ਔਰਤਾਂ ਦੇ ਬਾਥਰੂਮ ਜਾਣ ਲਈ ਪੈਖਾਨੇ ਨਹੀਂ, 2 ਦਿਨ ਤੋਂ ਭੁੱਖੇ ਹਾਂ'... ਲਾਲ ਕਿਲੇ ਸਣੇ ਦਿੱਲੀ ਦੇ ਮੁੱਖ ਇਲਾਕੇ ਪਾਣੀ 'ਚ 'ਡੁੱਬੇ'

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਇੱਕ ਔਰਤ ਨੂੰ ਕੱਢੇ ਜਾਣ ਦੀ ਤਸਵੀਰ
    • ਲੇਖਕ, ਸ਼ੁਭਮ ਕਿਸ਼ੋਰ
    • ਰੋਲ, ਬੀਬੀਸੀ ਪੱਤਰਕਾਰ

“ਪੈਖਾਨੇ ਨਹੀਂ ਹਨ, ਔਰਤਾਂ ਲਈ ਬਹੁਤ ਮੁਸ਼ਕਿਲ ਹੋ ਰਹੀ ਹੈ... ਅਸੀਂ ਦੋ ਦਿਨਾਂ ਤੋਂ ਕੁਝ ਖਾਧਾ ਵੀ ਨਹੀਂ ਹੈ”

ਇਹ ਸ਼ਬਦ ਰਾਖੀ ਦੇ ਹਨ ਜਿਨ੍ਹਾਂ ਦੇ ਪਰਿਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਹ ਲੋਕ ਸੜਕਾਂ ਉੱਤੇ ਹਨ ਤੇ ਪ੍ਰਸ਼ਾਸਨ ’ਤੇ ਸਵਾਲ ਖੜੇ ਕਰ ਰਹੇ ਹਨ।

ਬੀਬੀਸੀ ਨੇ ਯਮੁਨਾ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਘਰੋਂ-ਬੇਘਰ ਹੋਏ ਲੋਕਾਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ।

ਚਾਹੇ ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਨ। ਪਰ ਅਸਲੀਅਤ ਇਸ ਤੋਂ ਕੁਝ ਵੱਖਰੀ ਨਜ਼ਰ ਆਈ।

ਜਿਥੇ ਲੋਕ ਰਹਿ ਰਹੇ ਹਨ ਉੱਥੇ ਹੁਣ ਬਾਰਿਸ਼ ਤਾਂ ਰੁਕ ਗਈ ਹੈ ਪਰ ਹੁੰਮਸ ਬਹੁਤ ਜ਼ਿਆਦਾ ਹੈ।

ਕਰੀਬ ਦੋ ਸਾਲ ਦੇ ਬੱਚੇ ਨਾਲ ਸੜਕ ਕੰਢੇ ਟੈਂਟ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਇੱਕ ਔਰਤ ਨੇ ਦੱਸਿਆ, “ਗ਼ਰਮੀ ਵਿੱਚ ਰਹਿ ਰਹੇ ਹਾਂ। ਕਿਸੇ ਕਿਸਮ ਦੀ ਸਰਕਾਰੀ ਮਦਦ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੀ।”

ਅੱਖਾਂ ਵਿੱਚ ਹੰਝੂ ਭਰੀ ਬੈਠੀ 20 ਸਾਲਾ ਰਾਖੀ ਦਾ ਕਹਿਣਾ ਹੈ ਕਿ ਸਰਕਾਰ ਨੇ ਦੋ-ਚਾਰ ਟੈਂਟ ਲਗਾਏ ਹਨ ਪਰ ਬਾਕੀ ਲੋਕ ਸੜਕ ’ਤੇ ਗਰਮੀ ਵਿੱਚ ਹੀ ਬੈਠੇ ਹਨ।

“ਦਿਲ ਰੋ ਰਿਹਾ ਹੈ, ਮਜਬੂਰੀ ਵਿੱਚ ਦਿਨ ਕੱਟ ਰਹੇ ਹਾਂ। ਸਰਕਾਰ ਨੇ ਤਾਂ ਕੁਝ ਨਹੀਂ ਕੀਤਾ।”

