇ ਕਰੀਬ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਸਾਲ 2012 ਵਿੱਚ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਮਿਲ ਚੁੱਕਿਆ ਹੈ।

ਨਿਰਮਲ ਰਿਸ਼ੀ ਅਕਸਰ ਫ਼ਿਲਮਾਂ ਦਾ ਮਿਹਨਤਾਨਾ ਨਾ ਮਿਲਣ ਬਾਰੇ ਵੀ ਖੁੱਲ੍ਹ ਕੇ ਬੋਲਦੇ ਰਹੇ ਹਨ।

ਉਹ ਕਹਿੰਦੇ ਹਨ ਕਿ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰਾਂ ਜਾਂ ਵੱਡੇ ਨਾਮਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੂੰ ਬਹੁਤੇ ਪੈਸੇ ਨਹੀਂ ਮਿਲਦੇ।

ਫ਼ਿਲਮ ਬੂਹੇ ਬਾਰੀਆਂ ਦੀ ਇੱਕ ਪ੍ਰੋਮਸ਼ਨ ਇੰਟਰਵਿਊ ਵਿੱਚ ਰਿਸ਼ੀ ਨੇ ਕਿਹਾ ਸੀ ਕਿ ਖਾਸ ਕਰਕੇ ਮਹਿਲਾ ਅਦਾਕਾਰਾਂ ਨੂੰ ਫ਼ਿਲਮਾਂ ਰਿਲੀਜ਼ ਹੋਣ ਤੋਂ ਬਾਅਦ ਤੱਕ ਵੀ ਮੰਗਤਿਆਂ ਵਾਂਗ ਆਪਣੇ ਕੀਤੇ ਕੰਮ ਦੇ ਪੈਸੇ ਮੰਗਣੇ ਪੈਂਦੇ ਹਨ।

ਲੈਕਚਰਾਰ ਵੀ ਰਹੇ ਹਨ ਨਿਰਮਲ ਰਿਸ਼ੀ

ਨਿਰਮਲ ਰਿਸ਼ੀ

ਤਸਵੀਰ ਸਰੋਤ, Nirmal Rishi/Insta

ਤਸਵੀਰ ਕੈਪਸ਼ਨ, ਅਦਾਰਾਕ ਗੁਰਪ੍ਰੀਤ ਭੰਗੂ ਇਸ ਗੱਲ ਵਿੱਚ ਬੇਹੱਦ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਨਿਰਮਲ ਰਿਸ਼ੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਨਿਰਮਲ ਰਿਸ਼ੀ ਹੁਰਾਂ ਨੇ ਲੁਧਿਆਣਾ ਦੇ ਖ਼ਾਲਸਾ ਕਾਲਜ (ਕੁੜੀਆਂ) ਵਿੱਚ ਫਿਜ਼ੀਕਲ ਐਜੁਕੇਸ਼ਨ ਦੇ ਲੈਕਚਰਾਰ ਵਜੋਂ ਨੌਕਰੀ ਕੀਤੀ ਹੈ।

ਇੱਕ ਇੰਟਰਵਿਊ ਵਿੱਚ ਰਿਸ਼ੀ ਦੱਸਦੇ ਹਨ ਕਿ ਜਦੋਂ ਉਹ ਰਿਟਾਇਰ ਹੋਏ ਤਾਂ ਖੁਸ਼ ਨਹੀਂ ਸਨ, ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਹੁਣ ਤਨਖਾਹ ਬੰਦ ਹੋ ਜਾਣ ਮਗਰੋਂ ਖ਼ਰਚਾ ਕਿਵੇਂ ਚੱਲੇਗਾ।

ਰਿਸ਼ੀ ਦੇ ਸਾਥੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਸਾਨੂੰ ਦੱਸਿਆ ਕਿ ਅੱਜ ਵੀ ਰਿਸ਼ੀ ਦੇ ਵਿਦਿਆਰਥੀ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਸੰਪਰਕ ਕਰਦੇ ਹਨ ਜੋ ਕਿ ਹਰ ਅਧਿਆਪਕ ਲਈ ਮਾਣ ਵਾਲੀ ਗੱਲ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਨੂੰ ਪਿਆਰ ਵੀ ਬਹੁਤ ਕਰਦੇ ਰਹੇ ਹਨ ਅਤੇ ਅਨੁਸ਼ਾਸਨ ਵਿੱਚ ਵੀ ਰੱਖਦੇ ਸੀ।

