ਕੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਨਸ਼ੇ ਨੂੰ ਅਪਰਾਧਾਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਨਾਲ ਕੋਈ ਫ਼ਰਕ ਪਿਆ

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਨਸ਼ੇ ਦਾ ਸਭ ਤੋਂ ਵੱਧ ਅਸਰ ਬ੍ਰਿਟਿਸ਼ ਕੋਲੰਬੀਆ ਵਿੱਚ ਹੈ, ਜਿੱਥੇ ਇਸ ਸੰਕਟ ਨੂੰ 2016 ਵਿੱਚ 'ਪਬਲਿਕ ਹੈੱਲਥ ਇਮਰਜੈਂਸੀ' ਐਲਾਨਿਆ ਗਿਆ ਸੀ।
    • ਲੇਖਕ, ਨਾਦਿਨ ਯੁਸੂਫ਼
    • ਰੋਲ, ਬੀਬੀਸੀ ਲਈ

ਪਿਛਲੇ ਸਾਲ ਕੈਨੇਡਾ ਦਾ ਸੂਬਾ ਅਜਿਹਾ ਪਹਿਲਾ ਸੂਬਾ ਬਣਿਆ ਜਿੱਥੇ ਹਾਰਡ ਡਰੱਗਜ਼ ਦੀ ਵਰਤੋਂ ਨੂੰ ਅਪਰਾਧਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ।

ਇਹ ਫ਼ੈਸਲਾ ਜਾਨਲੇਵਾ ਨਸ਼ਿਆ ਨੂੰ ਨਜਿੱਠਣ ਲਈ ਲਿਆ ਗਿਆ।

ਪਰ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਮਗਰੋਂ ਇਸ ਦਾ ਭਵਿੱਖ ਧੁੰਦਲਾ ਹੋ ਗਿਆ ਹੈ।

ਹਰੇਕ ਸੋਮਵਾਰ ਨੂੰ ਵੈਨਕੂਵਰ ਦੇ ਸਾਬਕਾ ਮੇਅਰ ਕੈਨੇਡੀ ਸਟੀਵਰਟ ਨੂੰ ਅਜਿਹੇ ਲੋਕਾਂ ਦੀ ਸੂਚੀ ਈਮੇਲ ਰਾਹੀਂ ਮਿਲਦੀ ਸੀ ਜਿਨ੍ਹਾਂ ਦੀ ਪਿਛਲੇ ਹਫ਼ਤੇ ਵੱਧ ਮਾਤਰਾ ਵਿੱਚ ਨਸ਼ੇ ਲੈਣ ਕਾਰਨ ਮੌਤ ਹੋ ਗਈ ਸੀ।

ਤਿੰਨ ਸਾਲ ਪਹਿਲਾਂ ਇੱਕ ਦਿਨ ਇਸ ਸੂਚੀ ਵਿੱਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦਾ ਨਾਮ ਸੀ। ਇਹ ਰਿਸ਼ਤੇਦਾਰ ਸੀ ਸੁਸਨ ਹੈਵਲੋਕ।

ਸਟੀਵਰਟ ਨੇ ਡਾਊਨਟਾਊਨ ਵੈਨਕੂਵਰ ਵਿਚਲੇ ਆਪਣੇ ਦਫ਼ਤਰ ਦੀ ਖਿੜਕੀ ਵਿੱਚੋਂ ਬਾਹਰ ਵੱਲ ਇਸ਼ਾਰਾ ਕਰਦਿਆਂ ਬੀਬੀਸੀ ਨੂੰ ਦੱਸਿਆ, “ਉਹ ਇਸ ਗਲੀ ਵਿੱਚ ਸਵੇਰ ਦੇ ਦੋ ਵਜੇ ਮਰ ਗਈ ਸੀ।”

ਉਨ੍ਹਾਂ ਦੱਸਿਆ, “ਜਦੋਂ ਤੁਹਾਡੇ ਪਰਿਵਾਰ ਤੱਕ ਇਸ ਦਾ ਮਾੜਾ ਅਸਰ ਪਹੁੰਚ ਜਾਵੇ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਹਾਲਾਤ ਕਿੰਨੇ ਮਾੜੇ ਹਨ।”

