ਅਲ੍ਹੱੜ ਉਮਰੇ ਸਾਈਬਰ ਠੱਗ ਬਣਨ ਤੋਂ ਲੈ ਕੇ ਮੋਸਟ ਵਾਂਟਿਡ ਅਪਰਾਧੀ ਬਣਨ ਤੱਕ ਦੀ ਕਹਾਣੀ

 ਜੂਲੀਅਸ ਕਿਵਿਮਾਕੀ

ਤਸਵੀਰ ਸਰੋਤ, Europol

ਤਸਵੀਰ ਕੈਪਸ਼ਨ, ਯੂਰਪ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਹੈਕਰ ਜੂਲੀਅਸ ਕਿਵਿਮਾਕੀ ਨੂੰ ਆਖਰਕਾਰ ਜੇਲ੍ਹ ਭੇਜ ਦਿੱਤਾ ਗਿਆ ਹੈ।
    • ਲੇਖਕ, ਜੋ ਟਿਡੀ
    • ਰੋਲ, ਬੀਬੀਸੀ ਪੱਤਰਕਾਰ

ਯੂਰਪ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਹੈਕਰ ਜੂਲੀਅਸ ਕਿਵਿਮਾਕੀ ਨੂੰ ਆਖਰਕਾਰ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਲਜ਼ਾਮ ਹੈ ਕਿ ਜੂਲੀਅਸ ਨੇ ਥੈਰੇਪੀ ਕਰਵਾਉਣ ਵਾਲੇ 33,000 ਮਰੀਜ਼ਾਂ ਦੇ ਸੈਸ਼ਨ ਨੋਟਸ ਚੋਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।

11 ਸਾਲਾਂ ਤੋਂ ਚੱਲੀ ਆ ਰਹੀ ਸਾਈਬਰ ਅਪਰਾਧਾਂ ਦੀ ਲੜੀ ਜੂਲੀਅਸ ਨੂੰ ਜੇਲ੍ਹ ਭੇਜੇ ਜਾਣ ਨਾਲ ਖ਼ਤਮ ਹੋ ਗਈ।

ਇਹ ਉਦੋਂ ਸ਼ੁਰੂ ਹੋਇਆ ਜਦੋਂ ਉਹ ਮਹਿਜ਼ 13 ਸਾਲਾਂ ਦਾ ਸੀ ਅਤੇ ਇੱਕ ਕਿਸ਼ੋਰ ਹੈਕਿੰਗ ਸਮੂਹ ਦਾ ਸਰਗਰਮ ਹਿੱਸਾ ਸੀ।

ਸ਼ਨੀਵਾਰ ਦਾ ਦਿਨ ਸੀ, ਟੀਨਾ ਆਰਾਮ ਕਰ ਰਹੀ ਸੀ ਜਦੋਂ ਉਨ੍ਹਾਂ ਦੇ ਫ਼ੋਨ ਦੀ ਘੰਟੀ ਵੱਜੀ। ਇਹ ਇੱਕ ਅਣਜਾਣ ਵਿਅਕਤੀ ਵਲੋਂ ਭੇਜੀ ਗਈ ਈਮੇਲ ਸੀ।

ਇਸ ਈਮੇਲ ਵਿੱਚ ਉਸਦਾ ਨਾਮ ਸਮਾਜਿਕ ਸੁਰੱਖਿਆ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਸ਼ਾਮਲ ਸੀ।

ਉਹ ਕਹਿੰਦੇ ਹਨ, "ਪਹਿਲਾਂ ਤਾਂ ਮੈਂ ਈ-ਮੇਲ ਦੇ ਨਿਮਰ ਅਤੇ ਸਹਿਜ਼ ਲਹਿਜ਼ੇ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ।"

ਈਮੇਲ ਦੀ ਸ਼ੁਰੂਆਤ, "ਪਿਆਰੀ ਮਿਸੇਜ਼ ਪਾਰਿਕਾ" ਲਿਖਿਆ ਸੀ ਅਤੇ ਫਿਰ ਸਮਝਾਇਆ ਗਿਆ ਸੀ ਕਿ ਜਿਸ ਸਾਈਕੋਥੈਰੇਪੀ ਸੈਂਟਰ ਵਿੱਚ ਉਹ ਇਲਾਜ ਕਰਵਾਉਂਦੀ ਸੀ ਉਥੋਂ ਉਸ ਦੀ ਨਿੱਜੀ ਜਾਣਕਾਰੀ ਲਈ ਗਈ ਹੈ।''

ਤਕਰੀਬਨ ਮੁਆਫੀ ਮੰਗਣ ਵਾਲੇ ਲਹਿਜੇ ਵਿੱਚ ਇਹ ਈਮੇਲ ਵਿੱਚ ਲਿਖਿਆ ਗਿਆ ਸੀ ਕਿ ਉਸ ਨਾਲ ਨਿੱਜੀ ਤੌਰ 'ਤੇ ਸੰਪਰਕ ਕੀਤਾ ਜਾ ਰਿਹਾ ਸੀ ਕਿਉਂਕਿ ਕੰਪਨੀ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਕਿ ਮਰੀਜ਼ ਦੀ ਜਾਣਕਾਰੀ ਚੋਰੀ ਹੋ ਗਈ ਸੀ।

