ਪੰਜਾਬ ਮੌਸਮ : ਹੜ੍ਹਾਂ ਦਾ ਪਾਣੀ ਜੇ ਘਰਾਂ ਜਾਂ ਇਲਾਕੇ 'ਚ ਵੜ ਜਾਏ ਤਾਂ ਬਿਮਾਰੀਆਂ ਤੋਂ ਕਿਵੇਂ ਬਚੀਏ

ਤਸਵੀਰ ਸਰੋਤ, Getty Images
ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਮੀਂਹ ਨੇ ਹਾਲ-ਬੇਹਾਲ ਕਰ ਰੱਖਿਆ ਹੈ।
ਕਈ ਮੁੱਖ ਸੜਕਾਂ 'ਤੇ ਆਵਾਜਾਈ ਠੱਪ ਹੈ, ਟ੍ਰੇਨਾਂ ਰੱਦ ਹਨ, ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਈ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰ ਮੀਂਹ ਦੇ ਪਾਣੀ 'ਚ ਡੁੱਬੇ ਪਏ ਹਨ ਅਤੇ ਇਹ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਆਇਆ ਹੈ।
ਇਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਹੋਰ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਮਜਬੂਰ ਹਨ।
ਨਦੀਆਂ-ਨਾਲਿਆਂ 'ਚ ਆਏ ਉਫਾਨ ਨੇ ਕਈ ਪਿੰਡਾਂ ਤੇ ਸ਼ਹਿਰਾਂ 'ਚ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ, ਹਿਮਾਚਲ 'ਚ ਵੀ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਕਈ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਣੀ ਦਾ ਤੇਜ਼ ਵਹਾਅ ਆਪਣੇ ਨਾਲ ਘਰਾਂ ਤੇ ਪੁੱਲਾਂ ਨੂੰ ਵੀ ਰੋੜ੍ਹ ਲੈ ਜਾ ਰਿਹਾ ਹੈ।
ਭਾਵੇਂ ਆਉਂਦੇ ਦਿਨਾਂ ਵਿੱਚ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਹੈ ਤੇ ਇਸ ਨਾਲ ਜੀਵਨ ਮੁੜ ਪਟੜੀ 'ਤੇ ਆਉਣਾ ਸ਼ੁਰੂ ਹੋ ਜਾਵੇਗਾ ਪਰ ਜਿਨ੍ਹਾਂ ਲੋਕਾਂ ਦੇ ਘਰ ਇਸ ਆਫ਼ਤ 'ਚ ਨੁਕਸਾਨੇ ਗਏ ਹਨ ਉਨ੍ਹਾਂ ਲਈ ਇਹ ਸਭ ਇੰਨਾ ਸੌਖਾ ਨਹੀਂ ਹੋਵੇਗਾ।
ਘਰਾਂ 'ਚ ਵੜਿਆ ਪਾਣੀ ਨਾ ਸਿਰਫ਼ ਚੀਜ਼ਾਂ ਦਾ ਨੁਕਸਾਨ ਕਰਦਾ ਹੈ ਸਗੋਂ ਆਪਣੇ ਪਿੱਛੇ ਗੰਦੀ ਬਦਬੂ ਤੇ ਕਈ ਬਿਮਾਰੀਆਂ ਵੀ ਛੱਡ ਜਾਂਦਾ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਜੇਕਰ ਮੀਂਹ ਦਾ ਪਾਣੀ ਘਰ 'ਚ ਵੜ ਜਾਵੇ ਤਾਂ ਕੀ ਕਰੀਏ ਅਤੇ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰਖੀਏ...
