ਯੂਕੇ ਜਾਣ ਲਈ ਘੱਟੋ-ਘੱਟ ਤਨਖ਼ਾਹ ਦੀ ਸ਼ਰਤ ਕੀ ਹੈ? ਸਰਕਾਰ ਨੇ ਨਵਾਂ ਬਦਲਾਅ ਕੀ ਕੀਤਾ ਹੈ

ਲੰਡਨ ਪੁਲ ਦੇ ਸਾਹਮਣੇ ਸੈਲਫੀ ਲੈਂਦੇ ਕੁਝ ਦੋਸਤ

ਤਸਵੀਰ ਸਰੋਤ, Getty Images

    • ਲੇਖਕ, ਟੌਮ ਐਡਿੰਗਟਨ ਅਤੇ ਤਮਾਰਾ ਕੋਵਾਸੇਵਿਕ
    • ਰੋਲ, ਬੀਬੀਸੀ ਨਿਊਜ਼

ਯੂਕੇ ਦਾ ਵੀਜ਼ਾ ਲੈਣ ਲਈ ਘੱਟੋ-ਘੱਟੋ ਤਨਖ਼ਾਹ ਦੀ ਸ਼ਰਤ ਵਿੱਚ ਵਾਧਾ ਕੀਤਾ ਗਿਆ ਹੈ। ਇਹ ਕਦਮ ਯੂਕੇ ਵਿੱਚ ਪਰਵਾਸ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਸਰਕਾਰੀ ਉਪਰਾਲਿਆਂ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਸਾਲ 2022 ਦੌਰਾਨ ਯੂਕੇ ਵਿੱਚ ਰਿਕਾਰਡ 7,45,000 ਪਰਵਾਸੀ ਆਏ ਸਨ।

ਯੂਕੇ ਦੀ ਵੀਜ਼ਾ ਅਰਜ਼ੀ ਲਈ ਘੱਟੋ-ਘੱਟ ਕਿੰਨੀ ਤਨਖ਼ਾਹ ਹੋਣੀ ਚਾਹੀਦੀ ਹੈ?

ਯੂਕੇ ਆਉਣ ਦੇ ਜ਼ਿਆਦਾਤਰ ਚਾਹਵਾਨਾਂ ਨੂੰ ਅਜੇ ਵੀ ਅੰਕ ਅਧਾਰਿਤ ਪ੍ਰਣਾਲੀ ਤਹਿਤ ਅਰਜ਼ੀ ਦੇਣੀ ਪੈਂਦੀ ਹੈ

ਹਾਲਾਂਕਿ, 11 ਅਪ੍ਰੈਲ ਤੋਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਤਨਖ਼ਾਹ ਦੇ ਪੇਸ਼ਕਸ਼ ਪੱਤਰ ਦੀ ਲੋੜ ਹੋਵੇਗੀ।

ਉਨ੍ਹਾਂ ਨੂੰ ਪਹਿਲਾਂ ਨਾਲੋਂ 50% ਜ਼ਿਆਦਾ ਤਨਖ਼ਾਹ ਦਿਖਾਉਣੀ ਪਵੇਗੀ। ਜਿੱਥੇ ਪਹਿਲਾਂ ਇਹ ਰਕਮ ਘੱਟੋ-ਘੱਟ 26,500 ਬ੍ਰਿਟਿਸ਼ ਪੌਂਡ ਸੀ ਜੋ ਕਿ ਵਧਾ ਕੇ 38,700 ਕਰ ਦਿੱਤੀ ਗਈ ਹੈ।

ਹਾਲਾਂਕਿ, ਕੁਝ ਨੌਕਰੀਆਂ ਨੂੰ ਇਸ ਸ਼ਰਤ ਤੋਂ ਬਾਹਰ ਰੱਖਿਆ ਗਿਆ ਹੈ। ਜਿਵੇਂ ਕਿ ਸਿਹਤ ਅਤੇ ਸਮਾਜਿਕ ਸੰਭਾਲ ਅਤੇ ਅਧਿਆਪਕ ਜੋ ਕੌਮੀ ਤਨਖ਼ਾਹ ਸਕੇਲ ਉੱਤੇ ਹਨ।

ਵਿਦੇਸ਼ਾਂ ਤੋਂ ਆਉਣ ਵਾਲੇ ਸੰਭਾਲ ਕਾਮੇ ਆਪਣੇ ਉੱਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਨਹੀਂ ਲਿਆ ਸਕਣਗੇ।

