ਪੰਜਾਬ ਮੌਸਮ: ਹੜ੍ਹ ਤੇ ਭਾਰੀ ਮੀਂਹ ਦਾ ਕਾਰਨ ਬਣ ‘ਪੱਛਮੀ ਗੜਬੜ’ ਕੀ ਹੈ, 'ਪਾਣੀ ਕਈ ਫੁੱਟ ਤੱਕ ਭਰਿਆ ਸੀ, ਕੋਕਰੋਚ, ਸੱਪ ਤਾਂ ਪਾਣੀ 'ਚ ਸੀ ਹੀ'

ਮੁਹਾਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹਾਲੀ ਵਿੱਚ ਪਾਣੀ ਵਿੱਚੋਂ ਲੰਘ ਕੇ ਘਰਾਂ ਨੂੰ ਜਾਂਦੇ ਲੋਕ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਸ਼ਨੀਵਾਰ ਸਵੇਰ ਯਾਨੀ 8 ਜੁਲਾਈ ਤੋਂ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋਈ ਰਿਕਾਰਡਤੋੜ ਬਾਰਿਸ਼ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਆਖ਼ਰ ਇੰਨਾ ਮੀਂਹ ਕਿਉਂ ਪਿਆ ਜਿਸਨੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਕਰ ਦਿੱਤੀ ਤੇ ਫ਼ਸਲਾਂ ਤੋਂ ਲੈ ਕੇ ਵਾਹਨਾਂ ਤੱਕ ਨੁਕਸਾਨ ਪਹੁੰਚਾਇਆ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਸਿਰਫ ਮੌਨਸੂਨ ਕਾਰਨ ਨਹੀਂ ਬਲਕਿ ਪੱਛਮੀ ਗੜਬੜ ਕਾਰਨ ਵੀ ਹੈ ਜਿਸ ਨੇ ਉੱਤਰ-ਭਾਰਤ ਵਿੱਚ ਤਬਾਹੀ ਮਚਾਈ ਹੈ।

ਜ਼ਿਕਰਯੋਗ ਹੈ ਕਿ ਮੀਂਹ ਕਾਰਨ ਸਕੂਲ ਬੰਦ ਕੀਤੇ ਗਏ ਹਨ, ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਹਨ। ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋ ਗਈ ਹੈ।

ਇਸ ਵਾਰ ਮੀਂਹ ਨਾਲ ਕਈ ਅਧੁਨਿਕ ਸੁਸਾਇਟੀਆਂ ਵਿੱਚ ਪਾਣੀ ਭਰ ਗਿਆ। ਜਿਨ੍ਹਾਂ ਵਿੱਚ ਚੰਡੀਗੜ੍ਹ ਤੇ ਡੇਰਾਬੱਸੀ ਦੀਆਂ ਕਈ ਰਿਹਾਇਸ਼ੀ ਇਮਾਰਤਾਂ ਸ਼ਾਮਲ ਹਨ।

ਅਸੀਂ ਮਾਹਰਾਂ ਤੋਂ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸਨੀਵਾਰ ਤੋਂ ਪੈ ਰਹੇ ਭਾਰੀ ਮੀਂਹ ਦੇ ਕੀ ਕਾਰਨ ਹੋ ਸਕਦੇ ਹਨ ਤੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਹਾਲਾਤ ਜਾਣੇ।

ਸੁਖਨਾ ਝੀਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਨਾ ਝੀਲ ਵਿੱਚ ਪਾਣੀ ਕੰਢਿਆਂ ਤੱਕ ਭਰ ਗਿਆ

ਇਸ ਵਾਰ ਪਏ ਭਿਆਨਕ ਮੀਂਹ ਦੇ ਕੀ ਕਾਰਨ?

ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਤੋਂ ਵਾਤਾਵਰਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮਾਧੁਰੀ ਰਿਸ਼ੀ ਤੋਂ ਅਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਵਾਤਾਵਰਨ ਵਿੱਚ ਅਜਿਹਾ ਕੀ ਹੋਇਆ ਜੋ ਇਸ ਸਾਲ ਮੀਂਹ ਨੇ ਰਿਕਾਰਡ ਤੋੜ ਦਿੱਤੇ।

ਉਨ੍ਹਾਂ ਕਿਹਾ, “ਮੇਰੀ ਸਮਝ ਵਿੱਚ ਆਲਮੀ ਜਲਵਾਯੂ ਪਰਿਵਰਤਨ ਇਸ ਦਾ ਸੰਭਾਵਿਤ ਕਾਰਨ ਹੋ ਸਕਦਾ ਹੈ, ਤੁਸੀਂ ਦੇਖਿਆ ਹੋਏਗਾ ਕਿ ਇਸ ਸਾਲ ਓਨੀ ਗਰਮੀ ਵੀ ਨਹੀਂ ਪਈ। ਹੁਣ ਭਿਆਨਕ ਮੀਂਹ, ਇਹ ਸਭ ਜਲਵਾਯੂ ਪਰਿਵਰਤਨ ਦਾ ਨਤੀਜਾ ਹੋ ਸਕਦਾ ਹੈ।”

ਉਨ੍ਹਾਂ ਕਿਹਾ, “ਮਨੁੱਖ ਓਨਾ ਥਾਂਵਾਂ ’ਤੇ ਪਹੁੰਚ ਗਿਆ, ਜੋ ਕਦ ‘ਅਨ-ਐਕਸਪਲੋਰਡ’ ਸੀ। ਉਨ੍ਹਾਂ ਥਾਂਵਾਂ ’ਤੇ ਜਾ ਕੇ ਵੀ ਅਸੀਂ ਨਿਰਮਾਣ ਕਰ ਲਏ। ਸਾਨੂੰ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਬਿਨ੍ਹਾਂ ਸੋਚੇ ਧੜਾਧੜ ਨਿਰਮਾਣ ਨਹੀਂ ਹੋਣਾ ਚਾਹੀਦਾ।”

ਚੰਡੀਗੜ੍ਹ ਸਥਿਤ ਮੌਸਮ ਕੇਂਦਰ ਦੇ ਮੁਖੀ ਡਾਕਟਰ ਏ ਕੇ ਸਿੰਘ ਤੋਂ ਵੀ ਅਸੀਂ ਇਸ ਸਵਾਲ ਜਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੱਸਿਆ, “ਪਿਛਲੇ ਦਿਨਾਂ ਵਿੱਚ ਪਿਆ ਮੀਂਹ ਸਿਰਫ਼ ਮਾਨਸੂਨ ਕਾਰਨ ਨਹੀਂ ਹੈ। ਮਾਨਸੂਨ ਇੱਕ ਕੁਦਰਤੀ ਵਰਤਾਰਾ ਹੈ, ਪਰ ਇਸ ਸਾਲ ਮਾਨਸੂਨ ਦੇ ਨਾਲ ਪੱਛਮੀ ਗੜਬੜੀਆਂ ਵੀ ਟਕਰਾਈਆਂ।”

ਹੜ੍ਹ

ਤਸਵੀਰ ਸਰੋਤ, PRADEEP SHARMA/BBC

ਤਸਵੀਰ ਕੈਪਸ਼ਨ, ਜ਼ਿਲ੍ਹਾ ਜਲੰਧਰ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ

“ਪੱਛਮੀ ਗੜਬੜੀਆਂ ਜਿਸ ਨੂੰ ਵੈਸਟਰਨ ਡਿਸਟਰਬੈਂਸ ਵੀ ਕਹਿੰਦੇ ਹਨ, ਮੈਰੀਡੇਰੀਅਨ ਸਮੁੰਦਰ ਤੋਂ ਪਾਕਿਸਤਾਨ ਦੇ ਉੱਤੋਂ ਹੁੰਦਿਆਂ ਭਾਰਤ ਦੇ ਕਈ ਇਲਾਕਿਆਂ ਤੱਕ ਪਹੁੰਚੀਆਂ ਹਨ।”

“ਅੱਠ ਜੁਲਾਈ ਨੂੰ ਇਸ ਦੇ ਮਾਨਸੂਨ ਨਾਲ ਰਲਣ ਨਾਲ ਭਾਰੀ ਮੀਂਹ ਆਇਆ। ਇਸ ਨੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਨੇੜੇ ਲਗਦੇ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ।”

ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀਆਂ ਦਾ ਅਨੁਮਾਨ ਲਾਉਣਾ ਮੁਸ਼ਕਿਲ ਹੁੰਦਾ ਹੈ, ਪਰ ਜਦੋਂ ਇਹ ਆ ਜਾਂਦੀਆਂ ਹਨ ਤਾਂ ਇਸ ਦਾ ਚਾਰ-ਪੰਜ ਦਿਨ ਪਹਿਲਾਂ ਅਸੀਂ ਨਿਰੀਖਣ ਕਰ ਸਕਦੇ ਹਾਂ।

ਉਹ ਕਹਿੰਦੇ ਹਨ ਕਿ, “ਇਹ ਵਰਤਾਰਾ ਪੂਰੇ ਭਾਰਤ ਦਾ ਮੌਸਮ ਪ੍ਰਭਾਵਿਤ ਕਰ ਸਕਦਾ ਹੈ। ਤੁਸੀਂ ਦੇਖਿਆ ਹੋਏਗਾ ਕਿ ਇਸ ਵਾਰ ਮਈ ਮਹੀਨੇ ਵੀ ਪੂਰੀ ਗਰਮੀ ਨਹੀਂ ਪਈ।”

ਏਕੇ ਸਿੰਘ ਕਹਿੰਦੇ ਹਨ, “ਪਹਿਲਾਂ ਵੀ ਪੱਛਮੀ ਗੜਬੜੀਆਂ ਆਉਂਦੀਆਂ ਰਹੀਆਂ ਹਨ, ਪਰ ਹੁਣ ਇਨ੍ਹਾਂ ਦੀ ਬਾਰੰਬਾਰਤਾ ਕਾਫ਼ੀ ਵਧ ਗਈ ਹੈ। ਇਹ ਮੌਸਮ ਵਿਗਿਆਨੀਆਂ ਲਈ ਵੀ ਹੈਰਾਨ ਕਰਨ ਵਾਲਾ ਹੈ।”

“ਮਾਨਸੂਨ ਰੁੱਤ ਵਿੱਚ ਪੱਛਮੀ ਗੜਬੜੀਆਂ ਨਹੀਂ ਦੇਖੀਆਂ ਜਾਂਦੀਆਂ ਸੀ, ਪਰ ਹੁਣ ਮਾਨਸੂਨ ਸੀਜ਼ਨ ਵਿੱਚ ਵੀ ਵੈਸਟਰਨ ਡਿਸਟਰਬੈਂਸ ਹੋਣ ਲੱਗੇ ਹਨ। ਇਸ ਸਪਸ਼ਟ ਕਰ ਰਿਹਾ ਹੈ ਕਿ ਜਲਵਾਯੂ ਪਰਿਵਰਤਨ ਹੋ ਰਿਹਾ ਹੈ।”

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪੱਛਮੀ ਗੜਬੜੀਆਂ ਦਾ ਵਧਣਾ ਸਿਰਫ਼ ਇੱਥੋਂ ਦੇ ਵਰਤਾਰਿਆਂ ਕਾਰਨ ਨਹੀਂ, ਬਲਕਿ ਇਸ ਗਲੋਬਲ ਜਲਵਾਯੂ ਪਰਿਵਰਤਨ ਦੇ ਅਸਰ ਕਾਰਨ ਹੋ ਸਕਦਾ ਹੈ। ਇਸ ਦੇ ਪੁਖ਼ਤਾ ਕਾਰਨਾਂ ਬਾਰੇ ਡੂੰਘੇ ਅਧਿਐਨ ਦੀ ਲੋੜ ਹੈ।

ਮੀਂਹ ਕਾਰਨ ਹਾਲਾਤ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਰੋਪੜ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਚਾਇਆ ਗਿਆ
ਇਹ ਵੀ ਪੜ੍ਹੋ-

ਕਦੋਂ ਮਿਲੇਗੀ ਰਾਹਤ ?

