ਤੁਹਾਡੇ ਨਾਲ ਯਾਰੀ-ਰਿਸ਼ਤੇਦਾਰੀ ਕੱਢ ਕੇ ਮਹੀਨਿਆਂ ਮਗਰੋਂ ਕਿਵੇਂ ਹੋ ਸਕਦੀ ਹੈ ਪੈਸਿਆਂ ਦੀ ਠੱਗੀ, ਤੁਹਾਡੇ ਕੰਮ ਦੀ ਖ਼ਬਰ

ਤਸਵੀਰ ਸਰੋਤ, Getty Images
- ਲੇਖਕ, ਅਲਮੁੰਡੇਨਾ ਡੀ ਕੈਬੋ
- ਰੋਲ, ਬੀਬੀਸੀ ਨਿਊਜ਼ ਵਰਲਡ
ਇੱਕ ਬਿਹਤਰ ਜ਼ਿੰਦਗੀ ਕੌਣ ਨਹੀਂ ਚਾਹੁੰਦਾ? ਇਸੇ ਧਾਰਨਾ ਨੂੰ ਲੈ ਕੇ ਇਹ ਧੋਖੇਬਾਜ਼ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਧੋਖਾ ਦੇਣ ਲਈ ਆਪਣੇ ਅਗਲੇ ਸ਼ਿਕਾਰ ਲੱਭਦੇ ਹਨ ਅਤੇ ਉਨ੍ਹਾਂ ਅੱਗੇ ਖ਼ੁਦ ਨੂੰ ਅਜਿਹੇ ਰਿਸ਼ਤੇ ਵਜੋਂ ਪੇਸ਼ ਕਰਦੇ ਹਨ, ਜਿਸ ਦੀ ਉਸ ਇਨਸਾਨ ਕੋਲ ਕਮੀ ਹੋਵੇ ਅਤੇ ਫਿਰ ਉਨ੍ਹਾਂ ਨੂੰ ਵਿੱਤੀ ਨਿਵੇਸ਼ ਵੱਲ ਮੋੜਦੇ ਹਨ।
ਇਹ ਇੱਕ ਨਵਾਂ 'ਲੰਮੀ-ਸਮਾਂ ਸੀਮਾ' ਵਾਲੀ ਵਿੱਤੀ ਸਕੈਮ ਹੈ।
ਪੀੜਤਾਂ ਜਿਨ੍ਹਾਂ ਨੂੰ ਧੋਖਾਧੜੀ ਕਰਨ ਵਾਲੇ 'ਪਾਗਲ' ਕਹਿੰਦੇ ਹਨ, ਨਾਲ ਭਾਵਨਾਤਮਕ ਹੇਰਾ-ਫੇਰੀ ਕਰਕੇ ਉਨ੍ਹਾਂ ਤੋਂ ਅਖੌਤੀ ਕ੍ਰਿਪਟੋਕ੍ਰੰਸੀ ਜ਼ਰੀਏ ਚੱਲਣ ਵਾਲੀਆਂ ਟਰੇਡਿੰਗ ਕੰਪਨੀਆਂ ਵਿੱਚ ਪੈਸੇ ਨਿਵੇਸ਼ ਕਰਨ ਲਈ ਮਨਾਇਆ ਜਾਂਦਾ ਹੈ ਅਤੇ ਠੱਗਿਆ ਜਾਂਦਾ ਹੈ।
ਚਿੱਲੀਅਨ ਇਨਵੈਸਟੀਗੇਟਿਵ ਪੁਲਿਸ ਵਿੱਚ ਮਾਹਿਰ ਅਤੇ ਯੂਰਪ ਤੇ ਲੈਟਿਨ ਅਮਰੀਕਾ ਦੇ ਸਾਈਬਰ ਕਰਾਈਮ ਨੈਟਵਰਕ CIBELA ਦੇ ਐਗਜ਼ਿਕਿਉਟਿਵ ਸਕੱਤਰ ਲੁਈਸ ਔਰੇਲਾਨਾ ਨੇ ਬੀਬੀਸੀ ਮੁੰਡੋ ਨੂੰ ਕਿਹਾ ਕਿ ਇਹ ਤਰੀਕਾ ਨਵਾਂ ਹੈ, ਪਰ ਇਸ ਦੀਆਂ ਕਈ ਵਿਸ਼ੇਸ਼ਤਾਵਾਂ 'ਰੋਮਾਂਟਿਕ ਸਕੈਮਜ਼' ਵਾਲੀਆਂ ਹਨ।
ਉਹ ਕਹਿੰਦੇ ਹਨ, "ਇਸ ਜੁਰਮ ਵਿੱਚ ਵੱਖਰਾ ਹੈ ਉਹ ਸਮਾਂ ਜੋ ਧੋਖਾਧੜੀ ਕਰਨ ਵਾਲੇ ਪੀੜਤ ਨੂੰ ਖੁਦ ਉੱਤੇ ਯਕੀਨ ਦਵਾਉਣ ਵਿੱਚ ਲਗਾਉਂਦੇ ਹਨ ਅਤੇ ਫਿਰ ਪੈਸੇ ਲਗਵਾਉਂਦੇ ਹਨ। ਇਹ ਮੁੱਖ ਰੂਪ ਵਿੱਚ ਕ੍ਰਿਪਟੋਕ੍ਰੰਸੀ ਜਾਂ ਵਰਚੁਅਲ ਕਰੰਸੀ ਨਾਲ ਸੰਬੰਧ ਨਿਵੇਸ਼ ਹੁੰਦਾ ਹੈ।"

- ਧੋਖੇਬਾਜ਼ ਪੀੜਤ ਨੂੰ ਭਰੋਸਾ ਦਵਾ ਕੇ ਨਿਵੇਸ਼ ਕਰਵਾਉਂਦੇ ਹਨ
- ਕਰੀਬ 80 ਫ਼ੀਸਦੀ ਪੀੜਤਾਂ ਕੋਲ ਯੁਨੀਵਰਸਿਟੀ ਡਿਗਰੀ ਹੈ