ਬ੍ਰਿਟਿਸ਼ ਕੋਲੰਬੀਆ
ਤਸਵੀਰ ਕੈਪਸ਼ਨ, ਬ੍ਰਿਟਿਸ਼ ਕੋਲੰਬੀਆ ਅਜਿਹੀ ਨੀਤੀ ਲਿਆਉਣ ਵਾਲਾ ਕੈਨੇਡਾ ਦਾ ਪਹਿਲਾ ਅਤੇ ਇੱਕੋ-ਇੱਕ ਸੂਬਾ ਸੀ।

ਨੀਤੀ ਦੀ ਲੋੜ ਕਿਉਂ ਪਈ

ਉੱਤਰ ਅਮਰੀਕਾ ਵਿੱਚ ਨਸ਼ਾ ਇੱਕ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਪਿਛਲੇ ਸਾਲ ਡਰੱਗ ਓਵਰਡੋਜ਼ ਦੇ ਮਾਮਲੇ ਅਮਰੀਕਾ ਵਿੱਚ ਪਹਿਲੀ ਵਾਰ 112000 ਤੋਂ ਵਧੇ ਹਨ।

ਕੈਨੇਡਾ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਬ੍ਰਿਟਿਸ਼ ਕੋਲੰਬੀਆ ਵਿੱਚ ਹੈ, ਜਿੱਥੇ ਇਸ ਸੰਕਟ ਨੂੰ 2016 ਵਿੱਚ 'ਪਬਲਿਕ ਹੈੱਲਥ ਇਮਰਜੈਂਸੀ' ਐਲਾਨਿਆ ਗਿਆ ਸੀ।

ਪਿਛਲੇ ਸਾਲ ਸੂਬੇ ਵਿੱਚ ਡਰੱਗ ਓਵਰਡੋਜ਼ ਕਾਰਨ 2500 ਤੋਂ ਵੱਧ ਮੌਤਾਂ ਸਾਹਮਣੇ ਆਈਆਂ।

ਬ੍ਰਿਟਿਸ਼ ਕੋਲੰਬੀਆ ਵਿੱਚ ਅੰਦਾਜ਼ਨ 225,000 ਲੋਕ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ਕਰਦੇ ਹਨ।

ਮਾਹਰਾਂ ਮੁਤਾਬਕ ਗਲੀਆਂ ਵਿੱਚ ਮਿਲਦੀਆਂ ਫੈਂਟੈਨਾਇਲ ਅਤੇ ਹੋਰ ਵਸਤਾਂ ਵਾਲੇ ਇਸ ਨਸ਼ੇ ਕਾਰਨ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੈ।

ਇਸ ਸੰਕਟ ਨਾਲ ਨਜਿੱਠਣ ਦੇ ਲਈ ਜਨਵਰੀ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਘੱਟ ਮਾਤਰਾ ਵਿੱਚ ਹਾਰਡ ਡਰੱਗਜ਼ ਦੇ ਬਰਾਮਦ ਹੋਣ ਨੂੰ ਗ਼ੈਰ-ਕਾਨੂੰਨੀ ਕਰ ਦਿੱਤਾ ਗਿਆ ਸੀ।

ਬ੍ਰਿਟਿਸ਼ ਕੋਲੰਬੀਆ ਅਜਿਹੀ ਨੀਤੀ ਲਿਆਉਣ ਵਾਲਾ ਕੈਨੇਡਾ ਦਾ ਪਹਿਲਾ ਅਤੇ ਇੱਕੋ-ਇੱਕ ਸੂਬਾ ਸੀ।

ਇਸ ਦਾ ਮੰਤਵ ਨਸ਼ੇ ਦੀ ਆਦਤ ਨਾਲ ਲੜ ਰਹੇ ਲੋਕਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਸੀ।

ਇਹ ਪਾਇਲਟ ਪ੍ਰੋਜੈਕਟ 2026 ਤੱਕ ਚੱਲੇਗਾ। ਇਸ ਤਹਿਤ 2.5 ਗਰਾਮ ਹੈਰੋਇਨ, ਫੈਂਟਾਨਿਲ, ਕੋਕੇਨ ਅਤੇ ਮੈਥਾਮਫੇਟਾਮਾਈਨ ਬਰਾਮਦ ਹੋਣ ਉੱਤੇ ਬਾਲਗਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।

