ਪੰਜਾਬ 'ਚ ਹੜ੍ਹ : ਕਿਸਾਨ ਇੱਕ ਦੂਜੇ ਦਾ ਬਣਨ ਲੱਗੇ ਸਹਾਰਾ, ਝੋਨੇ ਬਾਰੇ ਕਿਸਾਨਾਂ ਨੂੰ ਮਾਹਰਾਂ ਦੀ ਕੀ ਹੈ ਸਲਾਹ

ਖੇਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ ਉੱਤੇ ਸੂਬੇ ਵਿੱਚ ਝੋਨੇ ਦੀ ਲੁਆਈ ਆਮ ਤੌਰ 'ਤੇ ਜੁਲਾਈ ਦੇ ਅੱਧ ਤੱਕ ਪੂਰੀ ਹੋ ਜਾਂਦੀ ਹੈ, ਪਰ ਇਸ ਵਾਰ ਫਸਲਾਂ ਨੁਕਸਾਨੀਆਂ ਗਈਆਂ ਹਨ
    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

'ਹੜ੍ਹਾਂ ਕਾਰਨ ਮੇਰੀ 9 ਏਕੜ ਵਿੱਚ ਲੱਗੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਝੋਨੇ ਦੀ ਲੁਆਈ ਦੇ ਖਰਚੇ ਦਾ ਕਰੀਬ 1.10 ਲੱਖ ਦਾ ਮਾਲੀ ਨੁਕਸਾਨ ਹੋਇਆ ਹੈ। ਹੁਣ ਇਹ ਵੀ ਨਹੀਂ ਪਤਾ ਕਿ ਮੁੜ ਕਦੋਂ ਲੁਆਈ ਕਰ ਸਕਾਂਗੇ।'

ਕਪੂਰਥਲਾ ਜਿਲ੍ਹੇ ਦੇ ਪਿੰਡ ਸਰੂਪਵਾਲ ਦੇ ਬਾਬਰ ਸਿੰਘ ਹੜ੍ਹਾਂ ਕਾਰਨ ਨੁਕਸਾਨੀ ਗਈ ਆਪਣੀ ਫ਼ਸਲ ਨੂੰ ਲੈ ਕੇ ਦੁਖੀ ਹਨ।

ਉਹ ਕਹਿੰਦੇ ਹਨ ਕਿ ਮੌਸਮ ਦੀ ਅਨਿਸ਼ਚਿਤਤਾ ਕਾਰਨ ਅਜੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਦੁਬਾਰਾ ਝੋਨੇ ਦੀ ਲੁਆਈ ਕਰ ਸਕਣਗੇ ਜਾਂ ਨਹੀਂ ਕਿਉਂਕਿ ਡੈਮਾਂ ਤੋਂ ਅਜੇ ਵੀ ਕਾਫੀ ਪਾਣੀ ਛੱਡਿਆ ਜਾ ਰਿਹਾ ਹੈ।

ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਮੱਖਣ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਾਰਨ ਉਨ੍ਹਾਂ ਕਿ 5 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ।

ਉਨ੍ਹਾਂ ਕਿਹਾ, ''ਪੰਜਾਬ ਸਰਕਾਰ ਕਿਸਾਨਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ ਤਾਂ ਜੋ ਅਸੀਂ ਝੋਨੇ ਦੀ ਫ਼ਸਲ ਦੀ ਦੁਬਾਰਾ ਬਿਜਾਈ ਕਰ ਸਕੀਏ, ਨਹੀਂ ਤਾਂ ਅਸੀਂ ਮਾਲੀ ਨੁਕਸਾਨ ਝੱਲ ਨਹੀਂ ਸਕਾਂਗੇ, ਕਿਉਂਕਿ ਸਾਡੇ ਕੋਲ ਝੋਨੇ ਦੀ ਫ਼ਸਲ ਦੁਬਾਰਾ ਲਾਉਣ ਲਈ ਪੈਸੇ ਨਹੀਂ ਹਨ।''

ਮੁੜ ਝੋਨੇ ਦੀ ਲੁਆਈ ਦਾ ਇੰਤਜ਼ਾਰ

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2021 'ਚ ਪਏ ਭਾਰੀ ਮੀਂਹ ਤੋਂ ਬਾਅਦ ਆਪਣੇ ਖੇਤ 'ਚੋਂ ਪਾਣੀ ਕੱਢਦਾ ਕਿਸਾਨ

ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਪਿਛਲੇ ਹਫ਼ਤੇ ਤੋਂ ਆਏ ਹੜ੍ਹਾਂ ਕਾਰਨ ਕਿਸਾਨ ਕਾਫ਼ੀ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦਾ ਹੜ੍ਹਾਂ ਦੇ ਕਾਰਨ ਮੁੱਖ ਤੌਰ ’ਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।

ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਲਾਂਕਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਹਨ। ਪਰ ਵਿਸ਼ੇਸ਼ ਗਿਰਦਾਵਰੀ ਅਜੇ ਸ਼ੁਰੂ ਨਹੀਂ ਹੋਈ ਹੈ ਕਿਉਂਕਿ ਮਾਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਵਿਸ਼ੇਸ਼ ਗਿਰਦਾਵਰੀ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਪਾਣੀ ਦਾ ਪੱਧਰ ਬਿਲਕੁਲ ਘਟ ਜਾਵੇਗਾ ਤੇ ਉਦੋਂ ਹੀ ਅਸਲ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

ਖੇਤੀਬਾੜੀ ਮਹਿਕਮੇ ਦੇ ਅਨੁਮਾਨ ਮੁਤਾਬਕ, ਪੰਜਾਬ ਦੇ ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਸੰਗਰੂਰ, ਲੁਧਿਆਣਾ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਫਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਜਦਕਿ ਸੂਬੇ ਵਿੱਚ ਝੋਨੇ ਦੀ ਲੁਆਈ ਆਮ ਤੌਰ 'ਤੇ ਜੁਲਾਈ ਦੇ ਅੱਧ ਤੱਕ ਪੂਰੀ ਹੋ ਜਾਂਦੀ ਹੈ ਤੇ ਕੁਝ ਕਿਸਾਨ ਜੁਲਾਈ ਦੇ ਅੰਤ ਤੱਕ ਵੀ ਛੋਟੀਆਂ ਕਿਸਮਾਂ ਦੀ ਲੁਆਈ ਕਰਦੇ ਹਨ।

ਹੁਣ ਕਿਸਾਨ ਪਾਣੀ ਦੇ ਘਟਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਮੁੜ ਤੋਂ ਝੋਨੇ ਦੇ ਬਿਜਾਈ ਕਰ ਸਕਣ ਕਿਉਂਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੈ।

ਕਿਸਾਨਾਂ ਦੀ ਮਦਦ ਲਈ ਅੱਗੇ ਆਏ ਲੋਕ

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕ ਕਿਸਾਨਾਂ ਦੀ ਮਦਦ ਲਈ ਆਪ ਝੋਨੇ ਦੀ ਪਨੀਰੀ ਉਗਾ ਰਹੇ ਹਨ

ਮਾਨਸਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਹਰਜਿੰਦਰ ਸਿੰਘ ਨੇ ਆਪਣੇ 2 ਏਕੜ ਖੇਤ ਵਿੱਚ ਝੋਨੇ ਦੀਆਂ ਛੋਟੀਆਂ ਕਿਸਮਾਂ ਦੀ ਪਨੀਰੀ ਬੀਜੀ ਹੈ ਤਾਂ ਜੋ ਹੜ੍ਹਾਂ ਵਿੱਚ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।

ਹਰਜਿੰਦਰ ਨੇ ਕਿਹਾ ਕਿ ਅਸੀਂ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਪਹਿਲਕਦਮੀ ਕੀਤੀ ਹੈ, ਜਿਨ੍ਹਾਂ ਨੂੰ ਹੜ੍ਹਾਂ ਦੌਰਾਨ ਫਸਲਾਂ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਸਮਾਂ ਬਹੁਤ ਘੱਟ ਹੈ ਤੇ ਅਸੀਂ ਉਨ੍ਹਾਂ ਲਈ ਝੋਨੇ ਦੀ ਪਨੀਰੀ ਲਗਾ ਕੇ ਮਦਦ ਕਰ ਰਹੇ ਹਾਂ ਕਿਉਂਕਿ ਜਦ ਤੱਕ ਉਨ੍ਹਾਂ ਦੇ ਖੇਤ ਦੁਬਾਰਾ ਝੋਨਾ ਬੀਜਣ ਲਈ ਤਿਆਰ ਹੋਣਗੇ ਤਦ ਤੱਕ ਪਨੀਰੀ ਬਿਲਕੁਲ ਤਿਆਰ ਹੋ ਜਾਵੇਗੀ।

