ਪੰਜਾਬ ਮੌਸਮ : ਹੜ੍ਹਾਂ ਨਾਲ ਕਿੰਨਾ ਹੋਇਆ ਨੁਕਸਾਨ, ਕਿੰਨਾ ਵਰ੍ਹਿਆ ਮੀਂਹ, ਤੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ - ਗਾਫ੍ਰਿਕਸ, ਵੀਡੀਓ ਤੇ ਤਸਵੀਰਾਂ

ਪੰਜਾਬ ਵਿੱਚ ਤੀਜੇ ਦਿਨ ਵੀ ਹੜ੍ਹਾਂ ਦੀ ਤਬਾਹੀ ਦਾ ਦੌਰ ਜਾਰੀ ਰਿਹਾ ਅਤੇ ਮੰਗਲਵਾਰ ਖਤਮ ਹੋਣ ਤੱਕ ਸੂਬੇ ਵਿੱਚ 10 ਵਿਅਕਤੀਆਂ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ। ਜਦਕਿ 20 ਘਰ ਢਹਿ ਢੇਰੀ ਹੋਏ ਹਨ।
ਸਰਕਾਰੀ ਅਧਿਕਾਰੀਆਂ ਮੁਤਾਬਕ ਪਿਛਲੇ ਦਿਨਾਂ ਦੌਰਾਨ ਲੋਕਾਂ ਦੇ ਕਈ ਥਾਈਂ ਦਰਜਨਾਂ ਪਸ਼ੂ ਵਹਿ ਗਏ ਹਨ ਅਤੇ ਬਿਜਲੀ-ਪਾਣੀ ਦੇ ਸੇਵਾਵਾਂ ਵੀ ਕਈ ਥਾਈਂ ਠੱਪ ਹੋਈਆਂ ਹਨ।
ਮੌਸਮ ਦੇ ਸਾਫ਼ ਹੋਣ ਤੋਂ ਬਾਅਦ ਸਿਵਲ ਪ੍ਰਸਾਸ਼ਨ ਨੇ ਫੌਜ ਅਤੇ ਐੱਨਡੀਆਰਐੱਫ਼ ਤੇ ਸਥਾਨਕ ਲੋਕਾਂ ਨਾਲ ਮਿਲਕੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤੀ ਹੈ।
ਭਾਵੇਂ ਕਿ ਪੰਜਾਬ ਸਰਕਾਰ ਦੇ ਵਿਧਾਇਕ, ਮੰਤਰੀ ਅਤੇ ਖੁਦ ਮੁੱਖ ਮੰਤਰੀ ਮੈਦਾਨ ਉੱਤੇ ਉਤਰੇ ਹੋਏ ਅਤੇ ਲੋਕਾਂ ਦੀ ਬਾਂਹ ਫੜ੍ਹਨ ਦੀ ਗੱਲ ਕਹਿ ਰਹੇ ਹਨ, ਪਰ ਹੜ੍ਹਾਂ ਨਾਲ ਹੋਈ ਤਬਾਹੀ ਦਾ ਅੰਦਾਜ਼ਾ ਲਗਾਉਣਾ ਅਜੇ ਤੱਕ ਮੁਸ਼ਕਲ ਹੈ।
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਜ਼ਿਲ੍ਹਿਆਂ ਵਿੱਚ ਤਬਾਹੀ ਦੇ ਮੰਜ਼ਰ ਸਾਹਮਣੇ ਆ ਰਹੇ ਹਨ। ਉੱਤਰੀ ਭਾਰਤ ਵਿੱਚ ਇਸ ਵਾਰ ਰਿਕਾਰਡ ਤੋੜ ਬਰਸਾਤ ਹੋਈ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਵਿੱਚ ਪਾਣੀ ਵਿੱਚ ਡੁੱਬ ਗਏ ਹਨ। ਹਾਲਾਤ ਅਜਿਹੇ ਹਨ ਲੋਕ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਸੂਬੇ ਵਿੱਚ ਐੱਨਡੀਆਰਐੱਫ ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਕੱਢਣ ਵਿੱਚ ਡਟੀਆਂ ਹੋਈਆਂ ਹਨ।
