ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਸਤਲੁਜ ਨੇ ਮੁੜ ਡੋਬਿਆ, 'ਪਾਣੀ ਬਾਰੇ ਪ੍ਰਸ਼ਾਸਨ ਸਹੀ ਜਾਣਕਾਰੀ ਹੀ ਦੇ ਦੇਵੇ'

ਹੜ੍ਹ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਸਤਲੁਜ ਕੰਢੇ ਵਸਿਆ ਪਿੰਡਾਂ ਵਿੱਚ ਆਇਆ ਪਾਣੀ

"ਹੁਣ ਤਾਂ ਪ੍ਰਮਾਤਮਾ ਹੱਥ ਡੋਰ ਹੈ, ਬਾਕੀ ਤਾਂ ਸਾਰੇ ਹੀਲੇ-ਵਸੀਲੇ ਖ਼ਤਮ ਹਨ। ਜੇ ਪ੍ਰਸ਼ਾਸਨ ਕੁਝ ਕਰ ਨਹੀਂ ਸਕਦਾ ਤਾਂ ਸਾਨੂੰ ਸਹੀ ਜਾਣਕਾਰੀ ਦੇ ਸਕਦਾ ਹੈ ਕਿ ਪਾਣੀ ਕਿੰਨਾ ਆ ਰਿਹਾ ਤੇ ਕਿੰਨਾ ਹੋਰ ਆਵੇਗਾ ਤਾਂ ਜੋ ਅਸੀਂ ਆਪਣੇ ਜਾਨ-ਮਾਨ ਦੀ ਰਾਖੀ ਤਾਂ ਕਰ ਸਕੀਏ।"

ਇਹ ਕਹਿਣਾ ਹੈ ਅਨੰਪੁਰ ਸਾਹਿਬ ਦੇ ਪਿੰਡ ਸ਼ਾਹਪੁਰ ਬੇਲਾ ਦੇ ਜਗਬੀਰ ਸਿੰਘ ਦਾ।

ਰੋਪੜ ਜ਼ਿਲ੍ਹੇ ਦੀ ਅਨੰਦਪੁਰ ਸਾਹਿਬ ਤਹਿਸੀਲ ਦਾ ਪਿੰਡਾ ਸ਼ਾਹਪੁਰ ਬੇਲਾ ਸਤਲੁਜ ਦਰਿਆ ਕੰਢੇ ਵਸਿਆ ਹੈ, ਜਿੱਥੇ ਪਾਣੀ ਆਉਣ ਨਾਲ ਸ਼ਾਹਪੁਰ ਬੇਲਾ ਸਣੇ ਕਈ ਹੋਰਨਾਂ ਪਿੰਡਾਂ ਦੇ ਲੋਕ, ਉੱਥੋਂ ਜਾਣ ਲਈ ਮਜਬੂਰ ਹੋ ਰਹੇ ਹਨ।

ਸ਼ਾਹਪੁਰ ਬੇਲਾ ਵਾਂਗ ਅਨੰਦਪੁਰ ਅਤੇ ਨੰਗਲ ਖੇਤਰ ਦੇ ਸਤਲੁਜ ਨੇੜੇ ਵਸੇ ਦਰਜਨਾਂ ਪਿੰਡ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਮੁੜ ਹੜ੍ਹ ਦੀ ਮਾਰ ਹੇਠ ਆ ਗਏ ਹਨ।

ਜਗਬੀਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਕੋਲ ਪ੍ਰਸਾਸ਼ਨ ਦੀ ਕੋਈ ਅਧਿਕਾਰਤ ਜਾਣਕਾਰੀ ਅਜੇ ਵੀ ਸਪੱਸ਼ਟ ਨਹੀਂ ਹੈ, ਕਿੰਨਾ ਕੂ ਪਾਣੀ ਹੋਰ ਛੱਡਿਆ ਜਾਣਾ ਹੈ।

ਦਰਅਸਲ, ਹਿਮਾਚਲ ਪ੍ਰਦੇਸ਼ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਂਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।

ਇਸੇ ਕਰਕੇ ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਕੰਢੇ ਵਸੇ ਪਿੰਡਾਂ ਲਈ ਇਹ ਪਾਣੀ ਆਫ਼ਤ ਬਣ ਕੇ ਆਇਆ ਹੈ।

ਸ਼ੁਰੂਆਤੀ ਪਾਣੀ ਨੇ ਰੋਪੜ ਅਤੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਮਾਰ ਕੀਤੀ ਹੈ।

