'ਬੰਦੇ ਚੁੱਕ ਕੇ ਖਪਾਉਣ ਵਾਲਿਆਂ ਉੱਤੇ ਸਵਾਲ ਚੁੱਕਣ ਵਾਲੇ ਸ਼ਾਇਰ ਨੂੰ ਏਜੰਸੀਆਂ ਨੇ ਚੁੱਕਿਆ'- ਹਨੀਫ਼ ਦਾ ਵਲੌਗ਼

ਤਸਵੀਰ ਸਰੋਤ, Ahmed Farhad Official/FB
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਪਾਕਿਸਤਾਨ ’ਚ ਕੁਝ ਬੰਦੇ ਗ੍ਰਿਫ਼ਤਾਰ ਹੁੰਦੇ ਹਨ ਅਤੇ ਕੁਝ ਚੁੱਕੇ ਜਾਂਦੇ ਹਨ। ਜਿਨ੍ਹਾਂ ਨੂੰ ਪੁਲਿਸ ਫੜਦੀ ਹੈ, ਉਨ੍ਹਾਂ ’ਤੇ ਮੁਕੱਦਮੇ ਬਣਦੇ ਹਨ, ਕਚਿਹਰੀਆਂ ’ਚ ਪੇਸ਼ ਹੁੰਦੇ ਹਨ। ਕੋਈ ਜ਼ਮਾਨਤ ’ਤੇ ਬਾਹਰ ਆ ਜਾਂਦਾ ਹੈ ਅਤੇ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ।
ਪਰ ਜਿਹੜਾ ਬੰਦਾ ਚੁੱਕਿਆ ਜਾਂਦਾ ਹੈ, ਉਸ ’ਤੇ ਨਾ ਕੋਈ ਮੁਕੱਦਮਾ ਤੇ ਨਾ ਹੀ ਉਨ੍ਹਾਂ ਦੀ ਕੋਈ ਪੇਸ਼ੀ ਹੁੰਦੀ ਹੈ, ਨਾ ਘਰ ਵਾਲਿਆਂ ਨਾਲ ਮੁਲਾਕਾਤ।
ਜਿਹੜੇ ਚੁੱਕਦੇ ਹਨ, ਉਨ੍ਹਾਂ ਨੂੰ ਭਾਵੇਂ ਅਦਾਲਤਾਂ ਬੁਲਾ ਕੇ ਪੁੱਛ ਵੀ ਲੈਣ, ਉਹ ਸਾਫ਼ ਮੁੱਕਰ ਜਾਂਦੇ ਹਨ ਅਤੇ ਅੱਗਿਓਂ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਬੰਦੇ ਚੁੱਕਣ ਵਾਲੇ ਲੱਗਦੇ ਹਾਂ।
ਕਸ਼ਮੀਰੀ ਕਵੀ ਨੂੰ ਚੁੱਕਣਾ

ਤਸਵੀਰ ਸਰੋਤ, Mohammed Hanif
ਪਿਛਲੇ ਹਫ਼ਤੇ ਇੱਕ ਕਸ਼ਮੀਰੀ ਸ਼ਾਇਰ ਅਹਿਮਦ ਫ਼ਰਹਾਦ ਨੂੰ ਚੁੱਕ ਲਿਆ ਗਿਆ। ਘਰ ਵਾਲੇ ਕਹਿੰਦੇ ਹਨ ਕਿ ਏਜੰਸੀਆਂ ਨੇ ਚੁੱਕਿਆ ਹੈ।
