‘ਜਦੋਂ ਸੁਪਰੀਮ ਕੋਰਟ ਨੇ ਮੰਨਿਆ ਕਿ ਅਸੀਂ ਕਦੇ-ਕਦੇ ਗ਼ਲਤ ਬੰਦਾ ਵੀ ਫਾਹੇ ਲਗਾ ਦਿੰਦੇ ਹਾਂ...’ - ਹਨੀਫ਼ ਦਾ ਵਲੌਗ

ਤਸਵੀਰ ਸਰੋਤ, Mohammed Hanif
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਅੱਲਾ ਨਾ ਕਰੇ ਪਰ ਫਰਜ਼ ਕਰੋ ਕਿ ਤੁਹਾਡੇ ਕੋਲੋਂ ਕੋਈ ਬੰਦਾ ਕਤਲ ਹੋ ਜਾਵੇ ਜਾਂ ਫਿਰ ਤੁਹਾਡਾ ਕੋਈ ਦੁਸ਼ਮਣ ਤੁਹਾਡੇ ’ਤੇ ਝੂਠਾ ਪਰਚਾ ਕਰਵਾ ਦੇਵੇ ਤਾਂ ਫਿਰ ਹੁਣ ਤੁਸੀਂ ਬਚੋਗੇ ਜਾਂ ਫਿਰ ਫਾਹੇ ਲੱਗੋਗੇ, ਇਸ ਦਾ ਫ਼ੈਸਲਾ ਤਾਂ ਕੋਈ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਦਾ ਜੱਜ ਹੀ ਕਰੇਗਾ।
ਕਿਹੜਾ ਘਰ ਜਾਵੇਗਾ ਅਤੇ ਕਿਹੜਾ ਕਾਲਕੋਠੜੀ ਵਿੱਚ, ਇਸ ਦਾ ਸਾਰਾ ਅਖ਼ਤਿਆਰ ਸਾਡੇ ਜੱਜਾਂ ਕੋਲ ਹੈ।
ਭੁੱਟੋ ਦੀ ਫਾਂਸੀ ਵਾਲੇ ਕੇਸ ’ਚ ਕੋਈ 40 ਵਰ੍ਹਿਆਂ ਬਾਅਦ ਸੁਪਰੀਮ ਕੋਰਟ ਨੇ ਆਖਰ ਮੰਨਿਆ ਹੈ ਕਿ ਅਸੀਂ ਕਦੇ-ਕਦੇ ਗ਼ਲਤ ਬੰਦਾ ਵੀ ਫਾਹੇ ਲਗਾ ਦਿੰਦੇ ਹਾਂ।
ਵੱਡੇ ਜੱਜਾਂ ਨੂੰ ਮਾਈਲੋਡ ਆਖਦੇ ਹਨ।
ਮੇਰਾ ਖਿਆਲ ਹੈ ਕਿ ਇਹ ਇਸ ਲਈ ਆਖਦੇ ਹਨ ਕਿਉਂਕਿ ਉਨ੍ਹਾਂ ਦੀ ਇੱਜਤ ਹੀ ਬਹੁਤ ਹੁੰਦੀ ਹੈ। ਉਨ੍ਹਾਂ ਕੋਲੋਂ ਬੰਦਾ ਸਵਾਲ ਪੁੱਛਦੇ ਬਈ ਡਰਦਾ ਹੈ ਤੇ ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਜੇਕਰ ਤੁਸੀਂ ਕੱਚੇ-ਪੱਕੇ ਸਬੂਤਾਂ ’ਤੇ ਕੋਈ ਬੰਦਾ ਫਾਹੇ ਲਗਾ ਦਿੱਤਾ ਹੈ ਤਾਂ ਤੁਹਾਨੂੰ ਇਹ ਹੁਕਮ ਕਿਸ ਨੇ ਦਿੱਤਾ ਸੀ ਕਿ ਇਸ ਨੂੰ ਫਾਹੇ ਲਗਾਓ।
ਜੱਜਾਂ ਦੀ ਅਸਲ ਸਥਿਤੀ ਕੀ ਹੈ?