ਇਹ ਛੋਟ ਸਕੂਲਾਂ ਦੇ ਦੁਆਲੇ ਜਾਂ ਏਅਰਪੋਰਟ ਉੱਤੇ ਲਾਗੂ ਨਹੀਂ ਹੋਵੇਗੀ।

ਕਿਉਂ ਵਿਰੋਧ ਹੋ ਰਿਹਾ ਹੈ

ਸਟੀਵਰਟ
ਤਸਵੀਰ ਕੈਪਸ਼ਨ, ਵੈਨਕੂਵਰ ਦੇ ਮੇਅਰ ਰਹੇ ਸਟੀਵਰਟ ਬ੍ਰਿਟਿਸ਼ ਕੋਲੰਬੀਆਂ ਵਿੱਚ ਇਸ ਨੀਤੀ ਨੂੰ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।

ਇਹ ਪ੍ਰੋਜੈਕਟ ਸਾਲ ਤੋਂ ਵੱਧ ਸਮਾਂ ਪੂਰਾ ਹੁੰਦਿਆਂ ਹੀ ਕਈ ਵਸਨੀਕਾਂ ਅਤੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਿਆ ਹੈ। ਉਹ ਇਸ ਨੂੰ ‘ਇੱਕ ਨੁਕਸਾਨ ਕਰਨ ਵਾਲਾ ਤਜਰਬਾ’ ਆਖ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਰਾਖੀ ਲਈ ਪ੍ਰਬੰਧ ਕੀਤੇ ਬਗ਼ੈਰ ਇਸ ਨੂੰ ਲਾਗੂ ਕੀਤਾ ਗਿਆ ਹੈ ਅਤੇ ਇਹ ਡਰੱਗ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਵੀ “ਪੂਰੀ ਤਰ੍ਹਾਂ ਅਸਫ਼ਲ” ਰਹੀ ਹੈ।

ਬ੍ਰਿਟਿਸ਼ ਕੋਲੰਬੀਆ ਵੱਲੋਂ ਬਿਲ ਲਿਆਂਦਾ ਗਿਆ ਜਿਸ ਦਾ ਮੰਤਵ ਅਜਿਹੀਆਂ ਥਾਵਾਂ ਵਿੱਚ ਵਾਧਾ ਕਰਨਾ ਸੀ ਜਿੱਥੇ ਨਸ਼ੇ ਦੀ ਵਰਤੋਂ ਵਿੱਚ ਮਨਾਹੀ ਹੋਵੇਗੀ।ਇਨ੍ਹਾਂ ਥਾਵਾਂ ਵਿੱਚ ਸਕੂਲ, ਏਅਰਪੋਰਟ, ਖੇਡ ਦੇ ਮੈਦਾਨ, ਰਿਹਾਇਸ਼ੀ ਅਤੇ ਵਪਾਰਕ ਥਾਵਾਂ ਹੋਣਗੀਆਂ।

ਇਸ ਬਿੱਲ ਉੱਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ, ਸੁਪਰੀਮ ਕੋਰਟ ਨੇ ਇਸ ਲਈ ਇਹ ਹਵਾਲਾ ਦਿੱਤਾ ਹੈ ਕਿ ਇਹ ਨਸ਼ੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ‘ਨਾ ਠੀਕ ਹੋਣ ਵਾਲਾ ਨੁਕਸਾਨ ਹੋਵੇਗਾ’।

ਇਸ ਨੀਤੀ ਦੇ ਸਮਰਥਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਜਨਤਾ ਵਿੱਚ ਇਸ ਦੀ ਪ੍ਰਵਾਨਗੀ ਘੱਟ ਰਹੀ ਹੈ।

ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਡਿਪਟੀ ਚੀਫ਼ ਫਿਓਨਾ ਵਿਲਸਨ ਕਹਿੰਦੇ ਹਨ, “ਇਹ ਅਸਲ ਵਿੱਚ ਬਹੁਤ ਮੰਦਭਾਗਾ ਹੈ।”

ਫਿਓਨਾ ਬੀਸੀ ਵਿਚਲੀ ਐਸੋਸੀਏਸ਼ਨ ਆਫ਼ ਚੀਫ਼ ਆਫ਼ ਪੁਲਿਸ ਦੇ ਪ੍ਰਧਾਨ ਵੀ ਹਨ।

ਉਹ ਕਹਿੰਦੇ ਹਨ, “ਅੰਤ ਵਿੱਚ ਅਸੀਂ ਇੱਕੋ ਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਾਂ, ਅਸੀਂ ਡਰੱਗ ਦੀ ਵਰਤੋਂ ਕਰਨ ਕਰਕੇ ਲੋਕਾਂ ਨੂੰ ਅਪਰਾਧੀ ਨਹੀਂ ਬਣਾਉਣਾ ਚਾਹੁੰਦੇ ਜਿਸ ਨੂੰ ਕਿ ਸਿਹਤ ਸਬੰਧੀ ਮਾਮਲਾ ਸਮਝਣਾ ਚਾਹੀਦਾ ਹੈ।”