ਚੰਡੀਗੜ੍ਹ ਦੇ ਮੌਸਮ ਕੇਂਦਰ ਮੁਤਾਬਕ, ਆਉਣ ਵਾਲੇ ਚਾਰ-ਪੰਜ ਦਿਨਾਂ ਤੱਕ ਬਾਰਿਸ਼ ਹੁੰਦੀ ਰਹੇਗੀ।

ਏ ਕੇ ਸਿੰਘ ਨੇ ਦੱਸਿਆ ਕਿ ਮੀਂਹ ਦੀ ਤੀਬਰਤਾ ਘੱਟ ਜਾਏਗੀ ਕਿਉਂਕਿ ਪੱਛਮੀ ਗੜਬੜੀਆਂ ਦਾ ਅਸਰ ਘੱਟ ਜਾਏਗਾ।

ਪਰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਮੀਂਹ ਵਰ੍ਹਦਾ ਰਹੇਗਾ। ਉਨ੍ਹਾਂ ਦੱਸਿਆ ਕਿ ਆਮ- ਤੌਰ ’ਤੇ ਮਾਨਸੂਨ ਜੂਨ ਤੋਂ ਅਗਸਤ ਤੱਕ ਰਹਿੰਦਾ ਹੈ। ਤੇ ਇਸ ਵੇਲੇ ਪੂਰੇ ਜੋਬਨ ’ਤੇ ਹੈ।

ਪਾਣੀ

ਤਸਵੀਰ ਸਰੋਤ, BIRBAL SHARMA

ਤਸਵੀਰ ਕੈਪਸ਼ਨ, ਹਿਮਾਚਲ ’ਚ ਪਾਣੀ ਵਿੱਚ ਡੁੱਬਿਆ ਇੱਕ ਸਥਾਨਕ ਮੰਦਰ

ਰਿਹਾਇਸ਼ੀ ਇਮਾਰਤਾਂ ਵਿੱਚ ਪਾਣੀ ਭਰਿਆ

ਮੀਂਹ ਪਿਆ ਤਾਂ ਡੇਰਾ ਬੱਸੀ ਦੀ ਇੱਕ ਹਾਊਸਿੰਗ ਸੁਸਾਇਟੀ ਗੁਲਮੋਹਰ ਐਕਸਟੈਂਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀਆਂ, ਜਿੱਥੇ ਇੰਨਾਂ ਪਾਣੀ ਭਰ ਗਿਆ ਕਿ ਉੱਥੇ ਖੜ੍ਹੀਆਂ ਕਾਰਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ।

ਤਸਵੀਰਾਂ ਵਿੱਚ ਕਾਰਾਂ ਦੀਆਂ ਸਿਰਫ਼ ਛੱਤਾਂ ਹੀ ਨਜ਼ਰ ਆ ਰਹੀਆਂ ਸੀ।

ਸੁਸਾਇਟੀ ਦੇ ਇੱਕ ਹਿੱਸੇ ਵਿੱਚ ਲੋਕਾਂ ਦੇ ਘਰਾਂ ਅੰਦਰ ਪਾਣੀ ਚਲਾ ਗਿਆ। ਕਈ ਤਸਵੀਰਾਂ ਵਿੱਚ ਲੋਕਾਂ ਦੇ ਘਰਾਂ ਅੰਦਰ ਪਏ ਮੰਜਿਆਂ, ਸੋਫ਼ਿਆਂ ਦੇ ਪੱਧਰ ਤੱਕ ਪਾਣੀ ਪਹੁੰਚ ਗਿਆ।

ਸ਼ਨੀਵਾਰ ਤੋਂ ਲੈ ਕੇ ਸੋਮਵਾਰ ਨੂੰ ਖ਼ਬਰ ਲਿਖਣ ਤੱਕ ਬੱਤੀ-ਪਾਣੀ ਗੁੱਲ ਸੀ। ਜ਼ਰੂਰੀ ਸਮਾਨ ਪਹੁੰਚਾਉਣ ਅਤੇ ਲਈ ਲੋਕਾਂ ਦੇ ਆਉਣ-ਜਾਣ ਲਈ ਕਿਸ਼ਤੀਆਂ ਚਲਾਉਣੀਆਂ ਪਈਆਂ।

