ਪੰਜਾਬ 'ਚ 'ਨਸ਼ੇ ਦੀ ਓਵਰਡੋਜ਼' ਕਰਕੇ 2 ਜਵਾਨ ਪੁੱਤ ਗੁਆਉਣ ਵਾਲੇ ਬੇਵੱਸ ਮਾਪੇ ਮਾਨ ਸਰਕਾਰ ਨੂੰ ਕੀ ਐਕਸ਼ਨ ਲੈਣ ਲਈ ਕਹਿ ਰਹੇ

ਨਸ਼ਾ
    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਫ਼ਾਜ਼ਿਲਕਾ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਭਰਾਵਾਂ,ਰਾਹੁਲ ਅਤੇ ਸੁਸ਼ੀਲ, ਦੀ ਪਿਛਲੇ ਸਾਲ ਕਥਿਤ ਤੌਰ 'ਤੇ ਡਰੱਗ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।

ਰਾਹੁਲ ਦੀ ਉਮਰ 27 ਸਾਲ ਸੀ ਜਦਕਿ ਸੁਸ਼ੀਲ ਦੀ ਉਮਰ 23 ਸਾਲਾਂ ਦੀ ਸੀ।

ਰਾਹੁਲ ਇੱਕ ਕੰਪਿਊਟਰ ਸਾਇੰਸ ਇੰਜੀਨੀਅਰ ਸੀ ਜਦਕਿ ਸੁਸ਼ੀਲ ਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਸੀ।

ਉਨ੍ਹਾਂ ਦੀਆਂ ਲਾਸ਼ਾਂ ਘਰ ਦੇ ਨੇੜੇ ਡਰੇਨ ਵਿੱਚੋਂ ਮਿਲੀਆਂ ਸਨ।

ਕਿਰਨ ਗੁਪਤਾ
ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਕਿਰਨ ਗੁਪਤਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਲੂਪੁਰਾ ਦੇ ਵਸਨੀਕ ਹਨ

ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਕਿਰਨ ਗੁਪਤਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਲੂਪੁਰਾ ਦੇ ਵਸਨੀਕ ਹਨ।

ਓਮ ਪ੍ਰਕਾਸ਼ ਪੰਜਾਬ ਸਿਹਤ ਵਿਭਾਗ ਵਿੱਚ ਲੈਬ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਦੇ ਤਿੰਨ ਪੁੱਤਰ ਸਨ, ਜਿਨ੍ਹਾਂ 'ਚੋਂ ਦੋ ਦੀ ਕਥਿਤ ਤੌਰ 'ਤੇ ਨਸ਼ੇ ਕਾਰਨ ਮੌਤ ਹੋ ਗਈ, ਜਦਕਿ ਵੱਡਾ ਪੁੱਤਰ ਰਮੇਸ਼ ਦੇਹਰਾਦੂਨ 'ਚ ਕੰਮ ਕਰਦਾ ਹੈ।

ਕਿਰਨ ਗੁਪਤਾ ਨੇ ਬੀਬੀਸੀ ਨੂੰ ਉਹ ਥਾਂ ਦਿਖਾਉਣ ਲਈ ਡ੍ਰੇਨ 'ਤੇ ਲੈ ਗਏ ਜਿੱਥੇ ਉਸ ਦੇ ਪੁੱਤਰਾਂ ਦੀ ਮੌਤ ਹੋਈ ਸੀ।

ਭਾਵੁਕ ਹੁੰਦਿਆਂ ਕਿਰਨ ਕਹਿਣ ਲੱਗੇ, “ਮੇਰੇ ਦੋਵੇਂ ਪੁੱਤਰ ਇਥੇ ਪਏ ਸਨ। ਹੁਣ ਮੇਰੇ ਵਿੱਚ ਇਸ ਪਾਸੇ ਆਉਣ ਦੀ ਹਿੰਮਤ ਨਹੀਂ ਹੁੰਦੀ।”

ਰਾਹੁਲ ਅਤੇ ਸੁਸ਼ੀਲ
ਤਸਵੀਰ ਕੈਪਸ਼ਨ, ਰਾਹੁਲ ਇੱਕ ਕੰਪਿਊਟਰ ਸਾਇੰਸ ਇੰਜੀਨੀਅਰ ਸੀ ਅਤੇ ਸੁਸ਼ੀਲ ਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਸੀ

15 ਅਗਸਤ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਕਿ 'ਆਪ' ਸਰਕਾਰ ਅਗਲੇ ਆਜ਼ਾਦੀ ਦਿਵਸ ਤੱਕ ਸੂਬੇ ਨੂੰ ਨਸ਼ਾ ਮੁਕਤ ਕਰ ਦੇਵੇਗੀ।

ਪੰਜਾਬ ਵਿੱਚ ਨਸ਼ਾਖੋਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਅਹਿਮ ਮੁੱਦਾ ਰਹੇਗਾ।

2012-2017 ਦਰਮਿਆਨ ਅਕਾਲੀ ਦਲ ਦੀ ਸਰਕਾਰ ਦੌਰਾਨ ਨਸ਼ਿਆਂ, ਖਾਸ ਕਰਕੇ ਹੈਰੋਇਨ ਵਰਗੇ ਸਿੰਥੈਟਿਕ ਨਸ਼ਿਆਂ ਦਾ ਅਹਿਮ ਮੁੱਦਾ ਬਣਿਆ।

ਬਾਅਦ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜਨ ਦਾ ਐਲਾਨ ਕੀਤਾ।

2022 'ਚ 'ਆਪ' ਨੇ ਸੂਬੇ 'ਚ ਨਸ਼ਿਆਂ ਦੀ ਦਿੱਕਤ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ।

ਅੰਕੜਿਆਂ ਮੁਤਾਬਕ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਕਾਰਨ 240 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਐੱਨਸੀਆਰਬੀ ਮੁਤਾਬਕ ਪੰਜਾਬ ਵਿੱਚ ਸਾਲ 2022 ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਸਨ।

ਪੀੜਿਤ ਪਰਿਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ 'ਤੇ ਠੱਲ੍ਹ ਪਵੇ। ਬੀਬੀਸੀ ਨੇ ਨਸ਼ੇ ਦੇ ਮੁੱਦੇ ਦੀ ਜ਼ਮੀਨੀ ਹਕੀਕਤ ਜਣਨ ਦੀ ਕੋਸ਼ਿਸ਼ ਕੀਤੀ।

'ਪੁਲਿਸ ਨੇ ਨਸ਼ੇ ਦਾ ਨਾਮ ਨਹੀਂ ਦੱਸਿਆ'

ਕਿਰਨ ਗੁਪਤਾ
ਤਸਵੀਰ ਕੈਪਸ਼ਨ, ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤਰਾਂ ਨੂੰ ਕਿਸੇ ਨੇ ਨਸ਼ੇ ਦੀ ਓਵਰਡੋਜ਼ ਦਿਤੀ ਹੈ।

ਓਮ ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਬੇਟੇ 15 ਨਵੰਬਰ, 2023 ਨੂੰ ਸਰਕਾਰੀ ਹਸਪਤਾਲ ਤੋਂ ਬੁਪ੍ਰੇਨੋਰਫਾਈਨ (ਨਸ਼ਾ ਛੱਡਣ ਵਾਲੀ ਗੋਲੀ) ਦਵਾਈ ਲੈਣ ਗਏ ਸੀ। ਮੈਂ ਉਨ੍ਹਾਂ ਨੂੰ ਸ਼ਾਮ 4 ਵਜੇ ਫ਼ੋਨ ਕੀਤਾ, ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ 'ਤੇ ਪੰਜ ਕੋਸੀ ਪਿੰਡ ਪਹੁੰਚ ਗਏ ਹਨ।"

ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤਰਾਂ ਨੂੰ ਕਿਸੇ ਨੇ ਨਸ਼ੇ ਦੀ ਓਵਰਡੋਜ਼ ਦਿਤੀ ਹੈ।

