ਪੰਜਾਬ: ਗਰਮੀ ਕਾਰਨ ਸੁੱਕੇ ਡੈਮ 'ਚ ਮਰ ਰਹੇ ਜੰਗਲੀ ਜਾਨਵਰਾਂ ਲਈ ਕਿਵੇਂ 'ਮਸੀਹੇ' ਬਣੇ ਇਹ ਨੌਜਵਾਨ

ਤਸਵੀਰ ਸਰੋਤ, BBC/Mayank Mongia
- ਲੇਖਕ, ਮਯੰਗ ਮੌਂਗੀਆ
- ਰੋਲ, ਬੀਬੀਸੀ ਸਹਿਯੋਗੀ
“ਸਾਡੇ ਕੋਲੋਂ ਨਿੱਤ ਜਾਨਵਰ ਮਰਦੇ ਦੇਖ ਰਿਹਾ ਨਹੀਂ ਗਿਆ, ਕਈ ਲੋਕਾਂ ਨੇ ਸਾਨੂੰ ਵਿਹਲੇ ਕਿਹਾ ਪਰ ਅਸੀਂ ਇਹ ਕੰਮ ਜਾਰੀ ਰੱਖਿਆ।”
22 ਸਾਲਾਂ ਦੇ ਮਲਕੀਤ ਉਨ੍ਹਾਂ ਨੌਜਵਾਨਾਂ ਵਿੱਚੋਂ ਹਨ, ਜੋ ਵਰ੍ਹਦੀ ਅੱਗ ਵਿੱਚ ਜਾਨਵਰਾਂ ਲਈ ਪਾਣੀ ਮੁਹੱਈਆ ਕਰਵਾਉਣ ਵਿੱਚ ਲੱਗੇ ਹੋਏ ਹਨ।
ਪੰਜਾਬ ਸਣੇ ਉੱਤਰੀ ਭਾਰਤ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ, ਤਾਪਮਾਨ 45-47 ਡਿਗਰੀ ਸੈਂਟੀਗਰੇਡ ਰਹਿਣ ਕਾਰਨ ਕੁਦਰਤੀ ਪਾਣੀ ਦੇ ਸਰੋਤ ਸੁੱਕ ਰਹੇ ਹਨ।
ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਸ਼ਿਵਾਲਿਕ ਪਹਾੜੀਆਂ ਨਾਲ ਘਿਰਿਆ ਪੜਛ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ, ਇਸ ਵਿੱਚ ਪਈਆਂ ਕਈ-ਕਈ ਫੁੱਟ ਡੂੰਘੀਆਂ ਤਰੇੜਾਂ ਇਸ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ।

ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਪਾਣੀ ਲਈ ਭਟਕਦੇ ਕਰੀਬ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਜਾਨਵਰਾਂ ਵਿੱਚ ਹਿਰਨ, ਸਾਂਬਰ, ਗਾਵਾਂ ਵੀ ਸ਼ਾਮਲ ਸਨ।
ਕਈ ਜਾਨਵਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦੀ ਭਾਲ ਵਿੱਚ ਆਉਂਦੇ ਸਮੇਂ ਧਰਤੀ ਵਿੱਚ ਪਈਆਂ ਦਰਾੜਾਂ ਵਿੱਚ ਫ਼ਸ ਗਏ ਅਤੇ ਕਈ ਕੁੱਤਿਆਂ ਦਾ ਸ਼ਿਕਾਰ ਹੋ ਕੇ ਮਰ ਚੁੱਕੇ ਹਨ।
