ਪੰਜਾਬ 'ਚ ਹੜ੍ਹ : ਸੂਬੇ ਵਿੱਚ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਤੇ ਕੀ ਹੁਣ ਖਤਰਾ ਟਲ ਗਿਆ ਹੈ

ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਇੱਕ ਹਫ਼ਤੇ ਦੌਰਾਨ ਪਏ ਰਿਕਾਰਡਤੋੜ ਮੀਂਹ ਅਤੇ ਹੜ੍ਹ ਕਾਰਨ ਹੋਈ ਤਬਾਹੀ ਦਾ ਮੰਜ਼ਰ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

‘‘ਬਾਈ ਜੀ, 20 ਸਾਲ ਹੋ ਗਏ ਰਹਿੰਦਿਆਂ ਨੂੰ, 6-7 ਹੜ੍ਹ ਦੇਖ ਚੁੱਕੇ ਹਾਂ। 3 ਕਮਰਿਆਂ ਦਾ ਘਰ ਸੀ ਉਹ ਵੀ ਢਹਿ ਢੇਰੀ ਹੋ ਗਿਆ।’’

ਜਲੰਧਰ ਜ਼ਿਲ੍ਹੇ ਦੇ ਲੋਹੀਆਂ ਕਸਬੇ ਦੀ ਧੱਕ ਬਸਤੀ ਦੇ ਕੁਲਵਿੰਦਰ ਸਿੰਘ ਦੇ ਇਹ ਸ਼ਬਦ ਉਸ ਦੇ ਮੀਂਹ ਅਤੇ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦਰਦ ਨੂੰ ਬਿਆਨ ਕਰਦੇ ਹਨ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਨਾਲ ਗੱਲ ਕਰਦਿਆਂ ਕੁਲਵਿੰਦਰ ਨੇ ਦੱਸਿਆ, ‘‘ਘਰ ਦਾ ਜਿੰਨਾ ਸਮਾਨ ਸੀ, ਸਭ ਕੁਝ ਰੁੜ੍ਹ ਗਿਆ ਹੈ, ਗਲ਼ ਪਾਏ ਕੱਪੜਿਆਂ ਤੇ ਕੁਝ ਮੰਜਿਆਂ ਤੋਂ ਬਿਨਾਂ ਕੁਝ ਨਹੀਂ ਬਚਿਆ। ਫਰਿੱਜ ਤੋਂ ਲੈ ਕੇ ਕਣਕ ਦੇ ਡਰੱਮ ਤੱਕ ਸਭ ਕੁਝ ਵਹਿ ਗਿਆ।’’

ਕੁਲਵਿੰਦਰ ਸਿੰਘ ਜਦੋਂ ਸਾਨੂੰ ਆਪਣੀ ਹੱਡਬੀਤੀ ਸੁਣਾ ਰਹੇ ਸਨ ਤਾਂ ਅਸੀਂ ਨੇੜੇ ਹੀ ਦੇਖਿਆ ਕਿ ਪਪਇੰਦਰ ਕੌਰ ਆਪਣਾ ਬਚਿਆ-ਖੁਚਿਆ ਸਮਾਨ ਬੋਰੀ ਵਿੱਚ ਸਾਂਭ ਰਹੇ ਸਨ।

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਪਏ ਰਿਕਾਰਡ ਤੋੜ ਮੀਂਹ ਅਤੇ ਹੜ੍ਹਾਂ ਨਾਲ ਭਾਰੀ ਤਬਾਹੀ ਹੋਈ ਹੈ।

ਹੜ੍ਹ ਪੰਜਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਖਾਂ ਵਿੱਚ ਹੰਝੂ ਅਤੇ ਭਵਿੱਖ ਦੀ ਚਿੰਤਾ ਵਿੱਚ ਗ੍ਰਸੇ ਇਨ੍ਹਾਂ ਲੋਕਾਂ ਦੀ ਹਾਲਤ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ।

ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਲੋਹੀਆਂ ਦੇ ਧੱਕ ਬਸਤੀ ਦੇ 92 ਵਿੱਚੋਂ 32 ਘਰ ਮੀਂਹ ਤੇ ਹੜ੍ਹ ਕਾਰਨ ਹੋਈ ਤਬਾਹੀ ਨਾਲ ਵਹਿ ਗਏ ਹਨ।