ਓਮ ਪ੍ਰਕਾਸ਼ ਦੱਸਦੇ ਹਨ. "ਮੈਨੂੰ ਇੱਕ ਸਥਾਨਕ ਕਿਸਾਨ ਦਾ ਫ਼ੋਨ ਆਇਆ ਕਿ ਮੇਰੇ ਪੁੱਤਰ ਡਰੇਨ ਵਿੱਚ ਪਏ ਹਨ। ਜਦੋਂ ਮੈਂ ਉੱਥੇ ਗਿਆ ਅਤੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇਖੀਆਂ ਤਾਂ ਪੁਲਿਸ ਵੀ ਉੱਥੇ ਮੌਜੂਦ ਸੀ। ਮੈਂ ਆਪਣੇ ਪੁੱਤਰਾਂ ਦੀ ਨਬਜ਼ ਅਤੇ ਦਿਲ ਦੀ ਧੜਕਣ ਦੀ ਜਾਂਚ ਕੀਤੀ, ਪਰ ਉਹ ਮਰ ਚੁੱਕੇ ਸਨ।

ਉਨ੍ਹਾਂ ਮੁਤਾਬਿਕ ਪੁਲਿਸ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਹਨਾਂ ਦੇ ਪੁੱਤਰਾਂ ਦੀ ਮੌਤ ਹੋਈ ਪਰ ਪੁਲਿਸ ਨੇ ਡਰੱਗ ਦਾ ਨਾਮ ਨਹੀਂ ਦੱਸਿਆ।

ਉਹ ਕਹਿੰਦੇ ਹਨ, “ਮੇਰੇ ਬੇਟੇ ਘਰੋਂ ਪ੍ਰੀਗਾਬਾਲਿਨ ਕੈਪਸੂਲ ਅਤੇ ਬੁਪ੍ਰੇਨੋਰਫਾਈਨ ਦੀਆਂ ਗੋਲੀਆਂ ਨਾਲ ਲੈ ਕੇ ਗਏ ਸਨ। ਮੈਂ, ਆਪਣੀ ਪਤਨੀ ਦੇ ਨਾਲ ਪੁਲਿਸ ਕੋਲ ਗਿਆ, ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ। ਪੁਲਿਸ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਮੇਰੇ ਬੇਟੇ ਦਾ ਮੋਬਾਈਲ ਸਾਈਬਰ ਕ੍ਰਾਈਮ ਨੂੰ ਭੇਜਿਆ ਹੋਇਆ ਹੈ।"

ਕਿਰਨ ਗੁਪਤਾ
ਤਸਵੀਰ ਕੈਪਸ਼ਨ, ਕਿਰਨ ਗੁਪਤਾ ਕਹਿੰਦੇ ਹਨ, "ਉਹ ਸਾਡੀ ਜਾਣਕਾਰੀ ਦੇ ਬਿਨ੍ਹਾਂ ਨਸ਼ੇ ਦਾ ਸੇਵਨ ਕਰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਰਹੇ ਪਰ ਉਹ ਗਲਤ ਸਮਾਜ ਨਾਲ ਜੁੜ ਗਏ ਸਨ।"

ਫਿਲਹਾਸ ਓਮ ਪ੍ਰਕਾਸ਼ ਇਨਸਾਫ਼ ਦੀ ਮੰਗ ਕਰ ਰਹੇ ਹਨ।

ਓਮ ਪ੍ਰਕਾਸ਼ ਨੇ ਦੱਸਿਆ, "ਮੇਰੇ ਪੁੱਤਰਾਂ ਨੇ ਕਰੀਬ 3 ਜਾਂ 4 ਸਾਲ ਪਹਿਲਾਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਭੁੱਕੀ ਤੇ ਬਾਅਦ ਵਿੱਚ ਹੋਰ ਨਸ਼ੇ... । ਮੈਨੂੰ ਉਨ੍ਹਾਂ ਦੇ ਨਸ਼ੇ ਦੀ ਆਦਤ ਬਾਰੇ ਪਤਾ ਨਹੀਂ ਲੱਗਿਆ।"