ਜਦੋਂ ਸਰਕਾਰ ਵੱਲੋਂ ਇਨ੍ਹਾਂ ਕਦਮਾਂ ਦਾ ਐਲਾਨ ਕੀਤਾ ਗਿਆ ਤਾਂ ਰੌਇਲ ਕਾਲਜ ਆਫ਼ ਨਰਸਿੰਗ ਅਤੇ ਸੀਬੀਆਈ ਨੇ ਦੇਸ ਵਿੱਚ ਕਾਮਿਆਂ ਦੀ ਕਮੀ ਨਾਲ ਠੀਕ ਤਰ੍ਹਾਂ ਨਾ ਨਜਿੱਠਣ ਲਈ ਸਰਕਾਰ ਦੀ ਆਲੋਚਨਾ ਵੀ ਕੀਤੀ ਸੀ।

ਇਸ ਆਲੋਚਨਾ ਦੇ ਜਵਾਬ ਵਿੱਚ ਤਤਕਾਲੀ ਪਰਵਾਸ ਮੰਤਰੀ ਰੌਬਰਟ ਜੇਨਰਕਿ ਨੇ ਕਿਹਾ ਸੀ ਕਿ ਇਨ੍ਹਾਂ ਕਦਮਾਂ ਸਦਕਾ ਪੈਦਾ ਹੋਣ ਵਾਲੀ ਕਾਮਿਆਂ ਦੀ ਕਮੀ "ਬ੍ਰਿਟਿਸ਼ ਕਾਮਿਆਂ ਦੁਆਰਾ ਪੂਰੀ ਕੀਤੀ ਜਾਵੇਗੀ"।

ਪਰਿਵਾਰਕ ਵੀਜ਼ੇ ਬਾਰੇ ਕੀ ਨਿਯਮ ਹਨ?

ਬਕਿੰਘਮ ਪੈਲਿਸ ਦੇ ਬਾਹਰ ਇੱਕ ਸਿੱਖ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਮਿਲੀ ਵੀਜ਼ੇ ਲਈ ਤੁਹਾਨੂੰ ਅੰਗਰੇਜ਼ੀ ਦੀ ਚੰਗੀ ਜਾਣਕਾਰੀ ਹੋਣਾ ਸਾਬਤ ਕਰਨਾ ਪਵੇਗਾ ਅਤੇ ਘੱਟੋ-ਘੱਟ ਆਮਦਨੀ ਦੀ ਸ਼ਰਤ ਪੂਰੀ ਕਰਨੀ ਪਵੇਗੀ।

ਜੇ ਤੁਸੀਂ ਬ੍ਰਿਟੇਨ ਵਿੱਚ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਰਹਿਣਾ ਹੈ, ਜਿਸ ਕੋਲ ਛੇ ਮਹੀਨੇ ਤੋਂ ਜ਼ਿਆਦਾ ਰਹਿਣ ਦੀ ਪ੍ਰਵਾਨਗੀ ਹੈ, ਤਾਂ ਤੁਹਾਨੂੰ ਫੈਮਿਲੀ ਵੀਜ਼ੇ ਦੀ ਲੋੜ ਹੈ

ਸਰਕਾਰੀ ਅੰਕੜਿਆਂ ਮੁਤਾਬਕ 2023 ਸਤੰਬਰ ਨੂੰ ਖਤਮ ਹੋਏ ਸਾਲ ਦੌਰਾਨ 82,395 ਫੈਮਿਲੀ ਵੀਜ਼ਾ ਜਾਰੀ ਕੀਤੇ ਗਏ ਸਨ।

ਤੁਸੀਂ ਬ੍ਰਟੇਨ ਵਿੱਚ ਆਪਣੇ ਹੇਠ ਲਿਖੇ ਸੰਬੰਧੀਆਂ ਨਾਲ ਰਹਿਣ ਲਈ ਅਰਜ਼ੀ ਦੇ ਸਕਦੇ ਹੋ—

  • ਵਿਆਹੁਤਾ ਸਾਥੀ
  • ਮੰਗੇਤਰ ਜਾਂ ਤਜਵੀਜ਼ਸ਼ੁਦਾ ਨਾਗਰਿਕ ਸਾਥੀ
  • ਬੱਚਾ
  • ਮਾਂ-ਬਾਪ
  • ਅਜਿਹਾ ਸੰਬੰਧੀ ਜੋ ਤੁਹਾਡੀ ਲੰਬੇ ਸਮੇਂ ਤੱਕ ਦੇਖ-ਭਾਲ ਕਰੇਗਾ