ਅਸੀਂ ਦੇਖਿਆ ਕਿ ਲੋਕ ਢਹੇ ਘਰਾਂ ਦੀਆਂ ਡਿੱਗੀਆਂ ਕੰਧਾਂ ਦੀਆਂ ਬਚੀਆਂ-ਖੁਚੀਆਂ ਇੱਟਾਂ ਸੰਭਾਲ ਰਹੇ ਸਨ, ਕਿਤੇ-ਕਿਤੇ ਮਾੜਾ ਮੋਟਾ ਜੋ ਘਰ ਦਾ ਸਮਾਨ ਬਚਿਆ ਹੈ, ਉਹ ਵਰਤੋਂ ਲਾਇਕ ਨਹੀਂ ਰਿਹਾ।

ਅੱਖਾਂ ਵਿੱਚ ਹੰਝੂ ਅਤੇ ਭਵਿੱਖ ਦੀ ਚਿੰਤਾ ਵਿੱਚ ਗ੍ਰਸੇ ਇਨ੍ਹਾਂ ਲੋਕਾਂ ਦੀ ਹਾਲਤ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ।

ਇਹ ਹਾਲਾਤ ਇੱਥੋਂ ਦੇ ਹੀ ਨਹੀਂ ਹਨ, ਬਲਕਿ ਪੰਜਾਬ ਦੇ ਉਨ੍ਹਾਂ 11 ਜ਼ਿਲ੍ਹਿਆਂ ਦੀ ਤਸਵੀਰ ਦਾ ਨਮੂਨਾ ਪੇਸ਼ ਕਰਦੇ ਹਨ, ਜੋ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਕਾਰਨ ਉਜਾੜੇ ਦਾ ਸਾਹਮਣਾ ਕਰ ਰਹੇ ਹਨ।

ਕਈਆਂ ਨੇ ਆਪਣੇ ਸਕੇ ਸਬੰਧੀ ਗੁਆ ਲਏ ਹਨ ਅਤੇ ਕਈਆਂ ਦਾ ਮਾਲ ਪੂਸ਼ ਤੇ ਘਰ-ਬਾਰ ਪਾਣੀ ਵਿੱਚ ਬਹਿ ਗਿਆ ਹੈ।

ਹੜ੍ਹ ਦੀਆਂ ਤਸਵੀਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ 15 ਜ਼ਿਲ੍ਹਿਆਂ ਦੇ 1414 ਪਿੰਡ ਅਜੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹਨ।

ਰਿਕਾਰਡਤੋੜ ਮੀਂਹ ਨੇ ਮੱਚਾਈ ਤਬਾਹੀ

ਪੰਜਾਬ ਵਿੱਚ 1 ਜੁਲਾਈ ਤੋਂ 10 ਜੁਲਾਈ ਤੱਕ ਰਿਕਾਰਡਤੋੜ ਮੀਂਹ ਵਰ੍ਹਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸਿਰਫ਼ 6 ਜੁਲਾਈ ਨੂੰ ਹੀ 523 ਮਿਲੀਮੀਟਰ ਮੀਂਹ ਵਰ੍ਹਿਆ, ਜਦਕਿ 5 ਜੁਲਾਈ ਨੂੰ 295 ਅਤੇ 7 ਜੁਲਾਈ ਨੂੰ 109 ਮਿਲੀਮੀਟਰ ਵਾਰਿਸ਼ ਹੋਈ।