ਅਦਾਲਤਾਂ ਏਜੰਸੀਆਂ ਨੂੰ ਬੁਲਾ ਕੇ ਪੁੱਛਦੀਆਂ ਹਨ। ਉਹ ਕਹਿੰਦੇ ਹਨ ਸਾਨੂੰ ਕੀ ਪਤਾ।
ਕੌਮ ਇਸ ਗੱਲ ’ਤੇ ਹੈਰਾਨ ਹੈ ਕਿ ਅਸੀਂ ਤਾਂ ਇੰਡੀਆ ਵਾਲਾ ਕਸ਼ਮੀਰ ਆਜ਼ਾਦ ਕਰਵਾਉਣ ਤੁਰੇ ਸੀ ਅਤੇ ਸਾਡੇ ਕੋਲੋਂ ਇੱਕ ਆਜ਼ਾਦ ਕਸ਼ਮੀਰੀ ਸ਼ਾਇਰ ਨਹੀਂ ਵੇਖਿਆ ਗਿਆ।
ਪਤਾ ਕੀਤਾ ਕਿ ਇਹ ਸ਼ਾਇਰ ਕਹਿੰਦਾ ਕੀ ਸੀ ਤੇ ਉਸ ਦੀ ਇੱਕ-ਅੱਧੀ ਮਸ਼ਹੂਰ ਨਜ਼ਮ ਦੇ ਬੋਲ ਤੁਸੀਂ ਵੀ ਸੁਣ ਲਓ :-
ਯੇ ਆਪਣੀ ਮਰਜ਼ੀ ਸੇ ਸੋਚਤਾ ਹੈ ਇਸੇ ਉਠਾ ਲਾਓ
ਉਠਾਨੇ ਵਾਲੋਂ ਸੇ ਕੁਛ ਯੁਦਾ ਹੈ ਇਸੇ ਉਠਾ ਲਾਓ
ਵੋ ਬੇਅਦਬ ਇਸ ਸੇ ਪਹਿਲੇ ਜਿਨਕੋ ਉਠਾ ਲਿਆ ਥਾ
ਯੇ ਉਨ ਕੇ ਬਾਰੇ ਮੇਂ ਪੂਛਤਾ ਹੈ ਇਸੇ ਉਠਾ ਲਾਓ
ਸਵਾਲ ਕਰਤਾ ਹੈ ਯੇ ਦੀਵਾਨਾ ਹਮਾਰੀ ਹੱਦ ਪਰ
ਯੇ ਆਪਣੀ ਹੱਦ ਸੇ ਗੁਜ਼ਰ ਗਿਆ ਹੈ ਇਸੇ ਉਠਾ ਲਾਓ
ਇਹ ਸਾਦੀ ਜਿਹੀ ਉਰਦੂ ਵਾਲੀ ਨਜ਼ਮ ਹੈ, ਤੁਹਾਨੂੰ ਸਮਝ ਆ ਹੀ ਗਈ ਹੋਵੇਗੀ।
ਅਹਿਮਦ ਫ਼ਰਹਾਦ ਬੰਦੇ ਚੁੱਕ ਕੇ ਗਾਇਬ ਕਰਨ ਵਾਲਿਆ ਨਾਲ ਆਢਾ ਲਾ ਬੈਠਿਆ ਅਤੇ ਉਨ੍ਹਾਂ ਨੇ ਅਹਿਮਦ ਫ਼ਰਹਾਦ ਨੂੰ ਹੀ ਚੁੱਕ ਲਿਆ। ਨਾਲ ਹੀ ਘਰ ਵਾਲਿਆਂ ਨੂੰ ਧਮਕੀਆਂ ਵੀ ਮਿਲੀਆਂ ਹਨ ਕਿ ਜੇ ਬੰਦਾ ਵਾਪਸ ਚਾਹੀਦਾ ਹੈ ਤਾਂ ਚੁੱਪ ਕਰਕੇ ਘਰ ਬੈਠ ਜਾਓ।
ਹੁਣ ਵਿਚਾਰਾ ਸ਼ਾਇਰ ਕੀ ਅਤੇ ਉਸ ਦਾ ਆਢਾ ਕੀ?