- ਇਹ ਘੁਟਾਲਾ ਚੀਨ ਤੋਂ 2019 ਵਿੱਚ ਸ਼ੁਰੂ ਹੋਇਆ।
- ਘਪਲੇਬਾਜ਼ ਸ਼ਿਕਾਰ ਲੱਭਣ ਲਈ ਸੋਸ਼ਲ ਮੀਡੀਆ ਨੂੰ ਵਰਤਦੇ ਹਨ
- ਲੈਟਿਨ ਅਮਰੀਕਾ ਕ੍ਰਿਪਟੋਕਰੰਸੀ ਸਕੈਮ ਨਾਲ ਸਬੰਧੰਤ 298 ਸ਼ਿਕਾਇਤਾਂ ਸਨ।
- ਸਭ ਤੋਂ ਵੱਧ ਪ੍ਰਭਾਵਿਤ ਚਿੱਲੀ, ਫਿਰ ਐਕੁਏਡਰ, ਅਰਜੰਟੀਨਾ ਅਤੇ ਕੋਲੰਬੀਆ ਸਨ
- ਸਿਰਫ਼ ਇੰਟਰਨੈਟ ਜ਼ਰੀਏ ਮਿਲੇ ਲੋਕਾਂ ਨੂੰ ਪੈਸੇ ਨਾ ਭੇਜੋ ਅਤੇ ਨਾ ਹੀ ਸਲਾਹ ਮੁਤਾਬਕ ਨਿਵੇਸ਼ ਕਰੋ।

ਇਸ ਘੋਟਾਲੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ?
ਇਹ ਸਭ ਸ਼ੁਰੂ ਹੁੰਦਾ ਹੈ ਵਟਸਐਪ ਜਾਂ ਕਿਸੇ ਹੋਰ ਸੋਸ਼ਲ ਨੈਟਵਰਕ 'ਤੇ ਭੋਲ਼ੇ ਬਣ ਕੇ ਕੀਤੇ ਇੱਕ ਮੈਸੇਜ ਨਾਲ।
ਜਿਸ ਵਿੱਚ ਉਹ ਲਿਖਦੇ ਹਨ, "ਹੈਲੋ, ਤੁਹਾਡਾ ਨੰਬਰ ਮੇਰੇ ਕੰਟੈਕਟ ਨੰਬਰਜ਼ ਵਿੱਚ ਹੈ, ਸ਼ਾਇਦ ਅਸੀਂ ਕਿਤੇ ਮਿਲੇ ਹਾਂ।"
ਜਾਂ ਫਿਰ ਇੱਕ ਗਲਤੀ ਨਾਲ ਕੀਤਾ ਮੈਸੇਜ ਦਰਸਾਉਣਾ, "ਓਹ, ਮਾਫ਼ ਕਰਨਾ । ਮੈਂ ਗਲਤ ਸੀ।"
ਜਾਂ ਫਿਰ ਟਿੰਡਰ ਜਿਹੀਆਂ ਡੇਟਿੰਗ ਐਪਜ਼ ਜ਼ਰੀਏ ਉਹ ਦਿਲਖਿੱਚਵੀਂ ਤਸਵੀਰਾਂ ਨਾਲ ਸ਼ਿਕਾਰ ਨੂੰ ਫਸਾਉਂਦੇ ਹਨ।
ਔਰੇਲਾਨਾ ਨੇ ਦੱਸਿਆ, "ਇਸ ਸਕੈਮ ਵਿੱਚ ਸ਼ਾਮਿਲ ਲੋਕ ਪੀੜਤ ਨਾਲ ਗੱਲਬਾਤ ਨੂੰ ਸਧਾਰਨ ਜਿਹੀ ਗੱਲ-ਬਾਤ ਵਜੋਂ ਪੇਸ਼ ਕਰਦੇ ਹਨ ਅਤੇ ਜਦੋਂ ਉਹ ਉਨ੍ਹਾਂ ਦੀ ਜ਼ਿੰਦਗੀ ਅਤੇ ਪਸੰਦ-ਨਾਪਸੰਦ ਬਾਰੇ ਗੱਲਾਂ ਕਰਨ ਤੱਕ ਪਹੁੰਚ ਜਾਂਦੇ ਹਨ, ਫਿਰ ਗੱਲ-ਬਾਤ ਆਮ ਹੋ ਜਾਂਦੀ ਹੈ ਅਤੇ ਜ਼ਿਆਦਾਤਾਰ ਇੰਸਟੈਂਟ ਮੈਸੇਜਿੰਗ ਜ਼ਰੀਏ ਹੀ ਹੁੰਦੀ ਹੈ। ਉਹ ਕਦੇ ਵੀ ਫ਼ੋਨ ਤੇ ਗੱਲ ਨਹੀਂ ਕਰਦੇ।"
ਪੀੜਤਾਂ ਨੂੰ ਹਫ਼ਤਿਆਂ ਤੱਕ ਸਬਰ ਰੱਖ ਕੇ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਸਾਹਮਣੇ ਖੁਦ ਨੂੰ ਉਸ ਇਨਸਾਨ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਦੀ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਤਲਾਸ਼ ਸੀ।