ਉਹ ਕਹਿੰਦੇ ਹਨ,“ਮੇਰਾ ਛੋਟਾ ਜਿਹਾ ਭਤੀਜਾ ਹੈ ਉਹ ਵੀ ਇੱਥੇ ਹੀ ਗ਼ਰਮੀ ਵਿੱਚ ਹੈ। ਪਤਾ ਨਹੀਂ ਸਰਕਾਰ ਨੇ ਕੀਤਾ ਕੀ ਹੈ। ਟੈਂਟ ਦੀ ਸੁਵਿਧਾ ਨਹੀਂ ਹੈ।”

“ਸਿਰਫ਼ ਪਾਣੀ ਦਾ ਇੰਤਜ਼ਾਮ ਕੀਤਾ ਹੈ। ਕੀ ਪਾਣੀ ਨਾਲ ਢਿੱਡ ਭਰ ਜਾਂਦਾ ਹੈ? ਖਾਣ ਲਈ ਕੋਈ ਵਿਵਸਥਾ ਨਹੀਂ ਹੈ।”

ਰਾਖੀ 2010 ਦੇ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ ਕਿ, “ਪਹਿਲਾਂ ਸਰਕਾਰ ਆਪਣੇ ਆਪ ਹੜ੍ਹਾਂ ਦੀ ਸ਼ੰਕਾਂ ਵਿੱਚ ਹੀ ਟੈਂਟ ਵਗੈਰਾ ਦਾ ਪ੍ਰਬੰਧ ਕਰ ਦਿੰਦੀ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੈ।”

“ਬਹੁਤ ਲੋਕ ਵੀਡੀਓ ਬਣਾਉਣ ਆ ਰਹੇ ਹਨ ਤੇ ਪਰ ਮਦਦ ਕੋਈ ਨਹੀਂ ਕਰਦਾ। ਸਿਆਸੀ ਆਗੂ ਵੀ ਸੋਸ਼ਲ ਮੀਡੀਆ ’ਤੇ ਹਾਲਾਤ ਦੇਖ ਕੇ ਆ ਗਏ ਸਨ। ਪਰ ਹੋਇਆ ਕੁਝ ਨਹੀਂ।”

ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੋਈ ਮਦਦ ਨਹੀਂ ਕੀਤੀ ਗਈ। “ਸਾਡੀ ਮੰਗ ਸਿਰਫ਼ ਇੰਨੀ ਹੈ ਕਿ ਸਾਨੂੰ ਥੋੜ੍ਹੇ ਬਿਹਤਰ ਹਾਲਾਤ ਵਿੱਚ ਰੱਖਿਆ ਜਾਵੇ।”

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਰਾਜਘਾਟ ਵਿੱਚ ਭਰਿਆ ਪਾਣੀ

ਯਮੁਨਾ ਤੇ ਨੇੜਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ

ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਉੱਚਾ ਹੋ ਚੁੱਕਿਆ ਹੈ। ਜਿਸ ਨਾਲ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

ਰਾਜਘਾਟ, ਦਿੱਲੀ ਸਕੱਤਰੇਤ, ਕਸ਼ਮੀਰੀ ਗੇਟ, ਲਾਲ ਕਿਲੇ ਦਾ ਨੇੜਲਾ ਇਲਾਕਾ, ਤੇ ਯਮੁਨਾ ਲਾਗੇ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

ਕਈ ਸੜਕਾਂ ਬੰਦ ਕੀਤੇ ਜਾਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਤੇ ਨਾਲ ਹੀ ਗ਼ੈਰ-ਅਹਿਮ ਵਿਭਾਗਾਂ, ਦੇ ਕਰਮਚਾਰੀਆਂ ਨੂੰ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਲੀਹ ਤੋਂ ਲੈ ਗਈ ਹੈ। ਬੀਬੀਸੀ ਨਾਲ ਗੱਲ ਕਰਦਿਆਂ ਲੋਕਾਂ ਨੇ ਸਰਕਾਰੀ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ।

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਮੁਨਾ ਨੇੜੇ ਪਾਣੀ ਵਿੱਚ ਫ਼ਸੇ ਵਾਹਨ

ਵੀਰਵਾਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ 208.6 ਮੀਟਰ ਤੋਂ ਵੱਧ ਗਿਆ ਸੀ।

ਇਸ ਤੋਂ ਪਹਿਲਾਂ ਸਾਲ 1978 ਵਿੱਚ ਯਮੁਨਾ ਦਾ ਜਲ ਪੱਧਰ 207.49 ਮੀਟਰ ਤੱਕ ਪਹੁੰਚ ਗਿਆ ਸੀ। ਜਿਸ ਨਾਲ ਦਿੱਲੀ ਵਿੱਚ ਹੜ੍ਹ ਆਏ ਸਨ ਤੇ ਭਾਰੀ ਨੁਕਸਾਨ ਹੋਇਆ ਸੀ।

