ਜਦੋਂ ਪੁੱਤ ਦੇ ਰੋਣ ਦੀ ਨਕਲੀ ਆਵਾਜ਼ ਸੁਣਾ ਕੇ ਲਏ ਪੈਸੇ, ਧੋਖਾਧੜ੍ਹੀ ਦਾ ਇਹ ਨਵਾਂ ਤਰੀਕਾ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ
ਤਕਨੀਕ ਦੀ ਦੁਨੀਆਂ ਵਿੱਚ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਦੇ ਵਿਚਾਲੇ ਲੋਕਾਂ ਨੂੰ ਹਰ ਗੱਲ ਅਤੇ ਹਰ ਸ਼ਖ਼ਸ ਉੱਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਸਾਈਬਰ ਸੁਰੱਖਿਆ ਦੇ ਖੇਤਰ ਨਾਲ ਜੁੜੇ ਮਾਹਰਾਂ ਨੇ ਆਰਟੀਫਿਸ਼ਿਅਲ ਇੰਟੈਲਿਜੈਂਸ ਦੇ ਜ਼ਰੀਏ ਨੌਜਵਾਨਾਂ ਅਤੇ ਨਾਗਰਿਕਾਂ ਦੇ ਨਾਲ ਫਰਾਡ ਹੋਣ ਦੀਆਂ ਖ਼ਬਰਾਂ ਦੇ ਚਲਦਿਆਂ ਇਹ ਐਡਵਾਇਜ਼ਰੀ ਜਾਰੀ ਕੀਤੀ ਹੈ।
ਏਆਈ ਦੇ ਜ਼ਰੀਏ ਕਿਸੇ ਵਿਅਕਤੀ ਦੀ ਆਵਾਜ਼ ਬਣਾ ਕੇ ਉਨ੍ਹਾਂ ਨਾਲ ਵੱਡੇ ਆਰਥਿਕ ਫਰਾਡ(ਧੋਖੇ) ਕੀਤੇ ਜਾ ਰਹੇ ਹਨ।
ਇਸ ਪ੍ਰਕਿਰਿਆ ਵਿੱਚ ਕਿਸੇ ਤਰੀਕੇ ਦੇ ਸਬੂਤ ਪਿੱਛੇ ਨਹੀਂ ਰਹਿੰਦੇ ਜਿਸ ਨਾਲ ਕਿ ਮੁਲਜ਼ਮ ਨੂੰ ਫੜਿਆ ਜਾ ਸਕੇ।
ਅਜਿਹੇ ਵਿੱਚ ਲੁੱਟੀ ਹੋਈ ਰਕਮ ਵਾਪਸ ਲਿਆਉਣੀ ਤਾਂ ਦੂਰ ਦੀ ਗੱਲ ਹੈ, ਜਾਂਚ ਹੋਣੀ ਵੀ ਮੁਸ਼ਕਲ ਹੁੰਦੀ ਹੈ।
ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਲੋਕਾਂ ਨੂੰ ਅਣਜਾਣ ਨੰਬਰਾਂ ਜਾਂ ਅਣਜਾਣ ਲੋਕਾਂ ਦਾ ਫੋਨ ਨਾ ਚੁੱਕਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸ਼ਖ਼ਸ ਨੂੰ ਕਾਲ ਕਰਕੇ ਉਨ੍ਹਾਂ ਦੇ ਨਾਲ ਆਰਥਿਕ ਫਰਾਡ ਕੀਤਾ ਗਿਆ।
ਫੋਨ ਕਰਨ ਵਾਲੇ ਸ਼ਖ਼ਸ ਨੇ ਫੋਨ ਚੁੱਕਣ ਵਾਲੇ ਵਿਅਕਤੀ ਨੂੰ ਕਿਹਾ ਕਿ ਉਨ੍ਹਾਂ ਦੇ ਜਵਾਨ ਮੁੰਡੇ ਨੇ ਬਲਾਤਕਾਰ ਕੀਤਾ ਹੈ ਜਿਸ ਨੂੰ ਰਫ਼ਾ-ਦਫ਼ਾ ਕਰਨ ਲਈ 50 ਹਜ਼ਾਰ ਰੁਪਏ ਦੇਣੇ ਪੈਣਗੇ।
