‘ਰਾਤ ਕੱਟਣ ਲਈ ਘਰ ਰੁਕੇ ਤੇ ਸਵੇਰੇ ਬਿਸਤਰੇ ਦੀਆਂ ਚਾਦਰਾਂ ਲੈ ਗਏ’,150 ਸਾਲ ਪਹਿਲਾ ਪੁਲਿਸ ਕੋਲ ਕਿਹੋ ਜਿਹੇ ਅਜੀਬੋ-ਗਰੀਬ ਕੇਸ ਦਰਜ ਹੁੰਦੇ ਸਨ

ਦਿੱਲੀ ਵਿੱਚ ਅਪਰਾਧ

ਤਸਵੀਰ ਸਰੋਤ, DELHI POLICE

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਰਾਜਿੰਦਰ ਸਿੰਘ ਕਾਲਕਲ ਨੇ ਇਨ੍ਹਾਂ ਰਿਕਾਰਡਾਂ ਦੇ ਚਿੱਤਰ ਵੀ ਬਣਾਏ ਹਨ
    • ਲੇਖਕ, ਜ਼ੋਇਆ ਮਤੀਨ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਜਨਵਰੀ 1876 ਦੀ ਇੱਕ ਠੰਡੀ ਰਾਤ ਨੂੰ, ਦੋ ਥੱਕੇ ਹੋਏ ਯਾਤਰੀਆਂ ਨੇ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਮੁਹੰਮਦ ਖਾਨ ਦੇ ਘਰ ਦਾ ਦਰਵਾਜ਼ਾ ਖੜਕਾਇਆ।

ਸਬਜ਼ੀ ਮੰਡੀ ਇਲਾਕਾ ਦਿੱਲੀ ਦਾ ਸੰਘਣੀ ਵਸੋਂ ਵਾਲ਼ਾ ਇੱਕ ਤੰਗ ਗਲੀਆਂ ਵਾਲ਼ਾ ਇਲਾਕਾ ਹੈ, ਜਿੱਥੇ ਜਾ ਕੇ ਕੋਈ ਸਹਿਜੇ ਹੀ ਗੁੰਮ ਹੋ ਸਕਦਾ ਹੈ। ਉਨ੍ਹਾਂ ਮੁਸਾਫ਼ਰਾਂ ਨੇ ਮੁਹੰਮਦ ਖ਼ਾਨ ਨੂੰ ਬਹੁਤ ਸਤਿਕਾਰ ਨਾਲ਼ ਪੁੱਛਿਆ ਕਿ ਕੀ ਉਹ ਉਨ੍ਹਾਂ ਦੇ ਘਰ ਰਾਤ ਰੁਕ ਸਕਦੇ ਹਨ।

ਖ਼ਾਨ ਨੇ ਪੂਰਨ ਦਿਆਲਤਾ ਨਾਲ਼ ਮੁਸਾਫ਼ਰਾਂ ਨੂੰ ਆਪਣੇ ਘਰ ਰਹਿਣ ਦੀ ਇਜਾਜ਼ਤ ਦੇ ਦਿੱਤੀ। ਅਗਲੀ ਸਵੇਰ ਖ਼ਾਨ ਦੀ ਹੈਰਾਨੀ ਦੀ ਹੱਦ ਨਾ ਰਹੀ।ਦੋਵੇਂ ਮੁਸਾਫ਼ਰ ਗਾਇਬ ਸਨ।

ਉਨ੍ਹਾਂ ਦੇ ਨਾਲ਼ ਹੀ ਉਹ ਚਾਦਰ ਵੀ ਗਾਇਬ ਸੀ ਜੋ ਖ਼ਾਨ ਨੇ ਉਨ੍ਹਾਂ ਨੂੰ ਸੌਣ ਲਈ ਦਿੱਤੀ ਸੀ। ਖ਼ਾਨ ਸਮਝ ਗਿਆ ਕਿ ਉਨ੍ਹਾਂ ਦੇ ਘਰ ਚੋਰੀ ਹੋਈ ਸੀ।

ਲਗਭਗ 150 ਸਾਲ ਪਹਿਲਾਂ ਵਾਪਰੀ ਇਹ ਘਟਨਾ, ਦਿੱਲੀ ਵਿੱਚ ਰਿਪੋਰਟ ਹੋਏ ਕੁਝ ਸ਼ੁਰੂਆਤੀ ਅਪਰਾਧਾਂ ਵਿੱਚੋਂ ਇੱਕ ਹੈ।