ਤੁਹਾਨੂੰ ਅੰਗਰੇਜ਼ੀ ਦੀ ਚੰਗੀ ਜਾਣਕਾਰੀ ਹੋਣਾ ਸਾਬਤ ਕਰਨਾ ਪਵੇਗਾ ਅਤੇ ਘੱਟੋ-ਘੱਟ ਆਮਦਨੀ ਦੀ ਸ਼ਰਤ ਪੂਰੀ ਕਰਨੀ ਪਵੇਗੀ।

ਪਹਿਲਾਂ ਇਹ ਰਾਸ਼ੀ 38,700 ਤੱਕ ਵਧਾਈ ਜਾਣੀ ਸੀ, ਜੋ ਕਿ ਪਿਛਲੀ 18,600 ਨਾਲੋਂ ਬਹੁਤ ਜ਼ਿਆਦਾ ਵਾਧਾ ਸੀ।

ਇਸ ਤੋਂ ਇਲਾਵਾ ਨਵੇਂ ਨਿਯਮ ਕਾਰਨ ਪਰਿਵਾਰ ਵਿੱਛੜਣ ਦਾ ਡਰ ਸੀ। ਇਸ ਲਈ ਸਰਕਾਰ ਨੇ ਇਸ ਨੂੰ ਘਟਾ ਕੇ 29,000 ਪੌਂਡ ਕਰ ਦਿੱਤਾ

ਹਾਲਾਂਕਿ ਭਵਿੱਖ ਵਿੱਚ ਇਹ ਰਕਮ ਵਧੇਗੀ। ਪਹਿਲਾਂ 34,500 ਅਤੇ ਫਿਰ ਆਖਰ ਨੂੰ 38,700 ਪੌਂਡ।

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉੱਚ ਤਨਖਾਹ ਦੀ ਸ਼ਰਤ ਨੂੰ 2025 ਦੇ ਸ਼ੁਰੂਆਤ ਤੱਕ ਲਾਗੂ ਕਰ ਦਿੱਤਾ ਜਾਵੇਗਾ

ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਆਪਣਾ ਮੌਜੂਦਾ ਪਰਿਵਾਰਕ ਵੀਜ਼ਾ ਨਵਿਆਉਣ ਵਾਲਿਆਂ ਉੱਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ।

ਪੁਆਇੰਟ ਬੇਸਬਡ ਸਿਸਟਮ ਕਿਵੇਂ ਕੰਮ ਕਰਦਾ ਹੈ

ਬ੍ਰਿਟੇਨ ਵਿੱਚ ਡਾਕਟਰਾਂ ਦੀ ਟੀਮ ਕੋਈ ਵਿਚਾਰ-ਵਟਾਂਦਰਾ ਕਰਦੀ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਕਿੱਲਡ ਵੀਜ਼ੇ ਲਈ ਸਟੈਂਡਰਡ ਫੀਸ 719 ਤੋਂ 15,00 ਪੌਂਡ ਹੁੰਦੀ ਹੈ।

ਸਕਿੱਲਡ ਵਰਕਰ ਵੀਜ਼ਾ ਲੈਣ ਲਈ 70 ਅੰਕਾਂ ਦੀ ਲੋੜ ਹੁੰਦੀ ਹੈ।

ਤੁਹਾਨੂੰ ਕਿਸੇ ਘੱਟੋ-ਘੱਟ ਕੌਸ਼ਲ ਪੱਧਰ ਤੋਂ ਉੱਪਰ ਦੀ ਕਿਸੇ ਨੌਕਰੀ ਦੀ ਪੇਸ਼ਕਸ਼ ਅਤੇ ਅੰਗਰੇਜ਼ੀ ਬੋਲਣ ਦੇ 50 ਅੰਕ ਮਿਲ ਜਾਂਦੇ ਹਨ

ਬਾਕੀ ਦੇ 20 ਅੰਕ ਉੱਚੀ ਤਨਖ਼ਾਹ, ਕਾਮਿਆਂ ਦੀ ਕਮੀ ਵਾਲੇ ਖੇਤਰ ਵਿੱਚ ਕੰਮ ਜਾਂ ਸੰਬੰਧਿਤ ਪੀਐੱਚਡੀ ਦੇ ਮਿਲ ਜਾਂਦੇ ਹਨ।