ਉਨ੍ਹਾਂ ਦੱਸਿਆ, “ਉਹ ਖਾਸ ਕਰਕੇ ਕੁੜੀਆਂ ਨੂੰ ਸਮਝਾਉਂਦੇ ਸੀ ਕਿ ਉਨ੍ਹਾਂ ਨੂੰ ਜ਼ਰੂਰ ਕਮਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਸਾਹਮਣੇ ਹੱਥ ਨਾ ਫੈਲਾਉਣਾ ਪਵੇ।"

ਵਿਆਹ ਕਿਉਂ ਨਹੀਂ ਕਰਵਾਇਆ ?

ਨਿਰਮਲ ਰਿਸ਼ੀ

ਤਸਵੀਰ ਸਰੋਤ, Nirmal Rishi/Insta

ਤਸਵੀਰ ਕੈਪਸ਼ਨ, ਸਾਥੀ ਕਲਾਕਾਰ ਕਹਿੰਦੇ ਹਨ ਕਿ ਨਿਰਮਲ ਰਿਸ਼ੀ 82 ਸਾਲ ਦੀ ਉਮਰ ਵਿੱਚ ਵੀ ਆਪਣੇ ਕੰਮ ਨੂੰ ਲੈ ਕੇ 'ਮੁਟਿਆਰ' ਹੀ ਹਨ।

ਨਿਰਮਲ ਰਿਸ਼ੀ ਹੁਰਾਂ ਨੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਲਿਆ। ਉਹ ਅਕਸਰ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਇਕੱਲੇ ਰਹਿਣਾ ਚਾਹੁੰਦੇ ਸੀ ਅਤੇ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਜਿਉਣਾ ਚਾਹੁੰਦੇ ਸਨ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅੱਜ ਵੀ ਜਦੋਂ ਕਿਸੇ ਕੁੜੀ ਦੀ ਡੋਲੀ ਤੁਰਦੀ ਹੈ ਤਾਂ ਉਹ ਇਹ ਸੋਚ ਕੇ ਬੇਹਦ ਭਾਵੁਕ ਹੋ ਜਾਂਦੇ ਹਨ ਕਿ ਅੱਜ ਤੋਂ ਬਾਅਦ ਇਸ ਕੁੜੀ ਦਾ ਘਰ ਉਸ ਦੇ ਮਾਪਿਆ ਦਾ ਘਰ ਨਹੀਂ ਰਹਿਣਾ।

ਨਿਰਮਲ ਰਿਸ਼ੀ ਨੂੰ ਪਦਮ ਸ੍ਰੀ ਮਿਲਣ ਬਾਰੇ ਪ੍ਰਤੀਕਿਰਿਆ ਲੈਣ ਲਈ ਮੈਂ ਗੁਰਪ੍ਰੀਤ ਭੰਗੂ ਹੁਰਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੀ ਅਵਾਜ਼ ਵਿੱਚ ਖੁਸ਼ੀ ਅਤੇ ਮਾਣ ਸਾਫ਼ ਝਲਕ ਰਿਹਾ ਸੀ।

ਗੁਰਪ੍ਰੀਤ ਭੰਗੂ ਇਸ ਗੱਲ ਵਿੱਚ ਬੇਹੱਦ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਨਿਰਮਲ ਰਿਸ਼ੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਉਹ ਕਹਿੰਦੇ ਹਨ ਕਿ ਇਸ ਸਨਮਾਨ ਦੀ ਮੁਬਾਰਕਬਾਦ ਸਿਰਫ਼ ਨਿਰਮਲ ਰਿਸ਼ੀ ਨੂੰ ਨਹੀਂ, ਬਲਕਿ ਸਾਨੂੰ ਸਾਰਿਆਂ ਨੂੰ ਹੈ।