ਹਾਲ ਦੀ ਘੜੀ ਵਿੱਚ ਨੀਵੇਂ ਇਲਾਕੇ ਪਾਣੀ ’ਚ ਡੁੱਬੇ ਹੋਏ ਹਨ ਅਤੇ ਜੇਕਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਰਿਹਾਇਸ਼ੀ ਇਲਾਕੇ ਵੀ ਇਸ ਦੀ ਲਪੇਟ 'ਚ ਆ ਸਕਦੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਸਬੰਧ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਟਵੀਟ ਕੀਤੀ ਹੈ।

ਚਿੱਠੀ 'ਚ ਲਿਖਿਆ ਗਿਆ ਹੈ ਕਿ ''ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇੱਥੇ ਕੁਝ ਹਫਤਿਆਂ 'ਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ।''

''ਦੇਸ਼ ਦੀ ਰਾਜਧਾਨੀ 'ਚ ਹੜ੍ਹਾਂ ਦੀ ਖ਼ਬਰ ਨਾਲ ਦੁਨੀਆ 'ਚ ਕੋਈ ਚੰਗਾ ਸੰਦੇਸ਼ ਨਹੀਂ ਜਾਵੇਗਾ। ਸਾਨੂੰ ਸਭ ਨੂੰ ਮਿਲਕੇ ਇਸ ਸਥਿਤੀ ਤੋਂ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ।"

ਦਿੱਲੀ ਦੇ ਉਪ-ਰਾਜਪਾਲ ਨੇ ਵੀ ਵੀਰਵਾਰ ਨੂੰ ਦਿੱਲੀ ਆਫ਼ਤ ਪ੍ਰਬੰਧਨ ਕਮੇਟੀ ਦੀ ਬੈਠਕ ਵੀ ਸੱਦੀ। ਕੇਜਰੀਵਾਲ ਵੀ ਇਸ ਮੀਟਿੰਗ ਲਈ ਸੱਦੇ ਗਏ ਸਨ।

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਸ਼ੂਆਂ ਨੂੰ ਕੱਢ ਕੇ ਲਿਆਉਣ ਦੀ ਕੋਸ਼ਿਸ਼

ਆਮ ਲੋਕਾਂ ਦਾ ਡਰ

ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਹੜ੍ਹ ਨਿਗਰਾਨੀ ਪੋਰਟਲ ਮੁਤਾਬਕ, ਪੁਰਾਣੀ ਦਿੱਲੀ ਦੇ ਪੁਲ 'ਤੇ ਬੁੱਧਵਾਰ ਸਵੇਰੇ 4 ਵਜੇ ਪਾਣੀ ਦਾ ਪੱਧਰ 207 ਮੀਟਰ ਰਿਹਾ, ਜੋ 2013 ਤੋਂ ਬਾਅਦ ਪਹਿਲੀ ਵਾਰ ਇੰਨਾ ਉੱਚਾ ਹੈ।

ਇਸ ਦੇ ਨਾਲ ਹੀ ਸਵੇਰੇ ਅੱਠ ਵਜੇ ਤੱਕ ਇਹ ਵਧ ਕੇ 207.25 ਮੀਟਰ ਹੋ ਗਿਆ ਸੀ। ਇਸ ਕਾਰਨ ਦਿੱਲੀ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ।

ਦਿੱਲੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਯਮੁਨਾ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ।

ਸੋਮਵਾਰ ਰਾਤ ਨੂੰ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਤੋਂ ਬਾਅਦ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਏ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।

ਮੌਸਮ ਪੱਖੋਂ ਖ਼ਰਾਬ ਸਥਿਤੀ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਪ੍ਰਭਾਵਿਤ ਖੇਤਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਦੇ ਤਹਿਤ ਚਾਰ ਤੋਂ ਵੱਧ ਲੋਕ ਬਿਨਾਂ ਕਿਸੇ ਕਾਰਨ ਇੱਕ ਥਾਂ 'ਤੇ ਇਕੱਠੇ ਨਹੀਂ ਹੋ ਸਕਦੇ।