ਅਜਿਹੇ ਹੀ ਅਪਰਾਧਾਂ ਦੇ ਰਿਕਾਰਡ ਦਿੱਲੀ ਪੁਲਿਸ ਦੀ ਵੈੱਬਸਾਈਟ ਉੱਪਰ ਪਿਛਲੇ ਮਹੀਨੇ ਹੀ ਅਪਡੇਟ ਕੀਤੇ ਗਏ ਹਨ।

ਸ਼ੁੱਧ ਉਰਦੂ ਵਿੱਚ ਲਿਖੀਆਂ ਰਿਪੋਰਟਾਂ

ਦਿੱਲੀ ਵਿੱਚ ਅਪਰਾਧ

ਤਸਵੀਰ ਸਰੋਤ, RAJENDERA KALKAL

ਤਸਵੀਰ ਕੈਪਸ਼ਨ, ਰਿਕਾਰਡ ਵਿੱਚ ਦਰਜ ਕੁਝ ਸ਼ਿਕਾਇਤਾਂ ਤਾਂ ਵਿਅੰਗ ਵਰਗੀਆਂ ਜਾਪਦੀਆਂ ਹਨ

ਅਜਿਹੀਆਂ ਹੋਰ 29 ਪੁਲਿਸ ਰਿਪੋਰਟਾਂ ਦੇ ਵਿੱਚ ਲਿਖੇ ਮਾਮਲੇ ਇਨ੍ਹਾਂ ਪੁਰਾਲੇਖੀ ਪੁਲਿਸ ਰਿਪੋਰਟਾਂ ਦੇ ਨਸ਼ਰ ਹੋਣ ਨਾਲ਼ ਸਾਹਮਣੇ ਆਏ ਹਨ।

ਇਹ ਰਿਪੋਰਟਾਂ ਦਿੱਲੀ ਦੇ ਪ੍ਰਮੁੱਖ ਪੁਲਿਸ ਥਾਣੇ- ਸਬਜ਼ੀ ਮੰਡੀ, ਮਹਿਰੌਲੀ, ਕੋਤਵਾਲੀ, ਸਦਰ ਬਜ਼ਾਰ ਅਤੇ ਨਾਂਗਲੋਈ ਵਿੱਚ 1861 ਤੋਂ 1900 ਤੱਕ ਦੇ ਅਰਸੇ ਦੌਰਾਨ ਦਰਜ ਹੋਈਆਂ ਸਨ।

ਖ਼ੈਰ, ਮੁਹੰਮਦ ਖ਼ਾਨ ਦੇ ਮਾਮਲੇ ਵਿੱਚ ਪੁਲਿਸ ਨੇ ਚੋਰਾਂ ਨੂੰ ਫੜ੍ਹ ਲਿਆ ਅਤੇ ਚੋਰੀ ਦੇ ਕੇਸ ਵਿੱਚ ਤਿੰਨ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ।

‘ਰਿਕਾਰਡਾਂ ਨੇ ਜਿਵੇਂ ਆਪ ਮੇਰੇ ਨਾਲ ਗੱਲਾਂ ਕੀਤੀਆਂ’

ਮੂਲ ਰੂਪ ਵਿੱਚ ਬਹੁਤ ਹੀ ਸ਼ੁੱਧ ਉਰਦੂ ਵਿੱਚ ਲਿਖੀਆਂ ਇਨ੍ਹਾਂ ਰਿਪੋਰਟਾਂ ਵਿੱਚ ਅਰਬੀ ਅਤੇ ਫ਼ਾਰਸੀ ਦੇ ਵੀ ਸ਼ਬਦ ਹਨ।

ਇਨ੍ਹਾਂ ਐਫਆਈਆਰਾਂ ਦਾ ਅਨੁਵਾਦ ਦਿੱਲੀ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਰਾਜਿੰਦਰ ਸਿੰਘ ਕਾਲਕਲ ਦੀ ਅਗਵਾਈ ਵਾਲੀ ਇੱਕ ਟੀਮ ਨੇ ਕੀਤਾ ਸੀ। ਉਨ੍ਹਾਂ ਨੇ ਹੀ ਹਰੇਕ ਕੇਸ ਦੀ ਖ਼ੁਦ ਚਿੱਤਰਕਾਰੀ ਵੀ ਕੀਤੀ ਸੀ।