ਵੱਡੇ ਮਾਈਲੋਡਾਂ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ, ਪਰ ਸਾਡੇ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਜਿਹੜੇ ਸਾਡੇ ਇੰਟੈਲੀਜੈਂਸ ਵਾਲੇ ਜਾਸੂਸ ਭਰਾ ਹਨ, ਇਹ ਆਪਣੀ ਮਰਜ਼ੀ ਦੇ ਫ਼ੈਸਲੇ ਲੈਣ ਲਈ ਸਾਡੇ ਨਾਲ ਬਹੁਤ ਹੀ ਧੱਕਾ ਕਰਦੇ ਹਨ।
ਕਦੇ ਸਾਡੇ ਕਿਸੇ ਮਾਮੇ-ਚਾਚੇ ਨੂੰ ਚੁੱਕ ਕੇ ਲੈ ਜਾਂਦੇ ਹਨ, ਉਨ੍ਹਾਂ ਨੂੰ ਕੁੱਟਦੇ ਹਨ, ਕਦੇ ਸਾਡੇ ਘਰਾਂ ’ਚ ਪਟਾਖੇ ਸੁੱਟਦੇ ਹਨ ਅਤੇ ਕਦੇ ਤਾਂ ਸਾਡੇ ਬੈੱਡਰੂਮਾਂ ’ਚ ਵੜ੍ਹ ਕੇ ਕੈਮਰੇ ਲਗਾ ਕੇ ਸਾਡੇ ’ਤੇ ਜਸੂਸੀ ਕਰਦੇ ਹਨ। ਸਾਡੀ ਇਨ੍ਹਾਂ ਤੋਂ ਜਾਨ ਛੁਡਾਓ ਤਾਂ ਜੋ ਅਸੀਂ ਤੁਹਾਨੂੰ ਇਨਸਾਫ਼ ਦੇ ਸਕੀਏ।
ਹੁਣ ਗੱਲ ਇਹ ਬਣੀ ਕਿ ਜਿੰਨਾਂ ਕੋਲ ਸਾਡੀ ਜ਼ਿੰਦਗੀ ਤੇ ਮੌਤ ਦਾ ਅਖ਼ਤਿਆਰ ਹੈ, ਉਹ ਆਪ ਝੋਲੀ ਚੁੱਕ ਕੇ ਇਨਸਾਫ਼ ਮੰਗਣ ਲਈ ਤੁਰ ਪਏ ਹਨ।
ਉਨ੍ਹਾਂ ਨੂੰ ਪਹਿਲਾਂ ਤਾਂ ਇਨਸਾਫ਼ ਉਸ ਤਰ੍ਹਾਂ ਦਾ ਹੀ ਮਿਲਿਆ ਜਿਸ ਤਰ੍ਹਾਂ ਦਾ ਬਾਕੀ ਮਾਤੜਾਂ ਨੂੰ ਮਿਲਦਾ ਹੈ। ਸਭ ਤੋਂ ਵੱਡੇ ਮਾਈਲੋਡ ਨੇ ਹਕੂਮਤ ਨਾਲ ਗੱਲ ਕੀਤੀ। ਹਕੂਮਤ ਨੇ ਇੱਕ ਸੇਵਾਮੁਕਤ ਬਜ਼ੁਰਗ ਜੱਜ ਦੀ ਡਿਊਟੀ ਲਗਾ ਦਿੱਤੀ ਕਿ ਤੁਸੀਂ ਇਨ੍ਹਾਂ ਦੀਆ ਸ਼ਿਕਾਇਤਾਂ ਸੁਣ ਲਓ।

ਤਸਵੀਰ ਸਰੋਤ, Getty Images
ਕਮਿਸ਼ਨਾਂ ਦੀ ਖੇਡ
ਹੁਣ ਜੇਕਰ ਇਹ ਜ਼ਿੰਦਗੀ-ਮੌਤ ਦੇ ਮਸਲੇ ਨਾ ਹੁੰਦੇ ਤਾਂ ਸਾਡਾ ਹਾਸਾ ਨਿਕਲ ਜਾਂਦਾ ਕਿਉਂਕਿ ਕਦੇ ਵੀ ਜੇਕਰ ਹਕੂਮਤ ਕਿਸੇ ਮਸਲੇ ’ਤੇ ਕਮਿਸ਼ਨ ਬਣਾਉਂਦੀ ਹੈ ਤਾਂ ਲੋਕ ਅਗਿਓਂ ਇਹੀ ਕਹਿੰਦੇ ਹਨ ਕਿ ਇਹ ਤਾਂ ਨਾ ਕਰਨ ਵਾਲੀਆਂ ਗੱਲਾਂ ਹੋਈਆਂ।