ਅਜਿਹੇ ਘੁਟਾਲਿਆਂ ਖ਼ਿਲਾਫ਼ ਲੜ ਰਹੀ ਕੌਮਾਂਤਰੀ ਸੰਸਥਾ ਨਾਲ ਜੁੜੇ ਗਰੇਸ ਯੁਏਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਇਸੇ ਤਰ੍ਹਾਂ ਉਹ ਤੁਹਾਡਾ ਭਰੋਸਾ ਜਿੱਤਦੇ ਹਨ ਅਤੇ ਆਖਿਰਕਾਰ ਇਸੇ ਭਰੋਸੇ ਨੂੰ ਤੁਹਾਡੇ ਖ਼ਿਲਾਫ਼ ਵਰਤਦੇ ਹਨ। ਇਸ ਸਭ ਵਿੱਚ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ।"

ਤਸਵੀਰ ਸਰੋਤ, Getty Images
ਨਿਵੇਸ਼ ਕਰਵਾਉਣਾ
ਔਰੇਲਾਨਾ ਕਹਿੰਦੇ ਹਨ, "ਜਦੋਂ ਪੀੜਤ ਦਾ ਭਰੋਸਾ ਪੂਰੀ ਤਰ੍ਹਾਂ ਜਿੱਤ ਲਿਆ ਜਾਂਦਾ ਹੈ, ਤਾਂ ਸ਼ੁਰੂ ਹੁੰਦਾ ਹੈ ਇਸ ਸਕੈਮ ਦਾ ਦੂਜਾ ਪੜਾਅ। ਉਦੋਂ, ਇਹ ਘਪਲੇਬਾਜ਼ ਨਿਵੇਸ਼ ਤੇ ਇਸ ਦੇ ਫ਼ਾਇਦਿਆਂ ਬਾਰੇ ਗੱਲ ਕਰਨ ਲੱਗਦੇ ਹਨ। ਸਾਡੇ ਕੋਲ ਚਿੱਲੀ ਵਿੱਚ ਅਜਿਹੇ ਕੇਸ ਆਏ ਹਨ ਜਿੱਥੇ ਇਹ ਧੋਖੇਬਾਜ਼ ਪੀੜਤ ਨੂੰ ਆਪਣੇ ਕਿਸੇ ਰਿਸ਼ਤੇਦਾਰ ਦੇ ਕ੍ਰਿਪਟੋਕਰੰਸੀ ਨਿਵੇਸ਼ ਬੈਂਕ ਵਿੱਚ ਕੰਮ ਕਰਦੇ ਹੋਣ ਬਾਰੇ ਦੱਸਦੇ ਹਨ ਅਤੇ ਇਸ ਵਿੱਚ ਵੱਡੇ ਆਰਥਿਕ ਫ਼ਾਇਦੇ ਦੇ ਦਾਅਵੇ ਕਰਦੇ ਹਨ।"
ਯੁਏਨ ਨੇ ਕਿਹਾ, "ਹਰ ਕੋਈ ਬਿਹਤਰ ਜ਼ਿੰਦਗੀ ਚਾਹੁੰਦਾ ਹੈ ਅਤੇ ਜਿਸ ਸ਼ਖ਼ਸ ਵੱਲੋਂ ਵਧੇਰੇ ਫ਼ਾਇਦੇ ਦਾ ਭਰੋਸਾ ਦਵਾਇਆ ਜਾਂਦਾ ਹੈ, ਅਸੀਂ ਉਸ ਨੂੰ ਪੈਸੇ ਦੇਣ ਲਈ ਤਿਆਰ ਹੋ ਜਾਂਦੇ ਹਨ। ਘਪਲੇਬਾਜ਼ ਖੁਦ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਉਹ ਪੀੜਤ ਦੀ ਮਦਦ ਕਰਨਾ ਚਾਹੁੰਦੇ ਹੋਣ। ਅਜਿਹਾ ਵਤੀਰਾ ਰੱਖਦੇ ਹਨ ਜਿਸ ਨਾਲ ਪੀੜਤ ਯਕੀਨ ਕਰ ਲਵੇ ਅਤੇ ਫਿਰ ਉਨ੍ਹਾਂ ਤੋਂ ਨਿਵੇਸ਼ ਕਰਵਾਉਂਦੇ ਹਨ।"
ਇਹ ਧੋਖੇਬਾਜ਼ ਪੀੜਤ ਨੂੰ ਭਰੋਸਾ ਦਵਾਉਂਦੇ ਹਨ ਕਿ ਉਹ ਇਕੱਠੇ ਰਾਸ਼ੀ ਨਿਵੇਸ਼ ਕਰਨਗੇ ਯਾਨੀ ਕਿ ਅੱਧੀ-ਅੱਧੀ ਰਾਸ਼ੀ ਦੋਹੇਂ ਜਾਣੇ ਨਿਵੇਸ਼ ਵਿੱਚ ਲਾਉਣਗੇ, ਇਸ ਨਾਲ ਪੀੜਤ ਦੀ ਬਚੀ-ਖੁਚੀ ਝਿਜਕ ਵੀ ਦੂਰ ਹੋ ਜਾਂਦੀ ਹੈ।