ਕਾਲਕਲ ਨੇ ਬੀਬੀਸੀ ਨੂੰ ਦੱਸਿਆ ਕਿ ਰਿਕਾਰਡਾਂ ਨੇ ਜਿਵੇਂ "ਉਨ੍ਹਾਂ ਨਾਲ ਆਪ ਗੱਲ ਕੀਤੀ।"

ਉਹ ਕਹਿੰਦੇ ਹਨ ਕਿ ਇਨ੍ਹਾਂ ਰਿਕਾਰਡਾਂ ਨੇ ਉਨ੍ਹਾਂ ਨੂੰ ਅਜਿਹੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਕੀਤੀ, ਜੋ ਜਿੱਤਾਂ ਅਤੇ ਤਬਦੀਲੀਆਂ ਦੀਆਂ ਲਹਿਰਾਂ ਦੇ ਦੌਰ ਵਿੱਚ ਵੀ ਬਚੇ ਰਹਿਣ ਵਿੱਚ ਕਾਮਯਾਬ ਰਹੇ ਸਨ।

ਦਿੱਲੀ ਵਿੱਚ ਅਪਰਾਧ

ਤਸਵੀਰ ਸਰੋਤ, DELHI POLICE

ਤਸਵੀਰ ਕੈਪਸ਼ਨ, ਰਿਕਾਰਡ ਪਿਛਲੇ ਸਾਲ ਹੀ ਮੁੜ ਸਾਹਮਣੇ ਆਏ ਹਨ
ਲਾਈਨ

ਅਜਬ-ਗਜਬ ਰਿਪੋਰਟਾਂ

ਉਹ ਕਹਿੰਦੇ ਹਨ ਕਿ “ਇਹ ਫ਼ਾਈਲਾਂ ਅਤੀਤ ਅਤੇ ਵਰਤਮਾਨ ਦੋਵਾਂ ਲਈ ਇੱਕ ਖਿੜਕੀ ਵਾਂਗ ਹਨ।”

ਬਹੁਤੀਆਂ ਸ਼ਿਕਾਇਤਾਂ ਛੋਟੀਆਂ-ਮੋਟੀਆਂ ਚੋਰੀਆਂ ਨਾਲ਼ ਸੰਬੰਧਿਤ ਹਨ ਜਿਵੇਂ, ਸੰਤਰਿਆਂ, ਚਾਦਰਾਂ ਅਤੇ ਕੁਲਫ਼ੀਆਂ ਆਦਿ ਦੀ ਚੋਰੀ- ਉਨ੍ਹਾਂ ਵਿੱਚ ਇੱਕ ਹਾਸੋਹੀਣਾ ਵਿਅੰਗ ਹੈ।

ਇਸੇ ਤਰ੍ਹਾਂ ਇੱਕ ਹੋਰ ਗਿਰੋਹ ਸੀ, ਜਿਸ ਨੇ ਇੱਕ ਆਜੜੀ ਨੂੰ ਘੇਰਿਆ, ਉਸ ਦੇ ਥੱਪੜ ਮਾਰਿਆ ਅਤੇ 110 ਬੱਕਰੀਆਂ ਖੋਹ ਕੇ ਲੈ ਗਏ।

ਇੱਕ ਚੋਰ ਨੇ ਇੱਕ ਚਾਦਰ ਚੋਰੀ ਕੀਤੀ ਅਤੇ ਮਸਾਂ ਹੀ ਚਾਲ਼ੀ ਕਦਮਾਂ ਦੀ ਦੂਰੀ ਤੋਂ ਫੜ੍ਹਿਆ ਗਿਆ।

ਇੱਕ ਬੰਦਾ ਬੋਰੀਆਂ ਦੀ ਰਾਖੀ ਬੈਠਾ ਸੀ, ਠੱਗਾਂ ਨੇ ਉਸ ਨੂੰ ਜਿੱਥੇ ਪੈਂਦੀਆਂ-ਪੈਣ ਦੇ ਵਾਲ਼ੇ ਹਿਸਾਬ ਨਾਲ਼ ਕੁੱਟਿਆ। ਉਹ ਉਸ ਤੋਂ ਉਸ ਦਾ ਇੱਕ ਖੋਸਾ (ਇੱਕ ਪੈਰ ਦੀ ਜੁੱਤੀ, ਪੂਰਾ ਜੋੜਾ ਨਹੀਂ) ਅਤੇ ਗਦੈਲਾ ਖੋਹ ਕੇ ਭੱਜ ਗਏ।

