ਪੰਜਾਬ: '30 ਲੱਖ ਲਾ ਕੇ ਪੁੱਤ ਕੈਨੇਡਾ ਭੇਜਿਆ ਸੀ, ਪਰ ਚੌਥੇ ਦਿਨ ਮੌਤ ਹੋ ਗਈ'- ਪੁੱਤ ਵੀ ਗਿਆ ਤੇ ਕਰਜ਼ਈ ਵੀ ਹੋ ਗਏ - ਗਰਾਊਂਡ ਰਿਪੋਰਟ

ਸੀਮਾ ਗਿੱਲ
ਤਸਵੀਰ ਕੈਪਸ਼ਨ, ਸੀਮਾ ਗਿੱਲ ਦਾ ਪੁੱਤ ਗਗਨਦੀਪ ਕੈਨੇਡਾ ਗਿਆ ਸੀ ਪਰ ਤਿੰਨ ਬਾਅਦ ਹੀ ਉਸ ਦਾ ਦੇਹਾਂਤ ਹੋ ਗਿਆ

ਪੰਜਾਬ ਵਿੱਚੋਂ ਹਰ ਸਾਲ ਵੱਡੀ ਗਿਣਤੀ ਲੋਕ ਰੁਜ਼ਗਾਰ ਜਾਂ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਪਰਦੇਸਾਂ ਦਾ ਰੁਖ਼ ਕਰਦੇ ਹਨ। ਪਿੰਡਾਂ ਵਿੱਚ ਵੱਡੇ-ਵੱਡੇ ਘਰਾਂ ਨੂੰ ਜਿੰਦਰੇ ਲੱਗੇ ਨਜ਼ਰ ਆਉਂਦੇ ਹਨ।

ਪਰਦੇਸ ਜਾਣ ਦੀ ਇੱਛਾ ਇੰਨੀ ਤੀਬਰ ਹੈ ਕਿ ਜੇ ਕਾਨੂੰਨੀ ਤਰੀਕਿਆਂ ਨਾਲ ਨਾ ਜਾਇਆ ਜਾ ਸਕੇ ਤਾਂ ਕਈ ਮਾਮਲਿਆਂ ਵਿੱਚ ਏਜੰਟਾਂ ਜ਼ਰੀਏ ਗੈਰ-ਕਾਨੂੰਨੀ ਤਰੀਕੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਇਸ ਸਭ ਵਿੱਚ ਏਜੰਟ ਲੱਖਾਂ ਰੁਪਇਆਂ ਦੀ ਮੰਗ ਕਰਦੇ ਹਨ ਅਤੇ ਕਈ ਵਾਰ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਮੁਨਕਰ ਹੋ ਜਾਂਦੇ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵੱਲੋਂ ਸੂਬੇ ਵਿੱਚ ਪਰਵਾਸ ਦੇ ਮੁੱਦੇ 'ਤੇ ਇੱਕ ਅਧਿਐਨ ਕੀਤਾ ਗਿਆ, ਜਿਸ ਵਿੱਚ ਵਿੱਚ ਸਾਹਮਣੇ ਆਇਆ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਕਾਰਨ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੀਮਾ ਗਿੱਲ ਜਲੰਧਰ ਜ਼ਿਲ੍ਹੇ ਦੇ ਪਿੰਡ ਨੌਲ਼ੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪੁੱਤ ਗਗਨਦੀਪ ਵੀ ਬਿਹਤਰ ਭਵਿੱਖ ਦੀ ਆਸ ਵਿੱਚ ਕੈਨੇਡਾ ਗਿਆ ਸੀ। ਪਿਛਲੇ ਸਾਲ ਕੈਨੇਡਾ ਜਾਣ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ।