BBC

ਉੱਤਰ-ਪੱਛਮੀ ਸੂਬਿਆਂ ਵਿੱਚ ਮੀਂਹ

  • ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ
  • ਐਤਵਾਰ ਨੂੰ ਹਿਮਾਚਲ 'ਚ 5 ਲੋਕਾਂ ਦੀ ਮੌਤ, ਜਦਕਿ ਇਸ ਪੂਰੇ ਸੀਜ਼ਨ ਦੌਰਾਨ ਗੁਜਰਾਤ 'ਚ ਹੁਣ ਤੱਕ 52 ਮੌਤਾਂ
  • ਸੋਮਵਾਰ ਨੂੰ ਪੰਜਾਬ, ਦਿੱਲੀ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਰਗੇ ਸੂਬਿਆਂ 'ਚ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ
  • ਮਾਹਰ ਦੱਸਦੇ ਹਨ ਕਿ ਪੱਛਮੀ ਗੜਬੜ, ਭਾਰੀ ਮੀਂਦ ਦਾ ਕਾਰਨ ਹੈ
  • ਚੰਡੀਗੜ੍ਹ ਤੇ ਡੇਰਾਬੱਸੀ ਦੀਆਂ ਕਈ ਰਿਹਾਇਸ਼ੀ ਇਮਾਰਤਾਂ ਵਿੱਚ ਵੀ ਪਾਣੀ ਭਰ ਗਿਆ ਹੈ
  • ਪੰਜਾਬ ਦੇ 5 ਜ਼ਿਲ੍ਹਿਆਂ 'ਚ ਸਕੂਲ ਕਾਲਜ ਬੰਦ, ਰਾਜਪੂਰਾ ਸਣੇ 30 ਪਿੰਡਾਂ 'ਚ ਅਲਰਟ ਤੇ ਮੁਹਾਲੀ 'ਚ ਫੌਜੀ ਮਦਦ ਦੀ ਮੰਗ
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
  • ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ
BBC

ਪਾਣੀ ਨਾਲ ਭਰੇ ਘਰਾਂ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ

ਗੁਲਮੋਹਰ ਐਕਸਟੈਂਸ਼ਨ ਦੀ ਰਹਿਣ ਵਾਲੇ ਮੋਹਿਨੀ ਪਿਛਲੇ ਦਲ ਸਾਲ ਤੋਂ ਇੱਥੇ ਰਹਿੰਦੇ ਹਨ।

ਉਹ ਆਪਣੇ ਪਤੀ ਅਤੇ ਦੋ ਬੇਟੀਆਂ (ਬਾਰਾਂ ਸਾਲ, ਢਾਈ ਸਾਲ) ਦੇ ਨਾਲ ਰਹਿੰਦੇ ਹਨ।

ਮੋਹਿਨੀ ਨੇ ਦੱਸਿਆ, “ਸਾਡੇ ਘਰ ਅੰਦਰ ਪੂਰਾ ਪਾਣੀ ਭਰ ਗਿਆ। ਫ਼ਰਨੀਚਰ ਨੁਕਸਾਨਿਆ ਜਾ ਰਿਹਾ ਹੈ। ਢਾਈ ਸਾਲ ਦੀ ਬੇਟੀ ਹੈ, ਉਸ ਨੂੰ ਲੈ ਕੇ ਡਰ ਲੱਗ ਰਿਹਾ ਹੈ। ਕਈ ਘਰਾਂ ਵਿੱਚ ਤਾਂ ਪਾਣੀ ਪੰਜ-ਪੰਜ ਫ਼ੁੱਟ ਤੱਕ ਭਰ ਗਿਆ ਹੈ।”

“ਇਸ ਵੇਲੇ ਸਾਨੂੰ ਖ਼ੁਦ ਨੂੰ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿੰਤਾ ਹੈ, ਸਮਾਨ ਦਾ ਨੁਕਸਾਨ ਤਾਂ ਜੋ ਹੋਣਾ ਹੈ, ਹੋਏਗਾ ਹੀ।”