ਇਹ ਡੈਮ ਆਲੇ ਦੁਆਲੇ ਦੇ ਪਿੰਡਾਂ ਲਈ ਖੇਤੀਬਾੜੀ ਵਿੱਚ ਵਰਤੋਂ ਦੇ ਲਈ ਬਰਸਾਤੀ ਪਾਣੀ ਜਮ੍ਹਾ ਕਰਨ ਲਈ ਬਣਾਇਆ ਗਿਆ ਸੀ। ਇਸਦੇ ਨਾਲ ਹੀ ਇਹ ਆਲੇ-ਦੁਆਲੇ ਰਹਿੰਦੇ ਜਨੌਰਾਂ ਲਈ ਵੀ ਪਾਣੀ ਦਾ ਇੱਕੋ ਇੱਕ ਸੋਮਾ ਸੀ।
ਪਰ ਇਸ ਵਿੱਚ ਗਾਦ ਜੰਮਣ (ਸਲਿਟ) ਕਰਕੇ ਇਸ ਦੀ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਬਿਲਕੁਲ ਘੱਟ ਗਈ ਹੈ।
ਇਸ ਵਾਰ ਗਰਮੀ ਵਧਣ ਕਾਰਨ ਇਹ ਡੈਮ ਹੁਣ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ। ਇਸ ਡੈਮ ਨੂੰ ਹੋਂਦ ਵਿੱਚ ਆਏ ਨੂੰ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਮਲਕੀਤ ਸਿੰਘ ਦੱਸਦੇ ਹਨ, “ਇਸ ਡੈਮ ਵਿੱਚ ਥਾਂ-ਥਾਂ ਉੱਤੇ ਪਸ਼ੂ ਮਰੇ ਹੋਏ ਮਿਲਦੇ ਸਨ, ਸਾਡੇ ਕੋਲੋਂ ਇਹ ਦੇਖਿਆ ਨਹੀਂ ਗਿਆ ਅਤੇ ਅਸੀਂ ਟੈਂਕਰ ਲਿਆ-ਲਿਆ ਕੇ ਇੱਥੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ।”
ਮਲਕੀਤ ਸਿੰਘ ਇੱਥੋਂ ਦੇ ਸਥਾਨਕ ਵਾਸੀ ਹਨ।
ਇੱਕ ਤੋਂ ਬਣਿਆ ਕਾਫ਼ਲਾ
ਮਲਕੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਨੌਜਵਾਨ ਡੈਮ ਦੇ ਨੇੜੇ ਕਸਰਤ ਕਰਨ ਲਈ ਆਉਂਦੇ ਸਨ।
ਉਹ ਦੱਸਦੇ ਹਨ, “ਇੱਥੇ ਅਸੀਂ ਦੇਖਿਆ ਕਿ ਸਾਡੇ ਨਾਲਦੇ ਹੀ ਇੱਕ ਮੁੰਡੇ ਨੇ ਇਕੱਲੇ ਨੇ ਪਾਣੀ ਪਾਉਣਾ ਸ਼ੁਰੂ ਕੀਤਾ, ਫ਼ਿਰ ਲੋਕ ਵੱਧਦੇ ਗਏ ਅਤੇ ਅਸੀਂ ਸਾਰਿਆਂ ਨੇਟੈਂਕਰ ਲਿਆਉਣੇ ਸ਼ੁਰੂ ਕਰ ਦਿੱਤੇ।।”
ਉਹ ਕਹਿੰਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਕੋਲ ਸਿਰਫ਼ 2 ਟੈਂਕਰ ਲੱਗੇ ਹੋਏ ਸਨ, ਜੋ 15 ਤੋਂ 20 ਗੇੜੇ ਲਗਾਉਂਦੇ ਸੀ।