ਜਾਣਕਾਰਾਂ ਮੁਤਾਬਕ ਪੰਜਾਬ ਦਾ ਡਰਨੇਜ਼ ਸਿਸਟਮ 24 ਘੰਟੇ ਵਿੱਚ 100 ਮਿਲੀਮੀਟਰ ਪਾਣੀ ਨੂੰ ਸੰਭਾਲਣ ਦੇ ਸਮਰੱਥ ਹੈ, ਪਰ ਲਗਾਤਾਰ ਪਈ ਭਾਰੀ ਵਰਖ਼ਾ ਕਾਰਨ ਮੀਂਹ ਵਾਲੇ ਹਾਲਾਤ ਪੈਦਾ ਹੋਏ। ਹਿਮਾਚਲ ਦੇ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਤੇ ਭਾਰੀ ਮੀਂਹ ਨੇ ਪੰਜਾਬ ਦੇ ਦਰਿਆਵਾਂ ਵਿੱਚ ਹੜ੍ਹ ਲਿਆ ਦਿੱਤਾ ਅਤੇ ਕੁਝ ਹੀ ਦਿਨਾਂ ਵਿੱਚ 11 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਤਾਂ ਪਿਛਲੇ 23 ਸਾਲ ਦਾ ਮੀਂਹ ਪੈਣ ਦਾ ਰਿਕਾਰਡ ਟੁੱਟਿਆ ਹੈ।

ਕਿੰਨਾ ਜਾਨੀ ਤੇ ਮਾਲੀ ਨੁਕਸਾਨ

ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਮ ਵਰਮਾ ਮੁਤਾਬਕ, ਸੂਬੇ ਵਿੱਚ ਹੜ੍ਹਾਂ ਅਤੇ ਮੀਂਹ ਕਾਰਨ ਸੋਮਵਾਰ ਤੱਕ ਮੌਤਾਂ ਦਾ ਅੰਕੜਾ 35 ਹੋ ਗਿਆ ਸੀ।

ਪੰਜਾਬ ਵਿਚ ਪਿਛਲੇ ਹਫ਼ਤੇ ਤੋਂ ਹੜ੍ਹ ਨੇ ਜੋ ਕਹਿਰ ਵਰਸਾਇਆ ਹੈ, ਉਹ ਅਜੇ ਵੀ ਜਾਰੀ ਹੈ ਤੇ ਜੇ ਹੋਰ ਮੀਂਹ ਪਿਆ ਤਾਂ ਨੁਕਸਾਨ ਵਧ ਵੀ ਸਕਦਾ ਹੈ।

ਆਉਣ ਵਾਲੇ ਸੰਭਾਵਿਤ ਖ਼ਤਰੇ ਬਾਰੇ ਗੱਲ ਕਰਨ ਤੋਂ ਪਹਿਲਾਂ ਜਾਣ ਲਈਏ ਕਿ ਹੁਣ ਤੱਕ ਸੂਬੇ ਵਿਚ ਕਿੰਨਾ ਨੁਕਸਾਨ ਹੋ ਗਿਆ ਹੈ।

35 ਵਿਅਕਤੀਆਂ ਦੇ ਮਰਨ ਤੋਂ ਇਲਾਵਾ ਸੈਂਕੜ ਮਵੇਸ਼ੀ ਪਾਣੀਆਂ ਵਿੱਚ ਵਹਿ ਗਏ ਹਨ , ਫਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਪਾਣੀ ਸੁੱਕਣ ਤੋਂ ਬਾਅਦ ਵੀ ਲੱਗ ਸਕੇਗਾ।

ਲੋਕਾਂ ਦੇ ਘਰ ਢਹਿਣ ਤੇ ਸਮਾਨ ਵਹਿ ਜਾਣ ਦਾ ਅਨੁਮਾਨ ਅਜੇ ਲੱਗਣਾ ਬਾਕੀ ਹੈ।

15 ਜ਼ਿਲ੍ਹਿਆਂ ਦੇ 1414 ਪਿੰਡ ਅਜੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹਨ।

ਇਸ ਵੇਲੇ ਹੜ੍ਹਾਂ ਨਾਲ ਪ੍ਰਭਾਵਿਤ 15 ਜ਼ਿਲ੍ਹਿਆਂ ਵਿੱਚ ਤਰਨ ਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਪਟਿਆਲਾ, ਮੋਗਾ, ਲੁਧਿਆਣਾ, ਮੋਹਾਲੀ, ਐੱਸਬੀਐੱਸ ਨਗਰ, ਫਾਜ਼ਿਲਕਾ, ਜਲੰਧਰ, ਕਪੂਰਥਲਾ ਅਤੇ ਸੰਗਰੂਰ ਸ਼ਾਮਲ ਹਨ।