ਚੁੰਨੀ ਨਾਲ ਆਪਣੇ ਅੱਥਰੂ ਸਾਫ਼ ਕਰਦਿਆਂ ਸੀਮਾ ਗਿੱਲ ਕਹਿੰਦੇ ਹਨ ਕਿ “ਜੇ ਮੈਨੂੰ ਪਤਾ ਹੁੰਦਾ ਪੁੱਤਰ ਨੇ, ਕੈਨੇਡਾ ਤੋਂ ਕਦੇ ਵੀ ਮੁੜਨਾ ਨਹੀਂ ਤਾਂ ਮੈ ਉਸ ਨੂੰ ਉੱਥੇ ਨਾ ਭੇਜਦੀ।ਉਹ ਤਿੰਨ ਰਾਤਾਂ ਉੱਥੇ ਰਿਹਾ ਚੌਥੀ ਰਾਤ ਨਹੀਂ ਆਈ ਮੇਰੇ ਪੁੱਤ ਨੂੰ“

ਪਿੰਡ ਦੀ ਪ੍ਰਮੁੱਖ ਸੜਕ ਉੱਤੇ ਸੀਮਾ ਗਿੱਲ ਦੇ ਪਰਿਵਾਰ ਦੀ ਕੋਠੀ ਹੈ। ਸੀਮਾ ਦੇ ਪਤੀ ਮੋਹਨ ਸਿੰਘ ਵੀ ਇਸ ਮਹਿਲਨੁਮਾ ਘਰ ਵਿੱਚ ਉਦਾਸ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਧੀ ਹਿਨਾ ਆਸਟ੍ਰੇਲੀਆ ਵਿੱਚ ਹੈ ਅਤੇ ਪੁੱਤਰ ਗਗਨਦੀਪ ਸਿੰਘ ਵਿਆਹ ਕਰਵਾ ਕੇ ਸਤੰਬਰ 2023 ਵਿੱਚ ਕੈਨੇਡਾ ਗਿਆ ਸੀ।

ਸੀਮਾ ਦੱਸਦੇ ਹਨ ਕਿ ਘਰ ਦੀਆਂ ਰੌਣਕਾਂ ਤਾਂ ਹੁਣ ਖ਼ਤਮ ਹੋ ਗਈਆਂ ਹਨ।

“ਫ਼ਿਲਹਾਲ ਦਾ ਪੁੱਤ ਦੀਆਂ ਤਸਵੀਰਾਂ ਅਤੇ ਯਾਦਾਂ ਹੀ ਸਾਡੇ ਕੋਲ ਰਹਿ ਗਈਆਂ ਹਨ।”

ਗਗਨਦੀਪ
ਤਸਵੀਰ ਕੈਪਸ਼ਨ, ਗਗਨਦੀਪ ਵਿਆਹ ਕਰਵਾਕੇ ਕੈਨੇਡਾ ਗਏ ਸਨ

ਪਰਦੇਸ ਜਾਣ ਦਾ ਰੁਝਾਨ

ਖ਼ਾਲੀ ਪਏ ਘਰ ਦੇ ਇੱਕ ਕੋਨੇ ਵਿੱਚ ਬੈਠੇ ਸੀਮਾ, ਗਗਨਦੀਪ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਉਸ ਨੇ ਬਾਹਰਵੀਂ ਪਾਸ ਕਰ ਕੇ ਚੰਡੀਗੜ੍ਹ ਤੋਂ ਸੈਲੂਨ ਦਾ ਡਿਪਲੋਮਾ ਕੀਤਾ ਸੀ ਅਤੇ ਉਸ ਤੋਂ ਬਾਅਦ ਜਲੰਧਰ ਦੇ ਕਿਸੇ ਸੈਲੂਨ ਵਿੱਚ ਉਹ ਕੰਮ ਕਰਨ ਲੱਗ ਗਿਆ।”