ਬੀਬੀਸੀ ਸਹਿਯੋਗੀ ਬਿਮਲ ਸੈਣੀ ਦੀ ਰਿਪੋਰਟ ਮੁਤਾਬਕ, ਭਾਖੜਾ ਡੈਮ ਤੋਂ ਛੱਡੇ ਹੋਏ ਇਸ ਪਾਣੀ ਦੀ ਲਪੇਟ ’ਚ ਨੰਗਲ ਤੇ ਆਨੰਦਰਪੁਰ ਇਲਾਕੇ ਦੇ ਪਿੰਡ ਭਨਾਮ, ਬੇਲਾ ਧਿਆਨੀ, ਹਰਸਾ ਬੇਲਾ, ਸ਼ਾਹਪੁਰ ਬੇਲਾ, ਚੰਦਪੁਰ ਬੇਲਾ, ਹਰੀਵਾਲ ਆਦਿ ਪਿੰਡਾਂ ਵਿੱਚ ਭਾਖੜਾ ਡੈਮ ਦੇ ਪਾਣੀ ਨੇ ਦਸਤਕ ਦੇ ਦਿੱਤੀ ਹੈ।

ਹੜ੍ਹ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਜਗਬੀਰ ਸਿੰਘ ਦੇ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਾਣਕਾਰੀ ਤਾਂ ਦੇਣੀ ਚਾਹੀਦੀ ਹੈ

ਪਿੰਡ ਛੱਡਣ ਲਈ ਮਜਬੂਰ ਲੋਕ

ਇਨ੍ਹਾਂ ਇਲਾਕਿਆਂ ਦੇ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹਨ ਨੂੰ ਮਜਬੂਰ ਹੋ ਗਏ ਹਨ। ਫ਼ਿਕਰਮੰਦ ਪਿੰਡ ਵਾਸੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਲੰਘ ਰਹੇ ਹਨ।

ਪਿੰਡ ਵਾਸੀਆਂ ਮੁਤਾਬਕ ਬਿਨਾਂ ਜਾਣਕਾਰੀ ਦਿੱਤਿਆਂ ਪਾਣੀ ਛੱਡਿਆ ਜਾ ਰਿਹਾ ਹੈ। ਪਿੰਡਾਂ ਦੇ ਲੋਕ ਮਜਬੂਰਨ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਉੱਤੇ ਜਾ ਰਹੇ ਹਨ।

ਪਿੰਡ ਬਸੀ ਦੇ ਖੁਸ਼ਹਾਲ ਸਿੰਘ ਦਾ ਕਹਿਣਾ ਹੈ ਕਿ ਭਾਖੜਾ ਵਾਲਿਆਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

ਭਾਖੜਾ ਵਿੱਚ ਪਾਣੀ ਦੀ ਪੱਧਰ

ਅੱਜ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਕਰੀਬ 1678 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਘੱਟ ਹੈ।

ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 1,24,005 ਕਿਊਸਿਕ ਰਿਕਾਰਡ ਕੀਤੀ ਗਈ, ਜਦਕਿ ਭਾਖੜਾ ਡੈਮ ਤੋਂ ਟਰਬਾਈਨ ਰਾਹੀਂ 55,167 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਭਾਖੜਾ ਡੈਮ ਦੇ ਫਲੱਡ ਗੇਟ ਰਾਹੀਂ 14,729 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12,350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10,150 ਕਿਊਸਿਕ, ਸਤਲੁਜ ਦਰਿਆ ਵਿੱਚ 45,500 ਕਿਊਸਿਕ, ਭਾਖੜਾ ਡੈਮ ਤੋਂ 63,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ।

ਉਧਰ ਬੀਬੀਐਮਬੀ ਦੇ ਨੰਗਲ ਸਥਿਤ ਚੀਫ਼ ਇੰਜੀਨੀਅਰ ਸੀਪੀ ਸਿੰਘ ਦੱਸਦੇ ਹਨ ਕਿ ਪਾਣੀ ਨੂੰ ਕੰਟਰੋਲ ਕੀਤਾ ਗਿਆ ਹੈ।

ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ

ਤਸਵੀਰ ਸਰੋਤ, Gurpreet Chawla/bbc

ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ

ਬਿਆਸ ਵਿੱਚ ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਆਦੇਸ਼

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ, ਉਧਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜਿਸ ਕਾਰਨ ਦਰਿਆ ਦੇ ਕੰਢੇ ਵਸਦੇ ਪਿੰਡਾਂ 'ਚ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ ਨੇ ਨੀਵੇਂ ਇਲਾਕੇ ਖਾਲੀ ਕਰ ਕੇ ਸੁਰੱਖਿਅਤ ਅਤੇ ਉੱਚੀਆਂ ਥਾਵਾਂ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।

ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਆਦੇਸ਼ ਜਾਰੀ ਹੋਣ ਮਗਰੋਂ ਕਈ ਲੋਕ ਤਾਂ ਉਥੋਂ ਨਿਕਲ ਗਏ ਹਨ ਪਰ ਹਾਲੇ ਵੀ ਕਈ ਲੋਕ ਉੱਥੇ ਹੀ ਹਨ।

ਉਨ੍ਹਾਂ ਨੇ ਕਿਹਾ, "ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਾਡੀਆਂ ਟੀਮਾਂ ਇਲਾਕੇ ਵਿੱਚ ਮੌਜੂਦ ਹਨ।"

ਵੀਡੀਓ ਕੈਪਸ਼ਨ, 'ਜੀ ਕਰਦਾ ਹੈ ਘਰ ਜਾਈਏ ਪਰ ਜਦੋਂ ਤੋਂ ਪਾਣੀ ਆਇਆ ਹੈ, ਲੰਘਣਾ ਔਖਾ ਹੋ ਗਿਆ'

ਜੂਨ-ਜੁਲਾਈ ਦੌਰਾਨ ਪੰਜਾਬ ਵਿੱਚ ਹੜ੍ਹਾਂ ਨੇ ਕਾਫੀ ਮਾਰ ਕੀਤੀ ਸੀ, ਜਿਸ ਬਾਰੇ ਬੀਬੀਸੀ ਪੰਜਾਬੀ ਨੇ ਇੱਕ ਰਿਪੋਰਟ ਕੀਤੀ ਸੀ, ਜਿਸ ਨੂੰ ਹੂਬਹੂ ਛਾਪਿਆ ਜਾ ਰਿਹਾ ਹੈ.

ਇਸ ਤੋਂ ਪਹਿਲਾਂ ਕਰੀਬ 19 ਜ਼ਿਲ੍ਹ ਹੋਏ ਸਨ ਪ੍ਰਭਾਵਿਤ

“ਪੁੱਤ ਕੀ ਦੱਸਾਂ, ਜ਼ਿੰਦਗੀ ਕਾਹਦੀ ਆ ਹੌਕਿਆਂ ਦੀ ਜ਼ਿੰਦਗੀ ਆ”, ਇਹ ਸ਼ਬਦ ਹਨ ਜਲੰਧਰ ਜ਼ਿਲ੍ਹੇ ਦੇ ਪਿੰਡ ਮੁੰਡੀ ਚੋਹਲੀਆਂ ਦੀ ਬਜ਼ੁਰਗ ਗੁਰਬਖ਼ਸ਼ ਕੌਰ ਦੇ।

ਗੁਰਬਖ਼ਸ਼ ਜਿਸ ਪਿੰਡ ਵਿੱਚ ਰਹਿੰਦੇ ਹਨ, ਉਹ ਹੜ੍ਹ ਆਉਣ ਤੋਂ ਤਿੰਨ ਹਫ਼ਤੇ ਬਾਅਦ ਵੀ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਇਹ ਹਾਲ ਸਿਰਫ਼ ਦੁਆਬੇ ਦੇ ਜਲੰਧਰ ਜ਼ਿਲ੍ਹੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਨਹੀਂ ਹਨ ਬਲਕਿ ਮਾਲਵੇ ਤੇ ਮਾਝੇ ਦੇ ਵੀ ਜਿਹੜੇ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਉਥੇ ਵੀ ਹਾਲੇ ਤੱਕ ਲੋਕ ਆਮ ਜ਼ਿੰਦਗੀ ’ਚ ਪਰਤ ਨਹੀਂ ਸਕੇ।

ਬੀਬੀਸੀ ਪੰਜਾਬੀ ਦੀ ਟੀਮ ਨੇ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਹਾਲਾਤ ਦਾ ਜਾਇਜ਼ਾ ਲਿਆ, ਜਿੱਥੇ ਕਰੀਬ ਮਹੀਨਾ ਪਹਿਲਾਂ ਪਏ ਭਾਰੀ ਮੀਹਾਂ ਕਾਰਨ ਹੜ੍ਹ ਆ ਗਏ ਸਨ ਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਨੇੜਲੀਆਂ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਸੀ।

ਜ਼ਿਕਰਯੋਗ ਹੈ ਪੰਜਾਬ ਦੇ ਕਰੀਬ 19 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ’ਚ ਲਗਾਤਾਰ ਵਰ੍ਹੇ ਮੀਂਹ ਕਾਰਨ ਜ਼ਿੰਦਗੀ ਪ੍ਰਭਾਵਿਤ ਹੋਈ ਸੀ।