ਹੌਲੀ ਹੌਲੀ ਉਹ ਪੀੜਤ ਨੂੰ ਮਨੋਵਿਗਿਆਨਿਕ ਤਕਨੀਕਾਂ ਨਾਲ ਹੋਰ ਵਧੇਰੇ ਪੈਸਾ ਨਿਵੇਸ਼ ਕਰਦੇ ਰਹਿਣ ਲਈ ਮਨਾਉਂਦੇ ਹਨ ਅਤੇ ਉਨ੍ਹਾਂ ਦੁਆਰਾ ਹੀ ਕੰਟਰੋਲ ਵੈਬਸਾਈਟਾਂ ਤੋਂ ਪੀੜਤ ਨੂੰ ਹੁੰਦਾ ਵਿੱਤੀ ਫ਼ਾਇਦਾ ਦਿਖਾ ਕੇ ਝਾਂਸੇ ਵਿੱਚ ਲੈੰਦੇ ਹਨ ਤੇ ਹੋਰ ਪੈਸਾ ਲਗਾਉਣ ਲਈ ਭਰੋਸੇ ਵਿੱਚ ਲੈ ਲੈੰਦੇ ਹਨ।

ਤਸਵੀਰ ਸਰੋਤ, Getty Images
ਪੀੜਤਾਂ ਨੂੰ ਦਿਖਾਈਆਂ ਜਾਣ ਵਾਲੀਆਂ ਵੈਬਸਾਈਟਾਂ ਅਸਲ ਵਰਗੀਆਂ ਹੀ ਹੁੰਦੀਆਂ ਹਨ, ਪਰ ਅਸਲ ਨਹੀਂ ਹੁੰਦੀਆਂ।
ਇਨ੍ਹਾਂ ਨੂੰ ਹਰ ਵੇਲੇ ਇਹ ਘਪਲੇਬਾਜ਼ ਕੰਟਰੋਲ ਕਰ ਰਹੇ ਹੁੰਦੇ ਹਨ।
ਔਰੇਲਾਨਾ ਕਹਿੰਦੇ ਹਨ, "ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਥੋੜ੍ਹੇ ਨਿਵੇਸ਼ ਤੋਂ ਸ਼ੁਰੂ ਕੀਤਾ ਅਤੇ ਫਿਰ ਉਧਾਰ ਲਿਆ, ਰਿਟਾਇਰਮੈਂਟ ਦਾ ਪੈਸਾ ਵੀ ਇਸਤੇਮਾਲ ਕੀਤਾ। ਮਸਲਾ ਉਦੋਂ ਬਣਿਆ ਜਦੋਂ ਉਨ੍ਹਾਂ ਨੇ ਨਿਵੇਸ਼ ਵਿੱਚੋਂ ਹੋਈ ਲਾਭ ਰਾਸ਼ੀ ਕਢਵਾਉਣ ਦੀ ਕੋਸ਼ਿਸ਼ ਕੀਤੀ।"
ਯੁਏਨ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਬਹੁਤ ਸਾਰੇ ਸਕੈਮ ਡੇਟਿੰਗ ਪੇਂਜਾ ਨਾਲ ਸਬੰਧਤ ਹਨ। ਖਾਸ ਕਰਕੇ ਮਹਾਂਮਾਰੀ ਦੌਰਾਨ, ਅਜਿਹੇ ਪਲੇਟਫ਼ਾਰਮ ਬਹੁਤ ਆਮ ਸੀ। ਪਰ ਸਾਰੇ ਘਪਲੇਬਾਜ਼ ਸਿਰਫ਼ ਰੋਮਾਂਟਿਕ ਨਹੀਂ ਹਨ। ਹੁਣ ਅਸੀਂ ਅਜਿਹੇ ਬਹੁਤ ਪੀੜਤਾਂ ਨੂੰ ਦੇਖ ਰਹੇ ਹਾਂ ਜੋ ਇੰਸਟਾਗ੍ਰਾਮ, ਫੇਸਬੁੱਕ ਜਾਂ ਲਿੰਕਡਿਨ ਜਿਹੇ ਨੈਟਵਰਕਾਂ ਜ਼ਰੀਏ ਘਪਲੇਬਾਜ਼ਾਂ ਦੇ ਸੰਪਰਕ ਵਿੱਚ ਆਏ।"

ਇਹ ਵੀ ਪੜ੍ਹੋ-

ਪੀੜਤ ਕੌਣ ਹਨ ?
ਜੋ ਤੁਸੀਂ ਸੋਚਦੇ ਹੋ, ਉਸ ਤੋਂ ਕਿਤੇ ਪਰ੍ਹੇ। ਇਨ੍ਹਾਂ ਘਪਲਿਆਂ ਦੇ ਪੀੜਤ ਜ਼ਿਆਦਾਤਰ ਚੰਗੀ ਪੜ੍ਹਾਈ ਵਾਲੇ ਅਤੇ ਵਿੱਤੀ ਮਾਮਲਿਆਂ ਬਾਰੇ ਚੰਗੀ ਜਾਣਕਾਰੀ ਰੱਖਣ ਵਾਲੇ ਲੋਕ ਹਨ।
ਯੁਏਨ ਨੇ ਕਿਹਾ, "ਤਕਰੀਬਨ 80 ਫ਼ੀਸਦੀ ਪੀੜਤਾਂ ਕੋਲ ਯੁਨੀਵਰਸਿਟੀ ਡਿਗਰੀ ਹੈ ਅਤੇ ਇਨ੍ਹਾਂ ਵਿੱਚੋਂ ਕਾਫ਼ੀਆਂ ਕੋਲ ਮਾਸਟਰ ਜਾਂ ਡੌਕਟਰੇਟ ਡਿਗਰੀ ਹੈ। ਨਰਸਾਂ ਤੋਂ ਲੈ ਕੇ ਵਕੀਲ, ਕੰਪਿਊਟਰ ਵਿਗਿਆਨੀਆਂ ਤੋਂ ਲੈ ਕੇ ਟੈਲੀ-ਕਮਿਉਨੀਕੇਸ਼ਨ ਇੰਜੀਨੀਅਰਜ਼ ਇਸ ਘਪਲੇ ਦੇ ਪੀੜਤ ਹਨ। 24 ਤੋਂ 40 ਸਾਲ ਤੱਕ ਦੀ ਉਮਰ ਦੇ ਚੰਗੀ ਪੜ੍ਹਾਈ ਵਾਲੇ ਲੋਕ ਹਨ ਹਾਲਾਂਕਿ ਹੁਣ ਵਧੇਰੇ ਉਮਰ ਵਾਲੇ ਪੀੜਤ ਵੀ ਸਾਨੂੰ ਮਿਲ ਰਹੇ ਹਨ",