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰ ਅਮਰੀਕਾ ਵਿੱਚ ਨਸ਼ਾ ਇੱਕ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਪਿਛਲੇ ਸਾਲ ਡਰੱਗ ਓਵਰਡੋਜ਼ ਦੇ ਮਾਮਲੇ ਅਮਰੀਕਾ ਵਿੱਚ ਪਹਿਲੀ ਵਾਰ 112000 ਤੋਂ ਵਧੇ ਹਨ।

ਇਹ ਬਹਿਸ ਵੈਨਕੂਵਰ ਜਿਹੇ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਪਰ ਪੋਰਟ ਕੋਕੁਈਟਲਾਮ ਜਿਹੇ ਛੋਟੇ ਸ਼ਹਿਰਾਂ ਵਿੱਚ ਵੀ ਹੈ। ਕੋਕੁਈਟਲਾਮ ਇੱਕ ਛੋਟਾ ਕਸਬਾ ਹੈ ਜੋ ਕਿ ਵੈਨਕੂਵਰ ਦੇ ਪੂਰਬ ਵਿੱਚ ਸਥਿਤ ਹੈ, ਇੱਥੇ ਕਾਫੀ ਜਨਤਕ ਪਾਰਕ, ਘਰ ਅਤੇ ਸੈਰਗਾਹਾਂ ਵੀ ਹਨ।

ਇੱਥੇ ਇਕ ਬੱਚੇ ਦੇ ਜਨਮ ਦਿਨ ਮੌਕੇ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਕਿ ਮੇਅਰ ਬ੍ਰੈਡ ਵੈੱਸਟ ਨੂੰ ਬਹੁਤ ਪਰੇਸ਼ਾਨ ਕੀਤਾ।

ਵੈਸਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਕ ਪਰਿਵਾਰ ਕੋਲੋਂ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ਇੱਕ ਬੰਦੇ ਨੂੰ ਇੱਕ ਪਾਰਟੀ ਨੇੜੇ ਸਥਾਨਕ ਪਾਰਕ ਵਿੱਚ ਨਸ਼ੇ ਦੀ ਵਰਤੋ ਕਰਦੇ ਵੇਖਿਆ ਸੀ।

ਜਦੋਂ ਪਰਿਵਾਰ ਵਾਲਿਆਂ ਨੇ ਉਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉੱਥੋਂ ਜਾਣ ਤੋਂ ਮਨ੍ਹਾ ਕਰ ਦਿੱਤਾ।

ਅਜਿਹੀਆਂ ਕਹਾਣੀਆਂ ਵੀ ਸੁਣਨ ਨੂੰ ਮਿਲੀਆਂ ਜਦੋਂ ਨਸ਼ੇ ਨਾਲ ਸਬੰਧਤ ਸਮਾਨ ਪਾਰਕਾਂ ਵਿੱਚ ਖਿਲ੍ਹਰਿਆ ਮਿਲਿਆ, ਲੋਕਾਂ ਨੇ ਕਈ ਕੁੱਤਿਆਂ ਨੂੰ ਗਲਤੀ ਨਾਲ ਧਰਤੀ ਉੱਤੇ ਪਏ ਨਸ਼ੀਲੇ ਪਦਾਰਥ ਵੀ ਖਾਂਦੇ ਦੇਖਿਆ।

ਜੂਨ ਦੇ ਮਹੀਨੇ ਪੋਰਟ ਕੋਕੁਇਟਲਾਮ ਨੇ ਸਰਬ ਸੰਮਤੀ ਨਾਲ ਜਨਤਕ ਥਾਵਾਂ ਉੱਤੇ ਨਸ਼ੇ ਦੇ ਸੇਵਨ ਦੇ ਵਿਰੋਧ ਵਿੱਚ ਕਾਨੂੰਨ ਪਾਸ ਕੀਤੇ, ਹੋਰ ਇਲਾਕਿਆਂ ਨੇ ਵੀ ਅਜਿਹੇ ਕਦਮ ਚੁੱਕੇ।