ਸਕਿੱਲਡ ਵੀਜ਼ੇ ਲਈ ਸਟੈਂਡਰਡ ਫੀਸ 719 ਤੋਂ 15,00 ਪੌਂਡ ਹੁੰਦੀ ਹੈ।

ਵੀਜ਼ਾ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਰਹਿਣ ਦੇ ਸਮੇਂ ਲਈ ਹਰੇਕ ਸਾਲ ਹੈਲਥ ਕੇਅਰ ਸਰਚਾਰਜ ਵੀ ਭਰਨਾ ਪੈਂਦਾ ਹੈ।

ਇਹ ਰਕਮ ਉੱਪਰ-ਥੱਲੇ ਹੋ ਸਕਦੀ ਹੈ— ਪਰ ਅਪ੍ਰੈਲ 2024 ਤੋਂ ਸਟੈਂਡਰਡ ਫੀਸ 1,035 ਪੌਂਡ ਪ੍ਰਤੀ ਸਾਲ ਹੋਵੇਗੀ ਜਦਕਿ ਪਹਿਲਾਂ ਇਹ ਰਕਮ 624 ਪੌਂਡ ਸੀ।

ਥੁੜ੍ਹ ਵਾਲੇ ਪੇਸ਼ੇ ਕਿਹੜੇ ਹਨ

ਬ੍ਰਿਟੇਨ ਵਿੱਚ ਸਿੱਖ ਉਸਾਰੀ ਕਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੁਜ਼ਗਾਰਦਾਤੇ ਵਿਦੇਸ਼ੀ ਕਾਮਿਆਂ ਨੂੰ ਆਮ ਗੋਇੰਗ ਰੇਟ ਦਾ 80% ਦਿੰਦੇ ਸਨ।

ਥੁੜ੍ਹ ਵਾਲੇ ਪੇਸ਼ਿਆਂ ਦੀ ਸੂਚੀ ਰੁਜ਼ਗਾਰ ਦਾਤਿਆਂ ਨੂੰ ਵਿਦੇਸ਼ਾਂ ਤੋਂ ਮੁਲਾਜ਼ਮ ਭਰਤੀ ਕਰਨ ਦੀ ਛੋਟ ਦਿੰਦੀ ਹੈ।

ਇਸ ਸੂਚੀ ਵਿੱਚ ਸ਼ਾਮਲ ਹਨ—

ਰੁਜ਼ਗਾਰਦਾਤੇ ਵਿਦੇਸ਼ੀ ਕਾਮਿਆਂ ਨੂੰ ਆਮ ਗੋਇੰਗ ਰੇਟ ਦਾ 80% ਦਿੰਦੇ ਸਨ।

ਹਾਲਾਂਕਿ ਹੁਣ ਇਹ ਨਿਯਮ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਸ ਸੂਚੀ ਵਿੱਚ ਵੀ ਸ਼ਾਮਲ ਪੇਸ਼ਿਆਂ ਦੀ ਵੀ ਕਟੌਤੀ ਕੀਤੀ ਜਾ ਰਹੀ ਹੈ।

ਯੂਕੇ ਵਿੱਚ ਕਿੰਨੇ ਪ੍ਰਵਾਸੀ ਆਉਂਦੇ ਹਨ

ਬ੍ਰਿਟੇਨ ਵਿੱਚ ਇੱਕ ਸਵਾਗਤ ਫੱਟਾ
ਤਸਵੀਰ ਕੈਪਸ਼ਨ, ਜੂਨ 2023 ਵਿੱਚ ਖ਼ਤਮ ਹੋਏ ਸਾਲ ਦੌਰਾਨ 11,80,000 ਲੋਕ ਘੱਟੋ-ਘੱਟ ਇੱਕ ਸਾਲ ਰਹਿਣ ਦੀ ਉਮੀਦ ਨਾਲ ਬ੍ਰਿਟੇਨ ਆਏ ਜਦਕਿ 5,08,000 ਲੋਕ ਇੱਥੋਂ ਚਲੇ ਗਏ।

ਜੂਨ 2023 ਵਿੱਚ ਖ਼ਤਮ ਹੋਏ ਸਾਲ ਦੌਰਾਨ 11,80,000 ਲੋਕ ਘੱਟੋ-ਘੱਟ ਇੱਕ ਸਾਲ ਰਹਿਣ ਦੀ ਉਮੀਦ ਨਾਲ ਬ੍ਰਿਟੇਨ ਆਏ ਜਦਕਿ 5,08,000 ਲੋਕ ਇੱਥੋਂ ਚਲੇ ਗਏ।