ਗੁਰਪ੍ਰੀਤ ਭੰਗੂ ਨੇ ਕਿਹਾ, “ਨਿਰਮਲ ਰਿਸ਼ੀ ਜੀ ਦੀ ਪੰਜਾਬੀ ਰੰਗ-ਮੰਚ ਅਤੇ ਸਿਨੇਮਾ ਨੂੰ ਇੰਨੀ ਵੱਡੀ ਦੇਣ ਅਤੇ ਸੰਘਰਸ਼ ਰਿਹਾ ਹੈ। ਉਹ ਇਸ ਐਵਾਰਡ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਪੰਜਾਬੀ ਸਿਨੇਮਾ ਦੇ ਵਧਣ ਫੁੱਲਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ, ਇਹ ਐਵਾਰਡ ਉਨ੍ਹਾਂ ਨੂੰ ਮਿਲਣਾ ਹੀ ਚਾਹੀਦਾ ਸੀ। ਜਦੋਂ ਉਨ੍ਹਾਂ ਨੂੰ ਐਵਾਰਡ ਮਿਲਣ ਦੀ ਖ਼ਬਰ ਸੁਣੀ ਤਾਂ ਸਾਡਾ ਸਿਰ ਵੀ ਮਾਣ ਨਾਲ ਉੱਚਾ ਹੋ ਗਿਆ।”

ਭੰਗੂ ਨੇ ਕਿਹਾ, “ਰਿਸ਼ੀ ਜੀ ਕੋਈ ਵੀ ਕੰਮ ਕਰਦੇ ਹਨ ਤਾਂ ਜੀ-ਜਾਨ ਨਾਲ ਕਰਦੇ ਹਨ। ਉਨ੍ਹਾਂ ਨੇ ਸਿਰਫ਼ ਪੈਸੇ ਕਰਕੇ ਕੰਮ ਨਹੀਂ ਕੀਤਾ, ਉਨ੍ਹਾਂ ਨੇ ਆਪਣੇ ਕੰਮ ਨੂੰ ਪਿਆਰ ਕਰਨ ਲਈ ਕੰਮ ਕੀਤਾ ਹੈ।

ਉਹ ਕਹਿੰਦੇ ਹਨ ਕਿ 82 ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ਕੰਮ ਨੂੰ ਲੈ ਕੇ ਮੁਟਿਆਰ ਹੀ ਹਨ।

'ਬੇਟੇ ਤੂੰ ਪੈਰਾਂ ਵਿੱਚ ਬੂਟ ਕਿਉਂ ਨਹੀਂ ਪਾਏ, ਪੈਸੇ ਹੈਗੇ ?'

ਨਿਰਮਲ ਰਿਸ਼ੀ

ਤਸਵੀਰ ਸਰੋਤ, Nirmal Rishi/Insta

ਤਸਵੀਰ ਕੈਪਸ਼ਨ, ਇਹ ਵੀ ਕਿਹਾ ਜਾਂਦਾ ਹੈ ਕਿ ਫ਼ਿਲਮਾਂ ਦੇ ਸੈੱਟ ਉੱਤੇ ਸਪੌਟ ਬੁਆਏ ਦਾ ਵੀ ਫ਼ਿਕਰ ਹੁੰਦਾ ਹੈ।

ਨਿਰਮਲ ਰਿਸ਼ੀ ਦੀ ਸਖਸੀਅਤ ਬਾਰੇ ਗੁਰਪ੍ਰੀਤ ਭੰਗੂ ਨੇ ਇੱਕ ਖ਼ੂਬਸੂਰਤ ਪਹਿਲੂ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ, “ਅਸੀਂ ਕਈ ਵਾਰ ਇਕੱਠੇ ਹੁੰਦੇ ਹਾਂ ਤਾਂ ਰਿਸ਼ੀ ਜੀ ਪੁੱਛਦੇ ਹਨ ਕਿ ਫਲਾਣਾ ਬੰਦਾ ਕੰਮ ਕਰ ਰਿਹੈ ? ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਲੋੜਵੰਦ ਹੈ। ਉਨ੍ਹਾਂ ਨੂੰ ਸਿਰਫ਼ ਆਪਣੇ ਤੱਕ ਮਤਲਬ ਨਹੀਂ ਹੁੰਦਾ, ਉਨ੍ਹਾਂ ਦੀ ਸੋਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਹਿੰਦੀ ਹੈ ਕਿ ਸਾਰਿਆ ਨੂੰ ਕੰਮ ਮਿਲਣਾ ਚਾਹੀਦਾ ਹੈ।"