ਪੰਜਾਬ 'ਚ ਕੀ ਹਨ ਹਾਲਾਤ

ਤਸਵੀਰ ਸਰੋਤ, GURMINDER GREWAL/BBC
ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਦਾ ਹਾਲ ਬੁਰਾ ਹੈ। ਰੋਪੜ, ਮੁਹਾਲੀ, ਚੰਡੀਗੜ੍ਹ, ਪਟਿਆਲਾ, ਰਾਜਪੁਰਾ ਆਦਿ ਵਿੱਚ ਸਥਿਤੀ ਖਾਸੀ ਮਾੜੀ ਹੈ।
ਕਈ ਥਾਵਾਂ 'ਤੇ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਲੰਘੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ 'ਚ 13 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ।
ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਸਤਲੁਜ ਕੰਢੇ ਵਸੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪਹਾੜਾਂ ਚ ਜ਼ਿਆਦਾ ਮੀਂਹ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਜਾਣਕਾਰੀ ਮੁਤਾਬਕ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਤੇ ਓਆਰਐਸ ਦੇ ਪੈਕੇਟ ਵੰਡੇ ਜਾ ਰਹੇ ਹਨ, ਤਾਂ ਜੋ ਲੋਕ ਬਿਮਾਰੀਆਂ ਤੋਂ ਬਚੇ ਰਹਿਣ।

ਤਸਵੀਰ ਸਰੋਤ, Gurmindr Singh Grewal/BBC
ਜਿਨ੍ਹਾਂ ਦੇ ਘਰ 'ਚ ਪਾਣੀ ਵੜਿਆ, ਉਨ੍ਹਾਂ ਕੀ ਦੱਸਿਆ
ਮੀਂਹ ਪਿਆ ਤਾਂ ਡੇਰਾ ਬੱਸੀ ਦੀ ਇੱਕ ਹਾਊਸਿੰਗ ਸੁਸਾਇਟੀ ਗੁਲਮੋਹਰ ਐਕਸਟੈਂਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀਆਂ, ਜਿੱਥੇ ਇੰਨਾਂ ਪਾਣੀ ਭਰ ਗਿਆ ਕਿ ਉੱਥੇ ਖੜ੍ਹੀਆਂ ਕਾਰਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ।
ਤਸਵੀਰਾਂ ਵਿੱਚ ਕਾਰਾਂ ਦੀਆਂ ਸਿਰਫ਼ ਛੱਤਾਂ ਹੀ ਨਜ਼ਰ ਆ ਰਹੀਆਂ ਸੀ।
ਸੁਸਾਇਟੀ ਦੇ ਇੱਕ ਹਿੱਸੇ ਵਿੱਚ ਲੋਕਾਂ ਦੇ ਘਰਾਂ ਅੰਦਰ ਪਾਣੀ ਚਲਾ ਗਿਆ। ਕਈ ਤਸਵੀਰਾਂ ਵਿੱਚ ਲੋਕਾਂ ਦੇ ਘਰਾਂ ਅੰਦਰ ਪਏ ਮੰਜਿਆਂ, ਸੋਫ਼ਿਆਂ ਦੇ ਪੱਧਰ ਤੱਕ ਪਾਣੀ ਪਹੁੰਚ ਗਿਆ।

ਤਸਵੀਰ ਸਰੋਤ, Pankaj Bhasin
ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੇ ਇਸ ਸੁਸਾਇਟੀ 'ਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ।
ਇੱਥੋਂ ਦੇ ਵਸਨੀਕ ਮੋਹਿਨੀ ਪਿਛਲੇ ਦਸ ਸਾਲ ਤੋਂ ਇੱਥੇ ਰਹਿੰਦੇ ਹਨ। ਉਹ ਆਪਣੇ ਪਤੀ ਅਤੇ ਦੋ ਬੇਟੀਆਂ (ਬਾਰਾਂ ਸਾਲ, ਢਾਈ ਸਾਲ) ਦੇ ਨਾਲ ਰਹਿੰਦੇ ਹਨ।
ਮੋਹਿਨੀ ਨੇ ਦੱਸਿਆ, “ਸਾਡੇ ਘਰ ਅੰਦਰ ਪੂਰਾ ਪਾਣੀ ਭਰ ਗਿਆ। ਫ਼ਰਨੀਚਰ ਨੁਕਸਾਨਿਆ ਜਾ ਰਿਹਾ ਹੈ। ਢਾਈ ਸਾਲ ਦੀ ਬੇਟੀ ਹੈ, ਉਸ ਨੂੰ ਲੈ ਕੇ ਡਰ ਲੱਗ ਰਿਹਾ ਹੈ। ਕਈ ਘਰਾਂ ਵਿੱਚ ਤਾਂ ਪਾਣੀ ਪੰਜ-ਪੰਜ ਫ਼ੁੱਟ ਤੱਕ ਭਰ ਗਿਆ ਹੈ।”
“ਇਸ ਵੇਲੇ ਸਾਨੂੰ ਖ਼ੁਦ ਨੂੰ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿੰਤਾ ਹੈ, ਸਮਾਨ ਦਾ ਨੁਕਸਾਨ ਤਾਂ ਜੋ ਹੋਣਾ ਹੈ, ਹੋਏਗਾ ਹੀ।”

ਤਸਵੀਰ ਸਰੋਤ, Pankaj Bhasin
ਇੱਥੇ ਰਹਿਣ ਵਾਲੇ ਦੀਵੇਸ਼ ਨੇ ਬੀਬੀਸੀ ਨਾਲ ਗੱਲ ਕੀਤੀ ਜੋ ਕਿ ਹਰਿਆਣਾ ਵਿੱਚ ਸਰਕਾਰੀ ਮੁਲਾਜ਼ਮ ਹਨ।
ਦੀਵੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਫ਼ਲੈਟ ਪਹਿਲੀ ਮੰਜ਼ਿਲ ’ਤੇ ਹੈ।
ਉਨ੍ਹਾਂ ਕਿਹਾ, “ਉੱਥੋਂ ਤੱਕ ਪਾਣੀ ਤਾਂ ਨਹੀਂ ਆਇਆ, ਪਰ ਅਸੀਂ ਇਮਾਰਤ ਦੇ ਥੰਮਾਂ (ਪਿੱਲਰ) ’ਤੇ ਤਰੇੜਾਂ ਦੇਖੀਆਂ ਅਤੇ ਘਬਰਾ ਗਏ।”
“ਅਸੀਂ ਹੁਣ ਆਪਣਾ ਫ਼ਲੈਟ ਛੱਡ ਕੇ ਸੁਸਾਇਟੀ ਵਿੱਚ ਹੀ ਬਣੇ ਮੰਦਰ ਵਿੱਚ ਆ ਗਏ ਹਾਂ। ਨੇੜੇ ਹੀ ਮੇਰਾ ਸਹੁਰਾ ਪਰਿਵਾਰ ਰਹਿੰਦਾ ਹੈ, ਜੋ ਕਿ ਸਾਨੂੰ ਲੈਣ ਲਈ ਆ ਰਹੇ ਹਨ। ਮੰਦਰ ਤੱਕ ਆਉਣ ਵੇਲੇ ਪਾਣੀ ਵਿੱਚੋਂ ਲੰਘਦਿਆਂ ਮੈਂ ਆਪਣੇ ਚਾਰ ਸਾਲ ਦੇ ਬੱਚੇ ਨੂੰ ਮੋਢਿਆਂ ’ਤੇ ਬਿਠਾਇਆ ਹੋਇਆ ਸੀ ਅਤੇ ਪਾਣੀ ਮੇਰੇ ਚਿਹਰੇ ਤੱਕ ਸੀ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਮਾਰਤ ਵਿੱਚ ਪਹਿਲੀ ਮੰਜ਼ਿਲ ’ਤੇ ਰਹਿੰਦੇ ਜ਼ਿਆਦਾਤਰ ਲੋਕ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ, ਦੋਸਤਾਂ ਦੇ ਘਰਾਂ ਵਿੱਚ ਰਹਿਣ ਲਈ ਚਲੇ ਗਏ ਹਨ।