ਹੇਠਲੇ ਗਰਾਫਿਕ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਣੇ ਉੱਤਰ ਭਾਰਤ ਕਿੱਥੇ ਕਿੰਨਾ ਮੀਂਹ ਪਿਆ।

900 ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ
ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਫੌਜ ਅਤੇ ਐਨਡੀਆਰਐੱਫ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਲੱਗੀਆਂ ਹੋਈਆਂ ਹਨ।
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਸਿਵਲ ਪ੍ਰਸ਼ਾਸਨ ਨੇ ਫੌਜ ਤੋਂ ਬਚਾਅ ਕਾਰਜ ਲਈ ਮਦਦ ਮੰਗੀ ਸੀ ਜਿਸ ਤੇ ਪੱਛਮੀ ਕਮਾਂਡ ਦੇ ਫੌਜ ਨੂੰ ਦੋਵਾਂ ਰਾਜਾਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਸੀ।
ਭਾਰਤੀ ਫੌਜ ਨੇ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਪੈਂਦੀ ਪੰਜਾਬ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ 900 ਤੋਂ ਵੱਧ ਵਿਦਿਆਰਥੀਆਂ ਸੁਰੱਖਿਅਤ ਬਾਹਰ ਕੱਢਿਆ।

ਇਹ ਵਿਦਿਆਰਥੀ ਮੀਂਹ ਕਾਰਨ ਕੈਂਪਸ ਵਿੱਚ ਫਸ ਗਏ ਸਨ।
ਇਸ ਤੋਂ ਪਹਿਲਾ ਕੈਂਪਸ ਤੋਂ ਕਥਿਤ ਤੌਰ 'ਤੇ ਸ਼ੂਟ ਕੀਤੇ ਗਏ ਵੀਡੀਓ ਵਾਇਰਲ ਹੋ ਰਹੇ ਸਨ ਜਿਸ ਵਿੱਚ ਵਿਦਿਆਰਥੀਆਂ ਨੂੰ ਮੀਂਹ ਦੇ ਪਾਣੀ ਨਾਲ ਭਰੀ ਇੱਕ ਮੈੱਸ ਵਿੱਚ ਖਾਣਾ ਖਾਂਦੇ ਦਿਖਾਇਆ ਗਿਆ ਸੀ।
ਯੂਨੀਵਰਸਿਟੀ ਮਾਮਲਿਆਂ ਦੇ ਡਾਇਰੈਕਟਰ, ਕਰਨਲ ਰਾਕੇਸ਼ ਸ਼ਰਮਾ ਨੇ ਕਿਹਾ ਕਿ 3 ਘੰਟੇ ਤੋਂ ਵੱਧ ਚੱਲੇ ਇਸ ਆਪਰੇਸ਼ਨ ਵਿੱਚ ਤਕਰੀਬਨ 900 ਵਿਦਿਆਰਥੀਆਂ ਨੂੰ ਬਚਾਇਆ ਗਿਆ ਸੀ।
ਉਨ੍ਹਾਂ ਕਿਹਾ, "ਪਾਣੀ ਕਾਰਨ ਵਿਦਿਆਰਥੀ ਕੈਂਪਸ ਅਤੇ ਹੋਸਟਲਾਂ ਵਿੱਚ ਕੁਝ ਘੰਟੇ ਹੀ ਫਸੇ ਰਹੇ ਸਨ ਤੇ ਫਿਰ ਫੌਜ ਨੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਸੀ।"
ਵਿਦਿਆਰਥੀਆਂ ਨੇ ਕੀ ਦੱਸਿਆ
ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਦੇ ਇੱਕ ਵਿਦਿਆਰਥੀ ਨੇ ਆਪਣਾ ਨਾਮ ਗੁਪਤ ਰੱਖਣ ਤੇ ਦੱਸਿਆ ਕਿ ਉਹ ਸ਼ਾਮ ਨੂੰ ਆਰਮਸਟ੍ਰਾਂਗ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਆਪਣੇ ਦੋਸਤਾਂ ਨਾਲ ਬੈਠਾ ਸੀ ਅਤੇ ਮਸਤੀ ਕਰ ਰਿਹਾ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਅਚਾਨਕ ਮੇਰਾ ਦੋਸਤ ਜੋ ਮੇਰੇ ਨਾਲ ਦੇ ਕਮਰੇ ਵਿੱਚ ਰਹਿੰਦਾ ਸੀ ਸਾਡੇ ਕੋਲ ਆਇਆ ਅਤੇ ਉਸਨੇ ਦੱਸਿਆ ਕਿ ਉਸਦੇ ਕਮਰੇ ਦੇ ਬਾਥਰੂਨ ਵਿੱਚੋ ਬਹੁਤ ਸਾਰਾ ਪਾਣੀ ਬਾਹਰ ਆ ਰਿਹਾ ਹੈ।"
"ਅਸੀਂ ਹੈਰਾਨ ਹੋ ਗਏ ਤਾਂ ਅਸੀਂ ਆਪਣੇ ਵਾਰਡਨ ਨੂੰ ਇਸ ਬਾਰੇ ਦੱਸਿਆ ਤੇ ਉਸ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਪਾਣੀ ਹੋਰ ਆਵੇਗਾ ਅਤੇ ਸਾਨੂੰ ਆਪਣੀਆਂ ਜ਼ਰੂਰੀ ਚੀਜ਼ਾਂ ਨੂੰ ਕੁਝ ਉੱਚੀਆਂ ਥਾਵਾਂ 'ਤੇ ਰੱਖਣ ਲਈ ਕਿਹਾ ਗਿਆ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਅੱਗੇ ਦੱਸਿਆ, "ਮੀਂਹ ਦਾ ਪਾਣੀ ਸਾਡੇ ਗੋਡਿਆਂ ਤੱਕ ਸੀ ਪਰ ਪਾਣੀ ਦਾ ਪੱਧਰ ਕੈਂਪਸ ਦੇ ਬਾਹਰਲੇ ਹਿੱਸੇ ਵਿੱਚ ਸਰੀਰ ਦੇ ਉਪਰਲੇ ਹਿੱਸੇ ਤੱਕ ਸੀ। ਇਹ ਸੱਚਮੁੱਚ ਬਹੁਤ ਭਿਆਨਕ ਸਮਾਂ ਸੀ ਕਿਉਂਕਿ ਹੋਸਟਲ ਵਿੱਚ ਬਿਜਲੀ ਵੀ ਨਹੀਂ ਸੀ।"
ਵਿਦਿਆਰਥੀ ਨੇ ਅੱਗੇ ਦੱਸਿਆ ਕਿ ਫੌਜ ਨੇ ਸਾਰੇ ਵਿਦਿਆਰਥੀਆਂ ਨੂੰ ਬਚਾ ਲਿਆ ਹੈ ਜਦਕਿ ਪਾਣੀ ਦਾ ਪੱਧਰ ਹੇਠਾਂ ਜਾਣ 'ਤੇ ਕੁਝ ਖ਼ੁਦ ਬਾਹਰ ਆ ਗਏ ਸਨ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਹਰਿਆਣਾ ਦੇ ਇੱਕ ਕਸਬੇ ਵਿੱਚ ਫੋਨ ਕਰਕੇ ਬੁਲਾਇਆ ਜੋ ਟ੍ਰੈਫਿਕ ਜਾਮ ਤੇ ਭਾਰੀ ਮਹਿ ਕਾਰਨ 4 ਘੰਟਿਆਂ ਵਿੱਚ ਬਨੂੜ ਪੁੱਜੇ ਤੇ ਉਹ ਘਰ ਸੁਰੱਖਿਅਤ ਪਹੁੰਚ ਗਏ।
ਹਰਿਆਣਾ ਤੇ ਹਿਮਾਚਲ ਦਾ ਹਾਲ
ਮੀਂਹ ਕਾਰਨ ਸੜਕੀ ਅਤੇ ਰੇਲਵੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਕਈ ਥਾਵਾਂ 'ਤੇ ਜਾਮ ਲੱਗੇ ਹੋਏ ਸਨ।