ਸਾਡੇ ਇੰਟੈਲੀਜੈਂਸ ਏਜੰਸੀ ਵਾਲੇ ਜਾਸੂਸ ਭਰਾਵਾਂ ’ਤੇ ਇਲਜ਼ਾਮ ਸੀ ਕਿ ਇਹ ਬਲੋਚ ਮੁੰਡੇ ਚੁੱਕ ਕੇ ਗਾਇਬ ਕਰ ਦਿੰਦੇ ਹਨ ਅਤੇ ਕਈ-ਕਈ ਸਾਲ ਗਾਇਬ ਹੀ ਰੱਖਦੇ ਹਨ। ਚੁੱਕਦੇ ਤਾਂ ਹੋਰਾਂ ਨੂੰ ਵੀ ਸਨ ਪਰ ਬਲੋਚ ਮੁੰਡੇ ਕੁਝ ਜ਼ਿਆਦਾ ਹੀ ਚੁੱਕੇ ਜਾ ਰਹੇ ਸਨ।
ਸ਼ਿਕਾਇਤਾਂ ਆਈਆਂ ਅਤੇ ਹਕੂਮਤ ਨੇ ਇੱਕ ਮਿਸਿੰਗ ਪਰਸਨ ਕਮਿਸ਼ਨ ਬਣਾ ਛੱਡਿਆ। ਇਸ ਕਮਿਸ਼ਨ ਨੇ ਗੁਆਚੇ ਕੀ ਲੱਭਣੇ ਸਨ, ਹਜ਼ਾਰਾਂ ਹੋਰ ਮੁੰਡੇ ਗਾਇਬ ਹੋ ਗਏ। ਕਮਿਸ਼ਨ ਅਜੇ ਤੱਕ ਕਾਇਮ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਇੱਕ ਹੁੰਦਾ ਸੀ ਓਸਾਮਾ ਬਿਨ ਲਾਦੇਨ। ਉਹ ਸ਼ਾਇਦ ਆਪਣੀ ਰਿਟਾਇਰਮੈਂਟ ਤੋਂ ਬਾਅਦ ਇੱਥੇ ਐਪਟਾਬਾਦ ’ਚ ਆਪਣੀਆਂ ਬੁੱਢੀਆਂ ਅਤੇ ਬੱਚਿਆਂ ਦੇ ਨਾਲ ਸੇਵਾ ਮੁਕਤ ਜ਼ਿੰਦਗੀ ਗੁਜ਼ਾਰ ਰਿਹਾ ਸੀ।
ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਅਮਰੀਕੀ ਰਾਤ ਦੇ ਹਨੇਰੇ ’ਚ ਆਏ, ਚੁੱਕ ਕੇ ਲੈ ਗਏ ਤੇ ਮਾਰ ਛੱਡਿਆ। ਸਾਡੀ ਕਾਫ਼ੀ ਬੇਇੱਜ਼ਤੀ ਹੋਈ। ਅਸੀਂ ਇੱਕ ਕਮਿਸ਼ਨ ਹੋਰ ਬਣਾ ਦਿੱਤਾ।
ਕਈ ਸਾਲ ਗੁਜ਼ਰ ਗਏ ਅਤੇ ਮੈਂ ਕਮਿਸ਼ਨ ਦੇ ਇੱਕ ਮੈਂਬਰ ਤੋਂ ਪੁੱਛਿਆ ਕਿ ਸਰ ਓਸਾਮਾ ਬਿਨ ਲਾਦੇਨ ਕਮਿਸ਼ਨ ਵਾਲੀ ਰਿਪੋਰਟ ਦਾ ਕੀ ਬਣਿਆ ਹੈ।
ਉਨ੍ਹਾਂ ਕਿਹਾ ਪੁੱਤਰਾਂ ਤੂੰ ਫਿਕਰ ਨਾ ਕਰ, "Our Osama commission report is as secret and as secure as our nuclear assets." (ਸਾਡੀ ਉਸਾਮਾ ਕਮਿਸ਼ਨ ਦੀ ਰਿਪੋਰਟ ਉਨੀਂ ਹੀ ਸੁਰੱਖਿਅਤ ਅਤੇ ਗੁਪਤ ਹੈ ਜਿੰਨੇ ਪ੍ਰਮਾਣੂ ਹਥਿਆਰ।)