ਐਤਵਾਰ ਦੀ ਰਾਤ ਬਾਰੇ ਬਿਆਨ ਕਰਦਿਆਂ ਉਨ੍ਹਾਂ ਕਿਹਾ, “ਲਾਈਟ ਨਾ ਹੋਣ ਕਰਕੇ ਪੂਰੀ ਸੁਸਾਇਟੀ ਵਿੱਚ ਹਨੇਰਾ ਸੀ। ਪਾਣੀ ਕਈ ਫੁੱਟ ਤੱਕ ਭਰਿਆ ਹੋਇਆ ਸੀ। ਕੋਕਰੋਚ, ਡੱਡੂ, ਸੱਪ ਤਾਂ ਪਾਣੀ ਵਿੱਚ ਹੈ ਹੀ ਸਨ।”

ਘਰ 'ਚ ਪਾਣੀ ਵੜ ਜਾਵੇ ਤਾਂ ਕੀ ਕਰੀਏ

ਤਸਵੀਰ ਸਰੋਤ, Getty Images
ਰਾਜਸਥਾਨ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਲਾਹਕਾਰ ਐਸਐਚ ਸੰਚੇਤੀ ਨਾਲ ਬੀਬੀਸੀ ਪੱਤਰਕਾਰ ਕੀਰਤੀ ਦੂਬੇ ਨੇ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਪਾਣੀ ਭਰਨ ਦੀ ਸਥਿਤੀ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ:
ਉਹ ਕਹਿੰਦੇ ਹਨ ਕਿ ਜੇਕਰ ਕੋਈ ਅਜਿਹੀ ਸਥਿਤੀ ਵਿੱਚ ਫਸ ਗਿਆ ਹੈ ਜਿੱਥੇ ਪਾਣੀ ਉਸ ਦੇ ਘਰ ਵਿੱਚ ਭਰ ਗਿਆ ਹੈ, ਤਾਂ ਸਿਰਫ ਇੱਕ ਹੀ ਕੰਮ ਨਿੱਜੀ ਤੌਰ 'ਤੇ ਕੀਤਾ ਜਾ ਸਕਦਾ ਹੈ ਕਿ ਉਹ ਜਾਨ ਬਚਾ ਕੇ ਸੁਰੱਖਿਅਤ ਸਥਾਨ 'ਤੇ ਚਲੇ ਜਾਓ।
ਜੇਕਰ ਤੁਸੀਂ ਅਜਿਹੇ ਅਪਾਰਟਮੈਂਟ ਵਿੱਚ ਰਹਿ ਰਹੇ ਹੋ, ਤਾਂ ਮੀਂਹ ਦੀ ਚੇਤਾਵਨੀ ਦੇ ਮਾਮਲੇ ਵਿੱਚ, ਸੁਸਾਇਟੀ ਦੇ ਪ੍ਰਧਾਨ ਨਾਲ ਗੱਲ ਕਰੋ ਅਤੇ ਇੱਕ ਨਿਸ਼ਚਿਤ ਸਮੇਂ ਲਈ ਸੁਰੱਖਿਅਤ ਸਥਾਨ 'ਤੇ ਜਾਓ।
ਇਸ ਤੋਂ ਇਲਾਵਾ, ਖਰਾਬ ਮੌਸਮ ਦੀ ਚੇਤਾਵਨੀ ਜਾਰੀ ਹੋਣ 'ਤੇ ਆਪਣੀਆਂ ਕੀਮਤੀ ਵਸਤੂਆਂ ਨੂੰ ਸਮੇਂ ਸਰ ਸੰਭਾਲ ਕੇ ਕਿਸੇ ਉੱਚੀ ਥਾਂ 'ਤੇ ਰੱਖ ਦੇਵੋ।
ਘਰ 'ਚ ਪਾਣੀ ਦੀ ਨਿਕਾਸੀ ਦੇ ਸਾਰੇ ਪੁਆਇੰਟ ਪਹਿਲਾਂ ਹੀ ਚੈੱਕ ਅਤੇ ਸਾਫ਼ ਕਰ ਦੇਵੋ।
ਪਾਣੀ ਭਰਨ ਦੀ ਸਥਿਤੀ ਵਿੱਚ ਬਿਜਲੀ ਉਪਕਰਣਾਂ ਦਾ ਪ੍ਰਯੋਗ ਨਾ ਕਰੋ ਅਤੇ ਹੋ ਸਕੇ ਤਾਂ ਪਹਿਲਾਂ ਹੀ ਘਰ ਦਾ ਮੇਨ ਸਵਿੱਚ ਬੰਦ ਕਰ ਦੇਵੋ।
ਸੰਚੇਤੀ ਕਹਿੰਦੇ ਹਨ, ਸੋਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਵਾਲੇ ਪੁਆਇੰਟਾਂ ਦੀ ਜਾਂਚ ਕਰਨ ਕਿ ਕਿਤੇ ਉਹ ਬਲੌਕ ਤਾਂ ਨਹੀਂ ਹਨ।
ਹਰ ਇੰਚ ਜ਼ਮੀਨ ਲਈ ਡਰੇਨੇਜ ਦੀ ਯੋਜਨਾ ਹੋਣੀ ਚਾਹੀਦੀ ਹੈ, ਅਜਿਹੀ ਯੋਜਨਾ ਹੋਣੀ ਚਾਹੀਦੀ ਹੈ ਕਿ ਜੇਕਰ ਪਾਣੀ ਆਇਆ ਤਾਂ ਕਿੱਥੇ ਜਾਵੇਗਾ?