ਦਿੱਲੀ ਵਿੱਚ 1924, 1977, 1978, 1995, 2010 ਅਤੇ 2013 ਵਿੱਚ ਹੜ੍ਹ ਆਏ ਸਨ। ਹੁਣ ਬਹੁਤ ਸਾਰੇ ਲੋਕ ਡਰਦੇ ਹਨ ਕਿ ਸਥਿਤੀ 1978 ਦੇ ਹੜ੍ਹ ਵਰਗੀ ਨਾ ਜਾਵੇ।

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹਨ

1978 ਵਿੱਚ ਕੀ ਹੋਇਆ ਸੀ

5 ਸਤੰਬਰ 1978 ਨੂੰ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ "ਲੋਕਾਂ ਨੂੰ ਮਹਾਰਾਣੀ ਬਾਗ਼, ਨਿਊ ਫਰੈਂਡਜ਼ ਕਲੋਨੀ, ਜਾਮੀਆ ਮਿਲੀਆ ਇਸਲਾਮੀਆ ਅਤੇ ਓਖਲਾ ਦੇ ਇਲਾਕਿਆਂ ਨੂੰ ਖਾਲੀ ਕਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।"

ਖ਼ਬਰ ਵਿੱਚ ਲਿਖਿਆ ਗਿਆ ਸੀ, ਯਮੁਨਾ ਦੇ ਚਾਰ ਪੁਲ, ਪੁਰਾਣੇ ਰੇਲਵੇ ਪੁਲ, ਜਿੱਥੋਂ ਰੇਲ ਅਤੇ ਆਵਾਜਾਈ ਦੋਵੇਂ ਲੰਘਦੇ ਹਨ, ਵਜ਼ੀਰਾਬਾਦ ਪੁਲ, ਇਨਕਮ ਟੈਕਸ ਦਫ਼ਤਰ ਨੇੜੇ ਪੁਲ ਅਤੇ ਓਖਲਾ ਵਿਚਲੇ ਪੁਲ ਜ਼ਰੀਏ ਹੋਣ ਵਾਲੀ ਆਵਾਜਾਈ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ, ਉੱਤਰੀ ਦਿੱਲੀ ਦੇ 30 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ।

ਖ਼ਬਰ ਮੁਤਾਬਕ ਜੀਟੀ ਰੋਡ ਤੋਂ ਕਰਨਾਲ ਨੂੰ ਜਾਣ ਵਾਲੀ ਸੜਕ ਦੇ ਵੱਡੇ ਹਿੱਸੇ ਵਿੱਚ ਪਾਣੀ ਵੜ ਜਾਣ ਕਾਰਨ ਇਸ ਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਸ਼ਾਹ ਆਲਮ ਡੈਮ 'ਚ ਇੱਕ-ਦੋ ਥਾਵਾਂ 'ਤੇ ਤਰੇੜਾਂ ਆਉਣ ਕਾਰਨ ਪ੍ਰਸ਼ਾਸਨ ਨੇ ਉੱਤਰੀ ਦਿੱਲੀ ਦੀਆਂ ਸੱਤ ਕਾਲੋਨੀਆਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚੇਤਾਵਨੀ ਦਿੱਤੀ ਸੀ। ਲੱਦਾਖੀ ਬੁੱਧ ਵਿਹਾਰ ਨੇੜੇ ਪਾਣੀ ਰਿੰਗ ਰੋਡ ਦੇ ਕੰਢਿਆਂ ਤੱਕ ਪਹੁੰਚ ਚੁੱਕਿਆ ਹੈ।

ਇਸ ਤੋਂ ਇਲਾਵਾ ਖ਼ਬਰ 'ਚ ਦੱਸਿਆ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ ਬਚਾਅ ਕਾਰਜਾਂ ਲਈ ਫ਼ੌਜ ਬੁਲਾਈ ਗਈ ਹੈ।

ਦਿੱਲੀ ਹੜ੍ਹ
ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਲ ਕਿਲਾ ਇਲਾਕੇ ਵਿੱਚ ਭਰਿਆ ਪਾਣੀ

ਕੀ ਯਮੁਨਾ ਦੇ ਪਾਣੀ ਦਾ ਪੱਧਰ ਹੋਰ ਵਧੇਗਾ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਦੀ ਦੇ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਉੱਤਰਾਖੰਡ ਵਿੱਚ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਹਾਲਾਂਕਿ, ਜੈਵ ਵਿਭਿੰਨਤਾ ਮਾਹਿਰ ਡਾਕਟਰ ਫ਼ੈਯਾਜ਼ ਖੁੱਡਸਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਬੁੱਧਵਾਰ ਸਵੇਰ ਦੇ ਮੁਕਾਬਲੇ ਦੁਪਹਿਰ ਬਾਅਦ ਨਦੀ ਦੇ ਵਹਾਅ ਵਿੱਚ ਕਮੀ ਆਈ ਹੈ।