ਘਪਲੇਬਾਜ਼ਾਂ ਕੋਲ ਹਰ ਉਮਰ ਵਰਗ ਦੇ ਲੋਕਾਂ ਲਈ ਸਕ੍ਰਿਪਟ ਹੈ। ਕੋਈ ਵੀ ਇਸ ਸਕੈਮ ਦਾ ਨਿਸ਼ਾਨਾ ਬਣ ਸਕਦਾ ਹੈ।
ਇਹ ਘੁਟਾਲਾ ਚੀਨ ਤੋਂ 2019 ਵਿੱਚ ਸ਼ੁਰੂ ਹੋਇਆ ਪਰ ਹੁਣ ਦੁਨੀਆਂ ਭਰ ਖਾਸ ਕਰਕੇ ਯੁਨਾਈਟਿਡ ਸਟੇਟਸ ਵਿੱਚ ਫੈਲ ਚੁੱਕਿਆ ਹੈ।
ਯੁਏਨ ਮੁਤਾਬਕ, "ਕੋਈ ਵੀ ਇਸ ਘੋਟਾਲੇ ਦਾ ਨਿਸ਼ਾਨਾ ਬਣ ਸਕਦਾ ਹੈ। ਪੀੜਤਾਂ ਵਿੱਚ ਲੈਟਿਨ ਅਮਰੀਕੀ ਵੀ ਹਨ , ਹਾਲਾਂਕਿ ਘਪਲੇਬਾਜ਼ ਉਨ੍ਹਾਂ ਖੇਤਰਾਂ ਨੂੰ ਵਧੇਰੇ ਨਿਸ਼ਾਨਾ ਬਣਾਉਂਦੇ ਹਨ ਜਿੱਥੇ ਉਨ੍ਹਾਂ ਨੂੰ ਲਗਦਾ ਹੈ ਕਿ ਪੈਸਾ ਜ਼ਿਆਦਾ ਹੈ, ਜਿਵੇਂ ਕਿ ਕੈਲੀਫੋਰਨੀਆ ਜਿੱਥੇ ਲੋਕਾਂ ਦੀਆਂ ਤਨਖਾਹਾਂ ਕਾਫ਼ੀ ਜ਼ਿਆਦਾ ਹਨ।"
ਉਹ ਆਪਣਾ ਫ਼ਾਇਦਾ(ਲਾਭ) ਵਧਾਉਣਾ ਚਾਹੁੰਦੇ ਹਨ।
ਅਜਿਹੇ ਹੀ ਧੋਖੇ ਦਾ ਸ਼ਿਕਾਰ ਹੋਈ ਇੱਕ ਮਹਿਲਾ ਵੱਲੋਂ ਬਣਾਈ ਸੰਸਥਾ Gaso ਦੇ ਬੁਲਾਰੇ ਨੇ ਦੱਸਿਆ, "ਉਦਾਹਰਨ ਵਜੋਂ ਕੈਲੇਫੋਰਨੀਆ ਤੋਂ ਬਹੁਤ ਸਾਰੇ ਪੀੜਤ ਸਾਡੇ ਕੋਲ ਆਏ ਜੋ ਇਸ ਸਕੈਮ ਵਿੱਚ ਆਪਣੇ ਮਿਲੀਅਨ ਡਾਲਰ ਗਵਾ ਚੁੱਕੇ ਹਨ।",
ਉਹਨਾਂ ਕਿਹਾ, "ਸਾਊਥ ਅਮਰੀਕਾ ਵਿੱਚ ਵੀ ਅਜਿਹੇ ਪੀੜਤ ਹਨ। ਅਸੀਂ ਪੇਰੂ, ਬ੍ਰਾਜ਼ੀਲ ਤੇ ਸਪੇਨ ਦੇ ਵੀ ਅਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਨਾਲ ਧੋਖਾ ਹੋਇਆ। ਇਹ ਅਸਧਾਰਨ ਨਹੀਂ ਹੈ।"
ਔਰੇਲਾਨਾ ਨੇ ਦੱਸਿਆ, "ਪੀੜਤ ਕਿਸੇ ਵੀ ਦੇਸ਼ ਦਾ ਹੋ ਸਕਦਾ ਹੈ। ਸਾਨੂੰ ਅਜਿਹੇ ਲੋਕਾਂ ਤੋਂ ਵੀ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਨੇ ਡਿਜੀਟਲ ਜਾਂ ਵਿੱਤੀ ਖੇਤਰ ਵਿੱਚ ਪੜ੍ਹਾਈ ਕੀਤੀ ਹੈ। ਅਜਿਹੇ ਰਿਟਾਇਰ ਲੋਕ ਵੀ ਹਨ ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਦੀ ਪੁੰਜੀ ਨਿਵੇਸ਼ ਕੀਤੀ। ਹਰ ਤਰ੍ਹਾਂ ਦੇ ਲੋਕ ਹਨ।"

ਤਸਵੀਰ ਸਰੋਤ, Getty Images
ਪੀੜਤਾਂ ਨੂੰ ਕਿਵੇਂ ਚੁਣਦੇ ਹਨ ?