ਸੋਸਾਇਟੀ ਕੋਲ ਅਜਿਹੀ ਬਰਸਾਤ ਦੀ ਸਥਿਤੀ ਵਿੱਚ ਲੋਕਾਂ ਲਈ ਕਿਸ਼ਤੀਆਂ ਅਤੇ ਲਾਈਫ ਜੈਕਟਾਂ ਹੋਣੀਆਂ ਚਾਹੀਦੀਆਂ ਹਨ। ਐਮਰਜੈਂਸੀ ਦੀ ਸਥਿਤੀ ਲਈ ਤਿਆਰੀ ਪੂਰੀ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਸਰਕਾਰੀ ਪੱਧਰ 'ਤੇ ਇਹ ਫੈਸਲਾ ਕਰਨਾ ਬਹੁਤ ਜ਼ਰੂਰੀ ਹੈ ਕਿ ਉਹ ਅਣ-ਅਧਿਕਾਰਤ ਬਸਤੀਆਂ ਦਾ ਅਧਿਐਨ ਕਰਨ ਅਤੇ ਇਹ ਦੇਖਣ ਕਿ ਜੇਕਰ ਬਸਤੀਆਂ ਪਾਣੀ ਦੀ ਚਪੇਟ 'ਚ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਖਾਲੀ ਕਰਵਾਇਆ ਜਾਵੇ।
ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਸਬਸਿਡੀ ਵਾਲੇ ਮਕਾਨ ਮੁਹੱਈਆ ਕਰਵਾਏ ਜਾਣ।
ਸਰਕਾਰੀ ਵਿਭਾਗਾਂ ਕੋਲ ਪਿਛਲੇ 50 ਸਾਲਾਂ ਦੇ ਅੰਕੜੇ ਹੁੰਦੇ ਹਨ ਅਤੇ ਇਸ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਕਿ ਪਿਛਲੇ ਸਮੇਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਕਿਹੜੇ-ਕਿਹੜੇ ਇਲਾਕਿਆਂ ਵਿੱਚ ਪਾਣੀ ਭਰਿਆ ਸੀ।
ਇਨ੍ਹਾਂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਨੁਸਾਰ ਕੀ ਬਦਲਾਅ ਕੀਤੇ ਜਾ ਸਕਦੇ ਹਨ ਅਤੇ ਪਾਣੀ ਇਕੱਠਾ ਹੋਣ ਤੋਂ ਤੁਰੰਤ ਬਾਅਦ ਇਸ ਨੂੰ ਕੱਢਣ ਲਈ ਕਿਸ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ, ਇਸ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਅਤੇ ਤਕਨੀਕ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।
ਅਜਿਹੇ 'ਚ ਬਿਮਾਰੀਆਂ ਦਾ ਕਿੰਨਾ ਖਤਰਾ ਤੇ ਕਿਵੇਂ ਬਚੀਏ

ਤਸਵੀਰ ਸਰੋਤ, SPL
ਡਾਕਟਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰਨ ਅਤੇ ਗੰਦਗੀ ਕਾਰਨ ਮੱਛਰ ਅਤੇ ਖਤਰਨਾਕ ਬੈਕਟੀਰੀਆ ਜਨਮ ਲੈਂਦੇ ਹਨ, ਜੋ ਪਾਣੀ ਤੇ ਹਵਾ ਰਾਹੀਂ ਸਾਡੇ ਭੋਜਨ ਤੇ ਸਰੀਰ ਤੱਕ ਪਹੁੰਚਦੇ ਹਨ ਅਤੇ ਅਸੀਂ ਬੁਖਾਰ ਤੇ ਫਲੂ ਵਰਗੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਾਂ।
ਪਰ ਜੇਕਰ ਥੋੜ੍ਹਾ ਧਿਆਨ ਰੱਖਿਆ ਜਾਵੇ ਤਾਂ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਾਲ 2019 ਵਿੱਚ ਬੀਬੀਸੀ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਐਂਡੋਕਰੀਨੋਲੋਜੀ ਅਤੇ ਇੰਟਰਨਲ ਦਵਾਈ ਦੇ ਡਾਕਟਰ ਵਿਨੀਤ ਅਰੋੜਾ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਮੀਂਹ ਦੇ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ:
ਆਮ ਬੁਖਾਰ ਅਤੇ ਜ਼ੁਕਾਮ

ਤਸਵੀਰ ਸਰੋਤ, Gurminder Singh Grewal/BBC
ਮੌਸਮ ਦੀ ਤਬਦੀਲੀ ਨਾਲ ਵਾਤਾਵਰਣ ਵਿੱਚ ਕੀਟਾਣੂਆਂ ਕਾਰਨ ਹੋਣ ਵਾਲੇ ਬੁਖਾਰ ਨੂੰ ਵਾਇਰਲ ਬੁਖਾਰ ਕਿਹਾ ਜਾਂਦਾ ਹੈ। ਇਹ ਹਵਾ ਅਤੇ ਪਾਣੀ ਰਾਹੀਂ ਫੈਲਦੇ ਹਨ।
ਆਮ ਬੁਖ਼ਾਰ ਦੀ ਕਿਸਮ ਵਾਇਰਸ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਇੰਨੇ ਸਾਰੇ ਵੱਖ-ਵੱਖ ਵਾਇਰਸਾਂ ਦੀ ਜਾਂਚ ਕਰਨ ਲਈ ਬਹੁਤ ਸਾਰੇ ਟੈਸਟ ਉਪਲੱਬਧ ਨਹੀਂ ਹਨ।
ਹਾਲਾਂਕਿ ਇਸ 'ਚ ਸਿਰਫ ਬੁਖਾਰ ਹੀ ਆਉਂਦਾ ਹੈ ਪਰ ਕਈਆਂ ਨੂੰ ਖੰਘ ਅਤੇ ਜੋੜਾਂ ਦਾ ਦਰਦ ਵੀ ਹੋ ਸਕਦਾ ਹੈ। ਪਰ ਇਹ ਫਲੂ, ਡੇਂਗੂ ਜਾਂ ਚਿਕਨਗੁਨੀਆ ਨਹੀਂ ਹਨ।
ਇਹ ਬੁਖਾਰ ਤਿੰਨ ਤੋਂ ਸੱਤ ਦਿਨਾਂ ਤੱਕ ਰਹਿ ਸਕਦਾ ਹੈ। ਇਸ ਦੀ ਮਿਆਦ ਵਾਇਰਸ 'ਤੇ ਨਿਰਭਰ ਕਰਦੀ ਹੈ।
ਬਚਾਅ ਦੇ ਢੰਗ:
ਘਰ, ਆਲੇ-ਦੁਆਲੇ ਅਤੇ ਸਰੀਰ ਨੂੰ ਸਾਫ਼ ਰੱਖੋ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ
ਤਾਜ਼ਾ ਖਾਣਾ ਤੇ ਫਲ ਖਾਓ ਅਤੇ ਬਾਹਰ ਦੇ ਖਾਣੇ ਤੋਂ ਬਚੋ

ਤਸਵੀਰ ਸਰੋਤ, Getty Images
ਫਲੂ (ਇਨਫਲੂਏਂਜ਼ਾ)