ਫੋਨ ਕਰਨ ਵਾਲੇ ਸ਼ਖ਼ਸ ਨੇ ਇਸ ਪਿਤਾ ਨੂੰ ਉਸ ਦੇ ਪੁੱਤਰ ਦੇ ਰੋਣ ਦੀ ਆਵਾਜ਼ ਵੀ ਸੁਣਾਈ ਸੀ।
ਇਸ ਮਗਰੋਂ ਪਿਤਾ ਨੇ ਤੁਰੰਤ 50 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤੇ, ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਤਾਂ ਬਿਲਕੁਲ ਠੀਕ ਸੀ ਅਤੇ ਇਹ ਇੱਕ ਫ਼ਰਜ਼ੀ ਕਾਲ ਸੀ।
ਇਹ ਮਾਮਲਾ ਫਰਾਡ ਦੇ ਉਨ੍ਹਾਂ ਮਾਮਲਿਆਂ ਨਾਲ ਮੇਲ ਖਾਂਦਾ ਹੈ, ਜਿਨ੍ਹਾਂ ਵਿੱਚ ਧੋਖਾਧੜ੍ਹੀ ਕਰਨ ਵਾਲਾ ਸ਼ਖ਼ਸ ਕਿਸੇ ਸ਼ਖ਼ਸ ਦੀ ਆਵਾਜ਼ ਬਣਾ ਕੇ ਉਨ੍ਹਾਂ ਦੇ ਦੋਸਤ ਨੂੰ ਫੋਨ ਕਰਕੇ ਇਹ ਕਹਿੰਦਾ ਹੈ ਕਿ ਉਹ ਇੱਕ ਅਣਜਾਣ ਦੇਸ਼ ਵਿੱਚ ਫਸਿਆ ਹੋਇਆ ਹੈ ਅਤੇ ਉਸ ਨੂੰ ਤੁਰੰਤ ਪੈਸਿਆਂ ਦੀ ਜ਼ਰੂਰਤ ਹੈ।
ਸਿਕਿਓਰਿਟੀ ਕੰਸਲਟੈਂਸੀ ਸਰਵਿਸ ਵਿੱਚ ਸਾਈਬਰ ਸੁਰੱਖਿਆ ਮਾਹਰ ਸ਼ਸ਼ੀਧਰ ਸੀਐੱਨ ਕਹਿੰਦੇ ਹਨ, “ਮੇਰੇ ਇੱਕ ਦੋਸਤ ਦੇ ਨਾਲ ਅਜਿਹਾ ਹੋਇਆ, ਉਸ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਆਪਣੇ ਦੋਸਤ ਦੀ ਆਵਾਜ਼ ਵਿੱਚ ਮਦਦ ਦੀ ਗੁਹਾਰ ਵਾਲਾ ਸੁਨੇਹਾ ਮਿਲਿਆ।”
ਉਨ੍ਹਾਂ ਦੱਸਿਆ, “ਇਸ ਸੁਨੇਹੇ ਵਿੱਚ ਕਿਹਾ ਗਿਆ ਸੀ ਕਿ ਉੁਨ੍ਹਾਂ ਨੇ ਆਪਣਾ ਸਾਰਾ ਸਮਾਨ ਗੁਆ ਦਿੱਤਾ ਹੈ ਅੇਤ ਉਸ ਨੂੰ ਤੁਰੰਤ ਆਰਥਿਕ ਮਦਦ ਦੀ ਲੋੜ ਹੈ।”
ਸ਼ਸ਼ੀਧਰ ਸੀਐੱਨ ਕਹਿੰਦੇ ਹਨ, “ਭਾਰਤ ਵਿੱਚ ਰਹਿੰਦੇ ਇਸ ਦੋਸਤ ਨੇ ਜਦੋਂ ਫੋਨ ਕਰਕੇ ਆਪਣੇ ਦੋਸਤ ਦਾ ਹਾਲ ਪੁੱਛਿਆ ਤਾਂ ਉਹ ਇਹ ਜਾਣਕੇ ਬਹੁਤ ਹੈਰਾਨ ਹੋਇਆ ਕਿ ਉਸ ਦਾ ਦੋਸਤ ਤਾਂ ਬਿਲਕੁਲ ਠੀਕ ਹੈ।”