ਉਹ ਕਿਹੋ-ਜਿਹਾ ਦੌਰ ਸੀ

ਦਿੱਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1860-70 ਦੇ ਦੌਰਾਨ ਦਿੱਲੀ ਦੀ ਇੱਕ ਤਸਵੀਰ

1860 ਅਤੇ 1900 ਦਾ ਸਮਾਂ ਦਿੱਲੀ ਦੇ ਇਤਿਹਾਸ ਦਾ ਬਹੁਤ ਨਾਜ਼ੁਕ ਦੌਰ ਮੰਨਿਆ ਜਾਂਦਾ ਹੈ।

ਇਹ ਉਹ ਸਮਾਂ ਸੀ ਜਦੋਂ 1857 ਦੇ ਵਿਦਰੋਹ ਤੋਂ ਬਾਅਦ ਮੁਗ਼ਲੀਆ ਸਲਤਨਤ ਦਾ ਪਤਨ ਹੋਇਆ ਸੀ।

ਕਾਨੂੰਨ ਲਾਗੂ ਕਰਨ ਵਾਲਿਆਂ ਦੀ ਗੈਰ ਮੌਜੂਦਗੀ ਵਿੱਚ ਛੋਟੇ-ਮੋਟੇ ਚੋਰ-ਉਚੱਕੇ ਖੁੱਲ੍ਹੇ ਘੁੰਮ ਰਹੇ ਸਨ।

ਜਿਸ ਸ਼ਹਿਰ ਦੇ ਚਾਰੇ ਪਾਸੇ ਕਦੇ ਮੁਗ਼ਲੀਆ ਸਲਤਨਤ ਦੀ ਸ਼ਾਨੋ-ਸ਼ੌਕਤ, ਸੂਫ਼ੀ ਸ਼ਰਧਾ ਅਤੇ ਬਾਗ਼ਾਂ ਦਾ ਜਲੌਅ ਬਿਖਰਿਆ ਹੁੰਦਾ ਸੀ। ਹੁਣ ਉਹ ਤਿਆਗਿਆ ਹੋਈਆ ਅਤੇ ਲੁੱਟਿਆ-ਪਿਟਿਆ ਪਿਆ ਸੀ।

ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲੇਆਮ

ਕਲਾਕਾਰ ਅਤੇ ਇਤਿਹਾਸਕਾਰ ਮੁਹੰਮਦ ਫ਼ਾਰੂਕੀ ਕੋਈ ਗੰਭੀਰ ਜੁਰਮ ਨਾ ਹੋਣ ਦਾ ਇੱਕ ਸੰਭਾਵੀ ਕਾਰਨ ਦੱਸਦੇ ਹਨ ਕਿ ਲੋਕ (ਚੋਰ) ਸ਼ਾਇਦ ਨਵੇਂ ਸਥਾਪਤ ਹੋਏ ਬ੍ਰਿਟਿਸ਼ ਸ਼ਾਸਕਾਂ ਤੋਂ ਬਹੁਤ ਜ਼ਿਆਦਾ ਡਰ ਗਏ ਸਨ। ਬ੍ਰਿਟਿਸ਼ ਸਰਕਾਰ ਨੇ ਵਿਦਰੋਹ ਕੁਚਲਣ ਮਗਰੋਂ ਬਹੁਤ ਸਾਲ ਡੰਡੇ ਦੇ ਜ਼ੋਰ ਨਾਲ ਸ਼ਾਸਨ ਚਲਾਇਆ ਸੀ।

ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਬੇਰਹਿਮੀ ਨਾਲ਼ ਬੇਕਿਰਕ ਕਤਲੇਆਮ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੂੰ ਦਿੱਲੀ ਹਮੇਸ਼ਾ ਲਈ ਛੱਡ ਕੇ ਆਸ-ਪਾਸ ਦੇ ਇਲਾਕਿਆਂ ਵਿੱਚ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਇਨ੍ਹਾਂ ਲੋਕਾਂ ਨੇ ਫਿਰ ਇਨ੍ਹਾਂ ਇਲਾਕਿਆਂ ਵਿੱਚ ਆਪਣੀਆਂ ਰਹਿੰਦੀਆਂ ਜ਼ਿੰਦਗੀਆਂ ਅਤਿ ਦੀ ਗ਼ਰੀਬੀ ਵਿੱਚ ਬਸਰ ਕੀਤੀਆਂ।