ਨਸ਼ੀਲੇ ਪਦਾਰਥਾਂ ਨੂੰ ਅਪਰਾਧਕ ਪਦਾਰਥਾਂ ਦੀ ਸੂਚੀ ਵਿੱਚੋਂ ਇਸ ਅਧਾਰ ਉੱਤੇ ਬਾਹਰ ਕੱਢਿਆ ਗਿਆ ਕਿ ਨਸ਼ੇ ਖਿਲਾਫ਼ ਜੰਗ ਅਸਫ਼ਲ ਰਹੀ ਹੈ।

ਗਾਏ
ਤਸਵੀਰ ਕੈਪਸ਼ਨ, ਗਾਏ ਵੈਨਕੂਵਰ ਅਧਾਰਤ ਕਾਰਕੁਨ ਹਨ ਜੋ C ਘਟਾਉਣ ਅਤੇ ਨਸ਼ੇ ਤੋਂ ਉਭਾਰਨ ਬਾਰੇ ਵਕਾਲਤ ਕਰਦੇ ਹਨ।

ਨਸ਼ੇ ਦੀ ਆਦਤ ਵਿੱਚ ਫਸੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਜਾਂ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਕਬਜ਼ੇ ਵਿੱਚ ਲੈਣ ਨਾਲ ਉਨ੍ਹਾਂ ਵੱਲੋਂ ਹੋਰ ਨਸ਼ੇ ਦੇ ਪਦਾਰਥ ਲੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਅਪਰਾਧਕ ਰਿਕਾਰਡ ਕਾਰਨ ਉਨ੍ਹਾਂ ਨੂੰ ਨੌਕਰੀ ਮਿਲਣ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ।

ਗਾਏ ਫੇਲਿਸੇਲਾ ਨੇ ਕਿਹਾ, “ਮੈਨੂੰ ਅੱਧਾ ਗ੍ਰਾਮ ਕੋਕੇਨ ਦੇ ਲਈ 9 ਮਹੀਨਿਆਂ ਲਈ ਜੇਲ੍ਹ ਵਿੱਚ ਸੁੱਟਿਆ ਗਿਆ।”

ਗਾਏ ਵੈਨਕੂਵਰ ਅਧਾਰਤ ਕਾਰਕੁਨ ਹਨ ਜੋ ਨਸ਼ੇ ਘਟਾਉਣ ਅਤੇ ਨਸ਼ੇ ਤੋਂ ਉਭਾਰਨ ਬਾਰੇ ਵਕਾਲਤ ਕਰਦੇ ਹਨ।

ਉਹ ਨਸ਼ੇ ਤੋਂ ਬਾਹਰ ਸਾਲ 2013 ਵਿਚ ਆਏ ਸਨ, ਉਨ੍ਹਾਂ ਨੇ ਛੇ ਵਾਰ ਵੱਧ ਮਾਤਰਾ ਵਿੱਚ ਡਰੱਗ ਲਏ ਸਨ।

ਉਹ ਕਹਿੰਦੇ ਹਨ ਕਿ ਨਸ਼ੇ ਨੂੰ ਅਪਰਾਧਾਂ ਦੀ ਸੂਚੀ ਵਿੱਚੋਂ ਕੱਢਣ ਨਾਲ ਕਾਨੂੰਨੀ ਸਜ਼ਾ ਦਾ ਡਰ ਘਟਾਉਣ ਵਿੱਚ ਮਦਦ ਹੋਣੀ ਸੀ।

ਇਹ ਵੀ ਪੜ੍ਹੋ-

ਪੁਰਤਗਾਲ ਵਿੱਚ ਵੀ ਲਿਆਂਦੀ ਗਈ ਸੀ ਨੀਤੀ

ਪੁਰਤਗਾਲ ਵਿੱਚ ਨਸ਼ੇ ਨੂੰ ਅਪਰਾਧ ਦੀ ਸੂਚੀ ਵਿੱਚੋਂ 2001 ਵਿੱਚ ਕੱਢਿਆ ਗਿਆ ਸੀ ਇੱਥੇ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਬਾਕੀ ਮੁਲਕਾਂ ਦੇ ਮੁਕਾਬਲੇ ਘੱਟ ਹਨ।