ਤਸਵੀਰ ਸਰੋਤ, getty images
ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੇ ਦੋਸਤ ਨੂੰ ਇਸ ਬਾਰੇ ਦੱਸਿਆ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਜਿਹਾ ਕਿਹਾ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਦੋਸਤ ਆਪਣੀ ਫਰਜ਼ੀ ਆਵਾਜ਼ ਸੁਣਕੇ ਹੈਰਾਨ ਰਹਿ ਗਿਆ, ਇਹ ਆਵਾਜ਼ ਬਿਲਕੁਲ ਉਨ੍ਹਾਂ ਵਰਗੀ ਹੀ ਸੀ।
ਇਸ ਤਰੀਕੇ ਦੀ ਧੋਖਾਧੜ੍ਹੀ ਅਨਪੜ੍ਹ ਲੋਕਾਂ ਦੇ ਨਾਲ-ਨਾਲ ਪੜ੍ਹੇ ਲਿਖੇ ਲੋਕਾਂ ਦੇ ਨਾਲ ਵੀ ਹੋ ਰਹੀ ਹੈ।
ਸ਼ਸ਼ੀਧਰ ਇਸ ਦੀ ਇੱਕ ਮਿਸਾਲ ਦਿੰਦੇ ਹੋਏ ਕਹਿੰਦੇ ਹਨ, “ਕੁਝ ਦਿਨ ਪਹਿਲਾਂ ਮੈਨੂੰ ਇੱਕ ਫੋਨ ਆਇਆ, ਮੈਨੂੰ ਕਿਹਾ ਗਿਆ ਕਿ ਇਹ ਫੋਨ ਟੈਲੀਕੌਮ ਵਿਭਾਗ ਤੋਂ ਆਇਆ ਸੀ।”
ਉਹ ਦੱਸਦੇ ਹਨ, “ਇਸ ਕਾਲ ਵਿੱਚ ਕਿਹਾ ਗਿਆ ਕਿ ਜੇਕਰ ਮੈਂ ਰਾਤ ਤੱਕ ਕੇਵਾਈਸੀ ਡੀਟੇਲ ਨਹੀਂ ਦਿੰਦਾ ਤਾਂ ਮੇਰੇ ਨਾਮ ਉੱਤੇ ਜਾਰੀ ਕੀਤੇ ਗਏ ਸਾਰੇ ਨੰਬਰ ਬੰਦ ਕਰ ਦਿੱਤੇ ਜਾਣਗੇ, ਫਿਰ ਕਿਹਾ ਗਿਆ ਕਿ ਅੱਗੇ ਜਾਣ ਲਈ ਇੱਕ ਨੰਬਰ ਦਬਾਓ.. ਕੋਈ ਵੀ ਮੂਰਖ ਬਣ ਸਕਦਾ ਹੈ।”
ਉਹ ਕਹਿੰਦੇ ਹਨ, “ਮੈਨੂੰ ਪਤਾ ਸੀ ਕਿ ਇਹ ਧੋਖਾਧੜ੍ਹੀ (ਫਿਸ਼ਿੰਗ) ਦਾ ਮਾਮਲਾ ਹੈ, ਜਿਸ ਵਿੱਚ ਉਹ ਤੁਹਾਡੀ ਕੇਵਾਈਸੀ ਡਿਟੇਲ ਲੈ ਲਈ ਜਾਂਦੀ ਹੈ ਜਿਸ ਮਗਰੋਂ ਧੋਖਾਧੜ੍ਹੀ ਹੁੰਦੀ ਹੈ।”
ਉਹ ਅੱਗੇ ਦੱਸਦੇ ਹਨ, “ਮੈਂ ਇਸ ਨੰਬਰ ਨੂੰ ਇੱਕ ਐਪ ਉੱਤੇ ਚੈੱਕ ਕੀਤਾ ਜੋ ਨੰਬਰਾਂ ਦੀ ਪਛਾਣ ਕਰਦਾ ਹੈ।”

ਤਸਵੀਰ ਸਰੋਤ, getty images