ਮੀਂਹ

ਤਸਵੀਰ ਸਰੋਤ, PRADEEP SHARMA/BBC

ਤਸਵੀਰ ਕੈਪਸ਼ਨ, ਫ਼ਲੌਰ ਨੇੜੇ ਕੁਝ ਲੋਕ ਪਾਣੀ ਵਿੱਚੋਂ ਗੱਡੀ ਕੱਢਣ ਦੋ ਕੋਸ਼ਿਸ਼ ਕਰਦੇ ਹੋਏ

ਘਰ ਛੱਡ ਮੰਦਰ ਵਿੱਚ ਸ਼ਰਨ ਲਈ

ਅਸੀਂ ਇੱਥੇ ਰਹਿਣ ਵਾਲੇ ਦੀਵੇਸ਼ ਨਾਲ ਗੱਲ ਕੀਤੀ ਜੋ ਕਿ ਹਰਿਆਣਾ ਵਿੱਚ ਸਰਕਾਰੀ ਮੁਲਾਜ਼ਮ ਹਨ।

ਦੀਵੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਫ਼ਲੈਟ ਪਹਿਲੀ ਮੰਜ਼ਿਲ ’ਤੇ ਹੈ।

ਉਨ੍ਹਾਂ ਕਿਹਾ, “ਉੱਥੋਂ ਤੱਕ ਪਾਣੀ ਤਾਂ ਨਹੀਂ ਆਇਆ, ਪਰ ਅਸੀਂ ਇਮਾਰਤ ਦੇ ਥੰਮਾਂ (ਪਿੱਲਰ) ’ਤੇ ਤਰੇੜਾਂ ਦੇਖੀਆਂ ਅਤੇ ਘਬਰਾ ਗਏ।”

“ਅਸੀਂ ਹੁਣ ਆਪਣਾ ਫ਼ਲੈਟ ਛੱਡ ਕੇ ਸੁਸਾਇਟੀ ਵਿੱਚ ਹੀ ਬਣੇ ਮੰਦਰ ਵਿੱਚ ਆ ਗਏ ਹਾਂ। ਨੇੜੇ ਹੀ ਮੇਰਾ ਸਹੁਰਾ ਪਰਿਵਾਰ ਰਹਿੰਦਾ ਹੈ, ਜੋ ਕਿ ਸਾਨੂੰ ਲੈਣ ਲਈ ਆ ਰਹੇ ਹਨ। ਮੰਦਰ ਤੱਕ ਆਉਣ ਵੇਲੇ ਪਾਣੀ ਵਿੱਚੋਂ ਲੰਘਦਿਆਂ ਮੈਂ ਆਪਣੇ ਚਾਰ ਸਾਲ ਦੇ ਬੱਚੇ ਨੂੰ ਮੋਢਿਆਂ ’ਤੇ ਬਿਠਾਇਆ ਹੋਇਆ ਸੀ ਅਤੇ ਪਾਣੀ ਮੇਰੇ ਚਿਹਰੇ ਤੱਕ ਸੀ।”

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਮਾਰਤ ਵਿੱਚ ਪਹਿਲੀ ਮੰਜ਼ਿਲ ’ਤੇ ਰਹਿੰਦੇ ਜ਼ਿਆਦਾਤਰ ਲੋਕ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ, ਦੋਸਤਾਂ ਦੇ ਘਰਾਂ ਵਿੱਚ ਰਹਿਣ ਲਈ ਚਲੇ ਗਏ ਹਨ।

ਐਤਵਾਰ ਦੀ ਰਾਤ ਬਾਰੇ ਬਿਆਨ ਕਰਦਿਆਂ ਉਨ੍ਹਾਂ ਕਿਹਾ, “ਲਾਈਟ ਨਾ ਹੋਣ ਕਰਕੇ ਪੂਰੀ ਸੁਸਾਇਟੀ ਵਿੱਚ ਹਨੇਰਾ ਸੀ। ਪਾਣੀ ਕਈ ਫੁੱਟ ਤੱਕ ਭਰਿਆ ਹੋਇਆ ਸੀ। ਕੋਕਰੋਚ, ਡੱਡੂ, ਸੱਪ ਤਾਂ ਪਾਣੀ ਵਿੱਚ ਹੈ ਹੀ ਸਨ।”

ਦਿਵੇਸ਼ ਨੇ ਦੱਸਿਆ ਕਿ ਐਤਵਾਰ ਸ਼ਾਮ ਪਾਣੀ ਘਟ ਗਿਆ ਸੀ ਪਰ ਸੋਮਵਾਰ ਸਵੇਰੇ ਪਏ ਮੀਂਹ ਕਾਰਨ ਦੁਬਾਰਾ ਪਾਣੀ ਵਧ ਗਿਆ।

