ਪੰਜਾਬ ਵਿੱਚ ਜਦੋਂ ਹੜ੍ਹ ਕਾਰਨ ਰਾਬਤੇ ਟੁੱਟੇ, ਕਿਵੇਂ ਨੌਜਵਾਨ ਇਨਸਾਨੀਅਤ ਦਾ ਫਰਜ਼ ਨਿਭਾ ਰਹੇ

ਪੰਜਾਬ ਹੜ੍ਹ
ਤਸਵੀਰ ਕੈਪਸ਼ਨ, ਗੌਰਵਦੀਪ ਦੇ ਨਾਲ ਉਨ੍ਹਾਂ ਦੀ ਐਨਜੀਓ ਨਾਲ ਜੁੜੇ ਅਠਾਰਾਂ ਵਲੰਟੀਅਰ ਜੁਟੇ ਹੋਏ ਹਨ।
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਪਹੁੰਚਾਉਣ ਜਾਂ ਲੋਕਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਲਈ ਕਈ ਨਾਗਰਿਕ ਵੀ ਅੱਗੇ ਆ ਰਹੇ ਹਨ।

ਮਦਦ ਕਰਨ ਵਾਲੇ ਆਪੋ-ਆਪਣੇ ਤਰੀਕਿਆਂ ਤੇ ਸਰੋਤਾਂ ਮੁਤਾਬਕ ਕੋਸ਼ਿਸ਼ ਕਰ ਰਹੇ ਹਨ।

ਕੋਈ ਬੇਘਰ ਹੋਏ ਲੋਕਾਂ ਦੇ ਰਹਿਣ ਲਈ ਥਾਂ ਅਤੇ ਖਾਣ-ਪੀਣ ਦਾ ਪ੍ਰਬੰਧ ਕਰ ਰਿਹਾ ਹੈ, ਕੋਈ ਪਾਣੀ ਵਿੱਚ ਫਸੇ ਲੋਕਾਂ ਨੂੰ ਕਢਵਾਉਣ ਵਿੱਚ ਅਤੇ ਕੋਈ ਪਾਣੀ ਵਿਚਕਾਰ ਘਰਾਂ ਅੰਦਰ ਬੈਠੇ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਹੋਟਲਾਂ ਦੇ ਕਈ ਪੋਸਟਰ ਵਾਇਰਲ ਹੋਏ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਦੇ ਰਹਿਣ ਲਈ ਆਪਣੇ ਹੋਟਲ ਵਿੱਚ ਮੁਫ਼ਤ ਸੇਵਾ ਦੇ ਰਹੇ ਹਨ। ਨਾਲ ਹੀ ਫ਼ੋਨ ਨੰਬਰ ਵੀ ਦਿੱਤੇ ਗਏ ਸੀ।

ਹੋਟਲਾਂ ਵਿੱਚ ਕੀਤੇ ਪ੍ਰਬੰਧ

ਪੰਜਾਬ ਹੜ੍ਹ
ਤਸਵੀਰ ਕੈਪਸ਼ਨ, ਸਿਮਰ ਸਿੰਘ ਨੇ ਦੱਸਿਆ ਕਿ ਉਹ 100 ਜਾਣਿਆਂ ਦੇ ਰਹਿਣ ਦਾ ਪ੍ਰਬੰਧ ਕਰ ਸਕਦੇ ਹਨ

ਅਸੀਂ ਇੱਥੇ ਦਿੱਤੇ ਨੰਬਰਾਂ ’ਤੇ ਫ਼ੋਨ ਕੀਤਾ। ਸਾਡੀ ਗੱਲ ਹੋਟਲ ਦੇ ਮਾਲਿਕ ਨੌਜਵਾਨ ਸਿਮਰ ਸਿੰਘ ਨਾਲ ਹੋ ਰਹੀ ਸੀ।