ਗੁਰਪ੍ਰੀਤ ਭੰਗੂ ਦੱਸਦੇ ਹਨ ਕਿ ਉਨ੍ਹਾਂ ਨੂੰ ਫ਼ਿਲਮਾਂ ਦੇ ਸੈੱਟ ਉੱਤੇ ਸਪੌਟ ਬੁਆਏ ਦਾ ਵੀ ਫ਼ਿਕਰ ਹੁੰਦਾ ਹੈ।

ਉਹ ਦੱਸਦੇ ਹਨ, “ਹੁਣ ਅਸੀਂ ਇੱਕ ਸ਼ੂਟ ਕਰ ਰਹੇ ਸੀ, ਠੰਢ ਸੀ। ਰਿਸ਼ੀ ਜੀ ਨੇ ਸਪੌਟ ਬੁਆਏ ਨੂੰ ਪੁੱਛਿਆ ਬੇਟੇ ਤੂੰ ਪੈਰਾਂ ਵਿੱਚ ਬੂਟ ਕਿਉਂ ਨਹੀਂ ਪਾਏ, ਤੇਰੇ ਕੋਲ ਪੈਸੇੇ ਨਹੀਂ।”

ਭੰਗੂ ਨੇ ਦੱਸਿਆ ਕਿ ਨਿਰਮਲ ਰਿਸ਼ੀ ਉੱਚੀ ਸੋਚ ਅਤੇ ਸਾਦੇ ਜੀਵਨ ਵਿੱਚ ਯਕੀਨ ਕਰਨ ਵਾਲੇ ਇਨਸਾਨ ਹਨ। ਉਨ੍ਹਾਂ ਦੱਸਿਆ ਕਿ ਉਹ ਕਿਤਾਬਾਂ ਪੜ੍ਹਣ ਦੇ ਸ਼ੌਂਕੀਨ ਹਨ ਅਤੇ ਹਰ ਧਰਮ ਦਾ ਆਦਰ ਕਰਦੇ ਹਨ।

ਗੁਰਪ੍ਰੀਤ ਭੰਗੂ ਕਹਿੰਦੇ ਹਨ ਕਿ ਉਹ ਭਾਵੇਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਜ਼ਰੀਏ ਕਈ ਗੱਲਾਂ ਸਮਝਾਉਂਦੇ ਹਨ। ਭੰਗੂ ਦੱਸਦੇ ਹਨ ਕਿ ਉਹ ਹਰ ਧਰਮ ਨਾਲ ਜੁੜਿਆ ਸਾਹਿਤ ਪੜ੍ਹਦੇ ਹਨ।

ਗੁਰਪ੍ਰੀਤ ਭੰਗੂ ਕਹਿੰਦੇ ਹਨ ਕਿ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਸਾਡੇ ਪੰਜਾਬ ਦੇ ਜਨਮੇ ਹਨ।

ਉਨ੍ਹਾਂ ਦੀ ਸ਼ਖਸੀਅਤ ਬਾਰੇ ਇੱਕ ਹੋਰ ਪੱਖ ਸਾਂਝਾ ਕਰਦਿਆਂ ਗੁਰਪ੍ਰੀਤ ਭੰਗੂ ਕਹਿੰਦੇ ਹਨ ਕਿ ਨਿਰਮਲ ਰਿਸ਼ੀ ਬੇਝਿਜਕ ਹੋ ਕੇ ਆਪਣੇ ਦਿਲ ਦੀ ਗੱਲ ਕਰਦੇ ਹਨ।

ਉਹ ਕਹਿੰਦੇ ਹਨ ਕਿ ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਗਲੇ ਦੇ ਦੁੱਖ ਦਰਦ ਸਮਝਣਾ ਕੋਈ ਨਿਰਮਲ ਰਿਸ਼ੀ ਤੋਂ ਸਿੱਖੇ।

ਥੀਏਟਰ ਦੇ ਦਿਨਾਂ ਦੇ ਜਾਣਕਾਰ ਸਰਦਾਰ ਸੋਹੀ ਨੇ ਕੀ ਕਿਹਾ ?