ਜਲੰਧਰ 'ਚ ਦਰਿਆ ਕੰਢੇ ਵਸੇ ਪਿੰਡ

ਸਿਮਰੋ
ਤਸਵੀਰ ਕੈਪਸ਼ਨ, ਸਿਮਰੋ ਬਾਈ ਆਪਣੇ ਘਰ ਦਾ ਸਮਾਨ ਸੰਭਾਲਦੇ ਹੋਏ

ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹੜ੍ਹ ਆਏ, ਉਨ੍ਹਾਂ ਵਿੱਚ ਜਲੰਧਰ ਜ਼ਿਲ੍ਹਾ ਵੀ ਸ਼ਾਮਲ ਹੈ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਇਲਾਕੇ ਦੇ ਲੋਕਾਂ ਨਾਲ ਗੱਲਾਬਤ ਕਰਕੇ ਜ਼ਮੀਨੀ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ।

ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਅਤੇ ਨਕੋਦਰ ਇਲਾਕੇ ਦੇ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡ ਅਜੇ ਵੀ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਹਨ। ਲੋਕਾਂ ਨੇ ਆਪਣਾ ਜ਼ਰੂਰੀ ਸਮਾਨ ਘਰ ਦੀਆਂ ਛੱਤਾਂ ਉੱਤੇ ਰੱਖਿਆ ਹੋਇਆ ਹੈ ਅਤੇ ਆਪ ਸੁਰੱਖਿਅਤ ਥਾਵਾਂ ਉੱਤੇ ਪਨਾਹ ਲਈ ਹੋਈ ਹੈ।

70 ਸਾਲਾ ਗੁਰਬਖ਼ਸ਼ ਕੌਰ ਇੱਕ ਜ਼ਿੰਮੀਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਇਸ ਪਿੰਡ ਵਿੱਚ ਵਿਆਹ ਕੇ ਆਏ ਹਨ ਉਨ੍ਹਾਂ ਨੇ ਕਈ ਵਾਰ ਹੜ੍ਹ ਦੇਖੇ ਹਨ।

ਹੜ੍ਹਾਂ ਨੇ ਗੁਰਬਖ਼ਸ਼ ਕੌਰ ਦੇ ਪਰਿਵਾਰ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੇ ਸਕੂਲ ਜਾਣ ਵਾਲੇ ਪੋਤਾ ਪੋਤੀ ਬੇੜੀ ਰਾਹੀਂ ਸਕੂਲ ਜਾਂਦੇ ਹਨ।

ਉਹ ਰੋਜ਼ਾਨਾ ਆਪਣੇ ਪੋਤਾ ਅਤੇ ਪੋਤੀ ਨੂੰ ਬੇੜੀ ਰਾਹੀਂ ਪਹਿਲਾਂ ਸਕੂਲ ਛੱਡ ਕੇ ਆਉਂਦੀ ਹੈ ਅਤੇ ਫਿਰ ਛੁੱਟੀ ਤੋਂ ਬਾਅਦ ਬੇੜੀ ਰਾਹੀਂ ਹੀ ਘਰ ਲੈ ਕੇ ਜਾਂਦੇ ੈਨ।

ਦੋਵਾਂ ਨੂੰ ਗੁਰਬਖ਼ਸ਼ ਖ਼ੁਦ ਛੱਡ ਕੇ ਆਂਉਂਦੇ ਹਨ ਤੇ ਖ਼ੁਦ ਹੀ ਲੈ ਕੇ ਆਉਂਦੇ ਹਨ।

ਡਰਾਉਣ ਵਾਲਾ ਪੱਖ ਇਹ ਵੀ ਹੈ ਕਿ ਜਿਸ ਬੇੜੀ ਰਾਹੀਂ ਉਹ ਆਪਣੇ ਲਾਡਲਿਆਂ ਨੂੰ ਰੋਜ਼ਾਨਾ ਸਕੂਲ ਛੱਡਣ ਜਾਦੇ ਹਨ, ਉਸ ਦਾ ਕੋਈ ਮਲਾਹ ਨਹੀਂ ਹੈ, ਬਲਕਿ ਰਾਹਗੀਰ ਹੀ ਉਸ ਨੂੰ ਚਲਾਉਂਦੇ ਹਨ।

ਇਹ ਸਿਰਫ਼ ਉਨ੍ਹਾਂ ਦੇ ਪਰਿਵਾਰ ਦੀ ਗਾਥਾ ਨਹੀਂ ਹੈ ਬਲਕਿ ਪੂਰੇ ਪਿੰਡ ਲਈ ਬੇੜੀ ਹੀ ਇੱਕ ਮਾਤਰ ਸਹਾਰਾ ਹੈ।