ਉਹ ਦੱਸਦੇ ਹਨ, “ਇਸ ਨਾਲ ਮੈਨੂੰ ਪਤਾ ਲੱਗਾ ਕਿ ਇਹ ਨੰਬਰ ਮੱਧ ਪ੍ਰਦੇਸ਼ ਤੋਂ ਸੀ, ਮੈਂ ਨੰਬਰ ਬਲੌਕ ਕਰਕੇ ਐਪ ਉੱਤੇ ਉਸ ਨੂੰ ਇੱਕ ਫਰਾਡ ਵਜੋਂ ਦਰਜ ਕਰ ਦਿੱਤਾ ਤਾਂ ਇਸ ਨੰਬਰ ਤੋਂ ਕਿਸੇ ਨੂੰ ਫੋਨ ਆਵੇ ਤਾਂ ਉਸ ਨੂੰ ਪਤਾ ਹੋਵੇ ਕਿ ਇਹ ਇੱਕ ਫਰਾਡ ਕਾਲ ਹੈ।”
ਕਿੰਨਾ ਸੌਖਾ ਹੈ ਏਆਈ ਦੇ ਜ਼ਰੀਏ ਆਵਾਜ਼ ਬਣਾਉਣਾ
ਸ਼ਸੀਧਰ ਦੱਸਦੇ ਹਨ, “ਅਜਿਹੇ ਮਾਮਲਿਆਂ ਵਿੱਚ ਫੋਨ ਚੁੱਕਣ ਜਾਂ ਮੈਸੇਜ ਹਾਸਲ ਕਰਨ ਵਾਲੇ ਸ਼ਖ਼ਸ ਨੂੰ ਅਜਿਹੇ ਮੈਸੇਜ ਜਾਂ ਫੋਨ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ।”
ਸ਼ਸ਼ੀਧਰ ਕਹਿੰਦੇ ਹਨ ਕਿ ਇੰਟਰਨੈੱਟ ਉੱਤੇ ਅਜਿਹੇ ਕਈ ਸਾਧਨ ਮੌਜੂਦ ਹਨ ਜੋ ਕਿਸੇ ਦੀ ਆਵਾਜ਼ ਦਾ ਨਮੂਨਾ ਲੈ ਕੇ ਉਸ “ਆਵਾਜ਼ ਜਾਂ ਬੋਲਣ ਦੇ ਢੰਗ ਦੇ ਨਾਲ ਡੀਪ-ਫੇਕ ਵੀਡੀਓ ਬਣਾ ਸਕਦੇ ਹਨ ਜਿਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ, ਤੁਸੀਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਕੇ ਹੈਰਾਨ ਰਹਿ ਜਾਵੋਗੇ।”
ਉੱਥੇ ਹੀ ਰਾਹੁਲ ਸ਼ਸ਼ੀ ਕਹਿੰਦੇ ਹਨ, “ਮੈਂ ਤੁਹਾਨੂੰ ਕਾਲ ਕਰਕੇ ਕਾਲ ਰਿਕਾਰਡ ਕਰ ਸਕਦਾ ਹਾਂ ਜਿਸ ਨਾਲ ਮੈਨੂੰ ਇੱਕ ਫਰਜ਼ੀ ਕਾਲ ਬਣਾਉਣ ਦੇ ਲਈ ਲੋੜੀਂਦਾ ਡੇਟਾ ਮਿਲ ਜਾਵੇਗਾ।”
ਉਹ ਕਹਿੰਦੇ ਹਨ, “ਕੁਝ ਐਲਗੋਰਿਦਮ ਨੂੰ ਸੀਡ ਡੇਟਾ ਦੀ ਲੋੜ ਹੁੰਦੀ ਹੈ.. ਮੈਂ ਤੁਹਾਨੂੰ ਵੀਡੀਓ ਜਾਂ ਆਮ ਕਾਲ ਕਰਕੇ ਸੀਡ ਡੇਟਾ ਹਾਸਲ ਕਰ ਸਕਦਾ ਹਾਂ।”

ਤਸਵੀਰ ਸਰੋਤ, getty images