ਨਿਰਮਲ ਰਿਸ਼ੀ ਅਤੇ ਸਰਦਾਰ ਸੋਹੀ

ਤਸਵੀਰ ਸਰੋਤ, Sardar Sohi/Facebook

ਤਸਵੀਰ ਕੈਪਸ਼ਨ, ਨਿਰਮਲ ਰਿਸ਼ੀ ਅਤੇ ਸਰਦਾਰ ਸੋਹੀ ਦੀ ਪਹਿਲੀ ਫ਼ਿਲਮੀ ‘ਲੌਂਗ ਦਾ ਲਿਸ਼ਕਾਰਾ’ ਹੀ ਸੀ।

ਨਿਰਮਲ ਰਿਸ਼ੀ ਅਤੇ ਸਰਦਾਰ ਸੋਹੀ ਦਾ ਫ਼ਿਲਮੀ ਸਫਰ ‘ਲੌਂਗ ਦਾ ਲਿਸ਼ਕਾਰਾ’ ਫਿਲਮ ਤੋਂ ਇਕੱਠਿਆਂ ਸ਼ੁਰੂ ਹੋਇਆ ਸੀ।

ਇਸ ਤੋਂ ਪਹਿਲਾਂ ਉਹ ਥੀਏਟਰ ਵੀ ਹਰਪਾਲ ਟਿਵਾਣਾ ਹੁਰਾਂ ਨਾਲ ਇਕੱਠਿਆਂ ਹੀ ਕਰਦੇ ਰਹੇ ਹਨ।

ਸੋਹੀ ਦੱਸਦੇ ਹਨ, “ਰਿਸ਼ੀ ਮੈਡਮ ਮੇਰੇ ਤੋਂ ਛੇ-ਸੱਤ ਸਾਲ ਸੀਨੀਅਰ ਰਹੇ ਹਨ। ਹਰਪਾਲ ਟਿਵਾਣਾ ਹੁਰਾਂ ਦੇ ਗਰੁਪ ਵਿੱਚ 1975 ਤੋਂ ਲੈ ਕੇ ਅਸੀਂ ਤਕਰੀਬਨ 12 ਸਾਲ ਇਕੱਠਿਆਂ ਕੰਮ ਕੀਤਾ ਹੈ।"

ਸੋਹੀ ਕਹਿੰਦੇ ਹਨ ਕਿ ਨਿਰਮਲ ਰਿਸ਼ੀ ਸ਼ੁਰੂ ਤੋਂ ਹੀ ਲਾਜਵਾਬ ਐਕਟਰ ਰਹੇ ਹਨ, ਜਿਨ੍ਹਾਂ ਨੇ ਵੱਖੋ-ਵੱਖ ਸ਼ੇਡਜ਼ ਦੇ ਕਿਰਦਾਰ ਨਿਭਾਏ ਹਨ।

ਉਹ ਬਲਵੰਤ ਗਾਰਗੀ ਹੁਰਾਂ ਦੇ ਨਾਟਕ ‘ਲੋਹਾਕੁੱਟ’ ਦਾ ਜ਼ਿਕਰ ਕਰਦੇ ਹਨ, ਜਿਸ ਵਿੱਚ ਸੋਹੀ ਕਾਕੂ ਲੁਹਾਰ ਦਾ ਕਿਰਦਾਰ ਨਿਭਾਉਂਦੇ ਹਨ ਅਤੇ ਨਿਰਮਲ ਰਿਸ਼ੀ ਉਨ੍ਹਾਂ ਦੀ ਧੀ ਬੈਣੋਂ ਦਾ ਕਿਰਦਾਰ ਨਿਭਾਉਂਦੇ ਹਨ।

ਸੋਹੀ ਦੱਸਦੇ ਹਨ ਕਿ ਇਸ ਨਾਟਕ ਵਿੱਚ ਬੈਣੋਂ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਂਦੀ ਹੈ, ਫਿਰ ਬੈਣੋਂ ਦੀ ਮਾਂ ਚਲੀ ਜਾਂਦੀ ਹੈ। ਇਸ ਨਾਟਕ ਜ਼ਰੀਏ ਦਰਸਾਇਆ ਗਿਆ ਸੀ ਕਿ ਨੌਜਵਾਨ ਪੀੜ੍ਹੀ, ਪਿਛਲੀ ਪੀੜ੍ਹੀ ਨੂੰ ਜ਼ਿੰਦਗੀ ਆਪਣੀ ਮਰਜ਼ੀ ਮੁਤਾਬਕ ਜਿਉਣਾ ਸਿਖਾਉਂਦੀ ਹੈ।