ਪਿੰਡ ਦਿਆਲਪੁਰਾ ਨਾਲ ਸਬੰਧਤ ਹਰਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਵੀ ਪਨੀਰੀ ਲਗਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਉਨ੍ਹਾਂ ਕਿਹਾ, ''ਅਸੀਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਦੇਵਾਂਗੇ।''

ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਸਾਨਾਂ ਲਈ 50 ਏਕੜ ਰਕਬੇ ਵਿੱਚ ਝੋਨੇ ਦੇ ਬੂਟੇ ਬੀਜਣ ਦਾ ਐਲਾਨ ਕੀਤਾ ਹੈ।

ਲਾਈਨ

ਸਰਕਾਰ ਕੀ ਕਹਿ ਰਹੀ

ਇਸ ਵਿਚਕਾਰ, ਪੰਜਾਬ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀਆਂ ਛੋਟੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਹੈ।

ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਫਸਲਾਂ ਦੇ ਨੁਕਸਾਨ ਤੋਂ ਪੀੜਤ ਕਿਸਾਨਾਂ ਨੂੰ ਪੂਰੇ ਪੰਜਾਬ ਵਿੱਚ ਝੋਨੇ ਦੇ ਪਨੀਰੀ ਮੁਫ਼ਤ ਮੁਹੱਈਆ ਕਰਵਾ ਰਹੇ ਹਾਂ।

ਉਨ੍ਹਾਂ ਕਿਹਾ ਕਿ 'ਅਸੀਂ ਮੰਗਲਵਾਰ ਤੋਂ ਇੱਕ ਹੈਲਪਲਾਈਨ ਨੰਬਰ ਸ਼ੁਰੂ ਕਰਾਂਗੇ, ਜਿੱਥੇ ਕਿਸਾਨ ਝੋਨੇ ਦੇ ਪਨੀਰੀ ਲੈਣ ਲਈ ਫੋਨ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਪਨੀਰੀ ਮੁਹੱਈਆ ਕਰਵਾ ਦਿੱਤੀ ਜਾਵੇਗੀ, ਨਾਲ ਹੀ ਅਸੀਂ ਕਿਸਾਨਾਂ ਨੂੰ ਝੋਨੇ ਦੇ ਮੁਫ਼ਤ ਬੀਜ ਵੀ ਮੁਹੱਈਆ ਕਰਵਾ ਰਹੇ ਹਾਂ।'

ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ।

ਅਸੀਂ ਕਿਸਾਨਾਂ ਨੂੰ ਝੋਨੇ ਦੀਆਂ ਥੋੜ੍ਹੇ ਸਮੇਂ ਵਾਲੀਆਂ ਕਿਸਮਾਂ (ਸ਼ੋਰਟ ਟਰਮ ਵੈਰਾਇਟੀ) ਲਾਉਣ ਦੀ ਸਿਫਾਰਸ਼ ਕਰਦੇ ਹਾਂ।

ਖੇਤ
ਤਸਵੀਰ ਕੈਪਸ਼ਨ, ਪੰਜਾਬ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀਆਂ ਛੋਟੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਹੈ
ਲਾਈਨ
  • ਪੰਜਾਬ 'ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹੁਣ ਤੱਕ 35 ਲੋਕਾਂ ਦੀ ਜਾਨ ਚਲੀ ਗਈ ਹੈ
  • ਸਰਕਾਰੀ ਅੰਕੜਿਆਂ ਮੁਤਾਬਕ, ਇਸ ਦੌਰਾਨ ਸੂਬੇ ਦੇ 13 ਜ਼ਿਲ੍ਹਿਆਂ ਦੇ 1,422 ਪਿੰਡ ਪ੍ਰਭਾਵਿਤ ਹੋਏ ਹਨ
  • ਇਸ ਦੇ ਨਾਲ ਹੀ ਫਸਲਾਂ ਨੁਕਸਾਨੀਆਂ ਜਾਣ ਕਾਰਨ ਕਿਸਾਨਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ
  • ਬਹੁਤ ਸਾਰੇ ਕਿਸਾਨ ਹੁਣ ਇੰਤਜ਼ਾਰ 'ਚ ਹਨ ਕਿ ਪਾਣੀ ਦਾ ਪੱਧਰ ਘਟ ਤਾਂ ਮੁੜ ਝੋਨੇ ਦੀ ਪਨੀਰੀ ਲਗਾਈ ਜਾਵੇ
  • ਹਾਲਾਂਕਿ ਕਿ ਬਹੁਤੇ ਅਜਿਹੇ ਵੀ ਹਨ ਜਿਨ੍ਹਾਂ ਕੋਲ਼ ਦੁਬਾਰਾ ਬਿਜਾਈ ਜੋਗੇ ਪੈਸੇ ਨਹੀਂ ਹਨ
ਲਾਈਨ