ਟੀਨਾ ਪਰਿਕਾ

ਤਸਵੀਰ ਸਰੋਤ, Jesse Posti, Digiliekki

ਤਸਵੀਰ ਕੈਪਸ਼ਨ, ਟੀਨਾ ਪਾਰਿਕਾ

ਫਿਰੌਤੀ ਨਾ ਦੇਣ 'ਤੇ ਦਸਤਾਵੇਜ਼ ਆਨਲਾਈਨ ਕਰਨ ਦੀ ਧਮਕੀ

ਟੀਨਾ ਦੇ ਥੈਰੇਪਿਸਟ ਨੇ ਜੋ ਦੋ ਸਾਲਾਂ ਦਾ ਰਿਕਾਰਡ ਰੱਖਿਆ ਸੀ, ਜਿਸ ਵਿੱਚ ਦਰਜਨਾਂ ਬਾਰੇ ਬੇਹੱਦ ਗੁਪਤ ਜਾਣਕਾਰੀ ਸੀ, ਉਹ ਸਭ ਉਸ ਅਣਜਾਣ ਬਲੈਕਮੇਲਰ ਦੇ ਹੱਥ ਲੱਗ ਗਈ ਸੀ।

ਬਲੈਕਮੇਲਰ ਵੱਲੋਂ ਕਿਹਾ ਗਿਆ ਕਿ ਜੇਕਰ ਉਸ ਨੇ 24 ਘੰਟਿਆਂ ਦੇ ਅੰਦਰ ਫਿਰੌਤੀ ਦੀ ਅਦਾਇਗੀ ਨਾ ਕੀਤੀ ਤਾਂ ਇਹ ਸਾਰੀ ਜਾਣਕਾਰੀ ਆਨਲਾਈਨ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।

ਉਹ ਕਹਿੰਦੇ ਹਨ,"ਇਹ ਇੱਕ ਦਮ ਘੁੱਟਣ ਵਾਲਾ ਅਹਿਸਾਸ ਸੀ।"

''ਮੈਂ ਮਹਿਸੂਸ ਕੀਤਾ ਕਿ ਕਿਸੇ ਨੇ ਮੇਰੀ ਨਿੱਜੀ ਜ਼ਿੰਦਗੀ 'ਤੇ ਹਮਲਾ ਕੀਤਾ ਹੈ ਅਤੇ ਮੇਰੇ ਸਦਮੇ ਰਾਹੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।''

ਫਿਰ ਟੀਨਾ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਨਹੀਂ ਸੀ।

ਅਸਲ ਵਿੱਚ ਇਲਾਜ ਅਧੀਨ ਕੁੱਲ 33,000 ਮਰੀਜ਼ਾਂ ਦਾ ਰਿਕਾਰਡ ਚੋਰੀ ਹੋ ਗਿਆ। ਹਜ਼ਾਰਾਂ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।

ਫਿਨਲੈਂਡ ਵਿੱਚ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਪੀੜਤਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

ਵਸਤਾਮੋ ਸਾਈਕੋਥੈਰੇਪੀ ਦੇ ਡੇਟਾਬੇਸ ਤੋਂ ਚੋਰੀ ਕੀਤੇ ਗਏ ਇਨ੍ਹਾਂ ਰਿਕਾਰਡਾਂ ਵਿੱਚ ਬੱਚਿਆਂ ਸਣੇ ਸਮਾਜ ਦੇ ਕਈ ਵਰਗਾਂ ਦੇ ਡੂੰਘੇ ਰਾਜ਼ ਸਨ।

ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਲੈ ਕੇ ਅਪਰਾਧ ਦੇ ਇਕਬਾਲ ਕਰਨ ਤੱਕ ਦੀਆਂ ਗੱਲਾਂਬਾਤਾਂ ਇਨ੍ਹਾਂ ਰਿਕਾਰਡਾਂ ਵਿੱਚ ਸ਼ਾਮਲ ਸਨ, ਜੋ ਹੁਣ ਸੌਦੇਬਾਜ਼ੀ ਦਾ ਸਾਧਨ ਬਣ ਗਈਆਂ ਸਨ।

ਫਿਨਲੈਂਡ ਸਥਿਤ ਸਾਈਬਰ ਸਕਿਓਰਿਟੀ ਫਰਮ ਵਿਡਸਕਿਓਰ ਦੇ ਮਿੱਕੋ ਹਾਈਪੋਨੇਨ ਨੇ ਇਸ ਸਾਈਬਰ ਹਮਲੇ 'ਤੇ ਰਿਸਰਚ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਇਹ ਮਾਮਲਾ ਕਈ ਦਿਨਾਂ ਤੱਕ ਅਖਬਾਰਾਂ ਦੇ ਬੁਲੇਟਿਨਾਂ ਵਿੱਚ ਪ੍ਰਮੁੱਖ ਰਿਹਾ।