ਹੜ੍ਹ
ਤਸਵੀਰ ਕੈਪਸ਼ਨ, ਪਾਣੀ ਵਿੱਚ ਡੁੱਬਿਆ ਉਸਾਰੀ ਅਧੀਨ ਮਕਾਨ

ਸਾਲਾਂ ਦਾ ਜੋੜਿਆ ਪਲਾਂ ’ਚ ਗਵਾਇਆ

ਗੁਰਬਖ਼ਸ਼ ਦੱਸਦੇ ਹਨ ਕਿ ਮਿਹਨਤ ਕਰ ਕੇ ਘਰ ਨੂੰ ਜੋੜਿਆ ਜਾਂਦਾ ਹੈ ਅਤੇ ਹਰ ਦੋ-ਤਿੰਨ ਸਾਲਾਂ ਬਾਅਦ ਪਾਣੀ ਸਭ ਕੁਝ ਹੂੰਝ ਕੇ ਲੈ ਜਾਂਦਾ ਹੈ।

ਉਨ੍ਹਾਂ ਆਖਿਆ ਕਿ ਮੇਰੀ ਜ਼ਿੰਦਗੀ ਤਾਂ ਹੜ੍ਹਾਂ ਦੇ ਪਾਣੀ ਵਿੱਚ ਹੀ ਨਿਕਲ ਗਈ, “ਹੜ੍ਹ ਦੇ ਪਾਣੀ ਨੇ ਫ਼ਸਲਾਂ, ਘਰ ਦਾ ਸਮਾਨ ਸਭ ਕੁਝ ਤਬਾਹ ਕਰ ਦਿੱਤਾ ਹੈ ਅਤੇ ਅਸੀਂ ਲੋਕਾਂ ਤੋਂ ਮੰਗਣ ਲਈ ਮਜਬੂਰ ਹੋ ਗਏ ਹਾਂ।”

ਇੰਨਾਂ ਜੋਖ਼ਮ ਚੁੱਕ ਕੇ ਬੱਚਿਆਂ ਨੂੰ ਸਕੂਲ ਛੱਡਣ ਜਾਣ ਪਿੱਛੇ ਇੱਕ ਆਸ ਲੁਕੀ ਹੋਈ ਹੈ ਕੇ ਸ਼ਾਇਦ ਬੱਚੇ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣ ਜਾਣ ਅਤੇ ਕਿਸੇ ਹੋਰ ਥਾਂ ਉੱਤੇ ਜਾ ਕੇ ਵੱਸ ਜਾਣ।

ਗੁਰਬਖ਼ਸ਼ ਕੌਰ
ਤਸਵੀਰ ਕੈਪਸ਼ਨ, ਆਪਣੇ ਪੋਤਾ- ਪੋਤੀ ਨੂੰ ਸਕੂਲ ਛੱਡਣ ਜਾਂਦੇ ਹੋਏ ਗੁਰਬਖ਼ਸ਼ ਕੌਰ

ਭਵਿੱਖ ਦੀ ਚਿੰਤਾਂ

ਮੁੰਡੀ ਚੋਹਲੀਆਂ ਪਿੰਡ ਦੀ ਸਿਮਰੋ ਬਾਈ ਕਰੀਬ 23 ਦਿਨ ਤੋਂ ਆਪਣੇ ਘਰ ਨਹੀਂ ਗਈ, ਕਿਉਂਕਿ ਉਸ ਦਾ ਘਰ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਆਪਣੇ ਕਿਸੇ ਜਾਣਕਾਰ ਦੇ ਘਰ ਦਿਨ ਕੱਟ ਰਹੀ ਸਿਮਰੋ ਬਾਈ ਦੱਸਦੀ ਹੈ ਕਿ ਜਿਸ ਸਮੇਂ ਸਤਲੁਜ ਦਾ ਬੰਨ੍ਹ ਟੁੱਟਿਆ ਤਾਂ ਉਹ ਛੇਤੀ ਛੇਤੀ ਘਰ ਦਾ ਜ਼ਰੂਰੀ ਸਮਾਨ ਛੱਤ ਉੱਤੇ ਰੱਖ ਬਾਹਰ ਨਿਕਲ ਗਏ।

ਚਿੰਤਾ ਵਿੱਚ ਡੁੱਬੀ ਸਿਮਰੋ ਬਾਈ ਦੱਸਦੀ ਹੈ ਕਿ ਸਮਝ ਨਹੀਂ ਆ ਰਿਹਾ ਅੱਗੇ ਕੀ ਹੋਵੇਗਾ ਕਿਉਂਕਿ ਜਿੰਨੀ ਹੁਣ ਤੱਕ ਦੀ ਕਮਾਈ ਸੀ ਉਹ ਘਰ ਉੱਤੇ ਲੱਗਾ ਦਿੱਤੀ ਗਈ ਸੀ ਅਤੇ ਘਰ ਉਹ ਰਹਿਣ ਲਾਇਕ ਵੀ ਨਹੀਂ ਰਿਹਾ।