ਸੀਮਾ ਮੁਤਾਬਕ ਨੌਜਵਾਨ ਪੀੜੀ ਵਿੱਚ ਵਿਦੇਸ਼ ਜਾਣ ਦੇ ਰੁਝਾਨ ਤਹਿਤ ਗਗਨ ਨੇ ਵੀ ਕੈਨੇਡਾ ਜਾਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਪਰਿਵਾਰ ਨੇ ਉਸ ਦਾ ਵਿਆਹ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਉੱਤੇ ਗਈ ਇੱਕ ਕੁੜੀ ਨਾਲ ਹੋ ਗਿਆ। ਗਗਨ 2023 ਵਿੱਚ ਆਪਣੀ ਪਤਨੀ ਕੋਲ ਕੈਨੇਡਾ ਚਲਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਸੀਮਾ ਦੱਸਦੇ ਹਨ ਕਿ ਗਗਨਦੀਪ ਸਿੰਘ ਨੂੰ ਕੈਨੇਡਾ ਭੇਜਣ ਉੱਤੇ ਕਰੀਬ 30 ਲੱਖ ਰੁਪਏ ਦਾ ਖਰਚਾ ਆਇਆ ਸੀ, ਜਿਸ ਦਾ ਪ੍ਰਬੰਧ ਪਰਿਵਾਰ ਨੇ ਕਰਜਾ ਚੁੱਕ ਕੇ ਕੀਤਾ ਸੀ।

ਸੀਮਾ ਕਹਿੰਦੇ ਹਨ,“ਇੱਕ ਤਾਂ ਪੁੱਤ ਇਸ ਜਹਾਨ ਤੋਂ ਚਲਾ ਗਿਆ, ਦੂਜਾ ਅਸੀਂ ਕਰਜ਼ਈ ਵੀ ਹੋ ਗਏ।”

ਗਗਨ ਨੂੰ ਪਰਿਵਾਰ ਨੇ ਇੰਨਾਂ ਕਰਜਾ ਲੈ ਕੇ ਕੈਨੇਡਾ ਕਿਉਂ ਭੇਜਿਆ ਇਹ ਪੁੱਛੇ ਜਾਣ ਉੱਤੇ ਸੀਮਾ ਦੱਸਦੇ ਹਨ, “ਗਗਨਦੀਪ ਦੀ ਦਲੀਲ ਸੀ ਕਿ ਇੱਥੇ ਕੁਝ ਵੀ ਨਹੀਂ ਹੋਣਾ, ਵਿਦੇਸ਼ ਵਿੱਚ ਭਵਿੱਖ ਚੰਗਾ ਸੀ ਇਸ ਕਰ ਕੇ ਉਹ ਉੱਥੇ ਚਲਾ ਗਿਆ, ਜਿਸ ਦਾ ਅੱਜ ਮੈਨੂੰ ਪਛਤਾਵਾ ਹੋ ਰਿਹਾ ਹੈ”।

ਅਰਸ਼ਦੀਪ
ਤਸਵੀਰ ਕੈਪਸ਼ਨ, ਅਰਸ਼ਦੀਪ ਅਤੇ ਉਨ੍ਹਾਂ ਦੇ ਪਿਤਾ

ਏਜੰਟਾਂ ਦੇ ਝੂਠੇ ਵਾਅਦੇ

ਇੱਕ ਹੋਰ ਕਹਾਣੀ ਜਲੰਧਰ ਜ਼ਿਲ੍ਹੇ ਦੇ ਮੁਰੀਦਵਾਲ ਪਿੰਡ ਦੇ ਅਰਸ਼ਦੀਪ ਸਿੰਘ ਦੀ ਵਿਦੇਸ਼ ਜਾਣ ਦੀ ਚਾਹਤ ਨਾਲ ਜੁੜੀ ਹੋਈ ਹੈ।

ਅਰਸ਼ਦੀਪ ਸਿੰਘ ਵੀ ਬਾਹਰਵੀ ਪਾਸ ਕਰ ਕੇ ਇੱਕ ਏਜੰਟ ਰਾਹੀਂ ਘਰੋਂ ਨਿਕਲਿਆ ਤਾਂ ਸਪੇਨ ਲਈ ਸੀ ਪਰ ਏਜੰਟ ਨੇ ਉਸ ਨੂੰ ਅਫ਼ਰੀਕੀ ਦੇਸ਼ ਮੋਰਾਕੋ ਭੇਜ ਦਿੱਤਾ।