ਸਿਮਰ ਸਿੰਘ ਨੇ ਦੱਸਿਆ ਕਿ ਉਹ 100 ਜਾਣਿਆਂ ਦੇ ਰਹਿਣ ਦਾ ਪ੍ਰਬੰਧ ਕਰ ਸਕਦੇ ਹਨ। ਮੰਗਲਵਾਰ ਦੁਪਹਿਰ ਤੋਂ ਪਹਿਲਾਂ ਤੱਕ ਉਨ੍ਹਾਂ ਦੇ ਹੋਟਲ ਵਿੱਚ 67 ਲੋਕ ਆ ਚੁੱਕੇ ਸੀ।

ਸਿਮਰ ਸਿੰਘ ਹੋਰਾਂ ਨੇ ਉਨ੍ਹਾਂ ਲਈ ਬਿਸਤਰਿਆਂ, ਤਿੰਨ ਸਮੇਂ ਦੇ ਖਾਣੇ ਅਤੇ ਬੱਚਿਆਂ ਲਈ ਦੁੱਧ ਵਗੈਰਾ ਦਾ ਪ੍ਰਬੰਧ ਕੀਤਾ ਹੋਇਆ ਸੀ।

ਸਿਮਰ ਸਿੰਘ ਮੁਤਾਬਕ, ਉਨ੍ਹਾਂ ਦੇ ਕੋਲ ਰਹਿਣ ਲਈ ਪਟਿਆਲਾ ਦੇ ਚਿਨਾਰ ਬਾਗ, ਚੋਰਾ, ਹੀਰਾ ਬਾਗ ਦੇ ਵਾਸੀ ਜ਼ਿਆਦਾਤਰ ਆਏ ਹਨ।

ਸਿਮਰ ਸਿੰਘ ਨੇ ਕਿਹਾ, “ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਜੇ ਹੁਣ ਕਿਸੇ ਦੇ ਕੰਮ ਨਾ ਆਏ ਤਾਂ ਫਿਰ ਕਦੋਂ ਆਵਾਂਗੇ। ਪੈਸਾ ਤਾਂ ਸਾਰੀ ਉਮਰ ਹੀ ਕਮਾਉਣਾ ਹੈ।”

ਸਿਮਰ ਸਿੰਘ ਨੇ ਦੱਸਿਆ ਕਿ ਹੋਟਲ ਕਾਰੋਬਰ ਤੋਂ ਇਲਾਵਾ ਉਨ੍ਹਾਂ ਦੀ ਫਤਹਿ ਵੈਲਫੇਅਰ ਦੇ ਨਾਮ ਤੋਂ ਇੱਕ ਐਨਜੀਓ ਵੀ ਹੈ। ਉਨ੍ਹਾਂ ਦੱਸਿਆ ਕਿ ਰਹਿਣ ਤੇ ਖਾਣ-ਪੀਣ ਦੇ ਪ੍ਰਬੰਧ ਦੇ ਨਾਲ-ਨਾਲ ਉਹ ਹੜ੍ਹ ਵਿੱਚ ਫਸੇ ਲੋਕਾਂ ਨੂੰ ਰੈਸਕਿਉ ਕਰਨ ਵਿੱਚ ਵੀ ਮਦਦ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਟਰੈਕਟਰ-ਟਰਾਲੀਆਂ ਨਹੀਂ ਜਾ ਸਕਦੀਆਂ, ਉੱਥੇ ਕਿਸ਼ਤੀਆਂ ਦੀ ਲੋੜ ਹੈ ਪਰ ਕਿਸ਼ਤੀਆਂ ਬਹੁਤ ਘੱਟ ਹਨ, ਜੋ ਕਿ ਚੁਣੌਤੀ ਬਣ ਰਿਹਾ ਹੈ।

ਪੰਜਾਬ ਹੜ੍ਹ
ਤਸਵੀਰ ਕੈਪਸ਼ਨ, ਕਿਸ਼ਤੀਆਂ ਦਾ ਨਾ ਹੋਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ

