ਤੀਨੈਸਾ ਕੌਰ: ਪੰਜਾਬਣ ਜਿਸ ਨੂੰ ਘਰੋਂ ਕੱਢਿਆ, ਲੰਗਰ ਖਾ ਕੇ ਢਿੱਡ ਭਰਿਆ ਤੇ ਹੁਣ ਯੂਕੇ ’ਚ ਬੈਰਿਸਟਰ ਆਫ਼ ਦਿ ਈਅਰ ਬਣੀ

ਤਸਵੀਰ ਸਰੋਤ, Tinessa Kaur/Linkedin
- ਲੇਖਕ, ਗੋਪਾਲ ਵਿਰਦੀ
- ਰੋਲ, ਬੀਬੀਸੀ ਪੱਤਰਕਾਰ
ਇੱਕ ਨੌਜਵਾਨ ਬੈਰਿਸਟਰ ਕੁੜੀ ਜਿਸ ਨੂੰ ਅਲੱੜ੍ਹ ਉਮਰੇ ਘਰੋਂ ਕੱਢ ਦਿੱਤਾ ਗਿਆ ਸੀ ਅਤੇ ਜਿਸ ਨੇ ਸੜਕਾਂ ਦੇ ਦਿਨ ਕੱਟ ਕੇ ਗੁਰਦੁਆਰੇ ਤੋਂ ਰੋਟੀ ਖਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਨੂੰ ਯੂਕੇ ਦਾ ਇੱਕ ਵੱਕਾਰੀ ਕਾਨੂੰਨੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ।
ਤੀਨੈਸਾ ਕੌਰ ਯੰਗ ਪ੍ਰੋ-ਬੋਨੋ ਬੈਰਿਸਟਰ ਆਫ਼ ਦਿ ਈਅਰ ਸਨਮਾਨ ਜਿੱਤਣ ਵਾਲੀ ਪਹਿਲੀ ਸਿੱਖ ਔਰਤ ਬਣੀ ਹੈ।
17 ਸਾਲ ਦੀ ਉਮਰ ਵਿੱਚ ਤੀਨੈਸਾ ਲੈਸਟਰ ਤੋਂ ਪੱਛਮੀ ਲੰਡਨ ਦੇ ਗ੍ਰੀਨਫੋਰਡ ਇਲਾਕੇ ਵਿੱਚ ਆ ਗਈ। ਉਹ ਬੇਘਰ ਸੀ ਤੇ ਯੂਕੇ ਦੇ ਸਿੱਖ ਭਾਈਚਾਰੇ ਦੀ ਬਦੌਲਤ ਉਹ ਸਕੂਲ ਜਾ ਸਕੀ।
ਨਿਸਵਾਰਥ ਸੇਵਾ ਦੇ ਉਸ ਦੇ ਵਿਸ਼ਵਾਸ ਦੀ ਮੁੱਖ ਸਿੱਖਿਆ ਨੇ ਉਸ ਨੂੰ ਇੱਕ ਵਿਦਿਆਰਥੀ ਬੈਰਿਸਟਰ ਵਜੋਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਆਪਣਾ ਖਾਲੀ ਸਮਾਂ ਛੱਡਣ ਲਈ ਪ੍ਰੇਰਿਤ ਕੀਤਾ ਤਾਂ ਜੋ ਗਰੀਬ ਸਮਾਜਾਂ ਦੀ ਮਦਦ ਕੀਤੀ ਜਾ ਸਕੇ।
ਸਿੱਖ ਧਰਮ ਉੱਤੇ ਭਰੋਸਾ ਕਰਨ ਵਾਲੀ ਤੀਨੈਸਾ ਨੇ ਵਕਾਲਤ ਦੀ ਪੜ੍ਹਾਈ ਕੀਤੀ ਤੇ ਆਪਣੇ ਵੇਲੇ ਸਮੇਂ ਵਿੱਚ ਸਮਾਜਿਕ ਕਾਰਜਾਂ ਨੂੰ ਤਰਜ਼ੀਹ ਦਿੱਤੀ।
ਸਨਮਾਨ ਮਿਲਣ ਤੋਂ ਬਾਅਦ ਤੀਨੈਸਾ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਤੇ ਕੁਦਰਤ ਵਿੱਚ ਆਪਣੇ ਵਿਸ਼ਾਵਾਸ ਬਾਰੇ ਗੱਲ ਕੀਤੀ।