ਜੋ ਲੋਕ ਦਿੱਲੀ ਵਿੱਚ ਟਿਕੇ ਰਹਿਣ ਵਿੱਚ ਸਫ਼ਲ ਹੋ ਵੀ ਗਏ, ਉਹ ਮੌਤ ਦੇ ਨਿਰੰਤਰ ਭੈਅ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਕਿਸੇ ਵੀ ਸਮੇਂ ਗੋਲ਼ੀ ਮਾਰੀ ਜਾ ਸਕਦੀ ਸੀ, ਜਾਂ ਫ਼ਾਹੇ ਲਾਇਆ ਜਾ ਸਕਦਾ ਸੀ।

"ਇਹ ਕਤਲੇਆਮ ਦਾ ਸਮਾਂ ਸੀ। ਲੋਕਾਂ ਉੱਤੇ ਬੇਹਿਸਾਬ ਤਸ਼ਦੱਦ ਇੰਨੀ ਬੇਰਹਿਮੀ ਨਾਲ ਢਾਹਿਆ ਗਿਆ ਕਿ ਉਹ ਸਾਲਾਂ ਤੱਕ ਸਦਮੇ ਵਿੱਚ ਰਹੇ।"

ਫ਼ਾਰੂਕੀ ਦੱਸਦੇ ਹਨ ਕਿ ਹੋਰ ਸ਼ਹਿਰਾਂ ਜਿਵੇਂ ਕਿ ਕੋਲਕਾਤਾ (ਤਤਕਾਲੀ ਕਲਕੱਤਾ) ਵਿੱਚ ਆਧੁਨਿਕ (ਬ੍ਰਿਟਿਸ਼) ਪੁਲਿਸ ਪ੍ਰਣਾਲੀ ਕਾਫ਼ੀ ਪਹਿਲਾਂ ਸਥਾਪਿਤ ਹੋ ਚੁੱਕੀ ਸੀ।

“ਉੱਥੇ ਹੀ ਦਿੱਲੀ ਵਿੱਚ ਪੁਰਾਣੀ, ਮੁਗ਼ਲ ਕਾਲ ਵਿੱਚ ਕਾਇਮ ਕੀਤੀ ਗਈ, ਪੁਲਿਸ ਪ੍ਰਣਾਲੀ ਹੀ ਜਾਰੀ ਸੀ। ਇਸ ਨੂੰ ਪੂਰੀ ਤਰ੍ਹਾਂ ਭੰਗ ਕਰਨਾ ਜਾਂ ਬਦਲਣਾ ਬਹੁਤ ਮੁਸ਼ਕਲ ਸੀ। ਇਸ ਲਈ ਰਿਕਾਰਡਾਂ ਵਿੱਚ ਵਖਰੇਵਿਆਂ ਦਾ ਹੋਣਾ ਸੁਭਾਵਿਕ ਹੀ ਹੈ।”

ਦਿੱਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1857 ਦੇ ਵਿਦਰੋਹ ਦੀ ਇੱਕ ਝਲਕੀ
ਲਾਈਨ
  • ਦਿੱਲੀ ਵਿੱਚ ਅਪਰਾਧ ਦੇ ਲਗਭਗ 150 ਸਾਲ ਪੁਰਾਣੇ ਰਿਕਾਡ ਆਏ ਸਾਹਮਣੇ
  • ਇਨ੍ਹਾਂ ਰਿਕਾਰਡਾਂ ਵਿੱਚ ਸ਼ਰਾਬ ਦੀ ਬੋਤਲ, ਚਾਦਰ, ਸੰਤਰਿਆਂ ਦੀ ਚੋਰੀ ਵਰਗੀਆਂ ਰਿਪੋਰਟਾਂ ਦਰਜ
  • ਇਹ ਰਿਕਾਰਡ ਸ਼ੁੱਧ ਉਰਦੂ ਵਿੱਚ ਲਿਖੇ ਗਏ ਹਨ, ਜਿਨ੍ਹਾਂ 'ਚ ਫਾਰਸੀ ਤੇ ਅਰਬੀ ਦੇ ਸ਼ਬਦ ਵੀ ਹਨ
  • ਦਿੱਲੀ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਰਾਜਿੰਦਰ ਸਿੰਘ ਕਾਲਕਲ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਦਾ ਤਰਜਮਾ ਕੀਤਾ ਹੈ
  • ਰਾਜਿੰਦਰ ਸਿੰਘ ਕਾਲਕਲ ਨੇ ਇਨ੍ਹਾਂ ਕੇਸਾਂ ਨਾਲ ਸਬੰਧਿਤ ਚਿੱਤਰ ਵੀ ਬਣਾਏ ਹਨ
  • ਇਹ ਰਿਕਾਰਡ ਉਸ ਵੇਲੇ ਦੇ ਸਮੇਂ ਅਤੇ ਲੋਕਾਂ ਦੇ ਜੀਵਨ 'ਚ ਝਾਤ ਮਾਰਨ ਦਾ ਮੌਕਾ ਦਿੰਦੇ ਹਨ
ਲਾਈਨ

