ਬਠਿੰਡਾ: ਇੱਕ ਪਿੰਡ ਜੋ 25 ਜੂਨ ਤੋਂ ਬਾਅਦ ਝੋਨਾ ਲਾਉਣ ’ਤੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ ਪ੍ਰਤੀ ਏਕੜ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
“ਜੇ ਬਿਜਲੀ ਅਤੇ ਪਾਣੀ ਦੀ ਬੱਚਤ ਹੋਵੇਗੀ, ਤਾਂ ਹੀ ਕਿਸਾਨ ਬਚ ਸਕਣਗੇ" ਇਹ ਸ਼ਬਦ ਹਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲਾਂ ਦੇ ਕਿਸਾਨ ਗੁਰਜੰਟ ਸਿੰਘ ਦੇ।
ਗੁਰਜੰਟ ਸਿੰਘ ਪਿੰਡ ਵਿੱਚ 35 ਏਕੜ ਦੀ ਖੇਤੀ ਕਰਦੇ ਹਨ।
ਪਿੰਡ ਬੱਲੋਂ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ 25 ਜੂਨ ਤੋਂ ਬਾਅਦ ਝੋਨੇ ਦੀ ਫ਼ਸਲ ਬੀਜਣ ਵਾਲੇ ਹਰੇਕ ਕਿਸਾਨ ਨੂੰ 500 ਰੁਪਏ ਪ੍ਰਤੀ ਏਕੜ ਭੱਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਪਾਣੀ ਅਤੇ ਬਿਜਲੀ ਦੀ ਬੱਚਤ ਹੋ ਸਕੇ।
ਪਿੰਡ ਬੱਲੋਂ ਫਰਵਰੀ ਵਿੱਚ ਉਸ ਸਮੇਂ ਸੁਰਖੀਆਂ ̛ਚ ਆਇਆ ਸੀ ਜਦੋਂ ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਦੀ ਕਥਿਤ ਤੌਰ 'ਤੇ ਪੰਜਾਬ ਦੇ ਖਨੌਰੀ ਸਰਹੱਦ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਪੰਜਾਬ ਵਿੱਚ ਮੁਕਤਸਰ, ਫਰੀਦਕੋਟ, ਮਾਨਸਾ, ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਮੇਤ ਛੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਦੀ ਅਧਿਕਾਰਤ ਸ਼ੁਰੂਆਤ 11 ਜੂਨ ਹੋ ਗਈ ਹੈ ਜਦਕਿ ਬਾਕੀ ਰਹਿੰਦੇ 17 ਜ਼ਿਲ੍ਹਿਆਂ ਵਿੱਚ 15 ਜੂਨ ਨੂੰ ਬਿਜਾਈ ਸ਼ੁਰੂ ਹੋ ਜਾਵੇਗੀ।

ਪੰਜਾਬ ਵਿੱਚ 30 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਝੋਨੇ ਦੀ ਬਿਜਾਈ ਹੁੰਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।
ਗੁਰਦੀਪ ਸਿੰਘ ਨੇ ਦੱਸਦੇ ਹਨ ਕਿ “ਅਸੀਂ ਕਮੇਟੀ ਦੇ ਐਲਾਨ ਅਨੁਸਾਰ ਕੰਮ ਕਰਾਂਗੇ ਕਿਉਂਕਿ ਉਹ ਪਾਣੀ ਅਤੇ ਬਿਜਲੀ ਬਚਾਉਣਾ ਚਾਹੁੰਦੇ ਹਨ।”
“ਪਹਿਲਾਂ ਵੀ ਅਸੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਸਨ ਤੇ ਕਮੇਟੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਵੀ ਦਿੱਤਾ ਸੀ।”
ਗੁਰਦੀਪ ਸਿੰਘ ਕਿਹਾ, "ਸਾਡੀ ਕਮੇਟੀ ਨੇ ਉਨ੍ਹਾਂ ਕਿਸਾਨਾਂ ਨੂੰ ਡੀਜ਼ਲ ਮੁਹੱਈਆ ਕਰਵਾਇਆ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਇ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ।"

ਕਮੇਟੀ ਦਾ ਕੀ ਕਹਿਣਾ ਹੈ?
ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਮੁੱਖ ਸਲਾਹਕਾਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸੰਸਥਾ ਦੀ ਸਥਾਪਨਾ ਕਰੀਬ 15 ਸਾਲ ਪਹਿਲਾਂ ਪਿੰਡ ਦੇ ਉਦਯੋਗਪਤੀ ਗੁਰਮੀਤ ਸਿੰਘ ਮਾਨ ਵਲੋਂ ਕੀਤੀ ਗਈ ਸੀ।
ਭੁਪਿੰਦਰ ਸਿੰਘ ਕਹਿੰਦੇ ਹਨ, "ਸਾਡੀ ਮੁੱਖ ਤਰਜ਼ੀਹ ਸਿੱਖਿਆ ਅਤੇ ਸਿਹਤ ਹਨ।"
ਭੁਪਿੰਦਰ ਸਿੰਘ ਦੱਸਦੇ ਹਨ ਕਿ, “ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਦੀ ਬਿਜਾਈ 11 ਜੂਨ ਨੂੰ ਸ਼ੁਰੂ ਹੁੰਦੀ ਹੈ, ਪਰ ਅਸੀਂ ਧਰਤੀ ਹੇਠਲੇ ਪਾਣੀ, ਬਿਜਲੀ ਅਤੇ ਮਿੱਟੀ ਨੂੰ ਬਚਾਉਣ ਲਈ ਆਪਣੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਹੈ ਕਿ ਜਿਹੜਾ ਵੀ ਕਿਸਾਨ 25 ਜੂਨ ਤੋਂ ਬਾਅਦ ਆਪਣੀ ਪੂਰੀ ਝੋਨੇ ਦੀ ਫ਼ਸਲ ਬੀਜਦਾ ਹੈ, ਉਸ ਨੂੰ 500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।”
ਅਖੀਰ 25 ਜੂਨ ਨੂੰ ਕਿਉਂ ਚੁਣਿਆ, ਭੁਪਿੰਦਰ ਸਿੰਘ ਨੇ ਦੱਸਿਆ ਕਿ 25 ਜੂਨ ਦੇ ਆਸ-ਪਾਸ ਮੌਨਸੂਨ ਆਉਣ ਦੀ ਸੰਭਾਵਨਾ ਹੈ, ਇਸ ਲਈ ਇੱਕ ਵਾਰ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਇਹ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਤੇ ਜ਼ਮੀਨੀ ਪਾਣੀ ਵੀ ਬਚ ਜਾਂਦਾ ਹੈ।

ਕਿਸਾਨਾਂ ਦੇ ਹੁੰਗਾਰੇ ਬਾਰੇ ਭੁਪਿੰਦਰ ਸਿੰਘ ਦਾ ਕਹਿਣਾ ਹੈ, “ਸਾਨੂੰ ਕਿਸਾਨਾਂ ਤੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ, ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਭਰੋਸਾ ਦਵਾਇਆ ਕਿ ਉਹ 25 ਜੂਨ ਤੋਂ ਬਾਅਦ ਝੋਨੇ ਦੀ ਫ਼ਸਲ ਦੀ ਬਿਜਾਈ ਕਰਨਗੇ।”
ਉਨ੍ਹਾਂ ਅੱਗੇ ਕਿਹਾ ਕਿ, “ਸਾਡਾ ਉਦੇਸ਼ ਪਾਣੀ ਵਰਗੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।”