ਹੜ੍ਹ ਪੰਜਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰੀ ਅੰਕੜਿਆਂ ਮੁਤਾਬਕ ਸੋਮਵਾਰ ਤੱਕ 26250 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਜਾਇਆ ਗਿਆ ਹੈ।

ਸ਼ਨੀਵਾਰ ਤੱਕ 14 ਜ਼ਿਲ੍ਹਿਆਂ ਦੇ 1390 ਪਿੰਡ ਹੜ੍ਹ ਪ੍ਰਭਾਵਿਤ ਸਨ। ਯਾਨਿ ਕਿ ਇਹ ਗਿਣਤੀ ਹੌਲੀ-ਹੌਲੀ ਵੱਧਦੀ ਜਾ ਰਹੀ ਹੈ।

13 ਜੁਲਾਈ, ਸਵੇਰੇ 8 ਵਜੇ ਤੱਕ 14 ਜ਼ਿਲ੍ਹਿਆਂ ਦੇ 1159 ਪਿੰਡ ਹੜ੍ਹ ਪ੍ਰਭਾਵਿਤ ਹੋਏ ਸਨ।

ਸਰਕਾਰੀ ਅੰਕੜਿਆਂ ਮੁਤਾਬਕ, ਸੋਮਵਾਰ ਤੱਕ 26,250 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲੈ ਕੇ ਜਾਇਆ ਗਿਆ ਹੈ।

ਇਨ੍ਹਾਂ ਵਿੱਚ 14296 ਪਟਿਆਲਾ, 2200 ਰੋਪੜ, 250 ਮੋਗਾ ਅਤੇ 300 ਲੁਧਿਆਣਾ ਨਾਲ ਸਬੰਧਤ ਹਨ।

ਸੂਬੇ ਵਿੱਚ ਕੁੱਲ 148 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 3731 ਲੋਕ ਠਹਿਰੇ ਹੋਏ ਹਨ।

ਕੀ ਕਰ ਰਹੀ ਹੈ ਸਰਕਾਰ

ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਸੂਬੇ ਵਿੱਚ ਮੋਹਲੇਧਾਰ ਮੀਂਹ ਕਾਰਨ ਪੈਦਾ ਹੋਏ ਹਾਲਾਤ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਰਾਖ਼ੀ ਲਈ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ।

ਲੋਕਾਂ ਦੀ ਸਿਹਤ ਨੂੰ ਸਭ ਤੋਂ ਮੁੱਖ ਰੱਖਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

ਇਸ ਸਮੇਂ 316 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ 189 ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਡਰਾਈ ਫੂਡ (ਸੁੱਕੇ ਖਾਣੇ) ਦੇ ਪੈਕੇਟ ਵੰਡੇ ਜਾ ਰਹੇ ਹਨ ਅਤੇ ਰੂਪਨਗਰ ਵਿੱਚ 21,025, ਪਟਿਆਲਾ ਵਿੱਚ 59,000, ਐੱਸਏਐੱਸ ਨਗਰ ਵਿੱਚ 3,600, ਐੱਸਬੀਐਸ ਨਗਰ ਵਿੱਚ 5,700 ਅਤੇ ਫਤਿਹਗੜ੍ਹ ਸਾਹਿਬ ਵਿੱਚ 2,200 ਤੋਂ ਵੱਧ ਪੈਕੇਟ ਵੰਡੇ ਜਾ ਚੁੱਕੇ ਹਨ।