ਉਹ ਕਹਿੰਦੇ ਹਨ, "ਇਸ ਪੈਮਾਨੇ 'ਤੇ ਹੈਕਿੰਗ ਫਿਨਲੈਂਡ ਲਈ ਇੱਕ ਵੱਡਾ ਸੰਕਟ ਸੀ, ਹਰ ਕੋਈ ਕਿਸੇ ਅਜਿਹੇ ਵਿਅਕਤੀ ਨੂੰ ਜਾਣਦਾ ਸੀ ਜੋ ਪੀੜਤ ਸੀ।"

'ਰੈਨਸਮ_ਮੈਨ' ਦੇ ਨਾਂ ਤੋਂ ਆਉਂਦੀ ਸੀ ਈਮੇਲ

ਇਹ ਸਭ ਸਾਲ 2020 ਵਿੱਚ ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ ਵਿੱਚ ਹੋਇਆ ਸੀ।

ਇਸ ਮਾਮਲੇ ਨੇ ਸਾਈਬਰ ਸੁਰੱਖਿਆ ਦੀ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਈਮੇਲ ਦਾ ਪ੍ਰਭਾਵ ਵਿਨਾਸ਼ਕਾਰੀ ਸੀ।

2,600 ਪੀੜਤਾਂ ਦਾ ਕੇਸ ਲੜਨ ਵਾਲੇ ਵਕੀਲ ਜੈਨੀ ਰਾਇਸਕਿਓ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਨਾਲ ਉਨ੍ਹਾਂ ਲੋਕਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਨੇ ਨਿੱਜੀ ਜਾਣਕਾਰੀ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਆਪਣੀ ਜਾਨ ਲੈ ਲਈ ਸੀ।

ਆਨਲਾਈਨ ਸਾਈਨ ਆਫ਼ ਹੋਣ ਕਾਰਨ ਬਲੈਕਮੇਲਰ ਜਿਸ ਨੂੰ "ਰੈਮਸਮ_ਮੈਨ" ਕਿਹਾ ਜਾਂਦਾ ਹੈ ਨੇ 24 ਘੰਟਿਆਂ ਦੇ ਅੰਦਰ ਪੀੜਤਾਂ ਤੋਂ 200 ਯੂਰੋ ਦੀ ਮੰਗ ਕੀਤੀ ਸੀ।

ਇਸ ਦੇ ਨਾਲ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਪੈਸੇ ਸਮੇਂ ਸਿਰ ਨਾ ਮਿਲੇ ਤਾਂ ਉਹ ਫਿਰੌਤੀ ਦੀ ਰਕਮ ਵਧਾ ਕੇ 500 ਯੂਰੋ ਕਰ ਦੇਵੇਗਾ।

ਤਕਰੀਬਨ 20 ਲੋਕਾਂ ਨੇ ਫਿਰੌਤੀ ਦੀ ਰਕਮ ਦੇ ਦਿੱਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਹੁਤ ਦੇਰ ਹੋ ਚੁੱਕੀ ਸੀ।

ਕਿਉਂਕਿ ਉਨ੍ਹਾਂ ਲੋਕਾਂ ਦੀ ਜਾਣਕਾਰੀ ਪਹਿਲਾਂ ਹੀ ਆਨਲਾਈਨ ਪ੍ਰਕਾਸ਼ਿਤ ਹੋ ਚੁੱਕੀ ਹੈ।

"ਰੈਨਸਮ_ਮੈਨ" ਨੇ ਗ਼ਲਤੀ ਨਾਲ ਡਾਰਕ ਵੈੱਬ 'ਤੇ ਇੱਕ ਫੋਰਮ 'ਤੇ ਸਾਰਾ ਡਾਟਾ ਲੀਕ ਕਰ ਦਿੱਤਾ ਸੀ।

ਇਹ ਜਾਣਕਾਰੀ ਅੱਜ ਵੀ ਮੌਜੂਦ ਹੈ।

ਮਿੱਕੋ ਅਤੇ ਉਨ੍ਹਾਂ ਦੀ ਟੀਮ ਨੇ ਹੈਕਿੰਗ ਦਾ ਪਤਾ ਲਗਾਉਣ ਅਤੇ ਪੁਲਿਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਇੱਕ ਥਿਊਰੀ ਵੀ ਸਾਹਮਣੇ ਆਉਣ ਲੱਗੀ ਕਿ ਹੈਕਰ ਫਿਨਲੈਂਡ ਤੋਂ ਹੈ।

ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਪੁਲਿਸ ਜਾਂਚ ਦਾ ਅੰਤ ਫਿਨਲੈਂਡ ਦੇ ਇੱਕ ਨੌਜਵਾਨ ਨਾਲ ਹੋਇਆ। ਜੋ ਪਹਿਲਾਂ ਹੀ ਸਾਈਬਰ ਕ੍ਰਾਈਮ ਦੀ ਦੁਨੀਆ ਵਿੱਚ ਬਦਨਾਮ ਸੀ।

ਹੈਕਿੰਗ
ਤਸਵੀਰ ਕੈਪਸ਼ਨ, ਹੈਕਿੰਗ ਗਰੁੱਪ ਲਿਜ਼ਰਡ ਸਕੁਐਡ ਵੀ ਸੋਸ਼ਲ ਮੀਡੀਆ 'ਤੇ ਆਪਣਾ ਲੋਗੋ ਪੋਸਟ ਕਰਕੇ ਖ਼ੁਸ਼ ਮਹਿਸੂਸ ਕਰਦਾ ਸੀ