“ਅਸੀਂ ਕਿਸਾਨਾਂ ਨੂੰ ਸੂਚਿਤ ਕਰਨ ਲਈ ਗੁਰਦਵਾਰਾ ਸਾਹਿਬ ਤੋਂ ਬੇਨਤੀ ਕੀਤੀ ਹੈ ਅਤੇ ਸਾਡੀ ਟੀਮ 25 ਜੂਨ ਤੋਂ ਬਾਅਦ ਝੋਨਾ ਬੀਜਣ ਵਾਲੇ ਕਿਸਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਨਾਮ ਦੇਵੇਗੀ।”
ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਦਾ ਕਹਿਣਾ ਹੈ, “ਅਸੀਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਤੋਂ ਸ਼ੁਰੂ ਕੀਤਾ ਸੀ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 8 ਲੱਖ ਰੁਪਏ ਦਿੱਤੇ ਸਨ। ਪਿਛਲੇ ਸਾਲ ਅਸੀਂ ਬੈਲਿੰਗ ਮਸ਼ੀਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਸਨ।"
ਉਹ ਅੱਗੇ ਦੱਸਦੇ ਹਨ, “ਅਸੀਂ ਕਿਸਾਨਾਂ ਲਈ ਪਾਣੀ ਅਤੇ ਮਿੱਟੀ ਪਰਖ ਕਰਨ ਵਾਲੀਆਂ ਮਸ਼ੀਨਾਂ ਵੀ ਲਿਆਂਦੀਆਂ ਹਨ ਤਾਂ ਜੋ ਉਹ ਆਪਣੀ ਮਿੱਟੀ ਦੀ ਤੱਤਾਂ ਬਾਰੇ ਨੂੰ ਜਾਣ ਸਕਣ ਅਤੇ ਉਸ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣ ਜਿਸ ਨਾਲ ਉਨ੍ਹਾਂ ਦਾ ਖਰਚਾ ਘਟੇਗਾ। ਇਸੇ ਤਰ੍ਹਾਂ ਕਿਸਾਨ ਇਹ ਵੀ ਜਾਂਚ ਕਰ ਸਕਦੇ ਹਨ ਕਿ ਉਨ੍ਹਾਂ ਦਾ ਪਾਣੀ ਖੇਤੀ ਲਈ ਠੀਕ ਹੈ ਜਾਂ ਨਹੀਂ।”

ਜਦੋਂ ਪਾਣੀ ਮੁੱਕ ਜਾਵੇਗਾ, ਫਿਰ ਝੱਕਾਂਗੇ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋਂ ਦੇ ਇੱਕ ਹੋਰ ਕਿਸਾਨ ਗੁਰਦੀਪ ਸਿੰਘ ਜੋ ਕਿ 15 ਏਕੜ ਖੇਤੀ ਕਰਦੇ ਹਨ।
ਗੁਰਦੀਪ ਸਿੰਘ ਦੱਸਦੇ ਹਨ, “ਜੇ ਪਾਣੀ ਖਤਮ ਹੋ ਗਿਆ ਤਾਂ ਅਸੀਂ ਦੇਖਾਂਗੇ ਇਸ ਲਈ ਅਸੀਂ ਪਾਣੀ ਦੀ ਬੱਚਤ ਲਈ 25 ਜੂਨ ਤੋਂ ਬਾਅਦ ਝੋਨੇ ਦੀ ਬਿਜਾਈ ਕਰਨਗੇ।”
“ਸੁਸਾਇਟੀ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ, ਗੁਰਦੀਪ ਸਿੰਘ ਨੇ ਕਿਹਾ, "ਅਸੀਂ ਇਸ ਉਪਰਾਲੇ ਤੋਂ ਖੁਸ਼ ਹਾਂ ਕਿਉਂਕਿ ਇਸ ਨਾਲ ਬਹੁਤ ਸਾਰੇ ਪਾਣੀ ਦੀ ਬਚਤ ਹੋਵੇਗੀ।"
25 ਏਕੜ ਦੀ ਖੇਤੀ ਕਰਨ ਵਾਲੇ ਬੂਟਾ ਸਿੰਘ ਕਹਿੰਦੇ ਹਨ ਕਿ, “ਅਸੀਂ ਮੰਗਲਵਾਰ ਸਵੇਰੇ ਸੁਸਾਇਟੀ ਦੇ ਐਲਾਨ ਸੁਣਿਆ ਸੀ। ਸੁਸਾਇਟੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡਾ ਮੁੱਖ ਟੀਚਾ ਪਾਣੀ ਬਚਾਉਣਾ ਹੈ।”