ਉਨ੍ਹਾਂ ਮੁਤਾਬਕ ਪਿੱਛੇ ਤੋਂ ਘੱਟ ਪਾਣੀ ਛੱਡੇ ਜਾਣ ਕਾਰਨ ਅਜਿਹਾ ਹੋਇਆ ਹੈ ਅਤੇ ਜੇਕਰ ਇਹ ਸਥਿਤੀ ਬਣੀ ਰਹੀ ਤਾਂ ਪਾਣੀ ਦੇ ਵਹਾਅ ਵਿੱਚ ਕਮੀ ਆਵੇਗੀ।

BBC

ਯਮੁਨਾ ਵਿੱਚ ਪਾਣੀ ਦਾ ਪੱਧਰ ਤੇ ਦਿੱਲੀ ਦੇ ਹਾਲਾਤ

  • ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਹੜ੍ਹ ਨਿਗਰਾਨੀ ਪੋਰਟਲ ਮੁਤਾਬਕ, ਪੁਰਾਣੀ ਦਿੱਲੀ ਦੇ ਪੁਲ 'ਤੇ ਬੁੱਧਵਾਰ ਸਵੇਰੇ 4 ਵਜੇ ਪਾਣੀ ਦਾ ਪੱਧਰ 207 ਮੀਟਰ ਰਿਹਾ, ਜੋ 2013 ਤੋਂ ਬਾਅਦ ਪਹਿਲੀ ਵਾਰ ਇੰਨਾ ਉੱਚਾ ਹੈ।
  • ਦਿੱਲੀ ਵਿੱਚ ਯਮੁਨਾ ਨੇੜੇ ਨੀਵੇਂ ਇਲਾਕੇ, ਜਿੱਥੇ ਕਰੀਬ 41,000 ਲੋਕ ਰਹਿੰਦੇ ਹਨ, ਨੂੰ ਹੜ੍ਹਾਂ ਲਈ ਸੰਵੇਦਨਸ਼ੀਲ ਮੰਨਿਆ ਜਾਦਾ ਹੈ।
  • ਪਿਛਲੇ ਸਾਲ ਸਤੰਬਰ ਵਿੱਚ, ਯਮੁਨਾ ਨੇ ਦੋ ਵਾਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕੀਤਾ ਸੀ ਅਤੇ ਪਾਣੀ ਦਾ ਪੱਧਰ 206.38 ਮੀਟਰ ਤੱਕ ਪਹੁੰਚ ਗਿਆ ਸੀ।
  • 2019 ਵਿੱਚ, 18-19 ਅਗਸਤ ਨੂੰ, ਨਦੀ ਵਿੱਚ 8.28 ਲੱਖ ਕਿਊਸਿਕ ਪਾਣੀ ਨਾਲ ਵਹਾਅ ਸਿਖ਼ਰ ’ਤੇ ਸੀ ਅਤੇ ਪਾਣੀ ਦਾ ਪੱਧਰ 206.6 ਮੀਟਰ ਤੱਕ ਵੱਧ ਗਿਆ ਸੀ।
  • 2013 ਵਿੱਚ ਇਹ 207.32 ਮੀਟਰ ਦੇ ਪੱਧਰ ਤੱਕ ਪਹੁੰਚ ਗਿਆ।
  • ਦਿੱਲੀ ਵਿੱਚ 1924, 1977, 1978, 1995, 2010 ਅਤੇ 2013 ਵਿੱਚ ਹੜ੍ਹ ਆਏ ਸਨ। ਹੁਣ ਬਹੁਤ ਸਾਰੇ ਲੋਕ ਡਰਦੇ ਹਨ ਕਿ ਸਥਿਤੀ 1978 ਦੇ ਹੜ੍ਹ ਵਰਗੀ ਨਾ ਜਾਵੇ।
BBC
ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ

ਕੀ ਹਾਲਾਤ 1978 ਨਾਲੋਂ ਅਲੱਗ ਹਨ?