ਇਸ ਦੀ ਸਫ਼ਲਤਾ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਓਰੇਗੋਨ ਸੂਬੇ ਨੇ ਨਸ਼ੇ ਨੂੰ ਅਪਰਾਧਾਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ।

ਪਰ ਇਨ੍ਹਾਂ ਤਿੰਨਾਂ ਥਾਵਾਂ ਉੱਤੇ ਨੀਤੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਓਰੇਗੋਨ ਵਿੱਚ ਨੀਤੀ ਘਾੜਿਆਂ ਨੇ ਮਾਰਚ ਵਿੱਚ ਇਸ ਨੀਤੀ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ, ਇਹ ਕਿਹਾ ਗਿਆ ਹੈ ਕਿ ਇਸ ਨਾਲ ਅਸ਼ਾਂਤੀ ਅਤੇ ਨਸ਼ੇ ਦੀ ਵਰਤੋਂ ਵਧੇਗੀ।

ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਨੀਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ, ਇਹ ‘ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਕਰੇਗਾ।

ਹੁਣ ਤੱਕ ਅਦਾਲਤਾਂ ਇਸ ਦਲੀਲ ਦੇ ਪੱਖ ਵਿੱਚ ਰਹੀਆਂ ਹਨ, ਇਸ ਨੂੰ ਰਲਵਾਂ-ਮਿਲਵਾਂ ਪ੍ਰਤੀਕਰਮ ਮਿਲ ਰਿਹਾ ਹੈ।

ਮੇਅਰ ਵੈਸਟ ਕਹਿੰਦੇ ਹਨ, ‘ਅਦਾਲਤਾਂ ਨੂੰ ਲੋਕਾਂ ਬਾਰੇ ਜਾਣਕਾਰੀ ਨਹੀਂ ਹੈ।'

ਲਿਸਾ ਲਾਪੋਇੰਟੇ ਸਥਾਨਕ ਖ਼ਬਰ ਅਦਾਰੇ ਸਿਟੀ ਨਿਊਜ਼ ਨੂੰ ਆਪਣੇ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ, “ਲੋਕਾਂ ਵੱਲੋਂ ਜਨਤਕ ਤੌਰ ਉੱਤੇ ਨਸ਼ੇ ਦੀ ਵਰਤੋਂ ਕੀਤੇ ਜਾਣਾ ਠੀਕ ਅਨੁਭਵ ਨਹੀਂ ਹੈ।''

“ਪਰ ਸਭ ਤੋਂ ਵੱਧ ਦਿੱਕਤ ਕਿਸ ਨੂੰ ਹੋ ਰਹੀ ਹੈ ਉਨ੍ਹਾਂ ਨੂੰ ਜਿਹੜੇ ਆਪਣੇ ਆਰਾਮਦੇਹ ਘਰਾਂ ਵਿੱਚ ਵਾਪਸ ਆਉਣਾ ਚਾਹੁੰਦੇ ਹਨ ਜਾਂ ਉਹ ਜੋ ਬੇਘਰ ਹਨ ਅਤੇ ਹਾਲਾਤਾਂ ਦਾ ਮੁਕਾਬਲਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।”

ਵੈਨਕੂਵਰ ਵਿਚਲਾ ਡਾਊਨਟਾਊਨ ਈਸਟਸਾਈਡ ਉਹ ਇਲਾਕਾ ਹੈ ਜਿਹੜਾ ਲੰਬੇ ਸਮੇਂ ਤੋਂ ਗਰੀਬੀ ਅਤੇ ਨਸ਼ੇ ਜਿਹੇ ਸਮਾਜਿਕ ਮੁੱਦਿਆਂ ਨਾਲ ਉਲਝਦਾ ਰਿਹਾ ਹੈ। ਇੱਥੇ ਕਾਰਕੁਨਾਂ ਵੱਲੋਂ ਸਿਆਸੀ ਆਗੂਆਂ ਉੱਤੇ ਸਮਾਜ ਵਿੱਚ “ਮੌਰਲ ਪੈਨਿਕ”(ਸਮਾਜ ਵਿੱਚ ਨੈਤਿਕਤ ਦੇ ਖ਼ਤਰੇ ਵਿੱਚ ਹੋਣ ਦਾ ਡਰ) ਦੇ ਬੀਜ ਬੀਜੇ ਜਾ ਰਹੇ ਹਨ।