ਅਰਸ਼ਦੀਪ ਸਿੰਘ ਦਾ ਦਾਅਵਾ ਹੈ ਕਿ ਉਸ ਨੇ ਸਪੇਨ ਜਾਣ ਦੇ ਲਈ ਏਜੰਟ ਨੂੰ 13 ਲੱਖ ਰੁਪਏ ਦਿੱਤੇ ਸਨ ਪਰ ਉਸ ਦੇ ਧੋਖੇ ਕਾਰਨ ਉਸ ਦਾ ਸੁਪਨਾ ਅੱਧ ਵਿਚਾਲੇ ਲਟਕਿਆ ਹੋਇਆ ਹੈ।

ਅਰਸ਼ਦੀਪ ਸਿੰਘ ਦੱਸਦੇ ਹਨ ਕਿ ਏਜੰਟ ਨੇ ਉਸ ਨੂੰ ਸਿੱਧੀ ਫ਼ਲਾਈਟ ਰਾਹੀਂ ਸਪੇਨ ਭੇਜਣ ਦਾ ਦਾਅਵਾ ਕੀਤਾ ਸੀ, ਪਰ ਉਸ ਨੇ ਮੋਰਾਕੋ ਭੇਜ ਦਿੱਤਾ, ਜਿੱਥੇ ਕਰੀਬ ਅੱਠ ਮਹੀਨੇ ਦੀ ਖੱਜਲ ਖ਼ੁਆਰੀ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਭਾਰਤ ਪਰਤਿਆ ਹੈ।

ਏਜੰਟ ਦੇ ਧੋਖੇ ਦੇ ਬਾਵਜੂਦ ਅਰਸ਼ਦੀਪ ਸਿੰਘ ਫਿਰ ਤੋਂ ਵਿਦੇਸ਼ ਜਾਣ ਚਾਹੁੰਦਾ ਹੈ। ਇਸ ਲਈ ਅਰਸ਼ਦੀਪ ਦਲੀਲ ਦਿੰਦਾ ਹੈ ਕਿ ਇੱਥੇ ਕੁਝ ਵੀ ਨਹੀਂ ਹੈ। ਕਿਉਂਕਿ ਇੱਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ ਅਤੇ ਨਾ ਕੋਈ ਸਿਸਟਮ।

ਅਰਸ਼ਦੀਪ ਸਿੰਘ ਆਪਣੇ ਘਰ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਹੈ,“ਘਰ ਦੀ ਖਸਤਾ ਹਾਲਤ ਤੁਸੀਂ ਦੇਖ ਹੀ ਲਈ ਹੈ।”

“ਮੈਂ ਤਿੰਨ ਭੈਣਾਂ ਦੇ ਵਿਆਹ ਵੀ ਕਰਨੇ ਹਨ, ਪੈਸਾ ਹੈ ਕੋਈ ਨਹੀਂ, ਇਸ ਕਰ ਕੇ ਵਿਦੇਸ਼ ਦੀ ਕਮਾਈ ਨਾਲ ਹੀ ਇਹ ਸਭ ਠੀਕ ਹੋ ਜਾਣ ਦੀ ਆਸ ਹੈ।”

ਅਰਸ਼ਦੀਪ ਸਿੰਘ ਦੱਸਦਾ ਹੈ, “ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ 500 ਰੁਪਏ ਕਮਾਈ ਹੁੰਦੀ ਹੈ ਇਸ ਨਾਲ ਦੱਸੋ ਕਿ ਹੋਵੇਗਾ?”

ਅਰਸ਼ਦੀਪ ਸਿੰਘ ਆਪ ਵੀ ਹੁਣ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਹਾਲੇ ਵੀ ਆਸ ਹੈ ਕਿ ਏਜੰਟ ਵਿਦੇਸ਼ ਜ਼ਰੂਰ ਭੇਜੇਗਾ ਇਸੇ ਕਰਕੇ ਉਨ੍ਹਾਂ ਨੇ ਆਪਣੇ ਨਾਲ ਹੋਏ ਧੋਖੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਕੋਈ ਪੁਲਿਸ ਸ਼ਿਕਾਇਤ ਵੀ ਨਹੀਂ ਕੀਤੀ।