ਸੁੱਕਾ ਰਾਸ਼ਨ ਵੰਡਣਾ ਤੇ ਪਾਣੀ ਤੋਂ ਬਾਹਰ ਲਿਜਾਉਣ ਦੀ ਮੁਹਿੰਮ

ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਹੀ ਇਲਾਕੇ ਵਿੱਚ ਮਦਦ ਲਈ ਉੱਤਰੇ ਨੌਜਵਾਨ ਗੌਰਵਦੀਪ ਸਿੰਘ ਨਾਲ ਵੀ ਅਸੀਂ ਗੱਲ ਕੀਤੀ। ਨੌਜਵਾਨ ਗੌਰਵਦੀਪ ਸਿੰਘ, ਇੱਕ ਐਨਜੀਓ ਚਲਾਉਂਦੇ ਹਨ।

ਉਹ ਸੂਬੇ ਵਿੱਚ ਆਏ ਹੜ੍ਹਾਂ ਵਿੱਚ ਮਦਦ ਲਈ ਉਤਰੇ ਹਨ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ, ਉਨ੍ਹਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਅਤੇ ਲੋਕਾਂ ਦੇ ਰੈਸਕਿਉ ਵਿੱਚ ਮਦਦ ਕਰ ਰਹੇ ਹਨ।

ਗੌਰਵਦੀਪ ਨੇ ਦੱਸਿਆ ਕਿ ਉਹ ਮੁੱਖ ਤੌਰ 'ਤੇ ਸੁੱਕਾ ਰਾਸ਼ਨ, ਪਾਣੀ ਅਤੇ ਦਵਾਈਆਂ ਵਗੈਰਾ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਪਟਿਆਲ਼ਾ ਦੀ ਜੇਪੀ ਕਲੋਨੀ ਵਿੱਚ ਆਏ ਹੋਏ ਹਨ।

ਉਨ੍ਹਾਂ ਕਿਹਾ, “ਪਟਿਆਲ਼ਾ ਦਾ ਹਾਲ ਬਹੁਤ ਬੁਰਾ ਹੈ। ਇੱਕ ਹਫ਼ਤਾ ਹੋਰ ਇੱਥੇ ਬਿਜਲੀ ਆਉਣ ਦੀ ਸੰਭਾਵਨਾ ਨਹੀਂ ਲਗਦੀ। ਨਾ ਪੀਣ ਵਾਲਾ ਪਾਣੀ ਆ ਰਿਹਾ ਹੈ।

ਸਭ ਦਾ ਧਿਆਨ ਅਰਬਨ ਇਸਟੇਟ ਵੱਲ ਹੈ, ਪਰ ਗਰੀਬ ਕਲੋਨੀਆਂ ਵੱਲ ਕੋਈ ਨਹੀਂ ਜਾ ਰਿਹਾ। ਇੱਥੇ ਜੇਪੀ ਕਲੋਨੀ ਵਿੱਚ ਅੱਠ-ਅੱਠ ਫੁੱਟ ਪਾਣੀ ਹੈ। ਕਿਸ਼ਤੀਆਂ ਨਹੀਂ ਹਨ, ਤੈਰ-ਤੈਰ ਕੇ ਜਾ ਰਹੇ ਹਾਂ।

ਕਿਸ਼ਤੀਆਂ ਦਾ ਨਾ ਹੋਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੇ ਹੱਲ ਵਜੋਂ ਜਿੱਥੇ ਸੰਭਵ ਹੁੰਦਾ ਹੈ ਅਸੀਂ ਟਰੈਕਟਰ ਟ੍ਰਾਲੀਆਂ ਦੀ ਮਦਦ ਲੈ ਰਹੇ ਹਾਂ''

ਗੌਰਵਦੀਪ ਦੇ ਨਾਲ ਉਨ੍ਹਾਂ ਦੀ ਐਨਜੀਓ ਨਾਲ ਜੁੜੇ ਅਠਾਰਾਂ ਵਲੰਟੀਅਰ ਜੁਟੇ ਹੋਏ ਹਨ।

ਗੌਰਵਦੀਪ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਕੇਰਲਾ ਹੜ੍ਹਾਂ ਅਤੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਆਏ ਹੜ੍ਹਾਂ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਫਿਰ ਕਿਸਾਨ ਮੋਰਚੇ ਵਿੱਚ ਵੀ ਸ਼ਾਮਲ ਰਹੇ।