ਇਹ ਰਿਕਾਰਡ ਸਾਹਮਣੇ ਕਿਵੇਂ ਆਏ

ਦਿੱਲੀ ਦੇ ਪੁਲਿਸ ਅਜਾਇਬਘਰ ਵਿੱਚ ਰੱਖੇ ਪੁਰਾਲੇਖੀ ਰਿਕਾਰਡ ਪਿਛਲੇ ਸਾਲ ਹੀ ਮੁੜ ਸਾਹਮਣੇ ਆਏ ਹਨ।

ਕਾਲਕਲ ਉਸ ਸਮੇਂ ਅਜਾਇਬਘਰ ਦੇ ਸਮਾਨ ਦੀ ਸਾਂਭ-ਸੰਭਾਲ ਅਤੇ ਖੋਜ ਦੇ ਇੰਚਾਰਜ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਰਿਕਾਰਡ ਇੱਕ ਦਿਨ ਉਂਝ ਹੀ ਧੂੜ-ਘੱਟੇ ਨਾਲ਼ ਭਰੇ ਰਿਕਾਰਡਾਂ ਦੀ ਸਾਂਭ-ਸੰਭਾਲ ਦੌਰਾਨ ਨਜ਼ਰ ਪਏ।

“ਮੈਂ ਸੈਂਕੜੇ ਪੁਲਿਸ ਰਿਪੋਰਟਾਂ ਪਈਆਂ ਦੇਖੀਆਂ। ਜਦੋਂ ਮੈਂ ਪੜ੍ਹੀਆਂ ਤਾਂ ਦੇਖਿਆ ਕਿ ਕਿਵੇਂ ਲਗਭਗ 200 ਸਾਲ ਬਾਅਦ ਵੀ ਇਨ੍ਹਾਂ ਦੇ ਰੂਪ (ਫਾਰਮੈਟ) ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।”

ਕਾਲਕਲ ਦਾ ਕਹਿਣਾ ਹੈ ਕਿ ਉਹ ਅਪਰਾਧਾਂ ਦੀ ਮਾਸੂਮੀਅਤ ਤੋਂ ਬਹੁਤ ਹੈਰਾਨ ਹੋਏ ਸਨ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਸਿਗਾਰਾਂ, ਪਜਾਮਿਆਂ ਜਾਂ ਸੰਤਰਿਆਂ ਦੀ ਚੋਰੀ ਹੀ ਸਭ ਤੋਂ ਭਿਆਨਕ ਕਲਪਨਾ ਸੀ।

ਫਿਰ ਵੀ ਇਹ ਦੇਖਦਿਆਂ ਕਿ ਬਹੁਤ ਨਿਗੂਣੇ ਜੁਰਮ ਪੁਲਿਸ ਕੋਲ ਰਿਪੋਰਟ ਕੀਤੇ ਜਾ ਰਹੇ ਸਨ, ਇਹ ਕਤਈ ਨਹੀਂ ਕਿਹਾ ਜਾ ਸਕਦਾ ਕਿ ਭਿਆਨਕ ਅਪਰਾਧ ਹੋ ਹੀ ਨਹੀਂ ਰਹੇ ਸਨ।

ਕਲਾਕਲ ਦਾ ਕਹਿਣਾ ਹੈ ਕਿ ਕਤਲ ਵਰਗੇ ਭਿਆਨਕ ਅਪਰਾਧ ਤਾਂ 1861 ਵਿੱਚ ਹੀ ਰਿਪੋਰਟ ਹੋਣੇ ਸ਼ੁਰੂ ਹੋ ਗਏ ਸਨ। ਇਹ ਉਹ ਸਾਲ ਸੀ ਜਦੋਂ ਬ੍ਰਿਟਿਸ਼ ਨੇ ਅਜੇ ਆਧੁਨਿਕ ਪੁਲਿਸ ਪ੍ਰਣਾਲੀ ਭਾਰਤੀ ਪੁਲਿਸ ਕਾਨੂੰਨ ਤਹਿਤ ਲਾਗੂ ਹੀ ਕੀਤੀ ਸੀ।