ਇਹ ਵੀ ਪੜ੍ਹੋ-
ਸੀਮਾ ਗਿੱਲ
ਤਸਵੀਰ ਕੈਪਸ਼ਨ, ਆਪਣੇ ਪੁੱਤ ਦੀਆਂ ਤਸਵੀਰਾਂ ਦੇਖਦੇ ਹੋਏ ਸੀਮਾ ਗਿੱਲ

ਪੰਜਾਬੀਆਂ ਵਿੱਚ ਕਿਉਂ ਹੈ ਵਿਦੇਸ਼ ਜਾਣ ਦਾ ਰੁਝਾਨ

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਬਾਰੇ ਬੀਬੀਸੀ ਨੇ ਜਲੰਧਰ ਵਿੱਚ ਰਹਿਣ ਵਾਲੇ ਉੱਘੇ ਲੇਖਕ ਅਤੇ ਪਰਵਾਸੀ ਮਾਮਲਿਆਂ ਦੇ ਜਾਣਕਾਰ ਸਤਨਾਮ ਚਾਨਾ ਨਾਲ ਗੱਲ ਕੀਤੀ।

ਸਤਨਾਮ ਚਾਨਾ ਮੁਤਾਬਕ ਪੰਜਾਬ ਵਿੱਚ ਖੇਤੀਬਾੜੀ ਅਤੇ ਇੰਡਸਟਰੀ ਵਿੱਚ ਰੁਜ਼ਗਾਰ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਰੋਜ਼ੀ ਰੋਟੀ ਲਈ ਲੋਕ ਵਿਦੇਸ਼ ਦਾ ਰੁਖ਼ ਕਰ ਰਹੇ ਹਨ।

ਚਾਨਾ ਨੇ ਦੱਸਿਆ ਕਿ ਪਹਿਲਾਂ ਦੁਆਬਾ ਖੇਤਰ ਦੇ ਲੋਕ ਵਿਦੇਸ਼ ਗਏ ਕਿਉਂਕਿ ਇਸ ਖੇਤਰ ਵਿੱਚ ਵਾਹੀ ਯੋਗ ਜ਼ਮੀਨਾਂ ਘੱਟ ਸਨ ਪਰ ਹੁਣ ਤਾਂ ਸਾਰੇ ਪੰਜਾਬ ਦਾ ਰੁਝਾਨ ਵਿਦੇਸ਼ ਵੱਲ ਹੋ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ, “ਇਸ ਦਾ ਪਹਿਲਾ ਤੇ ਵੱਡਾ ਕਾਰਨ ਸਪਸ਼ਟ ਹੈ ਕਿ ਭਾਰਤ ਵਿੱਚ ਸੂਬਾ ਪੱਧਰ ਉੱਤੇ ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨਾਂ ਦੀ ਘਾਟ ਲਗਾਤਾਰ ਵੱਧ ਰਹੀ ਹੈ।”

ਸਤਨਾਮ ਚਾਨਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਵੱਡਾ ਕਾਰੋਬਾਰ ਵਿਦੇਸ਼ ਭੇਜਣ ਦਾ ਹੀ ਹੈ।

ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ ਪਹਿਲਾਂ ਫ਼ਿਲਮਾਂ ਅਤੇ ਗਾਇਕਾਂ ਦੇ ਪੋਸਟਰ ਅਕਸਰ ਦੀਵਾਰਾਂ ਉੱਤੇ ਨਜ਼ਰ ਆਉਂਦੇ ਸਨ, ਪਰ ਹੁਣ ਤਾਂ ਥਾਂ ਥਾਂ ਉੱਤੇ ਆਈਲੇਟਸ ਅਤੇ ਵੀਜ਼ਾ ਮਾਹਰਾਂ ਦੇ ਬੋਰਡ ਦਿਖਾਈ ਦਿੰਦੇ ਹਨ, ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਸੂਬੇ ਵਿੱਚ ਇਹ ਕਾਰੋਬਾਰ ਕਿੰਨਾ ਵੱਡਾ ਹੋ ਚੁੱਕਿਆ ਹੈ।