ਤਸਵੀਰ ਸਰੋਤ, Ahmed Farhad Official/FB
ਪਾਕਿਸਤਾਨ ਵਿੱਚ ਸ਼ਾਇਰੀ
ਸਾਨੂੰ ਤਾਂ ਹਮੇਸ਼ਾਂ ਤੋਂ ਹੀ ਦੱਸਿਆ ਗਿਆ ਹੈ ਕਿ ਪਾਕਿਸਤਾਨ ’ਚ ਟੈਲੈਂਟ ਦੀ ਕੋਈ ਕਮੀ ਨਹੀਂ ਪਰ ਬਾਕੀ ਟੈਲੈਂਟ ਦਾ ਤਾਂ ਕੁਝ ਪਤਾ ਨਹੀਂ ਪਰ ਹਰ ਗਲੀ-ਮਹੁੱਲੇ ’ਚ ਇੱਕ ਸ਼ਾਇਰ ਜ਼ਰੂਰ ਹੁੰਦਾ ਹੈ।
ਜਿੱਥੇ ਬਿਜਲੀ ਦਾ ਖੰਭਾ ਨਹੀਂ, ਜਿੱਥੇ ਗੰਦੇ ਪਾਣੀ ਲਈ ਗਟਰ ਨਹੀਂ ਸ਼ਾਇਰ ਉੱਥੇ ਵੀ ਮਿਲ ਜਾਵੇਗਾ।
ਪਾਕਿਸਤਾਨ ’ਚ ਕਹਿੰਦੇ ਹਨ ਕਿ ਇੱਟ ਪੁੱਟੋ ਤਾਂ ਸ਼ਾਇਰ ਨਿਕਲਦਾ ਹੈ।
ਬਲਕਿ ਜਿੱਥੇ ਅਜੇ ਤੱਕ ਇੱਟਾਂ ਨਹੀਂ ਪਹੁੰਚੀਆਂ, ਦੁਰਾਡੇ ਦੇ ਪਿੰਡਾਂ ’ਚ, ਉੱਥੇ ਵੀ ਕੋਈ ਨਾ ਕੋਈ ਸ਼ਾਇਰ ਤੁਹਾਨੂੰ ਮਿਲ ਹੀ ਜਾਵੇਗਾ।
ਕੋਈ ਸੁਣੇ ਨਾ ਸੁਣੇ, ਕੋਈ ਵਾਹ-ਵਾਹ ਕਰੇ ਨਾ ਕਰੇ, ਕੋਈ ਮੁਸ਼ਿਹਰੇ ’ਤੇ ਬੁਲਾਵੇ ਨਾ ਬੁਲਾਵੇ ਸ਼ਾਇਰ ਆਪਣੇ ਅੱਖਰ ਜੋੜਦੇ ਹੀ ਰਹਿੰਦੇ ਹਨ।
ਕਦੇ ਪਿਆਰ ਦੀਆਂ ਗੱਲਾਂ, ਕਦੇ ਗਿਲ਼ੇ-ਸ਼ਿਕਵੇ ਤੇ ਕਦੇ ਮਾਰਫ਼ਤ ਦੀਆਂ ਗੱਲਾਂ।
ਸ਼ਾਇਰ ਤੋਂ ਤਾਂ ਉਨ੍ਹਾਂ ਦੇ ਆਪਣੇ ਘਰ ਵਾਲੇ ਵੀ ਨਹੀਂ ਡਰਦੇ ਬਲਕਿ ਮੁਹੱਲੇ ਵਾਲੇ ਵੀ ਬਸ ਇੰਨਾ ਹੀ ਡਰਦੇ ਹਨ ਕਿ ਕਿਤੇ ਬਿਠਾ ਕੇ ਸਾਨੂੰ ਆਪਣੀ ਨਵੀਂ ਨਜ਼ਮ ਨਾ ਸੁਣਾਉਣੀ ਸ਼ੁਰੂ ਕਰ ਦੇਵੇ।
ਤੇ ਪਤਾ ਨਹੀਂ ਇਹ ਐਟਮ ਬੰਬ ਵਾਲਾ ਮੁਲਕ ਇੱਕ ਮਾੜੇ ਜਿਹੇ ਸ਼ਾਇਰ ਤੋਂ ਕਿਉਂ ਇੰਨਾ ਜਰਕਦਾ ਹੈ।
ਇਹ ਡਰ ਵੀ ਅਜਿਹੀ ਓਂਤਰੀ ਚੀਜ਼ ਹੈ ਕਿ ਜੇਕਰ ਇੱਕ ਦਫ਼ਾ ਸ਼ੁਰੂ ਹੋ ਜਾਵੇ ਤਾਂ ਫਿਰ ਰੁਕਦਾ ਹੀ ਨਹੀਂ।
ਨਿਆਂ ਪ੍ਰਣਾਲੀ