ਘਪਲੇਬਾਜ਼ਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਪਣਾ ਸ਼ਿਕਾਰ ਲੱਭਣ ਲਈ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਹੈ।
ਸਭ ਤੋਂ ਜ਼ਿਆਦਾ ਫ਼ਾਇਦਾ ਉਹ ਲਿੰਕਡਿਨ ਤੋਂ ਲੈੰਦੇ ਹਨ।
ਯੁਏਨ ਕਹਿੰਦੇ ਹਨ, "ਇੱਥੇ ਘਪਲੇਬਾਜ਼ਾਂ ਲਈ ਲੋੜੀਂਦੀ ਹਰ ਚੰਗੀ ਜਾਣਕਾਰੀ ਹੁੰਦੀ ਹੈ। ਇਸ ਜ਼ਰੀਏ ਉਹ ਤੁਹਾਡੀ ਪੜ੍ਹਾਈ ਬਾਰੇ ਜਾਣਦੇ ਹਨ। ਜੇ ਤੁਸੀਂ ਵਧੀਆ ਯੁਨੀਵਰਸਿਟੀ ਤੋਂ ਪੜ੍ਹੇ ਹੋ ਤਾਂ ਕਾਫ਼ੀ ਸੰਭਾਵਨਾ ਹੈ ਕਿ ਚੰਗਾ ਕਮਾ ਰਹੇ ਹੋਵੋਗੇ। ਤੁਹਾਡਾ ਕਿਸੇ ਮੰਨੀ-ਪ੍ਰਮੰਨੀ ਸੰਸਥਾ ਵਿੱਚ ਕੰਮ ਕਰਨਾ ਵੀ ਤੁਹਾਡੀ ਆਰਥਿਕਤਾ ਬਾਰੇ ਕਾਫ਼ੀ ਕੁਝ ਦੱਸ ਦਿੰਦਾ ਹੈ।"
ਉਨ੍ਹਾਂ ਨੇ ਦੱਸਿਆ, "ਤੁਸੀਂ ਕਿਹੜੇ ਡਿਗਰੀ ਕਿਹੜੇ ਸਾਲ ਵਿੱਚ ਲਈ, ਇਸ ਜਾਣਕਾਰੀ ਤੋਂ ਉਹ ਤੁਹਾਡੀ ਉਮਰ ਦਾ ਅੰਦਾਜ਼ਾ ਲਗਾ ਲੈੰਦੇ ਹਨ ਅਤੇ ਦੇਖਦੇ ਹਨ ਕਿ ਕਿੰਨੇ ਸਮੇਂ ਤੋਂ ਕਿਸੇ ਜਗ੍ਹਾ ਕੰਮ ਕਰ ਰਹੇ ਹੋ। ਉਹ ਆਮ ਗੱਲ-ਬਾਤ ਨਾਲ ਸ਼ੁਰੂ ਕਰਦੇ ਹਨ। ਸਿਰਫ਼ ਇਹ ਜਾਨਣ ਲਈ ਕਿ ਤੁਸੀਂ ਸਹੀ ਸ਼ਿਕਾਰ ਹੋ ਤੇ ਤੁਹਾਡੇ 'ਤੇ ਸਮਾਂ ਲਗਾਉਣਾ ਫ਼ਾਇਦੇ ਵਾਲੀ ਗੱਲ ਹੈ ਜਾਂ ਨਹੀਂ।"

ਤਸਵੀਰ ਸਰੋਤ, Getty Images
429 ਮਿਲੀਅਨ ਤੋਂ ਵੱਧ ਦਾ ਨੁਕਸਾਨ
ਸਾਲ 2021 ਵਿੱਚ ਐਫ.ਬੀ.ਆਈ ਦੇ ਸਾਈਬਰ ਕਰਾਈਮ ਰਿਪੋਰਟਿੰਗ ਕੇਂਦਰ ਨੂੰ ਅਜਿਹੀਆਂ 4300 ਤੋਂ ਵੱਧ ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚ ਲੁੱਟੀ ਗਈ ਰਾਸ਼ੀ 429 ਮਿਲੀਅਨ ਤੋਂ ਵੱਧ ਬਣਦੀ ਹੈ।
ਅਜਿਹੇ ਧੋਖੇ ਵਿੱਚ ਰਾਸ਼ੀ ਵਾਪਸ ਲੈਣੀ ਬਹੁਤ ਮੁਸ਼ਕਿਲ ਹੈ ਕਿਉਂਕਿ ਪੀੜਤ ਵੱਲੋਂ ਟਰਾਂਸਫ਼ਰ ਕਰਦਿਆਂ ਸਾਰ ਹੀ ਉਹ ਪੈਸਾ ਕਢਵਾ ਲਿਆ ਜਾਂਦਾ ਹੈ।
ਜ਼ਿਆਦਾਤਰ ਕੇਸਾਂ ਵਿੱਚ ਪੀੜਤ ਨੂੰ ਬਹੁਤ ਲੇਟ ਇਸ ਬਾਰੇ ਪਤਾ ਲਗਦਾ ਹੈ, ਉਦੋਂ ਤੱਕ ਸਬੂਤ ਮਿਟਾ ਦਿੱਤੇ ਜਾਂਦੇ ਹਨ।
ਸੰਸਥਾ Gaso ਜ਼ਰੀਏ 2021 ਦੇ ਮੱਧ ਤੋਂ ਕਰੀਬ 2,000 ਲੋਕਾਂ ਨੇ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਇੱਕ-ਇੱਕ ਪੀੜਤ ਨਾਲ ਔਸਤਨ 1,73,000 ਅਮਰੀਕੀ ਡਾਲਰ ਦਾ ਧੋਖਾ ਕੀਤਾ ਗਿਆ ਹੈ।