ਰਾਹੁਲ ਅਤੇ ਸੁਸ਼ੀਲ ਦੀ ਮਾਂ ਕਿਰਨ ਗੁਪਤਾ ਦੱਸਦੇ ਹਨ, "ਅਸੀਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਮੇਰੇ ਪੁੱਤਰਾਂ ਨੂੰ ਇਨਸਾਫ਼ ਮਿਲੇ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਮੇਰੇ ਪੁੱਤਰਾਂ ਦੀ ਮੌਤ ਕਿਸ ਨਸ਼ੇ ਨਾਲ ਹੋਈ ਹੈ, ਤੇ ਉਨ੍ਹਾਂ ਨੂੰ ਨਸ਼ਾ ਕਿਸਨੇ ਦਿੱਤਾ।"

ਕਿਰਨ ਗੁਪਤਾ ਕਹਿੰਦੇ ਹਨ, "ਉਹ ਸਾਡੀ ਜਾਣਕਾਰੀ ਦੇ ਬਿਨ੍ਹਾਂ ਨਸ਼ੇ ਦਾ ਸੇਵਨ ਕਰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਰਹੇ ਪਰ ਉਹ ਗਲਤ ਸਮਾਜ ਨਾਲ ਜੁੜ ਗਏ ਸਨ।"

ਉਹ ਕਹਿੰਦੇ ਹਨ, “ਉਹ ਪਹਿਲਾਂ ਵੀ ਨਸ਼ੇ ਕਰਦੇ ਸਨ ਜਿਵੇਂ ਕਿ ਟੀਕੇ, ਗੋਲੀਆਂ ਜਾਂ ਕੈਪਸੂਲ। ਹੁਣ ਸਾਡੇ ਕੋਲ ਇੱਕ ਬੱਚਾ ਰਹਿ ਗਿਆ ਹੈ। ”

ਕਿਰਨ ਕਹਿੰਦੇ ਹਨ, “ਬੱਚੇ ਮਾਪਿਆਂ ਲਈ ਬੱਚੇ ਹੀ ਰਹਿੰਦੇ ਹਨ ਭਾਵੇਂ ਉਹ ਕਿੰਨੇ ਵੀ ਚੰਗੇ ਜਾਂ ਮਾੜੇ ਕਿਉਂ ਨਾ ਹੋਣ। ਅਸੀਂ ਸਰਕਾਰ ਨੂੰ ਨਸ਼ਿਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ ਤਾਂ ਜੋ ਘਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।”

ਰਮੇਸ਼
ਤਸਵੀਰ ਕੈਪਸ਼ਨ, ਰਮੇਸ਼ ਮ੍ਰਿਤਕ ਰਾਹੁਲ ਅਤੇ ਸੁਸ਼ੀਲ ਦਾ ਭਰਾ ਹੈ।

ਰਾਹੁਲ ਅਤੇ ਸੁਸ਼ੀਲ ਦੇ ਵੱਡੇ ਭਰਾ ਰਮੇਸ਼ ਕਹਿੰਦੇ ਹਨ, “ਮੇਰੇ ਭਰਾ ਦੇ ਦੇਹਾਂਤ ਤੋਂ ਬਾਅਦ, ਮੈਨੂੰ ਲੱਗਾ ਕਿ ਮੇਰੀਆਂ ਦੋਵੇਂ ਬਾਹਾਂ ਟੁੱਟ ਗਈਆਂ ਹਨ। ਮੈਂ ਹੁਣ ਕੁਝ ਨਹੀਂ ਕਰ ਸਕਦਾ ਕਿਉਂਕਿ ਨੌਕਰੀ ਕਰਨਾ ਜਾਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਾ ਮੁਸ਼ਕਲ ਹੈ। ਮੇਰੇ ਪਿਤਾ ਦੀਆਂ ਤਿੰਨ ਸਰਜਰੀਆਂ ਹੋਈਆਂ, ਅਤੇ ਮੈਂ ਸਮਝ ਨਹੀਂ ਸਕਿਆ ਕਿ ਹੁਣ ਕੀ ਕਰਨਾ ਹੈ।''

ਉਹ ਅੱਗੇ ਕਹਿੰਦੇ ਹਨ, "ਮੇਰਾ ਆਪਣੇ ਛੋਟੇ ਭਰਾ ਸੁਸ਼ੀਲ ਨਾਲ ਬਹੁਤ ਮੋਹ ਸੀ, ਪਰ ਬਦਕਿਸਮਤੀ ਨਾਲ, ਉਹ ਗਲਤ ਸੰਗਤ ਵਿੱਚ ਪੈ ਗਿਆ।"