ਪਿਛਲੇ ਹਫ਼ਤੇ ਪਾਕਿਸਤਾਨ ਦੀ ਰਿਆਸਤ ਇਮਰਾਨ ਖ਼ਾਨ ਦੀ ਇੱਕ ਫੋਟੋ ਤੋਂ ਡਰੀ ਬੈਠੀ ਸੀ। ਵੱਡੀ ਅਦਾਲਤ ’ਚ ਉਨ੍ਹਾਂ ਦੀ ਆਨਲਾਈਨ ਪੇਸ਼ੀ ਸੀ।
ਅੱਜ ਕੱਲ ਪਾਕਿਸਤਾਨ ਦੇ ਸੁਪਰੀਮ ਕੋਰਟ ਦੀ ਕਾਰਵਾਈ ਟੀਵੀ ’ਤੇ ਲਾਈਵ ਚੱਲਦੀ ਹੈ। ਮਕਸਦ ਸ਼ਾਇਦ ਇਹੀ ਹੈ ਕਿ ਇਨਸਾਫ਼ ਨਾ ਸਿਰਫ ਹੋਣਾ ਚਾਹੀਦਾ ਹੈ ਬਲਕਿ ਇਨਸਾਫ਼ ਹੁੰਦਾ ਨਜ਼ਰ ਵੀ ਆਉਣਾ ਚਾਹੀਦਾ ਹੈ।
ਇਮਰਾਨ ਖ਼ਾਨ ਸਾਹਿਬ ਜਦੋਂ ਦੇ ਜੇਲ੍ਹ ਗਏ ਹਨ, ਉਨ੍ਹਾਂ ਦੀ ਨਾ ਕਦੇ ਕੋਈ ਫ਼ੋਟੋ ਬਾਹਰ ਆਈ ਹੈ ਅਤੇ ਨਾ ਹੀ ਕਦੇ ਆਵਾਜ਼ ਬਾਹਰ ਨਿਕਲੀ ਹੈ।
ਲੋਕੀ ਟੀਵੀ ਆਨ ਕਰਕੇ ਬੈਠ ਗਏ ਕਿ ਅੱਜ ਖ਼ਾਨ ਸਾਹਿਬ ਦਾ ਦੀਦਾਰ ਹੋਵੇਗਾ, ਪਰ ਸੁਪਰੀਮ ਕੋਰਟ ਨੇ ਕਿਹਾ ਇਹ ਸਹੂਲਤ ਆਪਕੋ ਮੁਯਸਰ ਨਹੀਂ ਹੈ।
ਕਿਤੋਂ ਇਮਰਾਨ ਖ਼ਾਨ ਦੀ ਇੱਕ ਫੋਟੋ ਬਾਹਰ ਨਿਕਲ ਆਈ ਤਾਂ ਵਖ਼ਤ ਪੈ ਗਿਆ ਕਿ ਇਹ ਫੋਟੋ ਕਿਵੇਂ ਲੀਕ ਹੋ ਗਈ।

ਤਸਵੀਰ ਸਰੋਤ, Reuters
ਇਮਰਾਨ ਖ਼ਾਨ ਦੀ ਤਸਵੀਰ
ਅੱਲ੍ਹਾ ਦੇ ਬੰਦਿਓ, ਪਾਕਿਸਤਾਨ ’ਚ ਕੋਈ ਬੱਚਾ, ਕੋਈ ਬਾਬਾ, ਕੋਈ ਕੁੜੀ, ਕੋਈ ਮਾਈ ਅਜਿਹੀ ਨਹੀਂ ਜਿਸ ਨੇ ਇਮਰਾਨ ਖ਼ਾਨ ਦੀ ਫੋਟੋ ਨਾ ਵੇਖੀ ਹੋਵੇ।
ਉਸ ਦੀਆਂ ਗੇਂਦਬਾਜ਼ੀ ਕਰਦਿਆਂ ਦੀਆਂ ਫੋਟੋਆਂ ਵੇਖੀਆਂ ਹਨ, ਕੋਟ-ਪੈਂਟ ਵਾਲੀਆਂ ਫੋਟੋ ਵੇਖੀ ਹੈ, ਡੰਡ ਬੈਠਕਾਂ ਲਗਾਉਂਦਿਆਂ ਦੀ, ਪਰੇਸ਼ਾਨ ਬੈਠਿਆਂ ਦੀ, ਜਲਸੇ ’ਚ ਲਲਕਾਰਦਿਆਂ ਦੀਆਂ ਫੋਟੋਆਂ, ਗੋਰਿਆਂ ਤੇ ਗੋਰੀਆਂ ਨਾਲ ਪਾਰਟੀ ਕਰਦਿਆਂ ਦੀਆ ਫੋਟੋਆਂ, ਨਮਾਜ਼ ਪੜ੍ਹਦਿਆਂ ਦੀ ਫੋਟੋ ਬਲਕਿ ਇੱਕ ਦਿਨ ਤਾਂ ਨਾਸ਼ਤੇ ’ਚ ਦਹੀਂ ਖਾਂਦੇ ਦੀ ਫੋਟੋ ਵੀ ਬਾਹਰ ਨਿਕਲ ਆਈ ਸੀ।
ਹੁਣ ਇੱਕ ਫੋਟੋ ਜੇਲ੍ਹ ’ਚੋਂ ਆ ਗਈ ਤਾਂ ਕੀ ਹੋ ਗਿਆ?