ਜਿਸ ਬਜ਼ੁਰਗ ਜੱਜ ਦੀ ਡਿਊਟੀ ਲੱਗੀ ਸੀ , ਉਨ੍ਹਾਂ ਕਹਿ ਦਿੱਤਾ ਕਿ ਇਹ ਮੇਰੇ ਵੱਸ ਦਾ ਕੰਮ ਨਹੀਂ ਹੈ ਅਤੇ ਹੁਣ ਸੁਪਰੀਮ ਕੋਰਟ ਨੇ 7 ਜੱਜਾਂ ਦੀ ਡਿਊਟੀ ਲਗਾਈ ਹੈ ਕਿ ਤਾਂ ਜੋ ਉਹ ਬਾਕੀ ਜੱਜਾਂ ਨੂੰ ਇਨਸਾਫ਼ ਦਿਵਾਉਣ।

ਤਸਵੀਰ ਸਰੋਤ, Getty Images
ਜੱਜਾਂ ਦੀ ਜਸੂਸੀ ਕਰਨ ਵਾਲੇ
ਹੁਣ ਗੱਲ ਇਹ ਹੈ ਕਿ ਜੱਜ ਵੀ ਇੱਥੋਂ ਦੇ ਹਨ ਅਤੇ ਉਨ੍ਹਾਂ ਦੀ ਜਸੂਸੀ ਕਰਨ ਵਾਲੇ ਵੀ ਇੱਥੋਂ ਦੇ ਹੀ ਜੰਮਪਲ ਹਨ।
ਦੋਵੇਂ ਰਿਆਸਤ ਦੀਆਂ ਬਹੁਤ ਹੀ ਮਜ਼ਬੂਤ ਬਾਹਾਂ ਹਨ। ਜਸੂਸ ਭਰਾ ਵੀ ਆਪਣੀ ਡਿਊਟੀ ਕਰ ਰਹੇ ਹਨ। ਉਹ ਜਦੋਂ ਕਿਸੇ ਦੇ ਮਾਮੇ-ਚਾਚੇ ਨੂੰ ਗਾਇਬ ਕਰਦੇ ਹਨ, ਕਿਸੇ ਦੇ ਘਰ ਪਟਾਖੇ ਸੁੱਟਦੇ ਹਨ ਜਾਂ ਕਿਸੇ ਦੇ ਬੈੱਡਰੂਮ ’ਚ ਕੈਮਰੇ ਲਗਾ ਕੇ ਉਨ੍ਹਾਂ ਦੀ ਜਸੂਸੀ ਕਰਦੇ ਹਨ ਤਾਂ ਉਨ੍ਹਾਂ ਦਾ ਵੀ ਇਹ ਹੀ ਖ਼ਿਆਲ ਹੈ ਕਿ ਅਸੀਂ ਕੌਮ ਦੀ ਖਿਦਮਤ ਕਰ ਰਹੇ ਹਾਂ।
ਇੱਕ ਰਿਟਾਇਰਡ ਜਨਰਲ ਸਾਹਿਬ ਹੁੰਦੇ ਸਨ, ਉਨ੍ਹਾਂ ਨੇ ਫਰਮਾਇਆ ਕਿ ਇੱਕ ਤਾਂ ਅਸੀਂ ਬੰਦੇ ਨਹੀਂ ਚੁੱਕਦੇ ਹਾਂ, ਤੇ ਜੇਕਰ ਚੁੱਕਦੇ ਹੋਵਾਂਗੇ ਤਾਂ ਉਸ ਦੀ ਜ਼ਰੂਰ ਕੋਈ ਨਾ ਕੋਈ ਵਜ੍ਹਾ ਹੁੰਦੀ ਹੋਵੇਗੀ, ਅਸੀਂ ਤੁਹਾਨੂੰ ਦੱਸ ਤਾਂ ਨਹੀਂ ਸਕਦੇ। ਕਿਆ ਆਪਕੋ ਲੱਗਤਾ ਹੈ ਕਿ ਹਮ ਅਗਵਾ ਬਰਾਏ ਤਵਾਨ ਕਰਨੇ ਵਾਲੇ ਹੈਂ।