ਅੰਕੜੇ ਕੀ ਕਹਿੰਦੇ ਹਨ

ਵੈਨਕੂਵਰ ਏਰੀਆ ਨੈਟਵਰਕ ਆਫ ਡਰੱਗ ਯੂਜ਼ਰਜ਼ ਦੀ ਮੈਂਬਰ ਗੈਰਥ ਮੁਲਿਨਸ ਕਹਿੰਦੇ ਹਨ, “ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਬੁਰਾ ਬਣਾਉਣ ਜਾਂ ਉਨ੍ਹਾਂ ਉੱਤੇ ਇਲਜ਼ਾਮ ਲਗਾਉਣ ਨਾਲ ਵੋਟਾਂ ਵਿੱਚ ਫਾਇਦਾ ਹੁੰਦਾ ਹੈ।”

ਇਸ ਬਾਰੇ ਕੋਈ ਡੇਟਾ ਨਹੀਂ ਹੈ ਕਿ ਇਸ ਨੀਤੀ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ੇ ਦੀ ਖ਼ਪਤ ਕਿੰਨੀ ਵਧੀ ਹੈ ਪਰ ਨੀਤੀ ਦੇ ਪਹਿਲੇ ਸਾਲ ਵਿੱਚ ਨਸ਼ਾ ਬਰਾਮਦ ਹੋਣ ਦੇ ਮਾਮਲਿਆਂ ਵਿੱਚ 76 ਫ਼ੀਸਦ ਨਿਘਾਰ ਆਇਆ ਹੈ।

ਡੇਟਾ ਇਹ ਵੀ ਦਰਸਾਉਂਦਾ ਹੈ ‘ਡਰੱਗ ਚੈਕਿੰਗ ਸਰਵਿਸਸ’ (ਜਿੱਥੇ ਜਾ ਕੇ ਲੋਕ ਆਪਣੇ ਡਰੱਗ ਨੂੰ ਫੈਂਟਾਨਾਇਲ ਜਾਂ ਹੋਰ ਪਦਾਰਥਾਂ ਦਾ ਪ੍ਰੀਖਣ ਕਰਵਾ ਸਕਦੇ ਹਨ) ਅਤੇ ‘ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ’ (ਜਿੱਥੇ ਲੋਕ ਨਿਗਰਾਨੀ ਹੇਠ ਨਸ਼ੇ ਦੀ ਵਰਤੋਂ ਕਰ ਸਕਦੇ ਹਨ) ਵਿੱਚ ਸੇਵਾਵਾਂ ਲੈਣ ਵਾਲੇ ਲੋਕਾਂ ਦਾ ਗਿਣਤੀ ਵਧੀ ਹੈ।

ਹਾਲਾਂਕਿ ਮੌਤ ਦਰ ਵਧਣੀ ਜਾਰੀ ਰਹੀ। ਇਸ ਨੀਤੀ ਦੇ ਆਉਣ ਤੋਂ ਬਾਅਦ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ 5 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ।

ਨਸ਼ਾ

ਤਸਵੀਰ ਸਰੋਤ, Getty Images

ਸੂਬੇ ਦੇ ਮੁਖ ਕੋਰੋਨਰ ਲੈਪੋਇੰਟੇ ਕਹਿੰਦੇ ਹਨ ਕਿ ਇਸ ਨੀਤੀ ਅਤੇ ਮੌਤਾਂ ਵਿੱਚ ਵਧਣ ਵਿਚਾਲੇ ਕੋਈ ਸਬੰਧ ਨਹੀਂ ਹੈ। ਉਹ ਕਹਿੰਦੇ ਹਨ ਕਿ ਮੌਤਾਂ ਲਈ “ਨਕਲੀ ਫੈਂਟੇਨਾਇਲ ਜ਼ਿੰਮੇਵਾਰ’ ਹੈ।

ਉਹ ਅਤੇ ਹੋਰ ਸਰਕਾਰੀ ਸਿਹਤ ਅਧਿਕਾਰੀ ਇਹ ਕਹਿੰਦੇ ਹਨ ਕਿ ਇਹ ਨੀਤੀ ਇਸ ਮੁਸ਼ਕਲ ਨਾਲ ਨਜਿੱਠਣ ਲਈ ਜ਼ਰੂਰੀ ਤਰੀਕਿਆਂ ਵਿਚੋਂ ਇੱਕ ਹਨ।

