'ਪੰਜਾਬ ਦੀ ਧਰਤੀ ਦੀਆਂ ਸੈਨਤਾਂ ਸੁਣੋ ਤੇ ਇਹਦੇ ਕਹਿਰ ਤੋਂ ਡਰੋਂ'- ਮੁਹੰਮਦ ਹਨੀਫ਼ ਦਾ ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਸੁਣਿਆ ਸੀ ਬਈ ਪੰਜਾਬ ਦੇ ਪਿੰਡ ਵਿੱਚ ਹਲ ਚਲਦੈ, ਤੇ ਜੋ ਉੱਗਦੈ ਉਹ ਪੂਰਾ ਹਿੰਦ-ਸਿੰਧ ਖਾਂਦੈ। ਸਾਡੇ ਕਸ਼ਮੀਰੀ ਤੇ ਬੰਗਾਲੀ ਭਰਾਵਾਂ ਦਾ ਢਿੱਡ ਚੌਲ਼ਾਂ ਤੋਂ ਬਗੈਰ ਨਹੀਂ ਭਰਦਾ। ਇਸ ਤਰ੍ਹਾਂ ਪੰਜਾਬੀ ਦਾ ਗੁਜ਼ਾਰਾ ਰੋਟੀ ਤੋਂ ਬਗੈਰ ਨਹੀਂ ਹੋ ਸਕਦਾ।
ਇਸ ਪੰਜਾਂ ਦਰਿਆਵਾਂ ਦੀ ਧਰਤੀ ਦਾ ਇੱਕੋ ਫ਼ਾਇਦਾ ਸੀ ਵੀ ਕਿਸੇ ਨੂੰ ਗੋਸ਼ਤ ਲੱਭੇ ਨਾ ਲੱਭੇ, ਟਮਾਟਰ ਪਿਆਜ਼ ਮਹਿੰਗੇ ਸਸਤੇ ਹੁੰਦੇ ਰਹਿਣ ਪਰ ਰੋਟੀ ਮਿਲ ਗਈ ਤੇ ਢਿੱਡ ਭਰ ਗਿਆ।
ਮੇਰੇ ਕਈ ਸਿੰਧੀ ਤੇ ਬਲੋਚ ਯਾਰ ਮੈਨੂੰ ਮਹਿਣਾ ਮਾਰਦੇ ਸਨ ਬਈ ਤੁਹਾਨੂੰ ਪੰਜਾਬੀਆਂ ਨੂੰ ਬਸ ਰੱਜ ਖਾਣ ਦੀਆਂ ਮਸਤੀਆਂ ਹਨ। ਗੱਲ ਵੀ ਠੀਕ ਸੀ। ਸਾਨੂੰ ਹੋਰ ਕੁਝ ਮਿਲੇ ਨਾ ਮਿਲੇ ਦੋ ਰੋਟੀਆਂ ਤਾਂ ਮਿਲ ਈ ਜਾਂਦੀਆਂ ਸਨ। ਭਾਵੇਂ ਲੂਣ ਮਿਰਚ ਨਾ ਖਾ ਲਓ ਢਿੱਡ ਭਰ ਜਾਂਦਾ ਸੀ। ਪੰਜਾਬੀਆਂ ਨੇ ਹੋਰ ਕੁਝ ਕੀਤਾ ਹੋਵੇ ਨਾ ਹੋਵੇ ਰੋਟੀਆਂ ਖਾਂਦੇ ਰਹੇ ਹਨ। ਰੋਟੀਆਂ ਖਵਾਉਂਦੇ ਵੀ ਰਹੇ ਹਨ।
ਜਦੋਂ ਪੰਜਾਬ ਵਿੱਚ ਕਣਕ ਦੀ ਵਾਢੀ ਹੁੰਦੀ ਸੀ ਤਾਂ ਮਾੜੇ ਤੋਂ ਮਾੜਾ ਬੰਦਾ ਵੀ ਪੂਰੇ ਸਾਲ ਦੇ ਦਾਣੇ ਇਕੱਠੇ ਕਰ ਲੈਂਦਾ ਸੀ। ਪਿੰਡਾਂ ਦੇ ਕਾਰੀਗਰ, ਘੁਮਿਆਰ, ਲੁਹਾਰ, ਨਾਈ, ਜੁਲਾਹੇ ਭਾਵੇਂ ਸਾਰਾ ਸਾਲ ਚੌਧਰੀਆਂ ਦੀਆਂ ਜੁੱਤੀਆਂ ਖਾਂਦੇ ਰਹਿਣ ਕਣਕ ਵੱਢੀ ਜਾਵੇ ਤਾਂ ਉਨ੍ਹਾਂ ਨੂੰ ਪੂਰਾ ਹਿੱਸਾ ਮਿਲਦਾ ਸੀ। ਮਸੀਤ ਦੇ ਮੌਲਵੀ ਸਾਬ੍ਹ ਵੀ ਆਪਣਾ ਹਿੱਸਾ ਪੂਰਾ ਲੈ ਲੈਂਦੇ ਸਨ।