ਸਰਦਾਰ ਸੋਹੀ ਕਹਿੰਦੇ ਹਨ ਕਿ ਇਹ ਇੱਕ ਵਿਵਾਦਤ ਨਾਟਕ ਸੀ ਜਿਸ ਕਰਕੇ ਬਲਵੰਤ ਗਾਰਗੀ ‘ਤੇ ਕੇਸ ਵੀ ਹੋ ਗਿਆ ਸੀ।

ਸੋਹੀ ਕਹਿੰਦੇ ਹਨ, “ਰਿਸ਼ੀ ਮੈਡਮ ਨੇ ‘ਬੈਣੋਂ’ ਜਿਹੇ ਚੁਣੌਤੀਪੂਰਵਕ ਕਿਰਦਾਰ ਕੀਤੇ ਅਤੇ ਜ਼ਿੰਦਗੀ ਦੇ ਇੰਨੇ ਸਾਲ ਥੀਏਟਰ ਨੂੰ ਦਿੱਤੇ। ਉਹ ਪਦਮ ਸ੍ਰੀ ਐਵਾਰਡ ਦੇ ਹੱਕਦਾਰ ਹਨ।"

ਸਰਦਾਰ ਸੋਹੀ ਨੇ ਦੱਸਿਆ ਕਿ ਹਰਪਾਲ ਟਿਵਾਣਾ ਜੀ ਦੇ ਦੋ ਨਾਟਕ ‘ਹਿੰਦ ਦੀ ਚਾਦਰ’ ਅਤੇ ‘ਚਮਕੌਰ ਦੀ ਗੜ੍ਹੀ’ ਬਹੁਤ ਚਰਚਿਤ ਸਨ, ਜਿਨ੍ਹਾਂ ਵਿੱਚ ਨਿਰਮਲ ਰਿਸ਼ੀ ਵੀ ਕਿਰਦਾਰ ਨਿਭਾਉਂਦੇ ਸੀ।

ਸੋਹੀ ਦੱਸਦੇ ਹਨ ਕਿ ਹਰਪਾਲ ਟਿਵਾਣਾ ਦੀ ਮੌਤ ਤੋਂ ਬਾਅਦ ਹੁਣ ਤੱਕ ਵੀ ਜਦੋਂ ਉਨ੍ਹਾਂ ਦਾ ਬੇਟਾ ਮਨਪਾਲ ਟਿਵਾਣਾ ਕਿਤੇ ਇਹ ਨਾਟਕ ਪੇਸ਼ ਕਰਦੇ ਹਨ ਤਾਂ ਨਿਰਮਲ ਰਿਸ਼ੀ ਆਪਣਾ ਕਿਰਦਾਰ ਨਿਭਾਉਣ ਜ਼ਰੂਰ ਜਾਂਦੇ ਹਨ।

ਐਵਾਰਡ ਮਿਲਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਸੋਹੀ ਕਹਿੰਦੇ ਹਨ ਕਿ ਨਿਰਮਲ ਰਿਸ਼ੀ ਜ਼ਿੰਦਗੀ ਵਿੱਚ ਆਪਣੇ ਅਸੂਲਾਂ ‘ਤੇ ਚੱਲਣ ਵਾਲੇ ਅਤੇ ਅਨੁਸ਼ਾਸਿਤ ਇਨਸਾਨ ਹਨ।

ਉਹ ਕਹਿੰਦੇ ਹਨ ਕਿ ਨਿਰਮਲ ਰਿਸ਼ੀ ਨੂੰ ਇਹ ਐਵਾਰਡ ਮਿਲਣ ਨਾਲ ਬਾਕੀ ਕਲਾਕਾਰਾਂ ਦਾ ਵੀ ਹੌਸਲਾ ਬੁਲੰਦ ਹੋਵੇਗਾ ਅਤੇ ਸੇਧ ਮਿਲੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)