'ਜ਼ੀਕਿਲ' ਅਪਰਾਧ ਦੀ ਦੁਨੀਆ 'ਚ ਕਿਵੇਂ ਪਹੁੰਚਿਆ

ਕਿਵੀਮਾਕੀ ਵੀ ਆਪਣੇ ਆਪ ਨੂੰ ਜ਼ੀਕਿਲ ਕਹਿੰਦੇ ਸਨ। ਉਸ ਨੇ ਛੋਟੀ ਉਮਰ ਤੋਂ ਹੀ ਹੈਕਿੰਗ ਸ਼ੁਰੂ ਕਰ ਦਿੱਤੀ ਸੀ।

ਜਦੋਂ ਉਹ ਹਾਲੇ ਕਿਸ਼ੋਰ ਸੀ, ਉਸਨੇ ਹੈਕਿੰਗ, ਫਿਰੌਤੀ ਵਸੂਲਣਾ ਅਤੇ ਲੋਕਾਂ ਸਾਹਮਣੇ ਇਸ ਬਾਰੇ ਸ਼ੇਖੀ ਮਾਰਨੀ ਸ਼ੁਰੂ ਕਰ ਦਿੱਤੀ।

ਉਹ 'ਲਿਜ਼ਰਡ ਸਕੁਐਡ' ਅਤੇ 'ਹੈਕ ਦਿ ਪਲੈਨੇਟ' ਵਰਗੇ ਸਮੂਹਾਂ ਦਾ ਇੱਕ ਅਹਿਮ ਮੈਂਬਰ ਸੀ ਅਤੇ 2010 ਦੇ ਦਹਾਕੇ ਵਿੱਚ ਉਹ ਬਹੁਤ ਸਰਗਰਮ ਸਨ।

ਕਿਵੀਮਾਕੀ ਹੈਕਿੰਗ ਦੀ ਦੁਨੀਆ ਦਾ ਇੱਕ ਅਹਿਮ ਮੈਂਬਰ ਸੀ। ਮਹਿਜ਼ 17 ਸਾਲ ਦੀ ਉਮਰ ਤੱਕ ਉਸ ਨੇ ਦਰਜਨਾਂ ਹਾਈ-ਪ੍ਰੋਫਾਈਲ ਸਾਈਬਰ ਹਮਲਿਆਂ ਨੂੰ ਅੰਜਾਮ ਦਿੱਤੀ ਸੀ।

2014 ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 50,700 ਹੈਕਿੰਗ ਮਾਮਲਿਆਂ ਦੇ ਇਲਜ਼ਾਮ ਉਸ ਸਿਰ ਸਨ।

ਮਾਮਲੇ ਵਿਵਾਦਤ ਸਨ ਅਤੇ ਉਸ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਸੀ। ਸਾਈਬਰ-ਸੁਰੱਖਿਆ ਜਗਤ ਦੇ ਬਹੁਤ ਸਾਰੇ ਲੋਕਾਂ ਨੇ ਕਿਵੀਮਾਕੀ ਨੂੰ ਜੇਲ੍ਹ ਨਾ ਭੇਜੇ ਜਾਣ ਲਈ ਪੁਲਿਸ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ।

ਡਰ ਇਹ ਸੀ ਕਿ ਕਿਵੀਮਾਕੀ ਅਤੇ ਉਸਦੇ ਸਾਥੀ ਹੈਕਿੰਗ ਜਾਰੀ ਰੱਖਣਗੇ।

ਆਪਣੇ ਹੋਰ ਸਾਥੀਆਂ ਦੇ ਉਲਟ, ਕਿਵੀਮਾਕੀ ਪੁਲਿਸ ਦੀ ਇਸ ਕਾਰਵਾਈ ਤੋਂ ਪ੍ਰਭਾਵਿਤ ਨਹੀਂ ਹੋਇਆ।

ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਤੇ ਉਸ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ, ਉਸ ਨੇ ਆਪਣੇ ਸਮੂਹ ਨਾਲ ਇੱਕ ਬਹੁਤ ਹੀ ਦਲੇਰਾਨਾ ਹਮਲਾ ਕੀਤਾ।

ਕਿਵੀਮਾਕੀ ਅਤੇ ਲਿਜ਼ਰਡ ਸਕਾਡ ਨੇ ਕ੍ਰਿਸਮਸ ਦੀ ਸ਼ਾਮ ਅਤੇ ਕ੍ਰਿਸਮਿਸ ਦਿਵਸ 'ਤੇ ਦੋ ਸਭ ਤੋਂ ਵੱਡੇ ਗੇਮਿੰਗ ਪਲੇਟਫਾਰਮਾਂ ਨੂੰ ਆਫ਼ਲਾਈਨ ਲਿਆ।