ਤੇ ਹੁਣ ਇਸੇ ਪੰਜਾਬ ਵਿੱਚ ਆਟੇ ਦਾ ਕਾਲ ਜਿਹਾ ਪਿਆ ਹੈ। ਚੰਗੇ ਭਲੇ ਸਫੇਦ-ਪੋਸ਼ ਲੋਕ ਚਾਰ ਆਨੇ ਸਸਤਾ ਆਟਾ ਲੈਣ ਲਈ ਧੱਕੇ ਖਾਂਦੇ ਫਿਰਦੇ ਹਨ।
ਠੀਕ ਐ, ਮਹਿੰਗਾਈ ਬਹੁਤ ਹੋ ਗਈ ਹੈ। ਸਿਆਣੇ ਰੋਜ਼ ਦੱਸਦੇ ਨੇ ਬਈ ਮੁਲਕ ਵਿੱਚ ਹੰਗਾਮਾ ਹੋ ਰਿਹਾ ਹੈ। ਨਜ਼ਰ ਵੀ ਆਉਂਦਾ ਹੈ। ਧੰਦੇ ਸਾਰਿਆਂ ਦੇ ਮੰਦੇ ਹਨ।
ਪੰਜਾਬ ਤਾਂ ਦੋ ਰੋਟੀਆਂ 'ਤੇ ਹੀ ਚਲਦਾ ਸੀ
ਮੇਰੇ ਆਪਣੇ ਬੇਲੀ ਜਿਹੜੇ ਸੌਖੇ ਸਨ, ਜਿਨ੍ਹਾਂ ਕੋਲ ਦੋ ਗੱਡੀਆਂ ਸਨ ਉਹ ਇੱਕ ਗੱਡੀ ’ਤੇ ਆ ਗਏ ਹਨ। ਜਿਸ ਦੇ ਕੋਲ ਇੱਕ ਸੀ ਉਨ੍ਹਾਂ ਖਲ੍ਹਾ ਛੱਡੀ ਹੈ ਤੇ ਮੋਟਰ ਸਾਈਕਲ ਫੜ ਲਈ ਹੈ।
ਜਿਹੜੇ ਪਹਿਲਾਂ ਹੀ ਮੋਟਰ ਸਾਈਕਲਾਂ 'ਤੇ ਸਨ ਉਹ ਸੜਕ ਦੇ ਕੰਡੇ 'ਤੇ ਮੋਟਰਸਾਈਕਲ ਲੰਮੀ ਪਾ ਕੇ ਇਸ ਉਡੀਕ ਵਿਚ ਨੇ ਵੀ ਟੈਂਕੀ 'ਚੋਂ ਦੋ-ਚਾਰ ਕਤਰੇ ਪੈਟਰੋਲ ਡਿਗੇ ਤੇ ਉਹ ਅੱਗੇ ਤੁਰਨ।
ਮੋਟਰਸਾਈਕਲ ਵਾਲਿਆਂ ਲਈ ਮੇਰੇ ਦਿਲ ਵਿੱਚ ਪੀੜ ਇਸ ਲਈ ਵੀ ਜ਼ਿਆਦਾ ਹੈ ਕਿ ਮੈਂ ਆਪ ਵੀ ਸਾਰੀ ਜਵਾਨੀ ਮੋਟਰਸਾਈਕਲ 'ਤੇ ਹੀ ਲੰਘਾਈ ਹੈ।
ਜਿਨ੍ਹਾਂ ਦੇ ਬੱਚੇ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਸਨ, ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪਾ ਦਿੱਤੇ। ਬਾਕੀਆਂ ਨੇ ਆਪਣੇ ਬੱਚਿਆਂ ਨੂੰ ਮਦਰੱਸੇ ਆਲਮ ਦੇ ਛੱਡਿਆ।
ਲੇਕਿਨ ਅਸਲ ਰੌਲਾ ਤਾਂ ਉਨ੍ਹਾਂ ਦਾ ਹੈ ਜਿਨ੍ਹਾਂ ਕੋਲ ਨਾ ਗੱਡੀ, ਨਾ ਮੋਟਰਸਾਈਕਲ, ਨਾ ਕਦੀ ਉਨ੍ਹਾਂ ਦੇ ਬੱਚਿਆਂ ਨੇ ਸਕੂਲੀ ਪੈਰ ਪਾਇਆ। ਉਨ੍ਹਾਂ ਦਾ ਪੰਜਾਬ ਤਾਂ ਦੋ ਰੋਟੀਆਂ 'ਤੇ ਹੀ ਚਲਦਾ ਸੀ।