“ਜੇਕਰ ਅਸੀਂ 25 ਜੂਨ ਤੋਂ ਬਾਅਦ ਝੋਨਾ ਬੀਜਦੇ ਹਾਂ, ਤਾਂ ਇਸ ਦਾ ਫ਼ਸਲ ਦੇ ਝਾੜ 'ਤੇ ਸ਼ਾਇਦ ਹੀ ਕੋਈ ਅਸਰ ਪਵੇਗਾ।"
ਬੂਟਾ ਸਿੰਘ ਅੱਗੇ ਕਹਿੰਦੇ ਹਨ, “ਭੂਮੀਗਤ ਪਾਣੀ ਦਾ ਪੱਧਰ ਘੱਟ ਰਿਹਾ ਹੈ, ਅਤੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇੱਥੇ ਪੈਸਾ ਮਾਇਨੇ ਨਹੀਂ ਰੱਖਦਾ; ਜਾਗਰੂਕਤਾ ਪੈਦਾ ਕਰਨਾ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਮਹੱਤਵਪੂਰਨ ਹੈ।"

ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ
ਸਾਲ 2022 ਦੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਝੋਨੇ ਦੀ ਨਵੀਨਤਾਕਾਰੀ ਸਿੱਧੀ ਬਿਜਾਈ (ਡੀਐੱਸਆਰ) ਤਕਨੀਕ ਦੀ ਵਰਤੋਂ ਕਰਕੇ ਝੋਨਾ ਬੀਜਣ ਲਈ ਕਿਸਾਨਾਂ ਲਈ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਨੂੰ ਪ੍ਰਵਾਨਗੀ ਦਿੱਤੀ।
ਇਹ ਵਿਧੀ ਧਰਤੀ ਹੇਠਲੇ ਪਾਣੀ ਨੂੰ ਬਚਾਉਂਦੀ ਹੈ। ਇਸ ਘੱਟ ਪਾਣੀ ਦੀ ਖਪਤ ਵਾਲੀ ਅਤੇ ਲਾਗਤ-ਪ੍ਰਭਾਵਸ਼ਾਲੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਲਈ 450 ਕਰੋੜ ਰੁਪਏ ਰੱਖੇ ਗਏ ਹਨ।
ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਕਰਮਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਬੱਲੋਂ ਪਿੰਡ ਸੁਸਾਇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਕਿਉਂਕਿ ਝੋਨੇ ਦੀਆਂ ਅਜਿਹੀਆਂ ਕਿਸਮਾਂ ਹਨ ਜੋ 15 ਜੁਲਾਈ ਤੱਕ ਬੀਜੀਆਂ ਜਾ ਸਕਦੀਆਂ ਹਨ ਅਤੇ ਫਿਰ ਵੀ ਪੂਰਾ ਝਾੜ ਦਿੰਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਹਰ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦਿੰਦੀ ਹੈ, ਬਠਿੰਡਾ ਦੇ ਬਹੁਤ ਸਾਰੇ ਕਿਸਾਨ ਪਹਿਲਾਂ ਹੀ ਇਸ ਲਈ ਅਪਲਾਈ ਕਰ ਚੁੱਕੇ ਹਨ। ਇੱਕ ਵਾਰ ਤਸਦੀਕ ਹੋਣ ਤੋਂ ਬਾਅਦ, ਉਨ੍ਹਾਂ ਨੂੰ ਮੁਆਵਜ਼ਾ ਮਿਲੇਗਾ।