ਪੁਲਿਸ ਫੋਰੈਂਸਿਕ ਰਿਪੋਰਟ ਦੀ ਉਡੀਕ ਕਰ ਰਹੀ ਹੈ

ਫਾਜ਼ਿਲਕਾ ਪੁਲਿਸ ਨੇ ਸੁਸ਼ੀਲ ਕੁਮਾਰ ਅਤੇ ਰਾਹੁਲ ਕੁਮਾਰ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਓਮ ਪ੍ਰਕਾਸ਼ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਣ ਖਿਲਾਫ ਥਾਣਾ ਖੂਈਆਂ ਸਰਵਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀਸੀ ਨੇ ਰਾਹੁਲ ਅਤੇ ਸੁਸ਼ੀਲ ਮਾਮਲੇ ਦੀ ਮੌਜੂਦਾ ਸਥਿਤੀ ਜਾਣਨ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਖੂਹੀਆਂ ਸਰਵਰ ਥਾਣੇ ਦਾ ਦੌਰਾ ਕੀਤਾ।

ਪੁਲਿਸ ਸਟੇਸ਼ਨ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਇਸ ਮਾਮਲੇ ਵਿੱਚ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਮਿਲਣੀਆਂ ਹਨ ।

ਉਨ੍ਹਾਂ ਮੰਨਿਆ ਕਿ ਰਾਹੁਲ ਅਤੇ ਸੁਸ਼ੀਲ ਦੋਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਬਾਰੇ ਅੰਕੜੇ

  • ਪੰਜਾਬ ਪੁਲਿਸ ਦੇ ਅੰਕੜਿਆਂ ਮੁੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੀ ਓਵਰਡੋਜ਼ ਕਾਰਨ ਕਥਿਤ ਤੌਰ ਤੇ ਲਗਭਗ 242 ਮੌਤਾਂ ਹੋਈਆਂ ਹਨ।
  • ਜਦੋਂਕਿ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ 144 ਸਨ, ਜਦਕਿ ਰਾਜਸਥਾਨ ਵਿੱਚ 117 ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਈਆਂ ਜੋ ਦੂਸਰੇ ਸਥਾਨ 'ਤੇ ਸੀ।
  • ਐੱਨਸੀਆਰਬੀ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 2022 ਵਿੱਚ ਦੇਸ਼ ਵਿੱਚ ਕੁੱਲ 737 ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਰਜ ਕੀਤੀਆਂ ਗਈਆਂ ਸਨ।
  • ਇਸੇ ਤਰ੍ਹਾਂ ਇਸ ਕੇਂਦਰੀ ਏਜੰਸੀ ਦੇ ਅੰਕੜਿਆਂ ਮੁੁਤਾਬਕ ਸਾਲ 2021 ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਲਗਭਗ 737 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਦਕਿ ਪੰਜਾਬ 78 ਮੌਤਾਂ ਨਾਲ ਤੀਜੇ ਸਥਾਨ 'ਤੇ ਸੀ।
  • ਪੰਜਾਬ ਪੁਲਿਸ ਮੁਤਾਬਿਕ ਸੂਬੇ ਵਿਚ ਸਾਲ 2022 ਵਿਚ 168 ਡਰੱਗ ਓਵਰਡੋਜ਼ ਨਾਲ ਮੌਤਾਂ ਹੋਈਆਂ ਤੇ 2023 ਵਿਚ ਕੁਲ 66 ਮੌਤਾਂ ਹੋਈਆਂ ਹਨ।

'ਆਪ' ਸਰਕਾਰ ਦੌਰਾਨ ਕਿੰਨਾਂ ਨਸ਼ਾ ਫੜਿਆ ਗਿਆ

ਪੰਜਾਬ ਪੁਲਿਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਰਚ 2022 ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਆਉਣ ਤੋਂ ਬਾਅਦ 2100 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ।