ਸੰਸਥਾ ਕਹਿੰਦੀ ਹੈ ਕਿ ਏਸ਼ੀਆ ਸਥਿਤ ਕੇਂਦਰਾਂ ਵਿੱਚੋਂ ਚੱਲਣ ਵਾਲੇ ਸਕੈਮ ਦਾ ਇਹ ਬਹੁਤ ਥੋੜ੍ਹਾ ਹਿੱਸਾ ਹੈ।
ਕਈ ਵਾਰ ਕੰਬੋਡੀਆ, ਲਾਓਸ ਅਤੇ ਮਿਆਂਮਾਰ ਜਿਹੇ ਦੇਸ਼ਾਂ ਵਿੱਚ ਘਪਲੇਬਾਜ਼ ਵੀ ਮਨੁੱਖੀ ਤਸਕਰੀ ਦੇ ਪੀੜਤ ਹੁੰਦੇ ਹਨ।
ਯੁਏਨ ਨੇ ਕਿਹਾ, "ਸੰਸਥਾ ਨੂੰ ਮਿਲੀਆਂ ਸ਼ਿਕਾਇਤਾਂ ਵਿੱਚੋਂ ਇੱਕ 60 ਸਾਲਾ ਪੀੜਤ ਮਹਿਲਾ ਦੀ ਕਹਾਣੀ ਹੈ ਜਿਸ ਨਾਲ ਧੋਖਾ ਕਰਨ ਵਾਲਾ ਉਸ ਨੂੰ ਲਿੰਕਡਿਨ ਜ਼ਰੀਏ ਮਿਲਿਆ। ਘਪਲੇਬਾਜ਼ ਦੀ ਪ੍ਰੋਫਾਈਲ ਨੇ ਉਸ ਮਹਿਲਾ ਨੂੰ ਉਸ ਦੇ ਬੇਟੇ ਦੀ ਯਾਦ ਦਵਾਈ।"
"ਮਹਿਲਾ ਦਹਾਕਿਆਂ ਪਹਿਲਾਂ ਚੀਨ ਤੋਂ ਯੂ.ਐਸ ਆਈ ਸੀ ਅਤੇ ਚਾਰ ਸਾਲ ਪਹਿਲਾਂ ਚੀਨ ਤੋਂ ਯੂ.ਐਸ ਆਇਆ ਨੌਜਵਾਨ ਜੋ ਹਾਲੇ ਨਵੇਂ ਸੱਭਿਆਚਾਰ ਵਿੱਚ ਢਲਣ ਲਈ ਸੰਘਰਸ਼ ਕਰ ਰਿਹਾ ਸੀ, ਨਾਲ ਉਸ ਮਹਿਲਾ ਨੇ ਹਮਦਰਦੀ ਜਤਾਈ। ਘਪਲੇਬਾਜ਼ ਨੇ ਉਸ ਮਹਿਲਾ ਦੀ ਮਮਤਾ ਜਗਾਈ ਅਤੇ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਨਿਵੇਸ਼ ਕਰਨ ਲਈ ਮਨਾਇਆ।"
ਅਜਿਹੀਆਂ ਕਈ ਕਹਾਣੀਆਂ ਹਨ ਜਿੱਥੇ ਇੱਕ ਤਲਾਕਸ਼ੁਦਾ ਔਰਤ ਆਪਣੀ ਸਾਰੀ ਜਮ੍ਹਾਂ ਪੁੰਜੀ ਨਿਵੇਸ਼ ਕਰ ਦਿੰਦੀ ਹੈ। ਕਈ ਤਲਾਕਸ਼ੁਦਾ ਜਾਂ ਵਿਧਵਾ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

ਤਸਵੀਰ ਸਰੋਤ, Getty Images
ਲੈਟਿਨ ਅਮਰੀਕਾ ਵਿੱਚ ਘੁਟਾਲਾ
ਲੈਟਿਨ ਅਮਰੀਕਾ ਵਿੱਚ ਕਿੰਨੇ ਲੋਕ ਇਸ ਧੋਖੇ ਦਾ ਸ਼ਿਕਾਰ ਹੋਏ, ਇਸ ਦਾ ਸਹੀ ਅੰਕੜਾ ਮਿਲਣਾ ਮੁਸ਼ਕਿਲ ਹੈ।
CIBELA ਦੇ PAcCTO ਅਸਿਸਟੈਂਸ ਪ੍ਰੋਗਰਾਮ ਦੀ ਮੁਹਿੰਮ ਜ਼ਰੀਏ ਕੁਝ ਜਾਣਕਾਰੀ ਇਕੱਠੀ ਕੀਤੀ ਗਈ ਹੈ।
ਕ੍ਰਿਪਟੋਕਰੰਸੀ ਸਕੈਮ ਨਾਲ ਸਬੰਧੰਤ 298 ਸ਼ਿਕਾਇਤਾਂ ਸੀ।
ਸਭ ਤੋਂ ਵੱਧ ਪ੍ਰਭਾਵਿਤ ਚਿੱਲੀ, ਫਿਰ ਐਕੁਏਡਰ, ਅਰਜੰਟੀਨਾ ਅਤੇ ਕੋਲੰਬੀਆ।
ਔਰੇਲਾਨਾ ਨੇ ਦੱਸਿਆ ਕਿ ਇਸ ਰਿਪੋਰਟ ਮੁਤਾਬਕ ਸਕੈਮ ਦੇ 65 ਫੀਸਦੀ ਪੀੜਤ ਮਰਦ ਅਤੇ 35 ਫੀਸਦੀ ਪੀੜਤ ਔਰਤਾਂ ਸੀ।