ਤੀਨੈਸਾ ਨੇ ਕੀ ਕਿਹਾ
ਤੀਨੈਸਾ ਨੇ ਦੱਸਿਆ ਕਿ ਕਿ ਮਾਪਿਆਂ ਦੇ ਵੱਖ ਹੋਣ ਤੋਂ ਬਾਅਦ ਉਹ ਘਰੋਂ-ਬੇਘਰ ਹੋ ਗਈ ਤੇ ਯੂਕੇ ਦੀਆਂ ਸਿੱਖ ਸੰਸਥਾਵਾਂ ਨੇ ਉਸ ਦੀ ਮਦਦ ਕੀਤੀ।
ਉਨ੍ਹਾਂ ਕਿਹਾ,“ਮੈਂ ਪਹਿਲੀ ਸਿੱਖ ਔਰਤ ਹਾਂ ਜਿਸਨੇ ਯੰਗ ਪ੍ਰੋ ਬੋਨੋ ਬੈਰਿਸਟਰ ਆਫ਼ ਦਿ ਈਅਰ ਅਵਾਰਡ 2024 ਜਿੱਤਿਆ। ਮੈਨੂੰ ਨਹੀਂ ਲੱਗਦਾ ਕਿ ਮੈਂ ਇਸਦੀ ਉਮੀਦ ਕਰ ਰਹੀ ਸੀ।”
“ਮੈਂ ਇੱਕ ਪਾਸੇ ਬੈਠੀ ਸੀ ਤੇ ਸੋਚਿਆਂ ਨਹੀਂ ਸੀ ਕਿ ਇਹ ਐਵਾਰਡ ਮੈਨੂੰ ਮਿਲੇਗਾ। ਇਸ ਲਈ ਮੈਂ ਕਾਫੀ ਹੈਰਾਨ ਸੀ।”
“ਇੱਕ ਸਿੱਖ ਹੋਣ ਦੇ ਨਾਤੇ ਤੇ ਖ਼ਾਸਕਰ ਇੱਕ ਸਿੱਖ ਔਰਤ ਵਜੋਂ ਇਹ ਪੁਰਸਕਾਰ ਜਿੱਤਣਾ ਮੇਰੇ ਲਈ ਮਾਣ ਵਾਲੀ ਗੱਲ ਸੀ।”
ਉਨ੍ਹਾਂ ਆਪਣੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਇੱਕ ਦੱਖਣ-ਏਸ਼ੀਆਈ ਪਰਿਵਾਰ ਵਿੱਚ ਔਖੀ ਪਰਵਰਿਸ਼ ਸੀ।

ਤੀਨੈਸਾ ਨੇ ਕਿਹਾ, “ਤੁਸੀਂ ਇਸ ਤਰ੍ਹਾਂ ਦੀ ਪਰਵਰਿਸ਼ ਦੀ ਉਮੀਦ ਨਹੀਂ ਕਰਦੇ ਹੋ। ਮੇਰੇ ਮਾਪੇ ਅਲੱਗ-ਅਲੱਗ ਰਹਿਣ ਲੱਗੇ।”
“ਮੈਂ ਹਾਲੇ ਏ ਲੈਵਲ ਦੀ ਪੜ੍ਹਾਈ ਕਰ ਰਹੀ ਸੀ ਕਿ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਬੇਘਰ ਸੀ ਤੇ ਸੜਕਾਂ 'ਤੇ ਸੀ।”
“ਇਹ ਉਹ ਸਮਾਂ ਸੀ ਜਦੋਂ ਮੇਰੇ ਧਾਰਮਿਕ ਵਿਸ਼ਵਾਸ ਨੇ ਮੇਰੀ ਜ਼ਿੰਦਗੀ ਨੂੰ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।”
ਉਹ ਕਹਿੰਦੇ ਹਨ, “ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਨੂੰ ਸਿਰਫ਼ ਉਦੋਂ ਕੁਝ ਖਾਣ ਨੂੰ ਮਿਲਦਾ ਸੀ ਜਦੋਂ ਮੈਂ ਗੁਰਦੁਆਰੇ ਜਾਂਦੀ ਸੀ।”