ਤਸਵੀਰ ਸਰੋਤ, BBC/Mayank Mongia
ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਥੇ ਹੁਣ 15-20 ਟੈਂਕਰ ਲੱਗੇ ਹੋਏ ਹਨ, ਇਸ ਦੇ ਨਾਲ-ਨਾਲ ਜੇਸੀਬੀ ਦੀ ਵੀ ਵਰਤੋਂ ਕੀਤੀ ਗਈ ਹੈ।
ਉਹ ਦੱਸਦੇ ਹਨ ਕਿ ਜੇਸੀਬੀ ਰਾਹੀਂ ਜਾਨਵਰਾਂ ਦੇ ਲਈ ਛੱਪੜੀਆਂ ਤਿਆਰ ਕੀਤੀਆਂ ਗਈਆਂ ਹਨ, ਤਾਂ ਜੋ ਜਾਨਵਰਾਂ ਦੇ ਲਈ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਮਲਕੀਤ ਕਹਿੰਦੇ ਹਨ ਕਿ ਉਹ ਇਹ ਸੇਵਾ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਮੀਂਹ ਪੈਣ ਨਾਲ ਹਾਲਾਤ ਬਿਹਤਰ ਨਹੀਂ ਹੋ ਜਾਂਦੇ।
ਸੋਸ਼ਲ ਮੀਡੀਆ ਤੋਂ ਵੀ ਮਿਲਿਆ ਸਹਿਯੋਗ

ਤਸਵੀਰ ਸਰੋਤ, Mayank Mongia/BBC
ਮਲਕੀਤ ਦੱਸਦੇ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਵੀ ਪਾਈਆਂ ਅਤੇ ਲੋਕਾਂ ਨੇ ਉਨ੍ਹਾਂ ਦੀ ਇਸ ਕੰਮ ਵਿੱਚ ਮਾਇਕ ਸਹਾਇਤਾ ਵੀ ਕੀਤੀ।
ਉਨ੍ਹਾਂ ਨੇ ਦੱਸਿਆ ਪਾਣੀ ਪਹੁੰਚਾਉਣ ਦੇ ਚੱਲਦਿਆਂ ਕਈ ਵਾਰੀ ਡੀਜ਼ਲ ਦੇ ਖਰਚੇ ਲਈ ਮਾਇਕ ਸਹਾਇਤਾ ਦੀ ਲੋੜ ਪਈ ਸੀ, ਜਿਸ ਮਗਰੋਂ ਉਨ੍ਹਾਂ ਨੇ ਸੋਸ਼ਲ ਮੀਡੀਆਂ 'ਤੇ ਅਪੀਲ ਕੀਤੀ ਸੀ।
ਉਹ ਦੱਸਦੇ ਹਨ ਕਿ ਇਸ ਮਗਰੋਂ ਕਈ ਸੰਸਥਾਵਾਂ ਤੇ ਨੇੜਲੇ ਪਿੰਡਾਂ ਵਾਲਿਆਂ ਵਾਲੇ ਪਾਣੀ ਪਾਉਣ ਆਉਣ ਲੱਗੇ।
ਨੌਜਵਾਨਾਂ ਨੇ ਬਦਲੀ ਦਸ਼ਾ

ਤਸਵੀਰ ਸਰੋਤ, BBC/Mayank Mongia
ਇਨ੍ਹਾਂ ਨੌਜਵਾਨਾਂ ਵਿੱਚ ਹੀ ਸ਼ਾਮਲ ਅੰਕੁਸ਼ ਦੱਸਦੇ ਹਨ ਕਿ ਡੈਮ ਵਿੱਚ ਜਿਸ ਥਾਂ ਉੱਤੇ ਪਾਣੀ ਬਚਿਆ ਸੀ, ਉਹ ਬਹੁਤ ਦੂਰ ਸੀ ਤੇ ਜਾਨਵਰ ਉੱਥੇ ਜਾਂਦੇ-ਜਾਂਦੇ ਤਰੇੜਾਂ ਦੇ ਵਿੱਚ ਹੀ ਫਸ ਜਾਂਦੇ ਸੀ।