“ਮਦਦ ਕਰਨਾ ਮੈਨੂੰ ਲਗਦੈ ਹਰ ਪੰਜਾਬੀ ਦੇ ਖੂਨ ਵਿੱਚ ਹੈ। ਨੌਜਵਾਨਾਂ ਵਜੋਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿਨਾਂ ਵੱਧ ਤੋਂ ਵੱਧ ਕਰ ਸਕੀਏ। ਮੈਨੂੰ ਲਗਦੈ ਹੋਰ ਵੀ ਲੋਕਾਂ ਵਿੱਚ ਸੇਵਾ ਭਾਵਨਾ ਹੁੰਦੀ ਹੈ, ਪਰ ਉਹ ਪਛਾਣ ਨਹੀਂ ਕਰ ਪਾਉਂਦੇ ਕਿ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ। ਅਜਿਹੇ ਵਿੱਚ ਐਨਜੀਓ ਦਾ ਢਾਂਚਾਗਤ ਸਿਸਟਮ ਕੰਮ ਆਉਂਦਾ ਹੈ।”

ਗੌਰਵਦੀਪ ਕਹਿੰਦੇ ਹਨ ਕਿ ਐਨਡੀਆਰਐਫ ਚੰਗਾ ਕੰਮ ਕਰ ਰਹੀ ਹੈ, ਪਰ ਕਈ ਸਿਆਸੀ ਆਗੂਆਂ ਦੀ ਦਖਲਅੰਦਾਜ਼ੀ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਪੰਜਾਬ ਹੜ੍ਹ

ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਕਈ ਸੈਲਾਨੀ ਇਨ੍ਹਾਂ ਹੜ੍ਹਾਂ ਵਿੱਚ ਫਸ ਗਏ।

ਕਈ ਪੁਲ਼ ਢਹਿ ਗਏ, ਸੜਕਾਂ ਧਸ ਗਈਆਂ, ਲੈਂਡ ਸਲਾਈਡਿੰਗ ਕਰਕੇ ਵਾਪਸ ਆਉਣ ਦੇ ਰਾਹ ਬੰਦ ਹੋਣ ਕਾਰਨ ਲੋਕ ਰਾਹਾਂ ਵਿੱਚ ਫਸੇ ਰਹਿ ਗਏ।

ਅਜਿਹੇ ਲੋਕਾਂ ਦੀ ਮਦਦ ਲਈ ਹਿਮਾਚਲ ਪ੍ਰਦੇਸ਼ ਦੇ ਸਿਧਾਰਥ ਬਾਕਾਰੀਆ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਵੱਲੋਂ ਅਜਿਹੇ ਲੋਕਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਲਈ ਆਪਣੇ ਫ਼ੋਨ ਨੰਬਰ ਟਵਿੱਟਰ ਜ਼ਰੀਏ ਸ਼ੇਅਰ ਕੀਤੇ ਗਏ।

ਸਿਧਾਰਥ ਹਿਮਾਚਲ ਪ੍ਰਦੇਸ਼ ਵਿੱਚ ਕਈ ਹੋਮ-ਸਟੇਅ, ਵਿਲਾਜ਼ ਅਤੇ ਹੋਟਲਾਂ ਦੇ ਮਾਲਿਕ ਹਨ।

ਇਸ ਪੋਸਟ ਵਿੱਚ ਮਨਾਲੀ ਅਤੇ ਆਲੇ-ਦੁਆਲੇ ਸਥਿਤ ਕਈ ਹੋਟਲਾਂ ਤੇ ਹੋਮ-ਸਟੇਅ ਦਾ ਪਤਾ ਫ਼ੋਨ ਨੰਬਰਾਂ ਸਮੇਤ ਲਿਖਿਆ ਗਿਆ ਸੀ। ਉਹ ਫਸੇ ਹੋਏ ਸੈਲਾਨੀਆਂ ਨੂੰ ਇਨ੍ਹਾਂ ਥਾਂਵਾਂ ਉੱਤੇ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਪੇਸ਼ਕਸ਼ ਕਰ ਰਹੇ ਹਨ।