ਪਲੇਅਸਟੇਸ਼ਨ ਨੈੱਟਵਰਕ ਅਤੇ ਐੱਕਸਬਾਕਸ ਲਾਈਵ ਪਲੇਟਫਾਰਮ ਹੈਕਿੰਗ ਤੋਂ ਬਾਅਦ ਬੰਦ ਹੋ ਗਏ ਸਨ।

ਲੱਖਾਂ ਗੇਮਰ ਗੇਮ ਨੂੰ ਡਾਊਨਲੋਡ ਕਰਨ ਦੇ ਯੋਗ ਨਹੀਂ ਸਨ। ਨਾ ਤਾਂ ਨਵੇਂ ਕੰਸੋਲ ਰਜਿਸਟਰ ਹੋ ਰਹੇ ਸਨ ਅਤੇ ਨਾ ਹੀ ਦੂਜਿਆਂ ਨਾਲ ਗੇਮਾਂ ਖੇਡੀ ਜਾ ਰਹੀ ਸੀ।

ਹੈਕਿੰਗ

ਤਸਵੀਰ ਸਰੋਤ, Sky News

ਤਸਵੀਰ ਕੈਪਸ਼ਨ, ਜੂਲੀਅਸ ਕਿਵੀਮਾਕੀ ਨੇ ਸਕਾਈ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੀ ਪਛਾਣ ਰਿਆਨ ਵਜੋਂ ਦੱਸੀ ਸੀ।

ਦੁਨੀਆ ਭਰ ਦੇ ਮੀਡੀਆ ਦਾ ਧਿਆਨ ਖਿੱਚਿਆ

ਕਿਵੀਮਾਕੀ ਨੇ ਉਸ ਸਮੇਂ ਕੌਮਾਂਤਰੀ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ।

ਉਸ ਨੇ ਸਕਾਈ ਨਿਊਜ਼ ਨੂੰ ਇੱਕ ਟੀਵੀ ਇੰਟਰਵਿਊ ਵੀ ਦਿੱਤੀ, ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਹਮਲੇ ਦਾ ਕੋਈ ਪਛਤਾਵਾ ਨਹੀਂ ਹੈ।

ਲਿਜ਼ਾਰਡ ਸਕੁਐਡ ਵਿੱਚ ਜ਼ੀਕਿਲ ਨਾਲ ਕੰਮ ਕਰਨ ਵਾਲੇ ਹੈਕਰ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੀਮਾਕੀ ਬਦਲੇ ਦੀ ਭਾਵਨਾ ਰੱਖਣ ਵਾਲਾ ਲੜਕਾ ਸੀ, ਜਿਸ ਨੂੰ ਬਦਲਾ ਲੈਣ ਅਤੇ ਆਨਲਾਈਨ ਆਪਣੀ ਕਾਬਲੀਅਤ ਦਿਖਾਉਣ ਵਿੱਚ ਮਜ਼ਾ ਆਉਂਦਾ ਸੀ।

ਹੈਕਰ ਨੇ ਕਿਹਾ, "ਉਸ ਨੇ ਜੋ ਕੀਤਾ ਉਸ ਵਿੱਚ ਉਹ ਮਾਹਰ ਸੀ, ਉਸ ਨੇ ਨਤੀਜਿਆਂ ਬਾਰੇ ਨਹੀਂ ਸੋਚਿਆ। ਉਹ ਹਮਲਿਆਂ ਵਿੱਚ ਦੂਜਿਆਂ ਤੋਂ ਅੱਗੇ ਰਿਹਾ।"

ਰਿਆਨ ਆਪਣਾ ਆਖਰੀ ਨਾਮ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਅਧਿਕਾਰੀ ਅਜੇ ਵੀ ਉਸ ਨੂੰ ਨਹੀਂ ਪਛਾਣਦੇ।

ਰਿਆਨ ਦਾ ਕਹਿਣਾ ਹੈ, "ਉਸ ਕੋਲ ਲੋਕਾਂ ਦਾ ਧਿਆਨ ਸੀ, ਫਿਰ ਵੀ ਉਹ ਬੰਬ ਦੀ ਧਮਕੀ ਦਿੰਦਾ ਸੀ ਅਤੇ ਆਪਣੀ ਆਵਾਜ਼ ਨੂੰ ਬਦਲੇ ਜਾਂ ਲੁਕਾਏ ਬਿਨਾਂ ਪ੍ਰੈਂਕ ਕਾਲ ਵੀ ਕਰਦਾ ਸੀ।"

ਜਦੋਂ ਤੋਂ ਕਿਵੀਮਾਕੀ ਨੂੰ ਸਜ਼ਾ ਸੁਣਾਈ ਗਈ ਸੀ, ਉਸ ਦਾ ਨਾਂ ਕੁਝ ਮਾਮੂਲੀ ਸਾਈਬਰ ਹਮਲਿਆਂ ਵਿੱਚ ਹੀ ਸਾਹਮਣੇ ਆਇਆ ਹੈ।