ਮੇਰੇ ਖਿਆਲ ’ਚ ਹੋਇਆ ਇਹ ਕਿ ਵੈਸੇ ਤਾਂ ਇਮਰਾਨ ਖ਼ਾਨ ਨੂੰ ਚੁੱਕਿਆ ਨਹੀਂ ਗਿਆ, ਗ੍ਰਿਫ਼ਤਾਰ ਕੀਤਾ ਗਿਆ ਹੈ।
ਵਕੀਲ ਹਨ, ਮੁਕੱਦਮੇ, ਪੇਸ਼ੀਆਂ, ਜੇਲ੍ਹ ’ਚੋਂ ਖ਼ਾਨ ਸਾਹਿਬ ਦਾ ਪੈਗ਼ਾਮ ਵੀ ਆ ਹੀ ਜਾਂਦਾ ਪਰ ਇਮਰਾਨ ਖ਼ਾਨ ਨੂੰ ਗਾਇਬ ਕਰਨ ਦਾ ਚਾਰਾ ਹੋ ਰਿਹਾ ਹੈ।
ਜਿਸ ਤਰ੍ਹਾਂ ਕਿ ਸਾਡੇ ਸ਼ਾਇਰ ਅਹਿਮਦ ਫ਼ਰਹਾਦ ਨੂੰ ਗਾਇਬ ਕੀਤਾ ਗਿਆ ਹੈ।
ਹਕੂਮਤ ’ਚ ਆਉਣ ਤੋਂ ਪਹਿਲਾਂ ਇਮਰਾਨ ਖ਼ਾਨ ਕਹਿੰਦੇ ਹੁੰਦੇ ਸਨ ਕਿ ਜਦੋਂ ਮੈਂ ਵਜ਼ੀਰ-ਏ-ਆਜ਼ਮ ਬਣਾਂਗਾ ਤਾਂ ਇਸ ਮੁਲਕ ’ਚੋਂ ਕੋਈ ਬੰਦਾ ਨਹੀਂ ਚੁੱਕਿਆ ਜਾਵੇਗਾ।
ਉਹ ਵਜ਼ੀਰ-ਏ-ਆਜ਼ਮ ਬਣ ਗਏ। ਹਜ਼ਾਰਾਂ ਹੋਰ ਚੁੱਕੇ ਗਏ। ਉਨ੍ਹਾਂ ਦੇ ਘਰ ਵਾਲੇ ਰੌਂਦੇ- ਕਰਲਾਉਂਦੇ ਖ਼ਾਨ ਸਾਹਿਬ ਕੋਲ ਅੱਪੜੇ।
ਖ਼ਾਨ ਸਾਹਿਬ ਵੀ ਪਹਿਲੇ ਵਜ਼ੀਰ-ਏ-ਆਜ਼ਮ ਦੀ ਤਰ੍ਹਾਂ ਅੱਗਿਓਂ ਕੁਸਕੇ ਤੱਕ ਨਹੀਂ । ਹੁਣ ਹੋ ਸਕਦਾ ਹੈ ਕਿ ਖ਼ਾਨ ਸਾਹਿਬ ਨੂੰ ਉਹ ਗੱਲ ਸਮਝ ਆ ਗਈ ਹੋਵੇ, ਜਿਹੜੀ ਕਿ ਸਾਡਾ ਸ਼ਾਇਰ ਅਹਿਮਦ ਫ਼ਰਹਾਦ ਪਹਿਲਾਂ ਹੀ ਸਮਝ ਗਿਆ ਸੀ। ਹੁਣ ਚੁੱਕਿਆ ਗਿਆ ਹੈ।
ਸਵਾਲ ਕਰਤਾ ਹੈ ਯੇ ਦੀਵਾਨਾ ਹਮਾਰੀ ਹੱਦ ਪਰ,
ਯੇ ਆਪਣੀ ਹੱਦ ਸੇ ਗੁਜ਼ਰ ਗਿਆ ਹੈ ਇਸੇ ਉਠਾ ਲਓ।
ਰੱਬ ਰਾਖਾ