ਸਤਨਾਮ ਸਿੰਘ ਚਾਨਾ ਮੁਤਾਬਕ ਸਰਕਾਰਾਂ ਦਲੀਲਾਂ ਦਿੰਦੀਆਂ ਹਨ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਇੱਥੇ ਬਹੁਤ ਕੰਮ ਹੈ ਅਤੇ ਲੋਕ ਵਿਦੇਸ਼ ਤੋਂ ਕੰਮ ਕਰ ਲਈ ਇੱਥੇ ਆ ਰਹੇ ਹਨ ਪਰ ਹਕੀਕਤ ਵਿੱਚ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਉਨ੍ਹਾਂ ਦਾ ਭਵਿੱਖ ਇਥੇ ਸੁਰੱਖਿਅਤ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਪੜੇ ਲਿਖੇ ਆਈਲੈਟਸ ਰਾਹੀਂ ਅਤੇ ਘੱਟ ਪੜੇ ਲਿਖੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਘਰਾਂ ਦੇ ਬੂਹਿਆਂ ’ਤੇ ਜਿੰਦਰੇ
ਤਸਵੀਰ ਕੈਪਸ਼ਨ, ਪਰਦੇਸ ਜਾ ਚੁੱਕੇ ਪਰਿਵਾਰਾਂ ਦੇ ਘਰਾਂ ਦੇ ਬੂਹਿਆਂ ’ਤੇ ਜਿੰਦਰੇ ਮਿਲਦੇ ਹਨ

ਘਰਾਂ ਨੂੰ ਲੱਗੇ ਜ਼ਿੰਦੇ

ਜਲੰਧਰ ਦੇ ਨਾਲ ਲੱਗਦੇ ਨੌਲੀ ਪਿੰਡ ਵਿੱਚ ਵੱਡੀਆਂ-ਵੱਡੀਆ ਕੋਠੀਆਂ ਦੂਰੋਂ ਹੀ ਆਉਣ ਵਾਲਿਆਂ ਦਾ ਧਿਆਨ ਖਿੱਚਦੀਆਂ ਹਨ। ਪਰ ਇਨ੍ਹਾਂ ਦੇ ਕੋਠੀਆਂ ਦੇ ਮੁੱਖ ਗੇਟਾਂ ਉੱਤੇ ਜ਼ਿੰਦਰੇ ਲੱਗੇ ਹੋਏ ਰਨ।

ਇਸੇ ਪਿੰਡ ਦੇ ਰਹਿਣ ਵਾਲੇ ਰੀਨਾ ਦੱਸਦੇ ਹਨ ਕਿ ਪਿੰਡ ਦੇ ਬਹੁਤੇ ਲੋਕ ਵਿਦੇਸ਼ ਚਲੇ ਗਏ ਹਨ।

ਉਨ੍ਹਾਂ ਦੱਸਿਆ ਕਿ ਵੱਡੀਆਂ ਕੋਠੀਆਂ ਖਾਲੀ ਪਈਆਂ ਹਨ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ ਅਤੇ ਸਾਲ – ਦੋ ਸਾਲ ਵਿੱਚ ਕੁਝ ਦਿਨ ਲਈ ਇਹ ਕੋਠੀਆਂ ਖੁੱਲ੍ਹਦੀਆਂ ਹਨ।

ਰੀਨਾ ਵੀ ਮੰਨਦੇ ਹਨ ਕਿ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਦਾ ਪਿੰਡ ਖਾਲੀ ਹੋ ਗਿਆ ਹੈ।

ਰੀਨਾ
ਤਸਵੀਰ ਕੈਪਸ਼ਨ, ਰੀਨਾ ਵੀ ਮੰਨਦੇ ਹਨ ਕਿ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਦਾ ਪਿੰਡ ਖਾਲੀ ਹੋ ਗਿਆ ਹੈ।