ਇਹ ਕੁਝ ਸਾਲ ਚੱਲਦਾ ਰਿਹਾ। ਫਿਰ ਉਸ ਦਾ ਨਾਂ ਵਾਸਤਾਮੋ ਸਾਈਕੋਥੈਰੇਪੀ ਅਟੈਕ ਨਾਲ ਜੁੜ ਗਿਆ।

ਹੈਕਿੰਗ

ਤਸਵੀਰ ਸਰੋਤ, Joe Tidy

ਤਸਵੀਰ ਕੈਪਸ਼ਨ, ਸੁਣਵਾਈ ਦੌਰਾਨ ਜੂਲੀਅਸ ਦੀ ਫੋਟੋ

ਰੈੱਡ ਨੋਟਿਸ ਜਾਰੀ ਕੀਤਾ ਜਾਣਾ

ਫਿਨਲੈਂਡ ਪੁਲਿਸ ਨੂੰ ਇੰਟਰਪੋਲ ਰੈੱਡ ਨੋਟਿਸ ਜਾਰੀ ਕਰਨ ਲਈ ਕਿਵੀਮਾਕੀ ਖ਼ਿਲਾਫ਼ ਸਬੂਤ ਲੱਭਣ ਵਿੱਚ ਦੋ ਸਾਲ ਲੱਗ ਗਏ।

ਨੋਟਿਸ ਜਾਰੀ ਹੁੰਦੇ ਹੀ ਉਹ ਯੂਰਪ ਦਾ ਮੋਸਟ ਵਾਂਟੇਡ ਅਪਰਾਧੀ ਬਣ ਗਿਆ। ਪਰ ਕੋਈ ਨਹੀਂ ਜਾਣਦਾ ਸੀ ਕਿ ਇਹ 25 ਸਾਲ ਦਾ ਵਿਅਕਤੀ ਹੁਣ ਕਿੱਥੇ ਹੈ।

ਇਹ ਪਿਛਲੇ ਸਾਲ ਫ਼ਰਵਰੀ ਵਿੱਚ ਅਚਾਨਕ ਉਸ ਦਾ ਪਤਾ ਲੱਗ ਗਿਆ ਸੀ। ਦਰਅਸਲ, ਪੁਲਿਸ ਨੂੰ ਪੈਰਿਸ ਦੇ ਇੱਕ ਅਪਾਰਟਮੈਂਟ ਤੋਂ 'ਘਰੇਲੂ ਹਿੰਸਾ ਸਬੰਧੀ ਕਾਲ' ਮਿਲੀ।

ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਕਿਵੀਮਾਕੀ ਜਾਅਲੀ ਦਸਤਾਵੇਜ਼ਾਂ ਅਤੇ ਨਾਮ ਦੀ ਵਰਤੋਂ ਕਰਕੇ ਉੱਥੇ ਰਹਿ ਰਿਹਾ ਸੀ। ਉਸ ਨੂੰ ਹਵਾਲਗੀ ਕਰ ਕੇ ਫਿਨਲੈਂਡ ਲਿਆਂਦਾ ਗਿਆ।

ਫਿਰ ਫਿਨਲੈਂਡ ਦੀ ਪੁਲਿਸ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਉੱਚ-ਪ੍ਰੋਫਾਈਲ ਮੁਕੱਦਮੇ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਡਿਟੈਕਟਿਵ ਚੀਫ਼ ਸੁਪਰਡੈਂਟ ਮਾਰਕੋ ਲੇਪੋਨੇਨ ਨੇ ਤਿੰਨ ਸਾਲਾਂ ਤੱਕ ਕੇਸ ਦੀ ਅਗਵਾਈ ਕੀਤੀ।

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਕੇਸ ਹੈ।

ਲੇਪੋਨੇਨ ਕਹਿੰਦੇ ਹਨ, "ਇੱਕ ਸਮੇਂ ਵਿੱਚ 200 ਅਧਿਕਾਰੀ ਇਸ ਕੇਸ ਵਿੱਚ ਸ਼ਾਮਲ ਸਨ। ਸਾਨੂੰ ਬਹੁਤ ਸਾਰੇ ਪੀੜਤਾਂ ਦੇ ਬਿਆਨਾਂ ਅਤੇ ਕਹਾਣੀਆਂ 'ਤੇ ਕੰਮ ਕਰਨਾ ਪਿਆ।”

ਫਿਨਲੈਂਡ ਲਈ ਕਿਵਿਮਾਕੀ ਦਾ ਮੁਕੱਦਮਾ ਬਹੁਤ ਵੱਡੀ ਗੱਲ ਸੀ। ਦੁਨੀਆ ਭਰ ਦੇ ਪੱਤਰਕਾਰ ਇਸ 'ਤੇ ਨਜ਼ਰ ਰੱਖ ਰਹੇ ਸਨ।

ਲੇਪੋਨੇਨ ਕਹਿੰਦੇ ਹਨ,"ਮੈਂ ਉਸ ਦੀ ਪਹਿਲੀ ਗਵਾਹੀ ਵਾਲੇ ਦਿਨ ਅਦਾਲਤ ਵਿੱਚ ਸੀ। ਉਹ ਆਪਣੀ ਬੇਗੁਨਾਹੀ ਦਾ ਦਾਅਵਾ ਕਰ ਰਿਹਾ ਸੀ ਅਤੇ ਪੂਰੀ ਤਰ੍ਹਾਂ ਸ਼ਾਂਤ ਰਹਿੰਦਾ ਇੰਨਾ ਹੀ ਨਹੀਂ ਕਦੇ-ਕਦਾਈਂ ਮਜ਼ਾਕ ਵੀ ਕਰ ਲੈਂਦਾ ਸੀ।"