ਫਿਲਹਾਲ ਨੇ ਹਰਿਆਣਾ ਪੁਲਿਸ ਨੇ ਸੜਕੀ ਆਵਾਜਾਈ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।
ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਰਸਤੇ ਖੁੱਲ੍ਹ ਗਏ ਹਨ ਅਤੇ ਕਿੱਥੇ ਅਜੇ ਵੀ ਪਾਣੀ ਭਰਿਆ ਹੋਇਆ ਹੈ।

ਤਸਵੀਰ ਸਰੋਤ, ANI
ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਬਿਆਸ, ਸਤਲੁਜ, ਰਾਵੀ, ਚਨਾਬ (ਚੰਦਰਾ ਅਤੇ ਭਾਗਾ) ਅਤੇ ਯਮੁਨਾ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਪਾਣੀ ਅਤੇ ਤੇਜ਼ ਹਵਾਵਾਂ ਨੇ ਜਾਨ-ਮਾਲ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।

ਪ੍ਰਸ਼ਾਸਨ ਨੇ ਫਸੇ ਹੋਏ ਲੋਕਾਂ ਕਰ ਰਿਹਾ ਹੈ। ਪ੍ਰਭਾਵਿਤ ਇਲਾਕਿਆਂ ਨੂੰ ਖਾਲੀ ਕਰਵਾਇਆ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਆਂਦਾ ਗਿਆ ਹੈ।
ਸੰਵੇਦਨਸ਼ੀਲ ਖੇਤਰਾਂ, ਕੁੱਲੂ ਅਤੇ ਮਨਾਲੀ, ਜੋ ਕਿ ਬਿਆਸ ਦਰਿਆ ਦੇ ਨੇੜੇ ਸੰਘਣੀ ਆਬਾਦੀ ਵਾਲੇ ਇਲਾਕੇ ਹਨ, ਇਨ੍ਹਾਂ ਵਿੱਚ ਭਾਰੀ ਤਬਾਹੀ ਹੋਈ ਹੈ।
ਮੰਡੀ ਤੋਂ ਮਨਾਲੀ ਤੱਕ ਹਾਈਵੇਅ ਕਈ ਥਾਵਾਂ 'ਤੇ ਬੰਦ ਹੈ। ਸੜਕ ਦੇ ਕਈ ਹਿੱਸੇ ਟੁੱਟ ਗਏ ਹਨ। ਪਿਛਲੇ ਦੋ ਦਿਨਾਂ ਵਿੱਚ ਤੇਜ਼ ਰਫ਼ਤਾਰ ਨਾਲ ਵਗ ਰਿਹਾ ਪਾਣੀ ਨੇ ਕਈ ਥਾਵਾਂ ’ਤੇ ਪੁਲ਼, ਇਮਾਰਤਾਂ ਅਤੇ ਵਾਹਨਾਂ ਨੂੰ ਰੋੜ ਕੇ ਲੈ ਗਿਆ ਹੈ।
ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਬੁਲਾਰੇ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 60 ਘੰਟਿਆਂ ਵਿੱਚ ਭਾਰੀ ਮੀਂਹ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੇ ਹਾਲਾਤ ਦੀਆਂ ਕੁਝ ਤਸਵੀਰਾਂ


ਤਸਵੀਰ ਸਰੋਤ, Pardeep Sharam/BBC


