ਕਿਸਾਨਾਂ ਨੂੰ ਹੈ ਕੀ ਸਲਾਹ

ਪੰਜਾਬ ਦੇ ਖੇਤੀ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਪਾਣੀ ਘੱਟ ਜਾਵੇਗਾ ਤਾਂ ਹੀ ਸਾਨੂੰ ਸਹੀ ਨੁਕਸਾਨ ਬਾਰੇ ਪਤਾ ਲੱਗ ਸਕੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਝੋਨੇ ਦੀ ਫ਼ਸਲ ਨੂੰ ਘੱਟ ਤੌਰ 'ਤੇ ਨੁਕਸਾਨ ਹੋਇਆ ਹੈ, ਅਸੀਂ ਕਿਸਾਨਾਂ ਨੂੰ ਯੂਰੀਆ ਜਾਂ ਹੋਰ ਸਿਫ਼ਾਰਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦੇਵਾਂਗੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਪੂਰਾ ਨੁਕਸਾਨ ਹੋਇਆ ਹੈ, ਅਸੀਂ ਉਨ੍ਹਾਂ ਨੂੰ ਝੋਨੇ ਦੀਆਂ ਥੋੜ੍ਹੇ ਸਮੇਂ ਦੀਆਂ ਫ਼ਸਲਾਂ ਜਿਵੇਂ ਕਿ ਪੀਆਰ-126 ਅਤੇ ਪੂਸਾ ਬਾਸਮਤੀ-1508 ਦੀ ਬਿਜਾਈ ਕਰਨ ਦੀ ਸਲਾਹ ਦਿੰਦੇ ਹਾਂ।

ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਕਿਸਮਾਂ ਦੀ ਪਨੀਰੀ ਉਗਣ ਨੂੰ 20 ਦਿਨ ਲੱਗਦੇ ਹਨ ਅਤੇ ਫਿਰ ਪੂਰੀ ਫ਼ਸਲ ਪੱਕਣ ਲਈ 90-95 ਦਿਨ ਲੱਗ ਜਾਂਦੇ ਹਨ।

ਡਾਕਟਰ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਅੱਧ-ਨਵੰਬਰ ਵਿੱਚ ਇਨ੍ਹਾਂ ਝੋਨੇ ਦੀਆਂ ਕਿਸਮਾਂ ਦੀ ਕਟਾਈ ਕੀਤੀ ਜਾ ਸਕਦੀ ਹੈ ਅਤੇ ਝੋਨੇ ਦੀਆਂ ਥੋੜ੍ਹੇ ਸਮੇਂ ਦੀਆਂ ਕਿਸਮਾਂ ਦਾ ਕਿਸਾਨਾਂ ਨੂੰ ਬਣਦਾ ਲਾਭ ਵੀ ਮਿਲੇਗਾ।

ਖੇਤੀਬਾੜੀ ਵਿਭਾਗ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਜੁਲਾਈ ਦੇ ਅੰਤ ਜਾਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਭਾਰੀ ਬਾਰਿਸ਼ ਨਹੀਂ ਹੁੰਦੀ ਤਾਂ ਕਿਸਾਨਾਂ ਨੂੰ ਝੋਨੇ ਦੀ ਨਵੀਂ ਫ਼ਸਲ ਬੀਜਣ ਲਈ ਫਾਇਦਾ ਹੋਵੇਗਾ।