“ਸੁਸਾਇਟੀ ਵਿੱਚ ਲੰਗਰ ਲਗਾਇਆ ਗਿਆ ਸੀ ਅਤੇ ਪੀਣ ਵਾਲਾ ਪਾਣੀ ਵੀ ਪਹੁੰਚਾਇਆ ਜਾ ਰਿਹਾ ਸੀ। ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ, ਉਨ੍ਹਾਂ ਨੇ ਸਾਰੀ ਰਾਤ ਬਿਨ੍ਹਾਂ ਪਾਣੀ ਤੋਂ ਗੁਜ਼ਾਰੀ।”

ਸਤਲੁਜ

ਤਸਵੀਰ ਸਰੋਤ, PADEEP SHARMA/BBC

ਤਸਵੀਰ ਕੈਪਸ਼ਨ, ਸਤਲੁਜ ਦਰਿਆ ਦੇ ਘਾਰਿਆ ਨੂੰ ਪੂਰਨ ਲਈ ਤਿਆਰੀ ਕਰਦੇ ਲੋਕ

ਬੱਤੀ-ਪਾਣੀ ਗੁੱਲ

ਇਸੇ ਸੁਸਾਇਟੀ ਵਿੱਚ ਰਹਿਣ ਵਾਲੇ ਹਰਸ਼ ਬਾਂਸਲ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਉਹ ਜਾਗੇ ਤਾਂ ਸੁਸਾਇਟੀ ਵਿੱਚ ਪਾਣੀ ਭਰਿਆ ਹੋਇਆ ਸੀ।

ਉਨ੍ਹਾਂ ਦੀਆਂ ਦੋ ਸਕੂਟਰਾਂ ’ਚ ਪਾਣੀ ਭਰਨ ਕਰਕੇ ਖਰਾਬ ਹੋ ਗਏ।

ਉਨ੍ਹਾਂ ਕਿਹਾ ਕਿ ਉਹ ਗਿਆਰਾਂ ਸਾਲ ਤੋਂ ਇਸ ਸੁਸਾਇਟੀ ਵਿੱਚ ਰਹਿੰਦੇ ਹਨ ਪਰ ਅਜਿਹੇ ਹਾਲਾਤ ਕਦੇ ਨਹੀਂ ਦੇਖੇ। ਹਰਸ਼ ਮੁਤਾਬਕ, ਮੀਂਹ ਕਾਰਨ ਸੁਸਾਇਟੀ ਦੀ ਚਾਰ-ਦੁਆਰੀ ਕਈ ਥਾਂਵਾਂ ਤੋਂ ਢਹਿਣ ਕਾਰਨ ਬਾਹਰੋਂ ਵੀ ਪਾਣੀ ਸੁਸਾਇਟੀ ਦੇ ਅੰਦਰ ਆ ਗਿਆ।

ਉਨ੍ਹਾਂ ਕਿਹਾ, “ਅੱਜ ਯਾਨੀ ਸੋਮਵਾਰ ਸਵੇਰੇ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਸੀ ਪਰ ਦੁਬਾਰਾ ਮੀਂਹ ਪੈਣ ਕਾਰਨ ਕਰੀਬ ਸੱਤ ਫੁੱਟ ਤੱਕ ਪਾਣੀ ਫਿਰ ਜਮ੍ਹਾਂ ਹੋ ਗਿਆ ਹੈ। ਜਿਸ ਕਾਰਨ ਅਸੀਂ ਗਰਾਊਂਡ ਫਲੋਰ ਤੱਕ ਵੀ ਨਹੀਂ ਜਾ ਸਕਦੇ।”

“ਖਾਣ-ਪੀਣ ਵਾਲਾ ਸਮਾਨ ਕਿਸ਼ਤੀਆਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ, ਪਰ ਲੋਕਾਂ ਦਾ ਆਰਥਿਕ ਨੁਕਸਾਨ ਬਹੁਤ ਹੋਇਆ ਹੈ। ਕਈ ਲੋਕਾਂ ਦੀਆਂ ਕਾਰਾਂ ਤੇ ਹੋਰ ਵਾਹਨ ਪਾਣੀ ਵਿੱਚ ਡੁੱਬਣ ਕਾਰਨ ਖ਼ਰਾਬ ਹੋ ਰਹੇ ਹਨ।”