ਨੈਸ਼ਨਲ ਸਟੈਟਿਸਟਿਕ ਦੇ ਦਫ਼ਤਰ ਮੁਤਾਬਕ ਇਸ ਅਰਸੇ ਦੌਰਾਨ ਕੁੱਲ ਪਰਵਾਸ (ਆਉਣ ਅਤੇ ਜਾਣ ਵਾਲਿਆਂ ਦਾ ਫਰਕ) 6,72,000 ਰਿਹਾ।

ਗੈਰ-ਯੂਰਪੀ ਦੇਸਾਂ ਤੋਂ ਆਉਣ ਵਾਲੇ ਸਿਖਰਲੀਆਂ ਪੰਜ ਕੌਮੀਅਤਾਂ ਵਿੱਚ— ਭਾਰਤੀ ਨਾਈਜੀਰੀਅਨ, ਚੀਨੀ, ਪਾਕਿਸਤਾਨੀ ਅਤੇ ਯੂਕਰੇਨੀ ਸ਼ਾਮਲ ਸਨ।

ਵਿਦਿਆਰਥੀ ਵੀਜ਼ੇ ਲਈ ਨਿਯਮ

ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਉਹ ਦੋ ਸਾਲ ਤੱਕ ਅਤੇ ਪੀਐੱਚਡੀ ਪੂਰੀ ਕਰ ਚੁੱਕੇ ਵਿਦਿਆਰਥੀ ਤਿੰਨ ਸਾਲ ਬ੍ਰਿਟੇਨ ਵਿੱਚ ਰਹਿ ਕੇ ਗਰੈਜੂਏਟ ਵੀਜ਼ੇ ਉੱਤੇ ਰਹਿ ਕੇ ਕੰਮ ਕਰ ਸਕਦੇ ਹਨ।

ਸਤੰਬਰ 2023 ਵਿੱਚ ਖ਼ਤਮ ਹੋਏ ਸਾਲ ਦੌਰਾਨ ਸਰਕਾਰ ਨੇ 4,86,107 ਸਟੱਡੀ ਵੀਜ਼ੇ ਜਾਰੀ ਕੀਤੇ।

ਇਨ੍ਹਾਂ ਵਿੱਚੋਂ ਅੱਧੇ ਭਾਰਤੀਆਂ ਅਤੇ ਚੀਨੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ— ਨਾਈਜੀਰੀਆ, ਪਾਕਿਸਤਾਨ ਅਤੇ ਅਮਰੀਕਾ ਸਨ।

ਪੋਸਟ ਗਰੈਜੂਏਟ ਕੋਰਸ ਕਰ ਰਹੇ ਵਿਦਿਆਰਥੀ, ਨਿਰਭਰਾਂ, ਵਿਆਹੁਤਾ ਸਾਥੀ (ਪਤੀ, ਪਤਨੀ), ਸਿਵਲ ਜਾਂ ਬਿਨਾਂ ਵਿਆਹ ਦਾ ਸਾਥੀ ਜਾਂ 18 ਸਾਲ ਤੋਂ ਛੋਟੇ ਬੱਚੇ ਲਈ ਵੀ ਵੀਜ਼ੇ ਦੀ ਮੰਗ ਕਰ ਸਕਦੇ ਹਨ।

ਸਤੰਬਰ 2023 ਵਿੱਚ ਖ਼ਤਮ ਹੋਏ ਸਾਲ ਦੌਰਾਨ 1, 52, 980 ਵੀਜ਼ੇ ਨਿਰਭਰਾਂ ਨੂੰ ਜਾਰੀ ਕੀਤੇ ਗਏ।

ਜਦਕਿ ਜਨਵਰੀ 2024 ਤੋਂ ਪੋਸਟ ਗਰੈਜੂਏਟ ਕੌਮਾਂਤਰੀ ਵਿਦਿਆਰਥੀ ਜੇ ਉਨ੍ਹਾਂ ਦਾ ਕੋਰਸ ਖੋਜ ਕੋਰਸ ਨਹੀਂ ਹੈ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ

ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਉਹ ਦੋ ਸਾਲ ਤੱਕ ਅਤੇ ਪੀਐੱਚਡੀ ਪੂਰੀ ਕਰ ਚੁੱਕੇ ਵਿਦਿਆਰਥੀ ਤਿੰਨ ਸਾਲ ਬ੍ਰਿਟੇਨ ਵਿੱਚ ਰਹਿ ਕੇ ਗਰੈਜੂਏਟ ਵੀਜ਼ੇ ਉੱਤੇ ਰਹਿ ਕੇ ਕੰਮ ਕਰ ਸਕਦੇ ਹਨ।