ਬੀਬੀਸੀ

ਕਿੰਨਾ ਹੋਇਆ ਨੁਕਸਾਨ

  • ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 35 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਅਜੇ ਵੀ ਲਾਪਤਾ ਹਨ।
  • ਹੁਣ ਤੱਕ 26,250 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
  • ਸੂਬੇ ਵਿੱਚ ਕੁੱਲ 148 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 3,731 ਲੋਕ ਠਹਿਰੇ ਹੋਏ ਹਨ।
  • ਇਸ ਸਮੇਂ 316 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ।
  • 189 ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
  • 15 ਜ਼ਿਲ੍ਹਿਆਂ ਦੇ 1,414 ਪਿੰਡ ਅਜੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹਨ।
  • ਸ਼ਨੀਵਾਰ ਤੱਕ 14 ਜ਼ਿਲ੍ਹਿਆਂ ਦੇ 1,390 ਪਿੰਡ ਹੜ੍ਹ ਪ੍ਰਭਾਵਿਤ ਸਨ।
  • 13 ਜੁਲਾਈ, ਸਵੇਰੇ 8 ਵਜੇ ਤੱਕ 14 ਜ਼ਿਲ੍ਹਿਆਂ ਦੇ 1,159 ਪਿੰਡ ਹੜ੍ਹ ਪ੍ਰਭਾਵਿਤ ਹੋਏ ਸਨ।
ਬੀਬੀਸੀ
ਬੀਬੀਸੀ

ਅੱਗੇ ਕੀ ਹਨ ਖ਼ਤਰੇ

ਸੂਤਰਾਂ ਦੀ ਮੰਨੀਏ ਤਾਂ ਖ਼ਤਰਾ ਅਜੇ ਟਲਿਆ ਨਹੀਂ ਹੈ। ਇਹ ਇਸ ਉੱਤੇ ਨਿਰਭਰ ਕਰੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਹੋ-ਜਿਹਾ ਰਹਿੰਦਾ ਹੈ।

ਕਿਉਂਕਿ ਹਕੀਕਤ ਇਹ ਹੈ ਕਿ ਬੰਨ੍ਹਾਂ ਦਾ ਪਾਣੀ ਖ਼ਤਰਨਾਕ ਲੈਵਲ 'ਤੇ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਤਿੰਨ ਡੈਮਾਂ , ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਵਿੱਚ ਪਾਣੀ ਦੇ ਵਧਦੇ ਪੱਧਰ 'ਤੇ ਨਜ਼ਰ ਰੱਖ ਰਹੇ ਹਨ। ਇਹ ਤਿੰਨੇ ਡੈਮ ਸਤਲੁਜ, ਬਿਆਸ ਅਤੇ ਰਾਵੀ ਨਦੀ ਉੱਤੇ ਬਣਾਏ ਗਏ ਹਨ।

ਅੱਜ ਤੱਕ, ਤਿੰਨੋਂ ਡੈਮਾਂ 'ਤੇ ਪਾਣੀ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਵਾਧੂ ਪਾਣੀ ਨਾ ਜਾਵੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਉਨ੍ਹਾਂ ਕੋਲ ਪਾਣੀ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਸਕੱਤਰ ਸਤੀਸ਼ ਸਿੰਗਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ ਤੇ ਉਸ ਮੁਤਾਬਕ ਹੀ ਅੱਗੇ ਫ਼ੈਸਲਾ ਲੈਣਗੇ।

ਪਟਿਆਲਾ ਨੇੜੇ ਖੇਤਾਂ ਵਿੱਚ ਭਰਿਆ ਪਾਣੀ

ਤਸਵੀਰ ਸਰੋਤ, GURMINDER GREWAL/BBC

ਤਸਵੀਰ ਕੈਪਸ਼ਨ, ਪਟਿਆਲਾ ਨੇੜੇ ਖੇਤਾਂ ਵਿੱਚ ਭਰਿਆ ਪਾਣੀ

ਉਨ੍ਹਾਂ ਦੱਸਿਆ ਕਿ ਸਤਲੁਜ ਦੇ ਉੱਪਰ ਬਣੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,640 ਫੁੱਟ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਭਰਨ ਦਾ ਪੱਧਰ 1,680 ਫੁੱਟ ਹੈ। ਇਸ ਦਾ ਮਤਲਬ ਹੈ ਕਿ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 40 ਫੁੱਟ ਘੱਟ ਹੈ।

ਉਨ੍ਹਾਂ ਕਿਹਾ ਕਿ ਮੈਨੇਜਮੈਂਟ 31 ਜੁਲਾਈ ਤੱਕ ਪੱਧਰ 1,650 ਫੁੱਟ ਤੋਂ ਹੇਠਾਂ ਰੱਖਣਾ ਚਾਹੁੰਦੀ ਹੈ।