ਅਸੀਂ ਪਹਿਲਾਂ ਇਹ ਸਮਝਦੇ ਸੀ ਕਿ ਮੁਲਕ ’ਚ ਕੋਈ ਕੁਦਰਤ ਦਾ ਨਿਜ਼ਾਮ ਚੱਲ ਰਿਹਾ ਹੈ, ਪਰ ਹੁਣ ਸਮਝ ਆਈ ਹੈ ਕਿ ਇਹ ਨਿਜ਼ਾਮ ਜੱਜ ਦੇ ਬੈੱਡਰੂਮਾਂ ’ਚ ਕੈਮਰੇ ਲਗਾ ਕੇ ਅਤੇ ਉਨ੍ਹਾਂ ਦੇ ਟੋਟੇ ਬਣਾ ਕੇ ਚਲਾਇਆ ਜਾ ਰਿਹਾ ਹੈ।
ਜੱਜ ਅਤੇ ਜਾਸੂਸ ਸਾਡੀ ਰਿਆਸਤ ਦੀਆਂ ਦੋ ਬਾਹਾਂ ਹਨ। ਇਸ ਤਰ੍ਹਾਂ ਦੀਆਂ ਬਾਹਾਂ ਦੇ ਬਾਰੇ ’ਚ ਮੈਟਰਿਕ ’ਚ ਅੱਲਾ ਬਖ਼ਸ਼ੇ ਮਾਸਟਰ ਰਫ਼ੀਕ ਸਾਹਿਬ ਨੇ ਉਰਦੂ ਦਾ ਇੱਕ ਸ਼ੇਅਰ ਯਾਦ ਕਰਵਾਇਆ ਸੀ, ਜਿਹੜਾ ਹਰ ਤਕਰੀਰ ਤੋਂ ਪਹਿਲਾਂ ਅਸੀਂ ਪੜ੍ਹਦੇ ਸੀ, ਤੁਸੀਂ ਵੀ ਸੁਣ ਲਓ -
"ਨਾ ਖ਼ੰਜ਼ਰ ਉੱਠੇਗਾ ਨਾ ਤਲਵਾਰ ਇਨ ਸੇ,
ਯੇ ਬਾਜ਼ੂ ਮੇਰੇ ਅਜ਼ਮਾਏ ਹੁਏ ਹੈਂ॥"
ਬਚਪਨ ’ਚ ਮਾਂ ਨੇ ਵੀ ਦੱਸਿਆ ਸੀ ਕਿ ਜਿਹੜੀਆਂ ਬਾਹਾਂ ਟੁੱਟ ਜਾਂਦੀਆਂ ਹਨ ਉਹ ਮੁੜ ਆਪਣੇ ਹੀ ਗਲ਼ੇ ਨੂੰ ਆਉਂਦੀਆਂ ਹਨ। ਇਸ ਤੋਂ ਪੰਜਾਬੀ ਦਾ ਇੱਕ ਪੁਰਾਣਾ ਗਾਣਾ ਵੀ ਯਾਦ ਆ ਗਿਆ। ਹੋ ਸਕਦਾ ਹੈ ਕਿ ਸਾਡੇ ਮਾਈਲੋਡਾਂ ਨੇ ਅਤੇ ਸਾਡੇ ਜਾਸੂਸ ਭਰਾਵਾਂ ਨੇ ਵੀ ਬਚਪਨ ’ਚ ਸੁਣਿਆ ਹੋਵੇ।
ਉੱਠ ਵੇ ਮਨਾ ਤੇਨੂੰ ਨਾਚ ਨਚਾਵਾਂ,
ਪੈਰਾਂ ਵਿੱਚ ਜੰਜ਼ੀਰਾਂ ਪਾ ਕੇ,
ਹੱਥਾਂ ਨੂੰ ਹੱਥਕੜੀਆਂ ਲਗਾ ਕੇ,
ਗੱਲ ਵਿੱਚ ਟੁੱਟੀਆਂ ਬਾਹਾਂ ਪਾ ਕੇ,
ਉੱਠ ਵੇ ਮਨਾ ਤੇਨੂੰ ਨਾਚ ਨਚਾਵਾਂ॥
ਰੱਬ ਰਾਖਾ

ਤਸਵੀਰ ਸਰੋਤ, Getty Images
ਕੀ ਹੈ ਮਾਮਲਾ
ਪਾਕਿਸਤਾਨ ਵਿੱਚ ਜੱਜਾਂ ਵੱਲੋਂ ਲਿਖੇ ਪੱਤਰ ਤੋਂ ਬਾਅਦ ਇੱਕ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਕੀ ਖ਼ੁਫ਼ੀਆ ਏਜੰਸੀ ਏਐੱਸਆਈ ਪਾਕਿਸਤਾਨ ਵਿੱਚ ਨਿਆਂਇਕ ਮਾਮਲਿਆਂ ਵਿੱਚ ਦਖਲ ਦਿੰਦੀ ਹੈ?
ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ।
ਹਾਲ ਹੀ ਵਿੱਚ, ਪਾਕਿਸਤਾਨ ਵਿੱਚ ਨਿਆਂਪਾਲਿਕਾ ਵਿੱਚ ਆਈਐੱਸਆਈ ਦੀ ਦਖਲਅੰਦਾਜ਼ੀ ਦੇ ਇਲਜ਼ਾਮਾਂ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਵਿਰੋਧੀ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ।
ਹਾਈ ਕੋਰਟ ਦੇ ਛੇ ਜੱਜਾਂ ਨੇ ਇਸ ਸਬੰਧੀ ਪੱਤਰ ਲਿਖਿਆ ਸੀ। ਜੱਜਾਂ ਨੇ 25 ਮਾਰਚ ਨੂੰ ਸੱਤ ਪੰਨਿਆਂ ਦਾ ਪੱਤਰ ਲਿਖਿਆ ਸੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਜੱਜ ਦੇ ਰਿਸ਼ਤੇਦਾਰ ਨੂੰ ਕਿਸੇ ਅਜਿਹੇ ਵਿਅਕਤੀ ਨੇ ਅਗਵਾ ਕੀਤਾ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਆਈਐੱਸਆਈ ਲਈ ਕੰਮ ਕਰਦਾ ਹੈ।
ਇਕ ਹੋਰ ਜੱਜ ਨੇ ਕਿਹਾ ਕਿ ਉਸ ਨੂੰ ਆਪਣੇ ਲਿਵਿੰਗ ਰੂਮ ਅਤੇ ਬੈੱਡਰੂਮ ਵਿਚ ਗੁਪਤ ਕੈਮਰੇ ਮਿਲੇ ਹਨ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਿਛਲੇ ਸਾਲ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਕੇਸਾਂ ਦੀ ਪੈਰਵੀ ਕੀਤੇ ਜਾਣ ਵਾਲੇ ਹਮਲਾਵਰ ਤਰੀਕੇ ਕਾਰਨ ਜੱਜ ਨੂੰ ਤਣਾਅ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ।
ਅਦਾਲਤ ਦਾ ਇਹ ਫੈਸਲਾ ਸ਼ਨੀਵਾਰ ਨੂੰ ਸਰਕਾਰ ਦੇ ਉਸ ਕਦਮ ਤੋਂ ਬਾਅਦ ਆਇਆ ਹੈ ਜਦੋਂ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਤਸਾਦੁਕ ਹੁਸੈਨ ਜਿਲਾਨੀ ਦੀ ਪ੍ਰਧਾਨਗੀ 'ਚ ਇੱਕ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਇਸ ਕਮੇਟੀ ਦਾ ਕੰਮ ਜੱਜਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਕਰਨਾ ਅਤੇ 60 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨਾ ਹੈ।
ਹਾਲਾਂਕਿ ਜਿਲਾਨੀ ਨੇ ਇਸ ਕਮੇਟੀ ਦੀ ਪ੍ਰਧਾਨਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
