ਮੌਜੂਦਾ ਹਾਲਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਿਮਰੋ ਬਾਈ ਨੂੰ ਅਜੇ ਵੀ ਘਰ ਜਾਣ ਲਈ ਲੰਬੀ ਉਡੀਕ ਕਰਨੀ ਪਵੇਗੀ, ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਕਾਫ਼ੀ ਜ਼ਿਆਦਾ ਹੈ।

ਸਿਮਰੋ ਬਾਈ ਦੱਸਦੇ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਸੱਤ ਮੈਂਬਰ ਹਨ ਅਤੇ ਪਤੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਹ ਆਖਦੇ ਹਨ ਕਿ ਹੜ੍ਹਾਂ ਨੇ ਫ਼ਸਲ ਅਤੇ ਘਰ ਦੀ ਤਬਾਹੀ ਤਾਂ ਕੀਤੀ ਹੀ ਹੈ ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਵੱਖ ਕਰ ਦਿੱਤਾ ਹੈ।

ਪਰਿਵਾਰ ਮੈਂਬਰ ਇਸ ਸਮੇਂ ਵੱਖ ਵੱਖ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਦਿਨ ਕੱਟੀ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਹੜ੍ਹ ਨੇ ਜ਼ਿੰਦਗੀ ਪੂਰੀ ਤਰਾਂ ਬਦਲ ਕੇ ਰੱਖ ਦਿੱਤੀ ਹੈ।

ਬੱਚਿਆਂ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ।

ਸਿਮਰੋ ਬਾਈ ਆਖਦੀ ਹੈ ਕਿ ਸਰਕਾਰ ਵੱਡੇ ਵੱਡੇ ਫ਼ਲਾਈਓਵਰ ਅਤੇ ਸੜਕਾਂ ਬਣਾ ਸਕਦੀ ਹੈ ਤਾਂ ਦਰਿਆ ਉੱਤੇ ਬੰਨ੍ਹ ਲਗਾਉਣ ਉਪਰਾਲਾ ਕਿਉਂ ਨਹੀਂ ਕੀਤਾ ਜਾਂਦਾ, ਕਿਉਂ ਦਰਿਆ ਕੰਢੇ ਬੈਠੇ ਲੋਕਾਂ ਦੀ ਫ਼ਿਕਰ ਨਹੀਂ ਹੈ।

BBC

ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨੀ ਤਬਾਹੀ ਹੋਈ

  • ਪੰਜਾਬ ਵਿੱਚ ਹੜ੍ਹਾਂ ਕਾਰਨ 19 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਤਰਨਤਾਰਨ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐੱਸਏਐੱਸ ਨਗਰ, ਜਲੰਧਰ, ਸੰਗਰੂਰ, ਐੱਸਬੀਐੱਸ ਨਗਰ, ਫ਼ਾਜ਼ਿਲਕਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਅਤੇ ਬਠਿੰਡਾ ਸ਼ਾਮਲ ਹਨ।
  • ਪੰਜਾਬ ਸਰਕਾਰ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਕੁੱਲ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਪਨਗਰ ਵਿੱਚ 3
  • ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਐੱਸਬੀਐੱਸ ਨਗਰ ਵਿੱਚ 2-2, ਐੱਸਏਐੱਸ ਨਗਰ ਵਿੱਚ 8 ਫਰੀਦੀਕੋਟ ਅਤੇ ਜਲੰਧਰ ਵਿੱਚ 3-3, ਪਟਿਆਲਾ ਵਿੱਚ 10, ਸੰਗਰੂਰ ਵਿੱਚ 4, ਫ਼ਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਬਠਿੰਡਾ ਅਤੇ ਲੁਧਿਆਣਾ ਵਿੱਚ 1-1 ਵਿਅਕਤੀ ਦਾ ਮੌਤ ਹੋਈ ਹੈ।
  • ਇਸੇ ਤਰ੍ਹਾਂ ਹੜ੍ਹਾਂ ਕਾਰਨ 19 ਵਿਅਕਤੀ ਜ਼ਖ਼ਮੀ ਹੋਏ ਹਨ।
  • ਹੜ੍ਹਾਂ ਕਾਰਨ ਪੰਜਾਬ ਵਿੱਚ ਹੋਏ ਨੁਕਸਾਨ ਦਾ ਪਤਾ ਲਗਾਉਣ ਦੇ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ 15 ਅਗਸਤ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।
BBC
ਵੀਡੀਓ ਕੈਪਸ਼ਨ, ਪੰਜਾਬ 'ਚ ਹੜ੍ਹਾਂ ਤੋਂ ਬਾਅਦ ਜ਼ਿੰਦਗੀ: ਘਰਾਂ 'ਚ ਪੈਂਦੀਆਂ ਤਰੇੜਾਂ ਤੇ ਸਹਿਮੇ ਹੋਏ ਲੋਕ