ਪੰਜਾਬ ਨੇ ਨਸ਼ਿਆਂ ਨਾਲ ਸਬੰਧਤ 23483 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ ਅਤੇ 32000 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਕੁੱਲ ਨਸ਼ੀਲੇ ਪਦਾਰਥਾਂ ਦੇ 87% ਕੇਸ ਗੈਰ-ਵਪਾਰਕ ਮਾਤਰਾ ਨਾਲ ਸਬੰਧਤ ਦਰਜ ਕੀਤੇ ਗਏ ਸਨ, ਜਦਕਿ ਵਪਾਰਕ ਮਾਤਰਾ ਦੇ ਸਬੰਧ ਵਿੱਚ 2861 ਕੇਸ ਦਰਜ ਕੀਤੇ ਗਏ ਸਨ।

ਇਹ ਅੰਕੜੇ ਅੱਗੇ ਦੱਸਦੇ ਹਨ ਕਿ ਪੁਲਿਸ ਨੇ 'ਆਪ' ਸਰਕਾਰ ਦੇ ਸ਼ਾਸਨ ਦੌਰਾਨ ਲਗਭਗ 1800 ਕਿਲੋਗ੍ਰਾਮ ਅਫੀਮ, 14.5 ਕਰੋੜ ਗੋਲੀਆਂ, ਕੈਪਸੂਲ ਜਾਂ ਟੀਕੇ ਜ਼ਬਤ ਕੀਤੇ ਹਨ।

ਪੰਜਾਬ ਨੇ 355 ਨਸ਼ਿਆਂ ਦੇ ਕੇਸਾਂ ਵਿੱਚ 142 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ, ਜਦੋਂ ਕਿ 31 ਕੇਸਾਂ ਵਿੱਚ ਸਮਰੱਥ ਅਧਿਕਾਰੀ ਕੋਲ 26 ਕਰੋੜ ਰੁਪਏ ਦੀ ਜਾਇਦਾਦ ਬਕਾਇਆ ਪਈ ਹੈ। ਦਿਲਚਸਪ ਗੱਲ ਇਹ ਹੈ ਕਿ ਨਸ਼ੇ ਦੇ ਮਾਮਲਿਆਂ ਵਿੱਚ 2500 ਤੋਂ ਵੱਧ ਲੋਕ ਭਗੌੜੇ ਜਾਂ ਫਰਾਰ ਹਨ।

ਸਰਹੱਦੀ ਰਾਜਾਂ 'ਚ ਸਭ ਤੋਂ ਵੱਧ ਸਿੰਥੈਟਿਕ ਡਰੱਗਜ਼ ਹਨ: ਏਮਜ਼

ਪ੍ਰੋਫੈਸਰ ਡਾ. ਜਤਿੰਦਰ ਅਨੇਜਾ
ਤਸਵੀਰ ਕੈਪਸ਼ਨ, ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਜਤਿੰਦਰ ਅਨੇਜਾ

ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਜਤਿੰਦਰ ਅਨੇਜਾ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਨੈਸ਼ਨਲ ਮੈਂਟਲ ਹੈਲਥ ਸਰਵੇ ਵਾਂਗ ਪੰਜਾਬ ਅਤੇ ਰਾਸ਼ਟਰੀ ਪੱਧਰ 'ਤੇ ਨਸ਼ਿਆਂ ਦੀ ਸਮੱਸਿਆ 'ਤੇ ਕਈ ਅਧਿਐਨ ਕੀਤੇ ਗਏ ਸਨ।

ਇਨ੍ਹਾਂ ਵਿੱਚ ਪਾਇਆ ਗਿਆ ਹੈ ਕਿ ਤੰਬਾਕੂ ਸਭ ਤੋਂ ਵੱਧ ਖਪਤ ਵਾਲਾ ਨਸ਼ਾ ਹੈ, ਉਸ ਤੋਂ ਬਾਅਦ ਸ਼ਰਾਬ, ਫਿਰ ਅਫੀਮ-ਅਧਾਰਤ ਨਸ਼ੇ ਜਿਵੇਂ ਕਿ ਸਿੰਥੈਟਿਕ ਡਰੱਗ - ਹੈਰੋਇਨ ਅਤੇ ਹੋਰ।