ਵਿਦੇਸ਼ ਜਾਣ ਦੇ ਰੁਝਾਨ ਨੇ ਪੰਜਾਬੀਆਂ ਨੂੰ ਕੀਤਾ ਕਰਜ਼ਈ

ਦੂਜੇ ਪਾਸੇ ਪੰਜਾਬ ਸਰਕਾਰ ਆਪਣੀਆਂ ਦਲੀਲਾਂ ਰਾਹੀਂ ਸੂਬੇ ਦੇ ਲੋਕਾਂ ਨੂੰ ਵਿਦੇਸ਼ ਨਾ ਜਾਣ ਦੀ ਅਪੀਲ ਕਰ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ, “ਅਸੀਂ ਵਿਦੇਸ਼ ਕਿਉਂ ਜਾਈਏ ਜਦੋਂ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਹੋਇਆ ਹੈ। 150 ਮਣ ਦਾਣੇ ਇੱਕ ਸਾਲ ਵਿੱਚ ਪੈਦਾ ਕਰਨ ਵਾਲੀ ਧਰਤੀ ਸਾਡੇ ਕੋਲ ਹੈ। ਮਿਹਨਤੀ ਕੌਮ ਹੈ, ਗੁਰੂਆਂ, ਸ਼ਹੀਦਾਂ ਤੇ ਦੇਵੀ ਦੇਵਤਿਆਂ ਦੀ ਧਰਤੀ ਹੈ। ਅਸੀਂ ਵਿਦੇਸ਼ ਭੱਜੀ ਜਾਂਦੇ ਹਾਂ।”

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵੱਲੋਂ ਸੂਬੇ ਵਿੱਚ ਪਰਵਾਸ ਦੇ ਮੁੱਦੇ 'ਤੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਕਾਰਨ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

"ਪੇਂਡੂ ਪੰਜਾਬ ਤੋਂ ਵਿਦੇਸ਼ੀ ਪਰਵਾਸ 'ਤੇ ਅਧਿਐਨ ਰੁਝਾਨ, ਕਾਰਨ ਅਤੇ ਨਤੀਜੇ" ਦੇ ਵਿਸ਼ੇ ਉੱਤੇ ਹੋਇਆ ਇਹ ਅਧਿਐਨ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਤੋਂ ਪ੍ਰੋਫੈਸਰ ਸ਼ਾਲਿਨੀ ਸ਼ਰਮਾ, ਪ੍ਰੋਫੈਸਰ ਮਨਜੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਅਮਿਤ ਗੁਲੇਰੀਆ ਨੇ ਕੀਤਾ ਹੈ।

ਅਧਿਐਨ ਤੋਂ ਪਤਾ ਲੱਗਾ ਹੈ ਕਿ ਪਰਿਵਾਰਾਂ ਨੇ ਸਟੱਡੀ ਵੀਜ਼ਾ 'ਤੇ 18-25 ਲੱਖ ਰੁਪਏ ਅਤੇ ਵਰਕ ਵੀਜ਼ਾ, ਸਪਾਊਸ ਵੀਜ਼ਾ ਜਾਂ ਪੀਆਰ 'ਤੇ 4-4 ਲੱਖ ਰੁਪਏ ਖ਼ਰਚ ਕੀਤੇ ਹਨ।

ਕਈਆਂ ਨੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਰਵਾਸ ਕੀਤਾ ਅਤੇ ਉਨ੍ਹਾਂ ਨੇ 25 ਤੋਂ 32.50 ਲੱਖ ਰੁਪਏ ਤੱਕ ਖ਼ਰਚ ਕੀਤੇ।

ਅਧਿਐਨ ਮੁਤਾਬਕ ਘੱਟੋ-ਘੱਟ 19.38 ਫ਼ੀਸਦੀ ਪਰਵਾਸੀ ਪਰਿਵਾਰਾਂ ਨੇ ਜ਼ਮੀਨ, ਪਲਾਟ ਜਾਂ ਘਰ, ਕਾਰਾਂ, ਸੋਨਾ ਅਤੇ ਟਰੈਕਟਰਾਂ ਸਮੇਤ ਆਪਣੀ ਜਾਇਦਾਦ ਵੇਚ ਦਿੱਤੀ।