ਪਰ ਉਸਦੇ ਖ਼ਿਲਾਫ਼ ਬਹੁਤ ਸਾਰੇ ਸਬੂਤ ਸਨ।

ਕਿਵੀਮਾਕੀ ਦਾ ਦੋਸ਼ੀ ਸਾਬਤ ਹੋਣਾ

ਡਿਟੈਕਟਿਵ ਲੇਪੋਨੇਨ ਦਾ ਕਹਿਣਾ ਹੈ ਕਿ ਮੁੱਖ ਸਬੂਤ ਇਹ ਸੀ ਕਿ ਕਿਵਮਾਕੀ ਦਾ ਬੈਂਕ ਖਾਤਾ ਚੋਰੀ ਕੀਤੇ ਡੇਟਾ ਨੂੰ ਡਾਊਨਲੋਡ ਕਰਨ ਲਈ ਵਰਤੇ ਗਏ ਸਰਵਰ ਨਾਲ ਲਿੰਕ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਆਨਲਾਈਨ ਪੋਸਟ ਕੀਤੀ ਫੋਟੋ ਤੋਂ ਕਿਵੀਮਾਕੀ ਦੇ ਫਿੰਗਰਪ੍ਰਿੰਟਸ ਨੂੰ ਕੱਢਣ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਸੀ।

ਇਹ ਤਸਵੀਰ ਇੱਕ ਉਪਨਾਮ ਹੇਠ ਪੋਸਟ ਕੀਤੀ ਗਈ ਸੀ।

ਲੇਪੋਨੇਨ ਕਹਿੰਦੇ ਹਨ,"ਅਸੀਂ ਇਹ ਸਾਬਤ ਕਰਨ ਦੇ ਯੋਗ ਸੀ ਕਿ ਕਿਵੀਮਾਕੀ ਨੇ ਹੀ ਇੱਕ ਉਪਨਾਮ ਹੇਠ ਫੋਟੋ ਪੋਸਟ ਕੀਤੀ ਸੀ। ਇਹ ਅਵਿਸ਼ਵਾਸ਼ਯੋਗ ਸੀ ਪਰ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਹਰ ਸੰਭਵ ਉਪਾਅ ਕਰਨਾ ਪਏਗਾ।"

ਅੰਤ ਵਿੱਚ ਜੱਜ ਨੇ ਆਪਣਾ ਫ਼ੈਸਲਾ ਸੁਣਾਇਆ ਅਤੇ ਕਿਵੀਮਾਕੀ ਨੂੰ ਦੋਸ਼ੀ ਪਾਇਆ।

ਅਦਾਲਤ ਮੁਤਾਬਕ ਕਿਵੀਮਾਕੀ 30,000 ਅਪਰਾਧਾਂ ਦਾ ਮੁਲਜ਼ਮ ਸੀ।

ਉਸ 'ਤੇ ਡੇਟਾ ਬ੍ਰੀਚ ਤਹਿਤ 9,231 ਲੋਕਾਂ ਦੇ ਜੀਵਨ ਨਾਲ ਜੁੜੀ ਜਾਣਕਾਰੀ ਫ਼ੈਲਾਉਣ ਤੇ 20,745 ਨੂੰ ਬਲੈਕਮੇਲ ਕਰਨ ਦੀ ਗੰਭੀਰ ਕੋਸ਼ਿਸ਼ ਦੇ ਇਲਜ਼ਾਮ ਸਨ।

ਇਨ੍ਹਾਂ ਮਾਮਲਿਆਂ ਵਿੱਚ ਵੱਧ ਤੋਂ ਵੱਧ ਸਜ਼ਾ 6 ਸਾਲ 3 ਮਹੀਨੇ ਦੀ ਕੈਦ ਸੀ।

ਪਰ ਉਹ ਪਹਿਲਾਂ ਹੀ ਆਪਣੀ ਸਜ਼ਾ ਭੁਗਤ ਚੁੱਕਾ ਹੈ ਅਤੇ ਫਿਨਲੈਂਡ ਦੇ ਕਾਨੂੰਨਾਂ ਮੁਤਾਬਕ ਉਸ ਨੂੰ ਅੱਧਾ ਸਮਾਂ ਹੀ ਜੇਲ੍ਹ ਵਿੱਚ ਗੁਜ਼ਾਰਨਾ ਪਵੇਗਾ।

ਹੈਕਿੰਗ

ਤਸਵੀਰ ਸਰੋਤ, Police of Finland

ਤਸਵੀਰ ਕੈਪਸ਼ਨ, ਅਧਿਕਾਰੀਆਂ ਨੇ ਆਨਲਾਈਨ ਪੋਸਟ ਕੀਤੀ ਫੋਟੋ ਤੋਂ ਕਿਵੀਮਾਕੀ ਦੇ ਫਿੰਗਰਪ੍ਰਿੰਟਸ ਨੂੰ ਕੱਢਣ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ।

ਸਜ਼ਾ ਬਾਰੇ ਪੀੜਤਾਂ ਦਾ ਕੀ ਕਹਿਣਾ ਹੈ?