ਫ਼ਾਜ਼ਿਲਕਾ: ਕਈ ਪਿੰਡਾਂ ਦਾ ਸੂਬੇ ਤੋਂ ਟੁੱਟਿਆ ਸੰਪਰਕ

ਬੀਬੀਸੀ ਪੰਜਾਬੀ ਸਹਿਯੋਗੀ ਕੁਲਦੀਪ ਬਰਾੜ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਦੇ ਹਾਲਾਤ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਹੜ੍ਹਾਂ ਕਾਰਨ ਭਰੇ ਪਾਣੀ ਕਾਰਨ ਸੂਬੇ ਨਾਲੋਂ ਰਾਬਤਾ ਟੁੱਟ ਗਿਆ ਹੈ।

ਪਿੰਡ ਦੋਨਾਂ ਨਾਨਕਾ ਵੀ ਇਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਗ਼ੁਜ਼ਰ ਰਿਹਾ ਹੈ। ਪਿੰਡ ਨੂੰ ਜਾਂਦੀ ਸੜਕ ਕਿਤੇ ਨਜ਼ਰ ਨਹੀਂ ਆਉਂਦੀ।

ਪਿੰਡ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਸੌਂਣ ਨੂੰ ਮਜਬੂਰ ਹਨ ਕਿਉਂਜੋ ਘਰਾਂ ਵਿੱਚ ਪਾਣੀ ਭਰਨ ਤੋਂ ਬਾਅਦ ਸਲਾਭ ਅਤੇ ਬਦਬੂ ਹਾਲੇ ਤੱਕ ਉੱਥੇ ਮੌਜੂਦ ਹੈ।

ਪਿੰਡ ਦੇ ਕਈ ਮਕਾਨ ਡਿੱਗ ਚੁੱਕੇ ਹਨ ਤਾਂ ਕਈਆਂ ਦੀਆਂ ਕੰਧਾਂ ਤੇ ਛੱਤਾਂ ਵਿੱਚ ਤਰੇੜਾ ਆ ਚੁੱਕੀਆਂ ਹਨ।

ਜਦੋਂ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ ਤਾਂ ਆਏ ਹੜ੍ਹਾਂ ਕਾਰਨ ਭਾਰਤ-ਪਾਕ ਸਰਹੱਦ ’ਤੇ ਵਸੇ ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਸੀ ਜੋ ਹਾਲੇ ਵੀ ਪੂਰੀ ਤਰ੍ਹਾਂ ਕਾਇਮ ਨਹੀਂ ਹੋ ਸਕਿਆ।

ਸੜਕਾਂ ’ਤੇ ਹਾਲੇ ਵੀ ਕਰੀਬ 10-10 ਫ਼ੁੱਟ ਡੂੰਘੇ ਟੋਏ ਹਨ। ਆਮ ਲੋਕ ਇਥੋਂ ਲੰਘਦਿਆਂ ਡਰਦੇ ਹਨ। ਪਸ਼ੂਆਂ ਲਈ ਚਾਰਾ ਇੱਕ ਵੱਡੀ ਚਣੌਤੀ ਹੈ।

ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਪਾਣੀ ਆਉਣ ਦੇ ਕਰੀਬ 20 ਦਿਨ ਬਾਅਦ ਉਨ੍ਹਾਂ ਨੂੰ ਬੇੜੀ ਮੁਹੱਈਆ ਕਰਵਾਈ ਗਈ।

ਸਕੂਲ

ਤਸਵੀਰ ਸਰੋਤ, Pradip Sharma/BBC

ਤਸਵੀਰ ਕੈਪਸ਼ਨ, ਪਾਣੀ ’ਚ ਡੁੱਬਿਆ ਸਕੂਲ

ਧੁੱਸੀ ਬੰਨ੍ਹ ਦਾ ਪਾੜ ਤੇ ਪੜ੍ਹਾਈ ਜਾਰੀ ਰੱਖਣ ਦੀ ਜੱਦੋਜਹਿਦ

10 ਜੂਨ ਦੀ ਰਾਤ ਸ਼ਾਹਕੋਟ ਇਲਾਕੇ ਦੇ ਕਈ ਪਿੰਡਾਂ ਲਈ ਬਹੁਤ ਔਖੀ ਬੀਤੀ। ਧੁੱਸੀ ਬੰਨ੍ਹ ਟੁੱਟ ਗਿਆ ਤੇ ਲਾਗਲੇ ਪਿੰਡਾਂ ਵਿੱਚ ਪਾਣੀ ਭਰ ਗਿਆ।