ਉਹ ਕਹਿੰਦੇ ਹਨ, “ਕਤਲ ਦੇ ਮੁਕੱਦਮੇ ਲੱਭਣਾ ਮੇਰੀ ਖੋਜ ਦਾ ਮੁੱਖ ਵਿਸ਼ਾ ਨਹੀਂ ਸੀ ਪਰ ਮੈਨੂੰ ਯਕੀਨ ਹੈ ਕਿ ਉਹ ਵਾਪਰ ਜ਼ਰੂਰ ਰਹੇ ਸਨ।”

ਬਹੁਤ ਸਾਰੀਆਂ ਸ਼ਿਕਾਇਤਾਂ ਦੇ ਨਤੀਜੇ ਵਿੱਚ ਲਿਖਿਆ ਗਿਆ ਹੈ- “ਪਤਾ ਨਹੀਂ ਲਗਾਇਆ ਜਾ ਸਕਦਾ’’। ਮਤਲਬ ਕਿ ਮੁਜਰਮ ਕਦੇ ਫੜ੍ਹਿਆ ਹੀ ਨਹੀਂ ਗਿਆ।

ਜਦਕਿ ਦੂਜੇ ਕਈ ਜਿਵੇਂ ਕਿ ਖ਼ਾਨ ਵਰਗੇ ਕੇਸਾਂ ਵਿੱਚ ਦੇਖਿਆ ਗਿਆ ਕਿ ਫ਼ੌਰੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜ੍ਹਿਆ ਵੀ ਗਿਆ ਸੀ।

ਦੋਸ਼ੀਆਂ ਨੂੰ ਛਾਂਟੇ (ਕੋੜੇ) ਮਾਰਨ ਦੀ ਸਜ਼ਾ ਤੋਂ ਲੈਕੇ ਡੰਡੇ ਨਾਲ਼ ਕੁੱਟਣ ਅਤੇ ਜਾਂ ਕੁਝ ਹਫ਼ਤਿਆਂ ਤੋਂ ਲੈਕੇ ਕੁਝ ਮਹੀਨਿਆਂ ਤੱਕ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ।

ਦਿੱਲੀ ਵਿੱਚ ਅਪਰਾਧ

ਤਸਵੀਰ ਸਰੋਤ, RAJENDERA KALKAL

ਤਸਵੀਰ ਕੈਪਸ਼ਨ, ਦਿੱਲੀ ਦੇ ਪੁਲਿਸ ਅਜਾਇਬਘਰ ਵਿੱਚ ਰੱਖੇ ਪੁਰਾਲੇਖੀ ਰਿਕਾਰਡ

ਦਿੱਲੀ ਦੇ ਇੱਕ ਮਸ਼ਹੂਰ ਹੋਟਲ ‘ਚ ਚੋਰੀ

ਅਜਿਹਾ ਹੀ ਇੱਕ ਅਪਰਾਧ ਦਿੱਲੀ ਦੇ ਮਸ਼ਹੂਰ ਇੰਪੀਰੀਅਲ ਹੋਟਲ ਵਿੱਚ ਵਾਪਰਿਆ ਸੀ।

ਇਹ 1897 ਦਾ ਸਾਲ ਸੀ। ਹੋਟਲ ਦੇ ਇੱਕ ਖਾਨਸਾਮੇ ਨੂੰ ਅੰਗਰੇਜ਼ੀ ਵਿੱਚ ਲਿਖਿਆ ਇੱਕ ਸ਼ਿਕਾਇਤ ਪੱਤਰ ਦੇ ਕੇ ਸਬਜ਼ੀ ਮੰਡੀ ਪੁਲਿਸ ਸਟੇਸ਼ਨ ਭੇਜਿਆ ਗਿਆ।

ਪੱਤਰ ਵਿੱਚ ਲਿਖਿਆ ਸੀ ਕਿ ਚੋਰਾਂ ਦੇ ਇੱਕ ਗਿਰੋਹ ਨੇ ਇੱਕ ਅਜਿਹੀ ਚੋਰੀ ਕੀਤੀ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਚੋਰਾਂ ਨੇ ਹੋਟਲ ਇੱਕ ਕਮਰੇ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਅਤੇ ਸਿਗਾਰਾਂ ਦੀ ਡੱਬੀ ਉਡਾ ਲਈ ਸੀ।