30-50 ਸਾਲ ਦੀ ਉਮਰ ਦੇ ਲੋਕ ਵਧੇਰੇ ਸੀ ਅਤੇ 200 ਡਾਲਰ ਤੋਂ 1,50,000 ਡਾਲਰ ਤੱਕ ਹਰ ਪੀੜਤ ਤੋਂ ਲੁੱਟੇ ਗਏ ਸੀ।
ਕਈ ਵਾਰ ਪੀੜਤ ਨਵੇਂ ਸਕੈਮ ਦਾ ਵਿਸ਼ਾ ਵੀ ਬਣ ਜਾਂਦੇ ਹਨ।
ਉਨ੍ਹਾਂ ਦੱਸਿਆ, "ਸਾਡੇ ਕੋਲ ਫੇਕ ਵੈਬਸਾਈਟ ਜ਼ਰੀਏ ਕ੍ਰਿਪਟੋਕ੍ਰੰਸੀ ਸਬੰਧੀ ਧੋਖਾ ਖਾਣ ਵਾਲੇ ਸ਼ਖ਼ਸ ਦਾ ਕੇਸ ਆਇਆ। ਚਾਰ ਮਹੀਨੇ ਬਾਅਦ ਉਸ ਨੂੰ ਇੱਕ ਲਾਅ-ਫਰਮ ਵੱਲੋਂ ਮੈਸੇਜ ਆਇਆ ਕਿ ਵੈਬਸਾਈਟ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਇਸ ਬਾਰੇ ਯੁਨਾਈਟਿਡ ਸਟੇਟਸ ਵਿੱਚ ਜਾਂਚ ਹੋ ਰਹੀ ਹੈ।"
"ਮੈਸੇਜ ਵਿੱਚ ਕਿਹਾ ਗਿਆ ਕਿ ਉਹ ਕਾਨੂੰਨੀ ਕੇਸ ਤਿਆਰ ਕਰ ਰਹੇ ਹਨ ਅਤੇ ਜੇ ਪੀੜਤ ਇਸ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਦੱਸ ਸਕਦਾ ਹੈ।"
" ਉਹ ਹਾਲੇ ਤੱਕ ਪੈਸੇ ਦੀ ਮੰਗ ਨਹੀਂ ਕਰਦੇ। ਕੁਝ ਸਮੇਂ ਬਾਅਦ ਕਿਹਾ ਜਾਂਦਾ ਹੈ ਕਿ ਕੇਸ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਉਹ ਵਾਪਸ ਆਈ ਰਾਸ਼ੀ ਦਾ ਇੱਕ ਫੀਸਦੀ ਹਿੱਸਾ ਰੱਖਣਗੇ। ਪਰ ਫਿਰ ਉਹ ਪੀੜਤ ਤੋਂ ਕਿਸੇ ਮਾਹਿਰ ਨੂੰ ਦੇਣ ਲਈ ਪੈਸੇ ਮੰਗ ਕੇ ਫਿਰ ਉਸ ਨੂੰ ਚੂਨਾ ਲਗਾਉਂਦੇ ਹਨ।"
ਖੁਦ ਨੂੰ ਅਜਿਹੇ ਧੋਖਿਆਂ ਤੋਂ ਕਿਵੇਂ ਬਚਾਈਏ ?
- ਐਫ.ਬੀ.ਆਈ ਨੇ ਅਜਿਹੇ ਧੋਖਿਆਂ ਤੋਂ ਬਚਾਅ ਲਈ ਕੁਝ ਬਿੰਦੂ ਦੱਸੇ ਹਨ-
- ਕਦੇ ਵੀ ਸਿਰਫ਼ ਇੰਟਰਨੈਟ ਜ਼ਰੀਏ ਮਿਲੇ ਲੋਕਾਂ ਨੂੰ ਪੈਸੇ ਨਾ ਭੇਜੋ ਅਤੇ ਨਾ ਹੀ ਉਨ੍ਹਾਂ ਦੀ ਸਲਾਹ ਮੁਤਾਬਕ ਨਿਵੇਸ਼ ਕਰੋ।
- ਕਿਸੇ ਵੀ ਅਣਜਾਣ ਨਾਲ ਆਪਣੇ ਵਿੱਤੀ-ਹਾਲਾਤ ਬਾਰੇ ਗੱਲ ਨਾ ਕਰੋ।
- ਆਪਣੀ ਬੈਂਕ ਡਿਟੇਲ, ਦਸਤਾਵੇਜ਼ਾਂ ਦੀ ਕਾਪੀ ਜਾਂ ਹੋਰ ਸੰਵਦੇਨਸ਼ੀਲ ਜਾਣਕਾਰੀ ਭਰੋਸੇਯੋਗ ਵੈਬਸਾਈਟ ਤੋਂ ਬਿਨ੍ਹਾਂ ਕਿਤੇ ਵੀ ਆਨਲਾਈਨ ਸਾਂਝੀ ਨਾ ਕਰੋ।
- ਜੇ ਕੋਈ ਆਨਲਾਈਨ ਟਰੇਡਿੰਗ ਸਾਈਟ ਉਮੀਦ ਤੋਂ ਵਧ ਫ਼ਾਇਦਿਆਂ ਦੀ ਗੱਲ ਕਰੇ ਤਾਂ ਉਸ ਉੱਤੇ ਯਕੀਨ ਨਾ ਕਰੋ।
- ਜੋ ਲੋਕ ਤੁਹਾਨੂੰ ਜਲਦੀ ਫ਼ੈਸਲਾ ਲੈਣ ਲਈ ਕਹਿਣ ਅਤੇ ਸੀਮਤ ਨਿਵੇਸ਼ ਮੌਕੇ ਦਾ ਦਾਅਵਾ ਕਰਨ, ਉਨ੍ਹਾਂ ਉੱਤੇ ਯਕੀਨ ਨਾ ਕਰੋ।

ਇਹ ਵੀ ਪੜ੍ਹੋ-