ਤਕਰੀਬਨ 18 ਫ਼ੀਸਦੀ ਛੋਟੀ ਖੇਤੀ ਉੱਤੇ ਅਧਾਰਿਤ ਪਰਿਵਾਰਾਂ ਅਤੇ ਛੇ ਫ਼ੀਸਦੀ ਤੋਂ ਘੱਟ ਦਰਮਿਆਨੇ ਅਤੇ ਵੱਡੇ ਖੇਤ ਵਾਲੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਵੇਚ ਦਿੱਤੀ।

ਅਧਿਐਨ ਮੁਤਾਬਕ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਵੇਚੀਆਂ ਗਈਆਂ ਜਾਇਦਾਦਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਪੂਰੇ ਸੂਬੇ ਲਈ 5636 ਕਰੋੜ ਰੁਪਏ ਤੱਕ ਬਣਨ ਦਾ ਅੰਦਾਜ਼ਾ ਸੀ।

ਘਰ
ਤਸਵੀਰ ਕੈਪਸ਼ਨ, ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਪਰਿਵਾਰਾਂ ਨੇ ਸਟੱਡੀ ਵੀਜ਼ਾ 'ਤੇ 18-25 ਲੱਖ ਰੁਪਏ ਅਤੇ ਵਰਕ ਵੀਜ਼ਾ, ਸਪਾਊਸ ਵੀਜ਼ਾ ਜਾਂ ਪੀਆਰ 'ਤੇ 4-4 ਲੱਖ ਰੁਪਏ ਖ਼ਰਚ ਕੀਤੇ ਹਨ।

ਕੈਨੇਡਾ ਪੰਜਾਬੀਆਂ ਦਾ ਪਸੰਦੀਦਾ ਦੇਸ਼

ਖੇਤੀਬਾੜੀ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਕੈਨੇਡਾ 41.88 ਫ਼ੀਸਦ ਪੰਜਾਬੀਆਂ ਲਈ ਰਹਿਣ ਦੀ ਸਭ ਤੋਂ ਵੱਧ ਪਸੰਦੀਦਾ ਜਗ੍ਹਾ ਰਿਹਾ, ਜਿਸ ਤੋਂ ਬਾਅਦ ਦੁਬਈ 16.25 ਫ਼ੀਸਦ, ਆਸਟ੍ਰੇਲੀਆ 9.63 ਫ਼ੀਸਦ, ਇਟਲੀ 5.54 ਫ਼ੀਸਦ, ਯੂ ਕੇ 3.49 ਫ਼ੀਸਦ, ਅਮਰੀਕਾ 3.25 ਫ਼ੀਸਦ ਅਤੇ ਹੋਰ 19.98 ਫ਼ੀਸਦ ਹਨ।

ਅਧਿਐਨ ਵਿੱਚ 22 ਜ਼ਿਲ੍ਹਿਆਂ ਦੇ 44 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ, ਇਹ ਵੀ ਦੇਖਿਆ ਗਿਆ ਹੈ ਕਿ 13.34 ਫ਼ੀਸਦ ਪੇਂਡੂ ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਸੀ।

ਸਟੱਡੀ ਵੀਜ਼ਾ ਹਾਸਿਲ ਕਰਨ ਵਿੱਚ ਔਰਤਾਂ 65 ਫ਼ੀਸਦ ਹਨ ਅਤੇ ਇਸ ਲਈ ਮਰਦਾਂ 35 ਫ਼ੀਸਦ ਤੋਂ ਵੱਧ ਹਨ।

ਇਸ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਪੰਜਾਬ ਦੇ ਮਾਝਾ ਖੇਤਰ (ਇਸ ਵਿੱਚ ਗੁਰਦਾਸਪੁਰ ਅਤੇ ਤਰਨਤਾਰਨ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ) ਵਿੱਚ ਪਰਵਾਸ ਦੀ ਸਭ ਤੋਂ ਵੱਧ ਦਰ 20.51 ਫ਼ੀਸਦ ਰਹੀ ਹੈ। ਇਸ ਤੋਂ ਬਾਅਦ ਮਾਲਵਾ 14.28 ਫ਼ੀਸਦ ਅਤੇ ਦੋਆਬੇ ਵਿੱਚ 11.27 ਫ਼ੀਸਦ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)