ਡਾਕਟਰ ਖੁੱਡਸਰ ਦਾ ਕਹਿਣਾ ਹੈ ਕਿ ਇਹ ਹੜ੍ਹ ਸਿਰਫ਼ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਜਿਹੜੇ ਐਕਟਿਵ ਫ਼ਲੱਡ ਪਲੇਨ ਵਿੱਚ ਵਸੇ ਹੋਏ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਜੇਕਰ ਤੁਸੀਂ ਦੇਖੋ ਤਾਂ ਇਸ ਵਾਰ ਹੜ੍ਹ ਨੇ ਸਬਕ ਵੀ ਸਿਖਾਇਆ ਹੈ ਕਿ ਸੋਚਣ ਦੀ ਲੋੜ ਹੈ ਕਿ ਜੇਕਰ ਦਿੱਲੀ ਦੇ ਫ਼ਲੱਡਪਲੇਨ ਨੂੰ ਸੁਰੱਖਿਅਤ ਨਾ ਰੱਖਿਆ ਗਿਆ ਅਤੇ ਨਦੀ ਇਸ ਪੱਧਰ ਤੱਕ ਪਹੁੰਚ ਜਾਵੇ ਤਾਂ ਪਾਣੀ ਕਿੱਥੇ ਜਾਵੇਗਾ।"

ਉਨ੍ਹਾਂ ਦਾ ਕਹਿਣਾ ਹੈ ਕਿ 1978 ਵਿੱਚ ਯਮੁਨਾ ਦੇ ਬੰਨ੍ਹ ਇੰਨੇ ਮਜ਼ਬੂਤ ਨਹੀਂ ਸਨ, ਇਸ ਲਈ ਪਾਣੀ ਫ਼ੈਲ ਕੇ ਕਈ ਵੱਡੇ ਇਲਾਕੇ ਵਿੱਚ ਭਰ ਗਿਆ ਸੀ। ਪਰ ਇਸ ਵਾਰ ਹਾਲਾਤ ਇੰਨੇ ਮਾੜੇ ਨਹੀਂ ਹਨ।

ਉਨ੍ਹਾਂ ਮੁਤਾਬਕ, "ਅੱਜ ਜੇ ਇੱਥੇ ਬੰਨ੍ਹ ਹਨ, ਤੇ ਇਨ੍ਹਾਂ ਨਾਲ ਪਾਣੀ ਫ਼ਲੱਡਪਲੇਨ ਤੱਕ ਸੀਮਤ ਹੋਇਆ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ਲੱਡਪਲੇਨ ਇੰਨਾ ਚੌੜਾ ਨਾ ਹੁੰਦਾ ਕਿ ਪਾਣੀ ਸ਼ਹਿਰ ਅਤੇ ਲੋਕਾਂ ਦੇ ਘਰਾਂ 'ਚ ਦਾਖਲ ਹੋ ਜਾਣਾ ਸੀ।

"ਇਹ ਸਾਡੇ ਲਈ ਇੱਕ ਸਬਕ ਹੈ ਕਿ ਜੇਕਰ ਫ਼ਲੱਡਪਲੇਨ ਨੂੰ ਬਿਹਤਰ ਬਣਾਇਆ ਜਾਵੇ ਅਤੇ ਬਚਾਇਆ ਜਾਵੇ, ਤਾਂ ਇਹ ਸਾਨੂੰ ਹੜ੍ਹਾਂ ਤੋਂ ਹੀ ਨਹੀਂ ਬਚਾਏਗਾ, ਸਗੋਂ ਦਰਿਆ ਨੂੰ ਵੀ ਜੀਵਤ ਰੱਖੇਗਾ, ਅਤੇ ਸਾਨੂੰ ਪਾਣੀ ਦੀ ਕਮੀ ਤੋਂ ਵੀ ਬਚਾਏਗਾ।"

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹੜ੍ਹਾਂ ਕਾਰਨ ਆਉਣ ਵਾਲੇ ਪਾਣੀ ਨੂੰ ਕਿਵੇਂ ਸਟੋਰ ਕੀਤਾ ਜਾ ਸਕਦਾ ਹੈ।

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕਾਂ ਦਾ ਇਲਜ਼ਾਮ ਹੈ ਕਿ ਸ਼ੈਲਟਰ ਹੋਮਜ਼ ਵਿੱਚ ਸਰਕਾਰ ਵਲੋਂ ਖਾਣੇ ਦੀ ਵਿਵਸਥਾ ਨਹੀਂ ਕੀਤੀ ਗਈ

ਹੜ੍ਹ ਕਿਉਂ ਆਇਆ?