ਬੀਬੀਸੀ ਪੰਜਾਬੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਜਾਣਿਆ ਕਿ ਮਹੀਨੇ ਬਾਅਦ ਸਥਿਤੀ ਕੀ ਹੈ।

ਸ਼ਾਹਕੋਟ ਤਹਿਸੀਲ ’ਚ ਪੈਂਦੇ ਪਿੰਡ ਮੁੰਡੀ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਦੀਆਂ ਇਮਾਰਤਾਂ ਵਿੱਚ ਪਾਣੀ ਭਰ ਗਿਆ ਤੇ ਮਜਬੂਰਨ ਸਕੂਲ ਬੰਦ ਕਰਨਾ ਪਿਆ।

ਪਰ ਸਕੂਲ ਦੇ ਅਧਿਆਪਕਾਂ ਨੇ ਕਾਫ਼ੀ ਹਿੰਮਤ ਦਿਖਾਈ।

ਮਿਡਲ ਸਕੂਲ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਵਰਦੇ ਮੀਂਹ ਕਾਰਨ ਸਕੂਲ ਦੀ ਇਮਾਰਤ ਵਿੱਚ ਪਾਣੀ ਭਰਨ ਦੇ ਸੰਕੇਤ ਨਜ਼ਰ ਆ ਰਹੇ ਸਨ।

ਜਿਸ ਕਾਰਨ ਉਨ੍ਹਾਂ 10 ਜੂਨ ਦੀ ਸਵੇਰ ਹੀ ਸਕੂਲ ਦਾ ਕੁਝ ਸਮਾਨ ਉੱਚੀ ਥਾਂ ਰਖਵਾ ਦਿੱਤਾ ਤੇ ਬਾਕੀ ਦਾ ਸਮਾਨ ਇੱਕ ਟਰੈਕਟਰ ਟਰਾਲੀ ਰਾਹੀਂ ਆਪਣੇ ਘਰ ਲੈ ਆਏ ਹਨ।

ਇਨ੍ਹਾਂ ਦੋਵਾਂ ਸਕੂਲਾਂ ’ਚ ਕੁਲ 177 ਵਿਦਿਆਰਥੀ ਪੜ੍ਹ ਰਹੇ ਹਨ। ਨੇੜਲੇ ਪਿੰਡਾਂ ਤੋਂ ਵੀ ਵਿਦਿਆਰਥੀ ਇਥੇ ਆਉਂਦੇ ਹਨ।

ਇਸ ਇਲਾਕੇ ਵਿੱਚ ਹਾਲ ਵੀ ਉਸੇ ਤਰ੍ਹਾਂ ਦਾ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਉਹ ਛੱਤਾਂ ਜਾਂ ਰਾਹਤ ਕੈਂਪਾਂ ਵਿੱਚ ਰਹਿਣ ਨੂੰ ਮਜਬੂਰ ਹਨ।

ਪਰ ਇਸ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਨਹੀਂ ਛੁੱਟੀ।

ਮਿਡਲ ਸਕੂਲ ਦੇ ਇੰਚਾਰਜ ਕੁਲਵਿੰਦਰ ਸਿੰਘ ਜੋਸਨ ਆਪਣੇ ਤਿੰਨ ਹੋਰ ਅਧਿਆਪਕਾਂ ਨਾਲ ਰੋਜ਼ਾਨਾ ਕੈਂਪਾਂ 'ਚ ਰਹਿ ਰਹੇ ਬੱਚਿਆਂ ਨੂੰ ਪੜਾਉਣ ਲਈ ਆਪਣੀਆਂ ਮੋਟਰਸਾਈਕਲਾਂ ’ਤੇ ਬਿਠਾ ਕੇ ਨਾਲ ਲੱਗਦੇ ਨਹਿਲ ਪਿੰਡ ਦੇ ਸਰਕਾਰੀ ਸਕੂਲ ’ਚ ਲੈ ਜਾਂਦੇ ਹਨ ਤੇ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕੈਂਪਾਂ 'ਚ ਛੱਡ ਜਾਂਦੇ ਹਨ।

ਵਿਦਿਆਰਥੀਆਂ ਦਾ ਕਹਿਣਾ ਹੈ ਚਾਹੇ ਕੁਦਰਤ ਜਾਂ ਸਰਕਾਰ ਨੇ ਸਾਥ ਨਹੀਂ ਦਿੱਤਾ ਪਰ ਸਾਡੇ ਅਧਿਆਪਕ ਹਮੇਸ਼ਾਂ ਸਾਡੇ ਨਾਲ ਰਹੇ ਤੇ ਬਿਹਤਰ ਭਵਿੱਖ ਲਈ ਸਾਨੂੰ ਤਿਆਰ ਕਰਦੇ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)