ਉਹ ਕਹਿੰਦੇ ਹਨ, “ਇਹ ਕਾਫੀ ਸੌਖਾ ਹੈ.. ਕੋਈ ਵੀ ਅਣਜਾਣ ਸ਼ਖ਼ਸ ਤੋਂ ਆਈ ਕਾਲ ਉੱਤੇ ਗੱਲਬਾਤ ਕਰ ਸਕਦਾ ਹੈ, ਇਸ ਗੱਲਬਾਤ ਦੇ ਦੌਰਾਨ ਧੋਖਾ ਕਰਨ ਦੇ ਲਈ ਉਸ ਦੀ ਆਵਾਜ਼ ਰਿਕਾਰਡ ਕੀਤੀ ਜਾ ਸਕਦੀ ਹੈ।”
ਉੱਥੇ ਹੀ ਸਾਈਬਰ ਕਾਨੂੰਨ ਪੜ੍ਹਾਉਂਦੇ ਨਾਵੀ ਵਿਜੈਸ਼ੰਕਰ ਕਹਿੰਦੇ ਹਨ, “ਅਜਿਹੇ ਜ਼ਿਆਦਾਤਰ ਧੋਖ਼ੇਬਾਜ਼ਾਂ ਦੇ ਲਈ ਸੋਸ਼ਲ ਮੀਡੀਆ ਇੱਕ ਖਜ਼ਾਨੇ ਜਿਹਾ ਹੈ ਜਿੱਥੋਂ ਉਹ ਆਵਾਜ਼ਾਂ ਦੇ ਨਾਲ-ਨਾਲ ਵੀਡੀਓ ਅਤੇ ਫੋਟੋਗ੍ਰਾਫ਼ ਕਾਪੀ ਕਰ ਸਕਦੇ ਹਨ।”
ਉਹ ਕਹਿੰਦੇ ਹਨ, “ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਧਿਆਨ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਹੈ ਜਿੱਥੋਂ ਉਹ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਦੇ ਹਨ।”
ਇਸ ਵੇਲੇ ਡੀਪ ਫੇਕ ਬਣਾਉਣ ਦੇ ਲਈ ਕਈ ਤਕਨੀਕਾਂ ਉਪਲਬਧ ਹਨ ਪਰ ਉਸ ਨਾਲ ਨਜਿੱਠਣ ਲਈ ਤਕਨੀਕ ਨਹੀਂ ਹੈ।
ਵਿਜੈਸ਼ੰਕਰ ਕਹਿੰਦੇ ਹਨ, “ਇਹ ਇੱਕ ਤਰੀਕੇ ਨਾਲ ਜਾਗਰੁਕਤਾ ਦਾ ਮੁੱਦਾ ਹੈ। ਘਬਰਾਹਟ ਵਿੱਚ ਲੋਕ ਪ੍ਰਤਿਕਿਰਿਆਵਾਂ ਦਿੰਦੇ ਹਨ, ਪਰ ਵੱਡੇ ਪੱਧਰ ਉੱਤੇ ਜਾਗਰੁਕਤਾ ਮੁਹਿੰਮ ਚਲਾ ਕੇ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ, ਇਸ ਦਾ ਹੋਰ ਕੋਈ ਹੱਲ ਨਹੀਂ ਹੈ।”

ਤਸਵੀਰ ਸਰੋਤ, getty images
ਵਿਜੈਸ਼ੰਕਰ ਇੱਕ ਕਦਮ ਅੱਗੇ ਵੱਧ ਕੇ ਇਹ ਸੁਝਾਅ ਦਿੰਦੇ ਹਨ ਕਿ ਬੈਂਕਿੰਗ ਸੈਕਟਰ ਨੂੰ ਤਕਨੀਕ ਦੀ ਮਦਦ ਨਾਲ ਪੀੜਤਾਂ ਦੀ ਜਾਣਕਾਰੀ ਸੁਰੱਖਿਅਤ ਕਰਨੀ ਚਾਹੀਦੀ ਹੈ।