ਲਾਇਨ

ਉੱਤਰ-ਪੱਛਮੀ ਸੂਬਿਆਂ ਵਿੱਚ ਮੀਂਹ

  • ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ
  • ਹਿਮਾਚਲ 'ਚ 17 ਲੋਕਾਂ ਦੀ ਮੌਤ, ਜਦਕਿ ਇਸ ਪੂਰੇ ਸੀਜ਼ਨ ਦੌਰਾਨ ਗੁਜਰਾਤ 'ਚ ਹੁਣ ਤੱਕ 52 ਮੌਤਾਂ
  • ਮੰਗਲਵਾਰ ਨੂੰ ਕੁਝ ਰਾਹਤ ਮਿਲੀ, ਸੋਮਵਾਰ ਨੂੰ ਪੰਜਾਬ, ਦਿੱਲੀ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਰਗੇ ਸੂਬਿਆਂ 'ਚ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ
  • ਮਾਹਰ ਦੱਸਦੇ ਹਨ ਕਿ ਪੱਛਮੀ ਗੜਬੜ, ਭਾਰੀ ਮੀਂਹ ਦਾ ਕਾਰਨ ਹੈ
  • ਪੰਜਾਬ ਦੇ 5 ਜ਼ਿਲ੍ਹਿਆਂ 'ਚ ਸਕੂਲ ਕਾਲਜ ਬੰਦ, ਰਾਜਪੂਰਾ ਸਣੇ 30 ਪਿੰਡਾਂ 'ਚ ਅਲਰਟ ਤੇ ਮੁਹਾਲੀ 'ਚ ਫੌਜੀ ਮਦਦ ਦੀ ਮੰਗ
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
  • ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ
ਲਾਇਨ
ਹੜ੍ਹ

ਤਸਵੀਰ ਸਰੋਤ, Go Himachal/Twitter

ਸਿਧਾਰਥ ਬਾਕਾਰੀਆ ਨੇ ਕਿਹਾ, “ਇਸ ਵੇਲੇ ਮੋਬਾਈਲ ਨੈੱਟਵਰਕ ਸਹੀ ਨਹੀਂ ਹੈ, ਬਿਜਲੀ ਨਹੀਂ ਹੈ। ਹੋ ਸਕਦਾ ਹੈ ਘੁੰਮਣ ਆਏ ਲੋਕਾਂ ਕੋਲ ਕੈਸ਼ ਵੀ ਖਤਮ ਹੋ ਗਿਆ ਹੋਵੇ। ਅਜਿਹੇ ਵਿੱਚ ਉਨ੍ਹਾਂ ਦੀ ਮਦਦ ਕਰਨ ਬਾਰੇ ਅਸੀਂ ਸੋਚਿਆ।”

ਅਸੀਂ ਸਿਧਾਰਥ ਬਾਕਾਰੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੌ ਤੋਂ ਵੱਧ ਲੋਕ ਉਨ੍ਹਾਂ ਕੋਲ ਰਹਿਣ ਲਈ ਆ ਚੁੱਕੇ ਹਨ। ਉਨ੍ਹਾਂ ਨੇ ਪੰਜ-ਛੇ ਸੌ ਲੋਕਾਂ ਦੇ ਰਹਿਣ ਦੇ ਇੰਤਜ਼ਾਮ ਦਾ ਦਾਅਵਾ ਕੀਤਾ ਹੈ।