ਇਸੇ ਤਰ੍ਹਾਂ ਬਿਆਸ ਉੱਤੇ ਬਣੇ ਪੌਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ 1,370 ਫੁੱਟ ਨੂੰ ਛੂਹ ਗਿਆ ਹੈ। ਇਹ 1,390 ਫੁੱਟ ਦੇ ਵੱਧ ਤੋਂ ਵੱਧ ਭਰਨ ਦੇ ਪੱਧਰ ਤੋਂ ਸਿਰਫ਼ 20 ਫੁੱਟ ਹੇਠਾਂ ਹੈ।

ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਆਪਣੀ ਵੱਧ ਤੋਂ ਵੱਧ ਸਮਰੱਥਾ ਤੋਂ ਸਿਰਫ਼ 12 ਫੁੱਟ ਹੇਠਾਂ ਹੈ। ਪਾਣੀ ਦਾ ਪੱਧਰ ਵੱਧ ਤੋਂ ਵੱਧ 1,729 ਫੁੱਟ ਦੇ ਭਰਨ ਦੇ ਨਾਲ 1,715 ਫੁੱਟ ਨੂੰ ਛੂਹ ਗਿਆ ਹੈ।

ਮੀਂਹ ਦਾ ਨੁਕਸਾਨ

ਤਸਵੀਰ ਸਰੋਤ, PRADEEP SHARMA/BBC

ਤਸਵੀਰ ਕੈਪਸ਼ਨ, ਮੀਂਹ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਸਨ

ਹਰਿਆਣਾ - 30 ਲੋਕਾਂ ਦੀ ਮੌਤ

ਹਰਿਆਣਾ ਵਿੱਚ ਵੀ ਹੜ੍ਹ ਨੇ ਬਹੁਤ ਨੁਕਸਾਨ ਕੀਤਾ ਹੈ। ਮੀਂਹ ਅਤੇ ਹੜ੍ਹ ਕਾਰਨ ਅਜੇ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 133 ਘਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 183 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ।

ਮੁੱਖ ਮੰਤਰੀ ਦਫ਼ਤਰ ਮੁਤਾਬਕ, ਪਿਛਲੇ ਸਾਲਾਂ ਵਿੱਚ ਇਨ੍ਹਾਂ ਦਿਨਾਂ ਦੌਰਾਨ 145 ਮਿਲੀਮੀਟਰ ਮੀਂਹ ਪੈਂਦਾ ਸੀ ਪਰ ਇਸ ਵਾਰ ਸੂਬੇ ਵਿੱਚ 245 ਤੋਂ 250 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ 180 ਫ਼ੀਸਦੀ ਵੱਧ ਹੈ।

ਸਰਕਾਰੀ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ਦੇ ਮੁਲਾਂਕਣ ਦੀ ਰਿਪੋਰਟ ਅਗਲੇ ਦੋ ਦਿਨਾਂ ਵਿੱਚ ਆਉਣ ਦੀ ਉਮੀਦ ਹੈ।

ਸੂਬੇ ਵਿਚ 110 ਪਸ਼ੂ ਮਰ ਚੁੱਕੇ ਹਨ ਅਤੇ ਪੋਲਟਰੀ ਫਾਰਮਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ 1.60 ਲੱਖ ਹੈਕਟੇਅਰ ਜ਼ਮੀਨ ਪਾਣੀ ਦੀ ਮਾਰ ਹੇਠ ਹੈ।

ਪ੍ਰਸ਼ਾਸਨ ਨੂੰ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਆਦੇਸ਼ ਦਿੱਤੇ ਗਏ ਹਨ। ਕਈ ਖੇਤਰਾਂ ਵਿੱਚ ਪਾਣੀ ਘਟਣ ਤੋਂ ਬਾਅਦ ਝੋਨੇ ਦੀ ਬਿਜਾਈ ਵੀ ਸੰਭਵ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਈ-ਫ਼ਸਲ 'ਤੇ ਨੁਕਸਾਨ ਦਰਜ ਕਰਨ ਲਈ ਕਿਹਾ ਜਾਵੇਗਾ ਅਤੇ ਉਸ ਤੋਂ ਬਾਅਦ ਗਿਰਦਾਵਰੀ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)