ਹੋਟਲ ਮੈਨੇਜਮੈਂਟ ਨੇ ਚੋਰਾਂ ਨੂੰ ਫੜ੍ਹਨ ਵਾਲੇ ਲਈ ਦਸ ਰੁਪਏ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ ਸੀ। ਫਿਰ ਵੀ ਕੇਸ ਠੰਢੇ ਬਸਤੇ ਵਿੱਚ ਪੈ ਗਿਆ ਅਤੇ ਕਦੇ ਹੱਲ ਨਹੀਂ ਹੋ ਸਕਿਆ।

ਕਾਲਕਲ ਕਹਿੰਦੇ ਹਨ, “ਅੱਜ ਅਪਰਾਧ ਬਹੁਤ ਗੁੰਝਲਦਾਰ ਹੋ ਗਏ ਹਨ। ਉਨ੍ਹਾਂ ਨੂੰ ਸੁਲਝਾਉਣ ਵਿੱਚ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਉਦੋਂ ਜ਼ਿੰਦਗੀ ਬਹੁਤ ਸਧਾਰਨ ਸੀ। ਜਾਂ ਤਾਂ ਤੁਹਾਡੇ ਤੋਂ ਕੋਈ ਕੇਸ ਹੱਲ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ।”

ਹਾਲਾਂਕਿ ਕਾਲਕਲ ਅਤੇ ਉਨ੍ਹਾਂ ਦੀ ਟੀਮ ਹੁਣ ਤਾਂ ਆਪਣੇ ਸੰਗ੍ਰਹਿ ਉੱਪਰ ਬਹੁਤ ਖ਼ੁਸ਼ ਹੈ, ਪਰ ਉਹ ਦੱਸਦੇ ਹਨ ਕਿ ਤਰਜਮੇ ਦਾ ਸ਼ੁਰੂਆਤੀ ਕੰਮ ਕੋਈ ਬਹੁਤਾ ਖੁਸ਼ੀ ਦੇਣ ਵਾਲ਼ਾ ਨਹੀਂ ਸੀ।

ਉਰਦੂ ਲਿਪੀ ਪੜ੍ਹਨ ਅਤੇ ਸਮਝਣ ਦੌਰਾਨ ਉਹ ਕਈ ਵਾਰ ਹੰਭ ਜਾਂਦੇ ਸਨ। ਉਨ੍ਹਾਂ ਨੂੰ ਆਪਣੇ ਕੰਮ ਵਿੱਚ ਉਰਦੂ ਅਤੇ ਫ਼ਾਰਸੀ ਦੇ ਵਿਦਵਾਨਾਂ ਅਤੇ ਮੌਲਵੀਆਂ ਦੀ ਨਿਰੰਤਰ ਮਦਦ ਲੈਣੀ ਪਈ ਸੀ।

ਉਹ ਕਹਿੰਦੇ ਹਨ, “ਹਾਲਾਂਕਿ ਸਾਨੂੰ ਹਮੇਸ਼ਾ ਪਤਾ ਸੀ ਕਿ ਇਸ ਦੇ ਲਈ ਕੋਸ਼ਿਸ਼ਾਂ ਕਰਨਾ ਤਾਂ ਬਣਦਾ ਹੀ ਸੀ।”

ਇੱਕ ਪੈਰ੍ਹਾ ਪੜ੍ਹ ਕੇ ਤਾਂ ਉਹ ਬਹੁਤ ਹੱਸੇ ਸਨ। ਇੱਕ ਜਾਂਚ ਅਧਿਕਾਰੀ ਨੇ ਆਪਣੀ ਖਿੱਝ ਬਾਰੇ ਲਿਖਿਆ ਸੀ, ਕਿ ਕਿਵੇਂ ਉਸ ਨੂੰ ਆਪਣਾ ਪਿਆਰਾ “ਵਾਹਨ” ਘੋੜਾ ਇੱਕ ਚੋਰੀ ਦੇ ਕੇਸ ਦੀ ਜਾਂਚ ਦੌਰਾਨ ਤਿੱਖੀ ਧੁੱਪ ਵਿੱਚ ਬੰਨ੍ਹਣਾ ਪਿਆ ਸੀ।

“ਇਹ ਵੇਰਵੇ ਪੜ੍ਹ ਕੇ ਤੁਹਾਨੂੰ ਵਾਕਈ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੰਨੀ ਦੂਰ ਆ ਗਏ ਹਾਂ?”

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)