ਡਾ. ਜਤਿੰਦਰ ਅਨੇਜਾ ਨੇ ਅੱਗੇ ਦੱਸਦੇ ਹਨ ਕਿ ਅੰਕੜਿਆਂ ਅਨੁਸਾਰ ਹੈਰੋਇਨ ਦੀ ਸਮੱਸਿਆ ਪੰਜਾਬ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਦੇਸ਼ ਦੇ ਦੂਜੇ ਰਾਜਾਂ ਨਾਲੋਂ ਵੱਧ ਹੈ ਕਿਉਂਕਿ ਇਹ ਰਾਜ ਅੰਤਰਰਾਸ਼ਟਰੀ ਸਰਹੱਦਾਂ ਨਾਲ ਲੱਗਦੇ ਹਨ, ਅਤੇ ਨਸ਼ਿਆਂ ਦੀ ਤਸਕਰੀ ਵਧੇਰੇ ਹੁੰਦੀ ਹੈ।

ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਬਾਰੇ ਡਾ: ਅਨੇਜਾ ਕਹਿੰਦੇ ਹਨ, "ਅਸੀਂ ਡਰੱਗ ਓਵਰਡੋਜ਼ ਦੇ ਬਹੁਤ ਸਾਰੇ ਮਾਮਲਿਆਂ ਨਾਲ ਨਜਿੱਠਿਆ ਹੈ ਜੋ ਮੁੱਖ ਤੌਰ 'ਤੇ ਟੀਕੇ ਰਾਹੀਂ ਹੈਰੋਇਨ ਦਾ ਸੇਵਨ ਕਰਨ ਕਾਰਨ ਹੋਏ ਹਨ। ਨਸ਼ੇ ਦੇ ਆਦਿ ਜਿਹੜੇ ਟੀਕੇ ਰਾਹੀਂ ਹੈਰੋਇਨ ਲੈਂਦੇ ਹਨ, ਉਨ੍ਹਾਂ ਦੇ ਦਿਲ ਵਿੱਚ ਇਨਫੈਕਸ਼ਨ ਜਾਂ ਗੱਠ ਬਣ ਜਾਂਦੀ ਹੈ। ਜੋ ਅੱਗੇ ਦਿਮਾਗ ਵਿੱਚ ਦਾਖਲ ਹੁੰਦੀ ਹੈ। ਅਸੀਂ ਅਜਿਹੇ ਮਰੀਜ਼ ਵੀ ਦੇਖੇ ਹਨ ਜੋ ਕੋਮਾ ਦੀ ਸਥਿਤੀ ਵਿੱਚ ਗਏ ਸਨ।''

ਡਾ: ਅਨੇਜਾ ਦਾ ਕਹਿਣਾ ਹੈ, "ਬਹੁਤ ਸਾਰੇ ਨਵੇਂ ਸਿੰਥੈਟਿਕ ਡਰੱਗਜ਼ ਹਨ ਜੋ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਵਿੱਚ ਵੀ ਨਹੀਂ ਲੱਭੇ ਗਏ ਸਨ। ਨਸ਼ੇ ਦੀ ਲਤ ਨਾ ਸਿਰਫ਼ ਆਦਿ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਉਸ ਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਦੀ ਹੈ।"

ਸਾਡੀ ਸਰਕਾਰ ਵਿੱਚ ਨਸ਼ਾ ਘਟਿਆ ਹੈ - ਆਪ

ਨੀਲ ਗਰਗ
ਤਸਵੀਰ ਕੈਪਸ਼ਨ, 'ਆਪ' ਦੇ ਬੁਲਾਰੇ ਨੀਲ ਗਰਗ

ਬੀਬੀਸੀ ਪੰਜਾਬੀ ਨੇ 'ਆਪ' ਦੇ ਬੁਲਾਰੇ ਤੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਕਾਰਪੋਰੇਸ਼ਨ, ਨੀਲ ਗਰਗ ਨਾਲ ਨਸ਼ੇ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ।

ਨੀਲ ਗਰਗ ਨੇ ਕਿਹਾ, "ਮੈਂ ਇਹ ਦਾਅਵਾ ਨਹੀਂ ਕਰਦਾ ਕਿ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ, ਪਰ ਅਸੀਂ ਉਨ੍ਹਾਂ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਹੈ। ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਉੱਚ ਤਕਨੀਕੀ ਪੁਲਿਸਿੰਗ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ।"