ਸਤੰਬਰ 2023 ਵਿੱਚ ਖ਼ਤਮ ਹੋਏ ਸਾਲ ਦੌਰਾਨ 1,04,501 ਅਜਿਹੇ ਵੀਜ਼ੇ ਜਾਰੀ ਕੀਤੇ ਗਏ ਸਨ।

ਸੀਜ਼ਨਲ ਕਾਮਿਆਂ ਦਾ ਕੀ

ਖੇਤ ਕਾਮੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਜ਼ਨਲ ਕਾਮਿਆਂ ਨੂੰ ਕੌਮੀ ਘੱਟੋ-ਘੱਟ ਉਜਰਤ ਦਿੱਤੀ ਜਾਣੀ ਜ਼ਰੂਰੀ ਹੈ।

ਆਰਜ਼ੀ ਕਾਮੇ ਜਿਵੇਂ ਕਿ ਫਲ ਤੋੜਨ ਵਾਲੇ ਅਤੇ ਪੋਲਟਰੀ ਕਾਮੇ ਸੀਜ਼ਨਲ ਵਰਕਰ ਵੀਜ਼ੇ ਤਹਿਤ ਆਉਂਦੇ ਹਨ।

ਸਾਲ 2023 ਅਤੇ 2024 ਲਈ 45,000 ਅਤੇ 55,000 ਸੀਜ਼ਨਲ ਵਰਕ ਵੀਜ਼ੇ ਉਪਲਭਦ ਸਨ, ਪੋਲਟਰੀ ਕਾਮਿਆਂ ਲਈ 2000 ਵੀਜ਼ੇ ਇਸ ਤੋਂ ਇਲਾਵਾ ਸਨ।

ਇਸ ਲਈ ਐਪਲੀਕੇਸ਼ਨ ਫੀਸ 298 ਪੌਂਡ ਹੈ।

ਇਨ੍ਹਾਂ ਕਾਮਿਆਂ ਨੂੰ ਕੌਮੀ ਘੱਟੋ-ਘੱਟ ਉਜਰਤ ਦਿੱਤੀ ਜਾਣੀ ਜ਼ਰੂਰੀ ਹੈ।

ਬ੍ਰੈਗਜ਼ਿਟ ਦਾ ਅਸਰ?

ਬ੍ਰੈਗਜ਼ਿਟ ਤੋਂ ਪਹਿਲਾਂ ਯੂਰਪੀ ਯੂਨੀਅਨ ਅਤੇ ਬ੍ਰਿਟੇਨ ਦੇ ਨਾਗਰਿਕ ਬਿਨਾਂ ਵੀਜ਼ਾ ਤੋਂ ਕਿਸੇ ਵੀ ਯੂਰਪੀ ਯੂਨੀਅਨ ਦੇਸ ਜਾਂ ਬ੍ਰਿਟੇਨ ਵਿੱਚ ਆ-ਜਾ ਸਕਦੇ ਸਨ।

ਹਾਲਾਂਕਿ, ਪਹਿਲੀ ਜਨਵਰੀ 2021 ਨੂੰ ਜਦੋਂ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋ ਗਿਆ ਤਾਂ ਇਹ ਖੁੱਲ੍ਹ ਖ਼ਤਮ ਹੋ ਗਈ।

ਜੂਨ 2023 ਤੋਂ ਪਿਛਲੇ 12 ਮਹੀਨਿਆਂ ਦੌਰਾਨ ਆਉਣ ਦੀ ਤੁਲਨਾ ਵਿੱਚ ਜ਼ਿਆਦਾ ਯੂਰਪੀ ਨਾਗਰਿਕ ਬ੍ਰਿਟੇਨ ਛੱਡ ਕੇ ਗਏ।

ਜਦਕਿ ਗੈਰ ਯੂਰਪੀ ਦੇਸਾਂ ਤੋਂ 7,68,000 ਲੋਕ ਬ੍ਰਿਟੇਨ ਪਹੁੰਚੇ।

ਇਸੇ ਤਰ੍ਹਾਂ ਵਾਪਸ ਆਉਣ ਵਾਲਿਆਂ ਦੀ ਤੁਲਨਾ ਵਿੱਚ ਬ੍ਰਿਟਿਸ਼ ਕੌਮੀਅਤ ਵਾਲੇ ਜ਼ਿਆਦਾ ਲੋਕ ਬ੍ਰਿਟੇਨ ਛੱਡ ਕੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)