ਰਾਤ ਨੂੰ ਖਾ ਲਈਆਂ ਤੇ ਰੱਬ ਦਾ ਸ਼ੁਕਰ ਕਰਕੇ ਸੌਂ ਗਏ ਇਸ ਆਸਰੇ 'ਤੇ ਵੀ ਜਿਨ੍ਹੇ ਅੱਜ ਦਿੱਤੀ ਏ ਉਹ ਕੱਲ੍ਹ ਵੀ ਜ਼ਰੂਰ ਦੇਵੇਗਾ।

ਤਸਵੀਰ ਸਰੋਤ, Getty Images
ਗਰੀਬ ਦਾ ਤਾਂ ਸਭ ਤੋਂ ਵੱਡਾ ਨਸ਼ਾ ਹੀ ਰੋਟੀ ਏ। ਹੁਣ ਨਸ਼ਈ ਕੋਲ਼ੋਂ ਉਹਦਾ ਨਸ਼ਾ ਖੋਹ ਲਓਗੇ ਤਾਂ ਉਹ ਘਰ ਦੇ ਭਾਂਡੇ ਹੀ ਵੇਚੇਗਾ। ਤੇ ਗਰੀਬਾਂ ਦੇ ਭਾਂਡੇ ਪਹਿਲਾਂ ਹੀ ਵਿਕ ਗਏ ਹਨ। ਉਹ ਹੁਣ ਕਿਸ ਦਾ ਸਿਰ ਪਾੜਨ? ਜਾਂ ਫਿਰ ਆਪਣਾ ਹੀ ਪਾੜ ਲੈਣ।
ਇੱਕ ਪਾਸੇ ਵੇਖੋ ਤੇ ਪੰਜਾਬ ਵਿੱਚ ਰੱਜ ਖਾਣ ਦੀਆਂ ਮਸਤੀਆਂ ਅੱਜ ਵੀ ਹਨ। ਗੌਲਫ਼ ਕੋਰਸ, ਹਾਊਸਿੰਗ ਸੁਸਾਇਟੀਆਂ ਨੇ, ਲਸ਼ਪਸ਼ ਗੱਡੀਆਂ ਨੇ, ਸ਼ਾਦੀ-ਵਿਆਹ 'ਤੇ 10-20 ਡਿਸ਼ਾਂ ਤੇ ਸਜ ਹੀ ਜਾਂਦੀਆਂ ਹਨ ਤੇ ਨਾਲ ਹੀ ਅਸੀਂ ਖ਼ਲਕਤ ਨੂੰ ਆਟੇ ਦੀਆਂ ਲਾਈਨਾਂ ਵਿੱਚ ਇੰਝ ਲਾਇਆ ਹੈ ਕਿ ਉਨ੍ਹਾਂ ਦਾ ਜੁਰਮ ਸਿਰਫ਼ ਇਹ ਹੈ ਕਿ ਉਨ੍ਹਾਂ ਨੂੰ ਵੀ ਤੁਹਾਡੇ ਤੇ ਮੇਰੇ ਤਰ੍ਹਾਂ ਨਾਲ ਢਿੱਡ ਲੱਗਾ ਹੈ।
ਅੰਮ੍ਰਿਤਾ ਪ੍ਰੀਤਮ ਦੇ ਜ਼ਮਾਨੇ ਵਿੱਚ ਪੰਜਾਬ ਦੇ ਬੇਲਿਆਂ ਵਿੱਚ ਲਾਸ਼ਾਂ ਵਿਛੀਆਂ ਸਨ। ਹੁਣ ਇਨ੍ਹਾਂ ਹੀ ਬੇਲਿਆਂ ਵਿੱਚੋਂ ਸਾਨੂੰ ਭੁੱਖਾਂ ਸੈਨਤਾਂ ਪਈਆਂ ਮਾਰੀਆਂ ਹਨ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ, ਦਰਿਆ ਅਸੀਂ ਸੁਕਾ ਛੱਡੇ ਨੇ ਜਾਂ ਵੇਚ ਵੱਟ ਕੇ ਖਾ ਗਏ ਹਾਂ। ਹੁਣ ਜਿਹੜੀ ਧਰਤੀ ਬਚੀ ਏ ਉਹਦੀਆਂ ਸੈਨਤਾਂ ਸੁਣੋ, ਓਹਦੇ ਕਹਿਰ ਤੋਂ ਡਰੋ।
ਰੱਬ ਰਾਖਾ।