ਡਾਕਟਰ ਖੁੱਡਸਰ ਦਾ ਕਹਿਣਾ ਹੈ, "ਦਿੱਲੀ ਵਿੱਚ ਕਈ ਵਾਰ ਮੀਂਹ ਨਹੀਂ ਪੈਂਦਾ ਅਤੇ ਫ਼ਿਰ ਵੀ ਦਿੱਲੀ ਦੀਆਂ ਨਦੀਆਂ ਪਾਣੀ ਨਾਲ ਭਰ ਜਾਂਦੀਆਂ ਹਨ। ਬਰਸਾਤ ਨਾਲ ਭਰੀਆਂ ਨਦੀਆਂ ਜਾਂ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਵਿੱਚ ਹੜ੍ਹ ਆਉਣਾ ਆਮ ਗੱਲ ਹੈ ਅਤੇ ਇਹ ਨਦੀ ਲਈ ਜ਼ਿੰਦਗੀ ਵਰਗਾ ਹੈ।"

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉੱਚੇ ਪੱਧਰ ਦੇ ਇਲਾਕਿਆਂ ਵਿੱਚ ਪਾਣੀ ਨੂੰ ਰੋਕ ਕੇ ਰੱਖਣ ਦੀ ਸਮਰੱਥਾ ਖ਼ਤਮ ਹੋ ਗਈ ਹੈ, ਕਿਉਂਕਿ ਜੰਗਲ, ਗ੍ਰਾਸਲੈਂਡ ਤੇ ਵੇਟਲੈਂਡ ਘੱਟ ਗਏ ਹਨ, ਨਤੀਜੇ ਵਜੋਂ ਸਮਤਲ ਇਲਾਕਿਆਂ ਨੂੰ ਨੁਕਸਾਨ ਹੁੰਦਾ ਹੈ। ਇਸੇ ਲਈ ਹੇਠਲੇ ਇਲਾਕਿਆਂ ਵਿੱਚ ਪਾਣੀ ਜ਼ਿਆਦਾ ਹੈ।

ਇਸ ਲਈ ਉੱਚੇ ਇਲਾਕਿਆਂ ਵਿੱਚ ਪਾਣੀ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਵੇ, ਤਾਂ ਹੀ ਸਥਿਤੀ ਬਦਲੇਗੀ।

ਕੇਂਦਰੀ ਜਲ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, "ਅਸੀਂ ਦੇਖਿਆ ਹੈ ਕਿ ਹਥਿਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਦਿੱਲੀ ਪਹੁੰਚਣ ’ਚ ਘੱਟ ਸਮਾਂ ਲੱਗਾ ਹੈ।”

“ਇਹ ਮੁੱਖ ਤੌਰ 'ਤੇ ਪਾਣੀ ਦੀ ਰਫ਼ਤਾਰ ਤੇ ਗਾਰੇ ਕਰਕੇ ਹੋ ਸਕਦਾ ਹੈ। ਪਾਣੀ ਦੇ ਵਹਿਣ ਲਈ ਪਹਿਲਾਂ ਥਾਂ ਵੱਧ ਸੀ। ਹੁਣ, ਇਹ ਇੱਕ ਤੰਗ ਕਰਾਸ-ਸੈਕਸ਼ਨ ਵਿੱਚੋਂ ਲੰਘਦਾ ਹੈ।"

ਰਾਜਧਾਨੀ ਤੋਂ ਕਰੀਬ 180 ਕਿਲੋਮੀਟਰ ਦੂਰ ਹਰਿਆਣਾ ਦੇ ਯਮੁਨਾਨਗਰ ਸਥਿਤ ਬੈਰਾਜ ਤੋਂ ਪਾਣੀ ਨੂੰ ਦਿੱਲੀ ਪਹੁੰਚਣ ਲਈ ਦੋ ਤੋਂ ਤਿੰਨ ਦਿਨ ਲੱਗਦੇ ਹਨ।

ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ ਦੇ ਨੈਚੁਰਲ ਹੈਰੀਟੇਜ ਡਿਵੀਜ਼ਨ ਦੇ ਪ੍ਰਮੁੱਖ ਨਿਰਦੇਸ਼ਕ ਮਨੂ ਭਟਨਾਗਰ ਨੇ ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦੇ ਪੱਧਰ ਦਾ ਕਾਰਨ ਥੋੜ੍ਹੇ ਸਮੇਂ ਵਿੱਚ ਭਾਰੀ ਮੀਂਹ ਨੂੰ ਦੱਸਦੇ ਹਨ।