ਉਹ ਦੱਸਦੇ ਹਨ ਕੁੱਤੇ ਵੀ ਸਾਂਬਰ, ਹਿਰਨ ਜਿਹੇ ਜਾਨਵਰਾਂ ਦਾ ਨੁਕਸਾਨ ਕਰਦੇ ਸਨ,ਇਸ ਲਈ ਉਨ੍ਹਾਂ ਨੇ ਜਾਨਵਰਾਂ ਲਈ ਪਾਣੀ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਸੌਖੀ ਪਹੁੰਚ ਵਾਲੀਆਂ ਥਾਵਾਂ 'ਤੇ ਛੱਪੜੀਆਂ ਪੁੱਟੀਆਂ।

ਤਸਵੀਰ ਸਰੋਤ, BBC/Mayank Mongia
ਅੰਕੁਸ਼ ਦੱਸਦੇ ਹਨ ਕਿ ਹੁਣ ਇਸ ਇਲਾਕੇ ਦਾ ਮਾਹੌਲ ਬਦਲ ਗਿਆ ਹੈ।
ਹਾਲਾਂਕਿ, ਅੰਕੁਸ਼ ਮੁਤਾਬਕ ਪਾਣੀ ਢੋਣਾਂ ਸੌਖਾ ਨਹੀਂ ਸੀ, ਕਈ ਵਾਰ ਉਨ੍ਹਾਂ ਦੇ ਟਰੈਕਟਰ ਵੀ ਫਸ ਜਾਂਦੇ ਸਨ ਅਤੇ ਟਰੈਕਟਰਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ।
ਅੰਕੁਸ਼ ਦੱਸਦੇ ਹਨ ਕਿ ਹੁਣ ਜਦੋਂ ਪਾਣੀ ਪੀਣ ਸਵੇਰੇ ਸ਼ਾਮੀਂ ਮੋਰ ਤੇ ਹੋਰ ਜਾਨਵਰ ਆਉਂਦੇ ਹਨ ਤਾਂ ਕਾਫੀ ਚੰਗਾ ਲੱਗਦਾ ਹੈ।
ਪੈਂਠਪੁਰ ਪਿੰਡ ਦੇ ਅਵਿਨਾਸ਼ ਵੀ ਕੁਝ ਦਿਨਾਂ ਤੋਂ ਇੱਥੇ ਪਾਣੀ ਦਾ ਟੈਂਕਰ ਲੈ ਕੇ ਪਹੁੰਚ ਰਹੇ ਹਨ।
ਉਹ ਦੱਸਦੇ ਹਨ, “ਜਦੋਂ ਸਾਨੂੰ ਵੀਡੀਓ ਰਾਹੀਂ ਪਤਾ ਲੱਗਾ ਤਾਂ ਅਸੀਂ ਵੀ ਟਰੈਕਟਰ ਇਕੱਠੇ ਕੀਤੇ ਇਨ੍ਹਾਂ ਨਾਲ ਸੇਵਾ ਕਰਨ ਲੱਗੇ।”
ਉਹ ਦੱਸਦੇ ਹਨ ਕਸੌਲੀ, ਜੈਅੰਤੀ, ਜਯੰਤੀ ਤੇ ਹੋਰ ਪਿੰਡਾਂ ਦੇ ਨੌਜਵਾਨ ਵੀ ਸਾਥ ਦੇ ਰਹੇ ਹਨ।
ਪ੍ਰਸ਼ਾਸਨ ਤੋਂ ਕੀ ਸ਼ਿਕਾਇਤ

ਤਸਵੀਰ ਸਰੋਤ, BBC/Mayank Mongia
ਨੌਜਵਾਨਾਂ ਦਾ ਕਹਿਣਾ ਹੈ ਕਿ ਡੈਮ ਦੀ ਮਹਿਕਮੇ ਨੇ ਸਾਂਭ-ਸੰਭਾਲ ਨਹੀਂ ਕੀਤੀ।
ਅੰਕੁਸ਼ ਦੱਸਦੇ ਹਨ ਪ੍ਰਸ਼ਾਸਨ ਨੇ ਕੋਈ ਖ਼ਾਸ ਸਹਿਯੋਗ ਨਹੀਂ ਦਿੱਤਾ ਬਜਾਇ, ਛੱਪੜੀਆਂ ਪੁਟਾਈ ਕਰਨ ਵਿੱਚ ਸਹਿਯੋਗ ਦੇਣ ਦੇ।