“ਮੈਂ ਹੌਲੀ-ਹੌਲੀ ਕੰਮ ਦਾ ਤਜ਼ਰਬਾ ਹਾਸਿਲ ਕਰਕੇ ਆਪਣਾ ਪ੍ਰੋਫ਼ਾਈਲ ਬਹਿਤਰ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਵਕਾਲਤ ਵਿੱਚ ਅਜਿਹੇ ਕੇਸ ਮਿਲਣ ਲੱਗੇ ਜਿਨ੍ਹਾਂ ਬਦਲੇ ਪੈਸੇ ਮਿਲਦੇ ਸਨ।”

ਸਿੱਖ ਭਾਈਚਾਰੇ ਲਈ ਕੰਮ ਕਰਨਾ
ਤੀਨੈਸਾ ਨੇ ਯੂਕੇ ਦੇ ਸਿੱਖ ਭਾਈਚਾਰੇ ਲਈ ਕਾਫੀ ਸਾਲ ਕੰਮ ਕੀਤਾ।
ਇੱਕ ਵਕੀਲ ਵੱਜੋਂ ਉਨ੍ਹਾਂ ਨੇ ਔਰਤਾਂ ਲਈ ਵੀ ਖ਼ਾਸ ਮੁਹਿੰਮਾਂ ਚਲਾਈਆਂ।
ਉਹ ਕਹਿੰਦੇ ਹਨ, “ਮੈਂ ਪਹਿਲਕਦਮੀ ਕੀਤੀ ਤੇ ਸਿੱਖ ਵਕੀਲ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਅਸੀਂ ਨਾ ਸਿਰਫ਼ ਮੌਜੂਦਾ ਪੀੜ੍ਹੀ ਦੀ ਸਗੋਂ ਆਉਣ ਵਾਲੀ ਪੀੜ੍ਹੀ ਦੀ ਮਦਦ ਕਰਨ ਲਈ ਵੀ ਜੋ ਕਰ ਸਕਦੇ ਹਾਂ, ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ।”
ਉਹ ਦੱਸਦੇ ਹਨ, “ਇਸ ਸੰਸਥਾ ਰਾਹੀਂ ਅਸੀਂ ਕਮਿਊਨਿਟੀ ਦੇ ਉਨ੍ਹਾਂ ਮੈਂਬਰਾਂ ਦੀ ਵੀ ਮਦਦ ਕਰਦੇ ਹਾਂ ਜੋ ਸਾਡੇ ਸੈੱਲ 'ਤੇ ਆਉਂਦੇ ਹਨ ਅਤੇ ਸਾਨੂੰ ਸਮੱਸਿਆਵਾਂ ਨੂੰ ਈ-ਮੇਲ ਕਰਦੇ ਹਨ।”
ਤੀਨੈਸਾ ਦੀ ਇਸ ਸੰਸਥਾ ਕੋਲ ਏਸ਼ੀਆਈ ਭਾਈਚਾਰੇ ਦੋ ਲੋਕਾਂ ਦੇ ਮਦਦ ਦੇ ਕੇਸ ਆਉਂਦੇ ਹਨ।
ਉਹ ਆਪਣੇ ਮੁਸ਼ਕਿਲ ਦਿਨਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਮੈਂ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਤੇ ਉਦਾਸ ਦਿਨ ਦੇਖੇ ਹਨ ਮੈਨੂੰ ਜਾਣਦੀ ਹਾਂ ਜ਼ਿੰਦਗੀ ਵਿੱਚ ਅਜਿਹੀ ਸਥਿਤੀ ̛ਤੇ ਹੋਣ ਦਾ ਕੀ ਮਤਲਬ ਹੁੰਦਾ ਹੈ।”