ਉਹ ਕਹਿੰਦੇ ਹਨ, “ਕੋਈ ਸ਼ਖ਼ਸ ਅਜਿਹੇ ਧੋਖੇ ਦਾ ਸ਼ਿਕਾਰ ਹੋਣ ਉੱਤੇ ਆਨਲਾਈਨ ਪੇਮੈਂਟ ਕਰਦਾ ਹੈ, ਕਿਉਂਕਿ ਇਹ ਇੱਕ ਅਧਿਕਾਰਤ ਪੇਮੈਂਟ ਹੁੰਦਾ ਹੈ ਤਾਂ ਬੈਂਕ ਇਸ ਉੱਤੇ ਧਿਆਨ ਨਹੀਂ ਦਿੰਦਾ, ਕਿਉਂਕਿ ਇਹ ਇੱਕ ਜਾਇਜ਼ ਪੇਮੈਂਟ ਹੁੰਦੀ ਹੈ।
ਉਹ ਦੱਸਦੇ ਹਨ ਕਿ ਬੈਂਕ ਇਸ ਉੱਤੇ ਉਦੋਂ ਤੱਕ ਧਿਆਨ ਨਹੀਂ ਦਿੰਦਾ ਜਦੋਂ ਤੱਕ ਇਹ ਰਕਮ ਖਾਤਾਧਾਰਕ ਦੇ ਵੱਲੋਂ ਆਮ ਤੌਰ ਉੱਤੇ ਕੀਤੀ ਜਾਣ ਵਾਲੀ ਟਰਾਂਜ਼ੈਕਸ਼ਨ ਤੋਂ ਵੱਡੀ ਨਾ ਹੋਵੇ।
ਉਹ ਅੱਗੇ ਦੱਸਦੇ ਹਨ, “ਜਦੋਂ ਉਹ ਬੈਂਕ ਵਿੱਚ ਇਸ ਬਾਰੇ ਸ਼ਿਕਾਇਤ ਕਰਦੇ ਹਨ ਤਾਂ ਉਹ ਉਸ ਬੈਂਕ ਨਾਲ ਸੰਪਰਕ ਕਰ ਸਕਦੇ ਹਨ, ਜਿਸ ਵਿੱਚ ਪੈਸੇ ਜਮ੍ਹਾਂ ਕੀਤੇ ਗਏ ਹੋਣ।”
ਉਹ ਅੱਗੇ ਦੱਸਦੇ ਹਨ, “ਸਾਡੇ ਬੈਂਕਿੰਗ ਸਿਸਟਮ ਵਿੱਚ ਇਹ ਕਮੀ ਹੈ ਕਿ ਪੀੜਤ ਦਾ ਬੈਂਕ ਉਸ ਬੈਂਕ ਨਾਲ ਸੰਪਰਕ ਨਹੀਂ ਕਰਦਾ ਜਿੱਥੇ ਅਪਰਾਧੀ ਦਾ ਖਾਤਾ ਹੈ, ਇਹ ਸਿਸਟਮ ਆਟੋ ਮੈਟਿਕ ਹੋ ਜਾਣਾ ਚਾਹੀਦਾ ਹੈ।”
ਸੋਚ ਬਦਲਣ ਦੀ ਲੋੜ
ਸਾਈਬਰ ਸੁਰੱਖਿਆ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸੋਚ ਵਿੱਚ ਤਬਦੀਲੀ ਲਿਆਉਣਾ ਜ਼ਰੂਰੀ ਹੈ।
ਕਲਾਊਡਐੱਸਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਸ਼ਸ਼ੀ ਬੀਬੀਸੀ ਨੂੰ ਦੱਸਦੇ ਹਨ, “ਨਵੀਂ ਦੁਨੀਆਂ ਵਿੱਚ ਤੁਸੀਂ ਹਰੇਕ ਸ਼ਖ਼ਸ ਜਾਂ ਹਰ ਚੀਜ਼ ਉੱਤੇ ਭਰੋਸਾ ਨਹੀਂ ਕਰ ਸਕਦੇ, ਤੁਹਾਨੂੰ ਖ਼ੁਦ ਨੂੰ ਇੱਕ ਅਜਿਹੇ ਸ਼ਖ਼ਸ ਦੇ ਰੂਪ ਵਿੱਚ ਢਾਲਣਾ ਪਵੇਗਾ ਕਿ ਹਰ ਚੀਜ਼ ਉੱਤੇ ਸ਼ੱਕ ਕਰੋ ਅਤੇ ਸਾਰੀਆਂ ਚੀਜ਼ਾਂ ਅਤੇ ਸਾਰਿਆਂ ਲੋਕਾਂ ਉੱਤੇ ਭਰੋਸਾ ਨਾ ਕਰੋ, ਅਸਲ ਵਿੱਚ ਤੁਹਾਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ।”