ਉਨ੍ਹਾਂ ਨੇ ਪੀਟੀਆਈ ਨੂੰ ਦੱਸਿਆ, "ਲੰਬੇ ਸਮੇਂ ਵਿੱਚ ਡਿੱਗਣ ਵਾਲੀ ਪਾਣੀ ਦੀ ਮਾਤਰਾ ਅਜਿਹੀ ਸਥਿਤੀ ਪੈਦਾ ਨਹੀਂ ਕਰਦੀ, ਕਿਉਂਕਿ ਪਾਣੀ ਨੂੰ ਲੰਘਣ ਦਾ ਸਮਾਂ ਮਿਲ ਜਾਂਦਾ ਹੈ।"

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਨਡੀਆਰਐੱਫ਼ ਅਧਿਕਾਰੀ ਬੱਚਿਆਂ ਨੂੰ ਪਾਣੀ ਵਿੱਚੋਂ ਕੱਢਦੇ ਹੋਏ

ਹੜ੍ਹ ਕਾਰਨ ਯਮੁਨਾ ਵਿੱਚ ਕੀ ਬਦਲਿਆ

ਭਾਰੀ ਵਹਾਅ ਨਾਲ ਯਮੁਨਾ ਦਾ ਪ੍ਰਦੂਸ਼ਣ ਘਟਿਆ ਹੈ। ਡਾਕਟਰ ਫੈਯਾਜ਼ ਕਹਿੰਦੇ ਹਨ, "ਮੌਜੂਦਾ ਸਥਿਤੀ ਅਜਿਹੀ ਹੈ ਕਿ ਯਮੁਨਾ ਦਾ ਸਾਰਾ ਪ੍ਰਦੂਸ਼ਣ ਧੋਤਾ ਗਿਆ ਹੈ, ਇਹ ਬਹੁਤ ਸਾਫ਼ ਹੋ ਗਈ ਹੈ।"

“ਹਾਲਾਂਕਿ ਜਦੋਂ ਸਥਿਤੀ ਆਮ ਵਾਂਗ ਹੋਵੇਗੀ ਤਾਂ ਪ੍ਰਦੂਸ਼ਣ ਫਿਰ ਵਧ ਜਾਵੇਗਾ।”

ਦਿੱਲੀ ਵਿੱਚ ਨਦੀ ਦੇ ਨੇੜੇ ਨੀਵੇਂ ਇਲਾਕੇ, ਜਿੱਥੇ ਕਰੀਬ 41,000 ਲੋਕ ਰਹਿੰਦੇ ਹਨ, ਨੂੰ ਹੜ੍ਹਾਂ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

ਦਿੱਲੀ ਡਿਵੈਲਪਮੈਂਟ ਅਥਾਰਟੀ, ਮਾਲ ਵਿਭਾਗ ਅਤੇ ਨਿੱਜੀ ਵਿਅਕਤੀਆਂ ਦੀ ਜ਼ਮੀਨ ਹੋਣ ਦੇ ਬਾਵਜੂਦ ਦਰਿਆ ਦੇ ਫ਼ਲੱਡਪਲੇਨ ਪਿਛਲੇ ਕਈ ਸਾਲਾਂ ਤੋਂ ਹਮਲਾਵਰ ਹਨ।

ਪਿਛਲੇ ਸਾਲ ਸਤੰਬਰ ਵਿੱਚ, ਯਮੁਨਾ ਨੇ ਦੋ ਵਾਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕੀਤਾ ਸੀ ਅਤੇ ਪਾਣੀ ਦਾ ਪੱਧਰ 206.38 ਮੀਟਰ ਤੱਕ ਪਹੁੰਚ ਗਿਆ ਸੀ।

2019 ਵਿੱਚ, 18-19 ਅਗਸਤ ਨੂੰ, ਨਦੀ ਵਿੱਚ 8.28 ਲੱਖ ਕਿਊਸਿਕ ਪਾਣੀ ਨਾਲ ਵਹਾਅ ਸਿਖ਼ਰ ’ਤੇ ਸੀ ਅਤੇ ਪਾਣੀ ਦਾ ਪੱਧਰ 206.6 ਮੀਟਰ ਤੱਕ ਵੱਧ ਗਿਆ ਸੀ। 2013 ਵਿੱਚ ਇਹ 207.32 ਮੀਟਰ ਦੇ ਪੱਧਰ ਤੱਕ ਪਹੁੰਚ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)