ਟੀਨਾ ਵਰਗੇ ਪੀੜਤਾਂ ਲਈ ਇਹ ਸਜ਼ਾ ਕੋਈ ਲੰਬੀ ਸਜ਼ਾ ਨਹੀਂ ਹੈ।

ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕ ਇਸ ਤੋਂ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਭਾਵਿਤ ਹੋਏ ਹਨ। 33 ਹਜ਼ਾਰ ਲੋਕ ਪੀੜਤ ਹਨ, ਇਸ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੋਇਆ ਹੈ।"

“ਕਈ ਲੋਕਾਂ ਨੂੰ ਵਿੱਤੀ ਘੁਟਾਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।”

ਇਸ ਦੌਰਾਨ ਟੀਨਾ ਅਤੇ ਕਈ ਹੋਰ ਪੀੜਤ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਕੀ ਉਨ੍ਹਾਂ ਨੂੰ ਇਸ ਕੇਸ ਵਿੱਚ ਕੋਈ ਮੁਆਵਜ਼ਾ ਮਿਲੇਗਾ ਜਾਂ ਨਹੀਂ।

ਕਿਵੀਮਾਕੀ ਪੀੜਤਾਂ ਦੇ ਇੱਕ ਸਮੂਹ ਨਾਲ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਲਈ ਰਾਜ਼ੀ ਹੋਏ ਹਨ। ਪਰ ਦੂਜੇ ਸਮੂਹ ਕਿਵੀਮਾਕੀ ਜਾਂ ਵਾਸਤਾਮੋ ਦੇ ਖ਼ਿਲਾਫ਼ ਸਿਵਲ ਕੇਸ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਨ

ਸਾਈਕੋਥੈਰੇਪੀ ਕੰਪਨੀ ਹੁਣ ਬੰਦ ਹੋ ਗਈ ਹੈ। ਇਸ ਕੰਪਨੀ ਦੇ ਸੰਸਥਾਪਕ ਨੂੰ ਵੀ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹਿਣ ਲਈ ਸਜ਼ਾ ਸੁਣਾਈ ਗਈ ਸੀ।

ਕਿਵੀਮਾਕੀ ਨੇ ਪੁਲਿਸ ਨੂੰ ਇਹ ਨਹੀਂ ਦੱਸਿਆ ਕਿ ਉਸਨੇ ਬਿਟਕੋਇਨ ਵਿੱਚ ਕਿੰਨੀ ਰਕਮ ਜਮ੍ਹਾ ਕੀਤੀ ਹੈ, ਉਸਨੇ ਦਾਅਵਾ ਕੀਤਾ ਕਿ ਉਹ ਆਪਣੇ ਡਿਜੀਟਲ ਵਾਲੇਟ ਦੇ ਵੇਰਵੇ ਭੁੱਲ ਗਿਆ ਹੈ।

ਰਾਇਸਕੀਓ ਨੂੰ ਉਮੀਦ ਹੈ ਕਿ ਸਰਕਾਰ ਅਜੇ ਵੀ ਲੋੜੀਂਦੇ ਕਦਮ ਚੁੱਕੇਗੀ।

ਉਹ ਕਹਿੰਦੇ ਹਨ ਕਿ ਹਰੇਕ ਪੀੜਤ ਨੂੰ ਹੋਏ ਨੁਕਸਾਨ ਦੀ ਹੱਦ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮਹੀਨੇ ਲੱਗ ਸਕਦੇ ਹਨ।

ਭਵਿੱਖ ਵਿੱਚ ਅਜਿਹੇ ਵੱਡੇ ਹੈਕ ਕੇਸਾਂ ਨਾਲ ਨਜਿੱਠਣ ਲਈ ਕਾਨੂੰਨ ਵਿੱਚ ਬਦਲਾਅ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਉਹ ਕਹਿੰਦੇ ਹਨ, "ਇਹ ਫਿਨਲੈਂਡ ਲਈ ਇਤਿਹਾਸਕ ਹੈ ਕਿਉਂਕਿ ਸਾਡਾ ਸਿਸਟਮ ਅਜੇ ਤੱਕ ਅਜਿਹੇ ਵੱਡੇ ਪੱਧਰ ਦੇ ਪੀੜਤਾਂ ਲਈ ਤਿਆਰ ਨਹੀਂ ਹੈ।"

ਵਾਸਟਾਮੋ ਹੈਕ ਨੇ ਦਿਖਾਇਆ ਹੈ ਕਿ ਅਸੀਂ ਵੱਡੇ ਪੱਧਰ 'ਤੇ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਲਈ ਤਿਆਰ ਨਹੀਂ ਹਾਂ, ਮੈਨੂੰ ਉਮੀਦ ਹੈ ਕਿ ਬਦਲਾਅ ਹੋਵੇਗਾ। ਇਹ ਗੱਲ ਇੱਥੇ ਖ਼ਤਮ ਨਹੀਂ ਹੋਣ ਵਾਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)