ਸਿਧਾਰਥ ਬਾਕਾਰੀਆ

ਤਸਵੀਰ ਸਰੋਤ, Siddharth Bakaria/Twitter

ਉਨ੍ਹਾਂ ਕਿਹਾ, “ਮੋਬਾਈਲ ਨੈੱਟਵਰਕ ਖ਼ਰਾਬ ਹੋ ਜਾਣ ਕਾਰਨ ਬਹੁਤ ਸਾਰੇ ਲੋਕ ਇਸ ਮਦਦ ਦਾ ਲਾਹਾ ਨਹੀਂ ਲੈ ਪਾ ਰਹੇ, ਇਸ ਲਈ ਉਨ੍ਹਾਂ ਤੱਕ ਪਹੁੰਚ ਕਰਨ ਲਈ ਸਹਿਯੋਗ ਫਾਊਂਡੇਸ਼ਨ ਤਹਿਤ ਸਾਡੀ ਕਰੀਬ 70 ਜਾਣਿਆਂ ਦੀ ਟੀਮ ਮਨਾਲੀ ਸ਼ਹਿਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੀ ਸੂਚੀ ਬਣਾ ਕੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾਉਣ ਵਿੱਚ ਵੀ ਸਾਡੀ ਟੀਮ ਮਦਦ ਕਰ ਰਹੀ ਹੈ।”

ਇੱਕ ਹੋਰ ਟਵਿੱਟਰ ਹੈਂਡਲ ਤੋਂ ਪਾਣੀ ਵਿੱਚ ਫਸੇ ਵਾਹਨ ਕੱਢਣ ਲਈ ਮਦਦ ਦਾ ਹੱਥ ਅੱਗੇ ਵਧਾਇਆ ਗਿਆ। ਇਹ ਪੋਸਟ ਔਫ-ਰੋਡਿੰਗ ਦੇ ਸ਼ੌਕੀਨ ਰਤਨ ਢਿੱਲੋਂ ਨੇ ਪਾਈ ਅਤੇ ਲਿਖਿਆ ਕਿ ਚੰਡੀਗੜ੍ਹ ਵਿੱਚ ਕਿਸੇ ਨੇ ਪਾਣੀ ਵਿੱਚ ਫਸਿਆ ਆਪਣਾ ਵਾਹਨ ਬਾਹਰ ਕਢਵਾਉਣਾ ਹੈ ਤਾਂ ਉਨ੍ਹਾਂ ਨੂੰ ਮੈਸੇਜ ਕਰਨ।

ਰਤਨ ਢਿੱਲੋਂ

ਤਸਵੀਰ ਸਰੋਤ, Rattan Dhillon/Twitter

ਰਤਨ ਢਿੱਲੋਂ ਨਾਲ ਸਿੱਧੇ ਤੌਰ 'ਤੇ ਸਾਡੀ ਗੱਲ ਨਹੀਂ ਹੋ ਸਕੀ। ਪਰ ਉਨ੍ਹਾਂ ਦੀ ਪੋਸਟ ਹੇਠ ਕਈ ਟਵਿੱਟਰ ਯੂਜ਼ਰਾਂ ਨੇ ਇਹ ਦਿਆਲਤਾ ਦਿਖਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਸਰਕਾਰ, ਪ੍ਰਸ਼ਾਸਨ, ਐਸਜੀਪੀਸੀ ਅਤੇ ਖ਼ਾਲਸਾ ਏਡ ਜਿਹੀਆਂ ਵੱਡੀਆਂ ਸੰਸਥਾਵਾਂ ਤੋਂ ਇਲਾਵਾ ਹੋਰ ਵੀ ਕਿੰਨੇ ਹੀ ਲੋਕ ਅਤੇ ਸੰਸਥਾਵਾਂ ਖ਼ੁਦ-ਬ-ਖ਼ੁਦ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

ਅੱਠ ਜੁਲਾਈ ਤੋਂ ਲਗਾਤਾਰ ਦੋ ਦਿਨ ਹੋਈ ਬਾਰੀ ਬਾਰਿਸ਼ ਕਾਰਨ ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕਈ ਖੇਤਰ ਹੜ੍ਹਾਂ ਦਾ ਸ਼ਿਕਾਰ ਹੋਏ ਹਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)