ਉਹ ਦੱਸਦੇ ਹਨ, "ਅਸੀਂ ਸਰਕਾਰੀ ਨੁਮਾਇੰਦਿਆਂ ਅੱਗੇ ਇਹ ਮੰਗ ਕਰਦੇ ਰਹੇ ਹਾਂ ਕਿ ਡੈਮ ਵਿੱਚੋਂ 40 ਤੋਂ 50 ਫੁੱਟ ਪੁਟਾਈ ਕਰਵਾਈ ਜਾਵੇ ਤਾਂ ਜੋ ਇੱਥੇ ਬਰਸਾਤ ਦਾ ਪਾਣੀ ਰੁਕ ਸਕੇ।"
ਅਵਿਨਾਸ਼ ਆਖਦੇ ਹਨ ਕਿ ਉਹ ਕਾਫੀ ਸਾਲਾਂ ਤੋਂ ਇੱਥੇ ਆਉਂਦੇ ਹਨ ਅਤੇ ਦੇਖ ਰਹੇ ਹਨ ਕਿ ਡੈਮ ਦੀ ਸੰਭਾਲ ਨਹੀਂ ਹੋਈ।
ਉਹ ਕਹਿੰਦੇ ਹਨ, “ਅਸੀਂ ਤਾਂ ਇਨਸਾਨ ਹਾਂ ਆਪਣੀ ਦੁੱਖ-ਤਕਲੀਫ਼ ਬੋਲ ਕੇ ਦੱਸ ਸਕਦੇ ਹਾਂ ਪਰ ਇਨ੍ਹਾਂ ਜਾਨਵਰਾਂ ਦਾ ਕੀ, ਸਾਨੂੰ ਹੀ ਇਨ੍ਹਾਂ ਦਾ ਧਿਆਨ ਰੱਖਣਾ ਪੈਣਾ ਹੈ।”
'ਡੈਮ ਵਿੱਚੋਂ ਗਾਰ ਕੱਢਣ ਦਾ ਕੰਮ ਜਲਦੀ ਕਰਵਾਇਆ ਜਾਵੇਗਾ'
ਪੰਜਾਬ ਸਰਕਾਰ ਦੇ ਸਿੰਚਾਈ ਮਹਿਕਮੇ ਦੇ ਚੀਫ਼ ਇੰਜੀਨੀਅਰ (ਨਹਿਰਾਂ) ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ ਡੈਮ ਦੀ ਹਾਲਤ ਦਾ ਮੁੱਖ ਕਾਰਨ ਇਸ ਵਿੱਚੋਂ ਸਿਲਟ ਨਾ ਕੱਢੇ ਜਾਣਾ ਹੈ।
ਉਨ੍ਹਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੇ ਨਾਲ ਸਿਲਟ ਆਉਣ ਕਰਕੇ ਇਸ ਡੈਮ ਵਿੱਚ ਸਿਲਟ ਜੰਮ ਚੁੱਕੀ ਹੈ, ਜਿਸ ਨੂੰ ਜਲਦੀ ਕੱਢਿਆ ਜਾਵੇਗਾ।
ਪੜਛ ਡੈਮ ਜਿਸ ਨੂੰ ਜੈਅੰਤੀ ਡੈਮ ਵੀ ਕਿਹਾ ਜਾਂਦਾ ਹੈ, 1990ਵਿਆਂ ਦੇ ਵਿੱਚ ਬਣਿਆ ਸੀ।
ਲੰਬੇ ਸਮੇਂ ਤੱਕ ਇਸ ਨੂੰ ਇਸਦੀ ਕੁਦਰਤੀ ਵੰਨ-ਸੁਵੰਤਾ, ਸੁਹੱਪਣ ਅਤੇ ਪਰਵਾਸੀ ਪੰਛੀਆਂ ਦੀ ਆਮਦ ਕਰਕੇ ਇਲਾਕੇ ਦੀਆਂ ਰਮਣੀਕ ਥਾਵਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ।
ਇਸ ਡੈਮ ਦੀ ਉਚਾਈ 22 ਮੀਟਰ ਹੈ, ਇਹ ਕਰੀਬ 284 ਮੀਟਰ ਲੰਬਾ ਹੈ ਅਤੇ 146 ਮੀਟਰ ਚੌੜਾ ਹੈ