ਇਸ ਸਮੇਂ ਜ਼ਿਆਦਾਤਰ ਫਲੂ ਹੁੰਦਾ ਹੈ, ਜਿਸ ਨੂੰ ਇਨਫਲੂਐਨਜ਼ਾ ਵੀ ਕਿਹਾ ਜਾਂਦਾ ਹੈ।
ਇਸ ਦੌਰਾਨ ਸਵਾਈਨ ਫਲੂ ਵੀ ਫੈਲ਼ਣ ਦਾ ਡਰ ਰਹਿੰਦਾ ਹੈ। ਇਹ ਫਲੂ ਦੀ ਇੱਕ ਕਿਸਮ ਹੈ ਪਰ ਇਹ ਜ਼ਿਆਦਾ ਘਾਤਕ ਹੈ।
ਇਸ ਨਾਲ ਜ਼ੁਕਾਮ, ਖੰਘ, ਤੇਜ਼ ਬੁਖਾਰ ਅਤੇ ਜੋੜਾਂ ਦਾ ਦਰਦ ਹੁੰਦਾ ਹੈ। ਇਸ ਵਿੱਚ ਸਾਹ ਲੈਣ ਵਾਲੀਆਂ ਮਸ਼ੀਨਾਂ ਦੀ ਵੀ ਲੋੜ ਵੀ ਪੈ ਸਕਦੀ ਹੈ।
ਜ਼ਿਆਦਾਤਰ ਲੋਕ ਜ਼ੁਕਾਮ ਅਤੇ ਗਲੇ ਦੀਆਂ ਸਮੱਸਿਆਵਾਂ ਨਾਲ ਆਉਂਦੇ ਹਨ, ਜੋ ਕਿ ਆਮ ਫਲੂ ਦੇ ਵੀ ਲੱਛਣ ਹਨ।
ਆਮ ਫਲੂ ਪੰਜ ਤੋਂ ਸੱਤ ਦਿਨਾਂ ਤੱਕ ਰਹਿੰਦਾ ਹੈ। ਦਵਾਈ ਲੈਣ ਤੋਂ ਬਾਅਦ ਵੀ ਠੀਕ ਹੋਣ ਵਿੱਚ ਇੰਨਾ ਸਮਾਂ ਲੱਗ ਜਾਂਦਾ ਹੈ। ਜ਼ੁਕਾਮ ਅਤੇ ਖਾਂਸੀ ਨੂੰ ਠੀਕ ਕਰਨ ਵਿੱਚ ਵੀ 10 ਤੋਂ 15 ਦਿਨ ਲੱਗ ਜਾਂਦੇ ਹਨ।
ਸਵਾਈਨ ਫਲੂ ਦਾ ਬੁਖਾਰ ਵੀ ਕਈ ਦਿਨਾਂ ਤੱਕ ਰਹਿੰਦਾ ਹੈ ਪਰ ਇਸ ਦੇ ਨਿਮੋਨੀਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਬਚਾਅ ਦੇ ਢੰਗ:
ਫਲੂ ਤੋਂ ਬਚਾਅ ਲਈ ਵੈਕਸੀਨ ਲਗਵਾ ਸਕਦੇ ਹੋ
ਇਨ੍ਹਾਂ ਦਿਨਾਂ 'ਚ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ
ਕਿਸੇ ਬਿਮਾਰ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਚੋ
ਹੋ ਸਕੇ ਤਾਂ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨੋ
ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ

ਤਸਵੀਰ ਸਰੋਤ, BSIPUIG
ਚਿਕਨਗੁਨੀਆ ਅਤੇ ਡੇਂਗੂ ਵੀ ਵਾਇਰਸਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਹਨ ਪਰ ਇਹ ਵੈਕਟਰ ਬੋਰਨ ਬਿਮਾਰੀਆਂ ਹਨ ਜੋ ਮੱਛਰ ਦੇ ਕੱਟਣ ਨਾਲ ਹੁੰਦੀਆਂ ਹਨ।
ਇਨ੍ਹਾਂ ਦੌਰਾਨ ਜੋੜਾਂ ਦੇ ਦਰਦ ਦੇ ਨਾਲ ਤੇਜ਼ ਬੁਖਾਰ ਹੁੰਦਾ ਹੈ ਅਤੇ ਉਲਟੀ ਤੇ ਸਿਰ ਦਰਦ ਹੁੰਦਾ ਹੈ।