2018 ਤੋਂ 2022 ਵਿੱਚ ਵੈਨਕੂਵਰ ਦੇ ਮੇਅਰ ਰਹੇ ਸਟੀਵਰਟ ਬ੍ਰਿਟਿਸ਼ ਕੋਲੰਬੀਆਂ ਵਿੱਚ ਇਸ ਨੀਤੀ ਨੂੰ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।

ਉਹ ਚੋਣਾਂ ਵਿੱਚ ਕੇਨ ਸਿਮ ਤੋਂ 22000 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।

ਕੇਨ ਸਿਮ ਸੈਂਟਰ ਰਾਈਟ ਧੜੇ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਨੇ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ਹੋਰ ਪੁਲਿਸ ਅਫਸਰਾਂ ਨੂੰ ਭਰਤੀ ਕਰਨ ਅਤੇ ਬੇਘਰੇ ਕੈਂਪਾਂ ਨੂੰ ਸਾਫ਼ ਕਰਨ ਦੇ ਵਾਅਦੇ 'ਤੇ ਪ੍ਰਚਾਰ ਕੀਤਾ ਸੀ।

ਮਿਸਟਰ ਸਿਮ ਸੂਬੇ ਵਿੱਚ ਕੁਝ ਜਨਤਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਸੀਮਤ ਕਰਨ ਦਾ ਵੀ ਸਮਰਥਨ ਕਰਦੇ ਹਨ। ਇਹ ਰਾਜਨੀਤਕ ਤਬਦੀਲੀ ਦਾ ਸੰਕੇਤ ਦਿੰਦਾ ਹੈ

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ, ਮਿਸਟਰ ਸਿਮ ਨੇ ਕਿਹਾ ਕਿ ਡਰੱਗ ਸੰਕਟ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਲਈ "ਵਿਨਾਸ਼ਕਾਰੀ" ਅਤੇ 'ਨਿੱਜੀ' ਸੰਕਟ ਹੈ।

ਪਰ ਉਹ ਮੰਨਦੇ ਹਨ ਕਿ ਗੰਭੀਰ ਨਸ਼ਾਖੋਰੀ ਵਾਲੇ ਲੋਕਾਂ ਦਾ ਸਮਰਥਨ ਕਰਨ ਅਤੇ "ਬੱਚਿਆਂ ਅਤੇ ਪਰਿਵਾਰਾਂ ਲਈ ਖੇਤਰਾਂ ਨੂੰ ਸੁਰੱਖਿਅਤ ਰੱਖਣ" ਵਿਚਕਾਰ "ਨਾਜ਼ੁਕ ਸੰਤੁਲਨ" ਦੀ ਲੋੜ ਹੈ।

ਸਟੀਵਰਟ ਦਾ ਮੰਨਣਾ ਹੈ ਕਿ ਵੈਨਕੂਵਰ ਦੇ ਲੋਕ ਹਾਲ ਹੀ ਦੇ ਸਾਲਾਂ ਵਿੱਚ ਬਦਲ ਗਏ ਹਨ ਉਹ ਦਲੀਲ ਦਿੰਦੇ ਹਨ ਅਸਮਾਨ ਨੂੰ ਛੂਹਣ ਵਾਲੇ ਪ੍ਰਾਪਟਰੀ ਦੇ ਭਾਅ ਅਤੇ ਮਹਿੰਗਾਈ ਕਾਰਨ ਵਧ ਰਹੀਆਂ ਲਾਗਤਾਂ ਨਾਲ ਲੋਕ ਆਪਣੇ ਬਾਰੇ ਸੋਚਣ ਤੱਕ ਸੀਮਤ ਹੋ ਗਏ ਹਨ

ਉਹ ਕਹਿੰਦੇ ਹਨ ਕਿ ਇਕ ਚੀਜ਼ ਜੋ ਨਹੀਂ ਬਦਲੀ ਹੈ ਡਰੱਗ ਸੰਕਟ ਦੀ ਗੰਭੀਰਤਾ ਹੈ।

ਸਟੀਵਰਟ ਕਹਿੰਦੇ ਹਨ, "ਉਹ ਈਮੇਲਾਂ ਅਜੇ ਵੀ ਹਰ ਸੋਮਵਾਰ ਨੂੰ ਨਵੇਂ ਮੇਅਰ ਦੇ ਇਨਬਾਕਸ ਵਿੱਚ ਆ ਰਹੀਆਂ ਹਨ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)