“ਇਸ ਲਈ ਜੇ ਮੇਰੇ ਕੋਲ ਕੋਈ ਖ਼ਾਸ ਹੁਨਰ ਹੈ ਤਾਂ ਮੈਂ ਲੋਕਾਂ ਦੀ ਇਸ ਨਾਲ ਵੱਧ ਤੋਂ ਵੱਧ ਮਦਦ ਕਰਾਂਗੀ।”
ਇੱਕ ਵਕੀਲ ਵੱਜੋਂ ਤੈਨੀਸਾ ਨੂੰ ਆਪਣੇ ਆਪ ਉੱਤੇ ਮਾਣ ਹੈ। ਉਹ ਕਹਿੰਦੇ ਹਨ, “ਜਦੋਂ ਮੈਂ ਚੈਂਬਰ ਵਿੱਚ ਜਾਂਦੀ ਹਾਂ ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਮੈਂ ਇੱਕ ਸਿੱਖ ਔਰਤ ਹਾਂ ਤੇ ਇਸ ਪਦਵੀ ਉੱਤੇ ਹਾਂ।”
“ਇਹ ਮੈਨੂੰ ਬਹੁਤ ਮਾਣ ਮਹਿਸੂਸ ਕਰਵਾਉਂਦਾ ਹੈ।”
ਮੈਨੂੰ ਲੱਗਦਾ ਹੈ ਕਿ ਜੇ ਮੇਰੇ ਵਰਗੇ ਲੋਕ ਰੁਕਾਵਟਾਂ ਨੂੰ ਸਰ ਕਰ ਸਕਦੇ ਹਨ ਤਾਂ ਹੋਰ ਕੋਈ ਕਿਉਂ ਨਹੀਂ। ਮੈਂ ਸਮਝਦੀ ਹਾਂ ਕਿ ਜੇ ਮੈਂ ਦੂਜਿਆਂ ਲਈ ਰਾਹ ਤਿਆਰ ਕਰ ਸਦਕੀ ਹਾਂ ਤਾਂ ਮੈਂ ਇਹ ਹੀ ਕਰਾਂਗੀ।”

ਯੂਕੇ ਵਿੱਚ ਸਿੱਖ ਸੰਸਥਾਵਾਂ ਦੀ ਸਥਾਪਨਾ
ਤੀਨੈਸਾ ਨੇ ਯੂਕੇ ਵਿੱਚ ਸਿੱਖ ਔਰਤਾਂ ਦੀ ਕਾਨੂੰਨੀ ਮਦਦ ਲਈ ਸਾਲ 2019 ਵਿੱਚ ਲੀਗਲ ਯੂਕੇ ਕੌਰਜ਼ ਨਾਮ ਦੀ ਸੰਸਥਾ ਦੀ ਸਥਾਪਨੀ ਕੀਤੀ ਸੀ।
ਜਿੱਥੇ ਉਨ੍ਹਾਂ ਨੇ ਔਰਤਾਂ ਦੀ ਕਾਨੂੰਨੀ ਤੇ ਪੁਲਿਸ ਦੇ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕੀਤੀ।
ਇਸ ਤੋਂ ਇੱਕ ਸਾਲ ਬਾਅਦ 2020 ਵਿੱਚ ਉਨ੍ਹਾਂ ਨੇ ਸਿੱਖ ਲਾਇਰਜ਼ ਐਸੋਸੀਏਸ਼ਨ ਦੀ ਸਥਾਪਨਾ ਕੀਤੀ।
ਇਹ ਪਹਿਲਾ ਸਿੱਖ ਨੈੱਟਵਰਕ ਸੀ ਜੋ ਭਾਈਚਾਰੇ ਦੇ ਲੋਕਾਂ ਦੀ ਕਾਨੂੰਨੀ ਸਹਾਇਤਾ ਲਈ ਉਪਲੱਬਧ ਸੀ।
ਇਸ ਵਿੱਚ ਸਿੱਖ ਵਕੀਲਾਂ ਤੇ ਵਕਾਲਤ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ।
ਤੀਨੈਸਾ ਨੂੰ 2022 ਵਿੱਚ ਰਾਈਜ਼ਿੰਗ ਸਟਾਰ ਇਨ ਲਾਅ ਸਨਮਾਨ ਵੀ ਮਿਲਿਆ ਅਤੇ ਇਸੇ ਸਾਲ ਬ੍ਰਿਟਿਸ਼ ਸਿੱਖ ਅਵਾਰਡ ਖਿਤਾਬ ਵੀ ਉਨ੍ਹਾਂ ਦੇ ਨਾਂ ਰਿਹਾ।