“ਇਸ ਤੋਂ ਇਲਾਵਾ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਸ਼ਨੀਵਾਰ ਰਾਤ ਤੋਂ ਲਾਈਟ ਨਹੀਂ ਹੈ, ਨਾ ਹੀ ਪਾਣੀ ਆ ਰਿਹਾ ਹੈ। ਸਵੇਰੇ ਥੋੜ੍ਹਾ ਪਾਣੀ ਘਟਿਆ ਤਾਂ ਮੈਂ ਨੇੜਲੀ ਸੁਸਾਇਟੀ ਵਿੱਚ ਰਹਿੰਦੇ ਰਿਸ਼ਤੇਦਾਰਾਂ ਘਰੋਂ ਫ਼ੋਨ ਚਾਰਜ ਕਰਕੇ ਆਇਆ ਸੀ।”

ਸ਼ਾਹਕੋਟ

ਤਸਵੀਰ ਸਰੋਤ, PADEEP SHARMA/BBC

ਤਸਵੀਰ ਕੈਪਸ਼ਨ, ਸ਼ਾਹਕੋਟ ਨੇੜੇ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ

ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਇਕੱਠਾ ਕਿਉਂ ਹੋਇਆ?

ਚੰਡੀਗੜ੍ਹ ਆਰਕੀਟੈਚਰ ਕਾਲਜ ਦੇ ਸਾਬਕਾ ਪ੍ਰਿੰਸੀਪਲ ਰਜਨੀਸ਼ ਵਤਸ ਤੋਂ ਅਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅਜਿਹੀਆਂ ਕਿਹੜੀਆਂ ਖ਼ਾਮੀਆਂ ਹਨ, ਜਿਨ੍ਹਾਂ ਕਰਕੇ ਕਈ ਸ਼ਹਿਰਾਂ ਅਤੇ ਅਜਿਹੀਆਂ ਸੁਸਾਇਟੀਆਂ ਵਿੱਚ ਇਹ ਹਾਲਾਤ ਬਣੇ।

ਉਨ੍ਹਾਂ ਦੱਸਿਆ, “ਚੰਡੀਗੜ੍ਹ ਦੇ ਆਲੇ ਦੁਆਲੇ ਕਈ ਇਲਾਕੇ ਖ਼ਾਸ ਕਰਕੇ ਜ਼ੀਰਕਪੁਰ, ਡੇਰਾਬੱਸੀ ਵਿੱਚ ਨਿਰਮਾਣ ਯੋਜਨਾਬੱਧ ਤਰੀਕੇ ਨਾਲ ਨਹੀਂ ਹੋਇਆ ਹੈ।”

“ਮੁਹਾਲੀ, ਯੋਜਨਾਬੱਧ ਜ਼ਰੂਰ ਹੈ ਪਰ ਡਰੇਨੇਜ ਦੀ ਸਮਰੱਥਾ ਅਬਾਦੀ ਦੇ ਹਿਸਾਬ ਨਾਲ ਵਧਾਈ ਨਹੀਂ ਜਾ ਸਕੀ ਹੈ। ਡਰੇਨੇਜ ਸਿਸਟਮ ਦੀ ਸਮਰੱਥਾ ਬਹੁਤ ਸੀਮਿਤ ਹੈ, ਇਸ ਕਾਰਨ ਅਜਿਹੇ ਰਿਕਾਰਡ ਤੋੜ ਮੀਂਹ ਨੂੰ ਉਹ ਨਹੀਂ ਸੰਭਾਲ ਸਕਦਾ।”

ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਜੋ ਇਮਾਰਤਾਂ ਢਹੀਆਂ ਜਾਂ ਤਰੇੜਾਂ ਆਈਆਂ, ਉਨ੍ਹਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਨਿਰਮਾਣ ਵੇਲੇ ਢਾਂਚੇ ਸਬੰਧੀ ਨਿਯਮਾਂ ਦੀ ਪਾਲਣਾ ਕਈ ਵਾਰ ਨਹੀਂ ਕੀਤੀ ਹੁੰਦੀ ਜਾਂ ਨੀਂਹ ਮਜ਼ਬੂਤ ਨਹੀਂ ਹੁੰਦੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)