ਨੀਲ ਜ਼ਿਕਰ ਕਰਦੇ ਹਨ, "ਇਹ ਮੰਨਿਆ ਜਾ ਰਿਹਾ ਹੈ ਕਿ ਜਿੱਥੇ ਬੇਰੁਜ਼ਗਾਰੀ ਹੈ, ਉੱਥੇ ਨਸ਼ੇ ਦੀ ਦਿੱਕਤ ਹੋਣ ਦੀ ਸੰਭਾਵਨਾ ਹੈ। 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਦੋ ਸਾਲਾਂ ਦੇ ਅੰਦਰ ਅਸੀਂ 70,000 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਹੈ ਅਤੇ 43,000 ਨੌਕਰੀਆਂ ਦਿਤੀਆਂ ਹਨ।''

ਨੀਲ ਗਰਗ ਨੇ ਕਿਹਾ, "ਇਹ ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਇਕੱਲੇ ਇਸ ਮੁੱਦੇ ਨਾਲ ਨਜਿੱਠ ਨਹੀਂ ਸਕਦੀ ਭਾਵੇ ਉਸਦੀ ਪੂਰੀ ਸਿਆਸੀ ਇੱਛਾ ਹੋਵੇ ਪਰ ਇਸ ਦਾ ਖਾਤਮਾ ਉਦੋਂ ਹੀ ਹੋਵੇਗਾ ਜਦੋਂ ਪੰਜਾਬ ਦੇ ਲੋਕ ਇਸ ਮੁੱਦੇ ਲਈ ਮਜ਼ਬੂਤੀ ਨਾਲ ਖੜ੍ਹੇ ਹੋਣਗੇ ਤੇ ਸਰਕਾਰ ਦਾ ਸਾਥ ਦੇਣਗੇ''

ਹਰਦੀਪ ਸਿੰਘ
ਤਸਵੀਰ ਕੈਪਸ਼ਨ, ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਦੀਪ ਸਿੰਘ

ਪਿਛਲੇ ਸਾਲ ਦੌਰਾਨ ਪੰਜਾਬ ਦੇ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਨਸ਼ਾਖੋਰੀ ਨੂੰ ਕਾਬੂ ਕਰਨ ਲਈ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਸੀ।

ਬੀਬੀਸੀ ਨਿਊਜ਼ ਪੰਜਾਬੀ ਨੇ ਬਠਿੰਡਾ ਦੇ ਪਿੰਡ ਮੌੜ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ।

ਹਰਦੀਪ ਸਿੰਘ ਕਹਿੰਦੇ ਹਨ, “ਸਾਡੇ ਪਿੰਡ ਵਿੱਚ ਪਿਛਲੇ ਦੋ-ਤਿੰਨ ਸਾਲਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨ ਮਰ ਗਏ ਸਨ। ਦਰਅਸਲ ਲੋਕ ਸਮਾਜਿਕ ਬਦਨਾਮੀ ਦੇ ਡਰ ਤੋਂ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦਾ ਖੁਲਾਸਾ ਕਰਨ ਤੋਂ ਡਰਦੇ ਹਨ। ਮੈਂ ਕਹਾਂਗਾ ਕਿ ਜੇਕਰ ਅਸੀਂ ਖੁੱਲ੍ਹ ਕੇ ਗੱਲ ਕਰਾਂਗੇ ਤਾਂ ਹੀ ਅਸੀਂ ਨਸ਼ਿਆਂ 'ਤੇ ਕਾਬੂ ਪਾ ਸਕਦੇ ਹਾਂ।

ਉਨ੍ਹਾਂ ਅਪੀਲ ਕੀਤੀ, “ਪੰਜਾਬ ਸਰਕਾਰ ਸਿੰਥੈਟਿਕ ਨਸ਼ਿਆਂ ਦਾ ਖਾਤਮਾ ਕਰੇ ਅਤੇ ਰਾਜਸਥਾਨ ਵਾਂਗ ਭੁੱਕੀ ਨੂੰ ਕਾਨੂੰਨੀ ਮਾਨਤਾ ਦੇਵੇ।”

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)