ਜੇਕਰ 15 ਅਗਸਤ ਤੋਂ ਪਹਿਲਾਂ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਨਾ ਹੋਈ ਤਾਂ ਕਿਸਾਨਾਂ ਲਈ ਮੁਸੀਬਤ ਵੀ ਬਣ ਸਕਦੀ ਹੈ ਕਿਉਂਕਿ ਫਿਰ ਫ਼ਸਲ ਪੱਕਣ ਵਿੱਚ ਦੇਰੀ ਹੋਵੇਗੀ ਤੇ ਅੱਗੇ 10 ਦਸੰਬਰ ਤੱਕ ਕਣਕ ਦੀ ਬਿਜਾਈ ਵੀ ਕਰਨੀ ਹੁੰਦੀ ਹੈ।

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ 13 ਜ਼ਿਲ੍ਹਿਆਂ ਦੇ ਲਗਭਗ 1,422 ਪਿੰਡ ਸ਼ਾਮਿਲ ਹਨ

30,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੀ ਮੰਗ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਪੂਰੀ ਫ਼ਸਲ ਗੁਆ ਦਿੱਤੀ ਹੈ, ਉਨ੍ਹਾਂ ਨੂੰ ਝੋਨੇ ਦੀ ਨਵੀਂ ਫ਼ਸਲ ਬੀਜਣ ਲਈ ਸਾਰੀਆਂ ਪ੍ਰਕਿਰਿਆਵਾਂ ਦੀ ਦੁਬਾਰਾ ਪਾਲਣਾ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਦੁਗੁਣਾ ਖਰਚਾ ਝੱਲਣਾ ਪਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ 25,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵੀ ਐਲਾਨ ਕਰੇ।

13 ਜ਼ਿਲ੍ਹਿਆਂ ਦੇ 1,422 ਪਿੰਡ ਹੜ੍ਹਾਂ ਦੀ ਮਾਰ ਹੇਠ

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਹੜ੍ਹ ਦੌਰਾਨ ਕਰੀਬ 35 ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ

ਪੰਜਾਬ ਸਰਕਾਰ ਨੇ 17 ਜੁਲਾਈ ਨੂੰ ਭਾਰਤ ਸਰਕਾਰ ਨੂੰ ਹੜਾਂ ਦੀ ਤਾਜ਼ਾ ਸਥਿਤੀ ਦੀ ਰਿਪੋਰਟ ਭੇਜੀ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੜ੍ਹਾਂ ਨਾਲ ਪ੍ਰਭਾਵਿਤ 13 ਜ਼ਿਲ੍ਹਿਆਂ ਦੇ ਲਗਭਗ 1,422 ਪਿੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਮੋਹਾਲੀ ਦੇ 268, ਰੂਪਨਗਰ ਦੇ 364, ਪਟਿਆਲਾ ਦੇ 458, ਫਿਰੋਜ਼ਪੁਰ ਦੇ 92 ਅਤੇ ਜਲੰਧਰ ਜ਼ਿਲ੍ਹੇ ਦੇ 77 ਪਿੰਡ ਹਨ।

ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਰੂਪਨਗਰ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਅੱਧੀ ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਜਦਕਿ ਜਲੰਧਰ ਵਿੱਚ 36,210 ਅਤੇ ਫਿਰੋਜ਼ਪੁਰ ਵਿੱਚ 26,950 ਲੋਕ ਪ੍ਰਭਾਵਿਤ ਹਨ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੜ੍ਹ ਦੌਰਾਨ ਕਰੀਬ 35 ਮਨੁੱਖੀ ਜਾਨਾਂ ਚਲੀਆਂ ਗਈਆਂ ਜਦਕਿ ਬਚਾਅ ਕਾਰਜਾਂ ਦੌਰਾਨ 26,250 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।

ਰਿਪੋਰਟ ਮੁਤਾਬਕ, ਸੰਗਰੂਰ ਜ਼ਿਲ੍ਹੇ ਵਿੱਚ 50,150 ਏਕੜ ਵਿੱਚ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਨੁਕਸਾਨ ਦਾ ਸਹੀ ਮੁਲਾਂਕਣ ਬਾਅਦ ਵਿੱਚ ਭੇਜਿਆ ਜਾਵੇਗਾ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)