ਡੇਂਗੂ ਵਿੱਚ ਸ਼ੁਰੂ ਵਿੱਚ ਤੇਜ਼ ਬੁਖਾਰ ਹੁੰਦਾ ਹੈ। ਅੱਖਾਂ ਦੇ ਪਿੱਛੇ ਦਰਦ ਅਤੇ ਸਿਰ ਦਰਦ ਮਹਿਸੂਸ ਹੁੰਦਾ ਹੈ।
ਚਿਕਨਗੁਨੀਆ ਵਿੱਚ ਜੋੜਾਂ ਵਿੱਚ ਦਰਦ ਜ਼ਿਆਦਾ ਹੁੰਦਾ ਹੈ, ਪਰ ਦੋਵਾਂ ਵਿੱਚ ਪਹਿਲੇ ਦੋ-ਤਿੰਨ ਦਿਨ ਬਹੁਤ ਤੇਜ਼ ਬੁਖਾਰ ਰਹਿੰਦਾ ਹੈ।
ਡੇਂਗੂ 'ਚ ਪਲੇਟਲੈਟਸ ਘੱਟ ਹੋਣ ਕਾਰਨ ਸਰੀਰ 'ਤੇ ਧੱਫੜ ਪੈ ਜਾਂਦੇ ਹਨ, ਜਿਨ੍ਹਾਂ ਨੂੰ ਰੈਸ਼ਜ਼ ਕਿਹਾ ਜਾਂਦਾ ਹੈ।
ਬਚਾਅ ਦੇ ਢੰਗ:
ਘਰਾਂ ਨੂੰ ਸਾਫ਼ ਰੱਖੋ, ਕੂਲਰਾਂ, ਪੰਛੀਆਂ ਦੇ ਪਾਣੀ ਵਾਲੇ ਭਾਂਡਿਆਂ, ਟੋਇਆਂ, ਬਰਤਨਾਂ ਅਤੇ ਟਾਇਰਾਂ ਆਦਿ ਵਿੱਚ ਜ਼ਿਆਦਾ ਦੇਰ ਤੱਕ ਪਾਣੀ ਇਕੱਠਾ ਨਾ ਹੋਣ ਦਿਓ
ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ, ਖਾਸ ਕਰਕੇ ਬੱਚਿਆਂ ਨੂੰ ਪੂਰੇ ਕੱਪੜੇ ਪਹਿਨਾਓ

ਇਸ ਦੌਰਾਨ ਕੁਝ ਹੋਰ ਧਿਆਨ ਦੇਣ ਯੋਗ ਗੱਲਾਂ
- ਘਰ ਵਿੱਚ ਪਾਣੀ ਭਰਨ ਕਾਰਨ ਜਾਂ ਮੀਂਹ ਦੇ ਪਾਣੀ ਵਿੱਚ ਜ਼ਿਆਦਾ ਦੇਰ ਰਹਿਣ ਕਾਰਨ ਚਮੜੀ 'ਤੇ ਰੈਸ਼ੇਜ਼ ਹੋ ਸਕਦੇ ਹਨ
- ਇਸ ਦੌਰਾਨ ਪੈਰਾਂ ਦੇ ਨਹੁੰਆਂ ਵਿੱਚ ਫੰਗਲ ਇਨਫੈਕਸ਼ਨ ਹੋ ਸਕਦਾ ਹੈ, ਇਸ ਲਈ ਪੈਰਾਂ ਅਤੇ ਲੱਤਾਂ ਨੂੰ ਸਾਫ ਪਾਣੀ ਨਾਲ ਧੋਂਦੇ ਰਹੋ
- ਸੀਵਰੇਜ ਆਦਿ ਦਾ ਪਾਣੀ, ਪੀਣ ਵਾਲੇ ਪਾਣੀ ਦੀ ਟੈਂਕੀ ਵਿੱਚ ਮਿਲ ਸਕਦਾ ਹੈ ਜੋ ਕਿ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ
- ਇਸ ਲਈ, ਅਜਿਹੇ ਵਿੱਚ ਹੋ ਸਕੇ ਤਾਂ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ
- ਪਾਣੀ ਭਰਨ ਕਾਰਨ ਘਰ ਵਿੱਚ ਫੈਲੀ ਬਦਬੂ ਨੂੰ ਦੂਰ ਕਰਨ ਲਈ, ਪਾਣੀ ਨੂੰ ਸੁਖਾਓ ਅਤੇ ਸਾਰੀਆਂ ਗਿੱਲੀਆਂ ਵਸਤੂਆਂ ਨੂੰ ਧੁੱਪ 'ਚ ਸੁਖਾਓ
- ਘਰ ਦੇ ਖਿੜਕੀਆਂ ਦਰਵਾਜ਼ੇ ਖੋਲ੍ਹ ਕੇ ਰੱਖੋ ਤਾਂ ਜੋ ਤਾਜ਼ਾ ਹਵਾ ਅਤੇ ਧੁੱਪ ਅੰਦਰ ਆ ਸਕੇ













